Home rss national punjabi2ਰਾਸ਼ਟਰੀ ਖ਼ਬਰਾਂ ‘ਸਿਸਟਮ ਡਿੱਗ ਚੁੱਕਿਆ ਹੈ, ਮਲਬੇ ‘ਤੇ ਤੁਹਾਡਾ ਰਾਜ ਹੈ ਤੇ ਤੁਸੀਂ ਰਾਜ...

‘ਸਿਸਟਮ ਡਿੱਗ ਚੁੱਕਿਆ ਹੈ, ਮਲਬੇ ‘ਤੇ ਤੁਹਾਡਾ ਰਾਜ ਹੈ ਤੇ ਤੁਸੀਂ ਰਾਜ ਕਰਦੇ ਰਹੋ’ – ਮੋਹਸਿਨ ਨਕਵੀ ਦੇ ਸਿਸਟਮ ਕੋਲੈਪਸ ਵਾਲੇ ਬਿਆਨ ‘ਤੇ ਮੁਹੰਮਦ ਹਨੀਫ਼ ਦੀ ਟਿੱਪਣੀ

3
0

Source :- BBC PUNJABI

ਪਾਕਿਸਤਾਨ ਦੇ ਗ੍ਰਹਿ ਮੰਤਰੀ ਮੋਹਸਿਨ ਨਕਵੀ

ਤਸਵੀਰ ਸਰੋਤ, ICANA News Agency via Getty Images

ਪਹਿਲਾਂ ਹਾਈਬ੍ਰਿਡ ਗੱਡੀਆਂ ਆਈਆਂ, ਜਿਹੜੀਆਂ ਅੱਧੀਆਂ ਪੈਟਰੋਲ ‘ਤੇ ਅਤੇ ਅੱਧੀਆਂ ਬਿਜਲੀ ‘ਤੇ ਚੱਲਦੀਆਂ ਸਨ। ਫਿਰ ਪਾਕਿਸਤਾਨ ਵਿੱਚ ਹਾਈਬ੍ਰਿਡ ਸਿਆਸੀ ਨਿਜ਼ਾਮ (ਕ਼ਾਇਦਾ-ਕਾਨੂੰਨ) ਆ ਗਿਆ। ਇਸਦਾ ਮਤਲਬ ਹੈ ਕਿ ਫੈਸਲੇ ਕਿਤੇ ਉੱਤੇ ਬੰਦ ਕਮਰੇ ਵਿੱਚ ਹੋਣਗੇ।

ਤੇ ਬਾਕੀ ਸਿਆਸਤਦਾਨ, ਅਦਾਲਤਾਂ, ਬਿਉਰੋਕ੍ਰੇਸੀ, ਮੀਡੀਆ..ਉਹ ਕੰਮ ਕਰਨਗੇ ਜੋ ਪੁਰਾਣੇ ਨਵਾਬਾਂ ਦੇ ਮੁੰਸ਼ੀ ਕਰਦੇ ਸਨ। ਮਤਲਬ ਬਹੀ-ਖਾਤੇ ਸਾਂਭਣਗੇ। ਜੇ ਕੋਈ ਘਾਟਾ-ਵਾਧਾ ਹੋ ਗਿਆ ਤਾਂ ਪੋਲੇ (ਜੁੱਤੀਆਂ) ਵੀ ਖਾਣੇ ਪੈਣਗੇ।

ਇਸ ਹਾਈਬ੍ਰਿਡ ਦੇ ਸੈਂਟਰ ਵਿੱਚ ਜੇ ਕੋਈ ਇੰਜਣ ਹੈ ਤਾਂ ਉਹ ਸਾਡੇ ਵਜ਼ੀਰ-ਏ-ਦਾਖਲਾ ਮੋਹਸਿਨ ਨਕਵੀ ਸਾਬ੍ਹ ਹਨ। ਪੁਲਿਸਾਂ, ਜੇਲ੍ਹਾਂ, ਰੇਂਜਰ..ਸਾਰੇ ਉਨ੍ਹਾਂ ਦੇ ਮੁਕੈਤ ਨੇ।

ਬਾਕੀ ਇਸ ਮ੍ਹਾਤੜ ਕੌਮ ਨੂੰ ਕ੍ਰਿਕਟ ਦਾ ਚਸਕਾ ਸੀ, ਹੁਣ ਪਾਕਿਸਤਾਨ ਕ੍ਰਿਕਟ ਕੰਟਰੋਲ ਬੋਰਡ ਦਾ ਇੰਤਜ਼ਾਮ ਵੀ ਉਨ੍ਹਾਂ ਕੋਲ ਹੀ ਹੈ।

ਪਹਿਲਾਂ ਇਸਲਾਮਾਬਾਦ ‘ਚ ਕਹਿੰਦੇ ਹੁੰਦੇ ਸਨ ਕਿ ‘ਇਸ ਹਕੂਮਤ ਕੇ ਅੰਦਰ ਏਕ ਹਕੂਮਤ ਹੈ’, ਹੁਣ ਨਕਵੀ ਸਾਬ੍ਹ ਨੇ ਹਕੂਮਤ ਦੇ ਉੱਤੇ ਇੱਕ ਆਪਣੀ ਹਕੂਮਤ ਬਣਾਈ ਹੋਈ ਹੈ।

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ ‘ਤੇ ਸਪੋਰਟ ਨਹੀਂ ਕਰਦਾ

ਸਿਆਣਿਆਂ ਨੇ ਕਾਮਯਾਬੀ ਦਾ ਇੱਕੋ ਗੁਰ ਦੱਸਿਆ ਕਿ ਸੁਣਿਆ ਜ਼ਿਆਦਾ ਕਰੋ ਤੇ ਬੋਲਿਆ ਘੱਟ ਕਰੋ, ਆਖਿਰ ਰੱਬ ਨੇ ਤੁਹਾਨੂੰ ਦੋ ਕੰਨ ਦਿੱਤੇ ਨੇ ਤੇ ਇੱਕ ਜ਼ੁਬਾਨ ਦਿੱਤੀ ਹੈ।

ਨਕਵੀ ਸਾਬ੍ਹ ਵੀ ਕਾਮਯਾਬ ਨੇ ਤੇ ਘੱਟ ਬੋਲਦੇ ਨੇ। ਪਰ ਪਿਛਲੇ ਦਿਨੀਂ ਬੋਲੇ ਤੇ ਗੱਜ-ਵੱਜ ਕੇ ਬੋਲੇ। ਫਰਮਾਇਆ ਕਿ ਇਹ ਸਿਸਟਮ ਕੋਲੈਪਸ (ਢਹਿ-ਢੇਰੀ) ਹੋ ਚੁੱਕਿਆ ਹੈ।

ਆਪਣੀ ਹੀ ਲੀਡਰਸ਼ਿਪ ਨੂੰ ਤਾਅਨਾ ਮਾਰਿਆ ਕਿ ਫੌਜੀ ਲੀਡਰਸ਼ਿਪ ਨੇ ਦੁਨੀਆਂ ਤੁਹਾਡੀ ਪਲੇਟ ‘ਤੇ ਲਿਆ ਕੇ ਰੱਖ ਦਿੱਤੀ ਹੈ, ਪਰ ਤੁਹਾਡੇ ਕੋਲੋਂ ਮੁਲਕ ਫਿਰ ਵੀ ਨਹੀਂ ਸਾਂਭਿਆ ਜਾਂਦਾ। ਨਵਿਆਂ ਸੂਬਿਆਂ ਦੀ ਨਵੀਂ ਕਿਆਦਤ ਦੀ ਗੱਲ ਕੀਤੀ।

ਉਨ੍ਹਾਂ ਦੀਆਂ ਗੱਲਾਂ ਸੁਣ ਕੇ ਸਰਕਾਰ ਦੇ ਕੁੱਝ ਸਿਆਣਿਆਂ ਨੇ ਇਸ ਤਰ੍ਹਾਂ ਦੀ ਬੁੜਬੁੜ ਕੀਤੀ ਜਿਸਨੂੰ ਉਰਦੂ ‘ਚ ਕਹਿੰਦੇ ਨੇ ਕਿ –

‘ਦਾਮਨ ਕੋ ਜ਼ਰਾ ਦੇਖ, ਜ਼ਰਾ ਬੰਦ-ਏ-ਕਬਾ ਦੇਖ’

ਲੇਕਿਨ ਸਰਕਾਰ ਦੇ ਅਸਲੀ ਵੱਡੇ ਜ਼ਰਾ ਕੁਸਗੇ ਵੀ ਨਹੀਂ।

ਪਾਕਿਸਤਾਨ ਦੇ ਗ੍ਰਹਿ ਮੰਤਰੀ ਮੋਹਸਿਨ ਨਕਵੀ

ਤਸਵੀਰ ਸਰੋਤ, AFP via Getty Images

ਨਵੇਂ ਸੂਬਿਆਂ ਦਾ ਹਿਸਾਬ ਤਾਂ ਪੁਰਾਣੇ ਸੂਬੇ ਆਪ ਕਰ ਲੈਣਗੇ। ਨਵੀਂ ਕਿਆਦਤ ਅਸੀਂ ਬੜੀ ਵਾਰੀ ਆਉਂਦੀ ਵੇਖੀ ਹੈ। ਸ਼ਰੀਫ ਖਾਨ ਨਾਮ ਦੀ ਨਵੀਂ ਨਸਲ ਸਾਡੇ ਕੋਲ ਮੌਜੂਦ ਹੈ। ਆਹ ਭੁੱਟੋ ਫੈਮਿਲੀ ਦੇ ਬੱਚੇ ਵੀ ਅੱਗੇ ਆ ਗਏ ਨੇ।

ਲੇਕਿਨ ਸਭ ਤੋਂ ਜ਼ਿਆਦਾ ਨਵੀਂ ਨਕੋਰ ਕਿਆਦਤ ਦੀ ਤਾਂ ਨਕਵੀ ਸਾਬ੍ਹ ਦੀ ਆਪਣੀ ਹੈ। ਕੋਈ ਚਾਰ-ਪੰਜ ਸਾਲ ਪਹਿਲਾਂ ਉਨ੍ਹਾਂ ਨੂੰ ਸਿਰਫ ਸਹਾਫ਼ੀ ਬਿਰਾਦਰੀ (ਪੱਤਰਕਾਰ) ਜਾਣਦੀ ਸੀ, ਤੇ ਚੰਗੇ ਲਫ਼ਜ਼ਾਂ ‘ਚ ਜਾਣਦੀ ਸੀ।

ਫਿਰ ਉਹ ਪੰਜਾਬ ਦੇ ਇੰਟੈਰਮ ਚੀਫ਼ ਮਿਨਿਸਟਰ (ਅੰਤਰਿਮ ਮੁੱਖ ਮੰਤਰੀ) ਬਣੇ ਤੇ ਉਸ ਤੋਂ ਬਾਅਦ ਵਜ਼ੀਰ-ਏ-ਦਾਖਲਾ।

ਹੁਣ ਜਿਹੜੇ ਵੀ ਬੰਦ ਕਮਰੇ ਵਿੱਚ ਸਾਡੇ ਨਸੀਬਾਂ ਦਾ ਜੋ ਵੀ ਫੈਸਲਾ ਹੁੰਦਾ ਹੈ, ਉਹ ਉਸ ਕਮਰੇ ‘ਚ ਜ਼ਰੂਰ ਮੌਜੂਦ ਹੁੰਦੇ ਹਨ।

ਪਾਕਿਸਤਾਨ

ਤਸਵੀਰ ਸਰੋਤ, AFP via Getty Images

ਹੁਣ, ਇਹ ਸਾਡੀ ਨਵੀਂ ਕਿਆਦਤ ਵੀ ਨਵੀਂ ਕਿਆਦਤ ਮੰਗ ਰਹੀ ਹੈ। ਸਿਸਟਮ ਕੋਲੈਪਸ ਦੀਆਂ ਗੱਲਾਂ ਕਰ ਰਹੀ ਹੈ ਤੇ ਦੱਸ ਰਹੀ ਹੈ ਕਿ ਉਹ ਨਿਜ਼ਾਮ ਢਹਿ ਚੁੱਕਿਆ ਹੈ।

ਸਿਸਟਮ ਹੁਣ ਆਪ ਹੀ ਆਖਦਾ ਹੈ ਕਿ ਮੈਂ ਹੁਣ ਢਹਿ ਚੁੱਕਿਆ ਹਾਂ ਤੇ ਮੇਰਾ ਕੁੱਝ ਕਰੋ।

ਆਵਾਮ ਵੀ ਕਹਿੰਦੀ ਹੈ ਕਿ ਸਿਸਟਮ ਡਿੱਗ ਚੁੱਕਿਆ ਹੈ। ਇਹ ਸਰਕਾਰ ਉਸ ਡਿੱਗੇ ਸਿਸਟਮ ਦਾ ਮਲਬਾ ਹੈ। ਤੇ ਸਾਨੂੰ ਇਸ ਲਈ ਪਤਾ ਹੈ ਕਿਉਂਕਿ ਇਹ ਮਲਬਾ ਸਾਡੇ ‘ਤੇ ਡਿੱਗਿਆ ਹੈ।

ਨਵੀਂ ਕਿਆਦਤ ਦੀਆਂ ਗੱਲਾਂ ਕਰ ਲਓ, ਫਰਿਆਦ ਰੱਖੋ ਕਿ ਬੜੇ ਖੱਜਲ-ਖੁਆਰ ਹੋਕੇ ਅਸੀਂ ਇੱਕ ਨਵੀਂ ਕਿਆਦਤ ਲਿਆਂਦੀ ਸੀ, ਉਹ ਚਾਰ ਸਾਲ ਵੀ ਨਹੀਂ ਚੱਲੀ।

ਇਮਰਾਨ ਖ਼ਾਨ ਨੂੰ ਹੁਣ ਜੇਲ੍ਹ ‘ਚ ਤਿੰਨ ਸਾਲ ਹੋ ਗਏ ਨੇ, ਤੇ ਜੇ ਇਹ ਹਾਈਬ੍ਰਿਡ ਨਿਜ਼ਾਮ ਚੱਲਦਾ ਰਿਹਾ ਤਾਂ ਉਨ੍ਹਾਂ ਨੂੰ ਤੀਹ ਸਾਲ ਵੀ ਜੇਲ੍ਹ ਸੀ’ਹ ਰੱਖ ਸਕਦਾ ਹੈ।

ਨਵੀਂ ਕਿਆਦਤ ਦੀਆਂ ਗੱਲਾਂ ਕਰਨ ਤੋਂ ਪਹਿਲਾਂ ਇਹ ਵੀ ਸੋਚ ਲਿਆ ਕਰੋ ਕਿ ਜਿਹੜੀ ਪੁਰਾਣੀ ਨਵੀਂ ਕਿਆਦਤ ਸੀ, ਉਸਦਾ ਕੀ ਅੰਜਾਮ ਹੋਇਆ ਸੀ।

ਗੱਲ ਉਨ੍ਹਾਂ ਦੀ ਸਹੀ ਹੈ ਕਿ ਸਿਸਟਮ ਡਿੱਗ ਚੁੱਕਿਆ ਹੈ, ਮਲਬੇ ‘ਤੇ ਤੁਹਾਡਾ ਰਾਜ ਹੈ ਤੇ ਤੁਸੀਂ ਰਾਜ ਕਰਦੇ ਰਹੋ।

ਰੱਬ ਰਾਖਾ!

ਨੋਟ – ਇਹ ਲੇਖਕ ਦੇ ਨਿੱਜੀ ਵਿਚਾਰ ਹਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

ਹੋਰ ਖੋਜੋ

ਸ਼ਾਰਟ ਵੀਡੀਓਜ਼ ਛੱਡੋ ਅਤੇ ਜਾਰੀ ਰੱਖੋ

ਸ਼ਾਰਟ ਵੀਡੀਓਜ਼

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ ‘ਤੇ ਸਪੋਰਟ ਨਹੀਂ ਕਰਦਾ

  • ਬਾਘ

  • ਹਰਮਨਦੀਪ ਸਿੰਘ

  • ਬਿੱਲੀ

  • ਜਦੋਂ ਸੜਦੀ ਕਾਰ ਵਿੱਚੋਂ ਬਚਾਇਆ ਗਿਆ ਸ਼ਖ਼ਸ

  • ਰਾਹੁਲ ਗਾਂਧੀ

  • ਨਾਰਵੇ ਦੇ ਫੁਟਬਾਲਰ ਅਰਲਿੰਗ ਹਾਲੈਂਡ ਕਿਹੜੀ ਅਨੋਖੀ ਚੀਜ਼ ਨਾਲ ਦਿਖੇ

  • ਜਥੇਦਾਰ ਅਕਾਲ ਤਖ਼ਤ ਸਾਹਿਬ

  • ਹਥਨੀ ਦੇ ਜੌੜੇ ਬੱਚੇ

  • ਰੋਬੋਟ

  • ਪਾਲਤੂ ਜਾਨਵਰ

  • ਦੌੜ

source : BBC PUNJABI