Source :- BBC PUNJABI
paresh padhiyar
ਪੜ੍ਹਨ ਦਾ ਸਮਾਂ: 6 ਮਿੰਟ
ਗੁਜਰਾਤ ਦੇ ਬਨਾਸਕਾਂਠਾ ਜ਼ਿਲ੍ਹੇ ਦੇ ਵਡਗਾਮ ਤਾਲੁਕਾ ਦੇ ਡਾਲਵਾਣਾ ਪਿੰਡ ਤੋਂ ਇੱਕ ‘ਅਨੋਖੀ ਅਤੇ ਹੈਰਾਨ ਕਰਨ ਵਾਲੀ ਘਟਨਾ’ ਸਾਹਮਣੇ ਆਈ ਹੈ।
ਬੀਬੀਸੀ ਗੁਜਰਾਤੀ ਦੇ ਬਨਾਸਕਾਂਠਾ ਵਿੱਚ ਸਹਿਯੋਗੀ ਪਰੇਸ਼ ਪਧਿਆਰ ਮੁਤਾਬਕ, ਇੱਥੇ ਇੱਕ ਮੱਝ ਨੇ ਅਜਿਹੀ ਕੱਟੀ ਨੂੰ ਜਨਮ ਦਿੱਤਾ ਹੈ, ਜਿਸ ਦਾ ਸਰੀਰ ਇੱਕ ਹੈ, ਪਰ ਮੂੰਹ (ਸਿਰ) ਦੋ ਹਨ।
ਇਹ ਘਟਨਾ ਨਾਲ ਪਿੰਡ ਅਤੇ ਪਰਿਵਾਰ ਵਿੱਚ ਹੈਰਾਨੀ ਅਤੇ ਉਤਸੁਕਤਾ ਮਾਹੌਲ ਹੈ। ਜਿਸ ਪਰਿਵਾਰ ਵਿੱਚ ਇਸ ਕੱਟੀ ਦਾ ਜਨਮ ਹੋਇਆ ਹੈ, ਉਸ ਦੇ ਮੈਂਬਰ ਇਸ ਨਵਜੰਮੇ ਬੱਚੇ ਦੀ ਖ਼ਾਸ ਦੇਖਭਾਲ ਕਰ ਰਹੇ ਹਨ।
ਹਾਲਾਂਕਿ, ਪਸ਼ੂ ਚਿਕਿਤਸਾ ਵਿਗਿਆਨ ਮੁਤਾਬਕ, ਇਹ ਕੋਈ ਚਮਤਕਾਰ ਨਹੀਂ ਹੈ।
ਗਰਭ ਦੇ ਸ਼ੁਰੂਆਤੀ ਵਿਕਾਸ ਦੌਰਾਨ ਜਦੋਂ ਕੋਸ਼ਿਕਾਵਾਂ ਦੀ ਵੰਡ ਠੀਕ ਤਰ੍ਹਾਂ ਨਹੀਂ ਹੁੰਦੀ, ਤਾਂ ਇੱਕੋ ਸਰੀਰ ਵਿੱਚ ਦੋ ਸਿਰ ਜਾਂ ਦੋ ਚਿਹਰਿਆਂ ਵਾਲੇ ਜੀਵ ਦਾ ਜਨਮ ਹੋ ਸਕਦਾ ਹੈ। ਪਸ਼ੂਆਂ ਦੇ ਡਾਕਟਰ ਇਸ ਨੂੰ ਬਹੁਤ ਹੀ ਦੁਰਲੱਭ ਜੈਨੇਟਿਕ ਜਾਂ ਗਰਭ ਨਾਲ ਜੁੜਿਆ ਜਨਮਜਾਤ ਵਿਕਾਰ ਮੰਨਦੇ ਹਨ।
ਕੀ ਇਹ ਇੱਕ ਅਨੋਖੀ ਘਟਨਾ ਹੈ?
paresh padhiyar
ਡਾਲਵਾਣਾ ਪਿੰਡ ਵਿੱਚ ਰਹਿਣ ਵਾਲੇ ਪਸ਼ੂ ਪਾਲਕ ਬਾਬੂਜੀ ਠਾਕੋਰ ਦੀ ਮੱਝ ਨੇ ਇਸ ਅਨੋਖੀ ਕੱਟੀ ਨੂੰ ਜਨਮ ਦਿੱਤਾ ਹੈ।
ਇਹ ਖ਼ਬਰ ਤੇਜ਼ੀ ਨਾਲ ਫੈਲਣ ਤੋਂ ਬਾਅਦ ਆਲੇ-ਦੁਆਲੇ ਦੇ ਪਿੰਡਾਂ ਤੋਂ ਲੋਕ ਦੋ ਮੂੰਹਾਂ ਵਾਲੀ ਇਸ ਕੱਟੀ ਨੂੰ ਦੇਖਣ ਲਈ ਡਾਲਵਾਣਾ ਪਹੁੰਚ ਰਹੇ ਹਨ।
ਸਥਾਨਕ ਪੱਧਰ ‘ਤੇ ਕੁਝ ਲੋਕ ਇਸ ਘਟਨਾ ਨੂੰ ‘ਕੁਦਰਤ ਦਾ ਚਮਤਕਾਰ’ ਦੱਸ ਰਹੇ ਹਨ।
ਹਾਲਾਂਕਿ, ਪਸ਼ੂ ਚਿਕਿਤਸਾ ਵਿਗਿਆਨ ਇਸ ਰਹੱਸ ਤੋਂ ਪਰਦਾ ਉਠਾਉਂਦਾ ਹੈ ਅਤੇ ਇਸ ਦੇ ਪਿੱਛੇ ਦੀ ਤਰਕਸੰਗਤ ਅਤੇ ਵਿਗਿਆਨਕ ਵਜ੍ਹਾ ਵੀ ਦੱਸਦਾ ਹੈ।
ਪਸ਼ੂ ਡਾਕਟਰ ਕੀ ਕਹਿ ਰਹੇ ਹਨ?
paresh padhiyar
ਇਸ ਬਾਰੇ ਪਸ਼ੂ ਡਾਕਟਰ ਰਮੇਸ਼ ਪਟੇਲ ਕਹਿੰਦੇ ਹਨ, “ਇਸ ਮਾਮਲੇ ਵਿੱਚ ਕਿਸੇ ਵੀ ਤਰ੍ਹਾਂ ਦਾ ਅੰਧਵਿਸ਼ਵਾਸ ਪਾਲਣ ਜਾਂ ਅਫ਼ਵਾਹ ਫੈਲਾਉਣ ਦੀ ਲੋੜ ਨਹੀਂ ਹੈ।”
ਉਹ ਇਸ ਦੀ ਵਿਗਿਆਨਕ ਪ੍ਰਕਿਰਿਆ ਸਮਝਾਉਂਦੇ ਹੋਏ ਕਹਿੰਦੇ ਹਨ, “ਵਿਗਿਆਨ ਮੁਤਾਬਕ, ਗਰਭ ਦੇ ਵਿਕਾਸ ਦੌਰਾਨ, ਖ਼ਾਸ ਕਰਕੇ ਗਾਂ ਜਾਂ ਮੱਝ ਦੇ ਮਾਮਲੇ ਵਿੱਚ, 13ਵੇਂ ਜਾਂ 14ਵੇਂ ਦਿਨ ਕੋਸ਼ਿਕਾਵਾਂ ਦੀ ਵੰਡ ਹੁੰਦੀ ਹੈ। ਇੱਕ ਕੋਸ਼ਿਕਾ ਦੀ ਵੰਡ ਤੋਂ ਬਾਅਦ ਜੇ ਇਹ ਪ੍ਰਕਿਰਿਆ ਵਿਚਕਾਰ ਹੀ ਰੁਕ ਜਾਂਦੀ ਹੈ, ਤਾਂ ਅਜਿਹੀਆਂ ਘਟਨਾਵਾਂ ਹੋ ਸਕਦੀਆਂ ਹਨ।”
ਡਾ. ਪਟੇਲ ਅੱਗੇ ਸਪਸ਼ਟ ਕਰਦੇ ਹਨ, “ਕੋਸ਼ਿਕਾਵਾਂ ਦੀ ਵੰਡ ਅੱਧ ਵਿਚਕਾਰ ਰੁਕ ਜਾਣ ਕਾਰਨ ਕਿਸੇ ਜਾਨਵਰ ਦੇ ਇੱਕ ਤੋਂ ਵੱਧ ਮੂੰਹ (ਸਿਰ) ਹੋ ਸਕਦੇ ਹਨ। ਉਸ ਦੀਆਂ ਚਾਰ ਦੀ ਥਾਂ ਪੰਜ ਲੱਤਾਂ ਹੋ ਸਕਦੀਆਂ ਹਨ, ਦੋ ਪੂਛਾਂ ਜਾਂ ਦੋ ਰੀੜ੍ਹ ਦੀਆਂ ਹੱਡੀਆਂ ਵੀ ਹੋ ਸਕਦੀਆਂ ਹਨ। ਯਾਨੀ ਕੋਸ਼ਿਕਾਵਾਂ ਦੀ ਵੰਡ ਰੁਕਣ ਕਾਰਨ ਸਰੀਰ ਦਾ ਕੋਈ ਹਿੱਸਾ ਪੂਰੀ ਤਰ੍ਹਾਂ ਵਿਕਸਿਤ ਨਹੀਂ ਹੋ ਪਾਉਂਦਾ।”
ਉਹ ਅੱਗੇ ਕਹਿੰਦੇ ਹਨ, “ਇਸ ਮਾਮਲੇ ਵਿੱਚ ਵੀ ਕੋਸ਼ਿਕਾਵਾਂ ਦੀ ਵੰਡ ਰੁਕਣ ਕਾਰਨ ਦੋ ਬੱਚੇ ਵੱਖ ਹੋਣ ਦੀ ਬਜਾਏ ਆਪਸ ਵਿੱਚ ਜੁੜ ਗਏ ਅਤੇ ਉਨ੍ਹਾਂ ਦੇ ਦੋ ਮੂੰਹ ਹੋ ਗਏ। ਜੇ ਕੋਸ਼ਿਕਾਵਾਂ ਦੀ ਵੰਡ ਨਾ ਰੁਕੀ ਹੁੰਦੀ ਤਾਂ ਦੋ ਵੱਖ-ਵੱਖ ਬੱਚਿਆਂ ਦਾ ਜਨਮ ਹੁੰਦਾ।”
ਉਨ੍ਹਾਂ ਦਾ ਸਪਸ਼ਟ ਮੰਨਣਾ ਹੈ ਕਿ ਇਹ ਕੋਈ ‘ਦੈਵੀ ਚਮਤਕਾਰ’ ਨਹੀਂ ਹੈ।
ਉਹ ਕਹਿੰਦੇ ਹਨ, “ਜਾਨਵਰਾਂ ਵਿੱਚ ਅਜਿਹੀਆਂ ਘਟਨਾਵਾਂ ਕਈ ਵਾਰ ਦੇਖਣ ਨੂੰ ਮਿਲਦੀਆਂ ਹਨ। ਇਨਸਾਨਾਂ ਵਿੱਚ ਵੀ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ, ਜਦੋਂ ਜੌੜੇ ਬੱਚੇ ਆਪਸ ਵਿੱਚ ਜੁੜੇ ਹੋਏ ਪੈਦਾ ਹੁੰਦੇ ਹਨ।”
“ਦਰਅਸਲ, ਤੁਸੀਂ ਅਜਿਹਾ ਰੁੱਖਾਂ-ਬੂਟਿਆਂ ਵਿੱਚ ਵੀ ਦੇਖ ਸਕਦੇ ਹੋ। ਅਜਿਹਾ ਅਕਸਰ ਦੇਖਣ ਨੂੰ ਮਿਲਦਾ ਕਿ ਦੋ ਆਲੂ ਆਪਸ ਵਿੱਚ ਜੁੜੇ ਹੋਣ ਜਾਂ ਦੋ ਫਲ ਇੱਕ-ਦੂਜੇ ਨਾਲ ਜੁੜੇ ਹੋਣ। ਵਿਗਿਆਨ ਦੀ ਭਾਸ਼ਾ ਵਿੱਚ ਇਹ ਬਹੁਤ ਆਮ ਗੱਲ ਹੈ। ਇਸ ਵਿੱਚ ਕੋਈ ਚਮਤਕਾਰ ਨਹੀਂ ਹੈ।”

ਜੈਨੇਟਿਕ ਮਾਹਿਰ ਕੀ ਕਹਿ ਰਹੇ ਹਨ?
ਗਾਂਧੀਨਗਰ ਦੇ ਸਰਕਾਰੀ ਪਸ਼ੂ ਹਸਪਤਾਲ ਦੇ ਪਸ਼ੂ ਚਿਕਿਤਸਾ ਅਧਿਕਾਰੀ (ਵੈਟਰਨਰੀ ਅਫ਼ਸਰ) ਡਾ. ਜਿਗਰ ਕੰਸਾਰਾ ਨੇ ਬੀਬੀਸੀ ਗੁਜਰਾਤੀ ਨਾਲ ਗੱਲਬਾਤ ਵਿੱਚ ਦੱਸਿਆ ਕਿ ਆਮ ਤੌਰ ‘ਤੇ ਕੋਸ਼ਿਕਾਵਾਂ ਦੀ ਵੰਡ ਦੌਰਾਨ ਸਭ ਤੋਂ ਪਹਿਲਾਂ ਇੱਕ ਭਰੂਣ ਬਣਦਾ ਹੈ। ਇਸ ਤੋਂ ਬਾਅਦ ਫਰਟੀਲਾਈਜ਼ੇਸ਼ਨ ਦੀ ਪ੍ਰਕਿਰਿਆ ਪੂਰੀ ਹੋਣ ‘ਤੇ ਉਸ ਤੋਂ ਪੂਰੇ ਸਰੀਰ ਦਾ ਵਿਕਾਸ ਹੁੰਦਾ ਹੈ।
ਡਾ. ਕੰਸਾਰਾ ਕਹਿੰਦੇ ਹਨ, “ਇਨਸਾਨ ਹੋਵੇ ਜਾਂ ਜਾਨਵਰ, ਸਾਰੇ ਜੀਵਾਂ ਵਿੱਚ ਭਰੂਣ ਦੇ ਵਿਕਾਸ ਦੀ ਇਹ ਪ੍ਰਕਿਰਿਆ ਇੱਕੋ ਜਿਹੀ ਹੁੰਦੀ ਹੈ।”
ਉਹ ਅੱਗੇ ਸਮਝਾਉਂਦੇ ਹਨ, “ਕਈ ਵਾਰ ਅਸੀਂ ਦੇਖਦੇ ਹਾਂ ਕਿ ਇਨਸਾਨਾਂ ਵਿੱਚ ਜੋੜੇ ਬੱਚਿਆਂ ਦਾ ਜਨਮ ਹੁੰਦਾ ਹੈ। ਵਿਗਿਆਨ ਦੀ ਭਾਸ਼ਾ ਵਿੱਚ ਇਸ ਨੂੰ ‘ਮੋਨੋਜ਼ਾਈਗੋਟਿਕ ਟਵਿਨਜ਼’ ਕਹਿੰਦੇ ਹਨ। ਕੋਸ਼ਿਕਾਵਾਂ ਦੀ ਵੰਡ ਦੌਰਾਨ ਜਦੋਂ ਇੱਕ ਭਰੂਣ ਦੋ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ, ਤਾਂ ਅਜਿਹੇ ਜੋੜੇ ਬੱਚੇ ਪੈਦਾ ਹੁੰਦੇ ਹਨ।”
ਉਹ ਸਪਸ਼ਟ ਕਰਦੇ ਹਨ, “ਜਾਨਵਰਾਂ ਵਿੱਚ ਵੀ ਇਹ ਪ੍ਰਕਿਰਿਆ ਇਸੇ ਤਰ੍ਹਾਂ ਹੁੰਦੀ ਹੈ। ਪਰ ਕਈ ਵਾਰ ਕੋਸ਼ਿਕਾਵਾਂ ਦੀ ਵੰਡ ਦੌਰਾਨ ਕੋਸ਼ਿਕਾਵਾਂ ਪੂਰੀ ਤਰ੍ਹਾਂ ਵੱਖ ਨਹੀਂ ਹੋ ਪਾਉਂਦੀਆਂ। ਜਦੋਂ ਇਹ ਵੰਡ ਵਿਚਕਾਰ ਹੀ ਰੁਕ ਜਾਂਦੀ ਹੈ, ਤਾਂ ਦੋ ਸਿਰਾਂ ਵਾਲੇ ਜਾਨਵਰ ਪੈਦਾ ਹੁੰਦੇ ਹਨ। ਵਿਗਿਆਨਕ ਭਾਸ਼ਾ ਵਿੱਚ ਇਸ ਨੂੰ ‘ਡਾਈਸੇਫੈਲਿਕ ਹੈੱਡ’ ਕਿਹਾ ਜਾਂਦਾ ਹੈ।”
ਡਾ. ਕੰਸਾਰਾ ਮੁਤਾਬਕ, ਕੋਸ਼ਿਕਾਵਾਂ ਦੀ ਵੰਡ ਪੂਰੀ ਤਰ੍ਹਾਂ ਨਾ ਹੋਣ ਕਾਰਨ ਇਸ ਤੋਂ ਇਲਾਵਾ ਵੀ ਕਈ ਤਰ੍ਹਾਂ ਦੀਆਂ ਅਸਾਧਾਰਨ ਸਥਿਤੀਆਂ ਪੈਦਾ ਹੋ ਸਕਦੀਆਂ ਹਨ।
ਉਹ ਕਹਿੰਦੇ ਹਨ, “ਕੋਸ਼ਿਕਾਵਾਂ ਦੀ ਵੰਡ ਰੁਕਣ ਕਾਰਨ ਕਈ ਵਾਰ ਜਾਨਵਰਾਂ ਦੇ ਸਰੀਰ ਪੇਟ ਦੇ ਹਿੱਸੇ ਤੋਂ ਜੁੜੇ ਰਹਿ ਜਾਂਦੇ ਹਨ, ਤਾਂ ਕਈ ਵਾਰ ਉਨ੍ਹਾਂ ਦਾ ਸਿਰ ਅਸਧਾਰਨ ਤੌਰ ‘ਤੇ ਵੱਡਾ ਹੁੰਦਾ ਹੈ। ਜੈਨੇਟਿਕ ਪੱਧਰ ‘ਤੇ ਗੁਣਸੂਤਰਾਂ ਦੀ ਵੰਡ ਵਿੱਚ ਗੜਬੜ ਹੋਣ ਕਾਰਨ ਅਜਿਹੀ ਸਥਿਤੀ ਪੈਦਾ ਹੁੰਦੀ ਹੈ। ਹਾਲਾਂਕਿ, ਹੁਣ ਤੱਕ ਅਜਿਹਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ ਜਿਸ ਵਿੱਚ ਇਸ ਦੀ ਵਜ੍ਹਾ ਕੋਈ ਇੱਕ ਖ਼ਾਸ ਜੀਨ ਹੋਵੇ।”
ਨਵਜੰਮੇ ਜਾਨਵਰ ਦੇ ਜੀਵਨ ਦੀ ਸੰਭਾਵਨਾ ਬਾਰੇ ਪਸ਼ੂ ਡਾਕਟਰ ਕਹਿੰਦੇ ਹਨ, “ਅਜਿਹੇ ਜ਼ਿਆਦਾਤਰ ਮਾਮਲਿਆਂ ਵਿੱਚ ਦੋ ਸਿਰਾਂ ਵਾਲੇ ਜਾਨਵਰ ਜਨਮ ਤੋਂ ਕੁਝ ਹੀ ਸਮੇਂ ਬਾਅਦ ਮਰ ਜਾਂਦੇ ਹਨ। ਕੁਝ ਮਾਮਲਿਆਂ ਵਿੱਚ ਜਾਨਵਰ ਬਚ ਵੀ ਜਾਣ, ਤਾਂ ਉਹ ਪੂਰੀ ਤਰ੍ਹਾਂ ਵਿਕਸਤ ਨਹੀਂ ਹੋ ਪਾਉਂਦੇ ਅਤੇ ਆਮ ਜੀਵਨ ਨਹੀਂ ਜੀ ਸਕਦੇ।”
ਪਸ਼ੂ ਪਾਲਕ ਨੇ ਕੀ ਕਿਹਾ?
paresh padhiyar
ਪਸ਼ੂ ਪਾਲਕ ਚੰਦਾਜੀ ਬਾਬੂਜੀ ਠਾਕੋਰ ਨੇ ਬੀਬੀਸੀ ਗੁਜਰਾਤੀ ਦੇ ਸਹਿਯੋਗੀ ਪਰੇਸ਼ ਪਧਿਆਰ ਨਾਲ ਗੱਲਬਾਤ ਵਿੱਚ ਦੱਸਿਆ, “ਸਾਡੀ ਮੱਝ ਨੇ ਇੱਕ ਕੱਟੀ ਨੂੰ ਜਨਮ ਦਿੱਤਾ ਹੈ।”
ਉਨ੍ਹਾਂ ਨੇ ਮਾਣ ਅਤੇ ਹੈਰਾਨੀ ਨਾਲ ਕਿਹਾ, “ਇਸ ਬੱਚੇ ਦਾ ਜਨਮ ਤਾਂ ਆਮ ਤਰੀਕੇ ਨਾਲ ਹੀ ਹੋਇਆ ਸੀ, ਪਰ ਇਸ ਨੂੰ ਦੇਖ ਕੇ ਸਾਨੂੰ ਬਹੁਤ ਹੈਰਾਨੀ ਹੋਈ ਕਿ ਇਹ ਕੀ ਹੈ! ਇਸ ਦਾ ਸਰੀਰ ਤਾਂ ਇੱਕ ਹੀ ਹੈ, ਪਰ ਇਸ ਦੇ ਦੋ ਸਿਰ (ਮੂੰਹ) ਹਨ।”
ਚੰਦਾਜੀ ਠਾਕੋਰ ਨੇ ਅੱਗੇ ਕਿਹਾ, “ਅਸੀਂ ਲੋਕਾਂ ਤੋਂ ਅਜਿਹੀਆਂ ਅਨੋਖੀਆਂ ਘਟਨਾਵਾਂ ਬਾਰੇ ਸਿਰਫ਼ ਸੁਣਿਆ ਸੀ, ਪਰ ਜਦੋਂ ਆਪਣੀਆਂ ਅੱਖਾਂ ਨਾਲ ਦੇਖਿਆ ਤਾਂ ਸਾਨੂੰ ਬਹੁਤ ਹੈਰਾਨੀ ਹੋਈ।”
ਉਹ ਦੱਸਦੇ ਹਨ, “ਇਹ ਖ਼ਬਰ ਤੇਜ਼ੀ ਨਾਲ ਫੈਲਣ ਤੋਂ ਬਾਅਦ ਹੁਣ ਆਲੇ-ਦੁਆਲੇ ਦੇ ਪਿੰਡਾਂ ਤੋਂ ਇਲਾਵਾ ਖੇਰਾਲੂ, ਵਿਸਨਗਰ ਅਤੇ ਪਾਲਨਪੁਰ ਵਰਗੇ ਦੂਰ-ਦੁਰਾਡੇ ਦੇ ਇਲਾਕਿਆਂ ਤੋਂ ਵੀ ਬਹੁਤ ਸਾਰੇ ਲੋਕ ਇਹ ਅਨੋਖਾ ਨਜ਼ਾਰਾ ਦੇਖਣ ਲਈ ਸਾਡੇ ਘਰ ਆ ਰਹੇ ਹਨ।”
ਚੰਦਾਜੀ ਠਾਕੋਰ ਕਹਿੰਦੇ ਹਨ, “ਕਿਸੇ ਲਈ ਵੀ ਆਸਾਨੀ ਨਾਲ ਇਹ ਯਕੀਨ ਕਰਨਾ ਮੁਸ਼ਕਿਲ ਹੈ ਕਿ ਅਜਿਹਾ ਵੀ ਹੋ ਸਕਦਾ ਹੈ। ਮੈਨੂੰ ਲੱਗਦਾ ਹੈ ਕਿ ਇਹ ਕੁਦਰਤ ਦਾ ਹੀ ਇੱਕ ਚਮਤਕਾਰ ਹੈ, ਜੋ ਸਾਡੇ ਇੱਥੇ ਹੋਇਆ ਹੈ। ਸਾਡੇ ਘਰੇ ਇੰਨੀ ਵੱਡੀ ਗਿਣਤੀ ‘ਚ ਲੋਕ ਆ ਰਹੇ ਹਨ ਕਿ ਦੇਖ ਕਿ ਅਸੀਂ ਵੀ ਹੈਰਾਨ ਹਾਂ।”
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI



