Source :- BBC PUNJABI

ਚੇਤਾਵਨੀ: ਇਸ ਰਿਪੋਰਟ ਦੇ ਕੁਝ ਵੇਰਵੇ ਪ੍ਰੇਸ਼ਾਨ ਕਰ ਸਕਦੇ ਹਨ
ਕੋਲੰਬੀਆ ਪਿਛਲੇ ਹਫਤੇ ਲਾਤੀਨੀ ਅਮਰੀਕਾ ਦਾ ਅਜਿਹਾ ਪਹਿਲਾ ਦੇਸ਼ ਬਣ ਗਿਆ ਹੈ ਜਿਸ ਨੇ ਫੀਮੇਲ ਜੈਨੀਟਲ ਮਿਊਟੀਲੇਸ਼ਨ ਨੂੰ ਗੈਰ ਕਾਨੂੰਨੀ ਐਲਾਨ ਕੀਤਾ ਹੈ। ਕਾਰਕੁੰਨ ਇਸ ਫ਼ੈਸਲੇ ਨੂੰ ਇਤਿਹਾਸਕ ਮੀਲ ਦਾ ਪੱਥਰ ਦੱਸ ਰਹੇ ਹਨ।
ਹੋਜ਼ੇ ਕਾਰਲੋਸ ਕੁਏਤੋ ਨੇ ਰਿਪੋਰਟ ਕੀਤੀ ਹੈ ਕਿ ਭਾਵੇਂ ਇਹ ਬਿੱਲ ਕੋਲੰਬੀਆ ਦੀ ਸੰਸਦ ਵਿੱਚ ਸਰਬਸੰਮਤੀ ਨਾਲ ਪਾਸ ਹੋ ਗਿਆ ਸੀ ਪਰ ਇਸ ਖਤਰਨਾਕ ਅਤੇ ਅਕਸਰ ਗੁਪਤ ਤਰੀਕੇ ਨਾਲ ਕੀਤੀ ਜਾਣ ਵਾਲੀ ਪ੍ਰਥਾ ਨੂੰ ਪੂਰੀ ਤਰ੍ਹਾਂ ਖਤਮ ਕਰਨ ਲਈ ਇੱਕ ਲੰਬੀ ਲੜਾਈ ਤੋਂ ਬਾਅਦ ਆਇਆ ਹੈ।
ਕਾਰਲਾ ਕੁਇਨੋਨੇਜ਼ ਦੀ ਬੇਟੀ ਸਿਰਫ਼ ਛੇ ਮਹੀਨਿਆਂ ਦੀ ਸੀ ਜਦੋਂ ਬੱਚੀ ਦੀ ਪੜਦਾਦੀ ਨੇ ਉਸ ਦਾ ਫੀਮੇਲ ਜੈਨੀਟਲ ਮਿਊਟੀਲੇਸ਼ਨ ਕਰਵਾ ਦਿੱਤਾ।
ਕੁਇਨੋਨੇਜ਼( ਅਸਲ ਨਾਮ ਨਹੀਂ) ਕਹਿੰਦੀ ਹੈ ਕਿ ਉਸ ਦੀ ਦਾਦੀ ਨੇ ਜਦੋਂ ਉਸ ਨੂੰ ਬੱਚੀ ਵਾਪਸ ਕੀਤੀ ਉਸ ਨੂੰ ਬੁਖਾਰ ਅਤੇ ਸੋਜ਼ਿਸ਼ ਸੀ ਅਤੇ ਖੂਨ ਵਗ ਰਿਹਾ ਸੀ। ਉਹ ਲਗਾਤਾਰ ਰੋ ਰਹੀ ਸੀ।
ਉਸ ਨੇ ਕਿਹਾ, “ਮੈਂ ਆਪਣੀ ਦਾਦੀ ਨੂੰ ਸਵਾਲ ਪੁੱਛਿਆ, ਪਰ ਉਨ੍ਹਾਂ ਨੇ ਕਿਹਾ ਕਿ ਇਹ ਆਮ ਗੱਲ ਹੈ ਅਤੇ ਮੈਂ ਇਸ ਬਾਰੇ ਕਿਸੇ ਨੂੰ ਵੀ ਨਹੀਂ ਦੱਸ ਸਕਦੀ।”
ਸਭ ਤੋਂ ਨੇੜਲਾ ਸਿਹਤ ਕੇਂਦਰ ਬਹੁਤ ਦੂਰੀ ‘ਤੇ ਸੀ। ਇਸ ਲਈ ਕੁਇਨੋਨੇਜ਼ ਦੀ ਮਾਂ (ਜੋ ਕਿ ਇੱਕ ਦਾਈ ਸੀ) ਨੇ ਜੜ੍ਹੀ ਬੂਟੀਆਂ ਨਾਲ ਬੱਚੀ ਦੇ ਦਰਦ ਨੂੰ ਘੱਟ ਕਰਨ ਦੀ ਕੋਸ਼ਿਸ਼ ਕੀਤੀ। ਉਸ ਨੇ ਕੁਇਨੋਨੇਜ਼ ਦੀ ਦਾਦੀ ਨੂੰ ਸਵਾਲ ਕੀਤਾ। ਪਰ ਉਸ ਬਜ਼ੁਰਗ ਔਰਤ ਨੇ ਇੱਕ ਨਾ ਸੁਣੀ।
ਉਸ ਨੇ ਕਿਹਾ ਕਿ ਮਰਦ ਉਨ੍ਹਾਂ ਔਰਤਾਂ ਦਾ ਮਜ਼ਾਕ ਉਡਾਉਂਦੇ ਹਨ ਜਿਨ੍ਹਾਂ ਕੋਲ ਕਲਿਟੋਰਿਸ ਹੁੰਦਾ ਹੈ।
ਕੋਲੰਬੀਆ ਵਿੱਚ ਫੀਮੇਲ ਜੈਨੀਟਲ ਮਿਊਟੀਲੇਸ਼ਨ (ਖਤਨਾ)
ਤਸਵੀਰ ਸਰੋਤ, AFP via Getty Images
ਫੀਮੇਲ ਜੈਨੀਟਲ ਮਿਊਟੀਲੇਸ਼ਨ ਵਿੱਚ ਗੈਰ ਡਾਕਟਰੀ ਕਾਰਨਾਂ ਕਰਕੇ ਔਰਤਾਂ ਦੇ ਬਾਹਰੀ ਗੁਪਤ ਅੰਗਾਂ ਨੂੰ ਅੰਸ਼ਕ ਜਾ ਪੂਰੀ ਤਰ੍ਹਾਂ ਕੱਢਣਾ ਅਤੇ ਨਾਲ ਹੀ ਉਨ੍ਹਾਂ ਅੰਗਾਂ ਨੂੰ ਹੋਰ ਨੁਕਸਾਨ ਪਹੁੰਚਾਉਣਾ ਸ਼ਾਮਲ ਹੈ।
ਇਹ ਮੈਡੀਕਲ ਜਟਿਲਤਾਵਾਂ ਪੈਦਾ ਕਰ ਸਕਦਾ ਹੈ ਜਿਸ ਵਿੱਚ ਬਹੁਤ ਜ਼ਿਆਦਾ ਖੂਨ ਵਹਿਣਾ ਅਤੇ ਇਨਫੈਕਸ਼ਨ ਸ਼ਾਮਲ ਹਨ। ਇਸ ਦੇ ਨਾਲ ਹੀ ਜ਼ਿੰਦਗੀ ਵਿੱਚ ਅੱਗੇ ਚੱਲ ਕੇ ਮਾਹਵਾਰੀ ਅਤੇ ਬੱਚੇ ਦੇ ਜਨਮ ਦੌਰਾਨ ਵੀ ਮੁਸ਼ਕਲਾਂ ਆ ਸਕਦੀਆਂ ਹਨ। ਇਹ ਕਿਸੇ ਔਰਤ ਲਈ ਜਿਨਸੀ ਸੁਖ ਮਹਿਸੂਸ ਕਰਨਾ ਵੀ ਮੁਸ਼ਕਿਲ ਬਣਾ ਸਕਦਾ ਹੈ।
ਵਿਸ਼ਵ ਸਿਹਤ ਸੰਗਠਨ ਦਾ ਕਹਿਣਾ ਹੈ ਕਿ ਦੁਨੀਆ ਭਰ ਵਿੱਚ ਅੱਜ ਜਿਉਂਦੀਆਂ ਲਗਭਗ 230 ਮਿਲੀਅਨ ਤੋਂ ਵੱਧ ਲੜਕੀਆਂ ਅਤੇ ਔਰਤਾਂ ਦਾ ਖ਼ਤਨਾ ਕੀਤਾ ਜਾ ਚੁੱਕਾ ਹੈ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਅਫ਼ਰੀਕਾ ਵਿੱਚ ਹਨ।
ਤੀਹ ਸਾਲਾ ਕੁਇਨੋਨੇਜ਼ ਕੋਲੰਬੀਆ ਵਿੱਚ ਇਸ ਪ੍ਰਥਾ ਨੂੰ ਪੂਰੀ ਤਰ੍ਹਾਂ ਖਤਮ ਕਰਨ ਲਈ ਲਗਾਤਾਰ ਯਤਨ ਕਰ ਰਹੀ ਹੈ ਜਿੱਥੇ ਹਾਲੇ ਵੀ ਉਸ ਦੇ ਆਪਣੇ ਐਂਬੇਰਾ ਆਦੀਵਾਸੀ ਭਾਈਚਾਰੇ ਦੇ ਲੋਕਾਂ ਦੁਆਰਾ ਇਹ ਪ੍ਰਥਾ ਅਪਣਾਈ ਜਾਂਦੀ ਹੈ।
ਸਾਥੀ ਕਾਰਕੁੰਨਾਂ ਅਤੇ ਕੋਲੰਬੀਆ ਦੀ ਸੰਸਦ ਦੇ ਮੈਂਬਰਾਂ ਨਾਲ ਮਿਲ ਕੇ ਉਸ ਨੇ ਇਸ ਮੁਹਿੰਮ ਵਿਚ ਇੱਕ ਅਹਿਮ ਭੂਮਿਕਾ ਨਿਭਾਈ ਜਿਸ ਦੇ ਸਿੱਟੇ ਵਜੋਂ ਇਸ ਪ੍ਰਥਾ ‘ਤੇ ਪਾਬੰਦੀ ਲਗਾਈ ਗਈ।
ਉਸ ਦਾ ਕਹਿਣਾ ਹੈ ਕਿ ਜਦੋਂ ਉਹ ਵੱਡੀ ਹੋਈ ਉਦੋਂ ਹੀ ਉਸ ਨੂੰ ਅਹਿਸਾਸ ਹੋਇਆ ਕਿ ਉਸ ਦੀ ਪਿੱਠ ਪਿੱਛੇ ਗੁਪਤ ਤਰੀਕੇ ਨਾਲ ਕੀ ਹੋ ਰਿਹਾ ਸੀ।
“ਮੈਂ ਹਮੇਸ਼ਾ ਸੋਚਦੀ ਸੀ ਕਿ ਜਨਮ ਤੋਂ ਤੁਰੰਤ ਬਾਅਦ ਲੜਕਿਆਂ ਦੇ ਮੁਕਾਬਲੇ ਜ਼ਿਆਦਾ ਲੜਕੀਆਂ ਦੀ ਮੌਤ ਕਿਉਂ ਹੋ ਜਾਂਦੀ ਸੀ।”
ਉਸ ਨੇ ਕਿਹਾ, “ਮੈਨੂੰ ਮੇਰੀ ਇੱਕ ਛੋਟੀ ਕਜ਼ਨ ਯਾਦ ਹੈ ਜਿਸ ਦੇ ਜਨਮ ਸਮੇਂ ਮੇਰੀ ਮਾਂ ਉੱਥੇ ਮੌਜੂਦ ਸੀ। ਉਹ ਬਿਲਕੁਲ ਸਿਹਤਮੰਦ ਪੈਦਾ ਹੋਈ ਸੀ ਪਰ ਤਿੰਨ ਦਿਨਾਂ ਬਾਅਦ ਹੀ ਉਸ ਦੀ ਮੌਤ ਹੋ ਗਈ “
“ਮੈਂ ਆਪਣੀ ਮਾਂ ਨੂੰ ਇਸ ਬਾਰੇ ਪੁੱਛਿਆ ਸੀ ਅਤੇ ਉਸ ਨੇ ਮੈਨੂੰ ਦੱਸਿਆ ਸੀ ਕਿ ਬੱਚੀ ਦੀ ਮੌਤ ਪੁਰਖਿਆਂ ਦੀ ਬਿਮਾਰੀ ‘ਜਾਈ’ ਕਾਰਨ ਹੋਈ ਸੀ।”
ਕੁਇਨੋਨੇਜ਼ ਦਾ ਹੁਣ ਮੰਨਣਾ ਹੈ ਕਿ ਕਈ ਲੜਕੀਆਂ ਦੀ ਮੌਤ ਅਸਲ ਵਿੱਚ ਫੀਮੇਲ ਜੈਨੀਟਲ ਮਿਊਟੀਲੇਸ਼ਨ ਨਾਲ ਜੁੜੀਆਂ ਜਟਿਲਤਾਵਾਂ ਕਾਰਨ ਹੋਈ ਸੀ।
ਇੱਕ ਬਾਲ ਰੋਗ ਮਾਹਿਰ ਦਾ ਨਜ਼ਰੀਆ
ਤਸਵੀਰ ਸਰੋਤ, Courtesy of Diana Ramos / Photo by David Jiménez
2020 ਅਤੇ ਜੂਨ 2026 ਦੇ ਵਿਚਕਾਰ ਕੋਲੰਬੀਆ ਵਿੱਚ ਮਹਿਲਾ ਖ਼ਤਨਾ ਦੇ 240 ਮਾਮਲੇ ਦਰਜ ਕੀਤੇ ਗਏ ਸਨ।
ਇਨ੍ਹਾਂ ਵਿੱਚੋਂ ਜ਼ਿਆਦਾਤਰ ਮਾਮਲਿਆਂ ਵਿੱਚ ਲੜਕੀਆਂ ਦੀ ਉਮਰ ਛੇ ਸਾਲ ਤੋਂ ਘੱਟ ਸੀ। ਪਰ ਬਾਲ ਰੋਗ ਮਾਹਿਰ ਡਾਇਨਾ ਰਾਮੋਸ ਮੋਸਕੇਰਾ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਇਹ ਤਾਂ ਸਿਰਫ਼ ਇੱਕ ਵੱਡੀ ਸਮੱਸਿਆ ਦਾ ਛੋਟਾ ਜਿਹਾ ਹਿੱਸਾ ਹੈ।
ਕੋਲੰਬੀਆ ਦੇ ਉੱਤਰ ਕੌਫ਼ੀ ਉਤਪਾਦਕ ਖੇਤਰ ਦੇ ਇੱਕ ਸ਼ਹਿਰ ਪਰੇਰਾ ਦੇ ਸੈਨ ਹੌਰਹੇ ਯੁਨੀਵਰਸਿਟੀ ਹਸਪਤਾਲ ਵਿੱਚ ਕੰਮ ਕਰਦੀ ਮੋਸਕੇਰਾ ਦੱਸਦੀ ਹੈ ਕਿ ਜਦੋਂ ਉਹ ਦੂਜੀਆਂ ਬਿਮਾਰੀਆਂ ਲਈ ਆਉਣ ਵਾਲੀਆਂ ਲੜਕੀਆਂ ਦੀ ਜਾਂਚ ਕਰਦੀ ਹੈ ਤਾਂ ਉਸ ਨੇ ਅਕਸਰ ਉਨ੍ਹਾਂ ਦੇ ਅੰਗਾਂ ‘ਤੇ ਜ਼ਖ਼ਮਾਂ ਦੇ ਨਿਸ਼ਾਨ, ਸੜਨ ਅਤੇ ਅੰਗ ਭੰਗ ਦੇ ਲੱਛਣ ਦੇਖੇ ਹਨ।
ਉਹ ਇੱਕ ਅਜਿਹੀ ਲੜਕੀ ਨੂੰ ਯਾਦ ਕਰਦੀ ਹੈ ਜੋ ਹਸਪਤਾਲ ਆਈ ਸੀ ਜਿਸ ਦੀ ਵਜਾਈਨਲ ਓਪਨਿੰਗ ਪੂਰੀ ਤਰ੍ਹਾਂ ਬੰਦ ਕੀਤੀ ਹੋਈ ਸੀ ਜਿਸ ਦਾ ਮਤਲਬ ਸੀ ਕਿ ਜਦੋਂ ਉਹ ਵੱਡੀ ਹੁੰਦੀ ਤਾਂ ਉਹ ਸ਼ਾਇਦ ਮਾਹਵਾਰੀ ਆਉਣ ਜਾਂ ਜਿਨਸੀ ਸਬੰਧ ਬਣਾਉਣ ਦੇ ਯੋਗ ਨਹੀਂ ਹੁੰਦੀ।
ਡਾਕਟਰ ਕਹਿੰਦੀ ਹੈ, “ਉਸ ਨੂੰ ਰੀਕੰਸਟਰਕਟਿਵ ਸਰਜਰੀ ਵਿੱਚੋਂ ਲੰਘਣਾ ਪਿਆ।”
ਉਹ ਮਹਿਲਾ ਖ਼ਤਨਾ ਨੂੰ ਜਿਨਸੀ ਅਤੇ ਲਿੰਗੀ ਹਿੰਸਾ ਦੇ ਇੱਕ ਰੂਪ ਵਜੋਂ ਦੇਖਦੀ ਹੈ ਜਿਸ ਦੇ ਨਤੀਜੇ ਉਮਰ ਭਰ ਭੁਗਤਣੇ ਪੈਂਦੇ ਹਨ ਪਰ ਉਹ ਕਹਿੰਦੀ ਹੈ ਕਿ ਇਸ ਸਮੱਸਿਆ ਦਾ ਹੱਲ ਸਿਰਫ਼ ਸਜ਼ਾ ਰਾਹੀਂ ਨਹੀਂ ਸਗੋਂ ਸਿੱਖਿਆ ਰਾਹੀਂ ਕੀਤਾ ਜਾਣਾ ਚਾਹੀਦਾ ਹੈ।
ਉਹ ਕਹਿੰਦੀ ਹੈ, “ਇਨ੍ਹਾਂ ਭਾਈਚਾਰਿਆਂ ਦੇ ਕੁਝ ਮੈਂਬਰ ਸਚਮੁੱਚ ਇਹ ਮੰਨਦੇ ਹਨ ਕਿ ਉਹ ਕੋਈ ਨੁਕਸਾਨ ਨਹੀਂ ਕਰ ਰਹੇ ਹਨ।”
“ਸੱਭਿਆਚਾਰ ਜਾਨ ਨਹੀਂ ਲੈਂਦਾ”
ਤਸਵੀਰ ਸਰੋਤ, José Carlos Cueto / BBC Mundo
ਲਗਭਗ 3 ਲੱਖ ਮੈਂਬਰਾਂ ਦੇ ਨਾਲ ਗ੍ਰੇਟ ਐਂਬੇਰਾ ਨੇਸ਼ਨ ਕੋਲੰਬੀਆ ਦੇ ਸਭ ਤੋਂ ਵੱਡੇ ਆਦੀਵਾਸੀ ਭਾਈਚਾਰਿਆਂ ਵਿੱਚੋਂ ਇੱਕ ਹੈ ਜਿਸ ਦੀ ਅਬਾਦੀ ਇਕਵਾਡੋਰ ਅਤੇ ਪਨਾਮਾ ਵਿੱਚ ਵੀ ਰਹਿੰਦੀ ਹੈ।
ਇਸ ਬਾਰੇ ਇੱਕ ਸਿਧਾਂਤ ਇਹ ਹੈ ਕਿ ਇਹ ਭਾਈਚਾਰਾ ਮਹਿਲਾ ਖ਼ਤਨਾ ਦੀ ਪ੍ਰਥਾ ਕਿਉਂ ਅਪਣਾਉਂਦਾ ਹੈ ਜਦੋਂ ਕਿ ਇਹ ਲਾਤੀਨੀ ਅਮਰੀਕਾ ਵਿੱਚ ਹੋਰ ਕਿਤੇ ਬਹੁਤ ਘੱਟ ਦੇਖਣ ਨੂੰ ਮਿਲਦੀ ਹੈ, ਕਿ ਇਹ ਪ੍ਰਥਾ ਅਫਰੀਕੀ ਦੇਸ਼ਾਂ ਤੋਂ ਲਿਆਂਦੇ ਗਏ ਗੁਲਾਮ ਬਣਾਏ ਲੋਕਾਂ ਦੇ ਨਾਲ ਇੱਥੇ ਪਹੁੰਚੀ ਸੀ।
ਇਸ ਨਾਲ ਰੀਸਾਰਾਲਡਾ, ਚੋਕੋ ਅਤੇ ਵਾਯੇ ਦੇਲ ਕਾਉਕਾ ਵਿੱਚ ਇਸ ਪ੍ਰਥਾ ਦੇ ਵੱਡੇ ਪੱਧਰ ‘ਤੇ ਪ੍ਰਚਲਿਤ ਹੋਣ ਨੂੰ ਸਮਝਣ ਵਿੱਚ ਮਦਦ ਮਿਲ ਸਕਦੀ ਹੈ ਜੋ ਕਿ ਅਜਿਹੇ ਗੁਆਂਢੀ ਰਾਜ ਹਨ ਜਿੱਥੇ ਜਾਂ ਤਾਂ ਵੱਡੀ ਗਿਣਤੀ ਵਿਚ ਅਫਰੋ-ਕੋਲੰਬੀਆਈ ਅਬਾਦੀ ਰਹਿੰਦੀ ਹੈ ਜਾਂ ਫਿਰ ਉਨ੍ਹਾਂ ਦੀਆਂ ਸਰਹੱਦਾਂ ਇਨ੍ਹਾਂ ਇਲਾਕਿਆਂ ਨਾਲ ਲਗਦੀਆਂ ਹਨ।
ਇੱਕ ਹੋਰ ਸਿਧਾਂਤ ਇਹ ਹੈ ਕਿ ਸੈਂਕੜੇ ਸਾਲ ਪਹਿਲਾਂ ਇੱਕ ਇੰਟਰਸੈਕਸ ਬੱਚੇ ਦੇ ਜਨਮ ਨੇ ਇਸ ਭਾਈਚਾਰੇ ਦੇ ਮਨਾਂ ਵਿੱਚ ਕਲਿਟੋਰਿਸ ਪ੍ਰਤੀ ਇੱਕ ਡਰ ਪੈਦਾ ਕਰ ਦਿੱਤਾ ਸੀ ਜਿਸ ਕਾਰਨ ਕਈ ਬਜ਼ੁਰਗ ਬੀਬੀਆਂ ਹੁਣ ਵੀ ਇਹ ਮੰਨਦੀਆਂ ਹਨ ਕਿ ਜੇਕਰ ਇਸ ਨੂੰ ਕੱਟਿਆ ਨਾ ਗਿਆ ਤਾਂ ਇਹ ਵੱਡਾ ਹੋ ਕੇ ਪੁਰਸ਼ ਲਿੰਗ ਬਣ ਜਾਵੇਗਾ।
ਕਈਆਂ ਦਾ ਮੰਨਣਾ ਹੈ ਕਿ ਇਹ ਪ੍ਰਥਾ ਮਰਦ ਪ੍ਰਧਾਨ ਸੋਚ ਤੋਂ ਪੈਦਾ ਹੁੰਦੀ ਹੈ ਜਿੱਥੇ ਇਹ ਮੰਨਿਆ ਜਾਂਦਾ ਹੈ ਕਿ ਜੇਕਰ ਕਿਸੇ ਔਰਤ ਕੋਲ ਜਿਨਸੀ ਸੁਖ ਨਾਲ ਸਬੰਧਤ ਅੰਗ ਹੋਵੇਗਾ ਤਾਂ ਉਸ ਦੇ ਚਰਿੱਤਰਹੀਣ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ।
ਕੋਲੰਬੀਆ ਦੀ ਗ੍ਰੇਟ ਐਂਬੇਰਾ ਨੇਸ਼ਨ ਦੀ ਨੈਸ਼ਨਲ ਕਨਫੈਡਰੇਸ਼ਨ ਆਫ ਪੀਪਲਜ਼ ਦੀ ਕਾਨੂੰਨੀ ਪ੍ਰਤੀਨਿਧ ਜੂਲੀਆਨਾ ਡੋਮੀਕੋ ਇਸ ਗੱਲ ਨੂੰ ਖਾਰਜ ਕਰਦੀ ਹੈ ਕਿ ਇਹ ਪ੍ਰਥਾ ਸੱਭਿਆਚਾਰਕ ਹੈ ਭਾਵੇਂ ਇਸ ਦੀ ਸ਼ੁਰੂਆਤ ਕੁਝ ਵੀ ਹੋਵੇ। ਇਹ ਬਿਆਨ ਇਸ ਅਭਿਆਸ ਦੇ ਸੱਭਿਆਚਾਰਕ ਪੱਖ ਨੂੰ ਸਿੱਧੇ ਤੌਰ ‘ਤੇ ਰੱਦ ਕਰਦਾ ਹੈ।
ਉਹ ਕਹਿੰਦੀ ਹੈ, “ਸਾਡਾ ਸੱਭਿਆਚਾਰ ਸਾਡੇ ਕੱਪੜੇ, ਸਾਡੀ ਕਲਾ, ਸਾਡੇ ਨਾਚ ਅਤੇ ਸਾਡੀ ਭਾਸ਼ਾ ਹੈ। ਨਾ ਕਿ ਕੋਈ ਅਜਿਹੀ ਪ੍ਰਥਾ ਜੋ ਜਾਨ ਲੈ ਲਵੇ। ਸੱਭਿਆਚਾਰ ਜਾਨ ਨਹੀਂ ਲੈਂਦਾ।”
ਉਸ ਦਾ ਕਹਿਣਾ ਹੈ ਕਿ ਇਹ ਨਵਾਂ ਕਾਨੂੰਨ ਭਾਈਚਾਰੇ ਦੇ ਅੰਦਰ ਸਾਲਾਂ ਤੱਕ ਕੀਤੇ ਗਏ ਵਕਾਲਤ ਦੇ ਕੰਮ ਤੋਂ ਬਾਅਦ ਆਇਆ ਹੈ, “ਸਾਨੂੰ ਉਮੀਦ ਹੈ ਕਿ ਇਸ ਕਾਨੂੰਨ ਨੂੰ ਜਨਤਕ ਨੀਤੀ ਵਿਚ ਬਦਲਿਆ ਜਾਵੇਗਾ ਅਤੇ ਇਸ ਨੂੰ ਲਾਗੂ ਕਰਨ ਲਈ ਲੋੜੀਂਦੇ ਫੰਡ ਦਿੱਤੇ ਜਾਣਗੇ। “
ਧਮਕੀਆਂ ਅਤੇ ਵਿਰੋਧਤਾ

ਕੁਇਨੋਨੇਜ਼ ਉਨ੍ਹਾਂ ਲੋਕਾਂ ਵਿੱਚੋਂ ਇੱਕ ਹੈ ਜਿਨ੍ਹਾਂ ਨੇ ਬਦਲਾਅ ਦੀ ਵਕਾਲਤ ਕੀਤੀ ਹੈ ਪਰ ਉਸ ਦਾ ਕਹਿਣਾ ਹੈ ਕਿ ਇਸ ਕਾਰਨ ਉਸ ਨੂੰ ਧਮਕੀਆਂ ਮਿਲੀਆਂ ਹਨ, ਖਾਸ ਕਰਕੇ ਮਰਦਾਂ ਵੱਲੋਂ।
ਜਦਕਿ ਰਵਾਇਤੀ ਤੌਰ ‘ਤੇ ਮਰਦਾਂ ਨੂੰ ਇਸ ਰਸਮ ਬਾਰੇ ਪਤਾ ਨਹੀਂ ਹੋਣਾ ਚਾਹੀਦਾ ਪਰ ਇਸ ਪ੍ਰਥਾ ਨੂੰ ਖਤਮ ਕਰਨ ਬਾਰੇ ਗੱਲਬਾਤ ਅਕਸਰ ਸਿਰਫ਼ ਮਰਦ ਲੀਡਰਾਂ ਨਾਲ ਹੀ ਹੁੰਦੀ ਹੈ ਕਿਉਂਕਿ ਕਈ ਐਂਬੇਰਾ ਔਰਤਾਂ ਆਪਣੀ ਆਦੀਵਾਸੀ ਭਾਸ਼ਾ ਬੋਲਦੀਆਂ ਹਨ ਅਤੇ ਉਨ੍ਹਾਂ ਨੇ ਸਪੈਨਿਸ਼ ਨਹੀਂ ਸਿੱਖੀ ਹੁੰਦੀ।
ਇਸ ਕਾਰਨ ਔਰਤਾਂ ਆਪਣੀਆਂ ਬੱਚੀਆਂ ਲਈ ਡਾਕਟਰਾਂ ਤੋਂ ਮਦਦ ਲੈਣ ਤੋਂ ਵੀ ਵਾਂਝੀਆਂ ਰਹਿ ਜਾਂਦੀਆਂ ਹਨ। ਕੁਇਨੋਨੇਜ਼ ਦਾ ਕਹਿਣਾ ਹੈ ਕਿ ਇਹ ਸਮੱਸਿਆ ਉਦੋਂ ਹੋਰ ਵੀ ਗੰਭੀਰ ਹੋ ਜਾਂਦੀ ਹੈ ਜਦੋਂ ਉਨ੍ਹਾਂ ਦਾ ਸਾਹਮਣਾ ਕਈ ਵਾਰ ਘੱਟ ਜਾਣਕਾਰੀ ਰੱਖਣ ਵਾਲੇ ਅਤੇ ਗਲਤ ਨਜ਼ਰ ਨਾਲ ਦੇਖਣ ਵਾਲੇ ਸਿਹਤ ਕਰਮਚਾਰੀਆਂ ਨਾਲ ਹੁੰਦਾ ਹੈ।
ਉਸ ਨੇ ਦੱਸਿਆ ਕਿ ਜਦੋਂ ਉਹ ਯੂਰਿਨਰੀ ਟ੍ਰੈਕਟ ਇਨਫੈਕਸ਼ਨ ਦੇ ਕਾਰਨ ਹੋਏ ਬੁਖਾਰ ਕਰਕੇ ਆਪਣੀ ਬੇਟੀ ਨੂੰ ਹਸਪਤਾਲ ਲੈ ਕੇ ਗਈ ਤਾਂ ਨਰਸ ਨੇ ਉਸ ਨੂੰ ਜੰਗਲੀ ਕਹਿ ਕੇ ਬਹੁਤ ਬੁਰਾ ਭਲਾ ਬੋਲਿਆ ਅਤੇ ਕਿਹਾ ਕਿ ਉਸ ਦੇ ਨਾਲ ਜੋ ਹੋਇਆ ਹੈ, ਉਹ ਉਸੇ ਦੇ ਲਾਇਕ ਸੀ।
ਉਸ ਦੱਸਦੀ ਹੈ, “ਮੈਨੂੰ ਇੱਥੋਂ ਤੱਕ ਧਮਕੀ ਦਿੱਤੀ ਗਈ ਕਿ ਮੇਰੀ ਬੇਟੀ ਨੂੰ ਮੇਰੇ ਕੋਲੋਂ ਖੋਹ ਲਿਆ ਜਾਵੇਗਾ ਅਤੇ ਬਾਲ ਭਲਾਈ ਅਧਿਕਾਰੀਆਂ ਦੀ ਦੇਖਭਾਲ ਵਿੱਚ ਭੇਜ ਦਿੱਤਾ ਜਾਵੇਗਾ। ਉਸ ਸਮੇਂ ਤੋਂ ਮੈਂ ਆਪਣੀ ਬੇਟੀ ਨੂੰ ਹਸਪਤਾਲ ਨਾ ਲੈ ਕੇ ਜਾਣਾ ਹੀ ਬਿਹਤਰ ਸਮਝਦੀ ਹਾਂ। ਮੈਂ ਉਸ ਦਾ ਇਲਾਜ ਜੜ੍ਹੀ ਬੂਟੀਆਂ ਅਤੇ ਘਰੇਲੂ ਦਵਾਈਆਂ ਨਾਲ ਕਰਦੀ ਹਾਂ। ਮੈਂ ਕਦੇ ਵੀ ਉਸ ਦਾ ਸਾਥ ਨਹੀਂ ਛੱਡਦੀ। “
ਗੱਲਬਾਤ ਨੂੰ ਟਾਲਿਆ ਨਹੀਂ ਜਾ ਸਕਦਾ
ਤਸਵੀਰ ਸਰੋਤ, AFP via Getty Images
ਕੁਇਨੋਨੇਜ਼ ਦਾ ਕਹਿਣਾ ਹੈ ਕਿ ਐਂਬੇਰਾ ਭਾਈਚਾਰੇ ਦੇ ਅੰਦਰ ਹੁਣ ਬਦਲਾਅ ਦੀ ਸ਼ੁਰੂਆਤ ਹੋ ਰਹੀ ਹੈ ਜਿੱਥੇ ਔਰਤਾਂ ਹੁਣ ਆਪਸ ਵਿੱਚ ਇਸ ਗੱਲ ‘ਤੇ ਚਰਚਾ ਕਰ ਰਹੀਆਂ ਹਨ ਕਿ ਕੀ ਮਹਿਲਾ ਖ਼ਤਨਾ ਹੋਣਾ ਚਾਹੀਦਾ ਹੈ ਜਾਂ ਨਹੀਂ।
ਉਸ ਨੇ ਦੱਸਿਆ ਕਿ ਉਹ ਉਦੋਂ ਬਹੁਤ ਭਾਵੁਕ ਹੋ ਗਈ ਜਦੋਂ ਇੱਕ ਦਾਦੀ ਨੇ ਆਪਣੀਆਂ ਪੋਤੀਆਂ ਦਾ ਖ਼ਤਨਾ ਕਰਨ ਬਾਰੇ ਡੂੰਘੀ ਵਿਚਾਰ ਚਰਚਾ ਕੀਤੀ। ਉਸ ਬਜ਼ੁਰਗ ਔਰਤ ਨੇ ਕਿਹਾ ਕਿ ਉਸ ਨੇ ਕਦੇ ਵੀ ਕਿਸੇ ਬਦਨੀਤੀ ਨਾਲ ਅਜਿਹਾ ਨਹੀਂ ਸੀ ਕੀਤਾ, ਉਹ ਤਾਂ ਸਿਰਫ ਇਹ ਚਾਹੁੰਦੀ ਸੀ ਕਿ ਮਰਦ ਉਸ ਦੀਆਂ ਪੋਤੀਆਂ ਨੂੰ ਮਾੜਾ ਨਾ ਕਹਿਣ।
ਉਸ ਦਾ ਕਹਿਣਾ ਹੈ ਕਿ ਜੀਵਨ ਦੇ ਇੱਕ ਵੱਖਰੇ ਤਰੀਕੇ ਬਾਰੇ ਗੱਲਬਾਤ ਕਰਨਾ ਦਰਦਨਾਕ ਹੋ ਸਕਦਾ ਹੈ। ਜਿਹੜੀਆਂ ਔਰਤਾਂ ਕਲਿਟੋਰਿਸ ਤੋਂ ਬਿਨ੍ਹਾਂ ਵੱਡੀਆਂ ਹੋਈਆਂ ਹਨ, ਉਹ ਇੱਕ ਵੱਖਰੇ ਸਰੀਰ ਦੀ ਕਲਪਨਾ ਵੀ ਨਹੀਂ ਕਰ ਸਕਦੀਆਂ।
ਉਸ ਦਾ ਕਹਿਣਾ ਹੈ ਕਿ ਭਵਿੱਖ ਵਿੱਚ ਕਿਸੇ ਦਿਨ ਆਪਣੀ ਖੁਦ ਦੀ ਬੇਟੀ ਨਾਲ ਇਸ ਬਾਰੇ ਗੱਲ ਕਰਨੀ ਵੀ ਮੁਸ਼ਕਿਲ ਹੋਵੇਗੀ ਪਰ “ਇਹ ਇੱਕ ਅਜਿਹੀ ਗੱਲਬਾਤ ਹੈ ਜਿਸ ਤੋਂ ਬਚਿਆ ਨਹੀਂ ਜਾ ਸਕਦਾ।”
ਉਹ ਕਹਿੰਦੀ ਹੈ, “ਅਸੀਂ ਸਾਰੇ ਆਪਣੇ ਸਰੀਰ ਨੂੰ ਸਮਝਣ ਅਤੇ ਬਿਨ੍ਹਾਂ ਕਿਸੇ ਸ਼ਰਮ ਦੇ ਇਸ ਬਾਰੇ ਗੱਲ ਕਰਨ ਦੇ ਹੱਕਦਾਰ ਹਾਂ।”
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI



