Home rss national punjabi2ਰਾਸ਼ਟਰੀ ਖ਼ਬਰਾਂ ‘ਮੈਨੂੰ ਆਪਣੇ ਬੁਆਏਫ੍ਰੈਂਡ ਨੂੰ ਪਛਾਣਨ ਵਿੱਚ ਮੁਸ਼ਕਲ ਹੁੰਦੀ ਸੀ’, ਕਈ ਲੋਕਾਂ...

‘ਮੈਨੂੰ ਆਪਣੇ ਬੁਆਏਫ੍ਰੈਂਡ ਨੂੰ ਪਛਾਣਨ ਵਿੱਚ ਮੁਸ਼ਕਲ ਹੁੰਦੀ ਸੀ’, ਕਈ ਲੋਕਾਂ ਨੂੰ ਚਿਹਰੇ ਪਛਾਣਨ ਵਿੱਚ ਦਿੱਕਤ ਕਿਉਂ ਆਉਂਦੀ ਹੈ

2
0

Source :- BBC PUNJABI

ਇੱਕ ਔਰਤ ਸੋਚ ਰਹੀ ਹੈ

ਤਸਵੀਰ ਸਰੋਤ, BBC/Maryam Nikan

ਇੱਕ ਵਾਰ ਮੈਂ ਉਸ ਵਿਅਕਤੀ ਨੂੰ ਪਛਾਣਨ ਵਿੱਚ ਅਸਫ਼ਲ ਰਹੀ, ਜੋ ਉਸ ਸਮੇਂ ਮੇਰਾ ਬੁਆਏਫ੍ਰੈਂਡ ਸੀ।

ਅਸੀਂ ਲਗਭਗ ਛੇ ਮਹੀਨਿਆਂ ਤੋਂ ਇਕੱਠੇ ਸੀ ਅਤੇ ਫਿਰ ਇੱਕ ਦਿਨ ਸੁਪਰਮਾਰਕੀਟ ਵਿੱਚ ਸਾਡਾ ਸਾਹਮਣਾ ਹੋਇਆ।

ਪਰ ਜਦੋਂ ਅਸੀਂ ਇੱਕ-ਦੂਜੇ ਦੇ ਕੋਲੋਂ ਲੰਘੇ, ਤਾਂ ਮੈਨੂੰ ਬਿਲਕੁਲ ਪਤਾ ਨਹੀਂ ਲੱਗਾ ਕਿ ਉਹ ਕੌਣ ਸੀ। ਮੈਨੂੰ ਯਾਦ ਹੈ ਕਿ ਜਦੋਂ ਤੱਕ ਉਹ ਬੋਲਿਆ ਨਹੀਂ ਸੀ ਅਤੇ ਮੈਂ ਉਸ ਦੀ ਆਵਾਜ਼ ਪਛਾਣ ਨਹੀਂ ਲਈ, ਮੈਨੂੰ ਉਸ ਦੇ ਇੰਨੇ ਨੇੜੇ ਹੋਣ ਕਾਰਨ ਅਜੀਬ ਜਿਹਾ ਮਹਿਸੂਸ ਹੋ ਰਿਹਾ ਸੀ।

ਕਹਿਣ ਦੀ ਲੋੜ ਨਹੀਂ ਕਿ ਉਹ ਇਸ ਗੱਲ ਤੋਂ ਬਹੁਤ ਖੁਸ਼ ਨਹੀਂ ਸੀ। ਪਰ ਮੇਰੇ ਲਈ ਇਹ ਆਮ ਗੱਲ ਹੈ। ਮੈਂ ਹਮੇਸ਼ਾ ਲੋਕਾਂ ਦੇ ਚਿਹਰੇ ਪਛਾਣਨ ਵਿੱਚ ਮੁਸ਼ਕਲ ਮਹਿਸੂਸ ਕੀਤੀ ਹੈ, ਭਾਵੇਂ ਮੈਂ ਉਸ ਵਿਅਕਤੀ ਨੂੰ ਕਿੰਨੀ ਵੀ ਚੰਗੀ ਤਰ੍ਹਾਂ ਜਾਣਦੀ ਹੋਵਾਂ।

ਇਸੇ ਲਈ ਬੀਬੀਸੀ ਦੇ ਪੌਡਕਾਸਟ ਕਰਾਊਡਸਾਇੰਸ ਦੇ ਹਿੱਸੇ ਵਜੋਂ ਮੈਂ ਚਿਹਰੇ ਪਛਾਣਨ ਦੀ ਅਸਮਰੱਥਾ, ਜਿਸ ਨੂੰ ਪ੍ਰੋਸੋਪੈਗਨੋਸੀਆ ਕਿਹਾ ਜਾਂਦਾ ਹੈ ਦਾ ਟੈਸਟ ਕਰਵਾਉਣ ਦਾ ਫ਼ੈਸਲਾ ਕੀਤਾ। ਇਹ ਇੱਕ ਅਜਿਹੀ ਸਥਿਤੀ ਹੈ ਜਿਸ ਵਿੱਚ ਲੋਕਾਂ ਨੂੰ ਚਿਹਰੇ ਪਛਾਣਨ ਵਿੱਚ ਮੁਸ਼ਕਲ ਹੁੰਦੀ ਹੈ।

ਚਿਹਰੇ ਪਛਾਣਨ ਦੀ ਅਸਮਰੱਥਾ ਦਾ ਕਾਰਨ ਕੀ ਹੈ?

ਮਾਹਰਾਂ ਦਾ ਕਹਿਣਾ ਹੈ ਕਿ ਚਿਹਰੇ ਪਛਾਣਨ ਦੀ ਅਸਮਰੱਥਾ ਜ਼ਿਆਦਾਤਰ ਲੋਕਾਂ ਦੀ ਸੋਚ ਨਾਲੋਂ ਵਧੇਰੇ ਆਮ ਹੈ। ਇਹ ਲਗਭਗ ਹਰ 50 ਵਿੱਚੋਂ ਇੱਕ ਵਿਅਕਤੀ ਨੂੰ ਪ੍ਰਭਾਵਿਤ ਕਰਦੀ ਹੈ।

ਕੁਝ ਮਾਮਲਿਆਂ ਵਿੱਚ ਇਹ ਸਥਿਤੀ ਦਿਮਾਗ਼ ਨੂੰ ਨੁਕਸਾਨ ਪਹੁੰਚਣ ਤੋਂ ਬਾਅਦ ਪੈਦਾ ਹੁੰਦੀ ਹੈ, ਉਦਾਹਰਨ ਵਜੋਂ ਸਟ੍ਰੋਕ ਤੋਂ ਬਾਅਦ।

ਹਾਲਾਂਕਿ, ਯੂਕੇ ਦੀ ਬੋਰਨਮਾਊਥ ਯੂਨੀਵਰਸਿਟੀ ਦੀ ਮਨੋਵਿਗਿਆਨੀ ਪ੍ਰੋ. ਸਾਰਾਹ ਬੇਟ ਦੱਸਦੀ ਹੈ, “ਸਾਨੂੰ ਅਜਿਹੇ ਲੋਕ ਬਹੁਤ ਜ਼ਿਆਦਾ ਨਹੀਂ ਮਿਲਦੇ, ਜਿਨ੍ਹਾਂ ਨੂੰ ਇਨ੍ਹਾਂ ਕਾਰਨਾਂ ਕਰਕੇ ਚਿਹਰੇ ਪਛਾਣਨ ਵਿੱਚ ਮੁਸ਼ਕਲ ਹੁੰਦੀ ਹੈ।”

ਉਹ ਦੱਸਦੀ ਹੈ ਕਿ ਛੋਟੀ ਉਮਰ ਤੋਂ ਹੀ ਚਿਹਰੇ ਪਛਾਣਨ ਵਿੱਚ ਮੁਸ਼ਕਲ ਹੋਣਾ ਕਿਤੇ ਜ਼ਿਆਦਾ ਆਮ ਹੈ। ਇਸ ਨੂੰ ਵਿਕਾਸਾਤਮਕ ਜਾਂ ਜਨਮਜਾਤ ਪ੍ਰੋਸੋਪੈਗਨੋਸੀਆ ਕਿਹਾ ਜਾਂਦਾ ਹੈ।

ਮੰਨਿਆ ਜਾਂਦਾ ਹੈ ਕਿ ਅਜਿਹਾ ਪਰਿਵਾਰਾਂ ਵਿੱਚ ਚੱਲਦਾ ਹੈ, ਜੋ ਇਸ ਦੇ ਪਿੱਛੇ ਸੰਭਾਵਿਤ ਜੈਨੇਟਿਕ ਸਬੰਧ ਵੱਲ ਇਸ਼ਾਰਾ ਕਰਦਾ ਹੈ। ਹਾਲਾਂਕਿ, ਇਸ ਦੇ ਪਿੱਛੇ ਮੌਜੂਦ ਸਹੀ ਜੀਨ ਅਜੇ ਵੀ ਸਪੱਸ਼ਟ ਨਹੀਂ ਹਨ।

ਬੇਟ ਕਹਿੰਦੀ ਹੈ, “ਇਹ ਕਦੇ ਵੀ ਇੰਨਾ ਸੌਖਾ ਨਹੀਂ ਹੁੰਦਾ ਕਿ ਇਸ ਦੇ ਪਿੱਛੇ ਸਿਰਫ਼ ਇੱਕ ਹੀ ਜੀਨ ਹੋਵੇ। ਇਸ ਵਿੱਚ ਜੈਨੇਟਿਕ ਅਤੇ ਵਾਤਾਵਰਣ ਸਬੰਧੀ ਕਾਰਕਾਂ ਵਿਚਕਾਰ ਕਿਤੇ ਜ਼ਿਆਦਾ ਗੁੰਝਲਦਾਰ ਆਪਸੀ ਸਬੰਧ ਹੁੰਦਾ ਹੈ।”

ਕੈਰੋਲਿਨ ਆਪਣੀ ਭੈਣ ਨਾਲ

ਤਸਵੀਰ ਸਰੋਤ, Caroline Steele

ਬੇਟ ਦਾ ਮੰਨਣਾ ਹੈ ਕਿ ਸ਼ੁਰੂਆਤੀ ਦੌਰ ਦੇ ਦ੍ਰਿਸ਼ਟੀ ਨਾਲ ਜੁੜੇ ਤਜਰਬੇ ਇਸ ਵਿੱਚ ਭੂਮਿਕਾ ਨਿਭਾ ਸਕਦੇ ਹਨ। ਚਿਹਰੇ ਪਛਾਣਨ ਵਿੱਚ ਅਸਮਰੱਥ ਕੁਝ ਲੋਕ ਬਚਪਨ ਦੇ ਅਜਿਹੇ ਦੌਰ ਬਾਰੇ ਦੱਸਦੇ ਹਨ, ਜਦੋਂ ਉਨ੍ਹਾਂ ਦੀ ਨਜ਼ਰ ਕਮਜ਼ੋਰ ਸੀ ਜਾਂ ਅਸਧਾਰਨ ਸੀ।

ਉਹ ਕਹਿੰਦੀ ਹੈ, “ਵਿਕਾਸ ਦੇ ਕੁਝ ਅਹਿਮ ਪੜਾਅ ਹੋ ਸਕਦੇ ਹਨ, ਜੋ ਚਿਹਰਿਆਂ ਨੂੰ ਪਛਾਣਨਾ ਸਿੱਖਣ ਲਈ ਮਹੱਤਵਪੂਰਨ ਹੁੰਦੇ ਹਨ।”

“ਜੇ ਕਿਸੇ ਬੱਚੇ ਨੂੰ ਲੋੜ ਪੈਣ ਦੇ ਬਾਵਜੂਦ ਐਨਕਾਂ ਨਾ ਦਿੱਤੀਆਂ ਗਈਆਂ ਹੋਣ… ਜਾਂ ਉਹ ਮੋਤੀਆਬਿੰਦ ਨਾਲ ਪੈਦਾ ਹੋਇਆ ਹੋਵੇ, ਜਿਸ ਕਾਰਨ ਉਸ ਦੀ ਨਜ਼ਰ ਪ੍ਰਭਾਵਿਤ ਹੋਈ ਹੋਵੇ, ਤਾਂ ਇਹ ਪ੍ਰਕਿਰਿਆ ਵਿੱਚ ਰੁਕਾਵਟ ਪਾ ਸਕਦਾ ਹੈ।”

ਨਿੱਜੀ ਤੌਰ ‘ਤੇ, ਇਹ ਗੱਲ ਮੈਨੂੰ ਪੂਰੀ ਤਰ੍ਹਾਂ ਸਮਝ ਆਉਂਦੀ ਹੈ। ਜਦੋਂ ਮੈਂ ਛੋਟੀ ਬੱਚੀ ਸੀ, ਤਾਂ ਮੈਨੂੰ ਨਜ਼ਰ ਨਾਲ ਜੁੜੀਆਂ ਕੁਝ ਮੁਸ਼ਕਲਾਂ ਸਨ, ਪਰ ਮੈਂ ਕਦੇ ਇਹ ਸਬੰਧ ਨਹੀਂ ਜੋੜਿਆ ਹੁੰਦਾ ਕਿ ਅੱਠ ਸਾਲ ਦੀ ਉਮਰ ਵਿੱਚ ਅੱਖ ‘ਤੇ ਪੱਟੀ ਲਗਾਉਣ ਅਤੇ ਵੱਡੀ ਹੋ ਕੇ ਉਸ ਸਮੇਂ ਦੇ ਆਪਣੇ ਬੁਆਏਫ੍ਰੈਂਡ ਨੂੰ ਪਛਾਣਨ ਵਿੱਚ ਮੁਸ਼ਕਲ ਹੋਣ ਵਿਚਕਾਰ ਕੋਈ ਸਬੰਧ ਹੋ ਸਕਦਾ ਹੈ।

ਇਸ ਗੱਲ ਦੇ ਵੀ ਕੁਝ ਸਬੂਤ ਹਨ ਕਿ ਹੋਰ ਕਾਰਕ ਵੀ ਇਸ ਵਿੱਚ ਯੋਗਦਾਨ ਪਾ ਸਕਦੇ ਹਨ।

ਬੇਟ ਦਾ ਕਹਿਣਾ ਹੈ, “ਇਸ ਲਈ, ਉਦਾਹਰਨ ਵਜੋਂ, ਅਸੀਂ ਜਾਣਦੇ ਹਾਂ ਕਿ ਔਟਿਜ਼ਮ ਸਪੈਕਟ੍ਰਮ ਨਾਲ ਜੁੜੀਆਂ ਸਥਿਤੀਆਂ ਵਿੱਚ ਕੁਝ ਲੋਕਾਂ ਨੂੰ ਅੱਖਾਂ ਵਿੱਚ ਅੱਖਾਂ ਪਾ ਕੇ ਗੱਲ ਕਰਨਾ ਸਹਿਜ ਨਹੀਂ ਲੱਗਦਾ… ਅਤੇ ਇਨ੍ਹਾਂ ਸਥਿਤੀਆਂ ਵਾਲੇ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਚਿਹਰੇ ਪਛਾਣਨ ਦੀ ਸਮਰੱਥਾ ਵਿੱਚ ਵੀ ਮੁਸ਼ਕਲ ਹੁੰਦੀ ਹੈ।”

ਉਹ ਅੱਗੇ ਦੱਸਦੀ ਹੈ ਕਿ ਜਿਹੜੇ ਬੱਚੇ ਸੀਮਤ ਸਮਾਜਿਕ ਸੰਪਰਕ ਵਿੱਚ ਵੱਡੇ ਹੁੰਦੇ ਹਨ, ਉਨ੍ਹਾਂ ਨੂੰ ਵੀ ਬਾਅਦ ਦੀ ਜ਼ਿੰਦਗੀ ਵਿੱਚ ਚਿਹਰੇ ਪਛਾਣਨ ਵਿੱਚ ਮੁਸ਼ਕਲ ਹੋ ਸਕਦੀ ਹੈ।

ਅੱਖਾਂ ਟੈਸਟ ਕਰਵਾਉਂਦਾ ਬੱਚਾ

ਤਸਵੀਰ ਸਰੋਤ, Getty Images/BSIP/UIG

ਘੱਟ ਸੰਪਰਕ

ਜ਼ਿਆਦਾਤਰ ਲੋਕਾਂ ਲਈ ਕਿਸੇ ਜਾਣ-ਪਛਾਣ ਵਾਲੇ ਚਿਹਰੇ ਨੂੰ ਪਛਾਣਨਾ ਬਿਨਾਂ ਕਿਸੇ ਕੋਸ਼ਿਸ਼ ਦੇ ਹੋ ਜਾਂਦਾ ਹੈ, ਪਰ ਦਿਮਾਗ਼ ਦੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਹ ਦਿਮਾਗ਼ ਵਿੱਚ ਹੋਣ ਵਾਲੀਆਂ ਪ੍ਰਕਿਰਿਆਵਾਂ ਦੇ ਇੱਕ ਗੁੰਝਲਦਾਰ ਕ੍ਰਮ ‘ਤੇ ਨਿਰਭਰ ਕਰਦਾ ਹੈ।

ਚਿਹਰਿਆਂ ਨੂੰ ਦੇਖਣ ਅਤੇ ਸਮਝਣ ਦੀ ਪ੍ਰਕਿਰਿਆ ‘ਤੇ ਖੋਜ ਕਰਨ ਵਾਲੀ ਇਟਲੀ ਦੀ ਬੇਰਗਾਮੋ ਯੂਨੀਵਰਸਿਟੀ ਦੀ ਦਿਮਾਗ਼ ਦੀ ਵਿਗਿਆਨੀ ਪ੍ਰੋ. ਜ਼ਾਇਰਾ ਕੈਟਾਨਿਓ ਦਾ ਕਹਿਣਾ ਹੈ, “ਚਿਹਰੇ ਪਛਾਣਨ ਲਈ ਸਾਡੇ ਦਿਮਾਗ਼ ਵਿੱਚ ਇੱਕ ਵਿਸ਼ੇਸ਼ ਸਰਕਟ ਹੁੰਦਾ ਹੈ।”

“ਇਹ ਸਭ ਦਿਮਾਗ਼ ਦੇ ਪਿਛਲੇ ਹਿੱਸੇ ਵਿੱਚ ਸੰਵੇਦੀ ਖੇਤਰਾਂ ਤੋਂ ਸ਼ੁਰੂ ਹੁੰਦਾ ਹੈ,” ਜੋ ਵਿਕਸਤ ਹੋ ਕੇ “ਚਿਹਰਿਆਂ ਪ੍ਰਤੀ ਬੇਹੱਦ ਚੋਣਵੇਂ” ਹੋ ਗਏ ਹਨ।

ਇਹ ਖੇਤਰ, ਜਿਸ ਨੂੰ ਓਕਸੀਪਿਟਲ ਲੋਬ ਕਿਹਾ ਜਾਂਦਾ ਹੈ, ਵਿੱਚ ਮੁੱਢਲਾ ਦ੍ਰਿਸ਼ਟੀ-ਕੋਰਟੈਕਸ ਹੁੰਦਾ ਹੈ, ਜਿੱਥੇ ਦ੍ਰਿਸ਼ਟੀ ਨਾਲ ਜੁੜੀ ਜਾਣਕਾਰੀ ਪਹਿਲੀ ਵਾਰ ਪ੍ਰਾਪਤ ਕੀਤੀ ਅਤੇ ਸਮਝੀ ਜਾਂਦੀ ਹੈ।

ਇਸ ਤੋਂ ਬਾਅਦ ਦ੍ਰਿਸ਼ਟੀ ਨਾਲ ਜੁੜੀ ਜਾਣਕਾਰੀ ਦਿਮਾਗ਼ ਦੇ ਟੈਂਪੋਰਲ ਕੋਰਟੈਕਸ ਨਾਮ ਦੇ ਖੇਤਰ ਵੱਲ ਜਾਂਦੀ ਹੈ, ਜਿੱਥੇ ਪਛਾਣ ਦੀ ਪ੍ਰਕਿਰਿਆ ਹੋਰ ਡੂੰਘੀ ਹੁੰਦੀ ਹੈ।

ਕੈਟਾਨਿਓ ਕਹਿੰਦੀ ਹੈ, “ਇਸ ਪੜਾਅ ‘ਤੇ ਤੁਸੀਂ ਸਿਰਫ਼ ਕਿਸੇ ਚਿਹਰੇ ਨੂੰ ਪਛਾਣਦੇ ਹੀ ਨਹੀਂ, ਸਗੋਂ ਇਹ ਵੀ ਜਾਣਦੇ ਹੋ ਕਿ ਇਹ ਚਿਹਰਾ ਜਾਣ-ਪਛਾਣ ਵਾਲਾ ਹੈ।”

“ਤੁਸੀਂ ਉਸ ਵਿਅਕਤੀ ਦਾ ਨਾਮ ਅਤੇ ਉਸ ਨਾਲ ਜੁੜੀ ਸਾਰੀ ਜਾਣਕਾਰੀ, ਜਿਸ ਵਿੱਚ ਉਸ ਬਾਰੇ ਤੱਥ ਅਤੇ ਜੀਵਨੀ ਨਾਲ ਸਬੰਧਤ ਜਾਣਕਾਰੀ ਸ਼ਾਮਲ ਹੈ, ਵੀ ਜੋੜ ਸਕਦੇ ਹੋ।”

ਆਖਰੀ ਪੜਾਅ ਵਿੱਚ ਦਿਮਾਗ਼ ਦਾ ਪ੍ਰੀਫ੍ਰੰਟਲ ਕੋਰਟੈਕਸ ਸ਼ਾਮਲ ਹੁੰਦਾ ਹੈ। ਇਹ ਉਹ ਖੇਤਰ ਹੈ ਜੋ ਚੇਤਨ ਸੋਚ ਅਤੇ ਫ਼ੈਸਲਾ ਲੈਣ ਨਾਲ ਜੁੜਿਆ ਹੈ। ਇੱਥੇ “ਅਸੀਂ ਮੂਲ ਰੂਪ ਵਿੱਚ ਚਿਹਰੇ ਨੂੰ ਚੇਤਨ ਤੌਰ ‘ਤੇ ਦਰਸਾਉਂਦੇ ਹਾਂ, ਕਿਉਂਕਿ ਜ਼ਿਆਦਾਤਰ ਸੰਵੇਦੀ ਪ੍ਰਕਿਰਿਆਵਾਂ ਚੇਤਨ ਨਹੀਂ ਹੁੰਦੀਆਂ।”

ਹੁਣ ਕੈਟਾਨਿਓ ਵਰਗੇ ਵਿਗਿਆਨੀਆਂ ਦਾ ਮੰਨਣਾ ਹੈ ਕਿ ਕਿਸੇ ਚਿਹਰੇ ਨੂੰ ਲਗਭਗ ਤੁਰੰਤ ਪਛਾਣਨ ਦੀ ਪ੍ਰਕਿਰਿਆ ਸਿਰਫ਼ ਦਿਮਾਗ਼ ਦੇ ਵੱਖ-ਵੱਖ ਖੇਤਰਾਂ ‘ਤੇ ਹੀ ਨਿਰਭਰ ਨਹੀਂ ਕਰਦੀ, ਸਗੋਂ ਇਸ ਗੱਲ ‘ਤੇ ਵੀ ਨਿਰਭਰ ਕਰਦੀ ਹੈ ਕਿ ਇਹ ਖੇਤਰ ਆਪਸ ਵਿੱਚ ਮਿਲ ਕੇ ਕਿਵੇਂ ਕੰਮ ਕਰਦੇ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਚਿਹਰੇ ਪਛਾਣਨ ਵਿੱਚ ਅਸਮਰੱਥ ਲੋਕਾਂ ਵਿੱਚ “ਚਿਹਰੇ ਪਛਾਣਨ ਵਾਲੇ ਸਰਕਟ ਦੇ (ਵੱਖ-ਵੱਖ ਹਿੱਸਿਆਂ) ਵਿਚਕਾਰ ਘੱਟ ਸੰਪਰਕ ਹੋ ਸਕਦਾ ਹੈ।”

ਮਸ਼ਹੂਰ ਚਿਹਰੇ

ਇੱਕ ਸੰਯੁਕਤ ਤਸਵੀਰ (ਖੱਬੇ ਤੋਂ ਸੱਜੇ) ਵਿੱਚ ਟੌਮ ਹੈਂਕਸ, ਸਰ ਟੋਨੀ ਬਲੇਅਰ, ਸਰ ਪੌਲ ਮੈਕਕਾਰਟਨੀ ਅਤੇ ਸਰ ਡੇਵਿਡ ਐਟਨਬਰੋ ਨਾਈਟਹੁੱਡ

ਤਸਵੀਰ ਸਰੋਤ, Getty Images/Reuters

ਸਬੂਤ ਦੱਸਦੇ ਹਨ ਕਿ ਜਿਵੇਂ-ਜਿਵੇਂ ਸਾਡੀ ਉਮਰ ਵਧਦੀ ਹੈ, ਸਾਨੂੰ ਚਿਹਰੇ ਪਛਾਣਨ ਵਿੱਚ ਵਧੇਰੇ ਮੁਸ਼ਕਲ ਹੋ ਸਕਦੀ ਹੈ ਅਤੇ ਇਹ ਸਿਰਫ਼ ਯਾਦਦਾਸ਼ਤ ਵਿੱਚ ਆਮ ਗਿਰਾਵਟ ਕਾਰਨ ਨਹੀਂ ਹੁੰਦਾ।

ਕੈਟਾਨਿਓ ਦੱਸਦੀ ਹੈ ਕਿ ਸਮੇਂ ਦੇ ਨਾਲ ਚਿਹਰੇ ਪਛਾਣਨ ਨਾਲ ਜੁੜੇ ਦਿਮਾਗ਼ ਦੇ ਖੇਤਰ ਜਾਣ-ਪਛਾਣ ਵਾਲੇ ਚਿਹਰਿਆਂ ਪ੍ਰਤੀ ਘੱਟ ਚੋਣਵੇਂ ਹੋ ਜਾਂਦੇ ਹਨ।

ਉਹ ਕਹਿੰਦੀ ਹੈ ਕਿ ਇਸ ਲਈ, ਭਾਵੇਂ ਮੇਰੇ ਵਾਂਗ ਤੁਹਾਨੂੰ ਛੋਟੀ ਉਮਰ ਵਿੱਚ ਇਸ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਹੋਵੇ ਜਾਂ ਨਹੀਂ, ਪਰ “ਉਮਰ ਵਧਣ ‘ਤੇ ਸਾਡੇ ਸਾਰਿਆਂ ਵਿੱਚ ਚਿਹਰੇ ਪਛਾਣਨ ਦੀ ਸਮਰੱਥਾ ਵਿੱਚ ਕੁਝ ਕਮੀ ਆ ਸਕਦੀ ਹੈ।”

ਪਰ ਮੇਰੇ ਚਿਹਰੇ ਪਛਾਣਨ ਦੀ ਅਸਮਰੱਥਾ ਦਾ ਉਮਰ ਨਾਲ ਬਿਲਕੁਲ ਕੋਈ ਸਬੰਧ ਨਹੀਂ ਹੈ। ਜਿੱਥੋਂ ਤੱਕ ਮੈਨੂੰ ਯਾਦ ਹੈ, ਮੈਂ ਹਮੇਸ਼ਾ ਇਸ ਸਮੱਸਿਆ ਨਾਲ ਜੂਝਦੀ ਰਹੀ ਹਾਂ।

ਇਸ ਲਈ ਜਦੋਂ ਬੇਟ ਨੇ ਮੇਰਾ ਟੈਸਟ ਕਰਨ ਅਤੇ ਇਹ ਦੇਖਣ ਦੀ ਪੇਸ਼ਕਸ਼ ਕੀਤੀ ਕਿ ਕੀ ਮੈਂ ਇਸ ਲਈ ਨਿਰਧਾਰਤ ਅਧਿਕਾਰਤ ਮਾਪਦੰਡਾਂ ‘ਤੇ ਪੂਰੀ ਉਤਰਦੀ ਹਾਂ, ਤਾਂ ਮੈਨੂੰ ਬਹੁਤ ਖੁਸ਼ੀ ਹੋਈ।

ਕੈਰੋਲਿਨ ਸਟੀਲ

ਟੈਸਟ ਦੀ ਸ਼ੁਰੂਆਤ ਮੇਰੇ ਰੋਜ਼ਾਨਾ ਦੇ ਤਜਰਬਿਆਂ ਬਾਰੇ ਇੱਕ ਪ੍ਰਸ਼ਨਾਵਲੀ ਨਾਲ ਹੋਈ, ਜੋ ਚਿਹਰਿਆਂ ਨਾਲ ਸਬੰਧਤ ਸੀ।

ਮੈਂ ਇਹ ਦਰਜ ਕੀਤਾ ਕਿ ਮੈਂ ਉਨ੍ਹਾਂ ਬਿਆਨਾਂ ਨਾਲ ਕਿੰਨੀ ਮਜ਼ਬੂਤੀ ਨਾਲ ਸਹਿਮਤ ਜਾਂ ਅਸਹਿਮਤ ਹਾਂ, ਜਿਵੇਂ ਕਿ ਕੀ ਮੈਂ ਅਕਸਰ ਲੋਕਾਂ ਨੂੰ ਪਛਾਣਨ ਵਿੱਚ ਅਸਫ਼ਲ ਰਹਿੰਦੀ ਹਾਂ ਜਾਂ ਜਦੋਂ ਲੋਕ ਇੱਕੋ ਜਿਹੇ ਕੱਪੜੇ ਪਹਿਨੇ ਹੋਣ ਤਾਂ ਮੈਨੂੰ ਉਨ੍ਹਾਂ ਦੀ ਪਛਾਣ ਕਰਨ ਵਿੱਚ ਮੁਸ਼ਕਲ ਹੁੰਦੀ ਹੈ।

ਇਸ ਤੋਂ ਬਾਅਦ ਮੈਂ ਇਸ ਬਾਰੇ ਸਵਾਲਾਂ ਦੇ ਜਵਾਬ ਦਿੱਤੇ ਕਿ ਚਿਹਰੇ ਪਛਾਣਨ ਦੀ ਅਸਮਰੱਥਾ ਦੇ ਆਮ ਲੱਛਣ ਮੈਂ ਕਿੰਨੀ ਵਾਰ ਮਹਿਸੂਸ ਕਰਦੀ ਹਾਂ।

ਅਖੀਰ ਵਿੱਚ, ਮੈਂ ਮਸ਼ਹੂਰ ਚਿਹਰਿਆਂ ਦਾ ਇੱਕ ਟੈਸਟ ਪੂਰਾ ਕੀਤਾ, ਜਿਸ ਵਿੱਚ ਮੈਨੂੰ ਜਾਣੇ-ਪਛਾਣੇ ਲੋਕਾਂ ਦੀ ਇੱਕ ਲੜੀ ਦਿਖਾਈ ਗਈ ਅਤੇ ਮੈਨੂੰ ਇਹ ਫ਼ੈਸਲਾ ਕਰਨਾ ਸੀ ਕਿ ਹਰ ਚਿਹਰਾ ਮੇਰੇ ਲਈ ਜਾਣ-ਪਛਾਣ ਵਾਲਾ ਸੀ ਜਾਂ ਨਹੀਂ।

ਮੈਂ ਬ੍ਰਿਟਿਸ਼ ਕੁਦਰਤ ਵਿਗਿਆਨੀ ਅਤੇ ਪ੍ਰਸਾਰਕ ਸਰ ਡੇਵਿਡ ਐਟਨਬਰੋ ਨੂੰ ਪਛਾਣ ਕੇ ਬਹੁਤ ਖੁਸ਼ ਹੋਈ, ਪਰ ਮੈਂ ਬੀਟਲਜ਼ ਦੇ ਸਰ ਪੌਲ ਮੈਕਕਾਰਟਨੀ, ਹਾਲੀਵੁੱਡ ਅਦਾਕਾਰ ਟੌਮ ਹੈਂਕਸ ਅਤੇ ਯੂਕੇ ਦੇ ਸਾਬਕਾ ਪ੍ਰਧਾਨ ਮੰਤਰੀ ਸਰ ਟੋਨੀ ਬਲੇਅਰ ਨੂੰ ਨਹੀਂ ਪਛਾਣ ਸਕੀ।

ਉਮੀਦ ਮੁਤਾਬਕ, ਮੈਂ ਚਿਹਰੇ ਪਛਾਣਨ ਦੀ ਅਸਮਰੱਥਾ ਲਈ ਨਿਰਧਾਰਤ ਮਾਪਦੰਡਾਂ ‘ਤੇ ਪੂਰੀ ਉਤਰੀ। ਇਹ ਮੇਰੇ ਲਈ ਕੋਈ ਹੈਰਾਨੀ ਵਾਲੀ ਗੱਲ ਨਹੀਂ ਸੀ, ਪਰ ਅਧਿਕਾਰਤ ਤਸ਼ਖ਼ੀਸ ਮਿਲਣ ਨਾਲ ਮੈਨੂੰ ਲੱਗਾ ਕਿ ਮੇਰੀ ਸਮੱਸਿਆ ਨੂੰ ਮਾਨਤਾ ਮਿਲੀ ਹੈ।

ਦਿਮਾਗ਼ ਦੀ ਸਿਖਲਾਈ?

ਸ਼ਾਇਦ ਇਹ ਸਮੱਸਿਆ ਜ਼ਿੰਦਗੀ ਭਰ ਮੇਰੇ ਨਾਲ ਰਹੇਗੀ, ਹਾਲਾਂਕਿ ਵਿਗਿਆਨੀ ਹੁਣ ਇਸ ਗੱਲ ਦੀ ਜਾਂਚ ਕਰ ਰਹੇ ਹਨ ਕਿ ਕੀ ਦਿਮਾਗ਼ ਦੇ ਚਿਹਰੇ ਪਛਾਣਨ ਵਾਲੇ ਨੈੱਟਵਰਕ ਨੂੰ ਸਰਗਰਮੀ ਨਾਲ ਬਿਹਤਰ ਕੀਤਾ ਜਾ ਸਕਦਾ ਹੈ।

ਦਿਮਾਗ਼ ਵਿੱਚ ਨਿਊਰੋਨ ਅਕਸਰ ਇੱਕ-ਦੂਜੇ ਨਾਲ ਸਮਕਾਲੀ ਰੂਪ ਵਿੱਚ ਅਜਿਹੇ ਨਮੂਨਿਆਂ ਵਿੱਚ ਸਰਗਰਮ ਹੁੰਦੇ ਹਨ, ਜਿਨ੍ਹਾਂ ਨੂੰ ਓਸਿਲੇਸ਼ਨ ਕਿਹਾ ਜਾਂਦਾ ਹੈ।

ਕੈਟਾਨਿਓ ਕਹਿੰਦੀ ਹੈ, “ਅਸੀਂ ਮੂਲ ਰੂਪ ਵਿੱਚ ਦਿਮਾਗ਼ ਨੂੰ ਅਜਿਹੀ ਫ੍ਰੀਕਵੈਂਸੀ ‘ਤੇ ਓਸਿਲੇਟ ਕਰਨ ਦੀ ਸਿਖਲਾਈ ਦੇ ਸਕਦੇ ਹਾਂ, ਜੋ… ਪ੍ਰਭਾਵਸ਼ਾਲੀ ਤਰੀਕੇ ਨਾਲ ਦੇਖਣ ਅਤੇ ਸਮਝਣ ਨਾਲ ਸਬੰਧਤ ਹੈ।”

ਉਹ ਇਸ ਗੱਲ ਦਾ ਅਧਿਐਨ ਕਰ ਰਹੀ ਹੈ ਕਿ ਖੋਪੜੀ ਰਾਹੀਂ ਦਿੱਤੇ ਜਾਣ ਵਾਲੇ ਹਲਕੇ, ਗ਼ੈਰ-ਹਮਲਾਵਰ ਬਿਜਲਈ ਕਰੰਟ ਦੀ ਵਰਤੋਂ ਕਰ ਕੇ ਨਿਊਰੋਨਾਂ ਨੂੰ ਇੱਕੋ ਸਮੇਂ ਸਰਗਰਮ ਹੋਣ ਲਈ ਉਤਸ਼ਾਹਿਤ ਕੀਤਾ ਜਾ ਸਕਦਾ ਹੈ ਜਾਂ ਨਹੀਂ।

ਸ਼ੁਰੂਆਤੀ ਨਤੀਜੇ ਸੁਝਾਅ ਦਿੰਦੇ ਹਨ ਕਿ ਇਸ ਨਾਲ ਚਿਹਰੇ ਪਛਾਣਨ ਵਿੱਚ ਮਦਦ ਮਿਲ ਸਕਦੀ ਹੈ, ਪਰ ਕੈਟਾਨਿਓ ਬਹੁਤ ਜ਼ਿਆਦਾ ਉਮੀਦਾਂ ਰੱਖਣ ਤੋਂ ਸਾਵਧਾਨ ਕਰਦੀ ਹੈ।

ਔਰਤ

ਤਸਵੀਰ ਸਰੋਤ, Getty Images/ZeynepKaya

ਉਹ ਕਹਿੰਦੀ ਹੈ, “ਕਈ ਵਾਰ ਖ਼ਤਰਾ ਇਹ ਹੁੰਦਾ ਹੈ ਕਿ ਲੋਕ ਇਨ੍ਹਾਂ ਤਕਨੀਕਾਂ ਨੂੰ ਇਸ ਸੋਚ ਨਾਲ ਅਪਣਾਉਂਦੇ ਹਨ ਕਿ ਇਹ ਚਮਤਕਾਰੀ ਹਨ। ਅਸੀਂ ਜੋ ਪ੍ਰਭਾਵ ਦੇਖ ਰਹੇ ਹਾਂ, ਉਹ ਕਿਸੇ ਖ਼ਾਸ ਕੰਮ ਵਿੱਚ ਸ਼ਾਇਦ ਸਿਰਫ਼ ਦੋ ਜਾਂ ਤਿੰਨ ਫੀਸਦ ਅੰਕਾਂ ਦੇ ਬਰਾਬਰ ਹਨ, ਜਾਂ ਤੁਸੀਂ ਕੁਝ ਮਿਲੀਸਕਿੰਟ ਤੇਜ਼ ਹੋ ਜਾਂਦੇ ਹੋ।”

ਬੇਟ ਦਾ ਕਹਿਣਾ ਹੈ ਕਿ ਚਿਹਰੇ ਪਛਾਣਨ ਦੀ ਸਮਰੱਥਾ ਨੂੰ ਸਿਖਲਾਈ ਦੇਣ ਦੀਆਂ ਕੋਸ਼ਿਸ਼ਾਂ ਆਮ ਦਿਮਾਗ਼ੀ ਸਿਖਲਾਈ ਵਾਲੀਆਂ ਕਸਰਤਾਂ ਵਾਂਗ ਸੀਮਤ ਤੌਰ ‘ਤੇ ਹੀ ਸਫ਼ਲ ਰਹੀਆਂ ਹਨ।

“ਤੁਸੀਂ ਕਿਸੇ ਇੱਕ ਚੀਜ਼ ਨੂੰ ਸੈਂਕੜੇ ਵਾਰ ਦੁਹਰਾਉਂਦੇ ਹੋ, ਅਸੀਂ ਬਾਲਗ਼ਾਂ ਅਤੇ ਬੱਚਿਆਂ ਦੋਵਾਂ ਵਿੱਚ ਇਸ ਤਰ੍ਹਾਂ ਦੇ ਤਰੀਕੇ ਅਜ਼ਮਾਏ ਹਨ, ਪਰ ਅਸਲ ਵਿੱਚ ਨਤੀਜੇ ਕਾਫ਼ੀ ਮਾਮੂਲੀ ਰਹੇ ਹਨ।”

ਉਹ ਇਸ ਦੀ ਬਜਾਏ ਰੋਜ਼ਾਨਾ ਜ਼ਿੰਦਗੀ ਨਾਲ ਨਜਿੱਠਣ ਦੇ ਵਿਹਾਰਕ ਤਰੀਕਿਆਂ ‘ਤੇ ਧਿਆਨ ਦੇਣ ਦਾ ਸੁਝਾਅ ਦਿੰਦੀ ਹੈ।

ਇਸ ਲਈ ਅਜਿਹੀਆਂ ਰਣਨੀਤੀਆਂ ਅਪਣਾਈਆਂ ਜਾ ਸਕਦੀਆਂ ਹਨ, ਜੋ ਚਿਹਰੇ ਪਛਾਣਨ ‘ਤੇ ਘੱਟ ਨਿਰਭਰ ਕਰਦੀਆਂ ਹੋਣ, ਜਿਵੇਂ ਸਮਾਜਿਕ ਸਥਿਤੀਆਂ ਵਿੱਚ ਪਹਿਲਾਂ ਤੋਂ ਯੋਜਨਾ ਬਣਾਉਣਾ।

ਉਹ ਸੁਝਾਅ ਦਿੰਦੀ ਹੈ, “ਬਹੁਤ ਸਾਰੇ ਲੋਕ ਹਮੇਸ਼ਾ ਮਿਲਣ ਲਈ ਇੱਕ ਬਿਲਕੁਲ ਸਪੱਸ਼ਟ ਥਾਂ ਤੈਅ ਕਰ ਲੈਂਦੇ ਹਨ, ਤਾਂ ਜੋ ਉਨ੍ਹਾਂ ਨੂੰ ਪੂਰੀ ਤਰ੍ਹਾਂ ਪਤਾ ਹੋਵੇ ਕਿ ਉਹ ਕਿੱਥੇ ਜਾਣ ਵਾਲੇ ਹਨ ਅਤੇ ਉਹ ਇਹ ਯਕੀਨੀ ਬਣਾਉਂਦੇ ਹਨ ਕਿ ਉੱਥੇ ਸਭ ਤੋਂ ਪਹਿਲਾਂ ਪਹੁੰਚਣ ਵਾਲੇ ਵਿਅਕਤੀ ਉਹ ਖ਼ੁਦ ਹੋਣ।”

ਮੈਂ ਛੋਟੀਆਂ-ਛੋਟੀਆਂ ਗੱਲਾਂ ਵੱਲ ਧਿਆਨ ਦੇ ਕੇ ਲੋਕਾਂ ਨੂੰ ਪਛਾਣਨਾ ਸਿੱਖਿਆ ਹੈ ਕੀ ਕੋਈ ਵਿਅਕਤੀ ਕਿਸੇ ਖ਼ਾਸ ਅੰਦਾਜ਼ ਨਾਲ ਤੁਰਦਾ ਹੈ? ਕੀ ਉਸ ਦੀ ਆਵਾਜ਼ ਵੱਖਰੀ ਪਛਾਣ ਵਾਲੀ ਹੈ? ਜਾਂ ਕੀ ਕੋਈ ਵਿਅਕਤੀ ਹਮੇਸ਼ਾ ਕਿਸੇ ਖ਼ਾਸ ਰੰਗ ਦੀ ਲਿਪਸਟਿਕ ਲਗਾਉਂਦਾ ਹੈ?

ਇਹ ਇੱਕ ਅਜਿਹਾ ਤਰੀਕਾ ਹੈ ਜਿਸ ਨਾਲ ਮੈਂ ਆਪਣੀ ਸਮੱਸਿਆ ਨਾਲ ਚੰਗੀ ਤਰ੍ਹਾਂ ਨਜਿੱਠ ਲੈਂਦੀ ਹਾਂ, ਪਰ ਇਸ ਦੇ ਆਪਣੇ ਖ਼ਤਰੇ ਵੀ ਹਨ। ਜੇ ਕੋਈ ਵਿਅਕਤੀ ਵਾਲ ਕਟਵਾ ਲਵੇ, ਤਾਂ ਮੈਂ ਮੁੜ ਬਿਲਕੁਲ ਸ਼ੁਰੂਆਤੀ ਸਥਿਤੀ ਵਿੱਚ ਪਹੁੰਚ ਜਾਂਦੀ ਹਾਂ।

ਬੀਬੀਸੀ ਵਰਲਡ ਸਰਵਿਸ ਦੇ ਕਰਾਊਡਸਾਇੰਸ ਦੇ ਇੱਕ ਐਪੀਸੋਡ ‘ਤੇ ਆਧਾਰਿਤ। ਲਾਰਾ ਓਵਨ ਦੀ ਵਾਧੂ ਰਿਪੋਰਟਿੰਗ

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI