Home rss national punjabi2ਰਾਸ਼ਟਰੀ ਖ਼ਬਰਾਂ 30 ਸਾਲ ਦੀ ਉਮਰ ਵਿੱਚ ਅਪਣਾਓ ਇਹ ਆਦਤਾਂ, 70 ਸਾਲ ਤੱਕ ਰਹੋਗੇ...

30 ਸਾਲ ਦੀ ਉਮਰ ਵਿੱਚ ਅਪਣਾਓ ਇਹ ਆਦਤਾਂ, 70 ਸਾਲ ਤੱਕ ਰਹੋਗੇ ਸਿਹਤਮੰਦ

2
0

Source :- BBC PUNJABI

ਸਿਹਤਮੰਦ ਲੋਕ

ਰੋਜ਼ਾਨਾ 15 ਮਿੰਟ ਤੇਜ਼ ਤੁਰਨ ਤੋਂ ਲੈ ਕੇ ਰੈਗੂਲਰ ਸਮੇਂ ‘ਤੇ ਸੌਣ ਤੱਕ, 30 ਸਾਲ ਦੀ ਉਮਰ ਤੋਂ ਅਪਣਾਈਆਂ ਗਈਆਂ ਕੁਝ ਆਦਤਾਂ ਤੁਹਾਨੂੰ 70 ਸਾਲ ਦੀ ਉਮਰ ਤੋਂ ਬਾਅਦ ਵੀ ਫਿੱਟ ਰਹਿਣ ਵਿੱਚ ਮਦਦ ਕਰ ਸਕਦੀਆਂ ਹਨ।

ਜਦੋਂ ਤੁਸੀਂ ਜ਼ਿੰਦਗੀ ਦੇ ਅੱਠਵੇਂ ਦਹਾਕੇ ਭਾਵ 70 ਸਾਲ ਦੀ ਉਮਰ ਵਿੱਚ ਪਹੁੰਚੋਗੇ, ਤਾਂ ਹੋ ਸਕਦਾ ਹੈ ਕਿ ਜਵਾਨੀ ਦੇ ਮੁਕਾਬਲੇ ਤੁਹਾਡੇ ਸਰੀਰ ਵਿੱਚ ਜ਼ਿਆਦਾ ਕਮਜ਼ੋਰੀ ਅਤੇ ਅਕੜਨ ਮਹਿਸੂਸ ਹੋਵੇ। ਹੋ ਸਕਦਾ ਹੈ ਕਿ ਸੋਚਣ ਅਤੇ ਸਮਝਣ ਦੀ ਸਮਰੱਥਾ ਵੀ ਪਹਿਲਾਂ ਜਿੰਨੀ ਤੇਜ਼ ਨਾ ਰਹੇ।

ਤੁਹਾਡੇ ਸੌਣ ਦਾ ਤਰੀਕਾ ਵੀ ਬਦਲ ਸਕਦਾ ਹੈ। ਸ਼ਾਮ ਨੂੰ ਜਲਦੀ ਨੀਂਦ ਆਉਣ ਲੱਗੇ ਅਤੇ ਸਵੇਰੇ ਵੀ ਜਲਦੀ ਅੱਖ ਖੁੱਲ੍ਹ ਜਾਵੇ। ਸਭ ਤੋਂ ਵੱਡੀ ਚਿੰਤਾ ਇਹ ਹੈ ਕਿ ਆਬਾਦੀ ਦੇ ਔਸਤ ਅੰਕੜਿਆਂ ਮੁਤਾਬਕ, ਉਸ ਉਮਰ ਵਿੱਚ ਤੁਸੀਂ ਘੱਟੋ-ਘੱਟ ਇੱਕ ਲੰਬੇ ਸਮੇਂ ਤੱਕ ਰਹਿਣ ਵਾਲੀ ਬਿਮਾਰੀ ਦਾ ਸਾਹਮਣਾ ਕਰ ਰਹੇ ਹੋਵੋਗੇ।

ਪਰ ਉਮਰ ਵਧਣ ਨਾਲ ਅਜਿਹਾ ਹੋਣਾ ਲਾਜ਼ਮੀ ਨਹੀਂ ਹੈ। ਖੋਜਕਾਰਾਂ ਨੂੰ ਹੁਣ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਭਰੋਸਾ ਹੈ ਕਿ ਇਸ ਨੂੰ ਬਦਲਿਆ ਜਾ ਸਕਦਾ ਹੈ।

ਖੋਜ ਵਿੱਚ ਕੀ ਸਾਹਮਣੇ ਆਇਆ ਹੈ?

ਸਿਹਤ

ਕੈਲੀਫੋਰਨੀਆ ਦੇ ਬਕ ਇੰਸਟੀਚਿਊਟ ਫਾਰ ਰਿਸਰਚ ਆਨ ਏਜਿੰਗ ਦੇ ਪ੍ਰਧਾਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਐਰਿਕ ਵਰਡਿਨ ਕਹਿੰਦੇ ਹਨ, “ਹੁਣ ਤੱਕ ਸਾਨੂੰ ਜੋ ਜਾਣਕਾਰੀ ਮਿਲੀ ਹੈ, ਉਸ ਦੇ ਆਧਾਰ ‘ਤੇ ਕਿਹਾ ਜਾ ਸਕਦਾ ਹੈ ਕਿ ਜੇ ਲੋਕ ਆਪਣੀ ਜੀਵਨਸ਼ੈਲੀ ਨੂੰ ਬਿਹਤਰ ਬਣਾਉਣ, ਤਾਂ ਉਨ੍ਹਾਂ ਵਿੱਚੋਂ ਜ਼ਿਆਦਾਤਰ 90 ਜਾਂ 95 ਸਾਲ ਦੀ ਉਮਰ ਤੱਕ ਚੰਗੀ ਸਿਹਤ ਨਾਲ ਜੀਅ ਸਕਦੇ ਹਨ।”

“ਪਰ ਅਜੇ ਅਸੀਂ ਇਸ ਤੋਂ ਬਹੁਤ ਦੂਰ ਹਾਂ। ਜ਼ਿਆਦਾਤਰ ਲੋਕ 65 ਜਾਂ 70 ਸਾਲ ਦੀ ਉਮਰ ਤੱਕ ਸਿਹਤਮੰਦ ਰਹਿੰਦੇ ਹਨ। ਇਸ ਤੋਂ ਬਾਅਦ ਉਹ ਬਿਮਾਰ ਹੋਣ ਲੱਗਦੇ ਹਨ ਅਤੇ ਉਨ੍ਹਾਂ ਨੂੰ ਬੁਢਾਪੇ ਨਾਲ ਜੁੜੀਆਂ ਤਮਾਮ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।”

ਵਰਡਿਨ ਕਹਿੰਦੇ ਹਨ ਕਿ ਕਿਸੇ ਵੀ ਉਮਰ ਵਿੱਚ ਸਿਹਤ ਸੁਧਾਰਨ ਲਈ ਦੇਰ ਨਹੀਂ ਹੁੰਦੀ। ਜ਼ਿਆਦਾ ਕਸਰਤ, ਬਿਹਤਰ ਖਾਣ-ਪੀਣ ਅਤੇ ਸ਼ਰਾਬ ਘੱਟ ਪੀਣ ਵਰਗੇ ਜੀਵਨਸ਼ੈਲੀ ਨਾਲ ਜੁੜੇ ਬਦਲਾਅ ਕਿਸੇ ਵੀ ਉਮਰ ਵਿੱਚ ਫ਼ਾਇਦਾ ਪਹੁੰਚਾ ਸਕਦੇ ਹਨ।

ਹਾਲਾਂਕਿ, ਜਿੰਨੀ ਜਲਦੀ ਸ਼ੁਰੂਆਤ ਕੀਤੀ ਜਾਵੇ, ਨਤੀਜੇ ਓਨੇ ਹੀ ਬਿਹਤਰ ਹੋ ਸਕਦੇ ਹਨ।

ਖੋਜਕਾਰਾਂ ਮੁਤਾਬਕ, 30 ਤੋਂ 39 ਸਾਲ ਦੀ ਉਮਰ ਇਸ ਮਾਮਲੇ ਵਿੱਚ ਖ਼ਾਸ ਹੈ। ਇਸੇ ਦੌਰਾਨ ਸਰੀਰ ਦੀਆਂ ਕਈ ਪ੍ਰਣਾਲੀਆਂ ਵਿੱਚ ਉਮਰ ਨਾਲ ਜੁੜੇ ਸ਼ੁਰੂਆਤੀ ਅਤੇ ਹਲਕੇ ਬਦਲਾਅ ਦਿਖਾਈ ਦੇਣ ਲੱਗਦੇ ਹਨ।

ਇਨ੍ਹਾਂ ਵਿੱਚ ਮਾਸਪੇਸ਼ੀਆਂ ਦਾ ਆਕਾਰ ਅਤੇ ਤਾਕਤ, ਹੱਡੀਆਂ ਦੀ ਮਜ਼ਬੂਤੀ ਅਤੇ ਸਰੀਰ ਵੱਲੋਂ ਭੋਜਨ ਨੂੰ ਊਰਜਾ ਵਿੱਚ ਬਦਲਣ ਦੀ ਪ੍ਰਕਿਰਿਆ ਸ਼ਾਮਲ ਹੈ।

ਅਮਰੀਕਾ ਦੇ ਮਿਨੇਸੋਟਾ ਵਿੱਚ ਮੇਯੋ ਕਲੀਨਿਕ ਦੇ ਕੋਗੋਡ ਸੈਂਟਰ ਆਨ ਏਜਿੰਗ ਵਿੱਚ ਸਰੀਰ ਵਿਗਿਆਨ ਦੇ ਪ੍ਰੋਫ਼ੈਸਰ ਜੋਆਓ ਪਾਸੋਸ ਕਹਿੰਦੇ ਹਨ, “ਇਹ ਉਮਰ ਇੱਕ ਅਜਿਹਾ ਅਹਿਮ ਮੌਕਾ ਹੈ, ਜਦੋਂ ਸਾਨੂੰ ਉਨ੍ਹਾਂ ਆਦਤਾਂ ਨੂੰ ਹੋਰ ਮਜ਼ਬੂਤ ਕਰਨਾ ਚਾਹੀਦਾ ਹੈ, ਜੋ ਸਰੀਰ ਨੂੰ ਲੰਬੇ ਸਮੇਂ ਤੱਕ ਮਜ਼ਬੂਤ ਬਣਾਈ ਰੱਖਦੀਆਂ ਹਨ।”

30 ਸਾਲ ਦੀ ਉਮਰ ਵਿੱਚ ਸਰੀਰ ਨੂੰ ਕਿੰਨਾ ਮਜ਼ਬੂਤ ਬਣਾਉਣਾ ਚਾਹੀਦਾ ਹੈ?

ਕਸਰਤ

ਉਮਰ ਵਧਣ ਦੇ ਬਾਵਜੂਦ ਸਰੀਰ ਨੂੰ ਸਿਹਤਮੰਦ ਰੱਖਣਾ ਕਿੰਨਾ ਸੰਭਵ ਹੈ, ਇਹ ਸਮਝਣ ਲਈ ਖੋਜਕਾਰ ਅਕਸਰ ਅਜਿਹੇ ਲੋਕਾਂ ‘ਤੇ ਧਿਆਨ ਦਿੰਦੇ ਹਨ, ਜਿਨ੍ਹਾਂ ਦੀ ਉਮਰ ਵਧਣ ਦਾ ਤਰੀਕਾ ਆਮ ਲੋਕਾਂ ਨਾਲੋਂ ਵੱਖਰਾ ਹੁੰਦਾ ਹੈ।

ਅਜਿਹਾ ਹੀ ਇੱਕ ਸਮੂਹ ‘ਮਾਸਟਰਜ਼ ਐਥਲੀਟਸ’ ਦਾ ਹੈ। ਇਹ 35 ਸਾਲ ਤੋਂ ਵੱਧ ਉਮਰ ਦੇ ਅਜਿਹੇ ਲੋਕ ਹਨ, ਜੋ ਦੌੜ, ਸਾਈਕਲਿੰਗ ਜਾਂ ਹੋਰ ਖੇਡਾਂ ਦੇ ਮੁਕਾਬਲਿਆਂ ਵਿੱਚ ਰੈਗੂਲਰ ਤੌਰ ‘ਤੇ ਹਿੱਸਾ ਲੈਂਦੇ ਹਨ। ਇਨ੍ਹਾਂ ਵਿੱਚੋਂ ਕਈ ਲੋਕ 60 ਸਾਲ ਦੀ ਉਮਰ ਅਤੇ ਇਸ ਤੋਂ ਬਾਅਦ ਵੀ ਖੇਡਦੇ ਰਹਿੰਦੇ ਹਨ।

ਮੈਨਚੈਸਟਰ ਮੈਟਰੋਪੋਲੀਟਨ ਯੂਨੀਵਰਸਿਟੀ ਵਿੱਚ ਪੋਸ਼ਣ ਅਤੇ ਸਰੀਰ ਵਿੱਚ ਭੋਜਨ ਤੋਂ ਊਰਜਾ ਬਣਨ ਦੀ ਪ੍ਰਕਿਰਿਆ ਬਾਰੇ ਪੜ੍ਹਾਉਣ ਵਾਲੇ ਸੀਨੀਅਰ ਲੈਕਚਰਾਰ ਪੌਲ ਮੌਰਗਨ ਕਹਿੰਦੇ ਹਨ ਕਿ ਇਨ੍ਹਾਂ ਖਿਡਾਰੀਆਂ ਦੀ ਉਮਰ ਵਧਣ ਦਾ ਤਰੀਕਾ ਸਾਡੇ ਵਿੱਚੋਂ ਜ਼ਿਆਦਾਤਰ ਲੋਕਾਂ ਨਾਲੋਂ ਕਾਫ਼ੀ ਵੱਖਰਾ ਹੁੰਦਾ ਹੈ।

ਉਨ੍ਹਾਂ ਦੇ ਦਿਲ ਅਤੇ ਫੇਫੜਿਆਂ ਦੀ ਕੰਮ ਕਰਨ ਦੀ ਸਮਰੱਥਾ, ਮਾਸਪੇਸ਼ੀਆਂ ਦੀ ਤਾਕਤ ਅਤੇ ਉਨ੍ਹਾਂ ਦੀ ਕੰਮ ਕਰਨ ਦੀ ਸਮਰੱਥਾ ਪਹਿਲਾਂ ਹੀ ਕਾਫ਼ੀ ਉੱਚੇ ਪੱਧਰ ‘ਤੇ ਪਹੁੰਚ ਜਾਂਦੀ ਹੈ। ਇਸ ਤੋਂ ਬਾਅਦ ਇਨ੍ਹਾਂ ਵਿੱਚ ਗਿਰਾਵਟ ਵੀ ਦੇਰ ਨਾਲ ਸ਼ੁਰੂ ਹੁੰਦੀ ਹੈ।

ਮੌਰਗਨ ਮੁਤਾਬਕ, ਇਸ ਕਾਰਨ ਇਨ੍ਹਾਂ ਵਿੱਚੋਂ ਕਈ ਲੋਕ ਵਧਦੀ ਉਮਰ ਵਿੱਚ ਲੰਬੇ ਸਮੇਂ ਤੱਕ ਚੱਲਣ-ਫਿਰਨ ਦੀ ਸਮਰੱਥਾ ਅਤੇ ਆਪਣੀ ਆਜ਼ਾਦੀ ਬਣਾਈ ਰੱਖਦੇ ਹਨ।

ਉਹ ਕਹਿੰਦੇ ਹਨ, “ਉਨ੍ਹਾਂ ਦੇ ਸਰੀਰ ਵਿੱਚ ਇਹ ਵਾਧੂ ਸਮਰੱਥਾ ਹੁੰਦੀ ਹੈ, ਜੋ ਜ਼ਿੰਦਗੀ ਦੇ ਵਿਚਕਾਰਲੇ ਸਾਲਾਂ ਵਿੱਚ ਸੁਰੱਖਿਆ ਦੀ ਕੰਧ ਵਾਂਗ ਕੰਮ ਕਰਦੀ ਹੈ।”

ਇਸ ਤੋਂ ਅਸੀਂ ਸਾਰੇ ਸਿੱਖ ਸਕਦੇ ਹਾਂ।

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ ‘ਤੇ ਸਪੋਰਟ ਨਹੀਂ ਕਰਦਾ

’30 ਤੋਂ 39 ਸਾਲ ਦੀ ਉਮਰ ਤੱਕ ਸਰੀਰ ਨੂੰ ਬਿਹਤਰ ਸਮਰੱਥਾ ਦੇ ਪੱਧਰ ‘ਤੇ ਪਹੁੰਚਾਓ’

ਮੌਰਗਨ ਕਹਿੰਦੇ ਹਨ ਕਿ ਜੇ ਅਸੀਂ ਵਧਦੀ ਉਮਰ ਵਿੱਚ ਸਿਹਤਮੰਦ ਰਹਿਣਾ ਚਾਹੁੰਦੇ ਹਾਂ, ਤਾਂ 30 ਤੋਂ 39 ਸਾਲ ਦੀ ਉਮਰ ਦੇ ਵਿਚਕਾਰ ਸਰੀਰ ਨੂੰ ਉਸ ਦੀ ਸਭ ਤੋਂ ਬਿਹਤਰ ਸਮਰੱਥਾ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।

ਖ਼ਾਸ ਤੌਰ ‘ਤੇ ਸਾਨੂੰ ਸਰੀਰ ਦੀ ਆਕਸੀਜਨ ਦੀ ਵਰਤੋਂ ਕਰਨ ਦੀ ਸਮਰੱਥਾ, ਸਰੀਰ ਦੇ ਲਚਕੀਲੇਪਣ ਅਤੇ ਮਾਸਪੇਸ਼ੀਆਂ ਦੀ ਤਾਕਤ ਵੱਲ ਧਿਆਨ ਦੇਣਾ ਚਾਹੀਦਾ ਹੈ।

ਸਰੀਰ ਦੀ ਆਕਸੀਜਨ ਦੀ ਵਰਤੋਂ ਕਰਨ ਦੀ ਸਮਰੱਥਾ ਦਾ ਮਤਲਬ ਹੈ ਕਿ ਕਸਰਤ ਕਰਦੇ ਸਮੇਂ ਤੁਹਾਡਾ ਸਰੀਰ ਵੱਧ ਤੋਂ ਵੱਧ ਕਿੰਨੀ ਆਕਸੀਜਨ ਦੀ ਵਰਤੋਂ ਕਰ ਸਕਦਾ ਹੈ।

70 ਸਾਲ ਤੋਂ ਵੱਧ ਉਮਰ ਦੇ ਲੋਕਾਂ ਸਾਹਮਣੇ ਸਭ ਤੋਂ ਵੱਡੇ ਖ਼ਤਰਿਆਂ ਵਿੱਚੋਂ ਇੱਕ ਠੋਕਰ ਖਾ ਕੇ ਡਿੱਗਣਾ ਹੈ। ਇਸ ਦਾ ਸਬੰਧ ਸਰੀਰ ਦੀ ਫੁਰਤੀ ਘੱਟ ਹੋਣ ਅਤੇ ਜੋੜਾਂ ਦੇ ਹਿੱਲਣ-ਜੁਲਣ ਦੀ ਸਮਰੱਥਾ ਘਟਣ ਨਾਲ ਹੈ।

ਮੌਰਗਨ ਕਹਿੰਦੇ ਹਨ, “ਮੈਨੂੰ ਹਮੇਸ਼ਾ ਲੱਗਦਾ ਹੈ ਕਿ ਚੱਲਣ-ਫਿਰਨ ਵਿੱਚ ਮਦਦ ਕਰਨ ਵਾਲੀਆਂ ਲੱਤਾਂ ਦੀਆਂ ਮਾਸਪੇਸ਼ੀਆਂ ਦੀ ਵਧਦੀ ਉਮਰ ਵਿੱਚ ਆਪਣੀ ਆਜ਼ਾਦੀ ਅਤੇ ਚੰਗੀ ਸਿਹਤ ਬਣਾਈ ਰੱਖਣ ਵਿੱਚ ਸਭ ਤੋਂ ਵੱਡੀ ਭੂਮਿਕਾ ਹੁੰਦੀ ਹੈ।”

“ਇਸ ਲਈ ਇਨ੍ਹਾਂ ਮਾਸਪੇਸ਼ੀਆਂ ਵੱਲ ਖ਼ਾਸ ਧਿਆਨ ਦੇਣਾ ਜ਼ਰੂਰੀ ਹੈ।” ਖੇਡਾਂ ਖੇਡਣਾ ਇਸ ਨੂੰ ਹਾਸਲ ਕਰਨ ਦਾ ਇੱਕ ਬਿਹਤਰੀਨ ਤਰੀਕਾ ਹੈ।

ਖੋਜ ਵਿੱਚ ਸਾਹਮਣੇ ਆਇਆ ਹੈ ਕਿ ਟੈਨਿਸ ਜਾਂ ਬੈਡਮਿੰਟਨ ਵਰਗੀਆਂ ਰੈਕੇਟ ਨਾਲ ਖੇਡੀਆਂ ਜਾਣ ਵਾਲੀਆਂ ਖੇਡਾਂ ਵਿੱਚ ਹਿੱਸਾ ਲੈਣ ਅਤੇ ਲੰਬੀ ਉਮਰ ਵਿਚਕਾਰ ਲਗਾਤਾਰ ਸਬੰਧ ਦੇਖਿਆ ਗਿਆ ਹੈ।

ਸਾਲ 2025 ਵਿੱਚ ਜਾਪਾਨ ਵਿੱਚ ਹੋਏ ਇੱਕ ਅਧਿਐਨ ਵਿੱਚ ਸਾਈਕਲ ਚਲਾਉਣ ਦੇ ਫ਼ਾਇਦਿਆਂ ਬਾਰੇ ਵੀ ਪਤਾ ਲੱਗਿਆ। ਰੇਗੂਲਰ ਤੌਰ ‘ਤੇ ਸਾਈਕਲ ਚਲਾਉਣ ਵਾਲੇ ਬਜ਼ੁਰਗਾਂ ਨੂੰ ਲੰਬੇ ਸਮੇਂ ਤੱਕ ਦੇਖਭਾਲ ਦੀ ਲੋੜ ਪੈਣ ਜਾਂ ਸਮੇਂ ਤੋਂ ਪਹਿਲਾਂ ਮੌਤ ਹੋਣ ਦੀ ਸੰਭਾਵਨਾ ਘੱਟ ਪਾਈ ਗਈ।

ਹਰ ਹਫ਼ਤੇ 75 ਮਿੰਟ ਤੋਂ ਵੱਧ ਦੌੜਨ ਨਾਲ ਵੀ ਉਮਰ ਵਧਣ ਦੀ ਪ੍ਰਕਿਰਿਆ ਦੇ ਕੁਝ ਹਿੱਸਿਆਂ ਨੂੰ ਹੌਲੀ ਕਰਨ ਵਿੱਚ ਮਦਦ ਮਿਲਦੀ ਹੈ।

ਪਰ ਮੈਰਾਥਨ ਦੌੜਨ ਬਾਰੇ ਸ਼ਾਇਦ ਮੁੜ ਸੋਚਣ ਦੀ ਲੋੜ ਹੈ।

ਕੁਝ ਸਬੂਤ ਦੱਸਦੇ ਹਨ ਕਿ ਸਰੀਰ ਨੂੰ ਉਸ ਦੀ ਹੱਦ ਤੋਂ ਵੱਧ ਧੱਕਣ ਨਾਲ ਜੈਵਿਕ ਤੌਰ ‘ਤੇ ਉਮਰ ਵਧਣ ਦੀ ਪ੍ਰਕਿਰਿਆ ਦੇ ਕੁਝ ਹਿੱਸੇ ਤੇਜ਼ ਹੋ ਸਕਦੇ ਹਨ। ਹਾਲਾਂਕਿ, ਇਸ ਬਾਰੇ ਅਜੇ ਬਹੁਤ ਘੱਟ ਜਾਣਕਾਰੀ ਹੈ।

ਦੂਜੇ ਪਾਸੇ, ਇੱਕ ਅਧਿਐਨ ਵਿੱਚ ਪਾਇਆ ਗਿਆ ਕਿ ਰੋਜ਼ਾਨਾ ਸਿਰਫ਼ ਪੰਜ ਮਿੰਟ ਦੀ ਹਲਕੀ ਤੋਂ ਤੇਜ਼ ਕਸਰਤ ਵੀ ਦਿਮਾਗ਼ ਦੀ ਉਮਰ ਵਧਣ ਦੀ ਰਫ਼ਤਾਰ ਨੂੰ ਹੌਲੀ ਕਰਨ ਵਿੱਚ ਮਦਦ ਕਰ ਸਕਦੀ ਹੈ।

ਅਮਰੀਕਾ ਦੀ ਪਿਟਸਬਰਗ ਯੂਨੀਵਰਸਿਟੀ ਵਿੱਚ ਮੈਡੀਸਨ ਦੀ ਸਹਾਇਕ ਪ੍ਰੋਫ਼ੈਸਰ ਅਦਿਤੀ ਗੁਰਕਰ ਕਹਿੰਦੇ ਹਨ ਕਿ ਅਸੀਂ ਸਾਰੇ ਕੁਝ ਆਸਾਨ ਤਰੀਕੇ ਅਪਣਾ ਕੇ ਵਧਦੀ ਉਮਰ ਵਿੱਚ ਸਿਹਤਮੰਦ ਰਹਿਣ ਦੇ ਫ਼ਾਇਦੇ ਹਾਸਲ ਕਰ ਸਕਦੇ ਹਾਂ।

ਉਹ ਕਹਿੰਦੇ ਹਨ, “ਖਾਣਾ ਖਾਣ ਤੋਂ ਬਾਅਦ ਸਿਰਫ਼ 15 ਮਿੰਟ ਤੇਜ਼ ਤੁਰਨ ਨਾਲ ਵੀ ਕਾਫ਼ੀ ਫ਼ਰਕ ਪੈ ਸਕਦਾ ਹੈ।”

ਦਿਮਾਗ਼ ਦੀ ਸਮਰੱਥਾ ਕਿਵੇਂ ਬਚਾ ਕੇ ਰੱਖੀਏ?

ਮਸੂੜੇ

ਜਿਸ ਤਰ੍ਹਾਂ ਅਸੀਂ 30 ਸਾਲ ਦੀ ਉਮਰ ਵਿੱਚ ਆਪਣੀਆਂ ਮਾਸਪੇਸ਼ੀਆਂ ਅਤੇ ਦਿਲ ਦੀ ਸਿਹਤ ਨੂੰ ਸੁਰੱਖਿਅਤ ਅਤੇ ਮਜ਼ਬੂਤ ਬਣਾ ਸਕਦੇ ਹਾਂ, ਉਸੇ ਤਰ੍ਹਾਂ ਦਿਮਾਗ਼ ਨੂੰ ਵੀ ਮਜ਼ਬੂਤ ਬਣਾਇਆ ਜਾ ਸਕਦਾ ਹੈ।

ਦੰਦਾਂ ਦੀ ਚੰਗੀ ਸਿਹਤ ਬਣਾਈ ਰੱਖਣ ਨਾਲ ਹੈਰਾਨੀਜਨਕ ਫ਼ਰਕ ਪੈ ਸਕਦਾ ਹੈ। ਇਸ ਲਈ ਦੰਦਾਂ ਦੀ ਰੇਗੂਲਰ ਜਾਂਚ ਕਰਵਾਉਣਾ, ਸਹੀ ਤਰੀਕੇ ਨਾਲ ਬੁਰਸ਼ ਕਰਨਾ, ਸਿਗਰਟਨੋਸ਼ੀ ਨਾ ਕਰਨਾ ਅਤੇ ਮਿੱਠੀਆਂ ਚੀਜ਼ਾਂ ਘੱਟ ਖਾਣਾ ਜ਼ਰੂਰੀ ਹੈ।

ਕਈ ਅਧਿਐਨਾਂ ਵਿੱਚ ਵਾਰ-ਵਾਰ ਮਸੂੜਿਆਂ ਦੀ ਬਿਮਾਰੀ ਅਤੇ ਵਧਦੀ ਉਮਰ ਵਿੱਚ ਸੋਚਣ-ਸਮਝਣ ਦੀ ਸਮਰੱਥਾ ਘੱਟ ਹੋਣ ਵਿਚਕਾਰ ਸਬੰਧ ਪਾਇਆ ਗਿਆ ਹੈ।

ਮਸੂੜਿਆਂ ਦੀ ਇਸ ਬਿਮਾਰੀ ਨੂੰ ‘ਪੀਰੀਓਡੋਂਟਲ ਡਿਜ਼ੀਜ਼’ ਕਿਹਾ ਜਾਂਦਾ ਹੈ। ਇਸ ਵਿੱਚ ਮਸੂੜਿਆਂ ਦੀ ਸੋਜ ਵਧ ਜਾਂਦੀ ਹੈ।

ਮੰਨਿਆ ਜਾਂਦਾ ਹੈ ਕਿ ਸਰੀਰ ਵਿੱਚ ਲੰਬੇ ਸਮੇਂ ਤੱਕ ਰਹਿਣ ਵਾਲੀ ਸੋਜ ਦਾ ਦਿਮਾਗ਼ ‘ਤੇ ਅਸਰ ਪੈਂਦਾ ਹੈ। ਇਸੇ ਕਾਰਨ ਮਸੂੜਿਆਂ ਦੀ ਬਿਮਾਰੀ ਅਤੇ ਸੋਚਣ-ਸਮਝਣ ਦੀ ਸਮਰੱਥਾ ਘਟਣ ਵਿਚਕਾਰ ਸਬੰਧ ਹੋ ਸਕਦਾ ਹੈ।

30 ਤੋਂ 39 ਸਾਲ ਦੀ ਉਮਰ ਸ਼ਰਾਬ ਘੱਟ ਕਰਨ ਦੀ ਸ਼ੁਰੂਆਤ ਕਰਨ ਲਈ ਵੀ ਸਹੀ ਸਮਾਂ ਹੋ ਸਕਦੀ ਹੈ।

ਸ਼ਰਾਬ ਅਤੇ ਸਿਹਤ ਦਾ ਕੀ ਸਬੰਧ ਹੈ?

ਸ਼ਰਾਬ ਪੀਣ ਦਾ ਸਬੰਧ ਸਰੀਰ ਵਿੱਚ ਜੀਨਾਂ ਦੇ ਕੰਮ ਕਰਨ ਦੇ ਤਰੀਕੇ ਵਿੱਚ ਬਦਲਾਅ ਨਾਲ ਹੈ। ਇਹ ਬਦਲਾਅ ਉਮਰ ਵਧਣ ਦੀ ਪ੍ਰਕਿਰਿਆ ਨੂੰ ਤੇਜ਼ ਕਰਦੇ ਹਨ। ਸ਼ਰਾਬ ਨੀਂਦ ਵਿੱਚ ਵੀ ਵੱਡੀ ਰੁਕਾਵਟ ਬਣਦੀ ਹੈ।

ਵਰਡਿਨ ਕਹਿੰਦੇ ਹਨ ਕਿ ਰੋਜ਼ਾਨਾ ਲਗਭਗ ਇੱਕੋ ਸਮੇਂ ‘ਤੇ ਸੌਣਾ ਅਤੇ ਜਾਗਣਾ ਜ਼ਰੂਰੀ ਹੈ। ਇਸ ਨਾਲ ਆਉਣ ਵਾਲੇ ਸਾਲਾਂ ਵਿੱਚ ਉਮਰ ਦੇ ਨਾਲ ਦਿਮਾਗ਼ ਦਾ ਆਕਾਰ ਘਟਣ ਅਤੇ ਡਿਮੈਂਸ਼ੀਆ ਹੋਣ ਦਾ ਖ਼ਤਰਾ ਘੱਟ ਕੀਤਾ ਜਾ ਸਕਦਾ ਹੈ।

ਰੋਜ਼ਾਨਾ ਤੈਅ ਸਮੇਂ ‘ਤੇ ਸੌਣ ਅਤੇ ਜਾਗਣ ਨੂੰ ਨੀਂਦ ਦੀ ਨਿਯਮਿਤਤਾ ਕਿਹਾ ਜਾਂਦਾ ਹੈ।

ਨੀਂਦ ਦੌਰਾਨ ਸਰੀਰ ਆਪਣੀਆਂ ਕੋਸ਼ਿਕਾਵਾਂ ਦੀ ਮੁਰੰਮਤ ਵੱਲ ਧਿਆਨ ਦਿੰਦਾ ਹੈ। ਚੰਗੀ ਨੀਂਦ ਨਾਲ ਲੋਕਾਂ ਨੂੰ ਸਿਹਤਮੰਦ ਜੀਵਨਸ਼ੈਲੀ ਅਪਣਾਉਣ ਲਈ ਊਰਜਾ ਅਤੇ ਪ੍ਰੇਰਣਾ ਵੀ ਮਿਲਦੀ ਹੈ।

ਵਰਡਿਨ ਕਹਿੰਦੇ ਹਨ, “ਜੇ ਤੁਸੀਂ ਸਿਰਫ਼ ਇੱਕ ਰਾਤ ਵੀ ਪੂਰੀ ਨੀਂਦ ਨਹੀਂ ਲੈਂਦੇ, ਤਾਂ ਸਰੀਰ ਵਿੱਚ ਭੋਜਨ ਨੂੰ ਊਰਜਾ ਵਿੱਚ ਬਦਲਣ ਦੀ ਪ੍ਰਕਿਰਿਆ ਬਦਲ ਜਾਂਦੀ ਹੈ। ਇਸ ਦੇ ਨਾਲ ਹੀ ਤੁਹਾਨੂੰ ਸਿਹਤਮੰਦ ਰੱਖਣ ਵਾਲੇ ਕੰਮ ਕਰਨ ਦੀ ਤੁਹਾਡੀ ਇੱਛਾ-ਸ਼ਕਤੀ ਵੀ ਘੱਟ ਹੋ ਜਾਂਦੀ ਹੈ।”

ਰੇਗੂਲਰ ਸਮੇਂ ‘ਤੇ ਸੌਣਾ ਇੰਨਾ ਜ਼ਰੂਰੀ ਹੈ ਕਿ ਵਰਡਿਨ ਹੁਣ ਹਰ ਰਾਤ ਅਲਾਰਮ ਲਗਾਉਂਦੇ ਹਨ। ਇਹ ਅਲਾਰਮ ਉਨ੍ਹਾਂ ਨੂੰ ਜਗਾਉਣ ਲਈ ਨਹੀਂ, ਸਗੋਂ ਸੌਣ ਦਾ ਸਮਾਂ ਯਾਦ ਕਰਵਾਉਣ ਲਈ ਹੁੰਦਾ ਹੈ।

ਉਹ ਕਹਿੰਦੇ ਹਨ, “ਇਸ ਦਾ ਕਾਰਨ ਇਹ ਹੈ ਕਿ ਸਾਡਾ ਸਰੀਰ ਦਿਨ ਅਤੇ ਰਾਤ ਦੇ ਤੈਅ ਚੱਕਰ ਮੁਤਾਬਕ ਕੰਮ ਕਰਦਾ ਹੈ।”

“ਜੀਨਾਂ ਦੇ ਕੰਮ ਕਰਨ ਦੇ ਤਰੀਕੇ ਤੋਂ ਲੈ ਕੇ ਭੋਜਨ ਨੂੰ ਊਰਜਾ ਵਿੱਚ ਬਦਲਣ ਦੀ ਪ੍ਰਕਿਰਿਆ ਤੱਕ, ਸਾਡਾ ਪੂਰਾ ਸਰੀਰ 24 ਘੰਟਿਆਂ ਦੇ ਚੱਕਰ ਨਾਲ ਤਾਲਮੇਲ ਬਣਾ ਕੇ ਰੱਖਦਾ ਹੈ।”

“ਇਸ ਲਈ ਮੈਂ ਲੋਕਾਂ ਨੂੰ ਕਹਿੰਦਾ ਹਾਂ ਕਿ ਹਰ ਰੋਜ਼ ਇੱਕੋ ਸਮੇਂ ‘ਤੇ ਸੌਣ ਨਾਲ ਸਰੀਰ ਨੂੰ ਇਸ ਪੂਰੇ ਚੱਕਰ ਨਾਲ ਸਹੀ ਤਾਲਮੇਲ ਬਣਾਈ ਰੱਖਣ ਵਿੱਚ ਮਦਦ ਮਿਲਦੀ ਹੈ।”

ਹਾਲਾਂਕਿ, ਹਰ ਰਾਤ ਚੰਗੀ ਨੀਂਦ ਲੈਣਾ ਹਮੇਸ਼ਾ ਸੰਭਵ ਨਹੀਂ ਹੁੰਦਾ। 30 ਤੋਂ 39 ਸਾਲ ਦੀ ਉਮਰ ਵਿੱਚ ਛੋਟੇ ਬੱਚਿਆਂ ਦਾ ਪਾਲਣ-ਪੋਸ਼ਣ ਕਰਨ ਵਾਲਾ ਕੋਈ ਵੀ ਵਿਅਕਤੀ ਇਹ ਗੱਲ ਜਾਣਦਾ ਹੋਵੇਗਾ।

ਖਾਣ-ਪੀਣ ਦੀਆਂ ਆਦਤਾਂ ਵਿੱਚ ਕੀ ਬਦਲਾਅ ਕਰੀਏ?

ਸੰਤੁਲਿਤ ਭੋਜਨ

30 ਤੋਂ 39 ਸਾਲ ਦੀ ਉਮਰ ਪੋਸ਼ਣ ਅਤੇ ਖਾਣ-ਪੀਣ ਨੂੰ ਥੋੜ੍ਹਾ ਹੋਰ ਗੰਭੀਰਤਾ ਨਾਲ ਲੈਣ ਲਈ ਵੀ ਚੰਗਾ ਸਮਾਂ ਹੋ ਸਕਦੀ ਹੈ।

ਵਰਡਿਨ ਕਹਿੰਦੇ ਹਨ ਕਿ ਅਸੀਂ ਆਪਣੇ ਸਰੀਰ ਲਈ ਜੋ ਸਭ ਤੋਂ ਚੰਗੇ ਕੰਮ ਕਰ ਸਕਦੇ ਹਾਂ, ਉਨ੍ਹਾਂ ਵਿੱਚ ਦਿਨ ਦੌਰਾਨ ਉਸ ਨੂੰ ਕੁਝ ਅਜਿਹਾ ਸਮਾਂ ਦੇਣਾ ਵੀ ਸ਼ਾਮਲ ਹੈ, ਜਦੋਂ ਅਸੀਂ ਕੁਝ ਨਾ ਖਾ ਰਹੇ ਹੋਈਏ।

ਅਜਿਹਾ ਇੰਟਰਮਿਟੈਂਟ ਫਾਸਟਿੰਗ ਭਾਵ ਕੁਝ ਘੰਟਿਆਂ ਤੱਕ ਲਗਾਤਾਰ ਕੁਝ ਨਾ ਖਾ ਕੇ ਕੀਤਾ ਜਾ ਸਕਦਾ ਹੈ।

ਇੰਟਰਮਿਟੈਂਟ ਫਾਸਟਿੰਗ ਦੀ ਸਲਾਹ ਦੇਣ ਵਾਲੇ ਕਈ ਲੋਕ 16:8 ਦਾ ਤਰੀਕਾ ਅਪਣਾਉਣ ਲਈ ਕਹਿੰਦੇ ਹਨ। ਇਸ ਵਿੱਚ ਦਿਨ ਦੇ 16 ਘੰਟੇ ਕੁਝ ਨਹੀਂ ਖਾਧਾ ਜਾਂਦਾ ਅਤੇ ਬਾਕੀ ਅੱਠ ਘੰਟਿਆਂ ਦੌਰਾਨ ਹੀ ਖਾਣਾ ਖਾਧਾ ਜਾਂਦਾ ਹੈ।

ਪਰ ਵਰਡਿਨ ਕਹਿੰਦੇ ਹਨ ਕਿ ਇਸ ਤੋਂ ਸੌਖਾ 12:12 ਦਾ ਤਰੀਕਾ ਅਪਣਾ ਕੇ ਵੀ ਕਾਫ਼ੀ ਫ਼ਾਇਦੇ ਹਾਸਲ ਕੀਤੇ ਜਾ ਸਕਦੇ ਹਨ।

ਇਸ ਵਿੱਚ 12 ਘੰਟਿਆਂ ਦੌਰਾਨ ਖਾਣਾ ਖਾਧਾ ਜਾ ਸਕਦਾ ਹੈ ਅਤੇ ਅਗਲੇ 12 ਘੰਟਿਆਂ ਦੌਰਾਨ ਕੁਝ ਨਹੀਂ ਖਾਧਾ ਜਾਂਦਾ।

ਉਹ ਕਹਿੰਦੇ ਹਨ, “ਜਦੋਂ ਤੁਸੀਂ ਕੁਝ ਨਹੀਂ ਖਾਂਦੇ, ਤਾਂ ਤੁਹਾਡਾ ਸਰੀਰ ਖਾਣਾ ਪਚਾਉਣ ਦੀ ਬਜਾਏ ਆਪਣੀ ਮੁਰੰਮਤ ਵੱਲ ਧਿਆਨ ਦੇ ਸਕਦਾ ਹੈ।”

“ਮੈਂ ਲੋਕਾਂ ਨੂੰ ਕਹਿੰਦਾ ਹਾਂ ਕਿ ਜਦੋਂ ਤੁਸੀਂ ਖਾਣਾ ਖਾਂਦੇ ਹੋ, ਤਾਂ ਸਰੀਰ ਕੁਝ ਬਣਾ ਰਿਹਾ ਹੁੰਦਾ ਹੈ। ਜਦੋਂ ਤੁਸੀਂ ਕੁਝ ਨਹੀਂ ਖਾਂਦੇ, ਤਾਂ ਸਰੀਰ ਆਪਣੀ ਮੁਰੰਮਤ ਕਰ ਰਿਹਾ ਹੁੰਦਾ ਹੈ।”

ਬਹੁਤ ਜ਼ਿਆਦਾ ਪ੍ਰੋਸੈਸ ਕੀਤੇ ਖਾਣੇ ਦੀ ਥਾਂ ਵੱਧ ਫਲ ਅਤੇ ਸਬਜ਼ੀਆਂ ਖਾਣ ਨਾਲ ਵੀ ਫ਼ਰਕ ਪੈ ਸਕਦਾ ਹੈ।

ਅਦਿਤੀ ਗੁਰਕਰ ਆਪਣੇ ਅਤੇ ਹੋਰ ਖੋਜਕਾਰਾਂ ਵੱਲੋਂ ਕੀਤੇ ਗਏ ਕੰਮ ਦਾ ਜ਼ਿਕਰ ਕਰਦੇ ਹਨ। ਇਸ ਵਿੱਚ ਸਾਹਮਣੇ ਆਇਆ ਕਿ ਖਾਣੇ ਰਾਹੀਂ ਵੱਧ ਮਾਤਰਾ ਵਿੱਚ ਕੈਰੋਟੀਨੋਇਡ ਲੈਣ ਵਾਲੇ ਲੋਕਾਂ ਵਿੱਚ ਉਮਰ ਵਧਣ ਦੀ ਰਫ਼ਤਾਰ ਹੌਲੀ ਹੁੰਦੀ ਹੈ।

ਕੈਰੋਟੀਨੋਇਡ ਪੌਦਿਆਂ ਵਿੱਚ ਪਾਏ ਜਾਣ ਵਾਲੇ ਰਸਾਇਣਕ ਤੱਤ ਹਨ। ਇਹ ਸ਼ਕਰਕੰਦੀ ਅਤੇ ਗਾਜਰ ਵਰਗੀਆਂ ਸਬਜ਼ੀਆਂ ਦੇ ਨਾਲ-ਨਾਲ ਅੰਬ ਅਤੇ ਖੁਰਮਾਨੀ ਵਰਗੇ ਫਲਾਂ ਵਿੱਚ ਵੀ ਪਾਏ ਜਾਂਦੇ ਹਨ।

ਹੋ ਸਕਦਾ ਹੈ ਕਿ ਉਮਰ ਵਧਣ ਦੀ ਰਫ਼ਤਾਰ ਘੱਟ ਹੋਣ ਦਾ ਕਾਰਨ ਇਹ ਹੋਵੇ ਕਿ ਇਹ ਤੱਤ ਸਾਡੇ ਸੈੱਲਾਂ ਨੂੰ ‘ਆਕਸੀਡੇਟਿਵ ਸਟ੍ਰੈੱਸ’ ਨਾਮ ਦੇ ਨੁਕਸਾਨ ਤੋਂ ਬਚਾਉਣ ਵਿੱਚ ਭੂਮਿਕਾ ਨਿਭਾਉਂਦੇ ਹਨ।

ਅਮਰੀਕਾ

30 ਸਾਲ ਦੀ ਉਮਰ ਦੀਆਂ ਆਦਤਾਂ ਦਾ ਅਸਰ ਕਦੋਂ ਤੱਕ ਰਹਿੰਦਾ ਹੈ?

ਕੁੱਲ ਮਿਲਾ ਕੇ, ਪਾਸੋਸ ਮੰਨਦੇ ਹਨ ਕਿ ਜਵਾਨੀ ਦੇ ਸ਼ੁਰੂਆਤੀ ਸਾਲਾਂ ਵਿੱਚ ਲਏ ਗਏ ਫ਼ੈਸਲਿਆਂ ਦਾ ਸਾਡੀ ਉਮਰ ਵਧਣ ਦੇ ਤਰੀਕੇ ‘ਤੇ ਲੰਬੇ ਸਮੇਂ ਤੱਕ ਅਸਰ ਪੈ ਸਕਦਾ ਹੈ।

ਉਹ ਅਮਰੀਕਾ ਵਿੱਚ ਹੋਏ ਕੁਝ ਵੱਡੇ ਅਧਿਐਨਾਂ ਦੀ ਉਦਾਹਰਣ ਦਿੰਦੇ ਹਨ, ਜਿਨ੍ਹਾਂ ਵਿੱਚ ਕਈ ਦਹਾਕਿਆਂ ਤੱਕ ਹਜ਼ਾਰਾਂ ਲੋਕਾਂ ‘ਤੇ ਨਜ਼ਰ ਰੱਖੀ ਗਈ।

ਇਨ੍ਹਾਂ ਵਿੱਚ ਫ੍ਰੇਮਿੰਘਮ ਹਾਰਟ ਸਟੱਡੀ ਅਤੇ ਨਰਸਿਜ਼ ਹੈਲਥ ਸਟੱਡੀ ਸ਼ਾਮਲ ਹਨ।

ਇਨ੍ਹਾਂ ਅਧਿਐਨਾਂ ਤੋਂ ਪਤਾ ਲੱਗਾ ਕਿ ਜ਼ਿੰਦਗੀ ਦੇ ਵਿਚਕਾਰਲੇ ਸਾਲਾਂ ਵਿੱਚ ਬਿਹਤਰ ਜੀਵਨਸ਼ੈਲੀ ਅਪਣਾਉਣ ਵਾਲੇ ਲੋਕਾਂ ਵਿੱਚ ਕਈ ਦਹਾਕਿਆਂ ਬਾਅਦ ਵੀ ਦਿਲ ਨਾਲ ਜੁੜੀਆਂ ਬਿਮਾਰੀਆਂ, ਸੋਚਣ-ਸਮਝਣ ਦੀ ਸਮਰੱਥਾ ਵਿੱਚ ਗਿਰਾਵਟ ਅਤੇ ਸਰੀਰਕ ਕਮਜ਼ੋਰੀ ਦਾ ਖ਼ਤਰਾ ਘੱਟ ਹੁੰਦਾ ਹੈ।

ਪਾਸੋਸ ਕਹਿੰਦੇ ਹਨ, “30 ਤੋਂ 39 ਸਾਲ ਦੀ ਉਮਰ ਵਿੱਚ ਸਿਹਤਮੰਦ ਆਦਤਾਂ ਅਪਣਾ ਕੇ ਅਸੀਂ ਸਰੀਰ ਦੇ ਅਣੂਆਂ ਅਤੇ ਸੈੱਲਾਂ ਵਿੱਚ ਹੋਣ ਵਾਲੇ ਛੋਟੇ ਬਦਲਾਵਾਂ ਨੂੰ ਰੋਕ ਸਕਦੇ ਹਾਂ ਜਾਂ ਉਨ੍ਹਾਂ ਦੀ ਰਫ਼ਤਾਰ ਘੱਟ ਕਰ ਸਕਦੇ ਹਾਂ।”

“ਜੇ ਇਨ੍ਹਾਂ ਬਦਲਾਵਾਂ ਨੂੰ ਰੋਕਿਆ ਨਾ ਜਾਵੇ, ਤਾਂ ਇਹ ਸਮੇਂ ਦੇ ਨਾਲ ਵਧਦੇ ਜਾਂਦੇ ਹਨ ਅਤੇ 70 ਸਾਲ ਦੀ ਉਮਰ ਵਿੱਚ ਸਰੀਰ ਦੀ ਕੰਮ ਕਰਨ ਦੀ ਸਮਰੱਥਾ ਘਟਣ ਦਾ ਕਾਰਨ ਬਣਦੇ ਹਨ।”

“ਮੈਂ ਨਹੀਂ ਮੰਨਦਾ ਕਿ ਅਜਿਹਾ ਕਰਕੇ ਅਸੀਂ ਉਮਰ ਵਧਣ ਦੀ ਪ੍ਰਕਿਰਿਆ ਨੂੰ ਰੋਕ ਸਕਦੇ ਹਾਂ। ਪਰ ਅਸੀਂ ਇਹ ਜ਼ਰੂਰ ਤੈਅ ਕਰ ਸਕਦੇ ਹਾਂ ਕਿ ਉਮਰ ਵਧਣ ਦਾ ਸਾਡੇ ਸਰੀਰ ‘ਤੇ ਕਿਸ ਤਰ੍ਹਾਂ ਅਸਰ ਪਵੇਗਾ।”

30 ਤੋਂ 39 ਸਾਲ ਦੀ ਉਮਰ ਵਿੱਚ ਤੁਹਾਨੂੰ ਸ਼ਾਇਦ ਲੱਗੇ ਕਿ ਤੁਹਾਡੇ ਸਰੀਰ ਨੂੰ ਕੁਝ ਨਹੀਂ ਹੋ ਸਕਦਾ। ਪਰ ਉਮਰ ਵਧਣ ਦੀ ਘੜੀ ਲਗਾਤਾਰ ਚੱਲਦੀ ਰਹਿੰਦੀ ਹੈ ਅਤੇ ਆਖ਼ਰਕਾਰ ਇਸ ਦਾ ਅਸਰ ਸਾਡੇ ਸਾਰਿਆਂ ‘ਤੇ ਪੈਂਦਾ ਹੈ।

ਜੇ ਤੁਸੀਂ ਬਹੁਤ ਜ਼ਿਆਦਾ ਸ਼ਰਾਬ ਪੀਣੀ ਛੱਡ ਦਿਓ, ਕੋਈ ਅਜਿਹੀ ਖੇਡ ਚੁਣੋ ਜਿਸ ਨੂੰ ਵਧਦੀ ਉਮਰ ਤੱਕ ਖੇਡ ਸਕੋ, ਨਿਯਮਿਤ ਸਮੇਂ ‘ਤੇ ਸੌਣ ਦੀ ਆਦਤ ਬਣਾਓ ਅਤੇ ਸਰੀਰ ਨੂੰ ਲਗਾਤਾਰ ਖਾਣਾ ਪਚਾਉਣ ਦੇ ਵਿਚਕਾਰ ਕੁਝ ਸਮੇਂ ਲਈ ਆਰਾਮ ਦਿਓ, ਤਾਂ ਆਉਣ ਵਾਲੇ ਸਾਲਾਂ ਵਿੱਚ ਤੁਹਾਡਾ ਦਿਲ, ਮਾਸਪੇਸ਼ੀਆਂ, ਜੋੜ ਅਤੇ ਦਿਮਾਗ਼ ਇਸ ਲਈ ਤੁਹਾਡਾ ਧੰਨਵਾਦ ਕਰਨਗੇ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

ਹੋਰ ਖੋਜੋ

ਸ਼ਾਰਟ ਵੀਡੀਓਜ਼ ਛੱਡੋ ਅਤੇ ਜਾਰੀ ਰੱਖੋ

ਸ਼ਾਰਟ ਵੀਡੀਓਜ਼

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ ‘ਤੇ ਸਪੋਰਟ ਨਹੀਂ ਕਰਦਾ

  • ਝੀਲ

  • ਇਟਲੀ

  • ਡੌਨਲਡ ਟਰੰਪ

  • ਸ਼ਾਨਜ਼ੇ

  • ਚੀਨੀ ਕਲਾਕਾਰ ਵੂ ਯੂਫੇਈ

  • ਹੱਥ ਵਿੱਚ ਸੱਪ ਫੜ੍ਹ ਕੇ ਖੜ੍ਹੇ ਜਾਨਕੀ ਦੇਵੀ ਦੀ ਤਸਵੀਰ

  • ਬਜ਼ੁਰਗ ਜੋੜਾ

  • ਜੱਗੀ ਜੌਹਲ

  • ਗੁਰਦੁਆਰਾ ਬੰਗਲਾ ਸਾਹਿਬ

  • ਗਣਪਤੀ

  • ਕਰਨਦੀਪ ਆਨੰਦ

  • ਸਕੂਲਾਂ ਵਿੱਚ ਗੋਲੀਬਾਰੀ ਤੋਂ ਬਚਣ ਲਈ ਸਿਖਲਾਈ

  • ਮਾਤਾ-ਪਿਤਾ ਆਪਣੇ ਨਵਜੰਮੇ ਬੱਚਿਆਂ ਦੇ ਨਾਲ

  • ਗੋਪੀ ਚੰਦ ਭਾਰਗਵ

  • ਜੇਸੀਬੀ

  • ਕਾਵੜੀ

  • ਬਾਘ

  • ਜਦੋਂ ਸੜਦੀ ਕਾਰ ਵਿੱਚੋਂ ਬਚਾਇਆ ਗਿਆ ਸ਼ਖ਼ਸ

  • ਨਾਰਵੇ ਦੇ ਫੁਟਬਾਲਰ ਅਰਲਿੰਗ ਹਾਲੈਂਡ ਕਿਹੜੀ ਅਨੋਖੀ ਚੀਜ਼ ਨਾਲ ਦਿਖੇ

source : BBC PUNJABI