Source :- BBC PUNJABI
ਤਸਵੀਰ ਸਰੋਤ, Kulvir Singh/BBC
(ਚੇਤਾਵਨੀ: ਕਹਾਣੀ ਦੇ ਕੁਝ ਵੇਰਵੇ ਪਰੇਸ਼ਾਨ ਕਰ ਸਕਦੇ ਹਨ।)
ਪੰਜਾਬ ਦੇ ਜ਼ਿਲ੍ਹਾ ਸੰਗਰੂਰ ਵਿੱਚ ਇੱਕ ਸੜਕ ਹਾਦਸੇ ਦੌਰਾਨ ਘੱਟੋ-ਘੱਟ 9 ਲੋਕਾਂ ਦੀ ਮੌਤ ਹੋ ਗਈ ਹੈ।
ਇਹ ਹਾਦਸਾ ਲਹਿਰਾਗਾਗਾ-ਜਾਖਲ ਰੋਡ ‘ਤੇ ਉਸ ਸਮੇਂ ਵਾਪਰ ਗਿਆ, ਜਦੋਂ ਮਨਰੇਗਾ ਤਹਿਤ ਸੜਕ ‘ਤੇ ਕੰਮ ਕਰ ਰਹੇ ਮਜ਼ਦੂਰਾਂ ਨੂੰ ਇੱਕ ਤੇਜ਼ ਰਫ਼ਤਾਰ ਕਾਰ ਨੇ ਆਪਣੀ ਲਪੇਟ ਵਿੱਚ ਲੈ ਲਿਆ।
ਇੱਥੇ ਦੱਸ ਦਈਏ ਕਿ ਮਨਰੇਗਾ ਯੋਜਨਾ ਦਾ ਨਾਂ ਬਦਲ ਕੇ ਹੁਣ ‘ਵਿਕਸਿਤ ਭਾਰਤ–ਰੁਜ਼ਗਾਰ ਅਤੇ ਆਜੀਵਿਕਾ ਮਿਸ਼ਨ (ਗ੍ਰਾਮੀਣ)’ (ਵੀਬੀ, ਜੀ ਰਾਮ ਜੀ) ਕਰ ਦਿੱਤਾ ਹੈ।
ਹਾਦਸੇ ਬਾਰੇ ਸੰਗਰੂਰ ਦੇ ਐੱਸਪੀ ਪਲਵਿੰਦਰ ਸਿੰਘ ਚੀਮਾ ਨੇ ਦੱਸਿਆ, “ਤੇਜ਼ ਰਫ਼ਤਾਰ ਕਾਰ ਨੇ ਮਨਰੇਗਾ ਤਹਿਤ ਕੰਮ ਕਰ ਰਹੇ ਮਜ਼ਦੂਰਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ।”
ਐੱਸਪੀ ਪਲਵਿੰਦਰ ਸਿੰਘ ਚੀਮਾ ਨੇ ਕਿਹਾ,”ਅਸੀਂ ਪਿੰਡ ਵਾਸੀਆਂ ਅਤੇ ਹੋਰ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਮ੍ਰਿਤਕਾਂ ਦੀਆਂ ਦੇਹਾਂ ਨੂੰ ਪਹਿਲਾਂ ਮੋਰਚਰੀ ਵਿੱਚ ਲੈ ਕੇ ਜਾਣ ਦਿੱਤਾ ਜਾਵੇ। ਇਸ ਤੋਂ ਬਾਅਦ ਬਿਆਨ ਦਰਜ ਕਰਕੇ ਪਿੰਡ ਦੇ ਮੋਹਤਬਰ ਵਿਅਕਤੀਆਂ ਦੇ ਸਹਿਯੋਗ ਨਾਲ ਬਣਦੀ ਐੱਫਆਈਆਰ ਦਰਜ ਕੀਤੀ ਜਾਵੇਗੀ।
”ਪੂਰੀ ਜਾਂਚ ਪਾਰਦਰਸ਼ੀ ਢੰਗ ਨਾਲ ਕੀਤੀ ਜਾਵੇਗੀ ਅਤੇ ਦੋਸ਼ੀ ਨੂੰ ਕਾਨੂੰਨ ਅਨੁਸਾਰ ਸਜ਼ਾ ਦਿਵਾਈ ਜਾਵੇਗੀ।”
ਤਸਵੀਰ ਸਰੋਤ, Kulvir Singh/BBC
ਐੱਸਪੀ ਚੀਮਾ ਨੇ ਕਿਹਾ, “ਮੁੱਢਲੀ ਜਾਣਕਾਰੀ ਅਨੁਸਾਰ, ਕਾਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ ਹੈ। ਅਸੀਂ ਉਸ ਦੀ ਭਾਲ ਕਰ ਰਹੇ ਹਾਂ। ਸਾਡੀ ਸੀਆਈ ਟੀਮ ਇਸ ਮਾਮਲੇ ਵਿੱਚ ਲੱਗੀ ਹੋਈ ਹੈ। ਮੁਲਜ਼ਮ ਦੀ ਪਛਾਣ ਕਰ ਲਈ ਗਈ ਹੈ ਅਤੇ ਉਸ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।”
“ਮੁੱਢਲੀ ਜਾਣਕਾਰੀ ਅਨੁਸਾਰ, ਹਾਦਸੇ ਸਮੇਂ ਮੌਕੇ ‘ਤੇ ਕਰੀਬ 24 ਤੋਂ 25 ਮਜ਼ਦੂਰ ਕੰਮ ਕਰ ਰਹੇ ਸਨ। ਇੱਕ ਮੋਟਰਸਾਈਕਲ ਸਵਾਰ ਦੇ ਵੀ ਹਾਦਸੇ ਦੀ ਲਪੇਟ ਵਿੱਚ ਆਉਣ ਸਬੰਧੀ ਜਾਣਕਾਰੀ ਮਿਲੀ ਹੈ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਸਬੰਧੀ ਸਾਰੇ ਤੱਥਾਂ ਦੀ ਪੁਸ਼ਟੀ ਕਰਨ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।”
ਹਾਦਸੇ ਵਿੱਚ ਮਰਨ ਵਾਲਿਆਂ ਵਿੱਚ ਛੇ ਔਰਤਾਂ ਅਤੇ ਇੱਕ ਪੁਰਸ਼ ਸ਼ਾਮਲ ਹਨ। ਮ੍ਰਿਤਕਾਂ ਦੀ ਪਛਾਣ ਕਰਮਜੀਤ ਕੌਰ, ਨਿੱਕੀ, ਸਰਬਜੀਤ ਕੌਰ, ਰਣਜੀਤ ਕੌਰ, ਕਰਮਜੀਤ, ਰਾਣੀ ਕੌਰ, ਦੇਸ ਰਾਜ ਅਤੇ ਜੀਵਨ ਸਿੰਘ ਦੱਸੀ ਗਈ ਹੈ। ਸਾਰੇ ਮ੍ਰਿਤਕ ਪਿੰਡ ਅਲੀਸ਼ੇਰ ਦੇ ਵਸਨੀਕ ਦੱਸੇ ਗਏ ਹਨ।
ਹਾਦਸੇ ਤੋਂ ਬਾਅਦ ਮੌਕੇ ‘ਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ। ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ। ਹਾਲਾਂਕਿ ਘਟਨਾ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਅਤੇ ਐਂਬੂਲੈਂਸ ਦੀ ਵਿਵਸਥਾ ਨੂੰ ਲੈ ਕੇ ਵੀ ਸਵਾਲ ਉੱਠ ਰਹੇ ਹਨ।
ਚਸ਼ਮਦੀਦਾਂ ਨੇ ਕੀ ਦੱਸਿਆ
ਤਸਵੀਰ ਸਰੋਤ, Kulvir Singh/BBC
ਮੌਕੇ ‘ਤੇ ਮੌਜੂਦ ਹਰਵਿੰਦਰ ਸਿੰਘ ਉਰਫ਼ ਲਵੀ ਨੇ ਦੱਸਿਆ, “ਮੈਂ ਨੇੜੇ ਫੈਕਟਰੀ ਵਿੱਚ ਕੰਮ ਕਰਦਾ ਹਾਂ। ਹਾਦਸੇ ਵਾਲੀ ਥਾਂ ਸਾਡੀ ਫੈਕਟਰੀ ਤੋਂ ਕਰੀਬ ਤਿੰਨ-ਚਾਰ ਕਿਲੋਮੀਟਰ ਦੀ ਦੂਰੀ ‘ਤੇ ਹੈ। ਜਦੋਂ ਮੈਨੂੰ ਇਸ ਹਾਦਸੇ ਬਾਰੇ ਪਤਾ ਲੱਗਿਆ ਅਤੇ ਮੈਂ ਮੌਕੇ ‘ਤੇ ਪਹੁੰਚਿਆ ਤਾਂ ਉੱਥੇ ਮਨਰੇਗਾ ਤਹਿਤ ਕੰਮ ਕਰਨ ਵਾਲੇ ਮਜ਼ਦੂਰ ਜ਼ਖ਼ਮੀ ਹਾਲਤ ਵਿੱਚ ਪਏ ਸਨ।”
“ਘੱਟੋ-ਘੱਟ 22 ਤੋਂ 23 ਮਜ਼ਦੂਰ ਹਾਦਸੇ ਵਿੱਚ ਜ਼ਖ਼ਮੀ ਹੋਏ ਹਨ। ਉਨ੍ਹਾਂ ਵਿੱਚੋਂ ਕਈਆਂ ਦੀ ਹਾਲਤ ਬੇਹੱਦ ਗੰਭੀਰ ਸੀ। ਮੌਕੇ ‘ਤੇ ਪੰਜ-ਛੇ ਲਾਸ਼ਾਂ ਪਈਆਂ ਸਨ ਅਤੇ ਕੁਝ ਜ਼ਖ਼ਮੀਆਂ ਦੇ ਸਾਹ ਚੱਲ ਰਹੇ ਸਨ। ਉਨ੍ਹਾਂ ਨੂੰ ਤੁਰੰਤ ਡਾਕਟਰੀ ਸਹਾਇਤਾ ਦੀ ਲੋੜ ਸੀ।”
ਉਨ੍ਹਾਂ ਨੇ ਅੱਗੇ ਦੱਸਿਆ, “ਅਸੀਂ ਐਂਬੂਲੈਂਸ ਨੂੰ ਫੋਨ ਕੀਤਾ, ਐਂਬੂਲੈਂਸ ਸਮੇਂ ਸਿਰ ਨਹੀਂ ਪਹੁੰਚੀ। ਜਦੋਂ ਲੋਕ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਸਨ, ਉਸ ਸਮੇਂ ਪ੍ਰਸ਼ਾਸਨ ਵੱਲੋਂ ਕਾਰਵਾਈ ਦੀ ਗੱਲ ਕੀਤੀ ਜਾ ਰਹੀ ਸੀ।”
“ਜੇਕਰ ਜ਼ਖ਼ਮੀਆਂ ਨੂੰ ਸਮੇਂ ਸਿਰ ਹਸਪਤਾਲ ਪਹੁੰਚਾਇਆ ਜਾਂਦਾ ਤਾਂ ਸ਼ਾਇਦ ਕੁਝ ਜਾਨਾਂ ਬਚਾਈਆਂ ਜਾ ਸਕਦੀਆਂ ਸਨ। ਆਖ਼ਰਕਾਰ, ਅਸੀਂ ਜ਼ਖ਼ਮੀਆਂ ਨੂੰ ਆਪਣੇ ਪੱਧਰ ‘ਤੇ ਕੈਂਟਰਾਂ ਅਤੇ ਛੋਟੇ ਹਾਥੀਆਂ ਰਾਹੀਂ ਹਸਪਤਾਲ ਪਹੁੰਚਾਇਆ।”
ਤਸਵੀਰ ਸਰੋਤ, Kulvir Singh/BBC
ਮੌਕੇ ‘ਤੇ ਮੌਜੂਦ ਸੁਰੇਸ਼ ਕੁਮਾਰ ਨੇ ਦੱਸਿਆ, “ਮਨਰੇਗਾ ਤਹਿਤ ਕੰਮ ਕਰਨ ਵਾਲੇ ਮਜ਼ਦੂਰ ਸੜਕ ਕਿਨਾਰੇ ਕੰਮ ਕਰ ਰਹੇ ਸਨ। ਇਸੇ ਦੌਰਾਨ ਕਰੀਬ ਸਾਢੇ ਤਿੰਨ ਵਜੇ ਇੱਕ ਗੱਡੀ ਆਈ ਅਤੇ ਸਿੱਧੀ ਮਜ਼ਦੂਰਾਂ ‘ਤੇ ਚੜ੍ਹਾ ਦਿੱਤੀ। ਹਾਦਸਾ ਇੰਨਾ ਭਿਆਨਕ ਸੀ ਕਿ ਕਈ ਲੋਕ ਇਸ ਦੀ ਲਪੇਟ ਵਿੱਚ ਆ ਗਏ।”
“ਸਾਡੇ ਪਿੰਡ ਦਾ ਇੱਕ ਨੌਜਵਾਨ ਜੀਵਨ ਵੀ ਮੋਟਰਸਾਈਕਲ ‘ਤੇ ਆ ਰਿਹਾ ਸੀ, ਉਹ ਵੀ ਹਾਦਸੇ ਦਾ ਸ਼ਿਕਾਰ ਹੋ ਗਿਆ। ਮੌਕੇ ‘ਤੇ ਕਈ ਔਰਤਾਂ ਸਣੇ ਹੋਰ ਮਜ਼ਦੂਰਾਂ ਦੀਆਂ ਲਾਸ਼ਾਂ ਪਈਆਂ ਸਨ। ਕੁਝ ਜ਼ਖ਼ਮੀਆਂ ਦੀ ਹਾਲਤ ਵੀ ਬਹੁਤ ਗੰਭੀਰ ਸੀ।”
ਤਸਵੀਰ ਸਰੋਤ, Kulvir Singh/BBC
ਹਾਦਸੇ ਵਿੱਚ ਆਪਣੀ ਜਠਾਣੀ ਨੂੰ ਗੁਆਉਣ ਵਾਲੀ ਔਰਤ ਨੇ ਕਿਹਾ, “ਸਾਨੂੰ ਇਨਸਾਫ਼ ਕੌਣ ਦਿਵਾਏਗਾ? ਕੌਣ ਸਾਡੀ ਗੱਲ ਸੁਣੇਗਾ? ਕੋਈ ਤਾਂ ਸਾਨੂੰ ਦੱਸੇ ਕਿ ਸਾਡੇ ਪਰਿਵਾਰਾਂ ਨਾਲ ਹੋਏ ਇਸ ਨੁਕਸਾਨ ਦਾ ਜਵਾਬ ਕੌਣ ਦੇਵੇਗਾ।”
“ਜੇਕਰ ਸੜਕ ‘ਤੇ ਵਾਹਨ ਚਲਾਉਣ ਵਾਲਿਆਂ ਦੀ ਲਾਪਰਵਾਹੀ ਕਾਰਨ ਅਜਿਹੇ ਹਾਦਸੇ ਵਾਪਰਦੇ ਹਨ ਤਾਂ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕਿਉਂ ਨਹੀਂ ਕੀਤੀ ਜਾਂਦੀ? ਪੁਲਿਸ ਕਿਸ ਲਈ ਹੈ ਅਤੇ ਆਪਣੀ ਡਿਊਟੀ ਕਿਉਂ ਨਿਭਾ ਰਹੀ ਹੈ, ਜੇਕਰ ਸਾਨੂੰ ਇਨਸਾਫ਼ ਹੀ ਨਹੀਂ ਮਿਲਣਾ?
“ਅਸੀਂ ਵੀ ਮਨਰੇਗਾ ਤਹਿਤ ਮਜ਼ਦੂਰੀ ਕਰਕੇ ਆਪਣੇ ਘਰਾਂ ਦਾ ਗੁਜ਼ਾਰਾ ਚਲਾਉਂਦੇ ਹਾਂ। ਸਾਡੇ ਪਰਿਵਾਰਾਂ ਦੀ ਰੋਜ਼ੀ-ਰੋਟੀ ਇਸੇ ਕੰਮ ਨਾਲ ਜੁੜੀ ਹੋਈ ਹੈ। ਅੱਜ ਇਸ ਹਾਦਸੇ ਨੇ ਸਾਡੇ ਘਰਾਂ ਨੂੰ ਉਜਾੜ ਦਿੱਤਾ ਹੈ।”
“ਹਾਦਸੇ ਵਿੱਚ ਮੇਰੀ ਜਠਾਣੀ ਦੀ ਮੌਤ ਹੋ ਗਈ ਹੈ। ਅਸੀਂ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਇਸ ਹਾਦਸੇ ਲਈ ਜ਼ਿੰਮੇਵਾਰ ਵਿਅਕਤੀ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਸਾਨੂੰ ਇਨਸਾਫ਼ ਦਿਵਾਇਆ ਜਾਵੇ।”
ਸਿਆਸੀ ਪ੍ਰਤੀਕਿਰਿਆਵਾਂ
ਤਸਵੀਰ ਸਰੋਤ, Varinder Goel
ਕੈਬਨਿਟ ਮੰਤਰੀ ਵਰਿੰਦਰ ਗੋਇਲ ਨੇ ਹਾਦਸੇ ਬਾਰੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਮਨਰੇਗਾ ਤਹਿਤ ਕੰਮ ਕਰ ਰਹੀਆਂ ਮਜ਼ਦੂਰ ਔਰਤਾਂ ਸੜਕ ਕਿਨਾਰੇ ਬੈਠ ਕੇ ਪਾਣੀ ਪੀ ਰਹੀਆਂ ਸਨ, ਜਦੋਂ ਇੱਕ ਕਾਰ ਉਨ੍ਹਾਂ ‘ਤੇ ਚੜ੍ਹ ਗਈ।
ਉਨ੍ਹਾਂ ਨੇ ਕਿਹਾ, “ਇਹ ਬੇਹੱਦ ਦੁਖਦਾਈ ਘਟਨਾ ਹੈ। ਇਹ ਸਾਰੀਆਂ ਔਰਤਾਂ ਮਿਹਨਤ-ਮਜ਼ਦੂਰੀ ਕਰਕੇ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਚਲਾਉਂਦੀਆਂ ਸਨ। ਬੜੀ ਮੁਸ਼ਕਲ ਨਾਲ ਮਨਰੇਗਾ ਦਾ ਕੰਮ ਸ਼ੁਰੂ ਹੋਇਆ ਸੀ ਅਤੇ ਇਹ ਮਜ਼ਦੂਰ ਆਪਣੀ ਦਿਹਾੜੀ ਕਰ ਰਹੀਆਂ ਸਨ, ਪਰ ਇਸ ਹਾਦਸੇ ਨੇ ਕਈ ਪਰਿਵਾਰਾਂ ਨੂੰ ਉਜਾੜ ਦਿੱਤਾ ਹੈ।”
“ਸਾਡੇ ਅਧਿਕਾਰੀ ਮੌਕੇ ‘ਤੇ ਮੌਜੂਦ ਹਨ ਅਤੇ ਪ੍ਰਸ਼ਾਸਨ ਨੂੰ ਲੋੜੀਂਦੇ ਪ੍ਰਬੰਧ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ। ਸਰਕਾਰ ਵੱਲੋਂ ਮ੍ਰਿਤਕ ਔਰਤਾਂ ਦੇ ਪਰਿਵਾਰਾਂ ਅਤੇ ਜ਼ਖ਼ਮੀਆਂ ਦੀ ਹਰ ਸੰਭਵ ਮਦਦ ਸਰਕਾਰੀ ਨਿਯਮਾਂ ਅਨੁਸਾਰ ਕੀਤੀ ਜਾਵੇਗੀ।”
“ਇਸ ਹਾਦਸੇ ਕਾਰਨ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ। ਇਹ ਅਜਿਹਾ ਦੁੱਖ ਹੈ, ਜਿਸ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ।”
ਤਸਵੀਰ ਸਰੋਤ, Amarinder Singh Raja Warring/FB
ਕਾਂਗਰਸੀ ਆਗੂ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਹਾਦਸੇ ‘ਤੇ ਦੁੱਖ ਪ੍ਰਗਟਾਇਆ ਹੈ ਅਤੇ ਆਪਣੇ ਐਕਸ ਹੈਂਡਲ ਲਿਖਿਆ ਹੈ, “ਇਹ ਬੇਹੱਦ ਦੁਖਦਾਈ ਘਟਨਾ ਹੈ। ਮਜ਼ਦੂਰ ਗਰੀਬ ਪਰਿਵਾਰਾਂ ਨਾਲ ਸਬੰਧਤ ਹਨ ਅਤੇ ਸਖ਼ਤ ਮਿਹਨਤ ਕਰਕੇ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਚਲਾਉਂਦੇ ਹਨ।”
ਉਨ੍ਹਾਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਜ਼ਖ਼ਮੀਆਂ ਨੂੰ ਤੁਰੰਤ ਅਤੇ ਢੁੱਕਵਾਂ ਇਲਾਜ ਮੁਹੱਈਆ ਕਰਵਾਇਆ ਜਾਵੇ, ਹਾਦਸੇ ਲਈ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਢੁੱਕਵਾਂ ਮੁਆਵਜ਼ਾ ਦਿੱਤਾ ਜਾਵੇ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI




