Home rss national punjabi2ਰਾਸ਼ਟਰੀ ਖ਼ਬਰਾਂ ‘ਮੈਨੂੰ ਉਸ ਕੈਂਸਰ ਲਈ 11 ਸਾਲਾਂ ਤੱਕ ਕੀਮੋਥੈਰੇਪੀ ਕਰਵਾਉਣੀ ਪਈ, ਜੋ ਮੈਨੂੰ...

‘ਮੈਨੂੰ ਉਸ ਕੈਂਸਰ ਲਈ 11 ਸਾਲਾਂ ਤੱਕ ਕੀਮੋਥੈਰੇਪੀ ਕਰਵਾਉਣੀ ਪਈ, ਜੋ ਮੈਨੂੰ ਸੀ ਹੀ ਨਹੀਂ’, ਇਸ ਗਲਤ ਜਾਣਕਾਰੀ ਨੇ ਬੈਕੀ ਦੀ ਜ਼ਿੰਦਗੀ ਨੂੰ ਕਿਵੇਂ ਬਦਲਿਆ

3
0

Source :- BBC PUNJABI

ਬੈਕੀ ਜੋਨਸ

ਬੈਕੀ ਜੋਨਸ ਦੀ ਉਮਰ ਮਹਿਜ਼ 21 ਸਾਲ ਸੀ, ਜਦੋਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਉਨ੍ਹਾਂ ਦੇ ਦਿਮਾਗ਼ ਵਿੱਚ ਇੱਕ ਅਜਿਹਾ ਟਿਊਮਰ ਹੈ, ਜਿਸ ਦਾ ਕੋਈ ਇਲਾਜ ਨਹੀਂ ਹੈ ਅਤੇ ਉਨ੍ਹਾਂ ਕੋਲ ਜਿਊਣ ਲਈ ਕੁਝ ਮਹੀਨੇ ਹੀ ਬਚੇ ਹਨ।

ਉਨ੍ਹਾਂ ਦੀ ਹਾਲ ਹੀ ਵਿੱਚ ਆਪਣੇ ਸਾਥੀ ਨਾਲ ਮੁਲਾਕਾਤ ਹੋਈ ਸੀ ਅਤੇ ਉਹ ਪੁਲਿਸ ਵਿੱਚ ਕਰੀਅਰ ਬਣਾਉਣ ਦਾ ਸੁਪਨਾ ਦੇਖ ਰਹੀ ਸੀ, ਪਰ ਅਚਾਨਕ ਭਵਿੱਖ ਧੁੰਦਲਾ ਨਜ਼ਰ ਆਉਣ ਲੱਗਾ।

ਇੱਕ ਤਜਰਬੇਕਾਰ ਕੈਂਸਰ ਮਾਹਰ ਵੱਲੋਂ ਕੀਤੀ ਗਈ ਜਾਂਚ ਵਿੱਚ ਕੈਂਸਰ ਬਾਰੇ ਪਤਾ ਲੱਗਣ ਤੋਂ ਬਾਅਦ 11 ਸਾਲਾਂ ਤੱਕ ਕੀਮੋਥੈਰੇਪੀ ਦਾ ਇਲਾਜ ਚੱਲਿਆ, ਜਿਸ ਨੇ ਉਨ੍ਹਾਂ ਦੀ ਜ਼ਿੰਦਗੀ ਬਦਲ ਦਿੱਤੀ।

ਉਹ ਅਕਸਰ ਬਿਮਾਰ ਮਹਿਸੂਸ ਕਰਦੀ ਸੀ, ਪਰਿਵਾਰਕ ਸਮਾਗਮਾਂ ਵਿੱਚ ਸ਼ਾਮਲ ਨਹੀਂ ਹੋ ਸਕਦੀ ਸੀ, ਉਨ੍ਹਾਂ ਦਾ ਕਰੀਅਰ ਪ੍ਰਭਾਵਿਤ ਹੋਇਆ ਅਤੇ ਉਹ ਲਗਾਤਾਰ “ਡਰ ਦੇ ਸਾਏ ਹੇਠ” ਮਹਿਸੂਸ ਕਰਦੀ ਰਹੀ।

ਹੁਣ 34 ਸਾਲ ਦੀ ਉਮਰ ਵਿੱਚ, ਉਨ੍ਹਾਂ ਨੂੰ ਹਾਲ ਹੀ ਵਿੱਚ ਪਤਾ ਲੱਗਿਆ ਕਿ ਉਨ੍ਹਾਂ ਨੂੰ ਕਦੇ ਕੈਂਸਰ ਸੀ ਹੀ ਨਹੀਂ, ਸਗੋਂ ਦਿਮਾਗ ਵਿੱਚ ਸੋਜ ਸੀ, ਜਿਸ ਦਾ ਸਟੀਰੌਇਡ ਦਵਾਈਆਂ ਨਾਲ ਇਲਾਜ ਕੀਤਾ ਜਾ ਸਕਦਾ ਸੀ।

ਦੋ ਬੱਚਿਆਂ ਦੀ ਮਾਂ ਉਨ੍ਹਾਂ 40 ਤੋਂ ਵੱਧ ਮਰੀਜ਼ਾਂ ਵਿੱਚੋਂ ਇੱਕ ਹੈ, ਜੋ ਲੰਬੇ ਸਮੇਂ ਤੱਕ ਜਾਂ ਬੇਲੋੜੇ ਕੈਂਸਰ ਦੇ ਇਲਾਜ ਕਾਰਨ ਯੂਨੀਵਰਸਿਟੀ ਹਸਪਤਾਲਜ਼ ਕੋਵੈਂਟਰੀ ਐਂਡ ਵਾਰਵਿਕਸ਼ਾਇਰ (ਯੂਐੱਚਸੀਡਬਲਯੂ) ਐੱਨਐੱਚਐੱਸ ਟਰੱਸਟ ਵਿਰੁੱਧ ਕਾਨੂੰਨੀ ਕਾਰਵਾਈ ਕਰ ਰਹੇ ਹਨ।

ਉਨ੍ਹਾਂ ਕਿਹਾ, “ਮੈਨੂੰ ਵਾਰ-ਵਾਰ ਦੱਸਿਆ ਗਿਆ ਕਿ ਜੇ ਮੈਂ ਕੀਮੋਥੈਰੇਪੀ ਨਾ ਕਰਵਾਈ ਤਾਂ ਮੇਰੀ ਮੌਤ ਹੋ ਜਾਵੇਗੀ।”

‘ਉਸ ਨੇ ਮੇਰੀ ਜ਼ਿੰਦਗੀ ਬਰਬਾਦ ਕਰ ਦਿੱਤੀ’

ਜੋਨਸ ਦਾ ਕਹਿਣਾ ਹੈ ਕਿ ਇੱਕ ਨੌਜਵਾਨ ਔਰਤ ਵਜੋਂ ਕੋਵੈਂਟਰੀ ਦੇ ਯੂਨੀਵਰਸਿਟੀ ਹਸਪਤਾਲ ਵਿੱਚ ਸਲਾਹਕਾਰ ਪ੍ਰੋਫੈਸਰ ਇਆਨ ਬਰਾਊਨ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਉਨ੍ਹਾਂ ਨੂੰ ਆਪਣੀ ਬਾਕੀ ਦੀ ਜ਼ਿੰਦਗੀ ਕੀਮੋਥੈਰੇਪੀ ਦੀ ਦਵਾਈ ਟੈਮੋਜ਼ੋਲੋਮਾਈਡ (ਟੀਐੱਜਮਜ਼ੈੱਡ) ਲੈਣੀ ਪਵੇਗੀ।

ਇਹ ਉਨ੍ਹਾਂ ਦਿਸ਼ਾ-ਨਿਰਦੇਸ਼ਾਂ ਦੇ ਬਾਵਜੂਦ ਸੀ, ਜਿਨ੍ਹਾਂ ਵਿੱਚ ਛੇ ਮਹੀਨਿਆਂ ਦੌਰਾਨ ਛੇ ਸਾਈਕਲ ਲੈਣ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ।

ਜਦੋਂ ਉਨ੍ਹਾਂ ਨੇ ਕਈ ਸਕੈਨਾਂ ਬਾਰੇ ਸਵਾਲ ਕੀਤਾ, ਜਿਨ੍ਹਾਂ ਵਿੱਚ ਟਿਊਮਰ ਹੋਣ ਦੇ ਕੋਈ ਸਬੂਤ ਦਿਖਾਈ ਨਹੀਂ ਦੇ ਰਹੇ ਸਨ, ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਸਲਾਹਕਾਰ ਨੇ ਉਨ੍ਹਾਂ ਨੂੰ ਦੱਸਿਆ ਕਿ ਇਹ “ਨੰਗੀ ਅੱਖ ਨਾਲ ਦਿਖਾਈ ਨਹੀਂ ਦੇਵੇਗਾ”।

ਇਹ ਸਿਰਫ਼ 2025 ਵਿੱਚ ਸੀ, ਜਦੋਂ ਬਰਾਊਨ ਨਾਲ ਜੁੜੇ ਟਰੱਸਟ ਵਿੱਚ ਕੈਂਸਰ ਦੇ ਮਾਮਲਿਆਂ ਦੀ ਸਮੀਖਿਆ ਕੀਤੀ ਜਾ ਰਹੀ ਸੀ, ਕਿ ਉਨ੍ਹਾਂ ਨੂੰ ਸੱਚਾਈ ਦਾ ਪਤਾ ਲੱਗਿਆ।

ਉਨ੍ਹਾਂ ਕਿਹਾ, “ਮੈਨੂੰ ਕਦੇ ਦਿਮਾਗ਼ ਦਾ ਟਿਊਮਰ ਸੀ ਹੀ ਨਹੀਂ। ਗਲਤ ਡਾਇਗਨੌਸ ਕੀਤਾ ਗਿਆ ਅਤੇ ਮੈਂ ਆਪਣੀ ਬਾਲਗ ਜ਼ਿੰਦਗੀ ਦੇ ਵੱਡੇ ਹਿੱਸੇ ਦੌਰਾਨ ਬਿਨਾਂ ਕਿਸੇ ਕਾਰਨ ਇਹ ਸਾਰਾ ਇਲਾਜ ਕਰਵਾਇਆ।”

ਉਨ੍ਹਾਂ ਅੱਗੇ ਕਿਹਾ, “ਅਸਲ ਵਿੱਚ, ਉਸ ਨੇ ਮੇਰੀ ਜ਼ਿੰਦਗੀ ਬਰਬਾਦ ਕਰ ਦਿੱਤੀ ਹੈ।”

ਬੈਕੀ ਜੋਨਸ

ਤਸਵੀਰ ਸਰੋਤ, Becky Jones

ਬਰਾਊਨ ਦੇ ਕਈ ਹੋਰ ਮਰੀਜ਼ਾਂ ਨੇ ਵੀ ਬੀਬੀਸੀ ਨੂੰ ਦੱਸਿਆ ਹੈ ਕਿ ਉਨ੍ਹਾਂ ਨੂੰ ਸਾਲਾਂ ਤੱਕ ਟੀਐੱਮਜ਼ੈੱਡ ਦਿੱਤੀ ਗਈ, ਜਿਸ ਕਾਰਨ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਗੰਭੀਰ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ।

ਇੱਕ ਮਰੀਜ਼ ਨੇ ਕਿਹਾ ਕਿ ਉਸ ਨੂੰ ਵਿਸ਼ਵਾਸ ਹੈ ਕਿ ਦਵਾਈ ਕਾਰਨ ਉਹ ਬਾਂਝ ਹੋ ਗਈ, ਜਦਕਿ ਇੱਕ ਹੋਰ ਮਰੀਜ਼ ਨੂੰ 100 ਬੇਲੋੜੇ ਸਾਈਕਲਾਂ ਤੋਂ ਬਾਅਦ ਲਿਊਕੇਮੀਆ ਹੋ ਗਿਆ।

ਰੌਇਲ ਕਾਲਜ ਆਫ਼ ਫਿਜ਼ੀਸ਼ੀਅਨਜ਼ (ਆਰਸੀਪੀ) ਵੱਲੋਂ ਕੀਤੀ ਗਈ ਸਮੀਖਿਆ ਦੇ ਮੁੱਢਲੇ ਨਤੀਜਿਆਂ ਵਿੱਚ ਕਿਹਾ ਗਿਆ ਕਿ ਹਸਪਤਾਲ ਵਿੱਚ ਮਰੀਜ਼ਾਂ ਨੂੰ ਨਿਯਮਤ ਤੌਰ ‘ਤੇ ਦਵਾਈ ਦੇ ਲੰਬੇ ਕੋਰਸ ਦਿੱਤੇ ਜਾਂਦੇ ਸਨ, ਜਿਨ੍ਹਾਂ ਦੇ “ਫ਼ਾਇਦੇ ਦੇ ਬਹੁਤ ਘੱਟ ਜਾਂ ਕੋਈ ਸਬੂਤ ਨਹੀਂ” ਸਨ।

ਇਸ ਵਿੱਚ ਪਾਇਆ ਗਿਆ ਕਿ ਹਸਪਤਾਲ ਦੇ ਸਟਾਫ਼ ਦੀਆਂ ਨਾਕਾਮੀਆਂ “ਮਰੀਜ਼ਾਂ ਦੇ ਭਰੋਸੇ ਨਾਲ ਧੋਖਾ” ਕਰਨ ਦੇ ਬਰਾਬਰ ਸਨ ਅਤੇ ਇਸ ਵਿੱਚ ਇਹ ਵੀ ਸਵਾਲ ਉਠਾਇਆ ਗਿਆ ਕਿ ਓਨਕੋਲੋਜੀ ਫਾਰਮੇਸੀ ਟੀਮਾਂ ਨੇ 10 ਤੋਂ 15 ਸਾਲਾਂ ਤੱਕ ਲਗਾਤਾਰ ਮੂੰਹ ਰਾਹੀਂ ਕੀਮੋਥੈਰੇਪੀ ਲੈਣ ਵਾਲੇ ਮਰੀਜ਼ਾਂ ‘ਤੇ ਸਵਾਲ ਕਿਉਂ ਨਹੀਂ ਉਠਾਇਆ।

ਯੂਐੱਚਸੀਡਲਯੂ ਨੇ ਕਿਹਾ ਕਿ ਉਹ ਵਿਅਕਤੀਗਤ ਮਾਮਲਿਆਂ ‘ਤੇ ਟਿੱਪਣੀ ਨਹੀਂ ਕਰੇਗਾ, ਪਰ ਕਿਹਾ ਕਿ “ਟੀਐੱਮਜ਼ੈੱਡ ਦੀ ਦਵਾਈ ਲਿਖਣ ਅਤੇ ਇਸ ਦੀ ਵਰਤੋਂ ਦੀ ਵਧੇਰੇ ਮਜ਼ਬੂਤ ਨਿਗਰਾਨੀ” ਯਕੀਨੀ ਬਣਾਉਣ ਲਈ ਕਦਮ ਚੁੱਕੇ ਗਏ ਹਨ।

2012 ਵਿੱਚ ਜੋਨਸ ਦੀ ਜ਼ਿੰਦਗੀ ਦੀ ਹੁਣੇ ਸ਼ੁਰੂਆਤ ਹੀ ਹੋਈ ਸੀ। ਉਹ ਕੋਵੈਂਟਰੀ ਸਿਟੀ ਸਟੇਡੀਅਮ ਵਿੱਚ ਸੀਸੀਟੀਵੀ ਆਪਰੇਟਰ ਵਜੋਂ ਕੰਮ ਕਰਦੀ ਸੀ। ਉੱਥੇ ਉਸ ਦੀ ਮੁਲਾਕਾਤ ਸਟੇਡੀਅਮ ਵਿੱਚ ਸਟੀਵਰਡ ਵਜੋਂ ਕੰਮ ਕਰਨ ਵਾਲੇ ਆਪਣੇ ਸਾਥੀ ਪੀਟ ਨਾਲ ਹੋਈ, ਪਰ ਇਸ ਤੋਂ ਕੁਝ ਸਮੇਂ ਬਾਅਦ ਉਸ ਨੂੰ ਤੇਜ਼ ਮਾਈਗ੍ਰੇਨ ਹੋਣ ਲੱਗੇ ਅਤੇ ਉਸ ਨੇ ਡਾਕਟਰੀ ਮਦਦ ਲਈ।

ਉਸ ਦੀ ਦਿਮਾਗ਼ ਦੀ ਬਾਇਓਪਸੀ ਇੱਕ ਨਿੱਜੀ ਨਿਊਰੋਸਰਜਨ ਨੇ ਕੀਤੀ।

ਰੌਇਲ ਕਾਲਜ ਆਫ਼ ਫਿਜ਼ੀਸ਼ੀਅਨਜ਼ ਦੀ ਰਿਪੋਰਟ ਵਿੱਚ ਪ੍ਰੋਫੈਸਰ ਇਆਨ ਬ੍ਰਾਊਨ

ਤਸਵੀਰ ਸਰੋਤ, Supplied

ਪਰ ਕਾਨੂੰਨੀ ਫ਼ਰਮ ਬ੍ਰੈਬਨਰਜ਼ ਦੀ ਪਾਰਟਨਰ ਫਿਓਨਾ ਟਿਨਸਲੇ ਨੇ ਕਿਹਾ ਕਿ ਪ੍ਰੋਫੈਸਰ ਬਰਾਊਨ ਨੇ ਨਤੀਜੇ ਆਉਣ ਤੋਂ ਪਹਿਲਾਂ ਹੀ ਉਸ ਨੂੰ ਗ੍ਰੇਡ ਚਾਰ ਗਲਾਇਓਬਲਾਸਟੋਮਾ ਦੀ ਤਸ਼ਖੀਸ ਕਰ ਦਿੱਤੀ ਸੀ, ਜੋ ਦਿਮਾਗ਼ ਦੇ ਕੈਂਸਰ ਦੀਆਂ ਸਭ ਤੋਂ ਹਮਲਾਵਰ ਕਿਸਮਾਂ ਵਿੱਚੋਂ ਇੱਕ ਹੈ।

ਬੀਬੀਸੀ ਨੇ ਸੇਵਾਮੁਕਤ ਪ੍ਰੋਫੈਸਰ ਨਾਲ ਕਈ ਵਾਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਹੈ।

ਜੋਨਸ ਨੇ ਕੀਮੋਥੈਰੇਪੀ ਦੀਆਂ ਦਵਾਈਆਂ ਲੈਂਦੇ ਹੋਏ ਬਿਤਾਏ ਸਾਲਾਂ ਨੂੰ “ਭਿਆਨਕ” ਦੱਸਿਆ।

ਉਨ੍ਹਾਂ ਕਿਹਾ, “ਲਗਾਤਾਰ ਜੀਅ ਘਬਰਾਉਣਾ, ਪੇਟ ਵਿੱਚ ਦਰਦ, ਮੂੰਹ ਵਿੱਚ ਛਾਲੇ, ਰੋਜ਼ਾਨਾ ਦੀ ਥਕਾਵਟ, ਇਹ ਬਹੁਤ ਬੁਰਾ ਸੀ।”

ਦਵਾਈ ਨੇ ਉਨ੍ਹਾਂ ਦੀ ਜ਼ਿੰਦਗੀ ਦੇ ਹਰ ਪਹਿਲੂ ਨੂੰ ਪ੍ਰਭਾਵਿਤ ਕੀਤਾ। ਇਨਫੈਕਸ਼ਨ ਹੋਣ ਦੇ ਡਰ ਕਾਰਨ ਉਹ ਸਮਾਜਿਕ ਸਮਾਗਮਾਂ ਅਤੇ ਪਰਿਵਾਰਕ ਇਕੱਠਾਂ ਤੋਂ ਦੂਰ ਰਹਿੰਦੀ ਸੀ।

ਸ਼ੁਰੂ ਵਿੱਚ ਉਨ੍ਹਾਂ ਦਾ ਡਰਾਈਵਿੰਗ ਲਾਇਸੈਂਸ ਵੀ ਵਾਪਸ ਲੈ ਲਿਆ ਗਿਆ ਅਤੇ ਬਾਅਦ ਵਿੱਚ ਇਸ ‘ਤੇ ਪਾਬੰਦੀਆਂ ਲਗਾ ਦਿੱਤੀਆਂ ਗਈਆਂ।

ਉਨ੍ਹਾਂ ਦੱਸਿਆ, “ਇਲਾਜ ਤੋਂ ਪਹਿਲਾਂ ਮੈਂ ਹਰ ਸਮੇਂ ਜਿਮ ਜਾਂਦੀ ਸੀ, ਦੌੜਦੀ ਸੀ ਅਤੇ ਮੈਂ ਤੇ ਪੀਟ ਹਰ ਸਮੇਂ ਬਾਹਰ ਖਾਣਾ ਖਾਣ ਜਾਂਦੇ ਸੀ, ਜੋ ਸਪੱਸ਼ਟ ਤੌਰ ‘ਤੇ ਮੈਂ ਫਿਰ ਨਹੀਂ ਕਰ ਸਕਦੀ ਸੀ।”

ਜੋੜੇ ਨੂੰ ਇਹ ਵੀ ਦੱਸਿਆ ਗਿਆ ਸੀ ਕਿ ਉਹ ਗਰਭਵਤੀ ਨਹੀਂ ਹੋ ਸਕੇਗੀ।

ਉਨ੍ਹਾਂ ਕਿਹਾ, “ਬਾਅਦ ਵਿੱਚ ਮੇਰੇ ਦੋ ਬੱਚੇ ਹੋਏ, ਜਿਨ੍ਹਾਂ ਬਾਰੇ ਉਸ ਨੇ ਕਿਹਾ ਸੀ ਕਿ ਉਹ ਦੋਵੇਂ ਚਮਤਕਾਰ ਹਨ।”

ਉਨ੍ਹਾਂ ਦਾ ਇਲਾਜ ਇੱਕ ਦਹਾਕੇ ਤੋਂ ਵੱਧ ਸਮੇਂ ਤੱਕ ਜਾਰੀ ਰਿਹਾ, ਜਦੋਂ ਤੱਕ 2024 ਵਿੱਚ ਅਚਾਨਕ ਉਨ੍ਹਾਂ ਨੂੰ ਇੱਕ ਡਾਕਟਰ ਦਾ ਫ਼ੋਨ ਨਹੀਂ ਆਇਆ ਕਿ ਉਨ੍ਹਾਂ ਦੀ ਕੀਮੋਥੈਰੇਪੀ ਬੰਦ ਕੀਤੀ ਜਾ ਰਹੀ ਹੈ।

ਜੋਨਸ ਨੇ ਕਿਹਾ, “ਉਸ ਕੋਲ ਇਸ ਦਾ ਕੋਈ ਕਾਰਨ ਨਹੀਂ ਸੀ। ਉਸ ਨੇ ਮੈਨੂੰ ਦੱਸਿਆ ਕਿ ਇਆਨ ਬਰਾਊਨ ਸੇਵਾਮੁਕਤ ਹੋ ਗਿਆ ਹੈ, ਇਹ ਪਹਿਲੀ ਵਾਰ ਸੀ ਜਦੋਂ ਮੈਨੂੰ ਇਸ ਬਾਰੇ ਪਤਾ ਲੱਗਿਆ।”

ਉਨ੍ਹਾਂ ਨੂੰ ਦੱਸਿਆ ਗਿਆ ਕਿ ਉਨ੍ਹਾਂ ਦੇ ਨਵੇਂ ਓਨਕੋਲੋਜਿਸਟ ਵੱਲੋਂ ਉਨ੍ਹਾਂ ਦੇ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਜਾਣਗੇ, ਪਰ ਉਨ੍ਹਾਂ ਨੂੰ ਕੋਈ ਨਾਮ ਨਹੀਂ ਦਿੱਤਾ ਗਿਆ।

ਉਨ੍ਹਾਂ ਕਿਹਾ, “ਮੈਨੂੰ ਨਹੀਂ ਪਤਾ ਸੀ ਕਿ ਕੀ ਕਰਨਾ ਹੈ, ਕਿੱਥੇ ਜਾਣਾ ਹੈ, ਕਿਸ ਨਾਲ ਗੱਲ ਕਰਨੀ ਹੈ, ਕਿਉਂਕਿ ਉਸ ਸਮੇਂ ਹਸਪਤਾਲ ਵੱਲੋਂ ਮੈਨੂੰ ਕੋਈ ਸਹਾਇਤਾ ਨਹੀਂ ਮਿਲ ਰਹੀ ਸੀ।”

ਮਈ 2025 ਵਿੱਚ, ਉਨ੍ਹਾਂ ਦੇ ਵਕੀਲਾਂ ਵੱਲੋਂ ਨਿਊਰੋਸਰਜਨਾਂ ਅਤੇ ਰੇਡੀਓਲੋਜਿਸਟਾਂ ਤੋਂ ਕਰਵਾਈ ਗਈ ਸੁਤੰਤਰ ਜਾਂਚ ਤੋਂ ਬਾਅਦ, ਉਨ੍ਹਾਂ ਨੂੰ ਦੱਸਿਆ ਗਿਆ ਕਿ ਉਨ੍ਹਾਂ ਨੂੰ ਕਦੇ ਵੀ ਦਿਮਾਗ਼ ਦਾ ਕੈਂਸਰ ਸੀ ਹੀ ਨਹੀਂ।

ਕੋਵੈਂਟਰੀ ਦਾ ਯੂਨੀਵਰਸਿਟੀ ਹਸਪਤਾਲ

ਅਸਲ ਵਿੱਚ ਉਹ ਟਿਊਮਫੈਕਟਿਵ ਡੀਮਾਈਲਿਨੇਸ਼ਨ ਤੋਂ ਪੀੜਤ ਸੀ, ਇੱਕ ਅਜਿਹੀ ਸੋਜ, ਜਿਸ ਦਾ ਇਲਾਜ ਆਮ ਤੌਰ ‘ਤੇ ਨਿਊਰੋਲੋਜਿਸਟ ਕਰਦੇ ਹਨ ਅਤੇ ਉਹ ਤੇਜ਼ ਅਸਰ ਵਾਲੇ ਸਟੀਰੌਇਡ ਲਿਖਦੇ ਹਨ।

ਜੋਨਸ ਨੂੰ ਇਹ ਖ਼ਬਰ ਆਪਣੇ ਵਕੀਲਾਂ ਅਤੇ ਮਾਹਰਾਂ ਨਾਲ ਵੀਡੀਓ ਕਾਲ ਦੌਰਾਨ ਮਿਲੀ।

ਮਰੀਜ਼ਾਂ ਵਿੱਚੋਂ ਕਈਆਂ ਦੀ ਨੁਮਾਇੰਦਗੀ ਕਰ ਰਹੀ ਟਿਨਸਲੇ ਨੇ ਕਿਹਾ, “ਜਦੋਂ ਸਾਨੂੰ ਇਹ ਪਤਾ ਲੱਗਿਆ ਤਾਂ ਹਰ ਕਿਸੇ ਦੀਆਂ ਅੱਖਾਂ ਵਿੱਚ ਹੰਝੂ ਸਨ।”

ਆਰਸੀਪੀ ਦੀ ਸਮੀਖਿਆ, ਜਿਸ ਵਿੱਚ ਪ੍ਰੋਫੈਸਰ ਇਆਨ ਬਰਾਊਨ ਦਾ ਨਾਮ ਨਹੀਂ ਲਿਆ ਗਿਆ ਪਰ “ਡਾ. ਵਾਈ” ਦਾ ਹਵਾਲਾ ਦਿੱਤਾ ਗਿਆ, ਵਿੱਚ ਪਾਇਆ ਗਿਆ ਕਿ ਸਮੀਖਿਆ ਕੀਤੇ ਗਏ 20 ਮਾਮਲਿਆਂ ਵਿੱਚੋਂ 15 “ਕੁੱਲ ਮਿਲਾ ਕੇ ਅਸੰਤੋਸ਼ਜਨਕ” ਸਨ। ਸਲਾਹਕਾਰ ਨੇ ਇਸ ਸਮੀਖਿਆ ਵਿੱਚ ਹਿੱਸਾ ਨਹੀਂ ਲਿਆ।

ਸਮੀਖਿਆ ਟੀਮ ਨੇ ਪਾਇਆ ਕਿ ਦਵਾਈ ਲੈਣ ਦੇ ਖ਼ਤਰਿਆਂ ਨੂੰ ਸਮਝਣ ਅਤੇ ਉਨ੍ਹਾਂ ਨੂੰ ਦਰਜ ਕਰਨ ਦੇ “ਬਹੁਤ ਘੱਟ ਸਬੂਤ” ਸਨ।

ਮੁੱਢਲੇ ਨਤੀਜਿਆਂ ਵਿੱਚ ਕਿਹਾ ਗਿਆ ਕਿ ਕੁਝ ਮਾਮਲਿਆਂ ਵਿੱਚ “ਕਲੀਨਿਕਲ ਪੱਧਰ ‘ਤੇ ਲੋੜੀਂਦੀ ਉਤਸੁਕਤਾ ਦੀ ਘਾਟ” ਸੀ ਅਤੇ ਵੱਖ-ਵੱਖ ਮੈਡੀਕਲ ਮਾਹਰਾਂ ਵਾਲੀ ਟੀਮ ਦੇ ਸਹਿਯੋਗ ਦੀ ਵੀ ਘਾਟ ਸੀ, ਜਿਸ ਕਾਰਨ ਸੰਭਾਵਿਤ ਤਸ਼ਖੀਸੀ ਗ਼ਲਤੀਆਂ ਜਾਰੀ ਰਹੀਆਂ।

ਜੋਨਸ ਨੇ ਇਨ੍ਹਾਂ ਨਤੀਜਿਆਂ ਨੂੰ “ਡਰਾਉਣੇ” ਦੱਸਿਆ।

ਉਨ੍ਹਾਂ ਅੱਗੇ ਕਿਹਾ, “ਇਹ ਸਿਰਫ਼ ਇਸ ਬਾਰੇ ਨਹੀਂ ਹੈ ਕਿ ਉਸ ਨੇ ਕੀ ਕੀਤਾ, ਇਹ ਇਸ ਬਾਰੇ ਵੀ ਹੈ ਕਿ ਉਨ੍ਹਾਂ ਨੇ ਉਸ ਨੂੰ ਇੰਨੇ ਲੰਬੇ ਸਮੇਂ ਤੱਕ ਆਪਣੇ ਤਰੀਕੇ ਨਾਲ ਕੰਮ ਕਰਨ ਦੀ ਇਜਾਜ਼ਤ ਕਿਵੇਂ ਦਿੱਤੀ।”

“ਇਹ ਲਗਭਗ ਇਸ ਤਰ੍ਹਾਂ ਸੀ ਜਿਵੇਂ ਉਹ ਆਪਣੀ ਹੀ ਮਰਜ਼ੀ ਨਾਲ ਸਭ ਕੁਝ ਚਲਾ ਰਿਹਾ ਸੀ ਅਤੇ ਉਸ ਦੀ ਨਿਗਰਾਨੀ ਕਰਨ ਵਾਲਾ ਕੋਈ ਨਹੀਂ ਸੀ।”

ਜੋਨਸ

ਹੋਰ ਜਾਂਚਾਂ

ਯੂਐੱਚਸੀਡਲਯੂ ਦੇ ਬੁਲਾਰੇ ਨੇ ਕਿਹਾ ਕਿ ਪ੍ਰਭਾਵਿਤ ਸਾਰੇ ਮਰੀਜ਼ਾਂ ਦੀ ਸੀਨੀਅਰ ਡਾਕਟਰਾਂ ਵੱਲੋਂ ਸਮੀਖਿਆ ਕੀਤੀ ਗਈ ਹੈ, “ਅਤੇ ਢੁਕਵੀਆਂ ਇਲਾਜ ਯੋਜਨਾਵਾਂ ਲਾਗੂ ਕੀਤੀਆਂ ਗਈਆਂ ਹਨ।”

“ਅਸੀਂ ਆਪਣੇ ਚਿੰਤਾਵਾਂ ਉਠਾਉਣ ਨਾਲ ਸਬੰਧਤ ਪ੍ਰਕਿਰਿਆਵਾਂ ਦੀ ਇੱਕ ਸੁਤੰਤਰ ਸਮੀਖਿਆ ਵੀ ਕਰਵਾ ਰਹੇ ਹਾਂ, ਜਿਸ ਦੀ ਅਗਵਾਈ ਇੱਕ ਸੁਤੰਤਰ ਧਿਰ ਵੱਲੋਂ ਕੀਤੀ ਜਾ ਰਹੀ ਹੈ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਸਟਾਫ਼ ਕਿਸੇ ਵੀ ਚਿੰਤਾ ਨੂੰ ਸਾਹਮਣੇ ਲਿਆਉਣ ਵਿੱਚ ਪੂਰੀ ਤਰ੍ਹਾਂ ਸਹਿਯੋਗ ਪ੍ਰਾਪਤ ਅਤੇ ਆਤਮ-ਵਿਸ਼ਵਾਸੀ ਮਹਿਸੂਸ ਕਰੇ।

“ਟਰੱਸਟ ਆਰਸੀਪੀ ਦੀ ਪੂਰੀ ਸਮੀਖਿਆ ਪ੍ਰਕਾਸ਼ਿਤ ਹੋਣ ‘ਤੇ ਉਸ ਦਾ ਮੁਲਾਂਕਣ ਕਰੇਗਾ ਅਤੇ ਇਸ ਦੇ ਨਤੀਜਿਆਂ ਦੇ ਆਧਾਰ ‘ਤੇ ਹੋਰ ਢੁਕਵੀਂ ਕਾਰਵਾਈ ਕਰੇਗਾ।”

ਟਰੱਸਟ ਨੇ ਅੱਗੇ ਕਿਹਾ, “ਅਸੀਂ ਆਪਣੇ ਭਾਈਚਾਰੇ ਨੂੰ ਭਰੋਸਾ ਦਿਵਾਉਣਾ ਚਾਹੁੰਦੇ ਹਾਂ ਕਿ ਮਰੀਜ਼ਾਂ ਦੀ ਸੁਰੱਖਿਆ, ਉਨ੍ਹਾਂ ਦਾ ਤਜਰਬਾ ਅਤੇ ਤੰਦਰੁਸਤੀ ਸਾਡੀਆਂ ਸਭ ਤੋਂ ਵੱਡੀਆਂ ਤਰਜੀਹਾਂ ਬਣੇ ਹੋਏ ਹਨ।”

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI