Home rss national punjabi2ਰਾਸ਼ਟਰੀ ਖ਼ਬਰਾਂ ਰਾਹੁਲ ਗਾਂਧੀ ਦਾ ਮਨੁਸਮ੍ਰਿਤੀ ‘ਤੇ ਬਿਆਨ: ਆਖ਼ਰ ਇਸ ਵਿੱਚ ਅਜਿਹਾ ਕੀ ਹੈ,...

ਰਾਹੁਲ ਗਾਂਧੀ ਦਾ ਮਨੁਸਮ੍ਰਿਤੀ ‘ਤੇ ਬਿਆਨ: ਆਖ਼ਰ ਇਸ ਵਿੱਚ ਅਜਿਹਾ ਕੀ ਹੈ, ਜਿਸ ‘ਤੇ ਹੁੰਦਾ ਰਿਹਾ ਹੈ ਵਿਵਾਦ

3
0

Source :- BBC PUNJABI

ਰਾਹੁਲ ਗਾਂਧੀ ਅਤੇ ਮਨੁਸਮ੍ਰਿਤੀ ਕਿਤਾਬ ਦੀ ਤਸਵੀਰ

ਤਸਵੀਰ ਸਰੋਤ, Getty Images/ANI

ਪ੍ਰਕਾਸ਼ਿਤ

ਪੜ੍ਹਨ ਦਾ ਸਮਾਂ: 9 ਮਿੰਟ

ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਦੇ ਹਾਲ ਹੀ ਵਿੱਚ ਦਿੱਤੇ ਬਿਆਨ ਤੋਂ ਬਾਅਦ ਇੱਕ ਵਾਰ ਫਿਰ ਮਨੁਸਮ੍ਰਿਤੀ ਨੂੰ ਲੈ ਕੇ ਬਹਿਸ ਛਿੜ ਗਈ ਹੈ।

ਰਾਹੁਲ ਗਾਂਧੀ ਨੇ ਮਨੁਸਮ੍ਰਿਤੀ ਦੀ ਅਲੋਚਨਾ ਕਰਦਿਆਂ ਕਿਹਾ ਸੀ ਕਿ ਇਸ ਵਿੱਚ ਔਰਤ ਵਿਰੋਧੀ ਗੱਲਾਂ ਲਿਖੀਆਂ ਗਈਆਂ ਹਨ।

ਪੁਣੇ ਵਿੱਚ ਸ਼ਨੀਵਾਰ ਨੂੰ ‘ਛਾਤਰੋਂ ਕੀ ਗੂੰਜ’ ਪ੍ਰੋਗਰਾਮ ਵਿੱਚ ਰਾਹੁਲ ਗਾਂਧੀ ਨੇ ਮਨੁਸਮ੍ਰਿਤੀ ਦਾ ਜ਼ਿਕਰ ਕੀਤਾ। ਇਸ ਤੋਂ ਬਾਅਦ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਉਨ੍ਹਾਂ ਦੀ ਆਲੋਚਨਾ ਕੀਤੀ।

ਰਾਹੁਲ ਨੇ ਮਨੁਸਮ੍ਰਿਤੀ ਵਿੱਚ ਔਰਤਾਂ ਬਾਰੇ ਲਿਖੇ ਇੱਕ ਹਵਾਲੇ ਨੂੰ ਸ਼ਰਮਨਾਕ ਦੱਸਿਆ। ਉਨ੍ਹਾਂ ਕਿਹਾ, “ਔਰਤਾਂ ਕਿਸੇ ਦੇ ਅਧੀਨ ਨਹੀਂ ਹੋ ਸਕਦੀਆਂ।”

ਰਾਹੁਲ ਗਾਂਧੀ ਨੇ ਕਿਹਾ, “ਇੱਕ ਸਮੱਸਿਆ ਹੈ ਅਤੇ ਕਾਫ਼ੀ ਵੱਡੀ ਸਮੱਸਿਆ ਹੈ। ਜਦੋਂ ਵੀ ਮੈਂ ਮਰਦਾਂ ਨਾਲ ਗੱਲ ਕਰਦਾ ਹਾਂ ਤਾਂ ਔਰਤਾਂ ਨੂੰ ਤਿੰਨ ਖਾਨਿਆਂ ਵਿੱਚ ਰੱਖਿਆ ਜਾਂਦਾ ਹੈ- ਧੀ, ਪਤਨੀ ਜਾਂ ਮਾਂ ਦੇ ਰੂਪ ਵਿੱਚ।”

ਉਨ੍ਹਾਂ ਕਿਹਾ, “ਮਾਂ, ਪਤਨੀ ਅਤੇ ਧੀ ਦੇ ਰੂਪ ਵਿੱਚ ਦੇਖੇ ਜਾਣ ਵਿੱਚ ਕੋਈ ਬੁਰਾਈ ਨਹੀਂ ਹੈ ਪਰ ਸਿਰਫ਼ ਇਹੀ ਇੱਕ ਤੁਹਾਡੀ ਪਛਾਣ ਨਹੀਂ ਹੋ ਸਕਦੀ।”

ਅਜਿਹੇ ਵਿੱਚ ਬੀਬੀਸੀ ‘ਤੇ ਪ੍ਰਕਾਸ਼ਿਤ ਇੱਕ ਪੁਰਾਣਾ ਲੇਖ ਮੁੜ ਸਾਂਝਾ ਕਰ ਰਹੇ ਹਾਂ, ਜਿਸ ਵਿੱਚ ਇਹ ਜਾਣਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਆਖ਼ਰ ਮਨੁਸਮ੍ਰਿਤੀ ਵਿੱਚ ਕੀ ਲਿਖਿਆ ਹੈ ਅਤੇ ਔਰਤਾਂ ਬਾਰੇ ਕੀ ਕਿਹਾ ਗਿਆ ਹੈ?

ਮਨੁਸਮ੍ਰਿਤੀ ਵਿੱਚ ਕੀ ਲਿਖਿਆ ਹੈ ?

ਮਨੁਸਮ੍ਰਿਤੀ ਕਿਤਾਬ ਦੀ ਤਸਵੀਰ

ਤਸਵੀਰ ਸਰੋਤ, Getty Images

“ਇੱਕ ਕੁੜੀ ਨੂੰ ਹਮੇਸ਼ਾ ਆਪਣੇ ਪਿਤਾ ਦੀ ਸੁਰੱਖਿਆ ਹੇਠ ਰਹਿਣਾ ਚਾਹੀਦਾ ਹੈ। ਵਿਆਹ ਤੋਂ ਬਾਅਦ ਉਸ ਦਾ ਪਤੀ ਉਸ ਦਾ ਰੱਖਿਅਕ ਹੋਣਾ ਚਾਹੀਦਾ ਹੈ ਅਤੇ ਪਤੀ ਦੀ ਮੌਤ ਤੋਂ ਬਾਅਦ ਉਸ ਨੂੰ ਆਪਣੇ ਬੱਚਿਆਂ ਦੀ ਮਿਹਰਬਾਨੀ ‘ਤੇ ਨਿਰਭਰ ਰਹਿਣਾ ਚਾਹੀਦਾ ਹੈ। ਕਿਸੇ ਵੀ ਹਾਲਾਤ ਵਿੱਚ ਇੱਕ ਔਰਤ ਆਜ਼ਾਦ ਨਹੀਂ ਹੋ ਸਕਦੀ।”

ਮਨੁਸਮ੍ਰਿਤੀ ਦੇ ਪੰਜਵੇਂ ਅਧਿਆਇ ਦੇ 148ਵੇਂ ਸ਼ਲੋਕ ਵਿੱਚ ਇਹ ਗੱਲ ਲਿਖੀ ਹੈ। ਇਹ ਔਰਤਾਂ ਬਾਰੇ ਮਨੁਸਮ੍ਰਿਤੀ ਦੀ ਸੋਚ ਨੂੰ ਸਪੱਸ਼ਟ ਤੌਰ ‘ਤੇ ਦਰਸਾਉਂਦੀ ਹੈ।

ਮਨੁਸਮ੍ਰਿਤੀ ਵਿੱਚ ਦਲਿਤਾਂ ਅਤੇ ਔਰਤਾਂ ਬਾਰੇ ਕਈ ਅਜਿਹੇ ਸ਼ਲੋਕ ਹਨ, ਜਿਨ੍ਹਾਂ ਕਾਰਨ ਅਕਸਰ ਵਿਵਾਦ ਪੈਦਾ ਹੁੰਦੇ ਹਨ।

ਮਨੁਸਮ੍ਰਿਤੀ ਵਿੱਚ ਲਿਖੀਆਂ ਗੱਲਾਂ ਪਿਛਲੇ ਕਈ ਸਾਲਾਂ ਤੋਂ ਵਿਵਾਦ ਦਾ ਕਾਰਨ ਬਣਦੀਆਂ ਰਹੀਆਂ ਹਨ। ਪਰ ਕੀ ਮਨੁਸਮ੍ਰਿਤੀ ਵਾਕਈ ਇੰਨੀ ਵਿਵਾਦਿਤ ਕਿਤਾਬ ਹੈ?

ਅਧਿਕਾਰ, ਅਪਰਾਧ, ਬਿਆਨ ਅਤੇ ਨਿਆਂ ਬਾਰੇ ਗੱਲ

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਇਤਿਹਾਸਕਾਰ ਨਰਹਰ ਕੁਰੁੰਦਕਰ ਦੱਸਦੇ ਹਨ, “ਸਮ੍ਰਿਤੀ ਦਾ ਮਤਲਬ ਧਰਮਸ਼ਾਸਤਰ ਹੁੰਦਾ ਹੈ। ਇਸ ਤਰ੍ਹਾਂ ਮਨੁ ਵੱਲੋਂ ਲਿਖੇ ਧਾਰਮਿਕ ਲੇਖ ਨੂੰ ਮਨੁਸਮ੍ਰਿਤੀ ਕਿਹਾ ਜਾਂਦਾ ਹੈ। ਮਨੁਸਮ੍ਰਿਤੀ ਵਿੱਚ ਕੁੱਲ 12 ਅਧਿਆਇ ਹਨ, ਜਿਨ੍ਹਾਂ ਵਿੱਚ 2684 ਸ਼ਲੋਕ ਹਨ। ਕੁਝ ਸੰਸਕਰਣਾਂ ਵਿੱਚ ਸ਼ਲੋਕਾਂ ਦੀ ਗਿਣਤੀ 2964 ਹੈ।”

ਕੁਰੁੰਦਕਰ ਹੁਣ ਤੱਕ ਮਨੁਸਮ੍ਰਿਤੀ ‘ਤੇ ਕਈ ਲੈਕਚਰ ਦੇ ਚੁੱਕੇ ਹਨ। ਇਨ੍ਹਾਂ ਤਿੰਨ ਭਾਸ਼ਣਾਂ ਨੂੰ ਇੱਕ ਕਿਤਾਬ ਦਾ ਰੂਪ ਦਿੱਤਾ ਗਿਆ ਹੈ, ਜੋ ਮਨੁਸਮ੍ਰਿਤੀ ਦੇ ਅੰਦਰ ਦੀ ਦੁਨੀਆ ਬਾਰੇ ਦੱਸਦੀ ਹੈ।

ਕੁਰੁੰਦਕਰ ਮਨੁਸਮ੍ਰਿਤੀ ਬਾਰੇ ਆਪਣੀ ਸੋਚ ਦੱਸਦਿਆਂ ਕਹਿੰਦੇ ਹਨ, “ਮੈਂ ਉਨ੍ਹਾਂ ਲੋਕਾਂ ਵਿੱਚ ਸ਼ਾਮਿਲ ਹਾਂ ਜੋ ਮਨੁਸਮ੍ਰਿਤੀ ਨੂੰ ਸਾੜਨ ਵਿੱਚ ਵਿਸ਼ਵਾਸ ਰੱਖਦੇ ਹਨ।”

ਮਨੁਸਮ੍ਰਿਤੀ ਦੀ ਬਣਤਰ ਨੂੰ ਸਮਝਾਉਂਦਿਆਂ ਕੁਰੁੰਦਕਰ ਕਹਿੰਦੇ ਹਨ, “ਇਸ ਕਿਤਾਬ ਦੀ ਰਚਨਾ ਈਸਾ ਦੇ ਜਨਮ ਤੋਂ ਦੋ-ਤਿੰਨ ਸੌ ਸਾਲ ਪਹਿਲਾਂ ਸ਼ੁਰੂ ਹੋਈ ਸੀ। ਪਹਿਲੇ ਅਧਿਆਇ ਵਿੱਚ ਕੁਦਰਤ ਦੀ ਰਚਨਾ, ਚਾਰ ਯੁੱਗਾਂ, ਚਾਰ ਵਰਣਾਂ, ਉਨ੍ਹਾਂ ਦੇ ਕਿੱਤਿਆਂ ਅਤੇ ਬ੍ਰਾਹਮਣਾਂ ਦੀ ਮਹਾਨਤਾ ਵਰਗੇ ਵਿਸ਼ੇ ਸ਼ਾਮਲ ਹਨ। ਦੂਜਾ ਅਧਿਆਇ ਬ੍ਰਹਮਚਰਿਆ ਅਤੇ ਆਪਣੇ ਮਾਲਕ ਦੀ ਸੇਵਾ ‘ਤੇ ਆਧਾਰਿਤ ਹੈ।”

“ਤੀਜੇ ਅਧਿਆਇ ਵਿੱਚ ਵਿਆਹ ਦੀਆਂ ਕਿਸਮਾਂ, ਵਿਆਹ ਦੇ ਰੀਤੀ-ਰਿਵਾਜ਼ ਅਤੇ ਸ਼ਰਾਧ ਯਾਨੀ ਪੂਰਵਜਾਂ ਨੂੰ ਯਾਦ ਕਰਨ ਬਾਰੇ ਦੱਸਿਆ ਗਿਆ ਹੈ। ਚੌਥੇ ਅਧਿਆਇ ਵਿੱਚ ਗ੍ਰਹਿਸਥ ਧਰਮ ਦੇ ਕਰਤੱਵ, ਖਾਣ ਜਾਂ ਨਾ ਖਾਣ ਦੇ ਨਿਯਮਾਂ ਅਤੇ 21 ਤਰ੍ਹਾਂ ਦੇ ਨਰਕਾਂ ਦਾ ਜ਼ਿਕਰ ਹੈ।”

“ਪੰਜਵੇਂ ਅਧਿਆਇ ਵਿੱਚ ਔਰਤਾਂ ਦੇ ਕਰਤੱਵ, ਸ਼ੁੱਧਤਾ ਅਤੇ ਅਸ਼ੁੱਧਤਾ ਆਦਿ ਦਾ ਜ਼ਿਕਰ ਹੈ। ਛੇਵੇਂ ਅਧਿਆਇ ਵਿੱਚ ਇੱਕ ਸੰਤ ਅਤੇ ਸੱਤਵੇਂ ਅਧਿਆਇ ਵਿੱਚ ਇੱਕ ਰਾਜੇ ਦੇ ਕਰਤੱਵਾਂ ਦਾ ਜ਼ਿਕਰ ਹੈ। ਅੱਠਵਾਂ ਅਧਿਆਇ ਅਪਰਾਧ, ਨਿਆਂ, ਬਿਆਨ ਅਤੇ ਰਾਜਨੀਤਿਕ ਮਾਮਲਿਆਂ ਆਦਿ ਬਾਰੇ ਗੱਲ ਕਰਦਾ ਹੈ। ਨੌਵੇਂ ਅਧਿਆਇ ਵਿੱਚ ਪਿਤਾ-ਪੁਰਖੀ ਜਾਇਦਾਦ, ਦਸਵੇਂ ਵਿੱਚ ਵਰਣਾਂ ਦੇ ਮਿਸ਼ਰਨ, ਗਿਆਰਵੇਂ ਵਿੱਚ ਪਾਪ ਕਰਮਾਂ ਅਤੇ ਬਾਰ੍ਹਵੇਂ ਅਧਿਆਇ ਵਿੱਚ ਤਿੰਨ ਗੁਣਾਂ ਅਤੇ ਵੇਦਾਂ ਦੀ ਪ੍ਰਸ਼ੰਸਾ ਹੈ। ਮਨੁਸਮ੍ਰਿਤੀ ਦੀ ਇਹ ਆਮ ਰੂਪ-ਰੇਖਾ ਹੈ।”

“ਮਨੁਸਮ੍ਰਿਤੀ ਵਿੱਚ ਅਧਿਕਾਰ, ਅਪਰਾਧ, ਬਿਆਨ ਅਤੇ ਨਿਆਂ ਬਾਰੇ ਗੱਲ ਕੀਤੀ ਗਈ ਹੈ। ਇਹ ਆਈਪੀਸੀ ਅਤੇ ਸੀਆਰਪੀਸੀ ਵਾਂਗ ਲਿਖੀ ਗਈ ਹੈ।”

ਪੰਜਾਬ ਯੂਨੀਵਰਸਿਟੀ ਵਿੱਚ ਇਤਿਹਾਸ ਪੜ੍ਹਾਉਣ ਵਾਲੇ ਰਾਜੀਵ ਲੋਚਨ ਦੱਸਦੇ ਹਨ ਕਿ ਬ੍ਰਿਟਿਸ਼ ਲੋਕਾਂ ਦੇ ਭਾਰਤ ਆਉਣ ਤੋਂ ਪਹਿਲਾਂ ਇਸ ਕਿਤਾਬ ਨੂੰ ਕਾਨੂੰਨ ਦੀ ਕਿਤਾਬ ਵਜੋਂ ਇਸਤੇਮਾਲ ਨਹੀਂ ਕੀਤਾ ਜਾਂਦਾ ਸੀ।

ਮਨੁਸਮ੍ਰਿਤੀ ਨੂੰ ਇੰਨੀ ਪ੍ਰਸਿੱਧੀ ਕਿਵੇਂ ਮਿਲੀ?

ਇਤਿਹਾਸਕਾਰ ਨਰਹਰ ਕੁਰੁੰਦਕਰ

ਤਸਵੀਰ ਸਰੋਤ, Narhar kurundakar pratishtan

ਰਾਜੀਵ ਲੋਚਨ ਮਨੁਸਮ੍ਰਿਤੀ ਦੇ ਇਤਿਹਾਸ ਨੂੰ ਸਮਝਾਉਂਦਿਆਂ ਕਹਿੰਦੇ ਹਨ, “ਜਦੋਂ ਬ੍ਰਿਟਿਸ਼ ਲੋਕ ਭਾਰਤ ਆਏ ਤਾਂ ਉਨ੍ਹਾਂ ਨੂੰ ਲੱਗਾ ਕਿ ਜਿਸ ਤਰ੍ਹਾਂ ਮੁਸਲਮਾਨਾਂ ਕੋਲ ਕਾਨੂੰਨ ਦੀ ਕਿਤਾਬ ਵਜੋਂ ਸ਼ਰੀਅਤ ਹੈ, ਉਸੇ ਤਰ੍ਹਾਂ ਹਿੰਦੂਆਂ ਕੋਲ ਵੀ ਮਨੁਸਮ੍ਰਿਤੀ ਹੈ। ਇਸ ਕਾਰਨ ਉਨ੍ਹਾਂ ਨੇ ਇਸ ਕਿਤਾਬ ਦੇ ਆਧਾਰ ‘ਤੇ ਮੁਕੱਦਮਿਆਂ ਦੀ ਸੁਣਵਾਈ ਸ਼ੁਰੂ ਕਰ ਦਿੱਤੀ।”

“ਇਸ ਦੇ ਨਾਲ ਹੀ ਕਾਸ਼ੀ ਦੇ ਪੰਡਿਤਾਂ ਨੇ ਵੀ ਅੰਗ੍ਰੇਜ਼ਾਂ ਨੂੰ ਕਿਹਾ ਕਿ ਉਹ ਮਨੁਸਮ੍ਰਿਤੀ ਨੂੰ ਹਿੰਦੂਆਂ ਦਾ ਸੂਤਰਗ੍ਰੰਥ ਦੱਸ ਕੇ ਇਸ ਦਾ ਪ੍ਰਚਾਰ ਕਰਨ। ਇਸ ਕਾਰਨ ਇਹ ਧਾਰਨਾ ਬਣ ਗਈ ਕਿ ਮਨੁਸਮ੍ਰਿਤੀ ਹਿੰਦੂਆਂ ਦਾ ਮਿਆਰੀ ਧਰਮਗ੍ਰੰਥ ਹੈ।”

ਬ੍ਰਾਹਮਣਾਂ ਦੇ ਦਬਦਬੇ ਲਈ ਮਨੁਸਮ੍ਰਿਤੀ?

ਰਾਜੀਵ ਲੋਚਨ ਦੱਸਦੇ ਹਨ, “ਜਦੋਂ ਬੁੱਧ ਸੰਘਾਂ ਦੀ ਭਾਰਤ ਵਿੱਚ ਪ੍ਰਸਿੱਧੀ ਵਧਣ ਲੱਗੀ ਤਾਂ ਬ੍ਰਾਹਮਣਾਂ ਨੇ ਆਪਣਾ ਦਬਦਬਾ ਘੱਟਦਾ ਦੇਖ ਕੇ ਇਸ ਕਿਤਾਬ ਨੂੰ ਲਿਖ ਕੇ ਆਪਣਾ ਪ੍ਰਭਾਵ ਮੁੜ ਕਾਇਮ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਇਹ ਧਾਰਨਾ ਬਣਾਈ ਕਿ ਸਮਾਜ ਵਿੱਚ ਬ੍ਰਾਹਮਣ ਦਾ ਸਥਾਨ ਸਭ ਤੋਂ ਉੱਪਰ ਹੈ ਅਤੇ ਸਮਾਜ ਵਿੱਚ ਬ੍ਰਾਹਮਣਾਂ ਅਤੇ ਹੋਰ ਲੋਕਾਂ ਲਈ ਵੱਖ-ਵੱਖ ਨਿਯਮ ਹਨ।”

“ਵਰਣਾਂ ਮੁਤਾਬਕ, ਇਸੇ ਕਾਰਨ ਬ੍ਰਾਹਮਣਾਂ ਨੂੰ ਘੱਟ ਸਜ਼ਾ ਮਿਲਦੀ ਸੀ, ਜਦਕਿ ਦੂਜੇ ਲੋਕਾਂ ਨੂੰ ਸਖ਼ਤ ਸਜ਼ਾ ਦਿੱਤੀ ਜਾਂਦੀ ਸੀ। ਇਹ ਕਿਹਾ ਗਿਆ ਕਿ ਜੋ ਵਿਅਕਤੀ ਗ਼ਲਤ ਕੰਮ ਕਰੇਗਾ, ਉਸ ਨੂੰ ਸਖ਼ਤ ਸਜ਼ਾ ਦਾ ਸਾਹਮਣਾ ਕਰਨਾ ਪਵੇਗਾ। ਇਹ ਕਿਤਾਬ ਦੱਸਦੀ ਹੈ ਕਿ ਕਿਸੇ ਵੀ ਹਾਲਤ ਵਿੱਚ ਬ੍ਰਾਹਮਣਾਂ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ।”

“ਕਿਸੇ ਵੀ ਔਰਤ ਦਾ ਕਲਿਆਣ ਉਦੋਂ ਹੀ ਹੋ ਸਕਦਾ ਹੈ, ਜਦੋਂ ਇੱਕ ਮਰਦ ਦਾ ਕਲਿਆਣ ਹੋ ਜਾਵੇ। ਇੱਕ ਔਰਤ ਨੂੰ ਕਿਸੇ ਤਰ੍ਹਾਂ ਦੇ ਧਾਰਮਿਕ ਅਧਿਕਾਰ ਨਹੀਂ ਹਨ। ਉਹ ਆਪਣੇ ਪਤੀ ਦੀ ਸੇਵਾ ਕਰਕੇ ਸਵਰਗ ਪ੍ਰਾਪਤ ਕਰ ਸਕਦੀ ਹੈ। ਮਨੁਸਮ੍ਰਿਤੀ ਵਿੱਚ ਇਹੀ ਸਭ ਲਿਖਿਆ ਹੈ।”

ਪਰ ਇਨ੍ਹਾਂ ਵਿਚਾਰਾਂ ਨੂੰ ਚੁਣੌਤੀ ਕਿਸ ਨੇ ਦਿੱਤੀ?

ਮਨੁਸਮ੍ਰਿਤੀ ਨੇ ‘ਸ਼ੂਦਰਾਂ’ ਦੇ ਸਿੱਖਿਆ ਹਾਸਲ ਕਰਨ ਦੇ ਅਧਿਕਾਰ ਨੂੰ ਨਕਾਰ ਦਿੱਤਾ ਸੀ। ਉਸ ਸਮੇਂ ਸਿੱਖਿਆ ਦੇਣ ਦਾ ਤਰੀਕਾ ਮੌਖਿਕ ਹੁੰਦਾ ਸੀ। ਅਜਿਹੇ ਵਿੱਚ ਕੁਝ ਬ੍ਰਾਹਮਣਾਂ ਨੂੰ ਛੱਡ ਕੇ ਕੋਈ ਇਹ ਨਹੀਂ ਜਾਣਦਾ ਕਿ ਮਨੁਸਮ੍ਰਿਤੀ ਆਖ਼ਰ ਕੀ ਹੈ।

ਬ੍ਰਿਟਿਸ਼ ਰਾਜ ਦੌਰਾਨ ਇਹ ਕਿਤਾਬ ਕਾਨੂੰਨੀ ਮਾਮਲਿਆਂ ਵਿੱਚ ਇਸਤੇਮਾਲ ਹੋਣ ਕਾਰਨ ਇਹ ਕਾਫ਼ੀ ਚਰਚਿਤ ਹੋ ਗਈ।

ਵਿਲੀਅਮ ਜੋਨਾਸ ਨੇ ਮਨੁਸਮ੍ਰਿਤੀ ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਕੀਤਾ ਹੈ। ਇਸ ਕਾਰਨ ਲੋਕਾਂ ਨੂੰ ਇਸ ਕਿਤਾਬ ਬਾਰੇ ਪਤਾ ਲੱਗਾ।

ਰਾਜੀਵ ਲੋਚਨ ਦੱਸਦੇ ਹਨ, “ਮਹਾਤਮਾ ਜੋਤਿਬਾ ਫੂਲੇ ਮਨੁਸਮ੍ਰਿਤੀ ਨੂੰ ਚੁਣੌਤੀ ਦੇਣ ਵਾਲੇ ਪਹਿਲੇ ਵਿਅਕਤੀ ਸਨ। ਖੇਤੀਬਾੜੀ ਮਜ਼ਦੂਰਾਂ, ਸੀਮਾਂਤ ਕਿਸਾਨਾਂ ਅਤੇ ਸਮਾਜ ਦੇ ਹੋਰ ਵੰਚਿਤ ਅਤੇ ਸ਼ੋਸ਼ਿਤ ਵਰਗਾਂ ਦੀ ਮਾੜੀ ਹਾਲਤ ਦੇਖ ਕੇ ਉਨ੍ਹਾਂ ਨੇ ਬ੍ਰਾਹਮਣਾਂ ਅਤੇ ਵਪਾਰੀਆਂ ਦੀ ਅਲੋਚਨਾ ਕੀਤੀ।”

ਜਦੋਂ ਡਾ. ਅੰਬੇਡਕਰ ਨੇ ਸਾੜੀ ਮਨੁਸਮ੍ਰਿਤੀ

ਡਾ. ਅੰਬੇਡਕਰ

ਡਾ. ਬਾਬਾ ਸਾਹਿਬ ਅੰਬੇਡਕਰ ਨੇ 25 ਦਸੰਬਰ 1927 ਨੂੰ ਮਹਾਰਾਸ਼ਟਰ ਦੇ ਕੋਲਾਬਾ ਜ਼ਿਲ੍ਹੇ (ਮੌਜੂਦਾ ਰਾਇਗੜ੍ਹ) ਦੇ ਮਹਾਡ ਵਿੱਚ ਜਨਤਕ ਤੌਰ ‘ਤੇ ਮਨੁਸਮ੍ਰਿਤੀ ਨੂੰ ਸਾੜਿਆ ਸੀ।

ਅੰਬੇਡਕਰ ਆਪਣੀ ਕਿਤਾਬ ‘ਫ਼ਿਲਾਸਫ਼ੀ ਆਫ਼ ਹਿੰਦੂਇਜ਼ਮ’ ਵਿੱਚ ਲਿਖਦੇ ਹਨ, “ਮਨੁ ਨੇ ਚਾਰ ਵਰਣ ਵਿਵਸਥਾ ਦੀ ਵਕਾਲਤ ਕੀਤੀ ਸੀ। ਮਨੁ ਨੇ ਇਨ੍ਹਾਂ ਚਾਰ ਵਰਣਾਂ ਨੂੰ ਵੱਖ-ਵੱਖ ਰੱਖਣ ਦੀ ਗੱਲ ਕਰਕੇ ਜਾਤੀ ਵਿਵਸਥਾ ਦੀ ਨੀਂਹ ਰੱਖੀ। ਹਾਲਾਂਕਿ ਇਹ ਨਹੀਂ ਕਿਹਾ ਜਾ ਸਕਦਾ ਕਿ ਮਨੁ ਨੇ ਜਾਤੀ ਵਿਵਸਥਾ ਦੀ ਰਚਨਾ ਕੀਤੀ ਪਰ ਉਨ੍ਹਾਂ ਨੇ ਇਸ ਵਿਵਸਥਾ ਦੇ ਬੀਜ ਜ਼ਰੂਰ ਬੀਜੇ ਸਨ।”

ਉਨ੍ਹਾਂ ਨੇ ਮਨੁਸਮ੍ਰਿਤੀ ਦੇ ਵਿਰੋਧ ਨੂੰ ਆਪਣੀਆਂ ਕਿਤਾਬਾਂ ‘ਕੌਣ ਥੇ ਸ਼ੂਦਰ’ ਅਤੇ ‘ਜਾਤੀ ਕਾ ਅੰਤ’ ਵਿੱਚ ਵੀ ਦਰਜ ਕਰਵਾਇਆ ਹੈ।

ਉਸ ਦੌਰ ਵਿੱਚ ਦਲਿਤਾਂ ਅਤੇ ਔਰਤਾਂ ਨੂੰ ਆਮ ਜ਼ਿੰਦਗੀ ਜੀਣ ਦਾ ਅਧਿਕਾਰ ਨਹੀਂ ਸੀ। ਇਸ ਦੇ ਨਾਲ ਹੀ ਬ੍ਰਾਹਮਣਾਂ ਦੇ ਪ੍ਰਭਾਵ ਕਾਰਨ ਜਾਤੀ ਵਿਵਸਥਾ ਦਾ ਜਨਮ ਹੋਇਆ।

ਡਾ. ਅੰਬੇਡਕਰ ਦੱਸਦੇ ਹਨ ਕਿ ਜਾਤੀ ਵਿਵਸਥਾ ਇੱਕ ਕਈ ਮੰਜ਼ਿਲਾ ਇਮਾਰਤ ਵਰਗੀ ਹੁੰਦੀ ਹੈ, ਜਿਸ ਵਿੱਚ ਇੱਕ ਮੰਜ਼ਿਲ ਤੋਂ ਦੂਜੀ ਮੰਜ਼ਿਲ ‘ਤੇ ਜਾਣ ਲਈ ਕੋਈ ਪੌੜੀ ਨਹੀਂ ਹੁੰਦੀ।

ਉਨ੍ਹਾਂ ਕਿਹਾ ਸੀ, “ਵਰਣ ਵਿਵਸਥਾ ਬਣਾ ਕੇ ਸਿਰਫ਼ ਕੰਮਾਂ ਦੀ ਹੀ ਵੰਡ ਨਹੀਂ ਕੀਤੀ ਗਈ, ਸਗੋਂ ਕੰਮ ਕਰਨ ਵਾਲੇ ਲੋਕਾਂ ਦੀ ਵੀ ਵੰਡ ਕਰ ਦਿੱਤੀ ਗਈ।”

ਮਨੁਵਾਦੀ ਅਤੇ ਮੂਲ ਨਿਵਾਸੀ

ਕਾਂਸ਼ੀ ਰਾਮ ਦੀ ਫਾਈਲ ਤਸਵੀਰ

ਤਸਵੀਰ ਸਰੋਤ, file

ਅੰਬੇਡਕਰ ਵੱਲੋਂ ਮਨੁਸਮ੍ਰਿਤੀ ਸਾੜੇ ਜਾਣ ਤੋਂ ਬਾਅਦ ਦੇਸ਼ ਭਰ ਵਿੱਚ ਕਈ ਥਾਵਾਂ ‘ਤੇ ਇਸ ਕਿਤਾਬ ਨੂੰ ਸਾੜਿਆ ਗਿਆ। ਇਸ ਨਾਲ ਅਖ਼ਬਾਰਾਂ ਵਿੱਚ ਦੇਸ਼ ਅਤੇ ਸਮਾਜ ‘ਤੇ ਮਨੁਸਮ੍ਰਿਤੀ ਦੇ ਪ੍ਰਭਾਵ ਵਰਗੇ ਮੁੱਦਿਆਂ ‘ਤੇ ਚਰਚਾ ਸ਼ੁਰੂ ਹੋ ਗਈ।

ਇਹ ਚਰਚਾਵਾਂ ਭਾਰਤ ਦੀ ਆਜ਼ਾਦੀ ਤੋਂ ਬਾਅਦ ਵੀ ਜਾਰੀ ਰਹੀਆਂ।

ਸਾਲ 1970 ਵਿੱਚ ਕਾਂਸ਼ੀ ਰਾਮ ਨੇ ਬਾਮਸੇਫ਼ (BAMCEF) ਦੀ ਸਥਾਪਨਾ ਕੀਤੀ ਅਤੇ ਐਲਾਨ ਕੀਤਾ ਕਿ ਸਮਾਜ ਦੋ ਹਿੱਸਿਆਂ ਵਿੱਚ ਵੰਡਿਆ ਹੋਇਆ ਹੈ ਜਿਨ੍ਹਾਂ ਵਿੱਚੋਂ ਇੱਕ ਹਿੱਸਾ ਮਨੁਵਾਦੀ ਹੈ ਅਤੇ ਦੂਜਾ ਹਿੱਸਾ ਮੂਲ ਨਿਵਾਸੀ ਹੈ।

ਜੇਐਨਯੂ ਵਿੱਚ ਪੜ੍ਹਾਉਣ ਵਾਲੇ ਪ੍ਰੋਫੈਸਰ ਵਿਵੇਕ ਕੁਮਾਰ ਕਹਿੰਦੇ ਹਨ, “ਕਾਂਸ਼ੀ ਰਾਮ ਕਹਿੰਦੇ ਸਨ ਕਿ ਜਾਤੀਆਂ ਦੀ ਰਚਨਾ ਮਨੁਸਮ੍ਰਿਤੀ ਦੇ ਆਧਾਰ ‘ਤੇ ਹੋਈ ਹੈ। ਇਸ ਨਾਲ ਅਸਮਾਨਤਾਵਾਂ ਵਾਲੇ ਸਮਾਜ ਦੀ ਰਚਨਾ ਹੋਈ। ਇਸ ਦੀ ਵਜ੍ਹਾ ਕਰਕੇ ਇਹ ਸਮਾਜ ਛੇ ਹਜ਼ਾਰ ਜਾਤੀਆਂ ਵਿੱਚ ਵੰਡਿਆ ਗਿਆ।”

ਮਨੁਵਾਦ ਦਾ ਸਮਰਥਨ ਕਿਸ ਨੇ ਕੀਤਾ ?

ਮਨੁ ਦੀ ਮੂਰਤੀ

ਤਸਵੀਰ ਸਰੋਤ, SK

ਮਨੁਵਾਦ ਦਾ ਸਮਰਥਨ ਕਰਨ ਵਾਲਿਆਂ ਦੀ ਗਿਣਤੀ ਵੀ ਘੱਟ ਨਹੀਂ ਹੈ।

ਇਤਿਹਾਸਕਾਰ ਨਰਹਰ ਕੁਰੁੰਦਕਰ ਦੱਸਦੇ ਹਨ, “ਮਨੁਸਮ੍ਰਿਤੀ ਦੇ ਸਮਰਥਕਾਂ ਦਾ ਇੱਕ ਧੜਾ ਕਹਿੰਦਾ ਹੈ ਕਿ ਇਸ ਸ੍ਰਿਸ਼ਟੀ ਦੀ ਰਚਨਾ ਬ੍ਰਹਮਾ ਨੇ ਕੀਤੀ ਸੀ ਅਤੇ ਦੁਨੀਆ ਦਾ ਕਾਨੂੰਨ ਪ੍ਰਜਾਪਤੀ-ਮਨੁ-ਭ੍ਰਿਗੂ ਦੀ ਪਰੰਪਰਾ ਤੋਂ ਆਇਆ ਹੈ। ਇਸ ਲਈ ਇਸ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ।”

ਕੁਰੁੰਦਕਰ ਆਪਣੀ ਕਿਤਾਬ ਵਿੱਚ ਇਸ ਬਾਰੇ ਦੱਸਦੇ ਹਨ, “ਮਨੁਸਮ੍ਰਿਤੀ ਦੇ ਬਚਾਅ ਵਿੱਚ ਇਹ ਵੀ ਕਿਹਾ ਜਾਂਦਾ ਹੈ ਕਿ ਸਮ੍ਰਿਤੀਆਂ ਵੇਦਾਂ ‘ਤੇ ਆਧਾਰਿਤ ਹਨ ਅਤੇ ਮਨੁਸਮ੍ਰਿਤੀ ਵੀ ਵੇਦਾਂ ਦੇ ਅਨੁਸਾਰ ਹੈ। ਇਸ ਕਾਰਨ ਇਸ ਨੂੰ ਵੇਦਾਂ ਵਾਂਗ ਸਨਮਾਨ ਮਿਲਣਾ ਚਾਹੀਦਾ ਹੈ। ਸ਼ੰਕਰਾਚਾਰਿਆ ਸਮੇਤ ਕਈ ਹੋਰ ਧਰਮ-ਗੁਰੂਆਂ ਨੇ ਵੀ ਇਸੇ ਆਧਾਰ ‘ਤੇ ਇਸ ਦਾ ਬਚਾਅ ਕੀਤਾ। ਮਨੁਸਮ੍ਰਿਤੀ ਦੇ ਆਧੁਨਿਕ ਸਮਰਥਕ ਕਹਿੰਦੇ ਹਨ ਕਿ ਜੇ ਇਸ ਕਿਤਾਬ ਦੇ ਕੁਝ ਹਿੱਸਿਆਂ ਨੂੰ ਛੱਡ ਦਿੱਤਾ ਜਾਵੇ ਤਾਂ ਇਹ ਸਮਾਜ ਦੇ ਭਲੇ ਦੀ ਗੱਲ ਕਰਦੀ ਹੈ।”

“ਕਾਨੂੰਨ ਲਿਖਣ ਵਾਲੇ ਪਹਿਲੇ ਵਿਅਕਤੀ”

ਵਿਵਾਦਿਤ ਆਗੂ ਸੰਭਾਜੀ ਭਿੜੇ ਨੇ ਆਪਣੇ ਇੱਕ ਭਾਸ਼ਣ ਵਿੱਚ ਦਾਅਵਾ ਕੀਤਾ ਹੈ ਕਿ ਮਨੁ ਨੇ ਵਿਸ਼ਵ ਕਲਿਆਣ ਲਈ ਇਹ ਕਿਤਾਬ ਲਿਖੀ ਅਤੇ ਉਹ ਇੱਕ ਵੱਡੇ ਕਾਨੂੰਨ ਵਿਦਵਾਨ ਸਨ।

ਕੁਝ ਲੋਕ ਕਹਿੰਦੇ ਹਨ ਕਿ ਰਾਜਸਥਾਨ ਹਾਈ ਕੋਰਟ ਵਿੱਚ ਮਨੁ ਦੀ ਇੱਕ ਮੂਰਤੀ ਵੀ ਲੱਗੀ ਹੋਈ ਹੈ।

ਰਾਜਸਥਾਨ ਨਾਲ ਸਬੰਧਤ ਦਲਿਤ ਕਾਰਕੁਨ ਪੀ. ਐਲ. ਮੀਥਾਰੋਥ ਬੀਬੀਸੀ ਨੂੰ ਦੱਸਦੇ ਹਨ, “ਜੈਪੁਰ ਬਾਰ ਐਸੋਸੀਏਸ਼ਨ ਨੇ ਇਹ ਮੂਰਤੀ ਲਗਵਾਈ ਹੈ। ਉਸ ਦਿਨਾਂ ਵਿੱਚ ਬਾਰ ਐਸੋਸੀਏਸ਼ਨ ਵਿੱਚ ਜ਼ਿਆਦਾਤਰ ਵਕੀਲ ਉੱਚ ਜਾਤੀਆਂ ਨਾਲ ਸਬੰਧਤ ਹੁੰਦੇ ਸਨ। ਅਜਿਹੇ ਵਿੱਚ ਸਮਰਥਕਾਂ ਨੇ ਦਾਅਵਾ ਕੀਤਾ ਕਿ ਮਨੁ ਕਾਨੂੰਨ ਲਿਖਣ ਵਾਲੇ ਪਹਿਲੇ ਵਿਅਕਤੀ ਸਨ, ਇਸ ਲਈ ਹਾਈ ਕੋਰਟ ਕੰਪਲੈਕਸ ਵਿੱਚ ਉਨ੍ਹਾਂ ਦੀ ਮੂਰਤੀ ਲਗਾਉਣਾ ਜਾਇਜ਼ ਹੈ।”

ਇਤਿਹਾਸ ਦੇ ਪ੍ਰੋਫੈਸਰ ਰਾਜੀਵ ਲੋਚਨ ਦੀ ਟਿੱਪਣੀ

ਸਨਾਤਨ ਸੰਸਥਾ ਵੀ ਮਨੁਸਮ੍ਰਿਤੀ ਦਾ ਸਮਰਥਨ ਕਰਦੀ ਹੈ।

ਇਸ ਸੰਸਥਾ ਨੇ ਇੱਕ ਕਿਤਾਬ ਪ੍ਰਕਾਸ਼ਿਤ ਕੀਤੀ ਹੈ ਜਿਸ ਦਾ ਸਿਰਲੇਖ ਹੈ ‘ਮਨੁਸਮ੍ਰਿਤੀ ਨੂੰ ਸਾੜਿਆ ਜਾਵੇ ਜਾਂ ਅਧਿਐਨ ਕੀਤਾ ਜਾਵੇ’ ।

ਇਸ ਸੰਸਥਾ ਦਾ ਦਾਅਵਾ ਹੈ ਕਿ ਇੱਕ ਸਮੇਂ ਵਿੱਚ ਸਮਾਜ ਮਨੁਸਮ੍ਰਿਤੀ ਦੇ ਹਿਸਾਬ ਨਾਲ ਹੀ ਚਲਦਾ ਸੀ।

ਸਨਾਤਨ ਸੰਸਥਾ ਇੱਕ ਕੱਟੜ ਹਿੰਦੂਵਾਦੀ ਸੰਗਠਨ ਹੈ, ਜਿਸ ਦੇ ਮੁਖੀ ਵਿਵਾਦਿਤ ਹਿਪਨੋਥੈਰੇਪਿਸਟ ਡਾ. ਜਯੰਤ ਅਠਾਵਲੇ ਹਨ।

ਇਸ ਸੰਸਥਾ ਨਾਲ ਜੁੜੇ ਕੁਝ ਲੋਕਾਂ ਦੇ ਨਾਮ ਕਥਿਤ ਤੌਰ ‘ਤੇ ਗੋਆ ਅਤੇ ਮਹਾਰਾਸ਼ਟਰ ਵਿੱਚ ਹੋਏ ਬੰਬ ਧਮਾਕਿਆਂ ਨਾਲ ਜੁੜੇ ਹੋਏ ਹਨ। ਇਸ ਸੰਸਥਾ ਦੇ ਕੁਝ ਲੋਕ ਤਰਕਵਾਦੀ ਨਰਿੰਦਰ ਦਾਭੋਲਕਰ, ਗੋਵਿੰਦ ਪਾਨਸਰੇ ਅਤੇ ਪੱਤਰਕਾਰ ਗੌਰੀ ਲੰਕੇਸ਼ ਦੀ ਹੱਤਿਆ ਵਿੱਚ ਅਹਿਮ ਸ਼ੱਕੀ ਵਜੋਂ ਦਰਜ ਹਨ।

ਸਨਾਤਨ ਸੰਸਥਾ ਨੇ ਇਹ ਵੀ ਕਿਹਾ ਹੈ ਕਿ ਜਰਮਨ ਦਰਸ਼ਨਸ਼ਾਸਤਰੀ ‘ਨੀਤਸ਼ੇ’ ਇਸ ਕਿਤਾਬ ਤੋਂ ਕਾਫ਼ੀ ਪ੍ਰਭਾਵਿਤ ਹੋਏ ਸਨ ਅਤੇ ਇਸ ਵਿੱਚ ਕਿਤੇ ਵੀ ਜਾਤੀ ਵਿਵਸਥਾ ਦਾ ਜ਼ਿਕਰ ਨਹੀਂ ਹੈ।

ਆਧੁਨਿਕ ਸਿੱਖਿਆ ਨਾਲ ਆਧੁਨਿਕ ਦਿਮਾਗ

ਕੁਰੁੰਦਕਰ ਕਹਿੰਦੇ ਹਨ, “ਆਧੁਨਿਕ ਸਿੱਖਿਆ ਇਨ੍ਹਾਂ ਲੋਕਾਂ ਲਈ ਆਧੁਨਿਕ ਦਿਮਾਗ ਦੀ ਰਚਨਾ ਨਹੀਂ ਕਰ ਸਕੀ। ਇਸ ਲਈ ਇਹ ਲੋਕ ਪਰੰਪਰਾਵਾਂ ਨੂੰ ਮੰਨਣ ਵਾਲੇ ਅਤੇ ਰੂੜੀਵਾਦੀ ਬਣੇ ਰਹੇ। ਆਧੁਨਿਕ ਸਿੱਖਿਆ ਨੇ ਪਰੰਪਰਾਵਾਂ ਨੂੰ ਜਾਰੀ ਰੱਖਣ ਲਈ ਨਵੇਂ ਤਰਕ ਦਿੱਤੇ।”

“ਡਾ. ਅੰਬੇਡਕਰ ਨੂੰ ਅਜਿਹੇ ਲੋਕਾਂ ‘ਤੇ ਗੁੱਸਾ ਆਉਂਦਾ ਸੀ। ਉਨ੍ਹਾਂ ਨੂੰ ਲੱਗਦਾ ਸੀ ਕਿ ਸਿੱਖਿਆ ਪ੍ਰਣਾਲੀ ਪਰੰਪਰਾਗਤ ਸੋਚ ਨੂੰ ਬਦਲਣ ਵਿੱਚ ਨਾਕਾਮ ਸਾਬਤ ਹੋਈ ਹੈ। ਇਸ ਦੀ ਥਾਂ ਰੂੜੀਵਾਦੀ ਲੋਕਾਂ ਨੇ ਆਧੁਨਿਕ ਸਿੱਖਿਆ ਨੂੰ ਇੱਕ ਹਥਿਆਰ ਵਾਂਗ ਇਸਤੇਮਾਲ ਕੀਤਾ। ਅੰਬੇਡਕਰ ਸੋਚਦੇ ਸਨ ਕਿ ਇਹੀ ਲੋਕ ਜਾਤੀ ਵਿਵਸਥਾ ਅਤੇ ਪਾਖੰਡੀਆਂ ਦੇ ਰੱਖਿਅਕ ਹਨ।”

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI