Home rss national punjabi2ਰਾਸ਼ਟਰੀ ਖ਼ਬਰਾਂ ਸੀਜੇਪੀ ਪ੍ਰਦਰਸ਼ਨ: ਇਸ ਕੁੜੀ ਨੂੰ ਮਿਲ ਰਹੀਆਂ ਹਨ ਧਮਕੀਆਂ, ਪੂਰੇ ਪਰਿਵਾਰ ਨੇ...

ਸੀਜੇਪੀ ਪ੍ਰਦਰਸ਼ਨ: ਇਸ ਕੁੜੀ ਨੂੰ ਮਿਲ ਰਹੀਆਂ ਹਨ ਧਮਕੀਆਂ, ਪੂਰੇ ਪਰਿਵਾਰ ਨੇ ਘਰ ਛੱਡਿਆ, ਕਿਵੇਂ ਉਨ੍ਹਾਂ ਦੀ ਜ਼ਿੰਦਗੀ ਬਦਲ ਗਈ

3
0

Source :- BBC PUNJABI

ਜੰਤਰ-ਮੰਤਰ

ਤਸਵੀਰ ਸਰੋਤ, ANI

ਚੇਤਾਵਨੀ: ਇਸ ਕਹਾਣੀ ਦੇ ਕੁਝ ਵੇਰਵੇ ਕੁਝ ਲੋਕਾਂ ਨੂੰ ਪਰੇਸ਼ਾਨ ਕਰ ਸਕਦੇ ਹਨ।

ਰਾਜਧਾਨੀ ਦਿੱਲੀ ਦੇ ਜੰਤਰ-ਮੰਤਰ ‘ਤੇ ਕਾਕਰੋਚ ਜਨਤਾ ਪਾਰਟੀ (ਸੀਜੇਪੀ) ਦੀ ਅਗਵਾਈ ਹੇਠ 36 ਦਿਨਾਂ ਤੱਕ ਚੱਲਿਆ ਅੰਦੋਲਨ ਸਰਕਾਰ ਨਾਲ ਗੱਲਬਾਤ ਤੋਂ ਬਾਅਦ ਖ਼ਤਮ ਹੋ ਗਿਆ ਹੈ, ਪਰ ਇਸ ਨਾਲ ਜੁੜੀਆਂ ਖ਼ਬਰਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ।

ਇਨ੍ਹਾਂ ਵਿੱਚ ਕੁਝ ਖ਼ਬਰਾਂ ਉਨ੍ਹਾਂ ਕੁੜੀਆਂ ਨਾਲ ਸਬੰਧਤ ਹਨ, ਜੋ ਪ੍ਰਦਰਸ਼ਨ ਵਿੱਚ ਸ਼ਾਮਲ ਹੋਈਆਂ ਸਨ ਅਤੇ ਵਾਇਰਲ ਰੀਲ ਦਾ ਹਿੱਸਾ ਬਣ ਗਈਆਂ।

ਇਨ੍ਹਾਂ ਵਿੱਚੋਂ ਇੱਕ 15 ਸਾਲ ਦੀ ਕੁੜੀ ਹੈ, ਜਿਸ ਨੇ ਐਕਸ ‘ਤੇ ਆਪਣੀ ਭਾਸ਼ਾ ਲਈ ਮੁਆਫ਼ੀ ਮੰਗਦਿਆਂ ਇੱਕ ਵੀਡੀਓ ਪੋਸਟ ਕੀਤੀ।

ਇਹ ਕੁੜੀ ਫੈਸ਼ਨ ਡਿਜ਼ਾਈਨਰ ਅਤੇ ਮੇਕਅੱਪ ਆਰਟਿਸਟ ਬਣਨਾ ਚਾਹੁੰਦੀ ਹੈ। ਪਰ ਇਸ ਵੇਲੇ ਦਸਵੀਂ ਜਮਾਤ ਵਿੱਚ ਪੜ੍ਹ ਰਹੀ ਇਹ ਵਿਦਿਆਰਥਣ ਨਹੀਂ ਜਾਣਦੀ ਕਿ ਉਹ ਬੋਰਡ ਦੀ ਪ੍ਰੀਖਿਆ ਵੀ ਦੇ ਸਕੇਗੀ ਜਾਂ ਨਹੀਂ। ਭਵਿੱਖ ਬਾਰੇ ਸੋਚਣਾ ਤਾਂ ਅਜੇ ਬਹੁਤ ਦੂਰ ਦੀ ਗੱਲ ਹੈ।

ਐੱਫਆਈਆਰ ਦਰਜ ਹੋਣ ਤੋਂ ਬਾਅਦ 26 ਜੁਲਾਈ ਤੋਂ ਉਹ ਆਪਣੀ ਮਾਂ ਨਾਲ ਘਰ ਛੱਡ ਕੇ ਕਿਸੇ ਹੋਰ ਥਾਂ ਰਹਿ ਰਹੀ ਹੈ। ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਹੁਣ ਉਹ ਕਦੋਂ ਘਰ ਵਾਪਸ ਆ ਸਕਣਗੀਆਂ।

ਇੰਸਟਾਗ੍ਰਾਮ ਅਤੇ ਦੋਸਤਾਂ ਤੋਂ ਮਿਲੀ ਜਾਣਕਾਰੀ ਤੋਂ ਬਾਅਦ ਉਹ 22 ਜੁਲਾਈ ਨੂੰ ਜੰਤਰ-ਮੰਤਰ ਪਹੁੰਚੀ ਸੀ ਅਤੇ ਇੱਕ ਸਮੂਹ ਦਾ ਹਿੱਸਾ ਬਣੀ ਸੀ।

ਬੀਬੀਸੀ ਹਿੰਦੀ ਨਾਲ ਗੱਲਬਾਤ ਕਰਦਿਆਂ ਉਸ ਨੇ ਕਿਹਾ ਕਿ ਲੋਕਾਂ ਦੀਆਂ ਗੱਲਾਂ ਤੋਂ ਪ੍ਰਭਾਵਿਤ ਹੋ ਕੇ ਉਸ ਦੇ ਮੂੰਹੋਂ ਕੁਝ ਅਜਿਹਾ ਨਿਕਲ ਗਿਆ, ਜੋ ਉਸ ਨੂੰ ਨਹੀਂ ਕਹਿਣਾ ਚਾਹੀਦਾ ਸੀ। ਇਸ ਗੱਲ ਦਾ ਅਹਿਸਾਸ ਉਸ ਨੂੰ ਬਾਅਦ ਵਿੱਚ ਹੋਇਆ। ਜਦੋਂ ਤੱਕ ਉਹ ਕੁਝ ਕਰ ਸਕਦੀ, ਉਸ ਦੀ ਰੀਲ ਵਾਇਰਲ ਹੋ ਚੁੱਕੀ ਸੀ।

ਮਾਮਲੇ ਵਿੱਚ ਜ਼ੀਰੋ ਐੱਫਆਈਆਰ ਦਰਜ ਹੋਈ

ਜੰਤਰ-ਮੰਤਰ

ਤਸਵੀਰ ਸਰੋਤ, ANI

ਸ਼ਰੁਤੀ (ਬਦਲਿਆ ਹੋਇਆ ਨਾਮ) ਦੱਸਦੀ ਹੈ, “ਇਹ ਘਟਨਾ 22 ਜੁਲਾਈ ਦੀ ਹੈ ਅਤੇ ਮੈਂ ਦੋ ਦਿਨ ਬਾਅਦ ਇਹ ਗੱਲ ਆਪਣੀ ਮਾਂ ਨੂੰ ਦੱਸੀ। ਇਸ ਰੀਲ ਦੇ ਨਾਲ-ਨਾਲ ਮੇਰੇ ਬਾਰੇ ਮਾੜੇ ਕਮੈਂਟ ਕੀਤੇ ਜਾ ਰਹੇ ਸਨ। ਮੈਨੂੰ ਮਾਰਨ, ਮੇਰੇ ਨਾਲ ਬਲਾਤਕਾਰ ਕਰਨ ਅਤੇ ਮੇਰੇ ਉੱਤੇ ਤੇਜ਼ਾਬ ਸੁੱਟਣ ਦੀਆਂ ਧਮਕੀਆਂ ਦਿੱਤੀਆਂ ਗਈਆਂ।”

“ਮੈਨੂੰ ਇਹ ਵੀ ਕਿਹਾ ਗਿਆ ਕਿ ਇਹ 500 ਵਾਲੀ… ਅਤੇ ਮੇਰੇ ਉੱਤੇ ਇਨਾਮ ਤੱਕ ਰੱਖੇ ਜਾ ਰਹੇ ਸਨ। ਮੈਂ ਬਹੁਤ ਡਰ ਗਈ ਸੀ। ਮੈਂ ਦੋ ਦਿਨ ਤੱਕ ਘਰ ਤੋਂ ਬਾਹਰ ਨਹੀਂ ਨਿਕਲੀ। ਮੇਰਾ ਨੰਬਰ ਲੀਕ ਹੋ ਗਿਆ ਸੀ। ਮੈਨੂੰ ਕਾਲਾਂ ਅਤੇ ਸੁਨੇਹਿਆਂ ਰਾਹੀਂ ਇਹ ਸਭ ਕੁਝ ਕਿਹਾ ਗਿਆ। ਅਤੇ ਇਹ ਸਿਲਸਿਲਾ ਅਜੇ ਵੀ ਨਹੀਂ ਰੁਕਿਆ ਹੈ।”

ਉਸ ਦੀ ਮਾਂ ਦੱਸਦੀ ਹੈ ਕਿ ਉਹ ਸੋਸ਼ਲ ਮੀਡੀਆ ਤੋਂ ਦੂਰ ਰਹਿੰਦੀ ਹੈ। ਪਤੀ ਦੇ ਦੇਹਾਂਤ ਤੋਂ ਬਾਅਦ ਉਹ ਭਜਨ-ਕੀਰਤਨ ਵਿੱਚ ਮਨ ਲਗਾਉਂਦੀ ਹੈ ਅਤੇ ਘਰ ਦਾ ਗੁਜ਼ਾਰਾ ਚਲਾਉਣ ਲਈ ਛੋਟੇ-ਮੋਟੇ ਕੰਮ ਕਰਦੀ ਹੈ।

ਜਦੋਂ ਉਨ੍ਹਾਂ ਨੂੰ ਆਪਣੀ ਧੀ ਤੋਂ ਇਸ ਬਾਰੇ ਪਤਾ ਲੱਗਿਆ ਤਾਂ ਉਹ ਤਿੰਨ ਦਿਨ ਤੱਕ ਸੁੰਨ ਹੋ ਗਈ ਅਤੇ ਉਸ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਕੀ ਕਰੇ।

ਉਸ ਦੀ ਮਾਂ ਨੇ ਬੀਬੀਸੀ ਹਿੰਦੀ ਨੂੰ ਦੱਸਿਆ, “ਅਜਿਹਾ ਲੱਗਿਆ ਜਿਵੇਂ ਬੰਬ ਫੱਟ ਗਿਆ ਹੋਵੇ। ਯਕੀਨ ਹੀ ਨਹੀਂ ਹੋ ਰਿਹਾ ਸੀ ਕਿ ਮੇਰੀ ਧੀ ਨੇ ਅਜਿਹੀਆਂ ਗਾਲ੍ਹਾਂ ਕੱਢੀਆਂ ਹਨ। ਕੱਲ੍ਹ ਤੱਕ ਦੁਨੀਆ ਕੁਝ ਹੋਰ ਸੀ ਅਤੇ ਅੱਜ ਬਿਲਕੁਲ ਵੱਖਰੀ ਹੈ।”

ਉਹ ਆਪਣੇ ਹੰਝੂ ਪੂੰਝਦਿਆਂ ਕਹਿੰਦੀ ਹੈ, “ਕੋਈ ਕਹਿ ਰਿਹਾ ਹੈ ਇਹ ਦੇਸ਼ਧ੍ਰੋਹੀ ਹਨ, ਅੱਤਵਾਦੀ ਹਨ। ਇਨ੍ਹਾਂ ਦਾ ਪਾਕਿਸਤਾਨ ਨਾਲ ਸਬੰਧ ਹੈ। ਮਾਂ ਕਿਹੋ ਜਿਹੀ ਹੋਵੇਗੀ? ਕੀ ਸੰਸਕਾਰ ਦਿੱਤੇ ਹਨ? ਧੰਦੇ ਵਾਲੀ ਹੋਵੇਗੀ। ਇਹ ਗੱਲਾਂ ਤਾਂ ਸਹੀ ਨਹੀਂ ਹਨ ਨਾ।”

“ਸਭ ਨੇ ਕਿਹਾ ਮੁਆਫ਼ੀ ਮੰਗ ਲਓ। ਮੈਂ ਵੀ ਮੰਨਦੀ ਹਾਂ ਕਿ ਗਾਲ੍ਹਾਂ ਨਹੀਂ ਕੱਢਣੀਆਂ ਚਾਹੀਦੀਆਂ ਸਨ। ਗਾਲ੍ਹਾਂ ਕੱਢ ਕੇ ਵਿਰੋਧ ਪ੍ਰਦਰਸ਼ਨ ਨਹੀਂ ਹੁੰਦਾ। ਐੱਫਆਈਆਰ ਵਿੱਚ ਵੀ ਗ਼ਲਤ ਜਾਣਕਾਰੀ ਦਿੱਤੀ ਗਈ। ਐੱਫਆਈਆਰ ਰੱਦ ਹੋ ਗਈ, ਪਰ ਕੋਈ ਇਹ ਕਿਉਂ ਨਹੀਂ ਕਹਿੰਦਾ ਕਿ ਘਰ ਜਾਓ, ਅਸੀਂ ਤੁਹਾਡੇ ਨਾਲ ਹਾਂ।”

ਇਸ ਮਾਮਲੇ ਵਿੱਚ ਵਕੀਲ ਸਮ੍ਰਿਤੀ ਸਿੰਘ ਚੰਦੇਲ ਨੇ ਇਹ ਇਲਜ਼ਾਮ ਲਗਾਉਂਦਿਆਂ ਸ਼ਿਕਾਇਤ ਦਰਜ ਕਰਵਾਈ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਅਪਮਾਨਜਨਕ ਅਤੇ ਇਤਰਾਜ਼ਯੋਗ ਭਾਸ਼ਾ ਦੀ ਵਰਤੋਂ ਕੀਤੀ ਗਈ ਹੈ।

ਇਸ ਦੇ ਨਾਲ ਹੀ ਉਨ੍ਹਾਂ ਦੀ ਸ਼ਿਕਾਇਤ ਵਿੱਚ ਇਹ ਵੀ ਕਿਹਾ ਗਿਆ ਸੀ ਕਿ ਇਨ੍ਹਾਂ ਟਿੱਪਣੀਆਂ ਨੇ ਨਾ ਸਿਰਫ਼ ਸੰਵਿਧਾਨਕ ਅਹੁਦੇ ਦੀ ਮਰਿਆਦਾ ਨੂੰ ਠੇਸ ਪਹੁੰਚਾਈ, ਸਗੋਂ ਜਾਣਬੁੱਝ ਕੇ ਨਫ਼ਰਤ ਫੈਲਾਉਣ ਅਤੇ ਜਨਤਕ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਵੀ ਕੀਤੀ।

ਸਮ੍ਰਿਤੀ ਸਿੰਘ ਚੰਦੇਲ

ਇਸ ਮਾਮਲੇ ਵਿੱਚ ਨੋਇਡਾ ਪੁਲਿਸ ਨੇ ਜ਼ੀਰੋ ਐੱਫਆਈਆਰ ਦਰਜ ਕੀਤੀ ਸੀ। ਇਸ ਵਿੱਚ ਭਾਰਤੀ ਨਿਆਂ ਸੰਹਿਤਾ (ਬੀਐੱਨਐੱਸ) ਦੀ ਧਾਰਾ 352 (ਸ਼ਾਂਤੀ ਭੰਗ ਕਰਨ ਦੇ ਇਰਾਦੇ ਨਾਲ ਜਾਣਬੁੱਝ ਕੇ ਅਪਮਾਨ ਕਰਨਾ), ਧਾਰਾ 353 (1) (ਜਨਤਕ ਉਪਦ੍ਰਵ ਨੂੰ ਉਤਸ਼ਾਹਿਤ ਕਰਨ ਵਾਲੇ ਬਿਆਨ) ਅਤੇ ਧਾਰਾ 356 (1) (ਮਾਣਹਾਨੀ) ਤਹਿਤ ਮਾਮਲਾ ਦਰਜ ਕੀਤਾ ਗਿਆ।

ਇਹ ਮਾਮਲਾ ਦਰਜ ਹੋਣ ਤੋਂ ਬਾਅਦ ਕਾਕਰੋਚ ਜਨਤਾ ਪਾਰਟੀ (ਸੀਜੇਪੀ) ਦੇ ਬੁਲਾਰੇ ਸੌਰਵ ਦਾਸ ਨੇ ਕਿਹਾ ਸੀ ਕਿ ਨੌਜਵਾਨ ਕੁੜੀ ਦੀਆਂ ਟਿੱਪਣੀਆਂ ਗ਼ਲਤ ਹੋ ਸਕਦੀਆਂ ਹਨ, ਪਰ ਇਸ ਤਰ੍ਹਾਂ ਦੀ ਕਾਰਵਾਈ ਨਹੀਂ ਕੀਤੀ ਜਾਣੀ ਚਾਹੀਦੀ।

ਸੌਰਵ ਦਾਸ ਨੇ ਐਕਸ ‘ਤੇ ਲਿਖਿਆ ਸੀ, “ਉਸ ਦੇ ਖ਼ਿਲਾਫ਼ ਅਪਰਾਧਿਕ ਕਾਨੂੰਨ ਦੀ ਵਰਤੋਂ ਕਰਨਾ ਮਨਜ਼ੂਰਯੋਗ ਨਹੀਂ ਹੈ। ਅਪਸ਼ਬਦਾਂ ਦੀ ਵਰਤੋਂ ਆਪਣੇ ਆਪ ਵਿੱਚ ਕੋਈ ਅਪਰਾਧਿਕ ਮਾਮਲਾ ਨਹੀਂ ਬਣਦਾ। ਲੋਕ ਸਭਾ ਦੇ ਲਗਭਗ 50% ਸੰਸਦ ਮੈਂਬਰਾਂ ਖ਼ਿਲਾਫ਼ ਅਪਰਾਧਿਕ ਮਾਮਲੇ ਦਰਜ ਹਨ, ਜਿਨ੍ਹਾਂ ਵਿੱਚ ਕਰੀਬ 100 ਸੰਸਦ ਮੈਂਬਰ ਭਾਜਪਾ ਦੇ ਹਨ। ਪੁਲਿਸ ਨੂੰ ਆਪਣੀ ਊਰਜਾ ਉਨ੍ਹਾਂ ਦੇ ਮਾਮਲਿਆਂ ‘ਤੇ ਲਗਾਉਣੀ ਚਾਹੀਦੀ ਹੈ, ਕਿਸੇ 25 ਸਾਲਾ ਨੌਜਵਾਨ ਕੁੜੀ ਨੂੰ ਨਿਸ਼ਾਨਾ ਬਣਾਉਣ ‘ਤੇ ਨਹੀਂ। ਨੌਜਵਾਨਾਂ ਦਾ ਸ਼ੋਸ਼ਣ ਤੁਰੰਤ ਬੰਦ ਹੋਣਾ ਚਾਹੀਦਾ ਹੈ।”

ਜਦੋਂ ਬੀਬੀਸੀ ਨੇ ਸਮ੍ਰਿਤੀ ਸਿੰਘ ਚੰਦੇਲ ਤੋਂ ਇਸ ਬਾਰੇ ਪੁੱਛਿਆ ਤਾਂ ਉਨ੍ਹਾਂ ਦੱਸਿਆ ਕਿ ਜਦੋਂ ਇਹ ਮਾਮਲਾ ਦਿੱਲੀ ਪੁਲਿਸ ਕੋਲ ਗਿਆ ਤਾਂ ਉਨ੍ਹਾਂ ਦਾ ਫ਼ੋਨ ਆਇਆ। ਇਸ ਤੋਂ ਬਾਅਦ ਉਨ੍ਹਾਂ ਆਪਣੀ ਸ਼ਿਕਾਇਤ ਵਾਪਸ ਲੈ ਲਈ ਹੈ।

ਉਨ੍ਹਾਂ ਨੇ ਦੱਸਿਆ ਕਿ ਸਾਰੀਆਂ ਧਾਰਾਵਾਂ ਵਾਪਸ ਲੈ ਲਈਆਂ ਗਈਆਂ ਹਨ ਅਤੇ ਇਹ ਫ਼ੈਸਲਾ ਇਸ ਲਈ ਲਿਆ ਗਿਆ ਕਿਉਂਕਿ “ਜਦੋਂ ਪ੍ਰਧਾਨ ਮੰਤਰੀ ਨੇ ਬੱਚਿਆਂ ਨੂੰ ਮਾਫ਼ ਕਰ ਦਿੱਤਾ ਤਾਂ ਅਸੀਂ ਉਨ੍ਹਾਂ ਤੋਂ ਵੱਡੇ ਨਹੀਂ ਹਾਂ। ਇਸ ਲਈ ਅਸੀਂ ਵੀ ਮਾਫ਼ ਕਰ ਦਿੱਤਾ।”

ਸਮ੍ਰਿਤੀ ਸਿੰਘ ਚੰਦੇਲ ਪੇਸ਼ੇ ਤੋਂ ਵਕੀਲ ਹਨ ਅਤੇ ਜਨਤਾ ਦਲ ਲੋਕਤਾਂਤਰਿਕ ਪਾਰਟੀ ਨਾਲ ਜੁੜੇ ਹੋਏ ਹਨ।

ਜ਼ੀਰੋ ਐੱਫਆਈਆਰ ਉਹ ਹੁੰਦੀ ਹੈ ਜੋ ਕਿਸੇ ਘਟਨਾ ਸਥਾਨ ਦੇ ਦਾਇਰੇ ਤੋਂ ਬਾਹਰ ਕਿਸੇ ਥਾਣੇ ਵਿੱਚ ਦਰਜ ਕੀਤੀ ਜਾਂਦੀ ਹੈ। ਹਾਲਾਂਕਿ ਬਾਅਦ ਵਿੱਚ ਇਹ ਐੱਫਆਈਆਰ ਸੰਬੰਧਤ ਥਾਣੇ ਨੂੰ ਭੇਜ ਦਿੱਤੀ ਜਾਂਦੀ ਹੈ, ਜਿਸ ਦੀ ਹੱਦ ਵਿੱਚ ਉਹ ਇਲਾਕਾ ਆਉਂਦਾ ਹੋਵੇ ਜਿੱਥੇ ਘਟਨਾ ਹੋਈ ਹੋਵੇ।

ਕੁੜੀ ਨੇ ਮੰਗੀ ਮਾਫ਼ੀ

ਜੰਤਰ-ਮੰਤਰ 'ਤੇ ਸੀਜੇਪੀ ਦੇ ਪ੍ਰਦਰਸ਼ਨ ਦੌਰਾਨ ਸੁਰੱਖਿਆ ਬਲ ਵੀ ਤੈਨਾਤ ਸਨ

ਤਸਵੀਰ ਸਰੋਤ, ANI

ਇੱਕ ਅਗਸਤ ਨੂੰ ਕੁੜੀ ਵੱਲੋਂ ਮਾਫ਼ੀ ਮੰਗਦਿਆਂ ਇੱਕ ਵੀਡੀਓ ਜਾਰੀ ਕੀਤਾ ਗਿਆ ਸੀ, ਜਿਸ ਵਿੱਚ ਉਨ੍ਹਾਂ ਕਿਹਾ ਸੀ, “ਇਹ ਮੇਰੀ ਪਹਿਲੀ ਅਤੇ ਆਖ਼ਰੀ ਗ਼ਲਤੀ ਹੈ” ਅਤੇ ਨਾਲ ਹੀ ਕਿਹਾ ਸੀ ਕਿ ਉਹ ਪ੍ਰਦਰਸ਼ਨ ਵਿੱਚ ਸ਼ਾਮਲ ਹੋਏ ਸਮੂਹ ਤੋਂ ਪ੍ਰਭਾਵਿਤ ਹੋ ਗਈ ਸੀ।

ਇਸ ਵੀਡੀਓ ਵਿੱਚ ਉਨ੍ਹਾਂ ਕਿਹਾ, “ਮੈਂ ਪ੍ਰੋਟੈਸਟ ਸਾਈਟ ‘ਤੇ ਸੀ ਅਤੇ ਉੱਥੇ ਕਈ ਸਮੂਹ ਸਨ ਜੋ ਪੀਐੱਮ ਮੋਦੀ ਬਾਰੇ ਮਾੜੀ ਭਾਸ਼ਾ ਦਾ ਇਸਤੇਮਾਲ ਕਰ ਰਹੇ ਸਨ। ਇਹ ਲੋਕ ਦੂਜੇ ਲੋਕਾਂ ਨੂੰ ਵੀ ਉਕਸਾ ਰਹੇ ਸਨ।”

“ਮੈਂ ਬਹੁਤ ਸ਼ਰਮਿੰਦਾ ਹਾਂ ਕਿ ਮੈਂ ਉਹ ਗੱਲਾਂ ਕਹੀਆਂ ਅਤੇ ਮੈਂ ਆਪਣੀਆਂ ਅੱਖਾਂ ਤੱਕ ਨਹੀਂ ਚੁੱਕ ਸਕਦੀ। ਮੈਂ ਇਸ ਲਈ ਪੂਰੇ ਦੇਸ਼ ਤੋਂ ਮਾਫ਼ੀ ਮੰਗਦੀ ਹਾਂ। ਇਹ ਮੇਰੀ ਪਹਿਲੀ ਅਤੇ ਆਖ਼ਰੀ ਗ਼ਲਤੀ ਹੈ।”

ਦੂਜੇ ਪਾਸੇ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਇੱਕ ਵੀਡੀਓ ਸੰਦੇਸ਼ ਜਾਰੀ ਕੀਤਾ ਸੀ।

ਇਸ ਵਿੱਚ ਉਨ੍ਹਾਂ ਕਿਹਾ ਸੀ ਕਿ “ਬਚਪਨ ਗ਼ਲਤੀਆਂ ਨੂੰ ਸੁਧਾਰਨ ਦਾ ਮੌਕਾ ਵੀ ਹੁੰਦਾ ਹੈ। ਇਹ ਗੁੰਮਰਾਹ ਬੱਚੇ ਹਨ, ਇਨ੍ਹਾਂ ਨੂੰ ਰਾਹ ਦਿਖਾਉਣ ਦਾ ਸਮਾਂ ਹੈ, ਮੈਂ ਇਨ੍ਹਾਂ ਨੂੰ ਮਾਫ਼ ਕਰਨਾ ਚਾਹੁੰਦਾ ਹਾਂ।”

ਉਨ੍ਹਾਂ ਕਿਹਾ ਸੀ, “ਜੰਤਰ-ਮੰਤਰ ‘ਤੇ ਜੋ ਹੋਇਆ ਦੇਸ਼ ਅਤੇ ਦੁਨੀਆ ਨੇ ਵੇਖਿਆ। ਕੁਝ ਸ਼ਰਾਰਤੀ ਬੱਚਿਆਂ ਨੇ ਭੱਦੀ ਅਤੇ ਮਾੜੀ ਸ਼ਬਦਾਵਲੀ ਵਾਲੀ ਭਾਸ਼ਾ ਦਾ ਇਸਤੇਮਾਲ ਕੀਤਾ, ਅਜਿਹੇ ਸ਼ਬਦ ਜੋ ਕਿਸੇ ਵੀ ਸੱਭਿਆਚਾਰਕ ਸਮਾਜ ਲਈ ਠੀਕ ਨਹੀਂ ਹਨ। ਮੈਨੂੰ ਨਿੱਜੀ ਤੌਰ ‘ਤੇ ਮਾੜੇ ਸ਼ਬਦ ਕਹੇ ਗਏ ਅਤੇ ਮੇਰੀ ਸਵਰਗਵਾਸੀ ਮਾਂ ਨੂੰ ਵੀ ਗਾਲ੍ਹਾਂ ਦਿੱਤੀਆਂ ਗਈਆਂ।”

ਨਹੀਂ ਰੁਕ ਰਹੀਆਂ ਧਮਕੀਆਂ

ਪ੍ਰਧਾਨ ਮੰਤਰੀ ਨਰਿੰਦਰ ਮੋਦੀ

ਤਸਵੀਰ ਸਰੋਤ, @arjunmodhwadia X/ANI Photo)

15 ਸਾਲ ਦੀ ਕੁੜੀ ਕਹਿੰਦੀ ਹੈ ਕਿ “ਮਾਫ਼ੀ ਮੰਗਣ ਦੇ ਬਾਵਜੂਦ ਧਮਕੀਆਂ ਘੱਟ ਨਹੀਂ ਹੋ ਰਹੀਆਂ, ਜਿਵੇਂ ਮੈਂ ਕੋਈ ਮਾਫ਼ ਨਾ ਕਰਨਯੋਗ ਅਪਰਾਧ ਕਰ ਦਿੱਤਾ ਹੋਵੇ।”

ਉਨ੍ਹਾਂ ਦਾ ਕਹਿਣਾ ਹੈ, “ਮੈਂ ਦੋ ਵਾਰ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕਰ ਚੁੱਕੀ ਹਾਂ ਪਰ ਫਿਰ ਮੈਨੂੰ ਲੱਗਿਆ ਕਿ ਮਜ਼ਬੂਤ ਹੋਣਾ ਪਵੇਗਾ। ਮੇਰੀ ਗ਼ਲਤੀ ਸੀ। ਮੈਂ ਮਾਫ਼ੀ ਮੰਗੀ, ਉਹ ਮੈਨੂੰ ਮਿਲ ਵੀ ਗਈ, ਮੇਰੇ ਕੋਲ ਕੋਈ ਪ੍ਰੋਟੈਕਸ਼ਨ ਨਹੀਂ ਹੈ ਪਰ ਹੁਣ ਅੰਤ ਤੱਕ ਮੈਨੂੰ ਹੀ ਇਸ ਨੂੰ ਸੁਲਝਾਉਣਾ ਹੋਵੇਗਾ। ਮੈਂ ਇਨ੍ਹਾਂ ਲੋਕਾਂ ਲਈ ਜਾਨ ਨਹੀਂ ਦੇਣ ਵਾਲੀ।”

ਉਹ ਪੁੱਛਦੀ ਹੈ, “ਕੀ ਮੈਂ ਇਸੇ ਦੇਸ਼ ਦੀ ਬੱਚੀ ਹਾਂ, ਕਿਉਂਕਿ ਦੇਸ਼ ਦੇ ਬੱਚਿਆਂ ਨਾਲ ਤਾਂ ਇਸ ਤਰ੍ਹਾਂ ਦਾ ਸਲੂਕ ਨਹੀਂ ਕੀਤਾ ਜਾਂਦਾ।”

(ਖ਼ੁਦਕੁਸ਼ੀ ਇੱਕ ਗੰਭੀਰ ਮਨੋਵਿਗਿਆਨਕ ਅਤੇ ਸਮਾਜਿਕ ਸਮੱਸਿਆ ਹੈ। ਜੇਕਰ ਤੁਸੀਂ ਵੀ ਤਣਾਅ ਵਿੱਚੋਂ ਲੰਘ ਰਹੇ ਹੋ ਤਾਂ ਭਾਰਤ ਸਰਕਾਰ ਦੀ ਜੀਵਨ ਆਸਥਾ ਹੈਲਪਲਾਈਨ 1800 233 3330 ਤੋਂ ਮਦਦ ਲੈ ਸਕਦੇ ਹੋ। ਤੁਸੀਂ ਸਰਕਾਰ ਦੀ ਕਿਰਣ ਮੈਨਟਲ ਹੈਲਥ ਹੈਲਪਲਾਈਨ 1800-599-0019 ਜਾਂ ਮਨੋਦਰਪਣ ਹੈਲਪਲਾਈਨ 844 844 0632 ‘ਤੇ ਵੀ ਫ਼ੋਨ ਕਰਕੇ ਮਾਹਰਾਂ ਨਾਲ ਗੱਲ ਕਰ ਸਕਦੇ ਹੋ। ਤੁਹਾਨੂੰ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਵੀ ਗੱਲ ਕਰਨੀ ਚਾਹੀਦੀ ਹੈ।)

ਮਾਂ ਅਤੇ ਧੀ ਦੋਵਾਂ ਦਾ ਕਹਿਣਾ ਹੈ, “ਹਾਂ ਗ਼ਲਤੀ ਹੋਈ ਹੈ, ਅਸੀਂ ਮਾਫ਼ੀ ਮੰਗ ਲਈ, ਤੁਸੀਂ (ਪ੍ਰਧਾਨ ਮੰਤਰੀ ਨੇ) ਮਾਫ਼ ਵੀ ਕਰ ਦਿੱਤਾ। ਪਰ ਜੋ ਇਸ ਤਰ੍ਹਾਂ ਦੀਆਂ ਧਮਕੀਆਂ ਦੇ ਰਹੇ ਹਨ, ਉਨ੍ਹਾਂ ਨੂੰ ਕਿਉਂ ਨਹੀਂ ਰੋਕਿਆ ਜਾ ਰਿਹਾ। ਸਾਡੀ ਇੰਨੀ ਮਦਦ ਤਾਂ ਕੀਤੀ ਜਾਵੇ। ਅਸੀਂ ਆਪਣੇ ਘਰ ਨਹੀਂ ਮੁੜ ਸਕਦੇ। ਚਿਹਰਾ ਲੁਕਾ ਕੇ ਰਹਿਣਾ ਪੈ ਰਿਹਾ ਹੈ ਕਿ ਜੇ ਪਛਾਣ ਲਏ ਗਏ ਤਾਂ ਕੋਈ ਮਾਰ ਨਾ ਦੇਵੇ।”

ਤਿੰਨ ਮੈਂਬਰਾਂ ਦਾ ਪਰਿਵਾਰ ਡਰ ਦੀ ਵਜ੍ਹਾ ਕਰਕੇ ਅਜੇ ਤੱਕ ਘਰ ਨਹੀਂ ਮੁੜਿਆ ਹੈ। ਪੁਲਿਸ ਤੋਂ ਮਦਦ ਮੰਗਣ ਦੇ ਸਵਾਲ ‘ਤੇ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਭਰੋਸਾ ਨਹੀਂ ਹੈ ਅਤੇ ਉਹ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ ਹਨ।

ਜੰਤਰ-ਮੰਤਰ 'ਤੇ ਹੋਏ ਪ੍ਰਦਰਸ਼ਨ ਵਿੱਚ ਔਰਤਾਂ ਦੀ ਗਿਣਤੀ ਵੀ ਕਾਫ਼ੀ ਜ਼ਿਆਦਾ ਸੀ

ਤਸਵੀਰ ਸਰੋਤ, ANI

ਜਦੋਂ ਅਸੀਂ ਸਮ੍ਰਿਤੀ ਤੋਂ ਮਾਂ-ਧੀ ਦੀ ਪਰੇਸ਼ਾਨੀ ਬਾਰੇ ਸਵਾਲ ਕੀਤਾ ਤਾਂ ਉਨ੍ਹਾਂ ਦਾ ਕਹਿਣਾ ਸੀ, “ਉਨ੍ਹਾਂ ਨੂੰ ਪੁਲਿਸ ਤੋਂ ਮਦਦ ਮੰਗਣੀ ਚਾਹੀਦੀ ਹੈ ਅਤੇ ਇਸ ਮੁੱਦੇ ਦਾ ਸਿਆਸੀਕਰਨ ਕੀਤਾ ਜਾ ਰਿਹਾ ਹੈ।”

ਜਦਕਿ ਕੁੜੀ ਦੀ ਮਾਂ ਕਹਿੰਦੀ ਹੈ, “ਬਸ ਕਿਸੇ ਨਾ ਕਿਸੇ ਤਰ੍ਹਾਂ ਕਿਤੇ-ਕਿਤੇ ਲੁਕ ਕੇ ਜੀਅ ਰਹੇ ਹਾਂ। ਰਿਸ਼ਤੇਦਾਰ ਕਹਿੰਦੇ ਹਨ ਸਾਨੂੰ ਫ਼ੋਨ ਨਾ ਕਰੋ। ਅਸੀਂ ਮੁਸੀਬਤ ਵਿੱਚ ਫਸ ਜਾਵਾਂਗੇ। ਪਹਿਲਾਂ ਰਿਸ਼ਤੇਦਾਰ ਗੱਲ ਕਰਦੇ ਸਨ। ਦੋਸਤ ਫ਼ੋਨ ਕਰਦੀਆਂ ਸਨ ਪਰ ਅੱਜ ਜਦੋਂ ਲੋੜ ਹੈ ਤਾਂ ਕੋਈ ਨਹੀਂ ਹੈ।”

ਉਹ ਸਵਾਲ ਕਰਦੀ ਹੈ ਕਿ “ਸਾਡਾ ਸੰਵਿਧਾਨ ਕਹਿੰਦਾ ਹੈ ਕਿ ਇੱਕ ਵਿਅਕਤੀ ਨੂੰ ਪ੍ਰਗਟਾਵੇ ਦੀ ਆਜ਼ਾਦੀ ਦਾ ਅਧਿਕਾਰ ਹੈ, ਤਾਂ ਉਹ ਹੁਣ ਕਿਤੇ ਵੀ ਕਿਉਂ ਨਹੀਂ ਦਿਖਦਾ।”

ਮਾਂ ਕਹਿੰਦੀ ਹੈ, “ਮੇਰੀ ਧੀ ਬੱਚਿਆਂ ਲਈ ਪ੍ਰੋਟੈਸਟ ਕਰਦਿਆਂ ਮਰ ਜਾਂਦੀ ਤਾਂ ਮੈਨੂੰ ਸਬਰ ਹੋ ਜਾਂਦਾ ਕਿ ਉਸ ਦੀ ਜਾਨ ਬੱਚਿਆਂ ਦਾ ਭਵਿੱਖ ਸੁਧਾਰਨ ਲਈ ਗਈ। ਪਰ ਹੁਣ ਕੋਈ ਵੀ ਮੇਰੀ ਧੀ ਨੂੰ ਕਦੇ ਵੀ ਮਾਰ ਦੇਵੇਗਾ, ਇਸ ਡਰ ਵਿੱਚ ਅਸੀਂ ਕਿਵੇਂ ਜੀਅ ਸਕਦੇ ਹਾਂ।”

“ਜੋ ਲੋਕ ਅਜਿਹੇ ਕਮੈਂਟ ਕਰ ਰਹੇ ਹਨ, ਲੱਗਦਾ ਹੈ ਉਨ੍ਹਾਂ ਨੇ ਕਦੇ ਕੋਈ ਗ਼ਲਤੀ ਕੀਤੀ ਹੀ ਨਹੀਂ ਹੈ?”

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI