Source :- BBC PUNJABI
Getty Images
ਪੜ੍ਹਨ ਦਾ ਸਮਾਂ: 7 ਮਿੰਟ
ਕਾਰੋਬਾਰੀ ਅਤੇ ਫ਼ਿਲਮ ਨਿਰਮਾਤਾ ਰਾਜ ਕੁੰਦਰਾ ਨੇ ਆਪਣੀ ਆਉਣ ਵਾਲੀ ਫ਼ਿਲਮ ‘ਨਿਹੰਗ’ ਦਾ ਐਲਾਨ ਪੰਜਾਬ ਦੇ ਇਤਿਹਾਸਕ ਸਥਾਨ ਚੱਪੜਚਿੜੀ ਵਿਖੇ ਕੀਤਾ ।
ਨਿਰਮਾਤਾਵਾਂ ਮੁਤਾਬਕ ਇਹ ਫ਼ਿਲਮ ਸਿੱਖਾਂ ਦੀ ਯੋਧਾ ਪਰੰਪਰਾ, ਖਾਲਸਾ ਵਿਰਾਸਤ ਅਤੇ ਨਿਹੰਗ ਸਿੰਘਾਂ ਦੇ ਇਤਿਹਾਸ ਨੂੰ ਸਮਰਪਿਤ ਹੋਵੇਗੀ। ਇਹ ਫ਼ਿਲਮ ਅਕਾਲ ਫ਼ਿਲਮਜ਼ ਦੇ ਬੈਨਰ ਹੇਠ ਬਣਾਈ ਜਾ ਰਹੀ ਹੈ ਅਤੇ ਇਸ ਦਾ ਨਿਰਦੇਸ਼ਨ ਅਮਰਪ੍ਰੀਤ ਜੀਐੱਸ ਛਾਬੜਾ ਕਰਨਗੇ।
ਪ੍ਰੈੱਸ ਕਾਨਫ਼ਰੰਸ ਦੌਰਾਨ ਰਾਜ ਕੁੰਦਰਾ ਨੇ ਕਿਹਾ ਕਿ ਪੰਜਾਬ ਦੀ ਧਰਤੀ ਬਹਾਦਰੀ, ਕੁਰਬਾਨੀ ਅਤੇ ਇਤਿਹਾਸਕ ਕਹਾਣੀਆਂ ਨਾਲ ਭਰੀ ਪਈ ਹੈ, ਪਰ ਇਨ੍ਹਾਂ ਵਿੱਚੋਂ ਬਹੁਤ ਸਾਰੀਆਂ ਕਹਾਣੀਆਂ ਅਜੇ ਤੱਕ ਵੱਡੇ ਪਰਦੇ ਤੱਕ ਨਹੀਂ ਪਹੁੰਚੀਆਂ ਹਨ।
‘ਡਰੀਮ ਪ੍ਰੋਜੈਕਟ’- ਰਾਜ ਕੁੰਦਰਾ
Getty Images
ਰਾਜ ਕੁੰਦਰਾ ਨੇ ਕਿਹਾ ਕਿ ਇਹ ਫਿਲਮ ਉਨ੍ਹਾਂ ਦਾ ਡਰੀਮ ਪ੍ਰੋਜੈਕਟ ਹੈ, ਜਿਸ ਨੂੰ ਬਣਾਉਣ ਲਈ ਪਿਛਲੇ ਦੋ ਸਾਲਾਂ ਤੋਂ ਤਿਆਰੀ, ਖੋਜ ਅਤੇ ਲਿਖਤ ਦਾ ਕੰਮ ਚੱਲ ਰਿਹਾ ਹੈ।
ਰਾਜ ਕੁੰਦਰਾ ਨੇ ਕਿਹਾ, “ਮੈਂ ਚਾਹੁੰਦਾ ਹਾਂ ਕਿ ਇਹ ਫਿਲਮ ਐਸਜੀਪੀਸੀ ਦੀਆਂ ਗਾਈਡਲਾਈਨਜ਼ ਦੇ ਨਾਲ ਬਣੇ। ਮੈਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜੀ ਨੂੰ ਵੀ ਮਿਲ ਕੇ ਆਇਆ ਹਾਂ। ਸਾਨੂੰ ਤਿੰਨ ਪੰਨਿਆਂ ਦੀਆਂ ਹਦਾਇਤਾਂ ਮਿਲੀਆਂ ਹਨ ਕਿ ਜੇਕਰ ਤੁਸੀਂ ਇਤਿਹਾਸ ਤੋਂ ਪ੍ਰੇਰਿਤ ਫਿਲਮ ਬਣਾ ਰਹੇ ਹੋ ਤਾਂ ਨਿਯਮਾਂ ਅਤੇ ਕਾਇਦਿਆਂ ਦੇ ਅਨੁਸਾਰ ਇਹ ਜ਼ਰੂਰੀ ਹੈ ਕਿ ਜੋ ਵਿਅਕਤੀ ਇਸ ਫਿਲਮ ਦਾ ਨਿਰਦੇਸ਼ਨ ਕਰੇ, ਉਸ ਨੂੰ ਸਿੱਖੀ ਬਾਰੇ ਪੂਰੀ ਜਾਣਕਾਰੀ ਹੋਵੇ।”
ਉਨ੍ਹਾਂ ਕਿਹਾ ਕਿ ‘ਨਿਹੰਗ’ ਉਨ੍ਹਾਂ ਵੱਲੋਂ “ਗੁਰੂ ਕੀ ਫ਼ੌਜ” ਅਤੇ ਸਿੱਖ ਯੋਧਿਆਂ ਨੂੰ ਇੱਕ ਸ਼ਰਧਾਂਜਲੀ ਹੈ । ਉਨ੍ਹਾਂ ਦੱਸਿਆ ਕਿ ਇਹ ਸਿਰਫ਼ ਇੱਕ ਫ਼ਿਲਮ ਨਹੀਂ, ਸਗੋਂ ਸਿੱਖ ਇਤਿਹਾਸ ਅਤੇ ਉਸ ਦੀ ਵਿਰਾਸਤ ਨੂੰ ਵੱਡੇ ਪੱਧਰ ‘ਤੇ ਪੇਸ਼ ਕਰਨ ਦੀ ਕੋਸ਼ਿਸ਼ ਹੈ ।
ਫ਼ਿਲਮ ਦੇ ਲਾਂਚ ਲਈ ਚੱਪੜਚਿੜੀ ਦੀ ਚੋਣ ਵੀ ਖ਼ਾਸ ਮਾਅਨੇ ਰੱਖਦੀ ਹੈ । ਇਹ ਉਹ ਇਤਿਹਾਸਕ ਸਥਾਨ ਹੈ ਜਿੱਥੇ ਬੰਦਾ ਸਿੰਘ ਬਹਾਦਰ ਨੇ 1710 ਵਿੱਚ ਮੁਗ਼ਲ ਫ਼ੌਜਾਂ ਨੂੰ ਹਰਾਇਆ ਸੀ । ਫ਼ਿਲਮ ਦੇ ਨਿਰਮਾਤਾ ਇਸ ਸਥਾਨ ਨੂੰ ਸਿੱਖ ਯੋਧਾ ਪਰੰਪਰਾ ਦਾ ਪ੍ਰਤੀਕ ਵਜੋਂ ਦੇਖਦੇ ਹਨ ।
ਹਾਲਾਂਕਿ ਫ਼ਿਲਮ ਦੀ ਪੂਰੀ ਕਹਾਣੀ ਦੀ ਪਿੱਠਭੂਮੀ ਜਾਂ ਕਲਾਕਾਰਾਂ ਦੀ ਸੂਚੀ ਹਾਲੇ ਜਨਤਕ ਨਹੀਂ ਕੀਤੀ ਗਈ ਹੈ, ਪਰ ਨਿਰਮਾਤਾਵਾਂ ਦਾ ਕਹਿਣਾ ਹੈ ਕਿ ਇਹ ਇੱਕ ਵੱਡੇ ਬਜਟ ਦੀ ਬਹੁਭਾਸ਼ਾਈ ਫ਼ਿਲਮ ਹੋਵੇਗੀ, ਜੋ 2028 ਦੀ ਵਿਸਾਖੀ ਮੌਕੇ ਦੁਨੀਆ ਭਰ ਵਿੱਚ ਰਿਲੀਜ਼ ਕੀਤੀ ਜਾਵੇਗੀ ।
ਇਸ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸਪੱਸ਼ਟ ਕੀਤਾ ਗਿਆ ਕਿ ਫ਼ਿਲਮ ਨੂੰ ਕੋਈ ਰਸਮੀ ਮਨਜ਼ੂਰੀ ਨਹੀਂ ਦਿੱਤੀ ਗਈ । ਇਸ ਸਪੱਸ਼ਟੀਕਰਨ ਤੋਂ ਬਾਅਦ ਸੋਸ਼ਲ ਮੀਡੀਆ ਅਤੇ ਸਿੱਖ ਹਲਕਿਆਂ ਵਿੱਚ ਫ਼ਿਲਮ ਨੂੰ ਲੈ ਕੇ ਚਰਚਾ ਤੇਜ਼ ਹੋ ਗਈ ।
ਅਕਾਲ ਤਖ਼ਤ ਨੇ ਕੀ ਕਿਹਾ

ਰਾਜ ਕੁੰਦਰਾ ਅਤੇ ਜਥੇਦਾਰ ਗੜਗੱਜ ਦੀ ਫ਼ਿਲਮ ਬਾਰੇ ਚਰਚਾ ਕਰਨ ਸਬੰਧੀ ਮੁਲਾਕਾਤ ਬਾਰੇ ਅਕਾਲ ਤਖ਼ਤ ਵੱਲੋਂ ਇੱਕ ਪ੍ਰੈਸ ਨੋਟ ਜਾਰੀ ਕੀਤਾ ਗਿਆ ਹੈ।
ਇਸ ਵਿੱਚ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਇੰਚਾਰਜ ਬਗੀਚਾ ਸਿੰਘ ਨੇ ਕਿਹਾ ਕਿ ਬੀਤੇ ਸਮੇਂ ਰਾਜ ਕੁੰਦਰਾ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਮਿਲਣ ਲਈ ਸਕੱਤਰੇਤ ਵਿਖੇ ਜ਼ਰੂਰ ਆਏ ਸਨ ਅਤੇ ਉਨ੍ਹਾਂ ਨੇ ਆਪਣੇ ਵਲੋਂ ਬਣਾਈ ਜਾ ਰਹੀ ਫ਼ਿਲਮ ਸੰਬੰਧੀ ਵਿਚਾਰ ਰੱਖੇ ਸਨ।
ਉਨ੍ਹਾਂ ਕਿਹਾ ਇਸ ਮੁਲਾਕਾਤ ਦੌਰਾਨ ਸਿੰਘ ਸਾਹਿਬ ਨੇ ਰਾਜ ਕੁੰਦਰਾ ਦੀ ਗੱਲਬਾਤ ਸੁਣਨ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਫ਼ਿਲਮਾਂ ਸੰਬੰਧੀ ਮਿਤੀ 28 ਦਸੰਬਰ 2025 ਨੂੰ ਹੋਏ ਪੰਜ ਸਿੰਘ ਸਾਹਿਬਾਨ ਦੇ ਆਦੇਸ਼ ਦੀ ਕਾਪੀ ਦਿੱਤੀ ਗਈ ਸੀ, ਜਿਸ ਵਿਚ ਸਪੱਸ਼ਟ ਦਰਜ ਹੈ ਕਿ ਸਿੱਖ ਗੁਰੂ ਸਾਹਿਬਾਨ, ਉਨ੍ਹਾਂ ਦੇ ਪਰਿਵਾਰਕ ਮੈਂਬਰਾਂ, ਪੁਰਾਤਨ ਸਿੱਖ ਯੋਧਿਆਂ/ਸ਼ਹੀਦਾਂ, ਸਿੱਖ ਸੰਸਕਾਰਾਂ ਦੀਆਂ ਨਕਲਾਂ ਕਰਕੇ, ਸਿੱਖ ਇਤਿਹਾਸ ਦੇ ਵਿਭਿੰਨ ਪਹਿਲੂਆਂ ਉੱਪਰ ਬਣਦੀਆਂ ਫ਼ਿਲਮਾਂ/ਐਨਮੇਸ਼ਨ ਫ਼ਿਲਮਾਂ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਵੀਡੀਓ ਨਹੀਂ ਬਣਾਈਆਂ ਜਾ ਸਕਦੀਆਂ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਕਈ ਫ਼ਿਲਮਾਂ ਉੱਤੇ ਸਿੱਖ ਰਹੁ-ਰੀਤਾਂ ਦੇ ਆਧਾਰ ਉੱਤੇ ਅਕਾਲ ਤਖ਼ਤ ਵੱਲੋਂ ਪਾਬੰਦੀ ਲਾਏ ਜਾਣ ਜਾਂ ਬਣਾਉਣ ਦੀ ਹੀ ਇਜ਼ਾਜਤ ਨਾ ਦਿੱਤੇ ਜਾਣ ਦੇ ਮਾਮਲੇ ਦੇਖੇ ਗਏ ਹਨ।
ਅਕਾਲ ਤਖ਼ਤ ਵੱਲੋਂ ਤੈਅ ਨਿਯਮ ਕੀ ਹਨ ?
Getty Images
ਮਈ 2025 ਵਿੱਚ ਪੰਜਾਬੀ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਵੱਲੋਂ ਬਣਾਈ ਗਈ ‘ਅਕਾਲ’ ਫਿਲਮ ਨੂੰ ਵੀ ਸਿੱਖ ਜਥੇਬੰਦੀਆਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ।
ਇਸ ਫ਼ਿਲਮ ਉੱਤੇ ਖੜੇ ਹੋਏ ਵਿਵਾਦ ਤੋਂ ਬਾਅਦ 2 ਮਈ, 2025 ਨੂੰ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਅਕਾਲ ਤਖ਼ਤ ਸਾਹਿਬ ਉੱਤੇ ਸਿੱਖ ਵਿਦਵਾਨਾਂ, ਬੁੱਧੀਜੀਵੀਆਂ ਦੀ ਅਹਿਮ ਇਕੱਤਰਤਾ ਸੱਦੀ ਗਈ ਸੀ।
ਇਸ ਇਕੱਤਰਤਾ ਤੋਂ ਬਾਅਦ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਮੀਡੀਆ ਨੂੰ ਦੱਸਿਆ ਸੀ ਕਿ ਸਿੱਖ ਗੁਰੂਆਂ ਜਾਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਬਾਰੇ ਕਿਸੇ ਵੀ ਤਰ੍ਹਾਂ ਦੀ ਫ਼ਿਲਮ ਬਣਾਉਣ ਉੱਤੇ ਪੂਰਨ ਪਾਬੰਦੀ ਲਗਾ ਦਿੱਤੀ ਗਈ ਹੈ।
ਇਸ ਦੌਰਾਨ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਅਜਿਹੀਆਂ ਫ਼ਿਲਮਾਂ ਬਣਾਉਣ ਬਾਰੇ ਸ਼੍ਰੋਮਣੀ ਕਮੇਟੀ ਵੱਲੋਂ ਪਾਸ ਕੀਤੇ ਗਏ ਕਈ ਅਹਿਮ ਮਤਿਆਂ ਦਾ ਜ਼ਿਕਰ ਵੀ ਕੀਤਾ ਸੀ।
ਗੁਰੂਆਂ ਬਾਰੇ ਫ਼ਿਲਮਾਂ ਬਣਾਉਣ ਬਾਰੇ ਪਾਸ ਹੋਏ ਮਤੇ ਕਿਹੜੇ ਹਨ?
Getty Images
ਕੁਲਦੀਪ ਸਿੰਘ ਗੜਗੱਜ ਮੁਤਾਬਕ ਸਿੱਖ ਗੁਰੂਆਂ ਬਾਰੇ ਫ਼ਿਲਮ ਬਣਾਉਣ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਧਰਮ ਪ੍ਰਚਾਰ ਦੀ ਧਾਰਮਿਕ ਸਲਾਹਕਾਰ ਕਮੇਟੀ ਵੱਲੋਂ ਸਮੇਂ-ਸਮੇਂ ਉੱਤੇ ਮਤੇ ਪਾਸ ਕੀਤੇ ਗਏ ਹਨ।
ਕੁਲਦੀਪ ਸਿੰਘ ਗੜਗੱਜ ਵੱਲੋਂ ਮਈ 2025 ਵਿੱਚ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਸ਼੍ਰੋਮਣੀ ਕਮੇਟੀ ਅਤੇ ਸਲਾਹਕਾਰ ਕਮੇਟੀ ਵੱਲੋਂ ਪਾਸ ਜਾਂ ਪੇਸ਼ ਕੀਤੇ ਗਏ ਮਤੇ ਹੇਠ ਲਿਖੇ ਅਨੁਸਾਰ ਹਨ।
- ਸਾਲ 1934 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਾਸ ਕੀਤੇ ਗਏ ਮਤੇ ਅਨੁਸਾਰ ਗੁਰੂ ਸਾਹਿਬਾਨ, ਸਿੱਖ ਸ਼ਹੀਦਾਂ ਆਦਿ ਮਹਾਂਪੁਰਖਾਂ, ਇਤਿਹਾਸਕ ਸਾਖੀਆਂ ਦੇ ਸੀਨ ਅਤੇ ਸਿੱਖ ਸੰਸਕਾਰਾਂ ਦੀਆਂ ਨਕਲਾਂ ਅਤੇ ਫਿਲਮਾਂ ਬਣਾਉਣੀਆਂ ਸਿੱਖੀ ਅਸੂਲਾਂ ਦੇ ਵਿਰੁੱਧ ਹੈ।
- ਧਾਰਮਿਕ ਸਲਾਹਕਾਰ ਕਮੇਟੀ ਦੀ 1940 ਵਿੱਚ ਹੋਈ ਇਕੱਤਰਤਾ ਵਿੱਚ ਮਤਾ ਪਾਸ ਕੀਤਾ ਗਿਆ ਕਿ ਅਕਾਲ ਪੁਰਖ, ਦਸ ਗੁਰੂ ਸਾਹਿਬਾਨ ਉਨ੍ਹਾਂ ਦੇ ਪਰਿਵਾਰ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਟੇਜ ‘ਤੇ ਨਹੀਂ ਲਿਆਂਦਾ ਜਾ ਸਕਦਾ ਪਰੰਤੂ ਸਿੱਖ ਧਰਮ ਤੇ ਸਿੱਖ ਸਿਧਾਂਤਾਂ ਦਾ ਸਤਿਕਾਰ ਕਰਦਿਆਂ ਜੇ ਕੋਈ ਸੱਭਿਆਚਾਰਕ ਪੱਖ ਤੋਂ ਕੁਝ ਦਿਖਾ ਰਿਹਾ ਹੈ ਤਾਂ ਉਹ ਧਰਮ ਦੇ ਵਿਰੁੱਧ ਨਹੀਂ ਹੈ, ਪਰ ਮਰਿਆਦਾ ਦਾ ਖਿਆਲ ਰੱਖਣਾ ਲਾਜ਼ਮੀ ਹੈ।
- ਸਾਲ 2003 ਵਿੱਚ ਸ਼੍ਰੋਮਣੀ ਕਮੇਟੀ ਅੱਗੇ ਪੇਸ਼ ਕੀਤਾ ਗਿਆ ਮਤਾ ਨੰਬਰ 668 ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਸੰਬੰਧ ਵਿੱਚ ਫਿਲਮ ਬਣਾਉਣ ਦੇ ਸਬੰਧ ਵਿੱਚ ਇਤਰਾਜ਼ਹੀਣਤਾ ਦਾ ਸਰਟੀਫਿਕੇਟ ਲੈਣ ਦੀ ਮੰਗ ਕੀਤੀ ਗਈ ਜਿਸ ਨੂੰ ਧਰਮ ਪ੍ਰਚਾਰ ਕਮੇਟੀ ਦੇ ਧਾਰਮਿਕ ਸਲਾਹਕਾਰ ਬੋਰਡ ਵੱਲੋਂ ਅਪ੍ਰਵਾਨ ਕੀਤਾ ਗਿਆ ਜਿਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਨੇ ਇਸ ਨੂੰ ਰੱਦ ਕਰ ਦਿੱਤਾ।
- ਇਸੇ ਤਰ੍ਹਾਂ ਇੱਕ ਇਕੱਤਰਤਾ 2003 ਨੂੰ ਮਤਾ ਨੰਬਰ 887 ਗੁਰੂ ਸਾਹਿਬਾਨ ਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰ ਸਾਹਿਬਾਨ ਸਮੇਤ ਸਾਹਿਬਜ਼ਾਦਿਆਂ ਨੂੰ ਛੱਡ ਕੇ ਸ਼ਹੀਦ ਸਿੰਘਾਂ ਜਰਨੈਲਾਂ ਯੋਧਿਆਂ ਸੂਰਵੀਰਾਂ ਦੇ ਰੋਲ ਕਰਨ ਸਬੰਧੀ ਮਤਾ ਪੇਸ਼ ਕੀਤਾ ਗਿਆ ਜਿਸ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਪ੍ਰਵਾਨ ਨਹੀਂ ਕੀਤਾ ਗਿਆ।
- ਇਸੇ ਤਰ੍ਹਾਂ 2015 ਨੂੰ ਮਤਾ ਨੰਬਰ 2343 ਰਾਹੀਂ ਪੰਜਾਬੀ ਫਿਲਮ ‘ਨਾਨਕ ਸ਼ਾਹ ਫਕੀਰ’ ਨੂੰ ਤੁਰੰਤ ਬੈਨ ਕਰਨ ਅਤੇ ਅੱਗੇ ਭਵਿੱਖ ਵਿੱਚ ਫਿਲਮਾਂ ਦੇ ਸੈਂਸਰ ਬੋਰਡ ਵਿੱਚ ਐੱਸਜੀਪੀਸੀ ਦੇ ਨੁਮਾਇੰਦੇ ਸ਼ਾਮਿਲ ਕਰਨ ਦਾ ਮਤਾ ਵੀ ਪੇਸ਼ ਕੀਤਾ ਗਿਆ।
- 13 ਦਸੰਬਰ 2022 ਨੂੰ ਮਤਾ ਨੰਬਰ 651 ਰਾਹੀਂ ਸੰਗਤਾਂ ਦੀਆਂ ਭਾਵਨਾਵਾਂ ਨੂੰ ਮੱਦੇਨਜ਼ਰ ਰੱਖਦਿਆਂ ਗੁਰੂ ਸਾਹਿਬਾਨ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਬਾਰੇ ਹਰ ਤਰ੍ਹਾਂ ਦੀ ਫਿਲਮ ਬਣਾਉਣ ਉੱਤੇ ਮੁਕੰਮਲ ਰੋਕ ਲਾਈ ਗਈ ਹੈ।
- ਬੇਸ਼ੱਕ 2022 ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਪਾਸ ਕੀਤੇ ਗਏ ਮਤੇ ਮੁਤਾਬਕ ਸਿੱਖ ਗੁਰੂਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਕਿਰਦਾਰ ਨੂੰ ਫਿਲਮ ਰਾਹੀਂ ਦਿਖਾਉਣ ਉੱਤੇ ਪੂਰਨ ਪਾਬੰਦੀ ਲਾਈ ਗਈ ਸੀ ਪਰ ਇਸ ਸਮੇਂ ਤੱਕ ਕਈ ਫ਼ਿਲਮਾਂ ਸਿੱਖ ਗੁਰੂਆਂ, ਸਾਹਿਬਜ਼ਾਦਿਆਂ ਅਤੇ ਸਿੱਖ ਯੋਧਿਆਂ ਦੇ ਜੀਵਨ ਉੱਤੇ ਅਧਾਰਿਤ ਫ਼ਿਲਮਾਂ ਬਣ ਚੁੱਕੀਆਂ ਸਨ।
ਜਿਨ੍ਹਾਂ ਵਿੱਚੋਂ ਕਈ ਫ਼ਿਲਮਾਂ ਸਿੱਖ ਜਥੇਬੰਦੀਆਂ ਦੇ ਵਿਰੋਧ ਕਾਰਨ ਰਿਲੀਜ਼ ਨਹੀਂ ਹੋ ਸਕੀਆਂ ਪਰ ਕਈ ਫ਼ਿਲਮਾਂ ਨੂੰ ਮਨਜ਼ੂਰੀ ਮਿਲ ਗਈ ਸੀ।
ਇਸ ਤੋਂ ਇਲਾਵਾ 2022 ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਸਨ ਕਿ ਕਿਸੇ ਵੀ ਗੁਰੂ, ਉਨ੍ਹਾਂ ਦੇ ਪਰਿਵਾਰ, ਸਿੱਖ ਸ਼ਹੀਦਾਂ ਦੇ ਕਿਰਦਾਰਾਂ ਉੱਤੇ ਕੋਈ ਵੀ ਐਨੀਮੇਟਿਡ ਫ਼ਿਲਮ ਜਾਂ ਏਆਈ ਨਾਲ ਫ਼ਿਲਮ ਨਹੀਂ ਬਣਾਈ ਜਾ ਸਕਦੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI



