Source :- BBC PUNJABI
ਤਸਵੀਰ ਸਰੋਤ, NurPhoto via Getty Images
ਇੱਕ ਬਾਰੂਦੀ ਸੁਰੰਗ ‘ਤੇ ਪੈਰ ਰੱਖਣ ਬਾਅਦ ਓਲੇਗ ਸ਼ਿਕਿਨ ਨੂੰ ਹਸਪਤਾਲ ਲਿਜਾਇਆ ਗਿਆ। ਉਸ ਦੀ ਖੋਪੜੀ ਵਿੱਚ ਸ਼ਰੇਪਨਲ(ਬਾਰੂਦ ਦੇ ਟੁਕੜੇ) ਸਨ, ਚਿਹਰੇ ਤੇ ਹੱਥ ਜਲੇ ਸਨ ਅਤੇ ਖੱਬੀ ਅੱਖ, ਛਾਤੀ, ਬਾਹਾਂ ਅਤੇ ਲੱਤਾਂ ‘ਤੇ ਸੱਟਾਂ ਸਨ। ਉਸ ਦੀ ਖੋਪੜੀ ਦਾ ਇੱਕ ਹਿੱਸਾ ਸਰਜਰੀ ਨਾਲ ਕੱਢਣਾ ਪਿਆ।
ਸ਼ਿਕਿਨ ਨੇ ਇੱਕ ਪੀਨਲ ਕਲੋਨੀ ਤੋਂ ਰਿਹਾਈ ਦੇ ਬਦਲੇ ਫੌਜ ਵਿੱਚ ਭਰਤੀ ਹੋਣ ਦਾ ਸਮਝੌਤਾ ਕੀਤਾ ਸੀ। ਪਿਛਲੇ ਚਾਰ ਸਾਲਾਂ ਵਿੱਚ, ਰੂਸ ਵਲੋਂ ਯੂਕਰੇਨ ਨਾਲ ਆਪਣੀ ਜੰਗ ਲਈ ਹੋਰ ਸਿਪਾਹੀਆਂ ਦੀ ਭਰਤੀ ਕਰਨ ਦੀ ਕੋਸ਼ਿਸ਼ ਦੌਰਾਨ ਹਜ਼ਾਰਾਂ ਕੈਦੀਆਂ ਨੇ ਇਹੀ ਰਾਹ ਚੁਣਿਆ ਹੈ।
ਇਲਾਜ ਤੋਂ ਬਾਅਦ ਸ਼ਿਕਿਨ ਨੂੰ ਇਹ ਨਿਰਧਾਰਤ ਕਰਨ ਲਈ ਇੱਕ ਮਿਲਟਰੀ ਡਾਕਟਰੀ ਜਾਂਚ ਲਈ ਭੇਜਿਆ ਗਿਆ ਕਿ ਕੀ ਉਹ ‘ਫ਼ੌਜੀ ਸੇਵਾ ਲਈ ਅਨਫਿਟ’ ਸੀ ਜੋ ਕਿ ਸਿਪਾਹੀਆਂ ਨੂੰ ਜੰਗ ਦੇ ਸਮੇਂ ਡਿਸਚਾਰਜ ਹੋਣ ਦੀ ਇਜਾਜ਼ਤ ਦਿੰਦਾ ਹੈ।
ਸਿਫਾਰਿਸ਼ ਕੀਤੀ ਗਈ ਸੀ ਕਿ ਇੱਕ ਮਹੀਨੇ ਦੀ ਬਿਮਾਰੀ ਦੀ ਛੁੱਟੀ ਤੋਂ ਬਾਅਦ ਉਸ ਦੀ ਦੁਬਾਰਾ ਜਾਂਚ ਕੀਤੀ ਜਾਵੇ। ਪਰ ਇਸ ਦੀ ਬਜਾਏ, ਉਸ ਨੂੰ ਉਸ ਦੇ ਸਿਰ ਵਿੱਚ ਟਾਈਟੇਨੀਅਮ ਦੀ ਪਲੇਟ ਲੱਗੀ ਹੋਣ ਦੇ ਬਾਵਜੂਦ ਦੁਬਾਰਾ ਮੋਰਚੇ ‘ਤੇ ਭੇਜ ਦਿੱਤਾ ਗਿਆ।
ਤਸਵੀਰ ਸਰੋਤ, AFP via Getty Images
ਸ਼ਿਕਿਨ ਦਾ ਕੇਸ ਉਨ੍ਹਾਂ ਦਰਜਨਾਂ ਕੇਸਾਂ ਵਿੱਚੋਂ ਹੈ ਜਿਨ੍ਹਾਂ ਬਾਰੇ ਬੀਬੀਸੀ ਨਿਊਜ਼ ਰਸ਼ੀਅਨ ਨੇ ਪਤਾ ਲਗਾਇਆ। ਜਨਤਕ ਤੌਰ ‘ਤੇ ਉਪਲਬਧ ਅਦਾਲਤੀ ਦਸਤਾਵੇਜ਼ਾਂ ਤੋਂ ਇਹ ਖੁਲਾਸਾ ਹੁੰਦਾ ਹੈ ਕਿ ਕਮਾਂਡਰਾਂ ‘ਤੇ ਵਾਰ ਵਾਰ ਇਹ ਇਲਜ਼ਾਮ ਲੱਗੇ ਹਨ ਕਿ ਉਹ ਕਾਨੂੰਨੀ ਤੌਰ ‘ਤੇ ਜ਼ਰੂਰੀ ਡਾਕਟਰੀ ਜਾਂਚ ਲਈ ਭੇਜਣ ਦੀ ਬਜਾਏ ਜ਼ਖ਼ਮੀ ਸਿਪਾਹੀਆਂ ਨੂੰ ਦੁਬਾਰਾ ਜੰਗ ਦੇ ਮੈਦਾਨ ਵਿੱਚ ਭੇਜ ਦਿੰਦੇ ਸਨ।
ਰੂਸੀ ਕਾਨੂੰਨ ਫ਼ੌਜੀ ਡਿਊਟੀ ਅਤੇ ਫ਼ੌਜੀ ਸੇਵਾ ਦੇ ਤਹਿਤ ਸਰੀਰਕ ਯੋਗਤਾ ਦੀਆਂ ਦੋ ਸ਼੍ਰੇਣੀਆਂ ਅਯੋਗ ਅਤੇ ਅੰਸ਼ਿਕ ਤੌਰ ‘ਤੇ ਯੋਗ, ਸਮੇਂ ਤੋਂ ਪਹਿਲਾਂ ਸੇਵਾਮੁਕਤੀ ਦਾ ਕਾਰਨ ਬਣ ਸਕਦੀਆਂ ਹਨ।
ਇਨ੍ਹਾਂ ਦਾ ਨਿਰਧਾਰਨ ਇੱਕ ਫ਼ੌਜੀ ਮੈਡੀਕਲ ਬੋਰਡ ਵੱਲੋਂ ਕੀਤਾ ਜਾਣਾ ਹੁੰਦਾ ਹੈ ਜਿਸ ਵਿੱਚ ਇੱਕ ਫਿਜ਼ੀਸ਼ੀਅਨ, ਸਰਜਨ, ਨਿਓਰੋਲੌਜਿਸਟ, ਮਨੋਚਿਕਿਤਸਕ, ਅੱਖਾਂ ਦੇ ਮਾਹਿਰ, ਨੱਕ-ਕੰਨ-ਗਲੇ ਦੇ ਮਾਹਿਰ, ਦੰਦਾਂ ਦੇ ਡਾਕਟਰ ਅਤੇ ਲੋੜ ਪੈਣ ‘ਤੇ ਹੋਰ ਮਾਹਿਰ ਸ਼ਾਮਲ ਹੁੰਦੇ ਹਨ।
ਪੂਰੇ ਮੈਡੀਕਲ ਬੋਰਡ ਵੱਲੋਂ ਜਾਂਚ ਨਾ ਕੀਤੇ ਜਾਣ ‘ਤੇ ਸ਼ਿਕਿਨ ਨੇ ਨਿਜ਼ਨੀ ਨੋਵਗੋਰੋਡ ਗੈਰੀਸਨ ਮਿਲਟਰੀ ਕੋਰਟ ਵਿੱਚ ਸ਼ਿਕਾਇਤ ਕੀਤੀ ਕਿ ਉਸ ਨਾਲ ਗੈਰ ਕਾਨੂੰਨੀ ਵਿਵਹਾਰ ਕੀਤਾ ਗਿਆ ਸੀ। ਅਦਾਲਤ ਸਪਸ਼ਟ ਤੌਰ ‘ਤੇ ਸਹਿਮਤ ਹੋ ਗਈ ਅਤੇ ਉਸ ਦੇ ਕਮਾਂਡਰ ਨੂੰ ਇਹ ਯਕੀਨੀ ਬਣਾਉਣ ਦਾ ਹੁਕਮ ਦਿੱਤਾ ਕਿ ਉਸ ਦੀ ਜਾਂਚ ਕਰਵਾਈ ਜਾਵੇ।
ਪਰ ਕਾਗਜ਼ੀ ਕਾਰਵਾਈ ਦਾ ਸਿਲਸਿਲਾ ਇੱਥੇ ਹੀ ਖ਼ਤਮ ਹੋ ਜਾਂਦੀ ਹੈ। ਇੰਟਰਨੈਟ ‘ਤੇ ਕਿਤੇ ਵੀ ਸ਼ਿਕਿਨ ਦਾ ਕੋਈ ਹੋਰ ਜ਼ਿਕਰ ਨਹੀਂ ਹੈ ਅਤੇ ਇਹ ਵੀ ਪਤਾ ਨਹੀਂ ਹੈ ਕਿ ਕੀ ਉਸ ਦੀ ਕਦੇ ਦੁਬਾਰਾ ਜਾਂਚ ਹੋਈ ਸੀ ਜਾਂ ਇਹ ਵੀ ਕਿ ਉਹ ਹੁਣ ਜਿਉਂਦਾ ਹੈ ਜਾਂ ਮਰ ਚੁੱਕਾ ਹੈ।
ਜੰਗ ਵਿੱਚ ਉਨ੍ਹਾਂ ਦੀ ‘ਬੇਰਹਿਮੀ ਨਾਲ ਵਰਤੋਂ’ ਕੀਤੀ ਜਾ ਰਹੀ ਹੈ
ਤਸਵੀਰ ਸਰੋਤ, Getty Images
ਮਨੁੱਖੀ ਅਧਿਕਾਰ ਸੰਗਠਨ ਸਿਟੀਜ਼ਨ ਆਰਮੀ ਲਾਅ ਦੇ ਡਾਇਰੈਕਟਰ ਸਰਗੇਈ ਕ੍ਰੀਵੇਂਕੋ ਮੁਤਾਬਕ, ਕਈ ਸਾਬਕਾ ਕੈਦੀ ਅਸਲ ਵਿੱਚ ਫੌਜ ‘ਚ ਫਸ ਚੁੱਕੇ ਹਨ, ਜਿਸ ਕਾਰਨ ਜੰਗ ਵਿੱਚ ਉਨ੍ਹਾਂ ਦੀ ‘ਬੇਰਹਿਮੀ ਨਾਲ ਵਰਤੋਂ’ ਕੀਤੀ ਜਾ ਰਹੀ ਹੈ।
ਉਦਾਹਰਨ ਵਜੋਂ ਸਾਊਦਰਨ ਡਿਸਟ੍ਰਿਕਟ ਮਿਲਟਰੀ ਕੋਰਟ ਨੇ ਫ਼ੈਸਲਾ ਸੁਣਾਇਆ ਕਿ ਰੁਸਤਮ ਫਰਜ਼ਾਈਲੇਵ ਦਾ ਅਪਰਾਧਿਕ ਰਿਕਾਰਡ ਉਸ ਨੂੰ ਫੌਜ ਛੱਡਣ ਤੋਂ ਰੋਕਦਾ ਹੈ ਭਾਵੇਂ ਕਿ ਉਹ ਇੱਕ ‘ਸੋਸ਼ਲੀ ਸਿਗਨੀਫਿਕੈਂਟ ਇਲਨੈੱਸ’ ਦੇ ਕਾਰਨ ਅੰਸ਼ਿਕ ਤੌਰ ‘ਤੇ ਫਿਟ ਸੀ।
ਦੂਜੇ ਪਾਸੇ ਸਾਬਕਾ ਕੈਦੀ ਵਿਟਾਲੀ ਕਾਮੇਨਿਊਕ ਨੇ ਸ਼ਿਕਾਇਤ ਕੀਤੀ ਕਿ ਉਸ ਨੂੰ ਸਿਰਫ਼ ਨਿਉਰੋਲੌਜਿਸਟ ਦੀ ਰਾਏ ਦੇ ਅਧਾਰ ‘ਤੇ ਫ਼ੌਜੀ ਸੇਵਾ ਲਈ ਯੋਗ ਐਲਾਨ ਦਿੱਤਾ ਗਿਆ ਸੀ ਅਤੇ ਉਸ ਦੀ ਰਸਮੀ ਜਾਂਚ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ, ਭਾਵੇਂ ਕਿ ਉਸ ਦੇ ਅਸਲ ਸੱਟ ਦੇ ਸਰਟੀਫਿਕੇਟ ਵਿੱਚ ਇੱਕ ‘ਗੰਭੀਰ ਸੱਟ’ ਸਵੀਕਾਰ ਕੀਤੀ ਗਈ ਸੀ।
ਆਮ ਵਾਲੰਟੀਅਰ ਜਿਨ੍ਹਾਂ ਨੇ ਆਪਣੀਆਂ ਉਂਗਲਾਂ ਗਵਾ ਦਿੱਤੀਆਂ ਹਨ ਜਾਂ ਜੋ ਐਚ.ਆਈ.ਵੀ, ਟੀਬੀ, ਕੈਂਸਰ ਜਾਂ ਮਾਨਸਿਕ ਬਿਮਾਰੀ ਜਿਹੀਆਂ ਸਥਿਤੀਆਂ ਤੋਂ ਪੀੜਤ ਹਨ, ਉਨ੍ਹਾਂ ਨੂੰ ਅੰਸ਼ਿਕ ਤੌਰ ‘ਤੇ ਫਿਟ ਕਹਿ ਕੇ ਡਿਸਚਾਰਜ ਕਰ ਦਿੱਤਾ ਗਿਆ ਸੀ। ਪਰ ਡਾਕਟਰੀ ਜਾਂਚ ਬਾਰੇ ਸ਼ਿਕਾਇਤ ਕਰਨ ਵਾਲੇ ਸਿਰਫ਼ ਸਾਬਕਾ ਕੈਦੀ ਹੀ ਨਹੀਂ ਹਨ।
ਸਾਲ 2022 ਵਿੱਚ ਜਦੋਂ ਲੱਖਾਂ ਰਾਖਵੇਂ ਸੈਨਿਕਾਂ ਨੂੰ ਸੇਵਾ ਲਈ ਬੁਲਾਇਆ ਗਿਆ ਸੀ ਤਾਂ ਰੂਸੀ ਸੰਘ ਦੇ ਰੱਖਿਆ ਮੰਤਰਾਲੇ ਨੇ ਜੰਗ ਦੇ ਵੇਲੇ ਦਾ ਇੱਕ ਨਿਰਦੇਸ਼ ਜਾਰੀ ਕੀਤਾ ਸੀ।
ਇਸ ਵਿੱਚ ਕਿਹਾ ਗਿਆ ਸੀ ਕਿ ਉਨ੍ਹਾਂ ਦੇ ਫ਼ੌਜੀ ਯੁਨਿਟਾਂ ਵਿੱਚ ਪਹੁੰਚਣ ‘ਤੇ ਉਨ੍ਹਾਂ ਦੀ ਡਾਕਟਰੀ ਜਾਂਚ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਛੂਤ ਦੀਆਂ ਬਿਮਾਰੀਆਂ ਦੇ ਨਾਲ-ਨਾਲ ਉਨ੍ਹਾਂ ਸੱਟਾਂ ਅਤੇ ਬਿਮਾਰੀਆਂ ਨੂੰ ਖਾਰਜ ਕੀਤਾ ਜਾ ਸਕੇ ਜੋ ਫ਼ੌਜੀ ਤਿਆਰੀ ਨੂੰ ਰੋਕਦੀਆਂ ਹਨ।
ਜੇਕਰ ਇਸ ਜਾਂਚ ਦੌਰਾਨ ਅਯੋਗਤਾ ਪਾਈ ਜਾਂਦੀ ਹੈ ਤਾਂ ਹੀ ਉਨ੍ਹਾਂ ਨੂੰ ਇੱਕ ਪੂਰੇ ਮੈਡੀਕਲ ਬੋਰਡ ਸਾਹਮਣੇ ਪੇਸ਼ ਕੀਤਾ ਜਾਵੇਗਾ।
ਅਦਾਲਤੀ ਦਸਤਾਵੇਜ਼ਾਂ ਵਿੱਚ ਰਾਖਵੇਂ ਸੈਨਿਕ ਦਿਮਿਤਰੀ ਯੇਲਕਿਨ ਦਾ ਕਹਿਣਾ ਹੈ ਕਿ ਉਸ ਨੂੰ ਸਿਰਫ਼ 11 ਸਾਲ ਪਹਿਲਾਂ ਦੇ ਮੈਡੀਕਲ ਰਿਕਾਰਡ ਦੇ ਅਧਾਰ ‘ਤੇ ਸੇਵਾ ਲਈ ਯੋਗ ਮੰਨ ਲਿਆ ਗਿਆ ਸੀ। ਉਸ ਦੀ ਮੌਜੂਦਾ ਸਿਹਤ ਦੀ ਸਹੀ ਤਰੀਕੇ ਨਾਲ ਜਾਂਚ ਨਹੀਂ ਕੀਤੀ ਗਈ ਸੀ।
“ਜੰਗ ਦੇ ਮੈਦਾਨ ਵਿੱਚ ਮੌਤਾਂ ਅਤੇ ਜ਼ਖਮੀਆਂ ਦੀ ਗਿਣਤੀਆਂ ਲਗਾਤਾਰ ਵਧ ਰਹੀ ਹੈ”
ਤਸਵੀਰ ਸਰੋਤ, Getty Images
ਇੱਕ ਹੋਰ ਨਿਰਦੇਸ਼ ਜੋ ਕਿ ਜੂਨ 2023 ਵਿੱਚ ਤਤਕਾਲੀ ਉਪ ਰੱਖਿਆ ਮੰਤਰੀ ਤਿਮੂਰ ਇਵਾਨੋਵ ਵੱਲੋਂ ਦਸਤਖ਼ਤ ਕੀਤਾ ਸੀ, ਉਸ ਵਿਚ ਕਿਹਾ ਗਿਆ ਸੀ ਕਿ ਪੂਰੇ ਮੈਡੀਕਲ ਬੋਰਡ ਦੀ ਬਜਾਏ ਫ਼ੌਜੀ ਯੁਨਿਟ ਦਾ ਡਿਊਟੀ ਡਾਕਟਰ ਜਾਂ ਪੈਰਾਮੈਡਿਕ ਹੀ ਹਸਪਤਾਲ ਤੋਂ ਛੁੱਟੀ ਮਿਲਣ ਵਾਲੇ ਜਾਂ ਬਿਮਾਰੀ ਦੀ ਛੁੱਟੀ ਤੋਂ ਪਰਤਣ ਵਾਲੇ ਸਿਪਾਹੀਆਂ ਦੀ ਜਾਂਚ ਕਰਕੇ ਉਨ੍ਹਾਂ ਨੂੰ ਫਿਟ, ਅਨਫਿਟ ਜਾਂ ਅੰਸ਼ਿਕ ਤੌਰ ‘ਤੇ ਫਿਟ ਐਲਾਨ ਕਰੇਗਾ।
ਅੱਜ ਕੈਦੀਆਂ, ਵਿਦਿਆਰਥੀਆਂ ਅਤੇ ਵਿਦੇਸ਼ੀ ਭਰਤੀ ਮੁਹਿੰਮਾਂ ਚਲਾਉਣ ਅਤੇ ਚੰਗੀਆਂ ਤਨਖਾਹਾਂ ਦੀ ਪੇਸ਼ਕਸ਼ ਕੀਤੇ ਜਾਣ ਦੇ ਬਾਵਜੂਦ ਰੂਸ ਦੇ ਕਈ ਅਜ਼ਾਦ ਮੀਡੀਆ ਅਦਾਰਿਆਂ ਨੇ ਰਿਪੋਰਟ ਦਿੱਤੀ ਹੈ ਕਿ ਫੌਜ ਵਿੱਚ ਸ਼ਾਮਲ ਹੋਣ ਦੇ ਚਾਹਵਾਨ ਲੋਕਾਂ ਦੀ ਗਿਣਤੀ ਲਗਾਤਾਰ ਘਟ ਰਹੀ ਹੈ।
ਇਸੇ ਦਰਮਿਆਨ, ਜੰਗ ਦੇ ਮੈਦਾਨ ਵਿੱਚ ਮੌਤਾਂ ਅਤੇ ਜ਼ਖਮੀਆਂ ਦੀ ਗਿਣਤੀਆਂ ਲਗਾਤਾਰ ਵਧ ਰਹੀ ਹੈ।
“ਰੂਸ ਲੰਬੇ ਸਮੇਂ ਲਈ ਆਪਣੀ ਫੌਜ ਵਿੱਚ ਸਿਪਾਹੀਆਂ ਦੀ ਗਿਣਤੀ ਨੂੰ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰ ਰਿਹਾ ਹੈ”
ਤਸਵੀਰ ਸਰੋਤ, SOPA Images/LightRocket via Getty Images
ਬੀਬੀਸੀ ਨਿਊਜ਼ ਰਸ਼ੀਅਨ ਨੇ ਹੁਣ ਤੱਕ ਇਸ ਜੰਗ ਦੌਰਾਨ ਮਾਰੇ ਗਏ 233,200 ਸਿਪਾਹੀਆਂ ਦੀ ਪਛਾਣ ਕਰ ਲਈ ਹੈ ਅਤੇ ਉਨ੍ਹਾਂ ਦੇ ਨਾਮ ਉਜਾਗਰ ਕੀਤੇ ਹਨ। ਮਈ 2026 ਵਿੱਚ ਯੂ.ਕੇ. ਦੀ ਜਾਸੂਸੀ ਏਜੰਸੀ ਗਵਰਨਮੈਂਟ ਕਮਿਉਨੀਕੇਸ਼ਨਜ਼ ਹੈੱਡਕੁਆਟਰ ਦੇ ਮੁਖੀ ਨੇ ਕਿਹਾ ਕਿ ਫ਼ਰਵਰੀ 2022 ਵਿਚ ਯੂਕਰੇਨ ‘ਤੇ ਰੂਸ ਦੇ ਵੱਡੇ ਹਮਲੇ ਤੋਂ ਲੈ ਕੇ ਹੁਣ ਤੱਕ ਲਗਭਗ ਪੰਜ ਲੱਖ ਰੂਸੀ ਸਿਪਾਹੀ ਮਾਰੇ ਜਾ ਚੁੱਕੇ ਹਨ।
ਹੁਣ ਜ਼ਖਮੀ ਫ਼ੌਜੀਆਂ ਵੱਲੋਂ ਕਾਨੂੰਨੀ ਚੁਣੌਤੀਆਂ ਦੇ ਮਾਮਲੇ ਵਧਦੇ ਦੇਖ, ਰੱਖਿਆ ਮੰਤਰਾਲੇ ਨੇ ਜੰਗ ਵੇਲੇ ਦੇ ਉਨ੍ਹਾਂ ਨਿਰਦੇਸ਼ਾਂ ਨੂੰ ਪੱਕੇ ਕਾਨੂੰਨ ਵਿੱਚ ਤਬਦੀਲ ਕਰਨ ਦੀ ਤਜਵੀਜ਼ ਪੇਸ਼ ਕੀਤੀ ਹੈ।
ਲਾਜ਼ਮੀ ਭਰਤੀ ਵਾਲੇ ਸੈਨਿਕਾਂ, ਕੰਟਰੈਕਟ ਸਿਪਾਹੀਆਂ ਅਤੇ ਲਾਮਬੰਦ ਕੀਤੇ ਕਰਮਚਾਰੀਆਂ ਦੀ ਮਦਦ ਕਰਨ ਵਾਲੇ ਗਰੁੱਪ ‘ਕਾਲ ਟੂ ਕੌਨਸ਼ੰਸ’ ਦੇ ਇੱਕ ਵਕੀਲ ਨੇ ਕਿਹਾ, “ਮੁੱਖ ਰੂਪ ਵਿੱਚ ਉਹ ਫ਼ੌਜੀ ਮੈਡੀਕਲ ਬੋਰਡ ਦੀ ਥਾਂ ਸਿਰਫ਼ ਇੱਕ ਸਧਾਰਨ ਡਾਕਟਰੀ ਜਾਂਚ ਲਿਆਉਣਾ ਚਾਹੁੰਦੇ ਹਨ। ਅਤੇ ਇਹ ਸੰਕੇਤ ਦਿੰਦਾ ਹੈ ਕਿ ਰੂਸ ਲੰਬੇ ਸਮੇਂ ਲਈ ਆਪਣੀ ਫੌਜ ਵਿੱਚ ਸਿਪਾਹੀਆਂ ਦੀ ਗਿਣਤੀ ਨੂੰ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰ ਰਿਹਾ ਹੈ।”
ਪਛਾਣ ਗੁਪਤ ਰੱਖਣ ਦੀ ਸ਼ਰਤ ‘ਤੇ ਵਕੀਲ ਨੇ ਬੀਬੀਸੀ ਨਿਊਜ਼ ਰਸ਼ੀਅਨ ਨਾਲ ਗੱਲ ਕਰਦਿਆਂ ਕਿਹਾ, “ਇਸ ਦਾ ਮਤਲਬ ਹੈ ਕਿ ਹੁਣ ਇਨ੍ਹਾਂ ਨੂੰ ਆਰਜ਼ੀ ਕਦਮਾਂ ਵਜੋਂ ਨਹੀਂ ਦੇਖਿਆ ਜਾ ਰਿਹਾ ਹੈ। ਉਹ ਦਹਾਕਿਆਂ ਤੱਕ ਇਸੇ ਤਰ੍ਹਾਂ ਲੜਨ ਦੀ ਤਿਆਰੀ ਕਰ ਰਹੇ ਹਨ।”
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI


