Home ਰਾਸ਼ਟਰੀ ਖ਼ਬਰਾਂ “20ਵਿਆਂ ਦੀ ਉਮਰ ਵਿੱਚ ਨਸਬੰਦੀ ਕਰਵਾਉਣ ਦਾ ਕੋਈ ਪਛਤਾਵਾ ਨਹੀਂ”, ਇਹਨਾਂ ਮਰਦਾਂ...

“20ਵਿਆਂ ਦੀ ਉਮਰ ਵਿੱਚ ਨਸਬੰਦੀ ਕਰਵਾਉਣ ਦਾ ਕੋਈ ਪਛਤਾਵਾ ਨਹੀਂ”, ਇਹਨਾਂ ਮਰਦਾਂ ਨੇ ਗਰਭਨਿਰੋਧ ਦੀ ਜ਼ਿੰਮੇਵਾਰੀ ਸਿਰਫ਼ ਆਪਣੇ ਸਾਥੀ ‘ਤੇ ਨਹੀਂ ਛੱਡੀ

2
0

Source :- BBC PUNJABI

ਐਲੈਕਸ ਵੈਸਟ

ਤਸਵੀਰ ਸਰੋਤ, Alex West

ਪਹਿਲੇ ਬੱਚੇ ਦੇ ਜਨਮ ਦੌਰਾਨ ਆਪਣੀ ਪਤਨੀ ਨੂੰ ਹੋਈ ਤਕਲੀਫ਼ ਕਾਰਨ ਐਲੈਕਸ ਵੈਸਟ ਮਾਨਸਿਕ ਤੌਰ ‘ਤੇ ਬੇਹੱਦ ਪ੍ਰਭਾਵਿਤ ਹੋਏ ਸਨ। ਜਦੋਂ ਦੂਜੇ ਬੱਚੇ ਦੇ ਜਨਮ ਦਾ ਸਮਾਂ ਸੀ ਤਾਂ ਉਨ੍ਹਾਂ ਨੂੰ ਉਮੀਦ ਸੀ ਕਿ ਇਸ ਵਾਰ ਸਭ ਕੁਝ ਆਸਾਨੀ ਨਾਲ ਹੋਵੇਗਾ।

ਦੂਜੇ ਬੱਚੇ ਦਾ ਜਨਮ ਉਨ੍ਹਾਂ ਦੀ ਪਤਨੀ ਲਈ ਤਾਂ ਪਹਿਲਾਂ ਨਾਲੋਂ ਬਿਹਤਰ ਰਿਹਾ ਪਰ ਐਲੈਕਸ ਲਈ ਨਹੀਂ।

ਐਲੈਕਸ ਕਹਿੰਦੇ ਹਨ, “ਮੈਨੂੰ ਪੈਨਿਕ ਅਟੈਕ ਆਇਆ ਅਤੇ ਮੈਂ ਬੇਹੋਸ਼ ਹੋ ਗਿਆ। ਮੇਰੀ ਹਿੰਮਤ ਨਹੀਂ ਹੋਈ, ਇਸ ਪੂਰੀ ਪ੍ਰਕਿਰਿਆ ਨੂੰ ਦੇਖਣ ਅਤੇ ਸੰਭਾਲਣ ਦੀ ਮੇਰੀ ਸਮਰੱਥਾ ਨਹੀਂ ਸੀ।”

ਪਹਿਲੇ ਬੱਚੇ ਦੇ ਜਨਮ ਦੌਰਾਨ ਪਤਨੀ ਨੂੰ ਹੋਈ ਤਕਲੀਫ਼ ਨਾਲ ਜੁੜੇ ਮਾਨਸਿਕ ਸਦਮੇ ਅਤੇ ਪਿਤਾ ਬਣਨ ਤੋਂ ਬਾਅਦ ਦੇ ਡਿਪ੍ਰੈਸ਼ਨ ਕਾਰਨ ਐਲੈਕਸ ਨੇ ਆਪਣੀ ਪਤਨੀ ਨਾਲ ਚਾਰ ਬੱਚੇ ਪੈਦਾ ਕਰਨ ਦੀ ਯੋਜਨਾ ਨੂੰ ਅੱਗੇ ਨਾ ਵਧਾਉਣ ਦਾ ਫੈਸਲਾ ਕੀਤਾ।

ਆਪਣੇ ਦੋਵੇਂ ਪੁੱਤਰਾਂ ਦੇ ਜਨਮ ਦੇ ਬਾਅਦ ਦੇ ਮਹੀਨਿਆਂ ਨੂੰ ਉਹ ਖੁਸ਼ੀਆਂ ਤੋਂ ਸੱਖਣਾ ਦੱਸਦੇ ਹਨ। ਉਨ੍ਹਾਂ ਦੀ ਜ਼ਿੰਦਗੀ ‘ਚ ਕੋਈ ਰੰਗ ਨਹੀਂ ਸਨ ਅਤੇ ਇਸ ਦੌਰਾਨ ਹਰ ਕੋਈ ਉਨ੍ਹਾਂ ਨੂੰ ਕਹਿੰਦਾ ਸੀ ਕਿ ਪਿਤਾ ਬਣਨਾ ਤਾਂ ਬੇਹੱਦ ਚੰਗਾ ਅਨੁਭਵ ਹੁੰਦਾ ਹੈ।

ਐਲੈਕਸ ਕਹਿੰਦੇ ਹਨ, “ਮੈਨੂੰ ਉਹ ਪਿਆਰ ਅਤੇ ਜੁੜਾਅ ਮਹਿਸੂਸ ਹੀ ਨਹੀਂ ਹੋਇਆ, ਜਿਸ ਬਾਰੇ ਹਰ ਕੋਈ ਕਹਿੰਦਾ ਹੈ ਕਿ ਮੈਨੂੰ ਹੋਣਾ ਚਾਹੀਦਾ ਸੀ।”

ਉਹ ਇਸ ਤਜ਼ਰਬੇ ਨੂੰ ਦੁਬਾਰਾ ਨਹੀਂ ਦੁਹਰਾਉਣਾ ਚਾਹੁੰਦੇ ਸਨ। ਇਸ ਲਈ ਉਨ੍ਹਾਂ ਨੇ ਅਤੇ ਉਨ੍ਹਾਂ ਦੀ ਪਤਨੀ ਨੇ ਦੋ ਹੀ ਬੱਚਿਆਂ ‘ਤੇ ਪਰਿਵਾਰ ਪੂਰਾ ਕਰਨ ਦਾ ਫ਼ੈਸਲਾ ਕੀਤਾ।

ਐਲੈਕਸ ਕਹਿੰਦੇ ਹਨ ਕਿ ਕਿਉਂਕਿ ਇਹ ਫੈਸਲਾ ਮੁੱਖ ਤੌਰ ‘ਤੇ ਉਨ੍ਹਾਂ ਦੀ ਵਜ੍ਹਾ ਕਰ ਕੇ ਲਿਆ ਗਿਆ ਸੀ, ਇਸ ਲਈ ਉਨ੍ਹਾਂ ਨੂੰ ਲੱਗਿਆ ਕਿ ਗਰਭਨਿਰੋਧ ਦੀ ਜ਼ਿੰਮੇਵਾਰੀ ਸਿਰਫ਼ ਆਪਣੀ ਪਤਨੀ ‘ਤੇ ਪਾਉਣਾ ਠੀਕ ਨਹੀਂ ਹੋਵੇਗਾ।

ਇਸੇ ਲਈ ਪਿਛਲੇ ਕੁਝ ਸਾਲਾਂ ਦੌਰਾਨ ਇੰਗਲੈਂਡ ਦੇ ਹਜ਼ਾਰਾਂ ਹੋਰਨਾਂ ਮਰਦਾਂ ਵਾਂਗ ਐਲੈਕਸ ਨੇ ਵੀ ਨਸਬੰਦੀ ਕਰਵਾਉਣ ਦਾ ਫ਼ੈਸਲਾ ਕੀਤਾ।

ਨਸਬੰਦੀ ਕੀ ਹੁੰਦੀ ਹੈ ?

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਨਸਬੰਦੀ ਦੌਰਾਨ ਹਰ ਅੰਡਕੋਸ਼ ਨਾਲ ਜੁੜੀ ਵਾਸ ਡਿਫਰੈਂਸ ਨਾਮਕ ਨਲੀ ਨੂੰ ਕੱਟ ਕੇ, ਬੰਦ ਜਾਂ ਸੀਲ ਕਰ ਦਿੱਤਾ ਜਾਂਦਾ ਹੈ। ਇਹ ਉਹ ਨਲੀ ਹੁੰਦੀ ਹੈ ਜੋ ਸ਼ੁਕਰਾਣੂਆਂ ਨੂੰ ਮੂਤਰ ਨਲੀ (ਯੂਰੇਥਰਾ) ਤੱਕ ਲੈ ਕੇ ਜਾਂਦੀ ਹੈ। ਆਮ ਬੋਲਚਾਲ ਵਿੱਚ ਇਸ ਪ੍ਰਕਿਰਿਆ ਨੂੰ “ਸਨਿਪ” ਵੀ ਕਿਹਾ ਜਾਂਦਾ ਹੈ।

ਨੈਸ਼ਨਲ ਹੈਲਥ ਸਰਵਿਸ ਇੰਗਲੈਂਡ ਦੇ ਅੰਕੜਿਆਂ ਅਨੁਸਾਰ, 2024-25 ਦੌਰਾਨ ਇੰਗਲੈਂਡ ਦੇ ਹਸਪਤਾਲਾਂ ਅਤੇ ਕਲੀਨਿਕਸ ਵਿੱਚ 26,385 ਨਸਬੰਦੀਆਂ ਕੀਤੀਆਂ ਗਈਆਂ। ਇਹ ਗਿਣਤੀ 2023-24 ਦੇ ਮੁਕਾਬਲੇ 16 ਫ਼ੀਸਦੀ ਵੱਧ ਸੀ।

ਸਭ ਤੋਂ ਵੱਧ ਨਸਬੰਦੀਆਂ 35 ਤੋਂ 39 ਸਾਲ ਦੀ ਉਮਰ ਦੇ ਮਰਦਾਂ ਨੇ ਕਰਵਾਈਆਂ। 2024-25 ਵਿੱਚ ਇਸ ਉਮਰ ਵਰਗ ਦੇ ਲਗਭਗ 8,400 ਮਰਦਾਂ ਨੇ ਇਹ ਪ੍ਰਕਿਰਿਆ ਕਰਵਾਈ।

ਇਸ ਦੇ ਨਾਲ ਹੀ, 30 ਸਾਲ ਤੋਂ ਘੱਟ ਉਮਰ ਦੇ ਮਰਦਾਂ ਵਿੱਚ ਵੀ ਨਸਬੰਦੀ ਕਰਵਾਉਣ ਦਾ ਰੁਝਾਨ ਕੁਝ ਵਧਿਆ ਹੈ। 2024-25 ਦੌਰਾਨ ਇੰਗਲੈਂਡ ਵਿੱਚ 30 ਸਾਲ ਤੋਂ ਘੱਟ ਉਮਰ ਦੇ ਕਰੀਬ 950 ਮਰਦਾਂ ਨੇ ਨਸਬੰਦੀ ਕਰਵਾਈ।

ਇਹ ਪ੍ਰਕਿਰਿਆ ਬਹੁਤ ਜਲਦੀ ਪੂਰੀ ਹੋ ਗਈ: ਐਲੈਕਸ

ਐਲੈਕਸ, ਜੋ ਪੇਸ਼ੇ ਤੋਂ ਇੱਕ ਮੌਰਗੇਜ ਬ੍ਰੋਕਰ ਹਨ, ਉਨ੍ਹਾਂ ਨੇ ਆਪਣੀ 20ਵਿਆਂ ਦੀ ਉਮਰ ਦੇ ਅਖੀਰਲੇ ਸਾਲਾਂ ਵਿੱਚ ਨਸਬੰਦੀ ਕਰਵਾਉਣ ਦਾ ਫ਼ੈਸਲਾ ਕੀਤਾ ਸੀ ਹਾਲਾਂਕਿ ਐਨਐੱਚਐਸ ਡਾਕਟਰ ਨੇ ਉਨ੍ਹਾਂ ਨੂੰ ਸਲਾਹ ਦਿੱਤੀ ਸੀ ਕਿ ਉਹ 30 ਸਾਲ ਦੀ ਉਮਰ ਹੋਣ ਤੱਕ ਦਾ ਇੰਤਜ਼ਾਰ ਕਰਨ, ਕਿਉਂਕਿ ਸੰਭਵ ਹੈ ਕਿ ਬਾਅਦ ਵਿੱਚ ਉਹ ਆਪਣਾ ਮਨ ਬਦਲ ਲੈਣ।

ਮਈ 2024 ਵਿੱਚ ਜਦੋਂ ਐਲੈਕਸ ਨੂੰ ਨਸਬੰਦੀ ਲਈ ਸਮਾਂ ਮਿਲਿਆ ਤਾਂ ਉਹ ਅਤੇ ਉਨ੍ਹਾਂ ਦੀ ਪਤਨੀ ਆਪਣੇ ਘਰ ਤੋਂ ਰੇਲਗੱਡੀ ਰਾਹੀਂ ਲੰਡਨ ਦੇ ਇੱਕ ਕਲੀਨਿਕ ਪਹੁੰਚੇ।

ਹੁਣ 33 ਸਾਲ ਦੇ ਹੋ ਚੁੱਕੇ ਐਲੈਕਸ ਦੱਸਦੇ ਹਨ ਕਿ ਇਹ ਪ੍ਰਕਿਰਿਆ ਬਹੁਤ ਜਲਦੀ ਅਤੇ ਬਿਨਾਂ ਦਰਦ ਦੇ ਪੂਰੀ ਹੋ ਗਈ।

ਉਹ ਕਹਿੰਦੇ ਹਨ, “ਮੈਂ ਆਪਣੇ ਹੈੱਡਫੋਨ ਲਾ ਲਏ ਅਤੇ ਲਗਭਗ ਤਿੰਨ ਗਾਣੇ ਹੀ ਸੁਣੇ ਸਨ ਕਿ ਉਨ੍ਹਾਂ ਨੇ ਕਿਹਾ ਪ੍ਰਕਿਰਿਆ ਪੂਰੀ ਹੋ ਗਈ।”

“ਇਹ ਹੈਰਾਨੀਜਨਕ ਤੌਰ ‘ਤੇ ਬਹੁਤ ਜਲਦੀ ਪੂਰੀ ਹੋ ਗਈ ਸੀ।”

ਗਰਭਧਾਰਣ ਦਾ ਡਰ

ਸੈਮ ਨਾਈਟ

ਤਸਵੀਰ ਸਰੋਤ, Sam Knight

ਅਮਰੀਕਾ ਦੇ ਰਹਿਣ ਵਾਲੇ ਸੈਮ ਨਾਈਟ ਕਹਿੰਦੇ ਹਨ ਕਿ ਉਨ੍ਹਾਂ ਨੂੰ ਪਹਿਲਾਂ ਤੋਂ ਹੀ ਪਤਾ ਸੀ ਕਿ ਉਹ ਬੱਚੇ ਨਹੀਂ ਚਾਹੁੰਦੇ।

ਸੈਮ ਕਹਿੰਦੇ ਹਨ, “ਮੈਂ ਅਜਿਹੀਆਂ ਸਥਿਤੀਆਂ ਵਿੱਚ ਸੀ ਜਿੱਥੇ ਬੱਚੇ ਹੋਣ ਦੀ ਸੰਭਾਵਨਾ ਬਣ ਸਕਦੀ ਸੀ ਅਤੇ ਇਹ ਗੱਲ ਮੈਨੂੰ ਬਹੁਤ ਡਰਾਉਣ ਲੱਗੀ ਸੀ।”

ਜਦੋਂ ਸੈਮ ਦੀ ਉਸ ਸਮੇਂ ਦੀ ਸਾਥੀ ਗਰਭਵਤੀ ਹੋ ਗਈ ਤਾਂ ਉਨ੍ਹਾਂ ਨੇ ਗਰਭਪਾਤ ਕਰਵਾਉਣ ਦਾ ਫ਼ੈਸਲਾ ਲਿਆ। ਉਸ ਵੇਲੇ ਸੈਮ ਦੀ ਉਮਰ 22 ਸਾਲ ਸੀ ਅਤੇ ਇਸ ਘਟਨਾ ਤੋਂ ਬਾਅਦ ਉਨ੍ਹਾਂ ਨੂੰ ਲੱਗਾ ਕਿ ਹੁਣ ਬਦਲਾਅ ਲਿਆਉਣ ਦੀ ਲੋੜ ਹੈ।

ਸੈਮ ਕਹਿੰਦੇ ਹਨ, “ਮੈਨੂੰ ਅਹਿਸਾਸ ਹੋਇਆ ਕਿ ਮੈਂ ਕਿਸੇ ਹੋਰ ਨੂੰ ਇਸ ਸਥਿਤੀ ਵਿੱਚ ਪਾ ਦਿੱਤਾ ਸੀ ਅਤੇ ਮੈਂ ਨਹੀਂ ਚਾਹੁੰਦਾ ਸੀ ਕਿ ਅਜਿਹਾ ਦੁਬਾਰਾ ਕਦੇ ਹੋਵੇ।”

ਇਸ ਤੋਂ ਬਾਅਦ ਉਨ੍ਹਾਂ ਨੇ ਨਿਊਯਾਰਕ ਦੇ ਇੱਕ ਯੂਰੋਲੋਜੀ ਕਲੀਨਿਕ ਨਾਲ ਸੰਪਰਕ ਕੀਤਾ। ਐਲੈਕਸ ਵਾਂਗ, ਉਨ੍ਹਾਂ ਨੂੰ ਵੀ ਡਾਕਟਰਾਂ ਨੂੰ ਇਹ ਸਮਝਾਉਣਾ ਪਿਆ ਕਿ ਉਹ ਨਸਬੰਦੀ ਕਿਉਂ ਕਰਵਾਉਣਾ ਚਾਹੁੰਦੇ ਹਨ।

ਸੈਮ ਨੂੰ ਦੱਸਿਆ ਗਿਆ ਕਿ ਨਸਬੰਦੀ ਨੂੰ ਇੱਕ ਸਥਾਈ ਫੈਸਲੇ ਵਜੋਂ ਹੀ ਦੇਖਣਾ ਚਾਹੀਦਾ ਹੈ, ਕਿਉਂਕਿ ਕੁਝ ਹੀ ਹਾਲਾਤਾਂ ਵਿੱਚ ਇਸ ਨੂੰ ਵਾਪਸ ਪਹਿਲਾਂ ਵਾਲੀ ਸਥਿਤੀ ਵਿੱਚ ਲਿਆਂਦਾ ਜਾ ਸਕਦਾ ਹੈ।

ਨਸਬੰਦੀ ਨੂੰ ਖਤਮ ਕਰਨ ਲਈ ਸਖ਼ਤ ਮਾਪਦੰਡ

ਕਿਉਂਕਿ ਸੈਮ ਬਹੁਤ ਘੱਟ ਉਮਰ ਵਿੱਚ ਨਸਬੰਦੀ ਕਰਵਾਉਣਾ ਚਾਹੁੰਦੇ ਸਨ, ਇਸ ਲਈ ਉਹ ਪਹਿਲਾਂ ਹੀ ਉਨ੍ਹਾਂ ਸਵਾਲਾਂ ਲਈ ਤਿਆਰ ਸਨ ਜੋ ਡਾਕਟਰ ਪੁੱਛ ਸਕਦੇ ਸਨ: ਕੀ ਤੁਹਾਨੂੰ ਨਹੀਂ ਲੱਗਦਾ ਕਿ ਤੁਸੀਂ ਇਹ ਫੈਸਲਾ ਲੈਣ ਲਈ ਅਜੇ ਬਹੁਤ ਛੋਟੇ ਹੋ ? ਕੀ ਭਵਿੱਖ ਵਿੱਚ ਤੁਸੀਂ ਆਪਣਾ ਫੈਸਲਾ ਬਦਲ ਸਕਦੇ ਹੋ ? ਕੀ ਤੁਹਾਨੂੰ ਪਤਾ ਹੈ ਕਿ ਨਸਬੰਦੀ ਨੂੰ ਖਤਮ ਕਰਵਾਉਣ ਦੀ ਪ੍ਰਕਿਰਿਆ ਮਹਿੰਗੀ ਹੁੰਦੀ ਹੈ ਅਤੇ ਹਮੇਸ਼ਾ ਸਫ਼ਲ ਵੀ ਨਹੀਂ ਹੁੰਦੀ ?

ਸੈਮ ਦੱਸਦੇ ਹਨ, “ਡਾਕਟਰ ਨੇ ਮੈਨੂੰ ਕਿਹਾ ਕਿ ਉਨ੍ਹਾਂ ਨੇ ਹਾਲ ਹੀ ਵਿੱਚ ਇਸ ਮਾਮਲੇ ‘ਤੇ ਆਪਣਾ ਨਜ਼ਰੀਆ ਬਦਲਿਆ ਹੈ। ਜੇ ਮੈਂ ਛੇ ਮਹੀਨੇ ਪਹਿਲਾਂ ਆਇਆ ਹੁੰਦਾ ਤਾਂ ਉਹ ਮੈਨੂੰ ਤੁਰੰਤ ਇਨਕਾਰ ਕਰ ਦਿੰਦੇ।”

ਸੈਮ ਦੀ ਨਸਬੰਦੀ ਕਲੀਨਿਕ ਨਾਲ ਪਹਿਲੀ ਵਾਰ ਸੰਪਰਕ ਕਰਨ ਤੋਂ ਕੁਝ ਮਹੀਨੇ ਬਾਅਦ ਕੀਤੀ ਗਈ।

ਸੈਮ ਦੇ ਡਾਕਟਰ ਵੱਲੋਂ ਪੁੱਛੇ ਗਏ ਸਵਾਲਾਂ ਦਾ ਮਕਸਦ ਇਹ ਯਕੀਨੀ ਬਣਾਉਣਾ ਸੀ ਕਿ ਉਹ ਅਜਿਹਾ ਫ਼ੈਸਲਾ ਲੈ ਰਹੇ ਹਨ ਜਿਸ ‘ਤੇ ਉਨ੍ਹਾਂ ਨੂੰ ਭਵਿੱਖ ਵਿੱਚ ਪਛਤਾਵਾ ਨਾ ਹੋਵੇ।

ਐਨਐੱਚਐਸ ਸਕਾਟਲੈਂਡ ਦੀਆਂ ਹਦਾਇਤਾਂ ਮੁਤਾਬਕ, 30 ਸਾਲ ਤੋਂ ਘੱਟ ਉਮਰ ਦੇ ਮਰਦਾਂ ਵਿੱਚ ਨਸਬੰਦੀ ਕਰਵਾਉਣ ਤੋਂ ਬਾਅਦ ਪਛਤਾਵੇ ਦੀ ਸੰਭਾਵਨਾ ਵੱਧ ਹੁੰਦੀ ਹੈ।

ਡਾ. ਸਾਰਾਹ ਸਾਲਕੇਲਡ ਦੀ ਟਿੱਪਣੀ

ਡਾ. ਸਾਰਾਹ ਸਾਲਕੇਲਡ, ਜੋ ਪਹਿਲਾਂ ਜਨਰਲ ਪ੍ਰੈਕਟੀਸ਼ਨਰ ਰਹਿ ਚੁੱਕੇ ਹਨ ਅਤੇ ਹੁਣ ਐਮਐਸਆਈ ਰੀਪ੍ਰੋਡਕਟਿਵ ਚੋਇਸਿਸ ਦੇ ਮੈਡੀਕਲ ਡਾਇਰੈਕਟਰ ਹਨ, ਕਹਿੰਦੇ ਹਨ ਕਿ ਨਸਬੰਦੀ ਇੱਕ ਬਹੁਤ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਪ੍ਰਕਿਰਿਆ ਹੈ।

ਹਾਲਾਂਕਿ ਉਹ ਚੇਤਾਵਨੀ ਦਿੰਦੇ ਹਨ ਕਿ ਮਰਦਾਂ ਨੂੰ ਇਹ ਫ਼ੈਸਲਾ ਲੈਣ ਤੋਂ ਪਹਿਲਾਂ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ ਕਿ ਕੀ ਨਸਬੰਦੀ ਉਨ੍ਹਾਂ ਲਈ ਸਹੀ ਚੋਣ ਹੈ ਜਾਂ ਨਹੀਂ।

ਡਾ. ਸਾਰਾਹ ਸਾਲਕੇਲਡ ਕਹਿੰਦੇ ਹਨ, “ਜੇ ਕੋਈ ਚਾਹੇ ਤਾਂ ਅਸੀਂ ਹਰ ਵਿਅਕਤੀ ਨੂੰ ਇਸ ਬਾਰੇ ਕਾਊਂਸਲਿੰਗ ਦੀ ਸਹੂਲਤ ਦਿੰਦੇ ਹਾਂ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਇਸ ਬਾਬਤ ਫੈਸਲਾ ਲੈਣ ਤੋਂ ਪਹਿਲਾਂ ਉਨ੍ਹਾਂ ਕੋਲ ਤਮਾਮ ਲੋੜੀਂਦੀ ਜਾਣਕਾਰੀ ਹੋਵੇ।”

ਉਹ ਦੱਸਦੇ ਹਨ ਕਿ ਨਸਬੰਦੀ ਨੂੰ ਖਤਮ ਕਰਨ ਵਾਲੀ ਪ੍ਰਕਿਰਿਆ ਆਮ ਤੌਰ ‘ਤੇ ਐਨਐੱਚਐਸ ਵੱਲੋਂ ਉਪਲੱਬਧ ਨਹੀਂ ਕਰਵਾਈ ਜਾਂਦੀ, ਕਿਉਂਕਿ ਇਸ ਲਈ ਬਹੁਤ ਸਖ਼ਤ ਮਾਪਦੰਡ ਹਨ।

ਐਨਐੱਚਐਸ ਦੀ ਵੈੱਬਸਾਈਟ ਮੁਤਾਬਕ, ਮਰਦਾਂ ਲਈ ਗਰਭਨਿਰੋਧ ਦੇ ਹੋਰ ਤਰੀਕੇ ਵੀ ਉਪਲੱਬਧ ਹਨ, ਜਿਵੇਂ ਕਿ ਕੰਡੋਮ ਦਾ ਇਸਤੇਮਾਲ ਜਾਂ ਫਰਟੀਲਿਟੀ ਅਵੇਅਰਨੈੱਸ ਤਰੀਕਾ, ਜਿਸ ਵਿੱਚ ਉਨ੍ਹਾਂ ਦਿਨਾਂ ਦੌਰਾਨ ਸੰਭੋਗ ਤੋਂ ਪਰਹੇਜ਼ ਕੀਤਾ ਜਾਂਦਾ ਹੈ ਜਾਂ ਕੰਡੋਮ ਵਰਤਿਆ ਜਾਂਦਾ ਹੈ, ਜਦੋਂ ਮਹਿਲਾ ਸਾਥੀ ਦੇ ਗਰਭਧਾਰਣ ਦੀ ਸੰਭਾਵਨਾ ਸਭ ਤੋਂ ਵੱਧ ਹੁੰਦੀ ਹੈ।

ਸੈਮ ਨੇ ਆਪਣੇ ਡਾਕਟਰ ਨੂੰ ਦੱਸਿਆ ਕਿ ਭਾਵੇਂ ਉਨ੍ਹਾਂ ਨੂੰ ਬੱਚੇ ਬਹੁਤ ਪਸੰਦ ਹਨ ਅਤੇ ਉਨ੍ਹਾਂ ਦਾ ਆਪਣਾ ਬਚਪਨ ਵੀ ਖੁਸ਼ਹਾਲ ਰਿਹਾ, ਪਰ ਉਹ ਵੀਡੀਓ ਗੇਮਾਂ ਲਈ ਸਾਊਂਡ ਡਿਜ਼ਾਈਨਰ ਵਜੋਂ ਆਪਣੇ ਕਰੀਅਰ ‘ਤੇ ਧਿਆਨ ਕੇਂਦਰਿਤ ਰੱਖਣਾ ਚਾਹੁੰਦੇ ਹਨ।

ਸੈਮ ਨਾਈਟ ਦੀ ਟਿੱਪਣੀ

ਸੈਮ ਕਹਿੰਦੇ ਹਨ, “ਮੈਂ ਆਪਣੀ ਜ਼ਿੰਦਗੀ ਇਸ ਕੰਮ ਨੂੰ ਸਮਰਪਿਤ ਕੀਤੀ ਹੈ ਅਤੇ ਮੇਰੇ ਲਈ ਬੱਚਿਆਂ ਦੀ ਪਰਵਰਿਸ਼ ਵੀ ਅਜਿਹੀ ਚੀਜ਼ ਹੈ, ਜਿਸ ਲਈ ਪੂਰੀ ਜ਼ਿੰਦਗੀ ਸਮਰਪਿਤ ਕਰਨੀ ਪੈਂਦੀ ਹੈ। ਮੇਰੇ ਕੋਲ ਨਾ ਤਾਂ ਇਸ ਲਈ ਮਾਨਸਿਕ ਥਾਂ ਹੈ, ਨਾ ਹੀ ਸਮਾਂ ਅਤੇ ਨਾ ਹੀ ਇਸ ਦੀ ਇੱਛਾ।”

ਹੁਣ 25 ਸਾਲ ਦੇ ਸੈਮ ਕਹਿੰਦੇ ਹਨ ਕਿ ਉਨ੍ਹਾਂ ਨੂੰ ਉਨ੍ਹਾਂ ਲੋਕਾਂ ਨਾਲ ਥੋੜ੍ਹੀ ਈਰਖਾ ਹੁੰਦੀ ਹੈ ਜੋ ਮਾਪੇ ਬਣਨਾ ਚਾਹੁੰਦੇ ਹਨ, ਕਿਉਂਕਿ ਇਸ ਤਜ਼ਰਬੇ ਵਿੱਚ “ਯਕੀਨਨ ਖੂਬਸੂਰਤੀ ਅਤੇ ਪਿਆਰ ਹੁੰਦਾ ਹੈ।” ਪਰ ਉਹ ਕਹਿੰਦੇ ਹਨ, “ਮੈਨੂੰ ਉਹ ਖੁਸ਼ੀ ਸੰਗੀਤ, ਕਲਾ ਅਤੇ ਆਪਣੇ ਕੰਮ ਵਿੱਚ ਮਿਲ ਜਾਂਦੀ ਹੈ।”

ਸਾਲ 2024 ਵਿੱਚ ਨਸਬੰਦੀ ਅਤੇ ਇਸ ਤੋਂ ਬਾਅਦ ਦੀ ਦੇਖਭਾਲ ‘ਤੇ ਸੈਮ ਦਾ ਕੁੱਲ ਕਰੀਬ 1,200 ਅਮਰੀਕੀ ਡਾਲਰ ਖਰਚ ਹੋਇਆ। ਉਸ ਸਮੇਂ ਉਹ ਅਜੇ ਵੀ ਆਪਣੇ ਪਰਿਵਾਰ ਦੀ ਸਿਹਤ ਬੀਮਾ ਯੋਜਨਾ ਦੇ ਅਧੀਨ ਸਨ।

ਨੈਸ਼ਨਲ ਸਰਵੇ ਆਫ ਫੈਮਿਲੀ ਗ੍ਰੋਥ ਦੇ 2022-23 ਦੇ ਅੰਕੜਿਆਂ ਅਨੁਸਾਰ, ਸੈਮ, ਅਮਰੀਕਾ ਦੇ ਉਨ੍ਹਾਂ 1 ਫੀਸਦ ਤੋਂ ਵੀ ਘੱਟ ਮਰਦਾਂ ਵਿੱਚ ਸ਼ਾਮਿਲ ਹਨ ਜਿਨ੍ਹਾਂ ਨੇ 18 ਤੋਂ 29 ਸਾਲ ਦੀ ਉਮਰ ਵਿੱਚ ਨਸਬੰਦੀ ਕਰਵਾਈ ਹੈ।

ਸਭ ਤੋਂ ਵੱਧ ਨਸਬੰਦੀ 40ਵਿਆਂ ਦੀ ਉਮਰ ਦੇ ਮਰਦਾਂ ਨੇ ਕਰਵਾਈ ਸੀ। ਇਸ ਉਮਰ ਵਰਗ ਦੇ ਲਗਭਗ 15 ਫ਼ੀਸਦੀ ਮਰਦਾਂ ਨੇ ਦੱਸਿਆ ਕਿ ਉਹ ਨਸਬੰਦੀ ਕਰਵਾ ਚੁੱਕੇ ਹਨ।

ਮਾਪੇ ਬਣਨ ਨਾਲ ਜੁੜੀਆਂ ਕੁਰਬਾਨੀਆਂ ਅਤੇ ਅਨਿਸ਼ਚਿਤਤਾਵਾਂ

ਐਲੈਕਸ ਆਪਣੀ ਪਤਨੀ ਅਤੇ ਦੋ ਬੱਚਿਆਂ ਨਾਲ

ਤਸਵੀਰ ਸਰੋਤ, Alex West

ਸੈਮ ਨੂੰ ਨਸਬੰਦੀ ਤੋਂ ਇੱਕ ਹਫ਼ਤੇ ਬਾਅਦ ਕੁਝ ਘੰਟਿਆਂ ਲਈ ਬਹੁਤ ਤੇਜ਼ ਦਰਦ ਹੋਇਆ। ਡਾ. ਸਾਰਾਹ ਸਾਲਕੇਲਡ ਮੁਤਾਬਕ, ਇਹ ਨਸਬੰਦੀ ਦਾ ਇੱਕ ਜਾਣਿਆ-ਪਛਾਣਿਆ ਪਰ ਬਹੁਤ ਘੱਟ ਦੇਖਿਆ ਜਾਣ ਵਾਲਾ ਮਾੜਾ ਪ੍ਰਭਾਵ ਹੈ। ਹਾਲਾਂਕਿ ਕੁਝ ਘੰਟਿਆਂ ਬਾਅਦ ਦਰਦ ਆਪਣੇ ਆਪ ਠੀਕ ਹੋ ਗਿਆ।

ਸੈਮ ਦਾ ਕਹਿਣਾ ਹੈ ਕਿ ਇਸ ਕਾਰਨ ਹੋਰ ਮਰਦਾਂ ਨੂੰ ਨਸਬੰਦੀ ਕਰਵਾਉਣ ਤੋਂ ਡਰਨਾ ਨਹੀਂ ਚਾਹੀਦਾ।

ਉਹ ਕਹਿੰਦੇ ਹਨ, “ਕੁੱਲ ਮਿਲਾ ਕੇ ਇਸ ‘ਤੇ ਖਰਚ ਪੈਸੇ ਅਤੇ ਥੋੜ੍ਹੇ ਸਮੇਂ ਦਾ ਦਰਦ, ਇਸ ਦੇ ਨਤੀਜਿਆਂ ਦੇ ਮੁਕਾਬਲੇ ਜਾਇਜ਼ ਹੈ।

ਇੱਕ ਹੋਰ ਵਿਅਕਤੀ ਨੇ ਦੱਸਿਆ ਕਿ ਮਾਪੇ ਬਣਨ ਨਾਲ ਜੁੜੀਆਂ ਕੁਰਬਾਨੀਆਂ, ਅਨਿਸ਼ਚਿਤਤਾਵਾਂ ਅਤੇ ਖ਼ਾਸ ਕਰਕੇ ਇਹ ਚਿੰਤਾ ਕਿ ਬੱਚੇ ਭਵਿੱਖ ਵਿੱਚ ਕਿਵੇਂ ਵੱਡੇ ਹੋਣਗੇ, ਇਨ੍ਹਾਂ ਕਾਰਨਾਂ ਕਰਕੇ ਉਸ ਨੇ 27 ਸਾਲ ਦੀ ਉਮਰ ਵਿੱਚ ਨਸਬੰਦੀ ਕਰਵਾਉਣ ਦਾ ਫ਼ੈਸਲਾ ਕੀਤਾ।

ਦੂਜੇ ਪਾਸੇ, ਕੈਂਟ ਵਿੱਚ ਰਹਿਣ ਵਾਲੇ ਐਲੈਕਸ ਅਤੇ ਉਨ੍ਹਾਂ ਦੀ ਪਤਨੀ ਨੂੰ ਲੱਗਾ ਕਿ ਨਸਬੰਦੀ ਹੀ ਉਨ੍ਹਾਂ ਲਈ ਸਭ ਤੋਂ ਨਿਰਪੱਖ ਅਤੇ ਪ੍ਰਭਾਵਸ਼ਾਲੀ ਗਰਭਨਿਰੋਧਕ ਤਰੀਕਾ ਹੈ।

ਉਨ੍ਹਾਂ ਨੇ ਇਹ ਫ਼ੈਸਲਾ ਕਈ ਮਹੀਨਿਆਂ ਤੱਕ ਸੋਚ-ਵਿਚਾਰ ਕਰਨ ਤੋਂ ਬਾਅਦ ਲਿਆ, ਕਿਉਂਕਿ ਐਲੈਕਸ ਆਪਣੇ ਪਰਿਵਾਰ ਨੂੰ ਹੋਰ ਵੱਡਾ ਨਹੀਂ ਕਰਨਾ ਚਾਹੁੰਦੇ ਸਨ।

ਐਲੈਕਸ ਕਹਿੰਦੇ ਹਨ, “ਮੈਂ ਆਪਣੇ ਬੱਚਿਆਂ ਨੂੰ ਦਿਲੋਂ ਪਿਆਰ ਕਰਦਾ ਹਾਂ,” ਖ਼ਾਸ ਕਰਕੇ ਹੁਣ ਜਦੋਂ ਉਹ ਇੰਨੇ ਵੱਡੇ ਹੋ ਗਏ ਹਨ ਕਿ ਉਨ੍ਹਾਂ ਨਾਲ ਫੁੱਟਬਾਲ ਖੇਡ ਸਕਦੇ ਹਨ।

“ਜੇ ਮੈਂ ਪਰਿਵਾਰ ਵਿੱਚ ਹੋਰ ਬੱਚੇ ਸ਼ਾਮਿਲ ਕਰ ਲੈਂਦਾ ਤਾਂ ਉਹ ਮੇਰੇ ਲਈ ਸਹੀ ਫ਼ੈਸਲਾ ਨਹੀਂ ਹੁੰਦਾ।”

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI