Home rss national punjabi2ਰਾਸ਼ਟਰੀ ਖ਼ਬਰਾਂ ਮਹਿਲਾ ਪੱਤਰਕਾਰਾਂ ‘ਤੇ ਜਿਨਸੀ ਹਮਲੇ ਦੇ ਇਲਜ਼ਾਮਾਂ ਤੋਂ ਬਾਅਦ ਪ੍ਰਦਰਸ਼ਨ ਤੇਜ਼, ਹੁਣ...

ਮਹਿਲਾ ਪੱਤਰਕਾਰਾਂ ‘ਤੇ ਜਿਨਸੀ ਹਮਲੇ ਦੇ ਇਲਜ਼ਾਮਾਂ ਤੋਂ ਬਾਅਦ ਪ੍ਰਦਰਸ਼ਨ ਤੇਜ਼, ਹੁਣ ਤੱਕ ਇਸ ਮਾਮਲੇ ਵਿੱਚ ਕੀ ਕੁਝ ਹੋਇਆ

2
0

Source :- BBC PUNJABI

ਨੇਹਾ ਬੋਰਾ

ਦੋ ਮਹਿਲਾ ਪੱਤਰਕਾਰਾਂ ਅਤੇ ਇੱਕ ਪ੍ਰਦਰਸ਼ਨਕਾਰੀ ਔਰਤ ਵੱਲੋਂ ਦਿੱਲੀ ਪੁਲਿਸ ਦੇ ਇੱਕ ਅਧਿਕਾਰੀ ‘ਤੇ ਲਗਾਏ ਜਿਨਸੀ ਹਮਲੇ ਦੇ ਇਲਜ਼ਾਮਾਂ ਦੇ ਮਾਮਲੇ ਵਿੱਚ ਹੁਣ ਤੱਕ ਕੇਸ ਦਰਜ ਨਾ ਹੋਣ ਨੂੰ ਲੈ ਕੇ ਵਿਰੋਧ ਕਰ ਰਹੇ ਆਮ ਆਦਮੀ ਪਾਰਟੀ ਦੇ ਆਗੂ ਸੌਰਭ ਭਾਰਦਵਾਜ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ।

ਉਨ੍ਹਾਂ ਤੋਂ ਇਲਾਵਾ, ਖੱਬੇਪੱਖੀ ਵਿਦਿਆਰਥੀ ਸੰਗਠਨ ਆਇਸਾ ਦੀ ਆਗੂ ਨੇਹਾ ਬੋਰਾ ਨੂੰ ਵੀ ਪੁਲਿਸ ਨੇ ਹਿਰਾਸਤ ਵਿੱਚ ਲਿਆ ਹੈ।

ਸੌਰਭ ਭਾਰਦਵਾਜ ਨੇ ਇੱਕ ਵੀਡੀਓ ਪੋਸਟ ਕੀਤੀ ਹੈ, ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਪੁਲਿਸ ਉਨ੍ਹਾਂ ਨੂੰ ਘਸੀਟ ਕੇ ਲਿਜਾ ਰਹੀ ਹੈ। ਇਸ ਤੋਂ ਦੋ ਦਿਨ ਪਹਿਲਾਂ, 2 ਅਕਤੂਬਰ ਨੂੰ ਵੀ ਉਨ੍ਹਾਂ ਨੂੰ ਪ੍ਰਦਰਸ਼ਨ ਦੌਰਾਨ ਹਿਰਾਸਤ ਵਿੱਚ ਲਿਆ ਗਿਆ ਸੀ।

ਸੌਰਭ ਭਾਰਦਵਾਜ ਦੀ ਹਿਰਾਸਤ ‘ਤੇ ਪ੍ਰਤੀਕਿਰਿਆ ਦਿੰਦਿਆਂ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ, “ਮੋਦੀ ਜੀ ਨੇ ਹਿਟਲਰ ਨੂੰ ਵੀ ਪਿੱਛੇ ਛੱਡ ਦਿੱਤਾ।”

ਪ੍ਰਦਰਸ਼ਨ

ਦਰਅਸਲ, ਦਿੱਲੀ ਦੇ ਜੰਤਰ-ਮੰਤਰ ‘ਤੇ ਸ਼ਨੀਵਾਰ ਨੂੰ ਕੇਂਦਰੀ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਖ਼ਿਲਾਫ਼ ਪ੍ਰਦਰਸ਼ਨ ਦੌਰਾਨ ਦੋ ਮਹਿਲਾ ਪੱਤਰਕਾਰਾਂ ਅਤੇ ਇੱਕ ਪ੍ਰਦਰਸ਼ਨਕਾਰੀ ਮਹਿਲਾ ਨੇ ਇੱਕ ਪੁਲਿਸ ਅਧਿਕਾਰੀ ਅਤੇ ਪੁਲਿਸ ਕਰਮਚਾਰੀਆਂ ‘ਤੇ ਜਿਨਸੀ ਹਮਲੇ ਦੇ ਇਲਜ਼ਾਮ ਲਗਾਏ ਹਨ।

ਇੱਕ ਮਹਿਲਾ ਪੱਤਰਕਾਰ ਦਾ ਇਲਜ਼ਾਮ ਹੈ ਕਿ ਆਇਸਾ ਦੀ ਪ੍ਰਧਾਨ ਨੇਹਾ ਬੋਰਾ ਨੂੰ ਹਿਰਾਸਤ ਵਿੱਚ ਲਏ ਜਾਣ ਦੌਰਾਨ ਏਸੀਪੀ ਨੇ ਉਨ੍ਹਾਂ ਦੀ ਛਾਤੀ ‘ਤੇ ਹੱਥ ਮਾਰਿਆ ਅਤੇ ਉਨ੍ਹਾਂ ਨੂੰ ਧੱਕਾ ਦੇ ਕੇ ਉੱਥੋਂ ਚਲੇ ਗਏ।

ਉੱਥੇ ਹੀ ਇੱਕ ਸੀਨੀਅਰ ਮਹਿਲਾ ਪੱਤਰਕਾਰ ਅਤੇ ਇੱਕ ਪ੍ਰਦਰਸ਼ਨਕਾਰੀ ਨੌਜਵਾਨ ਔਰਤ ਨੇ ਦਿੱਲੀ ਪੁਲਿਸ ਦੇ ਕਰਮਚਾਰੀਆਂ ‘ਤੇ ਜਿਨਸੀ ਹਮਲੇ ਦੇ ਇਲਜ਼ਾਮ ਲਗਾਏ ਹਨ।

ਬੀਬੀਸੀ ਕੋਲ ਤਿੰਨਾਂ ਔਰਤਾਂ ਦੀਆਂ ਸ਼ਿਕਾਇਤਾਂ ਦੀਆਂ ਕਾਪੀਆਂ ਹਨ, ਜੋ ਉਨ੍ਹਾਂ ਨੇ ਪਾਰਲੀਮੈਂਟ ਸਟ੍ਰੀਟ ਥਾਣੇ ਵਿੱਚ ਦਿੱਤੀਆਂ ਹਨ। ਉੱਥੇ ਹੀ, ਦਿੱਲੀ ਪੁਲਿਸ ਦੇ ਇੱਕ ਅਧਿਕਾਰੀ ਨੇ ਨਾਮ ਨਾ ਛਾਪਣ ਦੀ ਸ਼ਰਤ ‘ਤੇ ਦੱਸਿਆ ਕਿ ਇਸ ਸਬੰਧੀ ਸ਼ਿਕਾਇਤਾਂ ਲੈ ਲਈਆਂ ਗਈਆਂ ਹਨ। ਸਬੂਤਾਂ ਦੇ ਆਧਾਰ ‘ਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।

ਉੱਥੇ ਹੀ ਜਦੋਂ ਅਸੀਂ ਇੱਕ ਮਹਿਲਾ ਪੱਤਰਕਾਰ ਵੱਲੋਂ ਲਗਾਏ ਇਲਜ਼ਾਮਾਂ ਬਾਰੇ ਏਸੀਪੀ ਤੋਂ ਸਵਾਲ ਕੀਤਾ ਤਾਂ ਉਨ੍ਹਾਂ ਨੇ ਕੋਈ ਜਵਾਬ ਨਹੀਂ ਦਿੱਤਾ।

ਦੂਜੇ ਪਾਸੇ ਦਿੱਲੀ ਪੁਲਿਸ ਨੇ ਐਕਸ ‘ਤੇ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਇਸ ਮਾਮਲੇ ਦੀ ਜਾਂਚ ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੂੰ ਸੌਂਪ ਦਿੱਤੀ ਗਈ ਹੈ।

ਪਾਰਲੀਮੈਂਟ ਸਟ੍ਰੀਟ ਥਾਣਾ

ਦਿੱਲੀ ਪੁਲਿਸ ਨੇ ਐਕਸ ‘ਤੇ ਲਿਖਿਆ, “3 ਅਕਤੂਬਰ 2026 ਨੂੰ ਨਵੀਂ ਦਿੱਲੀ ਇਲਾਕੇ ਵਿੱਚ ਵਿਰੋਧ-ਪ੍ਰਦਰਸ਼ਨ ਦੌਰਾਨ, ਕਾਨੂੰਨ-ਵਿਵਸਥਾ ਬਣਾਈ ਰੱਖਣ ਦੀ ਸਥਿਤੀ ਵਿੱਚ, ਤਿੰਨ ਮਹਿਲਾ ਪੱਤਰਕਾਰਾਂ ਨੇ ਪੁਲਿਸ ਅਧਿਕਾਰੀਆਂ ‘ਤੇ ਜਿਨਸੀ ਸ਼ੋਸ਼ਣ ਦੇ ਇਲਜ਼ਾਮ ਲਗਾਏ।”

“ਨਵੀਂ ਦਿੱਲੀ ਜ਼ਿਲ੍ਹੇ ਨੂੰ ਉਨ੍ਹਾਂ ਦੀਆਂ ਸ਼ਿਕਾਇਤਾਂ ਮਿਲੀਆਂ ਹਨ ਅਤੇ ਨਿਰਪੱਖ ਜਾਂਚ ਲਈ ਇਨ੍ਹਾਂ ਨੂੰ ਕ੍ਰਾਈਮ ਬ੍ਰਾਂਚ ਨੂੰ ਭੇਜ ਦਿੱਤਾ ਗਿਆ ਹੈ।”

ਕਾਕਰੋਚ ਜਨਤਾ ਪਾਰਟੀ (ਸੀਜੇਪੀ) ਦੇ ਸੰਸਥਾਪਕ ਅਭਿਜੀਤ ਦੀਪਕੇ ਨੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿੱਚ ਇੱਕ ਮਹਿਲਾ ਪੱਤਰਕਾਰ ਆਪਣੀ ਗੱਲ ਕਹਿ ਰਹੀ ਹੈ।

ਵੀਡੀਓ ਵਿੱਚ ਮਹਿਲਾ ਪੱਤਰਕਾਰ ਨੇ ਦਾਅਵਾ ਕੀਤਾ ਕਿ ਉਹ ਸ਼ਿਕਾਇਤ ਦਰਜ ਕਰਵਾਉਣ ਲਈ ਦਿੱਲੀ ਦੇ ਪਾਰਲੀਮੈਂਟ ਸਟ੍ਰੀਟ ਪੁਲਿਸ ਥਾਣੇ ਪਹੁੰਚੀ ਸੀ, ਪਰ ਕਰੀਬ ਸਾਢੇ ਤਿੰਨ ਘੰਟੇ ਇੰਤਜ਼ਾਰ ਕਰਨ ਤੋਂ ਬਾਅਦ ਵੀ ਉਸ ਦੀ ਸ਼ਿਕਾਇਤ ‘ਤੇ ਐੱਫਆਈਆਰ ਦਰਜ ਨਹੀਂ ਕੀਤੀ ਗਈ।

ਇੱਕ ਮਹਿਲਾ ਪੱਤਰਕਾਰ ਨੇ ਕਿਹਾ ਕਿ ਉਨ੍ਹਾਂ ਦੇ ਸਮਰਥਨ ਵਿੱਚ ਕਈ ਪੱਤਰਕਾਰ ਅਤੇ ਸਮਾਜਿਕ ਕਾਰਕੁਨ ਥਾਣੇ ਦੇ ਬਾਹਰ ਬੈਠੇ ਹਨ, ਪਰ ਪੁਲਿਸ ਵੱਲੋਂ ਹੁਣ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ।

ਜਿਨਸੀ ਹਮਲੇ ਦੇ ਇਲਜ਼ਾਮ ਲਗਾਉਣ ਵਾਲੀਆਂ ਔਰਤਾਂ ਨੇ ਕੀ ਕਿਹਾ ਹੈ

ਦਿੱਲੀ ਪੁਲਿਸ

ਇੱਕ ਸੀਨੀਅਰ ਮਹਿਲਾ ਪੱਤਰਕਾਰ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਕਿ ਪ੍ਰਦਰਸ਼ਨ ਦੌਰਾਨ ਜਦੋਂ ਯੋਗੇਂਦਰ ਯਾਦਵ ਅਤੇ ਪ੍ਰਸ਼ਾਂਤ ਭੂਸ਼ਣ ਨੂੰ ਹਿਰਾਸਤ ਵਿੱਚ ਲਿਆ ਜਾ ਰਿਹਾ ਸੀ ਤਾਂ ਉਹ ਉਨ੍ਹਾਂ ਦੀ ਬਾਈਟ ਲੈਣ ਦੀ ਕੋਸ਼ਿਸ਼ ਕਰ ਰਹੀ ਸੀ।

ਠੀਕ ਉਸੇ ਸਮੇਂ ਉਸ ਨੂੰ ਮਹਿਸੂਸ ਹੋਇਆ ਕਿ ਕੋਈ ਪਿੱਛਿਓਂ ਉਸ ਦੀ ਪਿੱਠ ਨੂੰ ਛੂਹ ਰਿਹਾ ਹੈ। ਇਸ ਤੋਂ ਬਾਅਦ ਉਸ ਨੂੰ ਲੱਗਾ ਕਿ ਕੋਈ ਉਸ ਦੇ ਸਰੀਰ ਦੇ ਪਿਛਲੇ ਹਿੱਸੇ ਨੂੰ ਛੂਹ ਰਿਹਾ ਹੈ। ਜਿਵੇਂ ਹੀ ਉਹ ਪਿੱਛੇ ਮੁੜੀ ਤਾਂ ਉਸ ਨੇ ਦੇਖਿਆ ਕਿ ਇੱਕ ਪੁਲਿਸ ਕਰਮੀ ਉਸ ਦੇ ਬਹੁਤ ਨੇੜੇ ਖੜ੍ਹਾ ਸੀ।

ਉਨ੍ਹਾਂ ਨੇ ਸ਼ਿਕਾਇਤ ਵਿੱਚ ਲਿਖਿਆ ਹੈ ਕਿ ਇਸ ਘਟਨਾ ਦੀ ਵੀਡੀਓ ਉਨ੍ਹਾਂ ਕੋਲ ਹੈ।

ਅਭਿਜੀਤ ਦੀਪਕੇ ਨੇ ਸੋਸ਼ਲ ਮੀਡੀਆ ‘ਤੇ ਜਿਸ ਮਹਿਲਾ ਪੱਤਰਕਾਰ ਦੀ ਵੀਡੀਓ ਸਾਂਝੀ ਕੀਤੀ ਹੈ, ਉਸ ਨੇ ਆਪਣੀ ਸ਼ਿਕਾਇਤ ਵਿੱਚ ਲਿਖਿਆ ਹੈ ਕਿ ਜਦੋਂ ਪੁਲਿਸ ਨੇਹਾ ਬੋਰਾ ਨੂੰ ਹਿਰਾਸਤ ਵਿੱਚ ਲੈਣ ਦੀ ਕੋਸ਼ਿਸ਼ ਕਰ ਰਹੀ ਸੀ ਤਾਂ ਉਹ ਇਸ ਦੀ ਵੀਡੀਓ ਬਣਾ ਰਹੀ ਸੀ।

ਉਨ੍ਹਾਂ ਨੇ ਲਿਖਿਆ ਹੈ ਕਿ “ਮੈਂ ਦੇਖਿਆ ਕਿ ਉਨ੍ਹਾਂ ਨੂੰ ਹਿਰਾਸਤ ਵਿੱਚ ਲੈਣ ਲਈ ਪੁਰਸ਼ ਪੁਲਿਸ ਅਧਿਕਾਰੀ ਹਨ। ਮਹਿਲਾ ਪੁਲਿਸਕਰਮੀ ਨਹੀਂ ਹਨ।”

ਉਨ੍ਹਾਂ ਨੇ ਲਿਖਿਆ ਹੈ, “ਮੈਂ ਇਸ ‘ਤੇ ਸਵਾਲ ਕੀਤਾ ਤਾਂ ਇੱਕ ਅਧਿਕਾਰੀ ਨੇ ਮੇਰੀ ਛਾਤੀ ‘ਤੇ ਹੱਥ ਮਾਰਿਆ ਅਤੇ ਮੈਨੂੰ ਧੱਕਾ ਦੇ ਦਿੱਤਾ। ਉਨ੍ਹਾਂ ਨੇ ਮੈਨੂੰ ਉੱਥੋਂ ਚਲੇ ਜਾਣ ਲਈ ਕਿਹਾ। ਦੁਬਾਰਾ ਸਵਾਲ ਕਰਨ ‘ਤੇ ਉਨ੍ਹਾਂ ਨੇ ਮਹਿਲਾ ਕਾਂਸਟੇਬਲ ਨੂੰ ਕਿਹਾ ਕਿ ਮੈਨੂੰ ਘੇਰ ਲਵੇ, ਕਿਉਂਕਿ ਮੇਰੇ ਕੋਲ ਵੀਡੀਓ ਹੈ।”

ਇੱਕ ਹੋਰ ਮਹਿਲਾ ਪ੍ਰਦਰਸ਼ਨਕਾਰੀ ਨੇ ਲਿਖਿਆ ਹੈ ਕਿ ਜੰਤਰ-ਮੰਤਰ ‘ਤੇ ਪ੍ਰਦਰਸ਼ਨ ਦੌਰਾਨ ਜਦੋਂ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲਿਆ ਜਾ ਰਿਹਾ ਸੀ ਤਾਂ ਇੱਕ ਪੁਰਸ਼ ਪੁਲਿਸਕਰਮੀ ਨੇ ਉਸ ਨਾਲ ਕਥਿਤ ਤੌਰ ‘ਤੇ ਅਣਉਚਿਤ, ਇਤਰਾਜ਼ਯੋਗ ਅਤੇ ਅਸ਼ਲੀਲ ਢੰਗ ਨਾਲ ਸਰੀਰਕ ਵਿਵਹਾਰ ਕੀਤਾ। ਉਸ ਨੂੰ ਪੁਰਸ਼ ਪੁਲਿਸ ਕਰਮੀ ਨੇ ਕੁੱਟਿਆ ਅਤੇ ਉਸ ਦੀ ਛਾਤੀ ‘ਤੇ ਹਮਲਾ ਕੀਤਾ।

ਸੀਜੇਪੀ ਨੇ ਪੁੱਛਿਆ- ਕੀ ਦਿੱਲੀ ਪੁਲਿਸ ਅਧਿਕਾਰੀ ਨੂੰ ਬਚਾ ਰਹੀ ਹੈ?

ਸੌਰਵ ਦਾਸ ਅਤੇ ਰਤਨਾ ਸਿੰਘ

ਸੀਜੇਪੀ ਦੀ ਲੀਗਲ ਅਫੇਅਰਜ਼ ਹੈੱਡ ਰਤਨਾ ਸਿੰਘ ਨੇ ਪੁੱਛਿਆ ਹੈ ਕਿ ਕੀ ਦਿੱਲੀ ਪੁਲਿਸ ਗੰਭੀਰ ਸ਼ਿਕਾਇਤ ‘ਤੇ ਕਾਰਵਾਈ ਕਰਨ ਦੀ ਬਜਾਏ ਏਸੀਪੀ ਨੂੰ ਬਚਾ ਰਹੀ ਹੈ?

ਰਤਨਾ ਸਿੰਘ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਲਿਖਿਆ, “ਦਿੱਲੀ ਪੁਲਿਸ ਨੇ ਜਿਨਸੀ ਸ਼ੋਸ਼ਣ ਦੇ ਮਾਮਲੇ ਵਿੱਚ ਐਫਆਈਆਰ ਦਰਜ ਕਰਨ ਤੋਂ ਇਨਕਾਰ ਕਰ ਦਿੱਤਾ ਹੈ।”

“ਇਸ ਦੀ ਬਜਾਏ, ਪੁਲਿਸ ਦਾ ਕਹਿਣਾ ਹੈ ਕਿ ਉਹ ਐੱਫਆਈਆਰ ਦਰਜ ਕਰਨ ਤੋਂ ਪਹਿਲਾਂ ਮੁੱਢਲੀ ਜਾਂਚ ਕਰਨਾ ਚਾਹੁੰਦੇ ਹਨ ਅਤੇ ਸੀਸੀਟੀਵੀ ਫੁਟੇਜ ਦੇਖਣਾ ਚਾਹੁੰਦੇ ਹਨ। ਇਸ ਨਾਲ ਲਲਿਤਾ ਕੁਮਾਰੀ ਜਜਮੈਂਟ ਵਿੱਚ ਦਿੱਤੇ ਨਿਯਮਾਂ ਦੀ ਪਾਲਣਾ ਕਰਨ ਨੂੰ ਲੈ ਕੇ ਗੰਭੀਰ ਸਵਾਲ ਖੜ੍ਹੇ ਹੁੰਦੇ ਹਨ।”

ਰਤਨਾ ਸਿੰਘ ਨੇ ਕਿਹਾ ਕਿ ਜਦੋਂ ਤੱਕ ਹਰ ਔਰਤ ਸੁਰੱਖਿਅਤ ਨਹੀਂ ਹੈ, ਉਦੋਂ ਤੱਕ ਕੋਈ ਵੀ ਔਰਤ ਸੁਰੱਖਿਅਤ ਨਹੀਂ ਹੈ।

ਰਾਹੁਲ ਗਾਂਧੀ

ਸੀਜੇਪੀ ਦੇ ਸਹਿ-ਸੰਯੋਜਕ ਸੌਰਵ ਦਾਸ ਨੇ ਵੀ ਕਿਹਾ ਕਿ ਕਈ ਪੱਤਰਕਾਰ ਅਤੇ ਹੋਰ ਪ੍ਰਦਰਸ਼ਨਕਾਰੀ 5 ਅਕਤੂਬਰ ਨੂੰ ਮਾਮਲੇ ਵਿੱਚ ਸਮਰਥਨ ਲਈ ਸਾਹਮਣੇ ਆਉਣਗੇ ਅਤੇ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰਨਗੇ ਕਿ ਸਬੰਧਤ ਪੁਲਿਸਕਰਮੀ ਖ਼ਿਲਾਫ਼ ਐੱਫਆਈਆਰ ਦਰਜ ਹੋਵੇ।

ਸੌਰਵ ਦਾਸ ਨੇ ਐਕਸ ‘ਤੇ ਲਿਖਿਆ, “ਪੁਲਿਸ ਨੇ ਸਾਡੇ ਤੋਂ ਲਿਖਤੀ ਸ਼ਿਕਾਇਤ ਅਤੇ ਵੀਡੀਓ ਦੀ ਜਾਂਚ ਕਰਨ ਲਈ ਕੁਝ ਸਮਾਂ ਮੰਗਿਆ ਹੈ। ਅਸੀਂ ਇਸ ਨੂੰ ਬਰਦਾਸ਼ਤ ਨਹੀਂ ਕਰਾਂਗੇ।”

ਸਮਾਜਿਕ ਅਤੇ ਸਿਆਸੀ ਕਾਰਕੁਨ ਯੋਗੇਂਦਰ ਯਾਦਵ ਨੇ ਕਿਹਾ ਕਿ ਇਸ ਮਾਮਲੇ ਵਿੱਚ ਤੁਰੰਤ ਐੱਫਆਈਆਰ ਹੋਣੀ ਚਾਹੀਦੀ ਹੈ।

ਉਨ੍ਹਾਂ ਨੇ ਐਕਸ ‘ਤੇ ਲਿਖਿਆ, “ਕਾਨੂੰਨ ਮੁਤਾਬਕ ਤੁਰੰਤ ਐੱਫਆਈਆਰ ਹੋਣੀ ਚਾਹੀਦੀ ਹੈ! ਇਨ੍ਹਾਂ ਅਧਿਕਾਰੀਆਂ ‘ਤੇ ਦਿੱਲੀ ਦੀਆਂ ਔਰਤਾਂ ਆਪਣੀ ਸੁਰੱਖਿਆ ਲਈ ਭਰੋਸਾ ਕਰਨਗੀਆਂ?”

ਰਾਹੁਲ ਗਾਂਧੀ ਨੇ ਕੀ ਕਿਹਾ

ਰਾਹੁਲ ਗਾਂਧੀ

ਰਾਹੁਲ ਗਾਂਧੀ ਨੇ ਮਹਿਲਾ ਪੱਤਰਕਾਰਾਂ ਵੱਲੋਂ ਲਗਾਏ ਇਲਜ਼ਾਮਾਂ ਤੋਂ ਬਾਅਦ ਇਸ ਮਾਮਲੇ ਵਿੱਚ ਪੁਲਿਸ ਅਧਿਕਾਰੀਆਂ ਦੇ ਕੰਮ ਕਰਨ ਦੇ ਢੰਗ ‘ਤੇ ਸਵਾਲ ਚੁੱਕਿਆ ਹੈ।

ਰਾਹੁਲ ਗਾਂਧੀ ਨੇ ਸ਼ਨੀਵਾਰ ਦੇਰ ਰਾਤ ਐਕਸ ‘ਤੇ ਲਿਖਿਆ, “ਜੰਤਰ-ਮੰਤਰ ‘ਤੇ ਇੱਕ ਮਹਿਲਾ ਪੱਤਰਕਾਰ ਨੇ ਇੱਕ ਪੁਲਿਸ ਅਧਿਕਾਰੀ ‘ਤੇ ਬਦਸਲੂਕੀ ਦਾ ਇਲਜ਼ਾਮ ਲਗਾਇਆ ਹੈ। ਘੰਟਿਆਂ ਤੋਂ ਸੈਂਕੜੇ ਪੱਤਰਕਾਰ ਸਿਰਫ਼ ਇੰਨੀ ਮੰਗ ਲੈ ਕੇ ਬੈਠੇ ਹਨ ਕਿ ਐੱਫਆਈਆਰ ਦਰਜ ਕਰ ਲਈ ਜਾਵੇ। ਇਹ ਤਾਂ ਪੁਲਿਸ ਦਾ ਬੁਨਿਆਦੀ ਕੰਮ ਹੈ ਨਾ? ਉਹ ਵੀ ਨਹੀਂ ਕੀਤਾ।”

ਉਨ੍ਹਾਂ ਨੇ ਕਿਹਾ, “ਅੱਜ ਹੀ ਜੰਤਰ-ਮੰਤਰ ‘ਤੇ ਸੈਂਕੜੇ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ। ਮਹਿਲਾ ਪ੍ਰਦਰਸ਼ਨਕਾਰੀਆਂ ਨਾਲ ਬਦਸਲੂਕੀ ਦੇ ਇਲਜ਼ਾਮ ਹਨ। ਕੈਮਰੇ ਖੋਹੇ ਗਏ, ਪੱਤਰਕਾਰਾਂ ਨੂੰ ਘਸੀਟਿਆ ਗਿਆ। ਅਤੇ ਇਹ ਪਹਿਲੀ ਵਾਰ ਨਹੀਂ ਹੈ। ਇਸ ਤੋਂ ਪਹਿਲਾਂ ਵੀ ਅਸੀਂ ਵੀਡੀਓ ਸਬੂਤਾਂ ਨਾਲ ਦੇਖਿਆ ਹੈ ਕਿ ਪੁਲਿਸ ਦੇ ਅਧਿਕਾਰੀ ਔਰਤਾਂ ਨਾਲ ਘਿਨਾਉਣੀ ਬਦਸਲੂਕੀ ਕਰਦੇ ਹਨ।”

ਰਾਹੁਲ ਗਾਂਧੀ ਨੇ ਸਵਾਲ ਚੁੱਕਦੇ ਹੋਏ ਕਿਹਾ ਕਿ ਜਿਸ ਪੁਲਿਸ ‘ਤੇ ਔਰਤਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਹੈ, ਉਹੀ ਔਰਤਾਂ ‘ਤੇ ਹੱਥ ਚੁੱਕ ਰਹੀ ਹੈ।

ਪ੍ਰੈੱਸ ਕਲੱਬ ਆਫ਼ ਇੰਡੀਆ ਨੇ ਜਾਰੀ ਕੀਤਾ ਬਿਆਨ

ਪ੍ਰੈੱਸ ਕਲੱਬ ਆਫ ਇੰਡੀਆ

ਦਿੱਲੀ ਪੁਲਿਸ ਦੇ ਕਥਿਤ ਵਿਵਹਾਰ ਨੂੰ ਲੈ ਕੇ ਪ੍ਰੈੱਸ ਕਲੱਬ ਆਫ਼ ਇੰਡੀਆ ਨੇ ਨਾਰਾਜ਼ਗੀ ਜ਼ਾਹਰ ਕੀਤੀ ਹੈ। ਪ੍ਰੈੱਸ ਕਲੱਬ ਨੇ ਪੁਲਿਸ ਦੀ ਕਾਰਵਾਈ ਅਤੇ ਪੱਤਰਕਾਰਾਂ ਨਾਲ ਕੀਤੇ ਗਏ ਵਿਵਹਾਰ ਨੂੰ ਲੈ ਕੇ ਚਿੰਤਾ ਜ਼ਾਹਰ ਕਰਦਿਆਂ ਇਸ ਨੂੰ ਲੋਕਤੰਤਰ ਲਈ ਗੰਭੀਰ ਮਾਮਲਾ ਦੱਸਿਆ ਹੈ।

ਪ੍ਰੈੱਸ ਕਲੱਬ ਆਫ਼ ਇੰਡੀਆ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ, “ਇੱਕ ਮਹਿਲਾ ਪੱਤਰਕਾਰ ਨੇ ਇਲਜ਼ਾਮ ਲਗਾਇਆ ਹੈ ਕਿ ਇੱਕ ਏਸੀਪੀ ਨੇ ਉਨ੍ਹਾਂ ਨਾਲ ਕਥਿਤ ਤੌਰ ‘ਤੇ ਬਦਸਲੂਕੀ ਅਤੇ ਜਿਨਸੀ ਹਮਲਾ ਕੀਤਾ। ਪੱਤਰਕਾਰ ਮੁਤਾਬਕ, ਉਹ ਸ਼ਨੀਵਾਰ ਰਾਤ ਕਈ ਘੰਟਿਆਂ ਤੱਕ ਸੰਸਦ ਮਾਰਗ ਥਾਣੇ ਵਿੱਚ ਐੱਫਆਈਆਰ ਦਰਜ ਕਰਵਾਉਣ ਦੀ ਕੋਸ਼ਿਸ਼ ਕਰਦੀ ਰਹੀ, ਪਰ ਪੁਲਿਸ ਨੇ ਹੁਣ ਤੱਕ ਉਸ ਦੀ ਸ਼ਿਕਾਇਤ ‘ਤੇ ਕਾਰਵਾਈ ਨਹੀਂ ਕੀਤੀ ਹੈ।”

“ਕਈ ਆਜ਼ਾਦ ਸੰਸਥਾਵਾਂ ਅਤੇ ਪੋਰਟਲਾਂ ਦੇ ਪੱਤਰਕਾਰਾਂ ਨੇ ਦੱਸਿਆ ਹੈ ਕਿ ਉਨ੍ਹਾਂ ਕੋਲ ਪ੍ਰੈੱਸ ਕਾਰਡ ਸਨ ਅਤੇ ਉਨ੍ਹਾਂ ਨੇ ਵਾਰ-ਵਾਰ ਦੱਸਿਆ ਕਿ ਉਹ ਮੀਡੀਆ ਤੋਂ ਹਨ। ਇਸ ਦੇ ਬਾਵਜੂਦ ਪੁਲਿਸ ਨੇ ਉਨ੍ਹਾਂ ਨਾਲ ਹਿੰਸਕ ਅਤੇ ਹਮਲਾਵਰ ਵਿਵਹਾਰ ਕੀਤਾ। ਕੁਝ ਪੱਤਰਕਾਰਾਂ ਨੂੰ ਪ੍ਰਦਰਸ਼ਨਕਾਰੀਆਂ ਦੇ ਨਾਲ ਹਿਰਾਸਤ ਵਿੱਚ ਵੀ ਲਿਆ ਗਿਆ।”

ਪ੍ਰੈੱਸ ਕਲੱਬ ਆਫ਼ ਇੰਡੀਆ ਨੇ ਕਿਹਾ ਕਿ ਦਿੱਲੀ ਪੁਲਿਸ ਨੂੰ ਮਹਿਲਾ ਪੱਤਰਕਾਰ ਦੀ ਸ਼ਿਕਾਇਤ ‘ਤੇ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ।

ਇਸ ਦੇ ਨਾਲ ਹੀ ਕਿਹਾ ਕਿ ਇਹ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਕਿ ਪੱਤਰਕਾਰਾਂ ਨੂੰ ਆਪਣਾ ਕੰਮ ਕਰਨ ਲਈ ਲੋੜੀਂਦੀ ਜਗ੍ਹਾ ਮਿਲੇ ਅਤੇ ਉਨ੍ਹਾਂ ਨੂੰ ਪੁਲਿਸ ਦੇ ਹਮਲਾਵਰ ਰੁਖ਼ ਅਤੇ ਧਮਕੀਆਂ ਦਾ ਸਾਹਮਣਾ ਨਾ ਕਰਨਾ ਪਵੇ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI