Home rss national punjabi2ਰਾਸ਼ਟਰੀ ਖ਼ਬਰਾਂ 41 ਸਾਲ ਤੱਕ ਕਤਲ ਕੇਸ ‘ਚ ਮੌਤ ਦੀ ਸਜ਼ਾ ਦੀ ਉਡੀਕ ਕੀਤੀ...

41 ਸਾਲ ਤੱਕ ਕਤਲ ਕੇਸ ‘ਚ ਮੌਤ ਦੀ ਸਜ਼ਾ ਦੀ ਉਡੀਕ ਕੀਤੀ ਪਰ ਹੁਣ ਅਜਿਹਾ ਕਿਹੜਾ ਸਬੂਤ ਮਿਲਿਆ ਜਿਸ ਕਰਕੇ ਜ਼ਮਾਨਤ ਮਿਲ ਗਈ

7
0

Source :- BBC PUNJABI

ਡਗਲਸ ਸਟੀਓਰਟ ਕਾਰਟਰ, ਜੋ ਹੁਣ 71 ਸਾਲ ਦੇ ਹਨ, ਨੂੰ 1985 ਵਿੱਚ ਯੂਟਾ ਵਿੱਚ ਈਵਾ ਓਲੇਸਨ ਨਾਮ ਦੀ ਮਹਿਲਾ ਦੀ ਹੱਤਿਆ ਦੇ ਦੋਸ਼ ਵਿੱਚ ਜੇਲ੍ਹ ਭੇਜਿਆ ਗਿਆ ਸੀ

ਅਮਰੀਕਾ ਵਿੱਚ ਇੱਕ ਮਹਿਲਾ ਦੇ ਕਤਲ ਦਾ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ 41 ਸਾਲ ਤੱਕ ਮੌਤ ਦੀ ਸਜ਼ਾ ਦਾ ਇੰਤਜ਼ਾਰ ਕਰਨ ਵਾਲੇ ਇੱਕ ਵਿਅਕਤੀ ਨੂੰ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਗਿਆ ਹੈ।

ਸਰਕਾਰੀ ਵਕੀਲਾਂ ਨੇ ਕਿਹਾ ਕਿ ਨਵੇਂ ਸਿਰੇ ਤੋਂ ਜਾਂਚੇ ਗਏ ਡੀਐਨਏ ਸਬੂਤ ਉਸ ਨੂੰ ਜੁਰਮ ਨਾਲ ਨਹੀਂ ਜੋੜਦੇ ਹਨ।

ਡਗਲਸ ਸਟੀਓਰਟ ਕਾਰਟਰ, ਜੋ ਹੁਣ 71 ਸਾਲ ਦੇ ਹਨ, ਨੂੰ 1985 ਵਿੱਚ ਯੂਟਾ ਵਿੱਚ ਈਵਾ ਓਲੇਸਨ ਨਾਮ ਦੀ ਮਹਿਲਾ ਦੇ ਕਤਲ ਦੇ ਦੋਸ਼ ਵਿੱਚ ਜੇਲ੍ਹ ਭੇਜਿਆ ਗਿਆ ਸੀ।

ਉਨ੍ਹਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ, ਪਰ ਉਨ੍ਹਾਂ ਨੇ ਹਮੇਸ਼ਾ ਆਪਣੇ ਆਪ ਨੂੰ ਬੇਗੁਨਾਹ ਦੱਸਿਆ ਅਤੇ ਕਿਹਾ ਕਿ ਉਨ੍ਹਾਂ ਤੋਂ ਜ਼ਬਰਦਸਤੀ ਗੁਨਾਹ ਕਬੂਲ ਕਰਵਾਇਆ ਗਿਆ ਸੀ।

ਸੂਬੇ ਦੀ ਸੁਪਰੀਮ ਕੋਰਟ ਨੇ ਪਿਛਲੇ ਸਾਲ ਜਾਂਚਕਰਤਾਵਾਂ ਦੁਆਰਾ ਕੀਤੀ ਗਈ ਗੜਬੜੀ ਦਾ ਹਵਾਲਾ ਦਿੰਦੇ ਹੋਏ ਨਵੇਂ ਸਿਰੇ ਤੋਂ ਸੁਣਵਾਈ ਦਾ ਹੁਕਮ ਦਿੱਤਾ ਸੀ।

ਸੋਮਵਾਰ ਨੂੰ ਇੱਕ ਜੱਜ ਨੇ ਪੀੜਤ ਪਰਿਵਾਰ ਦੇ ਇਤਰਾਜ਼ਾਂ ਦੇ ਬਾਵਜੂਦ ਕਾਰਟਰ ਨੂੰ ਜ਼ਮਾਨਤ ਦੇ ਦਿੱਤੀ। ਜ਼ਮਾਨਤ ‘ਤੇ ਰਹਿਣ ਦੌਰਾਨ ਉਨ੍ਹਾਂ ਨੂੰ ਜੀਪੀਐਸ ਮਾਨੀਟਰ ਪਹਿਨਣਾ ਪਵੇਗਾ।

ਘਟਨਾ ਵੇਲੇ ਕੀ ਹੋਇਆ ਸੀ

ਅਪਰਾਧ

ਓਲੇਸਨ, ਇੱਕ ਸਥਾਨਕ ਪੁਲਿਸ ਮੁਖੀ ਦੇ ਆਂਟੀ ਸਨ। ਉਨ੍ਹਾਂ ਦੀ ਫਰਵਰੀ 1985 ਵਿੱਚ ਯੂਟਾ ਦੇ ਪ੍ਰੋਵੋ ਵਿੱਚ ਉਨ੍ਹਾਂ ਦੇ ਘਰ ‘ਚ ਹੀ ਕਈ ਵਾਰ ਚਾਕੂ ਮਾਰ ਕੇ ਅਤੇ ਫਿਰ ਸਿਰ ਦੇ ਪਿਛਲੇ ਹਿੱਸੇ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।

ਕਾਰਟਰ, ਮੂਲ ਰੂਪ ਵਿੱਚ ਸ਼ਿਕਾਗੋ ਦੇ ਰਹਿਣ ਵਾਲੇ ਸਨ ਅਤੇ ਇਸ ਹੱਤਿਆ ਦੇ ਸਮੇਂ ਯੂਟਾ ਵਿੱਚ ਆਪਣੀ ਮਾਂ ਨਾਲ ਰਹਿ ਰਹੇ ਸਨ।

ਅਦਾਲਤੀ ਦਸਤਾਵੇਜ਼ਾਂ ਤੋਂ ਪਤਾ ਲੱਗਦਾ ਹੈ ਕਿ ਪੁਲਿਸ ਨੂੰ ਸ਼ੱਕ ਸੀ ਕਿ ਉਨ੍ਹਾਂ ਨੇ ਡਕੈਤੀ ਦੌਰਾਨ ਓਲੇਸਨ ਦੀ ਹੱਤਿਆ ਕੀਤੀ ਸੀ।

ਕਾਰਟਰ ਨੂੰ ਡਰ ਸੀ ਕਿ ਪੁਲਿਸ ਕਿਸੇ ਮਾਮਲੇ ਵਿੱਚ ਉਨ੍ਹਾਂ ‘ਤੇ ਸ਼ੱਕ ਕਰ ਰਹੀ ਹੈ, ਇਸ ਲਈ ਉਹ ਯੂਟਾ ਤੋਂ ਭੱਜ ਗਏ ਸਨ। ਬਾਅਦ ਵਿੱਚ ਉਹ ਨੈਸ਼ਵਿਲ, ਟੈਨੇਸੀ ਵਿੱਚ ਮਿਲੇ। ਪੁੱਛਗਿੱਛ ਦੌਰਾਨ ਉਨ੍ਹਾਂ ਨੇ ਗੁਨਾਹ ਕਬੂਲ ਕਰਨ ਵਾਲੇ ਕਾਗਜ਼ਾਂ ‘ਤੇ ਦਸਤਖ਼ਤ ਕਰ ਦਿੱਤੇ, ਪਰ ਬਾਅਦ ਵਿੱਚ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਤੋਂ ਜ਼ਬਰਦਸਤੀ ਅਜਿਹਾ ਕਰਵਾਇਆ ਗਿਆ ਸੀ।

ਜੁਰਮ ਵਾਲੀ ਥਾਂ ‘ਤੇ ਕਾਰਟਰ ਦੀ ਮੌਜੂਦਗੀ ਦਾ ਕੋਈ ਪੱਕਾ (ਫਿਜ਼ੀਕਲ) ਸਬੂਤ ਨਾ ਹੋਣ ਦੇ ਬਾਵਜੂਦ, ਜੂਰੀ ਨੇ ਉਨ੍ਹਾਂ ਨੂੰ ਗੁਨਾਹ ਦੇ ਕਬੂਲਨਾਮੇ ਅਤੇ ਦੋ ਗਵਾਹਾਂ ਦੀ ਗਵਾਹੀ ਦੇ ਆਧਾਰ ‘ਤੇ ਦੋਸ਼ੀ ਠਹਿਰਾਇਆ ਸੀ। ਉਨ੍ਹਾਂ ਗਵਾਹਾਂ ਨੇ ਕਿਹਾ ਸੀ ਕਿ ਕਾਰਟਰ ਨੇ ਹੱਤਿਆ ਬਾਰੇ ਡੀਂਗਾਂ ਮਾਰੀਆਂ ਸਨ।

ਗਵਾਹਾਂ ਦਾ ਮੁੱਕਰਨਾ ਅਤੇ ਨਵੇਂ ਸਿਰਿਓਂ ਸੁਣਵਾਈ

ਅਦਾਲਤ

ਪਰ ਬਾਅਦ ਵਿੱਚ 2011 ਵਿੱਚ ਗਵਾਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਅਦਾਲਤ ਵਿੱਚ ਝੂਠ ਬੋਲਣ ਲਈ ਕਿਹਾ ਗਿਆ ਸੀ, ਪੁਲਿਸ ਨੇ ਉਨ੍ਹਾਂ ਨੂੰ ਨਕਦ ਪੈਸੇ ਅਤੇ ਤੋਹਫ਼ੇ ਦਿੱਤੇ ਸਨ ਅਤੇ ਧਕਮੀ ਦਿੱਤੀ ਸੀ ਕਿ ਜੇ ਉਨ੍ਹਾਂ ਨੇ ਕਾਰਟਰ ਦੇ ਖ਼ਿਲਾਫ਼ ਗਵਾਹੀ ਨਹੀਂ ਦਿੱਤੀ ਤਾਂ ਉਨ੍ਹਾਂ ਨੂੰ ਦੇਸ਼ ਤੋਂ ਬਾਹਰ ਕੱਢ ਦਿੱਤਾ ਜਾਵੇਗਾ।

ਇੱਕ ਦਹਾਕੇ ਤੋਂ ਵੱਧ ਸਮੇਂ ਬਾਅਦ, ਯੂਟਾ ਸੁਪਰੀਮ ਕੋਰਟ ਨੇ ਪਿਛਲੇ ਸਾਲ ਨਵੇਂ ਸਿਰੇ ਤੋਂ ਸੁਣਵਾਈ ਦਾ ਹੁਕਮ ਦਿੱਤਾ।

ਕਾਰਟਰ, ਜੋ ਸਿਆਹਫਾਮ ਹਨ, ਦੇ ਵਕੀਲਾਂ ਨੇ ਕਿਹਾ ਕਿ ਗਵਾਹਾਂ ਨੇ ਹੱਤਿਆ ਵਾਲੀ ਥਾਂ ਤੋਂ ਇੱਕ ਸ਼ਵੇਤ (ਗੋਰੇ) ਵਿਅਕਤੀ ਨੂੰ ਭੱਜਦੇ ਹੋਏ ਦੇਖਿਆ ਸੀ। ਉਨ੍ਹਾਂ ਇਹ ਵੀ ਕਿਹਾ ਕਿ ਇੱਕ ਜਾਂਚਕਰਤਾ ਨੇ ਉਨ੍ਹਾਂ ਸਬੂਤਾਂ ਨੂੰ ਲੁਕਾ ਦਿੱਤਾ ਸੀ, ਜੋ ਮਹਿਲਾ ਦੇ ਪਤੀ, ਓਰਲਾ ਓਲੇਸਨ ਵੱਲ ਇਸ਼ਾਰਾ ਕਰਦੇ ਸਨ।

ਉਨ੍ਹਾਂ ਦਾ ਇਲਜ਼ਾਮ ਹੈ ਕਿ ਸਰਕਾਰੀ ਵਕੀਲ ਉਨ੍ਹਾਂ (ਮਹਿਲਾ ਦੇ ਪਤੀ) ‘ਤੇ ਇਲਜ਼ਾਮ ਲਗਾਉਣ ਹੀ ਵਾਲੇ ਸਨ, ਪਰ ਇੱਕ ਪੁਲਿਸ ਅਧਿਕਾਰੀ ਨੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕ ਦਿੱਤਾ ਤਾਂ ਜੋ ਉਹ ਜਾਂਚ ਜਾਰੀ ਰੱਖ ਸਕੇ।

ਓਲੇਸਨ ਦੇ ਪਤੀ, ਜਿਨ੍ਹਾਂ ਦੀ 2009 ਵਿੱਚ ਮੌਤ ਹੋ ਗਈ ਸੀ, ਨੇ ਪੁਲਿਸ ਨੂੰ ਦੱਸਿਆ ਸੀ ਕਿ ਉਨ੍ਹਾਂ ਨੂੰ ਆਪਣੀ ਪਤਨੀ ਘਰ ਵਿੱਚ ਮ੍ਰਿਤਕ ਮਿਲੀ ਸੀ।

ਕਿਹਾ ਜਾਂਦਾ ਹੈ ਕਿ ਮਹਿਲਾ ‘ਤੇ ਚਾਕੂ ਨਾਲ ਵਾਰ ਕੀਤੇ ਗਏ ਸਨ। ਇਹ ਚਾਕੂ ਉਨ੍ਹਾਂ ਦੀ ਰਸੋਈ ਵਿੱਚੋਂ ਲਿਆ ਗਿਆ ਸੀ ਅਤੇ ਉਨ੍ਹਾਂ ਦੀ ਲਾਸ਼ ਦੇ ਕੋਲ ਮਿਲਿਆ ਸੀ। ਘਟਨਾ ਵਾਲੀ ਥਾਂ ‘ਤੇ ਬੰਦੂਕ ਨਹੀਂ ਮਿਲੀ ਸੀ।

ਡੀਐਨਏ ਟੈਸਟ ‘ਚ ਕਾਰਟਰ ਦਾ ਮੇਲ ਨਹੀਂ ਮਿਲਿਆ

ਕਾਰਟਰ ਨੂੰ ਇਸ ਮਾਮਲੇ 'ਚ ਮੌਤ ਦੀ ਸਜ਼ਾ ਸੁਣਾਈ ਗਈ ਸੀ, ਪਰ ਉਨ੍ਹਾਂ ਨੇ ਹਮੇਸ਼ਾ ਆਪਣੇ ਆਪ ਨੂੰ ਬੇਗੁਨਾਹ ਦੱਸਿਆ ਅਤੇ ਕਿਹਾ ਕਿ ਉਨ੍ਹਾਂ ਤੋਂ ਜ਼ਬਰਦਸਤੀ ਗੁਨਾਹ ਕਬੂਲ ਕਰਵਾਇਆ ਗਿਆ ਸੀ

ਫਿਰ ਇਸ ਮਹੀਨੇ, ਸਰਕਾਰੀ ਵਕੀਲਾਂ ਨੇ ਦੱਸਿਆ ਕਿ ਡੀਐਨਏ ਜਾਂਚ ਦੇ ਨਤੀਜਿਆਂ ਤੋਂ ਪਤਾ ਲੱਗਾ ਕਿ ਦਰਵਾਜ਼ੇ ਦੇ ਹੈਂਡਲ ‘ਤੇ ਮਿਲੇ ਖੂਨ ਅਤੇ ਚਾਕੂ ਦੇ ਹੈਂਡਲ ਤੋਂ ਮਿਲੇ ਜੈਨੇਟਿਕ ਮਟੀਰੀਅਲ ਨਾਲ ਕਾਰਟਰ ਦਾ ਡੀਐਨਏ ਮੇਲ ਨਹੀਂ ਖਾਂਦਾ ਹੈ।

ਓਲੇਸਨ ਦਾ ਪਰਿਵਾਰ ਕਾਰਟਰ ਦੀ ਰਿਹਾਈ ਦੇ ਖ਼ਿਲਾਫ਼ ਸੀ।

ਈਵਾ ਓਲੇਸਨ ਦੀ ਨੂੰਹ, ਥੇਰੇਸਾ ਓਲੇਸਨ ਨੇ ਸੋਮਵਾਰ ਨੂੰ ਬੌਂਡ ਹਿਅਰਿੰਗ ਦੌਰਾਨ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਕਾਰਟਰ ਦੀ ਰਿਹਾਈ ਨੂੰ ਲੈ ਕੇ “ਗੰਭੀਰ ਚਿੰਤਾ” ਵਿੱਚ ਹੈ। ਉਨ੍ਹਾਂ ਕਿਹਾ ਕਿ ਨਵੇਂ ਟ੍ਰਾਇਲ ਦਾ ਇੰਤਜ਼ਾਰ ਕਰਦੇ ਸਮੇਂ ਉਸ ਨੂੰ ਜੇਲ੍ਹ ਵਿੱਚ ਹੀ ਰਹਿਣਾ ਚਾਹੀਦਾ ਹੈ।

ਓਲੇਸਨ ਨੇ ਡੀਐਨਏ ਜਾਂਚ ਬਾਰੇ ਕਿਹਾ, “ਸੱਚ ਕਹਾਂ ਤਾਂ ਸਾਨੂੰ ਪੱਕੀ ਉਮੀਦ ਸੀ ਕਿ ਇਹ ਮੈਚ ਹੋ ਜਾਵੇਗਾ। ਇਸ ਦਾ ਮਤਲਬ ਇਹ ਨਹੀਂ ਹੈ ਕਿ ਉਹ ਉੱਥੇ ਮੌਜੂਦ ਨਹੀਂ ਸੀ।”

ਪਰ ਕਾਰਟਰ ਦੇ ਬਚਾਅ ਪੱਖ ਦੇ ਵਕੀਲ, ਨੀਲ ਹੈਮਿਲਟਨ ਨੇ ਕੇਸ ਨੂੰ ਖ਼ਤਮ ਕਰਨ ਦੀ ਮੰਗ ਕੀਤੀ ਹੈ।

ਉਨ੍ਹਾਂ ਨੇ ਐਸੋਸੀਏਟਿਡ ਪ੍ਰੈਸ ਨੂੰ ਦੱਸਿਆ, “ਜੇ ਯੂਟਾ ਸੂਬੇ ਦੀ ਚੱਲਦੀ, ਤਾਂ ਗੜਬੜੀ ਦਾ ਪਤਾ ਲੱਗਣ ਤੋਂ 15-20 ਸਾਲ ਪਹਿਲਾਂ ਹੀ ਉਨ੍ਹਾਂ ਨੂੰ ਮੌਤ ਦੀ ਸਜ਼ਾ ਦੇ ਦਿੱਤੀ ਗਈ ਹੁੰਦੀ।”

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI