Home ਰਾਸ਼ਟਰੀ ਖ਼ਬਰਾਂ 1600 ਦੇ ਦਹਾਕੇ ਦੀਆਂ ਨਿਊਜ਼ ਰਿਪੋਰਟਾਂ ਸਾਨੂੰ ਮੁਗ਼ਲ ਕਾਲ ਵੇਲੇ ਦੇ ਭਾਰਤ...

1600 ਦੇ ਦਹਾਕੇ ਦੀਆਂ ਨਿਊਜ਼ ਰਿਪੋਰਟਾਂ ਸਾਨੂੰ ਮੁਗ਼ਲ ਕਾਲ ਵੇਲੇ ਦੇ ਭਾਰਤ ਦੀ ਜ਼ਿੰਦਗੀ ਅਤੇ ਸਿੱਖਾਂ ਬਾਰੇ ਕੀ ਦੱਸਦੀਆਂ ਹਨ?

4
0

Source :- BBC PUNJABI

ਸੰਕੇਤਕ ਤਸਵੀਰ

ਤਸਵੀਰ ਸਰੋਤ, Heritage Images via Getty Images

ਜਦੋਂ ਯੂਰਪ ਵਿੱਚ ਅਖ਼ਬਾਰਾਂ ਦੀ ਖੋਜ ਹੋ ਰਹੀ ਸੀ, ਉਸ ਵੇਲੇ ਮੁਗ਼ਲ ਭਾਰਤ ਦਾ ਖ਼ਬਰਾਂ ਦਾ ਆਪਣਾ ਹੀ ਨੈੱਟਵਰਕ ਸੀ।

16ਵੀਂ ਸਦੀ ਦੇ ਅਖੀਰ ਤੋਂ, ਲੇਖਕਾਂ, ਏਜੰਟਾਂ ਅਤੇ ਸਕੱਤਰਾਂ ਦੀ ਇੱਕ ਫ਼ੌਜ ‘ਅਖ਼ਬਾਰਾਤ’ ਤਿਆਰ ਕਰਦੀ ਸੀ। ਇਹ ਦਰਬਾਰ ਦੀਆਂ ਸਾਜ਼ਿਸ਼ਾਂ, ਫੌਜੀ ਮੁਹਿੰਮਾਂ, ਨਿਯੁਕਤੀਆਂ, ਵਿੱਤੀ ਮਾਮਲਿਆਂ ਅਤੇ ਗੱਪਾਂ ਬਾਰੇ ਸੰਖੇਪ ਖ਼ਬਰੀ ਰਿਪੋਰਟਾਂ ਹੁੰਦੀਆਂ ਸਨ।

ਕਮਜ਼ੋਰ ਕਾਗਜ਼ ‘ਤੇ ਫ਼ਾਰਸੀ ਵਿੱਚ ਕਾਹਲੀ-ਕਾਹਲੀ ਤੇ ਹੱਥੀਂ ਲਿਖੀਆਂ ਇਹ ਰਿਪੋਰਟਾਂ ਮੁਗ਼ਲ ਸਾਮਰਾਜ ਦਾ ਸੂਚਨਾ ਨੈੱਟਵਰਕ ਬਣਾਉਂਦੀਆਂ ਸਨ। ਜਿਸ ਵਿੱਚ ਕੁਝ ਹੱਦ ਤੱਕ ਖ਼ੁਫ਼ੀਆ ਜਾਣਕਾਰੀ, ਕੁਝ ਹੱਦ ਤੱਕ ਸਰਕਾਰੀ ਸਰਕੂਲਰ ਅਤੇ ਕੁਝ ਹੱਦ ਤੱਕ ਖ਼ਬਰਾਂ ਦੇ ਬੁਲੇਟਿਨ ਹੁੰਦੇ ਸਨ।

ਸ਼ਾਹੀ ਅਤੇ ਸੂਬਾਈ ਦਰਬਾਰਾਂ ਵਿਚਕਾਰ ਹਰ ਰੋਜ਼ ਸੈਂਕੜੇ ਜਾਂ ਸ਼ਾਇਦ ਹਜ਼ਾਰਾਂ ਅਜਿਹੀਆਂ ਰਿਪੋਰਟਾਂ ਘੁੰਮਦੀਆਂ ਸਨ, ਜਿਸ ਨਾਲ ਇੱਕ ਅਜਿਹੇ ਸਾਮਰਾਜ ਨੂੰ ਇਕਜੁੱਟ ਰੱਖਣ ਵਿੱਚ ਮਦਦ ਮਿਲਦੀ ਸੀ, ਜਿਸ ਨੇ ਆਪਣੇ ਸਿਖਰ ਦੇ ਸਮੇਂ ਭਾਰਤੀ ਉਪ-ਮਹਾਂਦੀਪ ਦੇ ਵੱਡੇ ਹਿੱਸੇ ਅਤੇ ਦੁਨੀਆ ਦੀ ਲਗਭਗ ਇੱਕ-ਚੌਥਾਈ ਆਬਾਦੀ ‘ਤੇ ਰਾਜ ਕੀਤਾ।

ਇਨ੍ਹਾਂ ਵਿੱਚੋਂ ਕਈ ਰਿਪੋਰਟਾਂ ਇਕੱਠੇ ਹੋਏ ਅਧਿਕਾਰੀਆਂ ਦੇ ਸਾਹਮਣੇ ਉੱਚੀ ਆਵਾਜ਼ ਵਿੱਚ ਪੜ੍ਹੀਆਂ ਜਾਂਦੀਆਂ ਸਨ, ਜਿਸ ਨਾਲ ਸ਼ਾਹੀ ਦਰਬਾਰ ਦੀਆਂ ਖ਼ਬਰਾਂ ਸਾਮਰਾਜ ਦੇ ਦੂਰ-ਦੁਰੇਡੇ ਇਲਾਕਿਆਂ ਤੱਕ ਪਹੁੰਚਦੀਆਂ ਸਨ।

ਦਹਾਕਿਆਂ ਤੱਕ, ਇਨ੍ਹਾਂ ਰਿਪੋਰਟਾਂ, ਹੁਕਮਾਂ ਅਤੇ ਪ੍ਰਸ਼ਾਸਨਿਕ ਰਿਕਾਰਡਾਂ ਦੇ ਹਜ਼ਾਰਾਂ ਸਫ਼ੇ ਭਾਰਤ ਅਤੇ ਬ੍ਰਿਟੇਨ ਦੀਆਂ ਲਾਇਬ੍ਰੇਰੀਆਂ ਅਤੇ ਆਰਕਾਈਵਸ ਵਿੱਚ ਪਏ ਰਹੇ।

ਇਤਿਹਾਸਕਾਰਾਂ ਨੂੰ ਉਨ੍ਹਾਂ ਦੀ ਮੌਜੂਦਗੀ ਬਾਰੇ ਪਤਾ ਸੀ ਪਰ ਬਹੁਤ ਘੱਟ ਲੋਕਾਂ ਨੇ ਉਨ੍ਹਾਂ ਦੀ ਡੂੰਘਾਈ ਨਾਲ ਜਾਂਚ-ਪੜਤਾਲ ਕੀਤੀ।

ਸਭ ਤੋਂ ਵਿਵਾਦਿਤ ਮੁਗ਼ਲ ਸ਼ਾਸਕ ਔਰੰਗਜ਼ੇਬ ਦੀ ਇੱਕ ਨਵੀਂ ਤਸਵੀਰ

ਸੰਕੇਤਕ ਤਸਵੀਰ

ਤਸਵੀਰ ਸਰੋਤ, Universal Images Group via Getty Images

ਕੈਲੀਫ਼ੋਰਨੀਆ ਯੂਨੀਵਰਸਿਟੀ, ਬਰਕਲੇ ਦੇ ਇਤਿਹਾਸਕਾਰ ਮੁਨੀਸ ਡੀ ਫ਼ਾਰੂਕੀ ਨੇ ਲਗਭਗ ਦੋ ਦਹਾਕੇ ਇਸੇ ਕੰਮ ਵਿੱਚ ਬਿਤਾਏ।

ਇਹ ਕੰਮ ਉਨ੍ਹਾਂ ਨੇ ਸਾਲ 2007 ਵਿੱਚ ਸ਼ੁਰੂ ਕੀਤਾ ਅਤੇ ਆਪਣੇ ਆਪ ਨੂੰ ਭਾਰਤ ਅਤੇ ਬ੍ਰਿਟੇਨ ਦੇ ਆਰਕਾਈਵਸ ਵਿੱਚ ਸੁਰੱਖਿਅਤ ਇੱਕ ਵਿਸ਼ਾਲ ਸੰਗ੍ਰਹਿ ‘ਅਖ਼ਬਾਰਾਤ-ਏ-ਦਰਬਾਰ-ਏ-ਮੁਅੱਲਾ’ (ਸ਼ਾਹੀ ਦਰਬਾਰ ਦੇ ਨਿਊਜ਼ਲੈਟਰਜ਼) ਵਿੱਚ ਪੂਰੀ ਤਰ੍ਹਾਂ ਡੁਬੋ ਦਿੱਤਾ।

ਕੋਲਕਾਤਾ ਦੀ ਨੈਸ਼ਨਲ ਲਾਇਬ੍ਰੇਰੀ ਵਿੱਚ 6,500 ਤੋਂ ਵੱਧ ਸਫ਼ਿਆਂ ‘ਤੇ ਕੰਮ ਕਰਦੇ ਹੋਏ, ਉਨ੍ਹਾਂ ਨੇ ਹਜ਼ਾਰਾਂ ਐਂਟਰੀਆਂ ਰਾਹੀਂ ਸ਼ਹਿਜ਼ਾਦਿਆਂ, ਸੈਨਾਪਤੀਆਂ, ਦਰਬਾਰੀਆਂ, ਸ਼ਾਹੀ ਮਹਿਲਾਵਾਂ, ਸ਼ਾਹੀ ਕਿੰਨਰਾਂ (ਟ੍ਰਾਂਸਜੈਂਡਰਾਂ) ਅਤੇ ਹੋਰ ਕਈ ਲੋਕਾਂ ਬਾਰੇ ਜਾਣਕਾਰੀ ਜੁਟਾਈ।

ਇਸ ਦਾ ਨਤੀਜਾ ਔਰੰਗਜ਼ੇਬ (ਜਿਨ੍ਹਾਂ ਨੂੰ ਉਨ੍ਹਾਂ ਦੇ ਸ਼ਾਹੀ ਨਾਮ ‘ਆਲਮਗੀਰ’ ਨਾਲ ਵੀ ਜਾਣਿਆ ਜਾਂਦਾ ਹੈ) ਅਤੇ 17ਵੀਂ ਸਦੀ ਦੇ ਅਖੀਰ ਵਿੱਚ ਮੁਗ਼ਲ ਸਾਮਰਾਜ ਦੇ ਇਤਿਹਾਸ ਦੇ ਰੂਪ ਵਿੱਚ ਸਾਹਮਣੇ ਆਇਆ ਹੈ।

ਇਹ ਨਾ ਸਿਰਫ਼ ਭਾਰਤ ਦੇ ਸਭ ਤੋਂ ਵਿਵਾਦਿਤ ਮੁਗ਼ਲ ਸ਼ਾਸਕ ਦੀ ਇੱਕ ਨਵੀਂ ਤਸਵੀਰ ਪੇਸ਼ ਕਰਦਾ ਹੈ ਸਗੋਂ ਦੁਨੀਆ ਦੇ ਮਹਾਨ ਸ਼ੁਰੂਆਤੀ ਆਧੁਨਿਕ ਸਾਮਰਾਜਾਂ ਵਿੱਚੋਂ ਇੱਕ ਅਸਲ ਵਿੱਚ ਕਿਵੇਂ ਕੰਮ ਕਰਦਾ ਸੀ, ਇਸ ਦੀ ਵੀ ਇੱਕ ਦੁਰਲੱਭ ਝਲਕ ਪੇਸ਼ ਕਰਦਾ ਹੈ।

ਮੁਗ਼ਲ ਖ਼ਬਰਾਂ ਦੀਆਂ ਰਿਪੋਰਟਾਂ ਦੇ ਸੰਗ੍ਰਹਿ

'ਅਖਬਾਰਾਤ' ਦੀ ਤਸਵੀਰ

ਤਸਵੀਰ ਸਰੋਤ, Royal Asiatic Society of Great Britain and Ireland

ਮੁਗ਼ਲ ਖ਼ਬਰਾਂ ਦੀਆਂ ਰਿਪੋਰਟਾਂ ਘੱਟੋ-ਘੱਟ ਚਾਰ ਜਾਣੇ-ਪਛਾਣੇ ਸੰਗ੍ਰਹਿਆਂ ਵਿੱਚ ਮੌਜੂਦ ਹਨ- ਲੰਦਨ, ਬੀਕਾਨੇਰ, ਸੀਤਾਮਊ ਅਤੇ ਕੋਲਕਾਤਾ ਵਿੱਚ। ਹਾਲਾਂਕਿ ਇਤਿਹਾਸਕਾਰਾਂ ਨੂੰ ਸ਼ੱਕ ਹੈ ਕਿ ਕੁਝ ਹੋਰ ਸੰਗ੍ਰਹਿ ਨਿੱਜੀ ਹੱਥਾਂ ਵਿੱਚ ਵੀ ਹੋ ਸਕਦੇ ਹਨ।

ਇੱਕ ਸੰਗ੍ਰਹਿ ਜੈਪੁਰ ਕਿਲ੍ਹੇ ਦੇ ਠੰਡੇ, ਸੁੱਕੇ ਬੇਸਮੈਂਟ ਵਿੱਚ ਗੱਠੜੀਆਂ ਦੇ ਰੂਪ ਵਿੱਚ ਸੁਰੱਖਿਅਤ ਰੱਖਿਆ ਗਿਆ ਸੀ। 19ਵੀਂ ਸਦੀ ਦੀ ਸ਼ੁਰੂਆਤ ਵਿੱਚ, ਈਸਟ ਇੰਡੀਆ ਕੰਪਨੀ ਦੇ ਅਧਿਕਾਰੀ ਅਤੇ ਪੁਰਾਤਨ ਵਸਤੂਆਂ ਦੇ ਜਾਣਕਾਰ ਜੇਮਜ਼ ਟੌਡ ਨੇ ਇਨ੍ਹਾਂ ਵਿੱਚੋਂ ਕਈ ਰਿਪੋਰਟਾਂ ਉਧਾਰ ਲਈਆਂ ਸਨ।

ਪਰ 1823 ਵਿੱਚ ਬ੍ਰਿਟੇਨ ਵਾਪਸ ਜਾਂਦੇ ਸਮੇਂ ਉਹ ਉਨ੍ਹਾਂ ਨੂੰ ਵਾਪਸ ਨਹੀਂ ਕਰ ਸਕੇ। ਬਾਅਦ ਵਿੱਚ ਉਨ੍ਹਾਂ ਨੇ ਇਹ ਸੰਗ੍ਰਹਿ ਰੌਇਲ ਏਸ਼ੀਆਟਿਕ ਸੁਸਾਇਟੀ ਦੀ ਲਾਇਬ੍ਰੇਰੀ ਨੂੰ ਦਾਨ ਕਰ ਦਿੱਤਾ।

ਕੋਲਕਾਤਾ ਦੀ ਨੈਸ਼ਨਲ ਲਾਇਬ੍ਰੇਰੀ ਵਿੱਚ ਮੌਜੂਦ ਸਭ ਤੋਂ ਵੱਡਾ ਸੰਗ੍ਰਹਿ 21 ਖੰਡਾਂ (ਵਾਲਿਊਮਜ਼) ਦਾ ਹੈ ਜੋ ਔਰੰਗਜ਼ੇਬ ਦੇ ਸ਼ਾਸਨ ਕਾਲ ਨਾਲ ਸੰਬੰਧਿਤ ਹੈ। ਔਰੰਗਜ਼ੇਬ ਨੇ 1658 ਤੋਂ 1707 ਤੱਕ ਮੁਗ਼ਲ ਸਾਮਰਾਜ ‘ਤੇ ਰਾਜ ਕੀਤਾ ਅਤੇ ਉਹ ਸਾਮਰਾਜ ਦੇ ਆਖ਼ਰੀ ਮਹਾਨ ਸਮਰਾਟ ਸੀ, ਜਿਨ੍ਹਾਂ ਨੇ ਸਾਮਰਾਜ ਦਾ ਵਿਸਥਾਰ ਕੀਤਾ।

ਇਹ ਖੰਡ (ਵਾਲਿਊਮਜ਼) ਕਦੇ ਮਸ਼ਹੂਰ ਭਾਰਤੀ ਇਤਿਹਾਸਕਾਰ ਸਰ ਯਦੁਨਾਥ ਸਰਕਾਰ ਦੀ ਨਿੱਜੀ ਲਾਇਬ੍ਰੇਰੀ ਦਾ ਹਿੱਸਾ ਸਨ, ਜਿਨ੍ਹਾਂ ਨੇ ਔਰੰਗਜ਼ੇਬ ਦੀ ਜੀਵਨੀ ‘ਤੇ ਸਭ ਤੋਂ ਪ੍ਰਭਾਵਸ਼ਾਲੀ ਕੰਮ ਕੀਤਾ।

ਸਾਮਰਾਜ ਜੋ ਆਪਣੇ ਆਪ ‘ਤੇ ਨਜ਼ਰ ਰੱਖ ਰਿਹਾ ਸੀ

ਪਹਿਲੀ ਨਜ਼ਰ ਵਿੱਚ, ਜ਼ਿਆਦਾਤਰ ਜਾਣਕਾਰੀ ਬਹੁਤ ਮਾਮੂਲੀ ਲੱਗਦੀ ਹੈ। ਨਿਯੁਕਤੀਆਂ, ਵਿਵਾਦ, ਫੌਜ ਦੀਆਂ ਗਤੀਵਿਧੀਆਂ, ਤੋਹਫ਼ੇ, ਬਿਮਾਰੀਆਂ ਅਤੇ ਪ੍ਰਸ਼ਾਸਨ ਨਾਲ ਜੁੜੀਆਂ ਛੋਟੀਆਂ-ਮੋਟੀਆਂ ਗੱਲਾਂ।

ਫਿਰ ਵੀ, ਫ਼ਾਰੂਕੀ ਦਾ ਕਹਿਣਾ ਹੈ ਕਿ ਜੇਕਰ ਇਨ੍ਹਾਂ ਸਾਰੀਆਂ ਰਿਪੋਰਟਾਂ ਨੂੰ ਇਕੱਠਿਆਂ ਦੇਖਿਆ ਜਾਵੇ ਤਾਂ ਇਹ ਇੱਕ ਅਨੋਖੀ ਚੀਜ਼ ਬਣ ਜਾਂਦੀਆਂ ਹਨ। ਇੱਕ ਅਜਿਹੇ ਸਾਮਰਾਜ ਦਾ ਲਗਭਗ ਲਗਾਤਾਰ ਰੱਖਿਆ ਗਿਆ ਰਿਕਾਰਡ, ਜੋ ਆਪਣੇ ਆਪ ‘ਤੇ ਨਜ਼ਰ ਰੱਖ ਰਿਹਾ ਸੀ।

ਤਖਤ ‘ਤੇ ਔਰੰਗਜ਼ੇਬ ਦੇ ਸ਼ੁਰੂਆਤੀ ਦੋ ਦਹਾਕਿਆਂ ਦਾ ਆਰਕਾਈਵ ਰਿਕਾਰਡ ਅਧੂਰਾ ਹੈ। ਪਰ 1680 ਦੇ ਦਹਾਕੇ ਦੀ ਸ਼ੁਰੂਆਤ ਤੋਂ ਬਾਅਦ ਦਾ ਬਚਿਆ ਹੋਇਆ ਰਿਕਾਰਡ ਬਹੁਤ ਵੱਡਾ ਹੈ, ਜਿਸ ਨਾਲ ਸਾਲਾਂ ਤੱਕ ਲਗਭਗ ਰੋਜ਼ਾਨਾ ਮਿਲਣ ਵਾਲੀਆਂ ਰਿਪੋਰਟਾਂ ਤੱਕ ਪਹੁੰਚ ਮਿਲਦੀ ਹੈ।

ਕੁੱਲ ਮਿਲਾ ਕੇ, ਇਹ ਸਮਰਾਟ ਦੇ ਲਗਭਗ ਅੱਧੀ ਸਦੀ ਦੇ ਸ਼ਾਸਨ ਕਾਲ ਦੇ ਇੱਕ-ਤਿਹਾਈ ਹਿੱਸੇ ‘ਤੇ ਰੌਸ਼ਨੀ ਪਾਉਂਦੀਆਂ ਹਨ।

‘ਅਖ਼ਬਾਰਾਤ’- ਸ਼ੁਰੂਆਤੀ ਆਧੁਨਿਕ ਦੁਨੀਆ ਦੇ ਸਭ ਤੋਂ ਬਿਹਤਰੀਨ ਸੂਚਨਾ ਨੈੱਟਵਰਕਾਂ ਵਿੱਚੋਂ ਇੱਕ

ਕੋਲਕਾਤਾ ਦੀ ਨੈਸ਼ਨਲ ਲਾਇਬ੍ਰੇਰੀ

ਤਸਵੀਰ ਸਰੋਤ, AFP via Getty Images

ਫ਼ਾਰੂਕੀ ਨੇ ਆਪਣੀ ਅਕਾਦਮਿਕ ਜ਼ਿੰਦਗੀ ਦਾ ਇੱਕ ਵੱਡਾ ਹਿੱਸਾ 17ਵੀਂ ਸਦੀ ਦੇ ਅਖੀਰ ਦੇ ਮੁਗ਼ਲ ਦੌਰ ਬਾਰੇ ਵਿਚਾਰ ਕਰਨ ਵਿੱਚ ਬਿਤਾਇਆ ਹੈ।

ਉਸ ਸਮੇਂ ਸਾਮਰਾਜ ਆਪਣੇ ਸਿਖਰ ‘ਤੇ ਸੀ ਪਰ ਨਾਲ ਹੀ ਪਤਨ ਵੱਲ ਵੀ ਵਧ ਰਿਹਾ ਸੀ, ਜਿਸ ਨੇ ਆਖ਼ਰਕਾਰ ਬ੍ਰਿਟਿਸ਼ ਰਾਜ ਦਾ ਰਾਹ ਸਾਫ਼ ਕਰ ਦਿੱਤਾ। ‘ਅਖ਼ਬਾਰਾਤ’ ਨੇ ਫ਼ਾਰੂਕੀ ਨੂੰ ਉਸ ਦੁਨੀਆ ਨੂੰ ਦੇਖਣ ਦਾ ਇੱਕ ਨਵਾਂ ਨਜ਼ਰੀਆ ਦਿੱਤਾ।

ਫ਼ਾਰੂਕੀ ਨੇ ਮੈਨੂੰ ਦੱਸਿਆ, “ਅਖ਼ਬਾਰਾਤ ਨਾਲ ਕੰਮ ਕਰਨ ਦਾ ਮੇਰਾ ਪੂਰਾ ਤਜ਼ਰਬਾ ਇੱਕ ਤੋਂ ਬਾਅਦ ਇੱਕ ਕਈ ‘ਯੂਰੇਕਾ’ ਪਲਾਂ ਵਰਗਾ ਰਿਹਾ ਹੈ! (ਯੂਰੇਕਾ, ਸ਼ਬਦ ਦਾ ਇਸਤੇਮਾਲ ਉਸ ਸਥਿਤੀ ਵਿੱਚ ਕੀਤਾ ਜਾਂਦਾ ਹੈ ਜਦੋਂ ਵਿਅਕਤੀ ਨੂੰ ਕਿਸੇ ਖੋਜ ਆਦਿ ਵਿੱਚ ਕਾਮਯਾਬੀ ਮਿਲ ਜਾਂਦੀ ਹੈ) ਮੈਨੂੰ ਹਮੇਸ਼ਾ ਹੈਰਾਨੀ ਹੁੰਦੀ ਹੈ ਕਿ ਉਸ ਸਮੇਂ ਜਾਣਕਾਰੀ ਦਾ ਇਕੋਸਿਸਟਮ ਕਿੰਨਾ ਸੰਘਣਾ ਅਤੇ ਵਿਸਤ੍ਰਿਤ (ਗਹਿਰਾ ਅਤੇ ਫੈਲਿਆ ਹੋਇਆ) ਸੀ।”

ਫ਼ਾਰੂਕੀ ਨੇ ਜਿਨ੍ਹਾਂ ਨਿਊਜ਼ ਰਿਪੋਰਟਾਂ ਦਾ ਅਧਿਐਨ ਕੀਤਾ, ਉਹ ਜੈਪੁਰ ਦੇ ਰਾਜੇ ਲਈ ਲਿਖੀਆਂ ਗਈਆਂ ਸਨ। ਸੈਂਕੜੇ ਹੋਰ ਰਈਸਾਂ, ਸ਼ਹਿਜ਼ਾਦਿਆਂ ਅਤੇ ਅਧਿਕਾਰੀਆਂ ਨੂੰ ਵੀ ਸ਼ਾਇਦ ਪੂਰੇ ਸਾਮਰਾਜ ਵਿੱਚ ਫੈਲੇ ਏਜੰਟਾਂ ਤੋਂ ਅਜਿਹੀਆਂ ਹੀ ਰਿਪੋਰਟਾਂ ਮਿਲਦੀਆਂ ਸਨ, ਜਿਸ ਨਾਲ ਸ਼ੁਰੂਆਤੀ ਆਧੁਨਿਕ ਦੁਨੀਆ ਦੇ ਸਭ ਤੋਂ ਬਿਹਤਰੀਨ ਸੂਚਨਾ ਨੈੱਟਵਰਕਾਂ ਵਿੱਚੋਂ ਇੱਕ ਬਣਿਆ।

ਫ਼ਾਰੂਕੀ ਕਹਿੰਦੇ ਹਨ, “ਜਦੋਂ ਮੈਂ ਉਸ ਇਕੋਸਿਸਟਮ ਬਾਰੇ ਸੋਚਦਾ ਹਾਂ ਜਿਸ ਨੇ ਇੰਨੀ ਸੰਪੰਨ ਜਾਣਕਾਰੀ ਇਕੱਠੀ ਕਰਨ ਅਤੇ ਉਸ ਨੂੰ ਅੱਗੇ ਪਹੁੰਚਾਉਣ ਦਾ ਕੰਮ ਕੀਤਾ ਤਾਂ ਮੈਂ ਹੈਰਾਨ ਰਹਿ ਜਾਂਦਾ ਹਾਂ।”

ਜਾਣਕਾਰੀ ਦੀ ਇੰਨੀ ਵੱਡੀ ਮਾਤਰਾ ਤੋਂ ਪਤਾ ਲੱਗਦਾ ਹੈ ਕਿ ਪੁਰਾਣੇ ਸਮੇਂ ਦੇ ਹਿਸਾਬ ਨਾਲ ਵੀ, ਮੁਗ਼ਲ ਸ਼ਾਸਨ ਦੀ ਆਪਣੇ ਵਿਸ਼ਾਲ ਸਾਮਰਾਜ ‘ਤੇ ਬਹੁਤ ਗਹਿਰੀ ਅਤੇ ਵਿਆਪਕ ਪਕੜ ਸੀ।

ਹਾਲਾਂਕਿ ਫ਼ਾਰੂਕੀ ਦਾ ਮੰਨਣਾ ਹੈ ਕਿ ਉਸ ਜਾਣਕਾਰੀ ਦੇ ਆਧਾਰ ‘ਤੇ ਹਰ ਵਾਰ ਉਹ (ਮੁਗ਼ਲ ਹਕੂਮਤ) ਪ੍ਰਭਾਵਸ਼ਾਲੀ ਕਾਰਵਾਈ ਸਕੀ ਹੋਵੇ, ਇਹ ਜ਼ਰੂਰੀ ਨਹੀਂ। ਇਸ (ਜਾਣਕਾਰੀ ਦੇ ਇਸ ਨੈੱਟਵਰਕ) ਨੇ ਕਰੋੜਾਂ ਲੋਕਾਂ ਦੀ ਜ਼ਿੰਦਗੀ ‘ਤੇ “ਕਦੇ ਚੰਗਾ ਤਾਂ ਕਦੇ ਮਾੜਾ” ਪਰ ਅਸਰ ਜ਼ਰੂਰ ਪਾਇਆ।

ਵਾਰ-ਵਾਰ, ਇਨ੍ਹਾਂ ਰਿਪੋਰਟਾਂ ਨੇ ਫ਼ਾਰੂਕੀ ਨੂੰ ਨਵੇਂ ਸਿਰਿਓਂ ਸੋਚਣ ਲਈ ਮਜਬੂਰ ਕੀਤਾ।

ਧਰਮ ਪਰਿਵਰਤਨ ਅਤੇ ਸਿੱਖਾਂ ਬਾਰੇ ਕੀ ਜਾਣਕਾਰੀ ਮਿਲੀ ?

ਫ਼ਾਰੂਕੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਵੱਡੇ ਪੱਧਰ ‘ਤੇ ਧਰਮ ਪਰਿਵਰਤਨ ਦੇ ਬਹੁਤ ਘੱਟ ਸਬੂਤ ਮਿਲੇ, ਜੋ ਕਿ ਅਕਸਰ ਔਰੰਗਜ਼ੇਬ ਦੇ ਦਰਬਾਰ ਨਾਲ ਜੋੜੀ ਜਾਂਦੀ ਚੀਜ਼ ਹੈ। ਸ਼ਾਹੀ ਹਰਮ ਅਤੇ ਕਿੰਨਰਾਂ ਦਾ ਸਮੂਹ ਉਸ ਨਾਲੋਂ ”ਕਿਤੇ ਜ਼ਿਆਦਾ ਸਿਆਸੀ ਤੌਰ ‘ਤੇ ਪ੍ਰਭਾਵਸ਼ਾਲੀ ਸੀ, ਜਿੰਨਾ ਕੋਈ ਸੋਚ ਸਕਦਾ ਹੈ”।

ਇਤਿਹਾਸਕਾਰ ਮੁਨੀਸ ਡੀ ਫ਼ਾਰੂਕੀ ਨੂੰ ਲੱਗਿਆ ਕਿ ਔਰੰਗਜ਼ੇਬ ਅਸਲ ਰਿਕਾਰਡਾਂ ਵਿੱਚ ਓਨਾ ਦੂਰ-ਦੂਰ ਰਹਿਣ ਵਾਲਾ ਅਤੇ ਸਖ਼ਤ ਸੁਭਾਅ ਦਾ ਸਮਰਾਟ ਨਹੀਂ ਸੀ, ਜਿੰਨਾ ਅਕਸਰ ਉਸ ਨੂੰ ਦਰਸਾਇਆ ਜਾਂਦਾ ਹੈ।

ਨਾਲ ਹੀ ਰਿਪੋਰਟਾਂ ਵਿੱਚ ਸਿੱਖਾਂ ਵਰਗੇ ਸਮੂਹਾਂ ਬਾਰੇ ਵੀ ਫ਼ਾਰੂਕੀ ਦੀ ਉਮੀਦ ਨਾਲੋਂ ਕਿਤੇ ਘੱਟ ਵਿਰੋਧੀ ਗੱਲਾਂ ਦਰਜ ਸਨ। ਇਹ ਸਿੱਖਾਂ ਦੇ ਉਸ ਪੁਰਾਣੇ ਵਿਸ਼ਵਾਸ ਦੇ ਉਲਟ ਸੀ, ਜਿਸ ਮੁਤਾਬਕ 1711 ਤੱਕ ਔਰੰਗਜ਼ੇਬ ਨੂੰ ਸਿੱਖ ਗੁਰੂਆਂ ਅਤੇ ਸਿੱਖ ਭਾਈਚਾਰੇ ‘ਤੇ ਅੱਤਿਆਚਾਰ ਕਰਨ ਲਈ ਜ਼ਿੰਮੇਵਾਰ ਮੰਨਿਆ ਜਾਂਦਾ ਹੈ।

ਕੁਝ ਗੱਲਾਂ ਅਚਾਨਕ ਵੱਡੇ ਖੁਲਾਸਿਆਂ ਨਾਲ ਨਹੀਂ, ਸਗੋਂ ਵਾਰ-ਵਾਰ ਦੁਹਰਾਏ ਜਾਣ ਨਾਲ ਸਾਹਮਣੇ ਆਈਆਂ।

ਕੈਲੀਫ਼ੋਰਨੀਆ ਯੂਨੀਵਰਸਿਟੀ, ਬਰਕਲੇ ਦੇ ਇਤਿਹਾਸਕਾਰ ਮੁਨੀਸ ਡੀ ਫ਼ਾਰੂਕੀ

ਤਸਵੀਰ ਸਰੋਤ, Munis D Faruqui

ਫ਼ਾਰੂਕੀ ਨੂੰ ਇਨ੍ਹਾਂ ਨਿਊਜ਼ਲੈਟਰਜ਼ ਵਿੱਚ ਇੱਕ ਨਾਮ ਵਾਰ-ਵਾਰ ਨਜ਼ਰ ਆਇਆ- ਜ਼ੀਨਤ-ਉਨ-ਨਿਸਾ, ਔਰੰਗਜ਼ੇਬ ਦੀ ਧੀ। ਇਤਿਹਾਸਕਾਰਾਂ ਨੂੰ ਉਨ੍ਹਾਂ ਬਾਰੇ ਪਤਾ ਸੀ, ਪਰ ਦਰਬਾਰ ਵਿੱਚ ਉਨ੍ਹਾਂ ਦੀ ਭੂਮਿਕਾ ਬਾਰੇ ਬਹੁਤ ਘੱਟ ਲਿਖਿਆ ਗਿਆ ਸੀ। ਫਿਰ ਵੀ, ਰਿਕਾਰਡ ਵਿੱਚ ਵਾਰ-ਵਾਰ ਉਨ੍ਹਾਂ ਦਾ ਜ਼ਿਕਰ ਆਉਂਦਾ ਰਿਹਾ।

ਕੁਝ ਹੀ ਹਫ਼ਤਿਆਂ ਵਿੱਚ, ਫ਼ਾਰੂਕੀ ਨੂੰ ਅਹਿਸਾਸ ਹੋ ਗਿਆ ਕਿ ਉਹ ਕੋਈ ਮਾਮੂਲੀ ਸ਼ਾਹੀ ਸ਼ਖ਼ਸੀਅਤ ਨਹੀਂ ਸਨ।

ਜ਼ੀਨਤ-ਉਨ-ਨਿਸਾ ਇੱਕ ਤਾਕਤਵਰ ਸਿਆਸੀ ਸ਼ਖ਼ਸੀਅਤ ਸਨ ਅਤੇ ਆਪਣੀ ਜ਼ਿੰਦਗੀ ਦੇ ਆਖ਼ਰੀ ਦੌਰ ਵਿੱਚ ਆਪਣੇ ਬੁੱਢੇ ਅਤੇ ਸਿਆਸੀ ਤੌਰ ‘ਤੇ ਕਮਜ਼ੋਰ ਪਿਤਾ ਲਈ “ਅਸਾਧਾਰਣ ਤੌਰ ‘ਤੇ ਪ੍ਰਭਾਵਸ਼ਾਲੀ ਅਤੇ ਮਹੱਤਵਪੂਰਨ ਸਿਆਸੀ ਸਹਾਰਾ” ਸਨ। ਫ਼ਾਰੂਕੀ ਨੇ ਉਨ੍ਹਾਂ ਦੇ ਨਾਮ ਦੇ ਹਰ ਜ਼ਿਕਰ ਨੂੰ ਨੋਟ ਕਰਨਾ ਸ਼ੁਰੂ ਕਰ ਦਿੱਤਾ। ਮੁਗ਼ਲ ਹਰਮ ਬਾਰੇ ਉਨ੍ਹਾਂ ਦੇ ਵੇਰਵੇ ਵਿੱਚ ਜ਼ੀਨਤ-ਉਨ-ਨਿਸਾ ਦੀ ਅਹਿਮ ਭੂਮਿਕਾ ਰਹੀ।

ਹਰ ਨਵੀਂ ਖੋਜ ਨੇ ਸੋਚਣ ਦਾ ਨਜ਼ਰੀਆ ਬਦਲ ਦਿੱਤਾ। ਫ਼ਾਰੂਕੀ ਕਹਿੰਦੇ ਹਨ, “1990 ਦੇ ਦਹਾਕੇ ਤੋਂ (ਜਦੋਂ ਮੈਂ ਪਹਿਲੀ ਵਾਰ ਅਖ਼ਬਾਰਾਤ ਬਾਰੇ ਸੁਣਿਆ ਸੀ) ਮੈਂ ਜੋ ਕਹਾਣੀਆਂ ਆਪਣੇ ਆਪ ਨੂੰ ਸੁਣਾ ਰਿਹਾ ਸੀ, ਉਨ੍ਹਾਂ ਵਿੱਚੋਂ ਕਈ ਬਾਰੇ ਮੁੜ ਸੋਚਣ ਦੀ ਲੋੜ ਸੀ।”

ਉਨ੍ਹਾਂ ਦਾ ਕਹਿਣਾ ਹੈ ਕਿ ਅਖ਼ਬਾਰਾਤ ਨੇ ਨਾ ਸਿਰਫ਼ ਔਰੰਗਜ਼ੇਬ, ਸਗੋਂ ਖ਼ੁਦ ਮੁਗ਼ਲ ਸਾਮਰਾਜ ਦਾ ਵੀ ਨਵੇਂ ਸਿਰੇ ਤੋਂ ਮੁਲਾਂਕਣ ਕਰਨ ਦਾ ਮੌਕਾ ਦਿੱਤਾ।

ਇਤਿਹਾਸਕਾਰਾਂ ਨੇ ਜ਼ਿਆਦਾਤਰ ਅਖ਼ਬਾਰਾਤ ਤੋਂ ਦੂਰੀ ਕਿਉਂ ਬਣਾਈ ਰੱਖੀ ਹੈ ?

ਫ਼ਾਰੂਕੀ ਕਹਿੰਦੇ ਹਨ ਕਿ ਉਹ ਇਸ ਝਿਜਕ ਨੂੰ ਸਮਝਦੇ ਹਨ। ਆਪਣੇ ਕਰੀਅਰ ਦੀ ਸ਼ੁਰੂਆਤ ਵਿੱਚ ਉਨ੍ਹਾਂ ਨੇ ਮੁਗ਼ਲਾਂ ਦੇ ਇੱਕ ਹੋਰ ਵਿਸ਼ਾਲ ਸੰਗ੍ਰਹਿ ਨੂੰ ਸਮਝਣ ਦੀ ਕੋਸ਼ਿਸ਼ ਵਿੱਚ ਸੱਤ ਹਫ਼ਤੇ ਸੰਘਰਸ਼ ਕੀਤਾ ਅਤੇ ਫਿਰ ਉਸ ਨੂੰ ਛੱਡ ਦਿੱਤਾ। ਉਸ ਤਜ਼ਰਬੇ ਕਾਰਨ ਉਨ੍ਹਾਂ ਨੇ ਲਗਭਗ ਇੱਕ ਦਹਾਕੇ ਤੱਕ ਵੱਡੇ ਅਤੇ ਬਿਨਾਂ ਇੰਡੈਕਸ ਵਾਲੇ ਸੰਗ੍ਰਹਿਆਂ ਤੋਂ ਦੂਰੀ ਹੀ ਬਣਾ ਕੇ ਰੱਖੀ।

ਅਖ਼ਬਾਰਾਤ ਨਾਲ ਵੀ ਅਜਿਹੀ ਹੀ ਚੁਣੌਤੀ ਸੀ।

ਉਹ ਕਹਿੰਦੇ ਹਨ, “ਇਸ ਵਿੱਚ ਕੁਝ ਵੀ ਲੱਭਣਾ ਤੂੜੀ ਦੇ ਢੇਰ ਵਿੱਚੋਂ ਸੂਈ ਲੱਭਣ ਵਰਗਾ ਹੈ।”

ਬਿਨਾਂ ਇੰਡੈਕਸ ਅਤੇ ਹਜ਼ਾਰਾਂ ਐਂਟਰੀਆਂ ਵਾਲੇ ਇਸ ਸੰਗ੍ਰਹਿ ਲਈ ਸਬਰ, ਸਹਿਣਸ਼ੀਲਤਾ ਅਤੇ ਇੱਕ-ਇੱਕ ਸਫ਼ਾ ਪੜ੍ਹਨ ਦੀ ਇੱਛਾ-ਸ਼ਕਤੀ ਦੀ ਲੋੜ ਹੁੰਦੀ ਹੈ ਤਾਂ ਜੋ ਪੈਟਰਨ ਅਤੇ ਕੰਮ ਦੀ ਜਾਣਕਾਰੀ ਲੱਭੀ ਜਾ ਸਕੇ।

ਫ਼ਾਰੂਕੀ ਦਾ ਕਹਿਣਾ ਹੈ ਕਿ ਔਰੰਗਜ਼ੇਬ ਨੂੰ ਲੈਕੇ ਲਗਾਤਾਰ ਨਵੀਂ ਬਹਿਸ ਛਿੜਨ ਦਾ ਇੱਕ ਕਾਰਨ ਇਹ ਵੀ ਹੈ ਕਿ ਉਨ੍ਹਾਂ ਬਾਰੇ ਬਹੁਤ ਜ਼ਿਆਦਾ ਜਾਣਕਾਰੀ ਮੌਜੂਦ ਹੈ।

ਹਾਲਾਂਕਿ ਸ਼ੁਰੂਆਤੀ ਮੁਗ਼ਲ ਬਾਦਸ਼ਾਹਾਂ ਦੇ ਸਮੇਂ ਦੇ ਸਬੂਤ ਜਾਂ ਰਿਕਾਰਡ ਬਹੁਤ ਘੱਟ ਮਿਲਦੇ ਹਨ ਪਰ ਔਰੰਗਜ਼ੇਬ ਦੇ ਸ਼ਾਸਨ ਕਾਲ ਤੱਕ ਆਉਂਦੇ-ਆਉਂਦੇ ਦਸਤਾਵੇਜ਼ਾਂ ਦਾ ਵਿਸ਼ਾਲ ਭੰਡਾਰ ਮਿਲ ਜਾਂਦਾ ਹੈ। ਜਿਵੇਂ ਪ੍ਰਸ਼ਾਸਨਿਕ ਰਿਕਾਰਡ, ਨਿੱਜੀ ਚਿੱਠੀਆਂ, ਖੇਤਰੀ ਇਤਿਹਾਸ, ਜੀਵਨ-ਬਿਰਤਾਂਤ, ਕਵਿਤਾਵਾਂ, ਯੂਰਪ ਦੀਆਂ ਵਪਾਰਕ ਕੰਪਨੀਆਂ ਦੇ ਕਾਗਜ਼ਾਤ ਅਤੇ ਯਾਤਰੀਆਂ ਦੇ ਬਿਰਤਾਂਤ, ਇਹ ਸਾਰੇ ਵੱਡੀ ਮਾਤਰਾ ਵਿੱਚ ਉਪਲੱਬਧ ਹਨ।

ਕੈਲੀਫ਼ੋਰਨੀਆ ਯੂਨੀਵਰਸਿਟੀ, ਬਰਕਲੇ ਦੇ ਇਤਿਹਾਸਕਾਰ ਮੁਨੀਸ ਡੀ ਫ਼ਾਰੂਕੀ ਦੀ ਟਿੱਪਣੀ

ਫ਼ਾਰੂਕੀ ਲਈ ‘ਅਖ਼ਬਾਰਾਤ’ ਬਹੁਤ ਜ਼ਰੂਰੀ ਸਨ। ਪਰ ਉਹ ਇੱਕ ਬਹੁਤ ਵੱਡੇ ਸੰਗ੍ਰਹਿ ਦਾ ਸਿਰਫ਼ ਇੱਕ ਹਿੱਸਾ ਹਨ, ਜਿਸ ਦੀ ਵਰਤੋਂ ਹੈਰਾਨੀਜਨਕ ਤੌਰ ‘ਤੇ ਬਹੁਤ ਘੱਟ ਹੋਈ ਹੈ।

ਉਹ ਕਹਿੰਦੇ ਹਨ, “ਉੱਥੇ ਮੌਜੂਦ ਸਮੱਗਰੀ ਦੇ ਆਧਾਰ ‘ਤੇ, ਜੇ ਜ਼ਿਆਦਾ ਨਹੀਂ ਤਾਂ ਦਰਜਨਾਂ ਕਿਤਾਬਾਂ ਤਾਂ ਲਿਖੀਆਂ ਜਾ ਸਕਦੀਆਂ ਹਨ ਅਤੇ ਇਹ ਸਮੱਗਰੀ ਉਨ੍ਹਾਂ ਹਿੰਮਤੀ ਇਤਿਹਾਸਕਾਰਾਂ ਦੀ ਉਡੀਕ ਕਰ ਰਹੀ ਹੈ ਜੋ ਆ ਕੇ ਇਸ ਦੀ ਵਰਤੋਂ ਕਰਨ।”

ਜਦੋਂ ਫ਼ਾਰੂਕੀ ਨੇ ਪਹਿਲੀ ਵਾਰ ਕੋਲਕਾਤਾ ਵਿੱਚ ਇਹ ਸੰਗ੍ਰਹਿ ਦੇਖਿਆ ਸੀ, ਤਾਂ ਉਨ੍ਹਾਂ ਨੂੰ ਅੰਦਾਜ਼ਾ ਨਹੀਂ ਸੀ ਕਿ ਅੱਗੇ ਕੀ ਹੋਣ ਵਾਲਾ ਹੈ।

ਉਹ ਯਾਦ ਕਰਦੇ ਹਨ, “ਪਹਿਲੇ ਖੰਡ ਦਾ ਪਹਿਲਾ ਸਫ਼ਾ ਪਲਟਦੇ ਹੀ ਮੈਨੂੰ ਅਹਿਸਾਸ ਹੋ ਗਿਆ ਕਿ ਇਹ ਸੰਗ੍ਰਹਿ ਤਾਂ ਅਸਾਧਾਰਣ ਸਰੋਤ ਹੈ। ਮੈਨੂੰ ਤੁਰੰਤ ਅਜਿਹੀਆਂ ਕਹਾਣੀਆਂ ਨਜ਼ਰ ਆਈਆਂ, ਜਿਨ੍ਹਾਂ ਨੂੰ ਲੰਬੇ ਸਮੇਂ ਤੋਂ ਨਜ਼ਰਅੰਦਾਜ਼ ਕੀਤਾ ਗਿਆ ਸੀ ਜਾਂ ਜਿਨ੍ਹਾਂ ਵੱਲ ਸ਼ਾਇਦ ਹੀ ਕਦੇ ਧਿਆਨ ਦਿੱਤਾ ਗਿਆ ਸੀ।”

ਉਹ ਕਹਿੰਦੇ ਹਨ ਕਿ ਉਨ੍ਹਾਂ ਦੀ ਕਿਤਾਬ ਵਿੱਚ ਇਨ੍ਹਾਂ ਵਿੱਚੋਂ ਸਿਰਫ਼ ਇੱਕ ਛੋਟੇ ਜਿਹੇ ਹਿੱਸੇ ਦਾ ਹੀ ਜ਼ਿਕਰ ਹੈ।

“ਅਜਿਹੀਆਂ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਹਨ, ਜਿਨ੍ਹਾਂ ‘ਤੇ ਅਜੇ ਹੋਰ ਲੋਕਾਂ ਵੱਲੋਂ ਕੰਮ ਕੀਤਾ ਜਾਣਾ ਬਾਕੀ ਹੈ।”

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI