Home rss national punjabi2ਰਾਸ਼ਟਰੀ ਖ਼ਬਰਾਂ 26 ਸਾਲਾ ਮਰਦ ਦੇ ਸਰੀਰ ‘ਚ ਮਿਲੀ ਬੱਚੇਦਾਨੀ, ਬਾਂਝਪਨ ਦੀ ਜਾਂਚ ਦੌਰਾਨ...

26 ਸਾਲਾ ਮਰਦ ਦੇ ਸਰੀਰ ‘ਚ ਮਿਲੀ ਬੱਚੇਦਾਨੀ, ਬਾਂਝਪਨ ਦੀ ਜਾਂਚ ਦੌਰਾਨ ਸਾਹਮਣੇ ਆਈ ਦੁਰਲੱਭ ਸਥਿਤੀ, ਜਾਣੋ ਇਹ ਕਿਵੇਂ ਮੁਮਕਿਨ ਹੈ

2
0

Source :- BBC PUNJABI

ਸੰਕੇਤਕ ਤਸਵੀਰ

ਦਿੱਲੀ ਵਿੱਚ ਇੱਕ 26 ਸਾਲਾ ਮਰਦ ਵਿਆਹ ਤੋਂ ਦੋ ਸਾਲ ਬਾਅਦ ਬੱਚਾ ਨਾ ਹੋਣ ਦੀ ਸਮੱਸਿਆ ਲੈ ਕੇ ਡਾਕਟਰ ਕੋਲ ਪਹੁੰਚਿਆ, ਜਿੱਥੇ ਜਾਂਚ ਦੌਰਾਨ ਡਾਕਟਰਾਂ ਨੂੰ ਉਸ ਦੇ ਸਰੀਰ ਦੇ ਅੰਦਰ ਬੱਚੇਦਾਨੀ ਅਤੇ ਫੈਲੋਪੀਅਨ ਟਿਊਬਸ ਮੌਜੂਦ ਹੋਣ ਦਾ ਪਤਾ ਲੱਗਾ।

ਹਾਲਾਂਕਿ ਇਲਾਜ ਕਰਨ ਵਾਲੇ ਡਾਕਟਰ ਦਾ ਕਹਿਣਾ ਹੈ ਬਾਹਰੋਂ ਉਸ ਦਾ ਸਰੀਰ ਆਮ ਮਰਦ ਵਰਗਾ ਹੀ ਦਿਖਾਈ ਦਿੰਦਾ ਸੀ ਅਤੇ ਉਸ ਵਿੱਚ ਮਰਦਾਂ ਵਾਲੀਆਂ ਸਰੀਰਕ ਵਿਸ਼ੇਸ਼ਤਾਵਾਂ ਵੀ ਮੌਜੂਦ ਸਨ। ਇਸ ਤੋਂ ਇਲਾਵਾ ਅਜਿਹਾ ਕੋਈ ਸਪੱਸ਼ਟ ਲੱਛਣ ਵੀ ਨਹੀਂ ਸੀ, ਜਿਸ ਤੋਂ ਇਸ ਸਥਿਤੀ ਦਾ ਅੰਦਾਜ਼ਾ ਲੱਗ ਸਕੇ।

ਮਰੀਜ਼ ਦਾ ਇਲਾਜ ਕਰਨ ਵਾਲੇ ਦਿੱਲੀ ਦੇ ਇੱਕ ਨਿੱਜੀ ਹਸਪਤਾਲ ਦੇ ਚੀਫ਼ ਯੂਰੋਲੋਜਿਸਟ ਡਾ. ਸੁਸ਼ੀਲ ਖਰਬੰਦਾ ਮੁਤਾਬਕ, ਬਾਂਝਪਨ ਦੀ ਜਾਂਚ ਦੌਰਾਨ ਕਰਵਾਏ ਗਏ ਟੈਸਟਾਂ ਵਿੱਚ ਪਤਾ ਲੱਗਾ ਕਿ ਉਸ ਦੇ ਸਰੀਰ ਦੇ ਅੰਦਰ ਬੱਚੇਦਾਨੀ ਅਤੇ ਫੈਲੋਪੀਅਨ ਟਿਊਬਸ ਵੀ ਮੌਜੂਦ ਸਨ।

ਡਾਕਟਰਾਂ ਮੁਤਾਬਕ ਇਹ ਪਰਸਿਸਟੈਂਟ ਮਿਊਲਰੀਅਨ ਡਕਟ ਸਿੰਡ੍ਰੋਮ ਭਾਵ ਪੀਐੱਮਡੀਐੱਸ ਨਾਮ ਦੀ ਇੱਕ ਬੇਹੱਦ ਦੁਰਲੱਭ ਜਨਮਜਾਤ ਸਥਿਤੀ ਹੈ। ਇਸ ਦੇ ਹੁਣ ਤੱਕ ਦੁਨੀਆ ਭਰ ਵਿੱਚ ਸਿਰਫ਼ 300 ਦੇ ਤੋਂ ਘੱਟ ਕੇਸ ਦਰਜ ਹਨ।

ਨੇਚਰ ਰੀਵਿਊ ਯੂਰੋਲਾਜੀ ਦੀ ਰਿਪੋਰਟ ਮੁਤਾਬਕ, ਪੀਐੱਮਡੀਐੱਸ ਦੀ ਸਥਿਤੀ ਕਰਕੇ ਵਿਅਕਤੀ ਦੇ ਕ੍ਰੋਮੋਜ਼ੋਮ 46XY ਹੁੰਦੇ ਹਨ ਅਤੇ ਸਰੀਰ ਦਾ ਵਿਕਾਸ ਆਮ ਤੌਰ ‘ਤੇ ਮਰਦ ਵਾਂਗ ਹੁੰਦਾ ਹੈ ਪਰ ਉਸ ਦੇ ਸਰੀਰ ਵਿੱਚ ਮਿਊਲਰੀਅਨ ਡਕਟ ਤੋਂ ਬਣਨ ਵਾਲੇ ਅੰਗ, ਜਿਵੇਂ ਬੱਚੇਦਾਨੀ ਅਤੇ ਫੈਲੋਪੀਅਨ ਟਿਊਬ ਮੌਜੂਦ ਰਹਿ ਜਾਂਦੇ ਹਨ।

ਜਨਵਰੀ 2026 ਵਿੱਚ ਗਲੋਬਲ ਜਰਨਲ ਆਫ ਸਰਜਰੀ ਐਂਡ ਕੇਸ ਰਿਪੋਰਟ ਵਿੱਚ ਪ੍ਰਕਾਸ਼ਿਤ ਇੱਕ ਰਿਪੋਰਟ ਮੁਤਾਬਕ, 48 ਸਾਲਾ ਮਰਦ ਵਿੱਚ ਵਾਰ-ਵਾਰ ਪਿਸ਼ਾਬ ਅਤੇ ਵੀਰਜ ਵਿੱਚ ਖੂਨ ਆਉਣ ਦੀ ਜਾਂਚ ਦੌਰਾਨ ਸੀਟੀ ਸਕੈਨ ਵਿੱਚ ਬੱਚੇਦਾਨੀ ਵਰਗੀ ਬਣਤਰ ਮਿਲੀ।

ਸਰਜਰੀ ਵਿੱਚ ਪ੍ਰੋਸਟੇਟ ਨਾਲ ਜੁੜੀ ਦੋ-ਹਿੱਸਿਆਂ ਵਾਲੀ ਬਣਤਰ ਕੱਢੀ ਗਈ, ਜਿਸ ਨੂੰ ਹਿਸਟੋਪੈਥੋਲੋਜੀ ਜਾਂਚ ਨੇ ਬੱਚੇਦਾਨੀ ਦੇ ਟਿਸ਼ੂ ਵਜੋਂ ਪੁਸ਼ਟ ਕੀਤਾ। ਮਰੀਜ਼ ਦਾ ਸਰੀਰਕ ਵਿਕਾਸ ਆਮ ਮਰਦਾਂ ਵਰਗਾ ਸੀ।

ਇਸੇ ਤਰ੍ਹਾਂ, 2019 ਦੀ ਇੱਕ ਰਿਪੋਰਟ ਵਿੱਚ ਡੇਢ ਸਾਲ ਦੇ ਮੁੰਡੇ ਦੇ ਸਰੀਰ ਵਿੱਚ ਬੱਚੇਦਾਨੀ, ਫੈਲੋਪੀਅਨ ਟਿਊਬ ਅਤੇ ਓਵਰੀ ਵਰਗੀਆਂ ਬਣਤਰਾਂ ਮਿਲਣ ਦਾ ਜ਼ਿਕਰ ਹੈ।

ਅਜਿਹਾ ਕਿਵੇਂ ਸੰਭਵ ਹੈ ਕਿ ਇੱਕ ਵਿਅਕਤੀ ਦੇ ਸਰੀਰ ਵਿੱਚ ਮਰਦਾਂ ਵਾਲੀਆਂ ਸਰੀਰਕ ਵਿਸ਼ੇਸ਼ਤਾਵਾਂ ਦੇ ਨਾਲ-ਨਾਲ ਬੱਚੇਦਾਨੀ ਅਤੇ ਫੈਲੋਪੀਅਨ ਟਿਊਬਾਂ ਵੀ ਮੌਜੂਦ ਹੋਣ ? ਇਹ ਸਥਿਤੀ ਕਿਉਂ ਪੈਦਾ ਹੁੰਦੀ ਹੈ ਅਤੇ ਇਸ ਦਾ ਪਤਾ ਕਿਵੇਂ ਲੱਗਦਾ ਹੈ ? ਇਨ੍ਹਾਂ ਸਵਾਲਾਂ ਦੇ ਜਵਾਬ ਜਾਣਨ ਲਈ ਅਸੀਂ ਮਰੀਜ਼ ਦਾ ਇਲਾਜ ਕਰਨ ਵਾਲੇ ਡਾਕਟਰ, ਡਾ. ਸੁਸ਼ੀਲ ਖਰਬੰਦਾ ਨਾਲ ਗੱਲ ਕੀਤੀ।

ਸੰਕੇਤਕ ਤਸਵੀਰ

ਸਵਾਲ- ਇਸ ਕੇਸ ਵਿੱਚ ਕੀ ਪਾਇਆ ਗਿਆ ਅਤੇ ਡਾਕਟਰੀ ਭਾਸ਼ਾ ਵਿੱਚ ਤੁਸੀਂ ਇਸ ਨੂੰ ਕਿਵੇਂ ਸਮਝਾਓਗੇ ?

ਜਵਾਬ- 26 ਸਾਲ ਦੇ ਮਰਦ ਦਾ ਦੋ ਸਾਲ ਪਹਿਲਾਂ ਵਿਆਹ ਹੋਇਆ ਸੀ। ਉਹ ਪੂਰੀ ਤਰ੍ਹਾਂ ਜਿਨਸੀ ਤੌਰ ‘ਤੇ ਸਰਗਰਮ ਸੀ ਅਤੇ ਉਸ ਵਿੱਚ ਮਰਦਾਂ ਵਿੱਚ ਵਿਕਸਤ ਹੋਣ ਵਾਲੇ ਸਾਰੇ ਸੈਕੰਡਰੀ ਸੈਕਸ਼ੂਅਲ ਕਰੈਕਟਰ ਮੌਜੂਦ ਸਨ।

ਬਾਂਝਪਨ ਦੀ ਸਮੱਸਿਆ ਦੀ ਜਾਂਚ ਦੌਰਾਨ ਪਤਾ ਲੱਗਾ ਕਿ ਉਸ ਦੇ ਦੋਵੇਂ ਟੈਸਟਿਸ ਭਾਵ ਅੰਡਕੋਸ਼, ਆਪਣੀ ਆਮ ਥਾਂ ‘ਤੇ ਨਹੀਂ ਸਨ।

ਹਾਰਮੋਨ ਸਬੰਧੀ ਜਾਂਚ ਤੋਂ ਬਾਅਦ ਟੈਸਟੋਸਟੇਰੋਨ ਅਤੇ ਐੱਫਐੱਚਐੱਸ (ਫੋਲਿਕਲ-ਸਟਿਮੂਲੇਟਿੰਗ ਹਾਰਮੋਨ) ਅਤੇ ਐੱਲਐੱਚ (ਲਿਊਟਿਨਾਈਜ਼ਿੰਗ ਹਾਰਮੋਨ) ਵੀ ਨਾਰਮਲ ਸਨ।

ਅਜਿਹੇ ਨਤੀਜੇ ਕ੍ਰਿਪਟੋਰਕਿਡਿਜ਼ਮ ਜਾਂ ਅਨਡਿਸੈਂਡਡ ਟੈਸਟਿਸ ਵਾਲੇ ਮਰੀਜ਼ਾਂ ਵਿੱਚ ਮਿਲ ਸਕਦੇ ਹਨ।

ਪਰ ਐੱਮਆਰਆਈ ਦੌਰਾਨ ਇੱਕ ਬੇਹੱਦ ਅਸਾਧਾਰਨ ਗੱਲ ਸਾਹਮਣੇ ਆਈ। ਜਾਂਚ ਵਿੱਚ ਬੱਚੇਦਾਨੀ ਅਤੇ ਫੈਲੋਪੀਅਨ ਟਿਊਬਸ ਮੌਜੂਦ ਸਨ ਅਤੇ ਇਹ ਟੈਸਟਿਸ ਨਾਲ ਜੁੜੀਆਂ ਹੋਈਆਂ ਸਨ।

ਉਹ ਅੰਗ ਅੰਦਰੋਂ ਪੂਰੀ ਤਰ੍ਹਾਂ ਉਸੇ ਤਰ੍ਹਾਂ ਵਿਕਸਤ ਸਨ, ਜਿਵੇਂ ਆਮ ਤੌਰ ‘ਤੇ ਕਿਸੇ ਮਹਿਲਾ ਦੇ ਸਰੀਰ ਵਿੱਚ ਹੁੰਦਾ ਹੈ।

ਡਾ. ਸੁਸ਼ੀਲ ਖਰਬੰਦਾ

ਸਵਾਲ- ਪੁਰਸ਼ ‘ਚ ਬੱਚੇਦਾਨੀ ਅਤੇ ਫੈਲੋਪੀਅਨ ਟਿਊਬਸ ਕਿਵੇਂ ਮੌਜੂਦ ਰਹਿ ਸਕਦੀਆਂ ਹਨ ? ਕੀ ਇਹ ਜਨਮ ਤੋਂ ਹੀ ਮੌਜੂਦ ਸਥਿਤੀ ਹੋ ਸਕਦੀ ਹੈ ?

ਜਵਾਬ- ਜਦੋਂ ਬੱਚਾ ਮਾਂ ਦੇ ਗਰਭ ਵਿੱਚ ਹੁੰਦਾ ਹੈ ਤਾਂ ਉਸ ਦੇ ਕ੍ਰੋਮੋਸੋਮਜ਼ ਅਤੇ ਹਾਰਮੋਨਸ ਦੇ ਪ੍ਰਭਾਵ ਨਾਲ ਉਸ ਦੇ ਲਿੰਗ ਵਿਕਾਸ ਹੁੰਦਾ ਹੈ। 46XY ਕ੍ਰੋਮੋਸੋਮ ਆਮ ਤੌਰ ‘ਤੇ ਪੁਰਸ਼ਾਂ ਵਿੱਚ ਹੁੰਦੇ ਹਨ ਅਤੇ 46XX ਮਹਿਲਾਵਾਂ ਵਿੱਚ ਹੁੰਦੇ ਹਨ।

ਇਸ ਦੌਰਾਨ ਸਰੀਰ ਵਿੱਚ ਐਂਟੀ-ਮਿਊਲਰੀਅਨ ਹਾਰਮੋਨ (ਏਐੱਮਐੱਚ) ਬਣਦਾ ਹੈ, ਜੋ ਉਨ੍ਹਾਂ ਅੰਦਰੂਨੀ ਪ੍ਰਜਨਨ ਅੰਗਾਂ ਦੇ ਵਿਕਾਸ ਨੂੰ ਰੋਕਦਾ ਹੈ ਜੋ ਆਮ ਤੌਰ ‘ਤੇ ਮਰਦ ਦੇ ਸਰੀਰ ਵਿੱਚ ਨਹੀਂ ਬਣਦੇ।

ਜੇ ਕਿਸੇ ਵਿਅਕਤੀ ਵਿੱਚ 46XY ਕ੍ਰੋਮੋਸੋਮ ਹੁੰਦੇ ਹਨ ਤਾਂ ਉਸ ਦਾ ਮਰਦ ਵਜੋਂ ਵਿਕਾਸ ਹੁੰਦਾ ਹੈ। ਇਸ ਦੌਰਾਨ ਉਸ ਦੇ ਸਰੀਰ ਵਿੱਚ ਇੱਕ ਹਾਰਮੋਨ ਬਣਦਾ ਹੈ, ਜਿਸ ਨੂੰ ਐਂਟੀ-ਮਿਊਲਰੀਅਨ ਹਾਰਮੋਨ (ਏਐੱਮਐੱਚ) ਕਿਹਾ ਜਾਂਦਾ ਹੈ।

ਏਐੱਮਐੱਚ ਬੱਚੇਦਾਨੀ ਅਤੇ ਫੈਲੋਪੀਅਨ ਟਿਊਬਸ ਵਰਗੇ ਉਨ੍ਹਾਂ ਅੰਗਾਂ ਦੇ ਵਿਕਾਸ ਨੂੰ ਰੋਕਦਾ ਹੈ।

ਪਰ ਪੀਐੱਮਡੀਐੱਸ ਵਿੱਚ ਜਾਂ ਤਾਂ ਇਹ ਹਾਰਮੋਨ ਮੌਜੂਦ ਨਹੀਂ ਹੁੰਦਾ ਜਾਂ ਇਸ ਦੇ ਰਿਸੈਪਟਰ ਵਿੱਚ ਸਮੱਸਿਆ ਹੁੰਦੀ ਹੈ। ਇਸ ਕਾਰਨ ਬੱਚੇਦਾਨੀ ਅਤੇ ਫੈਲੋਪੀਅਨ ਟਿਊਬਸ ਵਰਗੀਆਂ ਬਣਤਰਾਂ ਸਰੀਰ ਦੇ ਅੰਦਰ ਮੌਜੂਦ ਰਹਿ ਜਾਂਦੀਆਂ ਹਨ।

ਇਸ ਕਾਰਨ ਉਸ ਦੀ ਅੰਦਰੂਨੀ ਐਨਾਟਮੀ ਵੱਖਰੀ ਹੋ ਜਾਂਦੀ ਹੈ। ਇਸ ਦੇ ਬਾਵਜੂਦ ਬਾਹਰੀ ਸਰੀਰਕ ਬਣਤਰ ਮਰਦਾਂ ਵਾਲੀ ਹੀ ਹੁੰਦੀ ਹੈ। ਪੇਨਿਸ ਅਤੇ ਹੋਰ ਪੁਰਸ਼ ਸਰੀਰਕ ਲੱਛਣ ਆਮ ਤਰ੍ਹਾਂ ਵਿਕਸਿਤ ਹੁੰਦੇ ਹਨ।

ਸੰਕੇਤਕ ਤਸਵੀਰ

ਸਵਾਲ-ਕੀ ਇਸ ਮਰੀਜ਼ ਵਿੱਚ ਅੰਡਕੋਸ਼ਾਂ ਦੇ ਨਾਲ ਓਵਰੀ ਵੀ ਮੌਜੂਦ ਸਨ ?

ਜਵਾਬ-ਇਸ ਮਰੀਜ਼ ਵਿੱਚ ਬੱਚੇਦਾਨੀ ਅਤੇ ਦੋਵੇਂ ਪਾਸਿਆਂ ਤੋਂ ਫੈਲੋਪੀਅਨ ਟਿਊਬਸ ਮੌਜੂਦ ਸਨ ਪਰ ਓਵਰੀਜ਼ ਨਹੀਂ ਸਨ।

ਓਵਰੀਜ਼ ਦੀ ਥਾਂ ਉਸ ਵਿੱਚ ਟੈਸਟਿਸ ਸਨ। ਇਹ ਗੋਨਾਡਜ਼ ਹੁੰਦੇ ਹਨ, ਜੋ ਮਰਦਾਂ ਅਤੇ ਔਰਤਾਂ ਵਿੱਚ ਵੱਖ-ਵੱਖ ਹੁੰਦੇ ਹਨ। ਮਰੀਜ਼ ਦੇ ਦੋਵੇਂ ਟੈਸਟਿਸ ਅਸਲ ਵਿੱਚ ਟੈਸਟਿਸ ਹੀ ਸਨ, ਓਵਰੀਜ਼ ਨਹੀਂ।

ਸਵਾਲ-ਕੀ ਇਸ ਬਾਰੇ ਪਹਿਲਾਂ ਦੇ ਸਕੈਨਾਂ ਜਾਂ ਮੈਡੀਕਲ ਜਾਂਚਾਂ ਵਿੱਚ ਪਤਾ ਨਹੀਂ ਲੱਗ ਸਕਦਾ ਸੀ ?

ਜਵਾਬ-ਜਦੋਂ ਮਰੀਜ਼ ਸਾਡੇ ਕੋਲ ਆਇਆ ਤਾਂ ਉਸ ਦੇ ਦੋਵੇਂ ਟੈਸਟਿਸ ਅਨਡਿਸੈਂਡਡ ਭਾਵ ਆਪਣੀ ਥਾਂ ‘ਤੇ ਨਹੀਂ ਸਨ। ਇਸ ਲਈ ਹਾਰਮੋਨ ਜਾਂਚ ਦੇ ਨਾਲ ਉਸ ਦੇ ਸੀਮਨ ਪੈਰਾਮੀਟਰ ਦੀ ਵੀ ਜਾਂਚ ਕੀਤੀ ਗਈ। ਸੀਮਨ ਵਿੱਚ ਐਜ਼ੋਸਪਰਮੀਆ, ਭਾਵ ਸ਼ੁਕਰਾਣੂਆਂ ਦੀ ਗਿਣਤੀ ਜ਼ੀਰੋ, ਸਾਹਮਣੇ ਆਈ।

ਇਸ ਤੋਂ ਬਾਅਦ ਐੱਮਆਰਆਈ ਕੀਤਾ ਗਿਆ। ਇਸ ਵਿੱਚ ਬੱਚੇਦਾਨੀ, ਫੈਲੋਪੀਅਨ ਟਿਊਬਸ ਅਤੇ ਉਨ੍ਹਾਂ ਨਾਲ ਜੁੜੇ ਟੈਸਟਿਸ ਨਜ਼ਰ ਆਏ।

ਇਸ ਤੋਂ ਬਾਅਦ ਕ੍ਰੋਮੋਸੋਮਲ ਵਿਸ਼ਲੇਸ਼ਣ ਕੀਤਾ ਗਿਆ, ਜੋ 46XY ਸੀ। ਐੱਮਆਰਆਈ ਅਤੇ ਕ੍ਰੋਮੋਸੋਮਲ ਵਿਸ਼ਲੇਸ਼ਣ ਇਸ ਸਥਿਤੀ ਦੀ ਪੁਸ਼ਟੀ ਲਈ ਮੁੱਖ ਜਾਂਚਾਂ ਸਨ।

ਅਜਿਹਾ ਨਹੀਂ ਹੈ ਕਿ ਇਹ ਸਥਿਤੀ ਆਮ ਤੌਰ ‘ਤੇ 26 ਸਾਲ ਦੀ ਉਮਰ ਤੱਕ ਪਤਾ ਹੀ ਨਹੀਂ ਲੱਗਦੀ। ਜੇ ਸਮੇਂ ਸਿਰ ਸਕੈਨ ਕਰਵਾਇਆ ਜਾਂਦਾ ਤਾਂ ਇਹ ਸਥਿਤੀ ਪਹਿਲਾਂ ਵੀ ਪਤਾ ਲੱਗ ਸਕਦੀ ਸੀ, ਇਸ ਮਰੀਜ਼ ਨੇ ਪਹਿਲਾਂ ਇਸ ਗੱਲ ਵੱਲ ਧਿਆਨ ਨਹੀਂ ਦਿੱਤਾ ਕਿ ਉਸ ਦੇ ਦੋਵੇਂ ਟੈਸਟਿਸ ਆਪਣੀ ਆਮ ਥਾਂ ‘ਤੇ ਨਹੀਂ ਸਨ।

ਡਾ. ਸੁਸ਼ੀਲ ਖਰਬੰਦਾ

ਸਵਾਲ-ਕੀ ਇਸ ਸਥਿਤੀ ਦੇ ਕੋਈ ਖਾਸ ਲੱਛਣ ਹੁੰਦੇ ਹਨ ?

ਜਵਾਬ-ਇਸ ਹਾਲਤ ਵਿੱਚ ਆਮ ਤੌਰ ‘ਤੇ ਦਰਦ, ਉਲਟੀ ਜਾਂ ਬੁਖ਼ਾਰ ਵਰਗੇ ਕੋਈ ਖਾਸ ਲੱਛਣ ਨਹੀਂ ਹੁੰਦੇ। ਇਸ ਦੀ ਇੱਕ ਨਿਸ਼ਾਨੀ ਇਹ ਹੋ ਸਕਦੀ ਹੈ ਕਿ ਟੈਸਟਿਸ ਆਪਣੀ ਆਮ ਥਾਂ ‘ਤੇ ਨਾ ਹੋਣ।

ਸਵਾਲ: ਮਰੀਜ਼ ਨੂੰ ਕਿਹੜੀਆਂ ਮਨੋਵਿਗਿਆਨਕ ਚੁਣੌਤੀਆਂ ਜਾਂ ਜ਼ਿੰਦਗੀ ਵਿੱਚ ਕਿਹੜੇ ਬਦਲਾਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ?

26 ਸਾਲ ਦੇ ਇੱਕ ਵਿਅਕਤੀ ਨੂੰ ਅਚਾਨਕ ਪਤਾ ਲੱਗੇ ਕਿ ਉਸ ਦੇ ਸਰੀਰ ਵਿੱਚ ਔਰਤਾਂ ਦੇ ਅੰਗ ਮੌਜੂਦ ਹਨ ਤਾਂ ਇਹ ਉਸ ਲਈ ਚਿੰਤਾ ਅਤੇ ਤਣਾਅ ਵਾਲੀ ਗੱਲ ਸੀ। ਉਹ ਆਪਣੇ ਭਵਿੱਖ ਨੂੰ ਲੈ ਕੇ ਵੀ ਚਿੰਤਤ ਹੋ ਗਿਆ ਸੀ।

ਅਸੀਂ ਉਸ ਦੀ ਕਾਫੀ ਸਮੇਂ ਤੱਕ ਕਾਊਂਸਲਿੰਗ ਕੀਤੀ ਅਤੇ ਸਮਝਾਇਆ ਕਿ ਇਹ ਇੱਕ ਦੁਰਲੱਭ ਮੈਡੀਕਲ ਸਥਿਤੀ ਹੈ। ਬੇਸ਼ੱਕ, ਇਹ ਇੱਕ ਦੁਰਲੱਭ ਸਥਿਤੀ ਹੈ, ਪਰ ਅਜਿਹਾ ਨਹੀਂ ਹੈ ਕਿ ਇਸ ਕੰਡੀਸ਼ਨ ਕਾਰਨ ਉਸ ਦੀ ਜ਼ਿੰਦਗੀ ‘ਤੇ ਕੋਈ ਵੱਡਾ ਫ਼ਰਕ ਪਵੇਗਾ।

ਇਨ੍ਹਾਂ ਅੰਗਾਂ ਨੂੰ ਕੱਢਣਾ ਜ਼ਰੂਰੀ ਸੀ, ਕਿਉਂਕਿ ਇਨ੍ਹਾਂ ਵਿੱਚ ਕੈਂਸਰ ਦਾ ਖ਼ਤਰਾ ਹੋ ਸਕਦਾ ਹੈ। ਹੁਣ ਇਨ੍ਹਾਂ ਅੰਗਾਂ ਨੂੰ ਕੱਢਣ ਤੋਂ ਬਾਅਦ ਉਹ ਆਪਣੀ ਜ਼ਿੰਦਗੀ ਆਮ ਤਰੀਕੇ ਨਾਲ ਜੀਅ ਸਕਦਾ ਹੈ।

ਸਵਾਲ-ਕੀ ਅਜਿਹੇ ਮਾਮਲਿਆਂ ਵਿੱਚ ਸਰਜਰੀ ਜਾਂ ਇਲਾਜ ਹਮੇਸ਼ਾ ਜ਼ਰੂਰੀ ਹੁੰਦਾ ਹੈ ?

ਜਵਾਬ-ਇਸ ਮਰੀਜ਼ ਦੇ ਮਾਮਲੇ ਵਿੱਚ ਸਰਜਰੀ ਜ਼ਰੂਰੀ ਸੀ। ਬੱਚੇਦਾਨੀ ਅਤੇ ਫੈਲੋਪੀਅਨ ਟਿਊਬਸ ਰੂਡੀਮੈਂਟਰੀ ਸਨ ਅਤੇ ਉਨ੍ਹਾਂ ਦਾ ਸਰੀਰ ਵਿੱਚ ਕੋਈ ਕਾਰਜ ਨਹੀਂ ਸੀ।

ਸਰਜਰੀ ਤੋਂ ਬਾਅਦ ਬਾਇਓਪਸੀ ਵਿੱਚ ਇੱਕ ਟੈਸਟਿਸ ਵਿੱਚ ਪ੍ਰੀਕੈਂਸਰੀਅਸ ਕੰਡੀਸ਼ਨ ਵੀ ਸਾਹਮਣੇ ਆਈ। ਇਸ ਲਈ ਇਨ੍ਹਾਂ ਅੰਗਾਂ ਨੂੰ ਕੱਢਣਾ ਜ਼ਰੂਰੀ ਸੀ ਅਤੇ ਸਰਜਰੀ ਇਲਾਜ ਦਾ ਹਿੱਸਾ ਸੀ।

ਡਾਕਟਰ ਅਤੇ ਮਰੀਜ਼

ਸਵਾਲ-ਸਰਜਰੀ ਤੋਂ ਬਾਅਦ ਮਰੀਜ਼ ਦੀ ਸਿਹਤ ‘ਤੇ ਅਸਰ ਹੋਇਆ ਅਤੇ ਅੱਗੇ ਕੀ ਅਸਰ ਰਹੇਗਾ ?

ਜਵਾਲ-ਮਰੀਜ਼ ਆਪ੍ਰੇਸ਼ਨ ਤੋਂ ਸੱਤ ਦਿਨਾਂ ਬਾਅਦ ਆਪਣੇ ਕੰਮ ‘ਤੇ ਵਾਪਸ ਚਲਾ ਗਿਆ ਸੀ।

ਕਿਉਂਕਿ ਟੈਸਟਿਸ ਟੈਸਟੋਸਟੇਰੋਨ ਬਣਾਉਂਦੇ ਹਨ, ਇਸ ਲਈ ਉਨ੍ਹਾਂ ਨੂੰ ਕੱਢਣ ਤੋਂ ਬਾਅਦ ਉਸ ਦੇ ਸਰੀਰ ਵਿੱਚ ਟੈਸਟੋਸਟੇਰੋਨ ਨਹੀਂ ਬਣੇਗਾ। ਇਸ ਲਈ ਹਰ ਤਿੰਨ ਮਹੀਨੇ ਬਾਅਦ ਟੈਸਟੋਸਟੇਰੋਨ ਦਾ ਟੀਕਾ ਲਗਵਾਉਣਾ ਪਵੇਗਾ।

ਇਸ ਤੋਂ ਇਲਾਵਾ ਉਸ ਨੂੰ ਆਪਣੀ ਜਿਨਸੀ ਜਾਂ ਸਮਾਜਿਕ ਜ਼ਿੰਦਗੀ ਵਿੱਚ ਕਿਸੇ ਵੱਡੀ ਤਬਦੀਲੀ ਦੀ ਲੋੜ ਨਹੀਂ ਹੋਵੇਗੀ।

ਅਸੀਂ ਸਰਜਰੀ ਲੈਪਰੋਸਕੋਪਿਕ, ਭਾਵ ਦੂਰਬੀਨ ਰਾਹੀਂ ਕੀਤੀ। ਇਸ ਕਾਰਨ ਵੱਡਾ ਚੀਰਾ ਨਹੀਂ ਲਗਾਉਣਾ ਪਿਆ ਅਤੇ ਉਹ ਜਲਦੀ ਕੰਮ ‘ਤੇ ਵਾਪਸ ਚਲਾ ਗਿਆ।

ਸਵਾਲ: ਇਸ ਤਰ੍ਹਾਂ ਦੇ ਮਾਮਲਿਆਂ ਬਾਰੇ ਲੋਕਾਂ ਵਿੱਚ ਕਿਹੜੀਆਂ ਆਮ ਗਲਤਫ਼ਹਿਮੀਆਂ ਹਨ ?

ਇਸ ਕੇਸ ਤੋਂ ਬਾਅਦ ਇਹ ਸਵਾਲ ਵੀ ਉੱਠ ਰਹੇ ਹਨ ਕਿ ਕੀ ਮਰੀਜ਼ ਗਰਭਵਤੀ ਹੋ ਸਕਦਾ ਸੀ, ਕੀ ਉਸ ਨੂੰ ਮਾਹਵਾਰੀ ਆਉਂਦੀ ਸੀ ਜਾਂ ਕੀ ਉਹ ਬਾਹਰੋਂ ਔਰਤ ਵਰਗਾ ਦਿਖਾਈ ਦਿੰਦਾ ਸੀ।

ਇਨ੍ਹਾਂ ਵਿੱਚੋਂ ਕੋਈ ਵੀ ਗੱਲ ਸਹੀ ਨਹੀਂ ਹੈ। ਉਸ ਦੇ ਸਰੀਰ ਵਿੱਚ ਬੱਚੇਦਾਨੀ ਅਤੇ ਫੈਲੋਪੀਅਨ ਟਿਊਬਸ ਮੌਜੂਦ ਸਨ ਪਰ ਉਹ ਰੂਡੀਮੈਂਟਰੀ ਸਨ ਅਤੇ ਗਰਭਧਾਰਨ ਸੰਭਵ ਨਹੀਂ ਸੀ।

ਉਸ ਦੇ ਸਰੀਰ ਵਿੱਚ ਔਰਤਾਂ ਵਾਲਾ ਹਾਰਮੋਨਲ ਮਾਹੌਲ ਵੀ ਨਹੀਂ ਸੀ।

ਸਵਾਲ: ਇਸ ਮਾਮਲੇ ਤੋਂ ਮੈਡੀਕਲ ਭਾਈਚਾਰੇ ਲਈ ਸਭ ਤੋਂ ਮਹੱਤਵਪੂਰਨ ਸਬਕ ਕੀ ਹੈ ?

ਇਸ ਕੇਸ ਤੋਂ ਸਿੱਖਿਆ ਮਿਲਦੀ ਹੈ ਕਿ ਸਰੀਰ ਵਿੱਚ ਹੋਣ ਵਾਲੀ ਕਿਸੇ ਵੀ ਅਸਾਧਾਰਣ ਤਬਦੀਲੀ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ ਅਤੇ ਨਾ ਹੀ ਸ਼ਰਮ ਮਹਿਸੂਸ ਕਰਨੀ ਚਾਹੀਦੀ ਹੈ।

ਅਜਿਹੀ ਸਥਿਤੀ ਵਿੱਚ ਸਮੇਂ ਸਿਰ ਯੋਗ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ। ਨਵਜੰਮੇ ਬੱਚੇ ਵਿੱਚ ਵੀ ਕੋਈ ਅਸਾਧਾਰਣ ਬਣਤਰ ਜਾਂ ਅੰਗ ਦੀ ਕਮੀ ਨਜ਼ਰ ਆਵੇ ਤਾਂ ਤੁਰੰਤ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ, ਕਿਉਂਕਿ ਸਮੇਂ ਸਿਰ ਪਛਾਣ ਨਾਲ ਸਥਿਤੀ ਨੂੰ ਬਿਹਤਰ ਢੰਗ ਨਾਲ ਸੰਭਾਲਿਆ ਜਾ ਸਕਦਾ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI