Home rss national punjabi2ਰਾਸ਼ਟਰੀ ਖ਼ਬਰਾਂ ‘ਸਾਡੇ ਵਾਲੀ ਨਸਲ ਤਾਂ ਹਰ ਤਾਕਤਵਰ ਬੰਦੇ ਨਾਲ ਜੀ-ਜੀ ਕਰਕੇ ਗੱਲ...

‘ਸਾਡੇ ਵਾਲੀ ਨਸਲ ਤਾਂ ਹਰ ਤਾਕਤਵਰ ਬੰਦੇ ਨਾਲ ਜੀ-ਜੀ ਕਰਕੇ ਗੱਲ ਕਰਦੀ ਸੀ, ਇਸ ਨਸਲ ਦਾ ਤਾਂ ਝਾਕਾ ਹੀ ਲਹਿ ਗਿਆ’ – ਨਜ਼ਰੀਆ

3
0

Source :- BBC PUNJABI

ਔਰਤਾਂ ਦਾ ਮੁਜ਼ਾਹਰਾ

ਪ੍ਰਕਾਸ਼ਿਤ

ਪੜ੍ਹਨ ਦਾ ਸਮਾਂ: 4 ਮਿੰਟ

ਸਰਕਾਰ ਕਿਤੋਂ ਦੀ ਵੀ ਹੋਵੇ, ਲੋਕੀ ਉਹਦੇ ਕੋਲੋਂ ਡਰਦੇ ਨੇ। ਅਸੀਂ ਪਾਕਿਸਤਾਨੀ ਵੀ ਆਪਣੀ ਸਰਕਾਰ ਕੋਲੋਂ ਡਰਦੇ ਹਾਂ।

ਕਦੀ ਕਦੀ ਸਰਕਾਰ ਨਾਲ ਮਖੌਲ ਕਰ ਲੈਦੇਂ ਹਾਂ। ਕਦੀ ਕਦੀ ਧੀਮੇ ਸੁਰਾਂ ਵਿੱਚ ‘ਹਮ ਦੇਖੇਂਗੇ ਲਾਜ਼ਿਮ ਹੈ ਕਿ ਹਮ ਭੀ ਦੇਖੇਂਗੇ’ ਵਾਲਾ ਤਰਾਨਾ ਗਾ ਲੈਂਦੇ ਹਾਂ ਪਰ ਅੰਦਰੋਂ ਅਸੀਂ ਡਰਦੇ ਰਹਿੰਦੇ ਹਾਂ।

ਨਾਲ ਗੁਆਂਢ ਵਿੱਚ, ਇੰਡੀਆ ਵਿੱਚ ਤਾਂ ਪਿਛਲੇ 14-15 ਵਰ੍ਹਿਆਂ ਤੋਂ ਸਰਕਾਰ ਦਾ ਖੌਫ ਬਹੁਤ ਹੀ ਜ਼ਿਆਦਾ ਸੀ।

ਇੱਕ ਇੰਡੀਅਨ ਦੋਸਤ ਬਹੁਤ ਸਾਲਾਂ ਬਾਅਦ ਬਾਹਰਲੇ ਕਿਸੇ ਮੁਲਕ ਮਿਲਿਆ ਤੇ ਉਹ ਮੋਦੀ ਜੀ ਦਾ ਨਾਮ ਲੈਣ ਤੋਂ ਪਹਿਲਾਂ ਇੱਧਰ ਉਧਰ ਵੇਖੇ ਤੇ ਜੇ ਨਾਮ ਲਵੇ ਤਾਂ ਅਵਾਜ਼ ਨੀਵੀਂ ਕਰਕੇ। ਮੈਂ ਸਮਝਾਇਆ ਕਿ ਮੋਦੀ ਜੀ ਹਾਲੇ ਇੱਥੇ ਤੱਕ ਨਹੀਂ ਪਹੁੰਚੇ ਤੂੰ ਖੁੱਲ੍ਹ ਕੇ ਬੋਲ।

ਲੇਕਿਨ ਹੁਣ ਇਕਦਮ ਲੱਗਿਆ ਹੈ ਕਿ ਇੰਡੀਅਨ ਮੁੰਡਿਆਂ ਤੇ ਕੁੜੀਆਂ ਦਾ ਡਰ ਇਕਦਮ ਖਤਮ ਹੋ ਗਿਐ। ਸਰਕਾਰ ਨੇ ਕਾਕਰੋਚ ਜਨਤਾ ਪਾਰਟੀ ਦੇ ਲੀਡਰ ਨੂੰ ਜਹਾਜ਼ ‘ਚੋਂ ਖਿੱਚ ਕੇ ਗ੍ਰਿਫ਼ਤਾਰ ਕੀਤਾ ਹੈ। ਇੱਕ ਵੱਡੇ ਯੂਟਿਊਬਰ ਨੂੰ ਉਹਦੇ ਬਿਸਤਰੇ ‘ਚੋਂ ਚੁੱਕ ਕੇ ਲੈ ਗਏ ਨੇ।

ਮੁਹੰਮਦ ਹਨੀਫ

ਤੇ ਇੱਕ ਨੇਹਾ ਬੋਰਾ ਹੈ ਜਿਹੜੀ ਦਿੱਲੀ ਦੀਆਂ ਗਲੀਆਂ ਵਿੱਚ ਅੱਗੇ ਅੱਗੇ ਤੇ ਪੁਲਿਸਾਂ ਉਹਦੇ ਪਿੱਛੇ ਪਿੱਛੇ। ਕਦੀ ਉਹਨੂੰ ਡੰਡਾ-ਡੋਨੀ ਕਰਕੇ ਬੱਸ ਵਿੱਚ ਸੁੱਟਦੇ ਨੇ, ਤੇ ਉਹ ਤਾਕੀ ਵਿੱਚੋਂ ਮੂੰਹ ਕਰਕੇ ਫਿਰ ਤਕਰੀਰ ਕਰਨੀ ਸ਼ੁਰੂ ਕਰ ਦਿੰਦੀ ਹੈ।

ਪੁਲਿਸ ਇਨ੍ਹਾਂ ਨੂੰ ਡੰਡੇ ਮਾਰਦੀ ਹੈ ਅਤੇ ਜਵਾਨ ਅੱਗੋਂ ਪੁਲਿਸ ਨੂੰ ਜੁਗਤਾਂ ਮਾਰਦੇ ਨੇ।

ਪੁਲਿਸ ਸੜਕਾਂ ‘ਤੇ ਤਰੌਂਦੀ ਹੈ ਅਤੇ ਜਵਾਨ ਅੱਗੋਂ ਨਾਅਰੇ ਮਾਰਦੇ ਨੇ ਕਿ ਸਾਨੂੰ ਰੋਟੀ ਖਵਾਓ, ਸਾਨੂੰ ਚਾਹ ਪਿਆਓ। ਨਾ ਕੋਈ ਡੰਡਿਆਂ ਦਾ ਡਰ ਹੈ ਨਾ ਕੋਈ ਅਰੈਸਟ ਦਾ ਖੌਫ।

ਇਸ ਤੋਂ ਪਹਿਲਾਂ ਜੋ ਸਾਡੇ ਵਾਲੀ ਨਸਲ ਸੀ, ਉਹ ਹਰ ਤਾਕਤਵਰ ਬੰਦੇ ਨਾਲ ਆਪ, ਜਨਾਬ ਤੇ ਜੀ-ਜੀ ਕਰਕੇ ਗੱਲ ਕਰਦੀ ਸੀ, ਇਸ ਨਸਲ ਦਾ ਝਾਕਾ ਲਹਿ ਗਿਆ ਹੈ।

ਕੁਝ ਮਹੀਨੇ ਪਹਿਲਾਂ ਜੰਤਰ ਮੰਤਰ ਅੱਪੜੇ ਸਨ ਅਤੇ ਐਜੁਕੇਸ਼ਨ ਮਿਨਿਸਟਰ ਦਾ ਅਸਤੀਫਾ ਲੈ ਕੇ ਹੀ ਘਰ ਗਏ ਸਨ। ਹੁਣ ਇਲੈਕਸ਼ਨ ਕਮਿਸ਼ਨਰ ਦਾ ਅਸਤੀਫਾ ਮੰਗਣ ਆਏ ਨੇ ਅਤੇ ਉਹਦਾ ਨਾਮ ਵੀ ਨਹੀਂ ਲੈਂਦੇ ਤੇ ਕਹਿੰਦੇ ਨੇ, ‘ਗਿਆਨੂ, ਯੂ ਆਰ ਡਨ ਬਰੋ।’

‘ਤਾਕਤਵਰ ਸਰਕਾਰਾਂ ਨੂੰ ਸਭ ਤੋਂ ਜ਼ਿਆਦਾ ਡਰ ਲੋਕਾਂ ਦੇ ਹਾਸੇ ਤੋਂ ਲਗਦਾ ਹੈ।’

ਨੇਹਾ ਬੋਰਾ

ਤਾਕਤਵਰ ਸਰਕਾਰਾਂ ਨੂੰ ਸਭ ਤੋਂ ਜ਼ਿਆਦਾ ਡਰ ਲੋਕਾਂ ਦੇ ਹਾਸੇ ਤੋਂ ਲਗਦਾ ਹੈ। ਤੇ ਇੰਡੀਅਨ ਜਵਾਨਾਂ ਨੂੰ ਵੀ ਇਹ ਗੱਲ ਸਮਝ ਆ ਗਈ ਏ ਕਿ ਮਸਲਾ ਜਿੰਨਾ ਵੀ ਸੀਰੀਅਸ ਤੋਂ ਸੀਰੀਅਸ ਹੋਵੇ ਇਨ੍ਹਾਂ ਦੇ ਨਾਲ ਗੱਲ ਮਜ਼ਾਕ ਦੇ ਵਿੱਚ ਹੀ ਕਰੋ।

ਜੇ ਸਰਕਾਰ ਆਪਣੀ ਤਾਕਤ ਵਿਖਾਉਣ ਲਈ ਬਾਰਡਰ ਤੋਂ ਵਰਦੀ ਵਾਲੇ ਜਵਾਨ ਬੁਲਾ ਕੇ ਤੇ ਦਿੱਲੀ ਨੂੰ ਫ਼ਤਿਹ ਕਰਨ ਦੀ ਕੋਸ਼ਿਸ਼ ਕਰੇ

ਤਾਂ ਤੁਸੀਂ ਅੱਗੋਂ ਦੋ ਕਚੋਰੀ ਇੱਕ ਸਮੋਸਾ ਵਾਲੇ ਨਾਅਰੇ ਲਾਓ।

ਪਹਿਲਾਂ ਇੰਝ ਹੁੰਦਾ ਸੀ ਕਿ ਕਿਸੇ ਇੰਡੀਅਨ ਕਾਮੇਡੀਅਨ ਨੇ ਮੋਦੀ ਸਰਕਾਰ ਬਾਰੇ ਕੋਈ ਲਤੀਫ਼ਾ ਸੁਣਾਇਆ ਤਾਂ ਕਦੀ ਉਹਨੂੰ ਜੇਲ੍ਹ ਜਾਣਾ ਪੈਂਦਾ ਸੀ ਤੇ ਕਦੀ ਉਹਦੇ ਸ਼ੋਅ ਕੈਂਸਲ ਹੁੰਦੇ ਸਨ। ਹੁਣ ਉਹੀ ਸ਼ੋਅ ਦਿੱਲੀ ਦੀ ਗਲੀ ਗਲੀ ਵਿਚ ਹੋ ਰਹੇ ਨੇ।

ਕੋਈ 12-14 ਵਰ੍ਹੇ ਪਹਿਲਾਂ ਮੈਨੂੰ ਇੰਡੀਆ ਦੀ ਇੱਕ ਅਖਬਾਰ ਦੇ ਐਡੀਟਰ ਸਾਹਬ ਨੇ ਕਿਹਾ ਕਿ ਤੁਸੀਂ ਸਾਡੇ ਲਈ ਇੰਡੀਆ ਦੀ ਸਿਆਸਤ ‘ਤੇ ਇੱਕ ਮਜ਼ਾਹੀਆ ਕਾਲਮ ਲਿਖਿਆ ਕਰੋ। ਮੈਂ ਅਰਜ਼ ਕੀਤੀ ਕਿ ਮੈਂ ਮਜ਼ਾਹੀਆ ਨਹੀਂ ਮੈਂ ਤੇ ਸੰਜੀਦਾ ਕਿਸਮ ਦਾ ਆਦਮੀ ਹਾਂ ਅਤੇ ਦੂਸਰਾ ਮੈਨੂੰ ਇੰਡੀਅਨ ਸਿਆਸਤ ਦੀ ਕੋਈ ਜ਼ਿਆਦਾ ਜਾਣਕਾਰੀ ਵੀ ਨਹੀਂ।

ਤੇ ਮੈਂ ਇਹ ਵੀ ਪੁੱਛਿਆ ਕਿ ਇੰਡੀਆ ਇੱਕ ਅਰਬ ਤੋਂ ਜ਼ਿਆਦਾ ਅਬਾਦੀ ਵਾਲਾ ਮੁਲਕ ਹੈ, ਤੁਹਾਨੂੰ ਇੱਥੋਂ ਕੋਈ ਲੋਕ ਨਹੀਂ ਮਿਲਦੇ ਜਿਹੜੇ ਸਰਕਾਰ ਦੇ ਨਾਲ ਕੋਈ ਮਖੌਲ ਕਰ ਸਕਣ।

ਹੁਣ ਇਹ ਜਿਹੜੀ ਨਵੀਂ ਨਸਲ ਹੈ ਇਹ ਸਾਡਾ ਵੀ ਮਜ਼ਾਕ ਉਡਾ ਰਹੀ ਹੈ, ਸਰਕਾਰ ਦਾ ਵੀ ਤੇ ਇਨ੍ਹਾਂ ਐਡੀਟਰਾਂ ਦਾ ਵੀ।

ਤੇ ਇੰਡੀਆ ਦੇ ਵੱਡੇ ਵੱਡੇ ਸਿਤਾਰੇ ਜਿਹੜੇ ‘ਹੈਪੀ ਬਰਥਡੇ ਮੋਦੀ ਜੀ’ ਦੇ ਮੈਸੇਜ ਰਿਕਾਰਡ ਕਰਾਉਂਦੇ ਰਹਿੰਦੇ ਸਨ ਉਹ ਹੁਣ ਆਪਣੇ ਆਪ ਨੂੰ ਗੈਰ-ਸਿਆਸੀ ਕਹਿ ਕੇ ਘਰ ਬਹਿ ਗਏ ਨੇ।

ਉੱਥੋਂ ਇੰਡੀਆ ਦੇ ਜਵਾਨਾਂ ਨੇ ਥੋੜ੍ਹਾ ਬਹੁਤ ਫੈਜ਼ ਪੜ੍ਹ ਲਿਆ ਹੈ ਅਤੇ ਸੜਕਾਂ ‘ਤੇ ਗਾਉਂਦੇ ਫਿਰਦੇ ਨੇ, ‘ਯੇ ਹਮ ਹੀ ਥੇ ਹਮ ਜਿਨਕੇ ਲਿਬਾਸ ਪੇ ਸਰੇਰਾਹ ਸਿਆਹੀ ਲਿਖੀ ਗਈ, ਯਹੀ ਦਾਗ਼ ਥੇ ਜੋ ਸਜਾ ਕੇ ਹਮ ਸਰੇਬਜ਼ ਮੇਂ ਯਾਰ ਚਲੇ ਗਏ’

ਤੇ ਮੇਰੇ ਵਰਗੇ ਪਾਕਿਸਤਾਨੀ ਸੋਚਦੇ ਨੇ ਕਿ ਫੈਜ਼ ਅਹਿਮਦ ਫੈਜ਼ ਤਾਂ ਸਾਡਾ ਪਾਕਿਸਤਾਨੀ ਸੀ, ਅਸੀਂ ਉਹਦੀਆਂ ਗਜ਼ਲਾਂ ਦਾਰੂ ਵਾਲੀ ਮਹਿਫ਼ਲ ਵਿਚ ਬਹਿ ਕੇ ਹਾਲੇ ਵੀ ਸੁਣਦੇ ਹਾਂ।

ਇਨ੍ਹਾਂ ਇੰਡੀਅਨ ਮੁੰਡੇ ਤੇ ਕੁੜੀਆਂ ਨੇ ਫੈਜ਼ ਗਾ ਗਾ ਕੇ ਮੋਦੀ ਸਰਕਾਰ ਨੂੰ ਪਤਾ ਹੀ ਨਹੀਂ ਕਿਵੇਂ ਵਖਤ ਪਾ ਦਿੱਤੈ।

ਰੱਬ ਰਾਖਾ

(ਇਹ ਲੇਖਕ ਦੇ ਨਿੱਜੀ ਵਿਚਾਰ ਹਨ)

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI