Home rss national punjabi2ਰਾਸ਼ਟਰੀ ਖ਼ਬਰਾਂ ਹੈਨਰੀ ਨੋਵਾਕ ਦੇ ਕਾਤਲ ਵਿਕਰਮ ਦਿਗਵਾ ਦੀ ਸਜ਼ਾ ਵਧਾ ਕੇ 25 ਸਾਲ...

ਹੈਨਰੀ ਨੋਵਾਕ ਦੇ ਕਾਤਲ ਵਿਕਰਮ ਦਿਗਵਾ ਦੀ ਸਜ਼ਾ ਵਧਾ ਕੇ 25 ਸਾਲ ਕੀਤੀ ਗਈ

4
0

Source :- BBC PUNJABI

ਵਿਕਰਮ ਦਿਗਵਾ ਨੂੰ ਪੈਰੋਲ 'ਤੇ ਰਿਹਾਈ ਬਾਰੇ ਵਿਚਾਰ ਕੀਤੇ ਜਾਣ ਤੋਂ ਪਹਿਲਾਂ ਘੱਟੋ-ਘੱਟ 24 ਸਾਲ ਅਤੇ 190 ਦਿਨ ਦੀ ਸਜ਼ਾ ਕੱਟਣੀ ਪਵੇਗੀ

ਹੈਨਰੀ ਨੋਵਾਕ ਦੇ ਕਤਲ ਦੇ ਦੋਸ਼ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਵਿਕਰਮ ਦਿਗਵਾ ਦੀ ਜੇਲ੍ਹ ਦੀ ਘੱਟੋ-ਘੱਟ ਸਜ਼ਾ ਕੋਰਟ ਆਫ਼ ਅਪੀਲ ਨੇ ਵਧਾ ਕੇ 25 ਸਾਲ ਕਰ ਦਿੱਤੀ ਹੈ।

ਵਿਕਰਮ ਦਿਗਵਾ 18 ਸਾਲਾ ਵਿਦਿਆਰਥੀ ਨੋਵਾਕ ਦੇ ਕਤਲ ਦੇ ਮਾਮਲੇ ਵਿੱਚ ਘੱਟੋ-ਘੱਟ 21 ਸਾਲ ਦੀ ਸਜ਼ਾ ਕੱਟ ਰਿਹਾ ਸੀ। ਉਸ ਨੇ 3 ਦਸੰਬਰ 2025 ਨੂੰ ਸਾਊਥੈਂਪਟਨ ਦੇ ਬੇਲਮੌਂਟ ਰੋਡ ‘ਤੇ ‘ਇੱਕ ਵੱਡੇ ਚਾਕੂ’ ਨਾਲ ਨੋਵਾਕ ‘ਤੇ ਹਮਲਾ ਕੀਤਾ ਸੀ।

ਅਟਾਰਨੀ ਜਨਰਲ ਨੇ ਇਸ ਮਾਮਲੇ ਨੂੰ ਕੋਰਟ ਆਫ਼ ਅਪੀਲ ਵਿੱਚ ਭੇਜਿਆ ਸੀ, ਕਿਉਂਕਿ ਉਨ੍ਹਾਂ ਦਾ ਮੰਨਣਾ ਸੀ ਕਿ ਅਸਲ ਸਜ਼ਾ “ਬਹੁਤ ਘੱਟ” ਸੀ। ਦੂਜੇ ਪਾਸੇ, ਦਿਗਵਾ ਨੇ ਵੀ ਆਪਣੀ ਸਜ਼ਾ ਨੂੰ “ਬਹੁਤ ਜ਼ਿਆਦਾ” ਦੱਸਦਿਆਂ ਇਸ ਨੂੰ ਚੁਣੌਤੀ ਦਿੱਤੀ ਸੀ।

ਦ ਲੇਡੀ ਚੀਫ਼ ਜਸਟਿਸ ਨੇ ਪੁਰਾਣੀ ਸਜ਼ਾ ਰੱਦ ਕਰਦਿਆਂ ਕਿਹਾ ਕਿ ਇਹ ਸਜ਼ਾ “ਕਤਲ ਦੀ ਗੰਭੀਰਤਾ ਨੂੰ ਪੂਰੀ ਤਰ੍ਹਾਂ ਨਹੀਂ ਦਰਸਾਉਂਦੀ ਸੀ।”

ਦਿਗਵਾ, ਜਿਸ ਨੂੰ ਅਪੀਲ ਕਰਨ ਦੀ ਇਜਾਜ਼ਤ ਨਹੀਂ ਮਿਲੀ ਸੀ, ਨੇ ਪੁਲਿਸ ਨੂੰ ਦੱਸਿਆ ਸੀ ਕਿ ਹੈਨਰੀ ਨੇ ਉਸ ‘ਤੇ ਹਮਲਾ ਕੀਤਾ ਸੀ ਅਤੇ ਨਸਲੀ ਟਿੱਪਣੀਆਂ ਕੀਤੀਆਂ ਸਨ। ਇਸੇ ਬਿਆਨ ਕਾਰਨ ਪੁਲਿਸ ਨੇ ਹੈਨਰੀ ਨੂੰ ਮੌਤ ਦੇ ਸਮੇਂ ਹੱਥਕੜੀਆਂ ਲਗਾ ਦਿੱਤੀਆਂ ਗਈਆਂ ਸਨ। ਉਹ ਐਸੈਕਸ ਦੇ ਚੈਫੋਰਡ ਹੰਡ੍ਰੇਡ ਦੇ ਰਹਿਣ ਵਾਲੇ ਸਨ।

ਬਾਅਦ ਵਿੱਚ ਮੁਕੱਦਮੇ ਦੀ ਸੁਣਵਾਈ ਕਰਨ ਵਾਲੇ ਜੱਜ ਨੇ ਪਾਇਆ ਕਿ ਦਿਗਵਾ ਵੱਲੋਂ ਲਗਾਏ ਗਏ ਨਸਲਵਾਦ ਦੇ ਇਲਜ਼ਾਮ ਝੂਠੇ ਸਨ। ਜੂਨ ਵਿੱਚ ਸਾਊਥੈਂਪਟਨ ਕਰਾਊਨ ਕੋਰਟ ਨੇ ਦਿਗਵਾ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਉਸ ਸਮੇਂ ਉਸ ਦੀ ਉਮਰ 22 ਸਾਲ ਸੀ।

ਅਦਾਲਤ ਨੇ ਕੀ ਕਿਹਾ

ਦਸੰਬਰ 2025 ਵਿੱਚ ਸਾਊਥੈਂਪਟਨ ਵਿਖੇ 18 ਸਾਲਾ ਹੈਨਰੀ ਨੋਵਾਕ ਉੱਤੇ ਹਮਲਾ ਕੀਤਾ ਗਿਆ ਸੀ

ਵੀਰਵਾਰ ਨੂੰ ਲੇਡੀ ਚੀਫ਼ ਜਸਟਿਸ ਬੈਰੋਨੈੱਸ ਕੈਰ, ਜਸਟਿਸ ਨਿਕਲਿਨ ਅਤੇ ਜਸਟਿਸ ਵਾਲ ਨੇ ਦੋਵਾਂ ਅਪੀਲਾਂ ‘ਤੇ ਸੁਣਵਾਈ ਕੀਤੀ। ਇਸ ਦੌਰਾਨ ਦਿਗਵਾ ਐੱਚਐੱਮਪੀ ਫ੍ਰੈਂਕਲੈਂਡ ਜੇਲ੍ਹ ਤੋਂ ਵੀਡੀਓ ਲਿੰਕ ਰਾਹੀਂ ਪੇਸ਼ ਹੋਇਆ।

ਲੇਡੀ ਚੀਫ਼ ਜਸਟਿਸ ਨੇ ਕਿਹਾ ਕਿ ਮੁਕੱਦਮੇ ਦੀ ਸੁਣਵਾਈ ਕਰਨ ਵਾਲੇ ਜੱਜ ਕੋਲ ਸਜ਼ਾ ਦੀ ਘੱਟੋ-ਘੱਟ ਮਿਆਦ 15 ਸਾਲ ਤੋਂ ਸ਼ੁਰੂ ਕਰਨ ਦਾ ਅਧਿਕਾਰ ਸੀ, ਕਿਉਂਕਿ ਉਨ੍ਹਾਂ ਨੇ ਪਾਇਆ ਸੀ ਕਿ ਦਿਗਵਾ ਜੁਰਮ ਕਰਨ ਦੇ ਇਰਾਦੇ ਨਾਲ ਚਾਕੂ ਲੈ ਕੇ ਮੌਕੇ ‘ਤੇ ਨਹੀਂ ਗਿਆ ਸੀ।

ਪਰ ਉਨ੍ਹਾਂ ਕਿਹਾ ਕਿ ਵੱਡੇ ਚਾਕੂ ਦੀ ਵਰਤੋਂ ਕੀਤੇ ਜਾਣ ਕਾਰਨ ਸਜ਼ਾ ਵਿੱਚ “ਕਾਫ਼ੀ ਵਾਧਾ” ਕੀਤਾ ਜਾਣਾ ਚਾਹੀਦਾ ਹੈ।

ਕਿਰਪਾਨ ਇੱਕ ਧਾਰਮਿਕ ਚਿੰਨ੍ਹ ਹੈ, ਜਿਸ ਨੂੰ ਸਿੱਖਾਂ (ਜਿਨ੍ਹਾਂ ਨੇ ਅੰਮ੍ਰਿਤ ਛਕਿਆ ਹੋਵੇ) ਲਈ ਹਮੇਸ਼ਾ ਆਪਣੇ ਕੋਲ ਰੱਖਣਾ ਲਾਜ਼ਮੀ ਹੁੰਦਾ ਹੈ। ਕਾਨੂੰਨ ਤਹਿਤ ਧਾਰਮਿਕ ਕਾਰਨਾਂ ਕਰਕੇ ਇਸ ਨੂੰ ਜਨਤਕ ਥਾਵਾਂ ‘ਤੇ ਲਿਜਾਣ ਦੀ ਇਜਾਜ਼ਤ ਹੈ।

ਦਿਗਵਾ ਨੇ ਆਪਣੇ ਗਲੇ ਵਿੱਚ ਇੱਕ ਛੋਟੀ ਕਿਰਪਾਨ ਪਾਈ ਹੋਈ ਸੀ ਅਤੇ ਸਿੱਖਾਂ ਦੀ ‘ਨਿਹੰਗ’ ਸੰਪਰਦਾ ਦੀ ਪਰੰਪਰਾ ਅਨੁਸਾਰ ਆਪਣੀ ਬੈਲਟ ਵਿੱਚ ਇੱਕ ਵੱਡੀ ਕਿਰਪਾਨ ਵੀ ਲਗਾਈ ਹੋਈ ਸੀ।

ਉਨ੍ਹਾਂ ਕਿਹਾ ਕਿ ਭਾਵੇਂ ਸ਼ੁਰੂ ਵਿੱਚ ਚਾਕੂ ਰੱਖਣਾ ਕਾਨੂੰਨੀ ਸੀ, ਪਰ “ਬਾਅਦ ਵਿੱਚ ਇਸ ਦੀ ਘਾਤਕ ਵਰਤੋਂ ਕਰਨ ਨਾਲ ਜੁਰਮ ਦੀ ਗੰਭੀਰਤਾ ਘੱਟ ਨਹੀਂ ਹੋ ਜਾਂਦੀ।”

ਉਨ੍ਹਾਂ ਕਿਹਾ ਕਿ ਅਸਲ ਸਜ਼ਾ ਵਿੱਚ ਇਸ ਗੱਲ ਨੂੰ ਘੱਟ ਕਰਕੇ ਅੰਕਿਆ ਗਿਆ ਸੀ ਕਿ ਕਤਲ ਦੇ ਇਰਾਦੇ ਨਾਲ ਇੱਕ ਵੱਡੇ ਖੰਜਰ ਦੀ ਵਾਰ-ਵਾਰ ਵਰਤੋਂ ਕੀਤੀ ਗਈ ਅਤੇ ਇਸ ਤੋਂ ਬਾਅਦ “ਜਾਣਬੁੱਝ ਕੇ ਕੀਤੀ ਗਈ ਬੇਰਹਿਮੀ, ਵਾਧੂ ਤਕਲੀਫ਼ ਅਤੇ ਰੁਕਾਵਟਾਂ” ਪੈਦਾ ਕੀਤੀਆਂ ਗਈਆਂ।

ਉਨ੍ਹਾਂ ਕਿਹਾ, “ਇਹ ਸਜ਼ਾ ਸਿਰਫ਼ ਨਰਮ ਹੀ ਨਹੀਂ ਸੀ, ਸਗੋਂ ਲੋੜ ਤੋਂ ਕਿਤੇ ਜ਼ਿਆਦਾ ਨਰਮ ਸੀ।”

‘ਸਾਨੂੰ ਸਾਰੀ ਉਮਰ ਲਈ ਦੁੱਖਾਂ ਦੀ ਸਜ਼ਾ ਮਿਲੀ ਹੈ’ – ਹੈਨਰੀ ਦਾ ਪਰਿਵਾਰ

ਹੈਨਰੀ ਦੇ ਪਿਤਾ ਮਾਰਕ ਨੋਵਾਕ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਨੂੰ

ਰਿਮਾਂਡ ਦੌਰਾਨ ਬਿਤਾਏ ਸਮੇਂ ਨੂੰ ਘਟਾਉਣ ਤੋਂ ਬਾਅਦ, ਅਤੇ ਪੈਰੋਲ ‘ਤੇ ਵਿਚਾਰ ਕੀਤੇ ਜਾਣ ਤੋਂ ਪਹਿਲਾਂ ਦਿਗਵਾ ਨੂੰ ਘੱਟੋ-ਘੱਟ 24 ਸਾਲ ਅਤੇ 190 ਦਿਨ ਦੀ ਸਜ਼ਾ ਕੱਟਣੀ ਪਵੇਗੀ।

ਇੱਕ ਬਿਆਨ ਵਿੱਚ ਹੈਨਰੀ ਦੇ ਪਰਿਵਾਰ ਨੇ ਇਸ ਫ਼ੈਸਲੇ ਨੂੰ “ਨਿਆਂ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ” ਦੱਸਿਆ, ਪਰ ਕਿਹਾ ਕਿ “ਕੋਈ ਵੀ ਸਜ਼ਾ, ਭਾਵੇਂ ਉਹ ਕਿੰਨੀ ਵੀ ਲੰਬੀ ਕਿਉਂ ਨਾ ਹੋਵੇ, ਹੈਨਰੀ ਨੂੰ ਉਨ੍ਹਾਂ ਦੀ ਜ਼ਿੰਦਗੀ ਵਾਪਸ ਨਹੀਂ ਦੇ ਸਕਦੀ।”

ਉਨ੍ਹਾਂ ਅੱਗੇ ਕਿਹਾ, “ਸਾਨੂੰ ਸਾਰੀ ਉਮਰ ਲਈ ਦੁੱਖਾਂ ਦੀ ਸਜ਼ਾ ਮਿਲੀ ਹੈ। ਸਾਡੇ ਲਈ ਕੋਈ ਅਪੀਲ ਨਹੀਂ ਹੈ, ਸਾਡੇ ਦੁੱਖਾਂ ਵਿੱਚ ਕੋਈ ਕਮੀ ਨਹੀਂ ਆਵੇਗੀ ਅਤੇ ਸਾਡਾ ਪੁੱਤਰ ਕਦੇ ਵਾਪਸ ਨਹੀਂ ਆਵੇਗਾ।”

ਅਟਾਰਨੀ ਜਨਰਲ ਐਲੀ ਰੀਵਜ਼ ਨੇ ਕਿਹਾ, “ਇਸ ਮਾਮਲੇ ਦੀ ਬਰਬਰਤਾ ਅਤੇ ਬੇਰਹਿਮੀ ਨੇ ਮੈਨੂੰ ਝੰਜੋੜ ਕੇ ਰੱਖ ਦਿੱਤਾ ਹੈ ਅਤੇ ਮੈਂ ਜਾਣਦੀ ਹਾਂ ਕਿ ਬ੍ਰਿਟਿਸ਼ ਲੋਕ ਵੀ ਇਸੇ ਤਰ੍ਹਾਂ ਮਹਿਸੂਸ ਕਰ ਰਹੇ ਹਨ।”

“ਇਸ ਬੇਹੱਦ ਔਖੇ ਸਮੇਂ ਵਿੱਚ ਮੇਰੀਆਂ ਸੰਵੇਦਨਾਵਾਂ ਹੈਨਰੀ ਦੇ ਪਰਿਵਾਰ ਅਤੇ ਉਨ੍ਹਾਂ ਦੇ ਕਰੀਬੀਆਂ ਨਾਲ ਹਨ।”

“ਉਨ੍ਹਾਂ ਦੇ ਜਾਣ ਨਾਲ ਪੈਦਾ ਹੋਏ ਖਾਲੀਪਣ ਨੂੰ ਕੋਈ ਵੀ ਸਜ਼ਾ ਨਹੀਂ ਭਰ ਸਕਦੀ ਅਤੇ ਮੈਨੂੰ ਉਮੀਦ ਹੈ ਕਿ ਇਸ ਫ਼ੈਸਲੇ ਨਾਲ ਉਨ੍ਹਾਂ ਨੂੰ ਕੁਝ ਹੱਦ ਤੱਕ ਉਹ ਨਿਆਂ ਮਿਲ ਸਕੇਗਾ, ਜਿਸ ਦੇ ਉਹ ਹੱਕਦਾਰ ਹਨ।”

ਅਟਾਰਨੀ ਜਨਰਲ ਐਲੀ ਰੀਵਜ਼ ਨੇ 'ਬੇਹੱਦ ਨਰਮ ਸਜ਼ਾ' (Unduly Lenient Sentence) ਸਕੀਮ ਤਹਿਤ ਇਸ ਸਜ਼ਾ ਨੂੰ ਸਮੀਖਿਆ ਲਈ ਕੋਰਟ ਆਫ਼ ਅਪੀਲ ਕੋਲ ਭੇਜਿਆ ਸੀ

ਸੁਣਵਾਈ ਦੌਰਾਨ ਅਟਾਰਨੀ ਜਨਰਲ ਵੱਲੋਂ ਪੇਸ਼ ਹੋਏ ਜੋਨਾਥਨ ਪੋਲਨੇ ਕੇਸੀ ਨੇ ਦਲੀਲ ਦਿੱਤੀ ਕਿ 21 ਸਾਲ ਦੀ ਸਜ਼ਾ “ਜੁਰਮ ਦੀ ਬੇਹੱਦ ਗੰਭੀਰਤਾ” ਨੂੰ ਸਹੀ ਢੰਗ ਨਾਲ ਨਹੀਂ ਦਰਸਾਉਂਦੀ।

ਉਨ੍ਹਾਂ ਕਿਹਾ ਕਿ ਦਿਗਵਾ ਨੇ ਸਿੱਖਾਂ ਨੂੰ ਧਾਰਮਿਕ ਬਲੇਡ ਰੱਖਣ ਦੀ ਮਿਲੀ ਕਾਨੂੰਨੀ ਛੋਟ ਦਾ ਗ਼ਲਤ ਫ਼ਾਇਦਾ ਉਠਾਇਆ, ਜਿਸ ਮੁਤਾਬਕ ਉਸ ਨੂੰ ਉਹ ਚਾਕੂ ਰੱਖਣ ਦੀ ਇਜਾਜ਼ਤ ਮਿਲੀ ਸੀ। ਉਨ੍ਹਾਂ ਕਿਹਾ ਕਿ ਇਹ “ਇੱਕ ਤਰ੍ਹਾਂ ਨਾਲ ਭਰੋਸੇ ਦੀ ਦੁਰਵਰਤੋਂ” ਕਰਨ ਦੇ ਬਰਾਬਰ ਹੈ।

ਬਚਾਅ ਪੱਖ ਦੇ ਵਕੀਲ ਇਮਰਾਨ ਖਾਨ ਕੇਸੀ ਨੇ ਦਲੀਲ ਦਿੱਤੀ ਕਿ ਮੁਕੱਦਮੇ ਦੇ ਜੱਜ ਨੇ ਜੁਰਮ ਦੀ ਗੰਭੀਰਤਾ ਵਧਾਉਣ ਵਾਲੇ ਕੁਝ ਕਾਰਕਾਂ ਨੂੰ ਇੱਕ ਤੋਂ ਵੱਧ ਵਾਰ ਗਿਣਿਆ ਸੀ।

ਉਨ੍ਹਾਂ ਕਿਹਾ, “ਸੰਖੇਪ ਵਿੱਚ ਕਹੀਏ ਤਾਂ ਅਟਾਰਨੀ ਜਨਰਲ ਦਾ ਕਹਿਣਾ ਹੈ ਕਿ 21 ਸਾਲ ਦੀ ਸਜ਼ਾ ਬਹੁਤ ਘੱਟ ਸੀ। ਸਾਡਾ ਕਹਿਣਾ ਹੈ ਕਿ ਇਹ ਬਹੁਤ ਜ਼ਿਆਦਾ ਸੀ।”

ਜੱਜਾਂ ਨੇ ਇਸ ਗੱਲ ਨਾਲ ਸਹਿਮਤੀ ਜਤਾਈ ਕਿ ਕੁਝ ਕਾਰਕਾਂ ਨੂੰ ਦਿਗਵਾ ਦੇ ਖ਼ਿਲਾਫ਼ ਨਹੀਂ ਗਿਣਿਆ ਜਾਣਾ ਚਾਹੀਦਾ ਸੀ। ਇਨ੍ਹਾਂ ਵਿੱਚ ਇਸ ਮਾਮਲੇ ਦਾ ਭਾਈਚਾਰੇ ‘ਤੇ ਪੈਣ ਵਾਲਾ ਅਸਰ ਵੀ ਸ਼ਾਮਿਲ ਸੀ, ਜਿਸ ਦੀ ਨਾ ਤਾਂ ਉਸ ਨੇ ਉਮੀਦ ਕੀਤੀ ਸੀ ਅਤੇ ਨਾ ਹੀ ਅਜਿਹਾ ਕਰਨ ਦਾ ਉਸ ਦਾ ਇਰਾਦਾ ਸੀ।

ਦਿਗਵਾ ਦੀ ਮਾਂ ਕਿਰਨ ਕੌਰ ਨੂੰ ਜੁਲਾਈ ਵਿੱਚ ਤਿੰਨ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ, ਕਿਉਂਕਿ ਉਨ੍ਹਾਂ ਨੇ ਜੁਰਮ ਵਾਲੀ ਥਾਂ ਤੋਂ ਚਾਕੂ ਹਟਾ ਕੇ ਇੱਕ ਅਪਰਾਧੀ ਦੀ ਮਦਦ ਕੀਤੀ ਸੀ। ਵੀਰਵਾਰ ਨੂੰ ਹੋਣ ਵਾਲੀ ਸੁਣਵਾਈ ਤੋਂ ਕੁਝ ਸਮਾਂ ਪਹਿਲਾਂ ਹੀ ਉਨ੍ਹਾਂ ਨੇ ਆਪਣੀ ਸਜ਼ਾ ਖ਼ਿਲਾਫ਼ ਦਾਇਰ ਅਪੀਲ ਵਾਪਸ ਲੈ ਲਈ ਸੀ।

ਦਿਗਵਾ ਨੇ ਵੀ ਆਪਣੇ ਕਤਲ ਦੇ ਦੋਸ਼ੀ ਹੋਣ ਦੇ ਫ਼ੈਸਲੇ ਖ਼ਿਲਾਫ਼ ਅਪੀਲ ਕਰਨ ਲਈ ਅਰਜ਼ੀ ਦਿੱਤੀ ਹੈ, ਜਿਸ ‘ਤੇ ਵੱਖਰੇ ਤੌਰ ‘ਤੇ ਫ਼ੈਸਲਾ ਲਿਆ ਜਾਵੇਗਾ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI