Source :- BBC PUNJABI
ਤਸਵੀਰ ਸਰੋਤ, Getty Images
ਬੱਚਿਆਂ ਨੂੰ ਲੋੜ ਮੁਤਾਬਕ ਸਬਜ਼ੀਆਂ ਖਵਾਉਣਾ ਅਕਸਰ ਚੁਣੌਤੀ ਬਣ ਜਾਂਦਾ ਹੈ। ਪੇਰੈਂਟਿੰਗ ਫੋਰਮ ਅਤੇ ਚੈਟ ਗਰੁੱਪਾਂ ਵਿੱਚ ਅਕਸਰ ਅਜਿਹੇ ਸਵਾਲ ਪੁੱਛੇ ਜਾਂਦੇ ਹਨ, “ਕੀ ਇਹ ਆਮ ਗੱਲ ਹੈ ਕਿ ਮੇਰਾ ਬੱਚਾ ਸਿਰਫ਼ ਪ੍ਰੋਸੈਸਡ ਫੂਡ ਜਾਂ ਤਲਿਆ ਹੋਇਆ ਖਾਣਾ ਖਾਂਦਾ ਹੈ ?”
ਇਸ ਦਾ ਇੱਕ ਕਾਰਨ ਇਹ ਹੈ ਕਿ ਬੱਚਿਆਂ ਵਿੱਚ ਮਿੱਠਾ ਖਾਣ ਦੀ ਪਸੰਦ ਬਹੁਤ ਛੋਟੀ ਉਮਰ ਤੋਂ ਹੀ ਵਿਕਸਿਤ ਹੋ ਜਾਂਦੀ ਹੈ। ਮਾਂ ਦੇ ਦੁੱਧ ਵਿੱਚ ਵੀ ਕੁਦਰਤੀ ਸ਼ੱਕਰ ਹੁੰਦੀ ਹੈ, ਜਿਸ ਕਰਕੇ ਉਸ ਦਾ ਸਵਾਦ ਹਲਕਾ ਮਿੱਠਾ ਹੁੰਦਾ ਹੈ।
ਜਦੋਂ ਬੱਚੇ ਠੋਸ ਭੋਜਨ ਖਾਣਾ ਸ਼ੁਰੂ ਕਰਦੇ ਹਨ ਤਾਂ ਉਨ੍ਹਾਂ ਨੂੰ ਬਰੋਕਲੀ ਜਾਂ ਪਾਲਕ ਖਵਾਉਣਾ ਕਾਫ਼ੀ ਔਖਾ ਹੋ ਸਕਦਾ ਹੈ।
ਪਰ ਬੱਚਿਆਂ ਲਈ ਫਲਾਂ ਅਤੇ ਸਬਜ਼ੀਆਂ ਨਾਲ ਭਰਪੂਰ ਸੰਤੁਲਿਤ ਅਤੇ ਵਿਭਿੰਨ ਖੁਰਾਕ ਬਹੁਤ ਜ਼ਰੂਰੀ ਹੈ। ਮਾੜੀ ਖੁਰਾਕ ਦਾ ਅਸਰ ਉਨ੍ਹਾਂ ਦੀ ਸੋਚਣ-ਸਮਝਣ ਦੀ ਸਮਰੱਥਾ, ਧਿਆਨ, ਵਿਹਾਰ ਅਤੇ ਇੱਥੋਂ ਤੱਕ ਕਿ ਪੜ੍ਹਾਈ ਵਿੱਚ ਪ੍ਰਦਰਸ਼ਨ ‘ਤੇ ਵੀ ਪੈ ਸਕਦਾ ਹੈ।
ਇਸ ਦੇ ਨਾਲ ਹੀ ਬੱਚਿਆਂ ਵਿੱਚ ਮੋਟਾਪਾ ਵੀ ਵੱਧ ਰਿਹਾ ਹੈ, ਜੋ ਲੰਬੇ ਸਮੇਂ ਦੀਆਂ ਸਿਹਤ ਸਮੱਸਿਆਵਾਂ ਅਤੇ ਸਿੱਖਿਆ ਸੰਬੰਧੀ ਕਮਜ਼ੋਰ ਨਤੀਜਿਆਂ ਨਾਲ ਜੁੜਿਆ ਹੋਇਆ ਹੈ।
ਖੁਸ਼ਕਿਸਮਤੀ ਨਾਲ, ਖੋਜਕਰਤਾ ਬੱਚਿਆਂ ਦੀਆਂ ਖਾਣ-ਪੀਣ ਦੀਆਂ ਆਦਤਾਂ ਸੁਧਾਰਨ ਲਈ ਨਵੇਂ ਤਰੀਕੇ ਲੱਭ ਰਹੇ ਹਨ ਅਤੇ ਉਨ੍ਹਾਂ ਨੂੰ ਕੁਝ ਨਵੇਂ ਅਤੇ ਪ੍ਰਭਾਵਸ਼ਾਲੀ ਹੱਲ ਵੀ ਮਿਲੇ ਹਨ।
ਵਿਗਿਆਨ ਦੇ ਆਧਾਰ ‘ਤੇ ਇਹ ਛੇ ਸੌਖੇ ਤਰੀਕੇ ਹਨ, ਜਿਨ੍ਹਾਂ ਨੂੰ ਤੁਸੀਂ ਅਜ਼ਮਾ ਸਕਦੇ ਹੋ।
1. ਬਚਪਨ ਤੋਂ ਹੀ ਸਬਜ਼ੀਆਂ ਖਵਾਓ
ਤਸਵੀਰ ਸਰੋਤ, Getty Images
ਯੂਕੇ ਦੀ ਲੀਡਜ਼ ਯੂਨੀਵਰਸਿਟੀ ਵਿੱਚ ਬਾਇਓਸਾਈਕੋਲੋਜੀ ਦੀ ਪ੍ਰੋਫੈਸਰ ਮੈਰੀਅਨ ਹੈਥਰਿੰਗਟਨ ਕਹਿੰਦੇ ਹਨ ਕਿ ਬਚਪਨ ਦੇ ਸ਼ੁਰੂਆਤੀ ਸਾਲਾਂ ਵਿੱਚ ਹੀ ਬੱਚਿਆਂ ਨੂੰ ਵੱਖ-ਵੱਖ ਕਿਸਮਾਂ ਦੀਆਂ ਸਬਜ਼ੀਆਂ ਵਾਰ-ਵਾਰ ਖਵਾਉਣ ਦੀ ਕੋਸ਼ਿਸ਼ ਕਰਨ ਨਾਲ ਮਦਦ ਮਿਲ ਸਕਦੀ ਹੈ।
ਉਨ੍ਹਾਂ ਮੁਤਾਬਕ, ਪ੍ਰੀ-ਸਕੂਲ ਉਮਰ (ਲਗਭਗ 3 ਤੋਂ 5 ਸਾਲ) ਉਹ ਸਮਾਂ ਹੈ ਜਦੋਂ ਬੱਚਿਆਂ ਵਿੱਚ ਸਬਜ਼ੀਆਂ ਲਈ ਦਿਲਚਸਪੀ ਪੈਦਾ ਕਰਨਾ ਸਭ ਤੋਂ ਆਸਾਨ ਹੁੰਦਾ ਹੈ।
ਉਹ ਕਹਿੰਦੇ ਹਨ, “ਜੇ ਤੁਸੀਂ ਪੰਜ ਸਾਲ ਦੀ ਉਮਰ ਤੱਕ ਬੱਚਿਆਂ ਨੂੰ ਵਾਰ-ਵਾਰ ਸਬਜ਼ੀਆਂ ਨਾਲ ਜਾਣ-ਪਛਾਣ ਨਹੀਂ ਕਰਵਾਉਂਦੇ ਤਾਂ ਬਾਅਦ ਵਿੱਚ ਇਹ ਕੰਮ ਕਾਫ਼ੀ ਔਖਾ ਹੋ ਜਾਂਦਾ ਹੈ।”
ਖੋਜਾਂ ਤੋਂ ਪਤਾ ਲੱਗਿਆ ਹੈ ਕਿ ਕਿਸੇ ਨਵੇਂ ਭੋਜਨ ਨੂੰ ਸਵੀਕਾਰ ਕਰਨ ਤੋਂ ਪਹਿਲਾਂ ਬੱਚਿਆਂ ਨੂੰ ਉਹੀ ਚੀਜ਼ ਕਈ ਵਾਰ ਦਿਖਾਉਣ ਜਾਂ ਖਵਾਉਣ ਦੀ ਲੋੜ ਪੈਂਦੀ ਹੈ।
ਹਾਲਾਂਕਿ, ਇਸ ਗੱਲ ‘ਤੇ ਖੋਜਕਾਰਾਂ ਦੀ ਇੱਕੋ ਜਿਹੀ ਰਾਏ ਨਹੀਂ ਹੈ ਕਿ ਬੱਚੇ ਨੂੰ ਕੋਈ ਭੋਜਨ ਕਿੰਨੀ ਵਾਰ ਦੇਣਾ ਚਾਹੀਦਾ ਹੈ। ਕੁਝ ਅਧਿਐਨ ਪੰਜ ਵਾਰ, ਜਦਕਿ ਕੁਝ 15 ਵਾਰ ਤੱਕ ਕੋਸ਼ਿਸ਼ ਕਰਨ ਦੀ ਗੱਲ ਕਰਦੇ ਹਨ। ਇਸ ਦਾ ਇੱਕ ਕਾਰਨ ਇਹ ਵੀ ਹੈ ਕਿ ਹਰ ਬੱਚਾ ਵੱਖਰਾ ਹੁੰਦਾ ਹੈ।
ਇੱਕ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਨਵੇਂ ਭੋਜਨ ਨੂੰ ਸਵੀਕਾਰ ਕਰਨ ਲਈ ਆਮ ਤੌਰ ‘ਤੇ ਘੱਟ ਵਾਰ ਜਾਣ-ਪਛਾਣ ਦੀ ਲੋੜ ਪੈਂਦੀ ਹੈ। ਇਸ ਦੇ ਉਲਟ, 3 ਤੋਂ 4 ਸਾਲ ਦੇ ਬੱਚਿਆਂ ਵਿੱਚ ਅਕਸਰ ਨਵੇਂ ਭੋਜਨ ਨੂੰ ਲੈਕੇ ਡਰ ਜਾਂ ਝਿਜਕ (ਫੂਡ ਨਿਓਫੋਬੀਆ) ਵੱਧ ਹੁੰਦੀ ਹੈ, ਜਿਸ ਕਰਕੇ ਉਹ ਨਵੀਆਂ ਚੀਜ਼ਾਂ ਚੱਖਣ ਤੋਂ ਕਤਰਾਉਂਦੇ ਹਨ।
ਇਹ ਪ੍ਰਕਿਰਿਆ ਬੱਚੇ ਦੇ ਜਨਮ ਤੋਂ ਪਹਿਲਾਂ ਹੀ ਸ਼ੁਰੂ ਹੋ ਸਕਦੀ ਹੈ। ਖੋਜਾਂ ਤੋਂ ਸੰਕੇਤ ਮਿਲਦੇ ਹਨ ਕਿ ਗਰਭਵਤੀ ਮਾਂ ਜੋ ਕੁਝ ਖਾਂਦੀ ਹੈ, ਉਸ ਦੇ ਸੁਆਦ ਐਮਨਿਓਟਿਕ ਤਰਲ ਰਾਹੀਂ ਭਰੂਣ ਤੱਕ ਪਹੁੰਚ ਸਕਦੇ ਹਨ ਅਤੇ ਬੱਚੇ ਦੀਆਂ ਭਵਿੱਖ ਦੀਆਂ ਖਾਣ-ਪੀਣ ਦੀਆਂ ਪਸੰਦਾਂ ਨੂੰ ਪ੍ਰਭਾਵਿਤ ਕਰ ਸਕਦੇ ਹਨ।
2. ਪਹਿਲਾਂ ਸਬਜ਼ੀਆਂ ਆਫਰ ਕਰੋ
ਤਸਵੀਰ ਸਰੋਤ, Getty Images
ਬੱਚਿਆਂ ਨੂੰ ਇਹ ਕਹਿਣਾ ਕਿ ਕੋਈ ਭੋਜਨ “ਸਿਹਤ ਲਈ ਚੰਗਾ ਹੈ” ਕਈ ਵਾਰ ਉਲਟ ਅਸਰ ਕਰ ਸਕਦਾ ਹੈ, ਕਿਉਂਕਿ ਬੱਚੇ ਅਕਸਰ ਉਹੀ ਖਾਣਾ ਚੁਣਦੇ ਹਨ ਜਿਸਨੂੰ “ਸਵਾਦ” ਦੱਸਿਆ ਗਿਆ ਹੋਵੇ, ਨਾ ਕਿ ਸਿਰਫ਼ “ਸਿਹਤਮੰਦ”।
ਇਸ ਲਈ ਇਹ ਸੋਚਣਾ ਜ਼ਿਆਦਾ ਵਧੀਆ ਹੈ ਕਿ ਤੁਸੀਂ ਭੋਜਨ ਦੌਰਾਨ ਸਬਜ਼ੀਆਂ ਕਦੋਂ ਪੇਸ਼ ਕਰਦੇ ਹੋ।
ਹੈਥਰਿੰਗਟਨ ਕਹਿੰਦੇ ਹਨ ਕਿ ਭੋਜਨ ਦੀ ਸ਼ੁਰੂਆਤ ਵਿੱਚ, ਜਦੋਂ ਬੱਚੇ ਸਭ ਤੋਂ ਜ਼ਿਆਦਾ ਭੁੱਖੇ ਹੁੰਦੇ ਹਨ, ਸਬਜ਼ੀਆਂ ਦੇਣ ਨਾਲ ਉਨ੍ਹਾਂ ਦੇ ਖਾਣ ਦੀ ਸੰਭਾਵਨਾ ਵੱਧ ਜਾਂਦੀ ਹੈ।
ਉਹ ਕਹਿੰਦੇ ਹਨ, “ਬੱਚੇ ਅਕਸਰ ਉਹ ਚੀਜ਼ ਖਾ ਲੈਂਦੇ ਹਨ ਜੋ ਉਨ੍ਹਾਂ ਨੂੰ ਸਭ ਤੋਂ ਵੱਧ ਪਸੰਦ ਹੁੰਦੀ ਹੈ ਅਤੇ ਜਦੋਂ ਤੱਕ ਉਹ ਸਬਜ਼ੀਆਂ ਤੱਕ ਪਹੁੰਚਦੇ ਹਨ, ਉਨ੍ਹਾਂ ਦੀ ਖਾਣ ਦੀ ਇੱਛਾ ਨਹੀਂ ਰਹਿੰਦੀ।” ਅਜਿਹਾ ਕਰਨ ਨਾਲ ਤੁਸੀਂ ਸਬਜ਼ੀਆਂ ਦਾ ਉੱਚ ਕੈਲੋਰੀ ਵਾਲੇ ਭੋਜਨ ਨਾਲ ਮੁਕਾਬਲਾ ਘਟਾ ਸਕਦੇ ਹੋ।
ਅਮਰੀਕਾ ਦੀ ਪੈਨਸਿਲਵੇਨੀਆ ਸਟੇਟ ਯੂਨੀਵਰਸਿਟੀ ਦੀ ਪੋਸ਼ਣ ਵਿਗਿਆਨ ਦੀ ਪ੍ਰੋਫੈਸਰ ਬਾਰਬਰਾ ਰੋਲਜ਼ ਕਹਿੰਦੇ ਹਨ ਕਿ ਸਬਜ਼ੀਆਂ ਨੂੰ ਪਹਿਲਾਂ ਦੇਣ ਨਾਲ ਬੱਚਿਆਂ ਨੂੰ ਜ਼ਿਆਦਾ ਖਾਣ ਤੋਂ ਵੀ ਰੋਕਿਆ ਜਾ ਸਕਦਾ ਹੈ।
ਭਾਵੇਂ ਪੱਛਮੀ ਖੁਰਾਕ ਵਿੱਚ ਸਬਜ਼ੀਆਂ ਆਮ ਤੌਰ ‘ਤੇ ਨਾਸ਼ਤੇ ਦਾ ਹਿੱਸਾ ਨਹੀਂ ਹੁੰਦੀਆਂ ਪਰ ਇਸ ਦਾ ਮਤਲਬ ਇਹ ਨਹੀਂ ਕਿ ਉਹ ਸਵੇਰੇ ਖਾਧੀਆਂ ਨਹੀਂ ਜਾ ਸਕਦੀਆਂ। ਤੁਸੀਂ ਨਾਸ਼ਤੇ ਵਿੱਚ ਓਮਲੇਟ ਵਿੱਚ ਮਸ਼ਰੂਮ ਅਤੇ ਪਾਲਕ ਜਾਂ ਬ੍ਰੇਕਫਾਸਟ ਮਫਿਨਜ਼ ਵਿੱਚ ਜ਼ੁਕੀਨੀ ਸ਼ਾਮਿਲ ਕਰ ਸਕਦੇ ਹੋ।
2023 ਦੇ ਇੱਕ ਅਧਿਐਨ ਵਿੱਚ, ਜੋ ਯੂਕੇ ਦੇ ਅੱਠ ਚਾਈਲਡ ਕੇਅਰ ਕੇਂਦਰਾਂ ਵਿੱਚ ਕੀਤਾ ਗਿਆ ਸੀ, ਖੋਜਕਰਤਿਆਂ ਨੇ ਪਾਇਆ ਕਿ ਜਦੋਂ ਬੱਚਿਆਂ ਨੂੰ ਨਾਸ਼ਤੇ ਵਿੱਚ ਸਬਜ਼ੀਆਂ ਦਿੱਤੀਆਂ ਗਈਆਂ ਤਾਂ ਉਨ੍ਹਾਂ ਨੇ 60% ਤੋਂ ਵੱਧ ਵਾਰ ਸਬਜ਼ੀਆਂ ਖਾ ਲਈਆਂ।
3. ਸਿਹਤਮੰਦ ਖਾਣੇ ਦੀ ਮਾਤਰਾ ਵਧਾਓ
ਤਸਵੀਰ ਸਰੋਤ, Getty Images
ਜੇ ਨਾਸ਼ਤੇ ਵਿੱਚ ਜਾਂ ਖਾਣੇ ਤੋਂ ਪਹਿਲਾਂ ਸਬਜ਼ੀਆਂ ਦੇਣਾ ਔਖਾ ਲੱਗਦਾ ਹੈ ਤਾਂ ਇੱਕ ਹੋਰ ਤਰੀਕਾ ਇਹ ਹੈ ਕਿ ਤੁਸੀਂ ਪਲੇਟ ਵਿੱਚ ਖਾਣੇ ਦਾ ਅਨੁਪਾਤ ਬਦਲ ਦਿਓ ਯਾਨੀ ਉੱਚ ਕੈਲੋਰੀ ਵਾਲੀਆਂ ਚੀਜ਼ਾਂ ਘਟਾ ਕੇ ਸਬਜ਼ੀਆਂ ਵਧਾ ਦਿਓ।
ਇਹ ਤੁਸੀਂ ਆਸਾਨੀ ਨਾਲ ਕਰ ਸਕਦੇ ਹੋ, ਜਿਵੇਂ ਕਿ ਸਬਜ਼ੀਆਂ ਨੂੰ ਸਾਈਡ ਡਿਸ਼ ਵਜੋਂ ਵਧਾਉਣਾ ਜਾਂ ਗਾਜਰ ਵਰਗੀਆਂ ਸਬਜ਼ੀਆਂ ਨੂੰ ਘਿਸ ਕੇ ਸੂਪ ਵਿੱਚ ਮਿਲਾ ਦੇਣਾ।
ਖੋਜਾਂ ਤੋਂ ਪਤਾ ਲੱਗਿਆ ਹੈ ਕਿ ਲੋਕ ਆਮ ਤੌਰ ‘ਤੇ ਖਾਣੇ ਦੀ ਕੁੱਲ ਮਾਤਰਾ ਲਗਭਗ ਇੱਕੋ ਜਿਹੀ ਹੀ ਖਾਂਦੇ ਹਨ। ਇਸ ਲਈ ਜਦੋਂ ਪਲੇਟ ਵਿੱਚ ਮਾਸ ਅਤੇ ਸਬਜ਼ੀਆਂ ਦਾ ਅਨੁਪਾਤ ਬਦਲਿਆ ਜਾਂਦਾ ਹੈ ਤਾਂ ਬੱਚੇ ਵਧੇਰੇ ਸਬਜ਼ੀਆਂ ਖਾਣ ਲੱਗਦੇ ਹਨ।
ਇੱਕ ਅਧਿਐਨ ਵਿੱਚ ਇਹ ਵੀ ਮਿਲਿਆ ਕਿ ਜੇ ਬੱਚੇ ਦੀ ਪਲੇਟ ਵਿੱਚ ਫਲ ਅਤੇ ਸਬਜ਼ੀਆਂ ਦੀ ਮਾਤਰਾ 50 ਫੀਸਦ ਵਧਾ ਦਿੱਤੀ ਜਾਵੇ ਤਾਂ ਉਹ ਉਨ੍ਹਾਂ ਨੂੰ ਵਧੇਰੇ ਖਾਂਦੇ ਹਨ।
ਹੋਰ ਖੋਜਾਂ ਇਹ ਵੀ ਦੱਸਦੀਆਂ ਹਨ ਕਿ ਜਦੋਂ ਪ੍ਰੀ-ਸਕੂਲ ਬੱਚਿਆਂ ਨੂੰ ਖਾਣੇ ਦੇ ਸਮੇਂ ਸਬਜ਼ੀਆਂ ਦੇ ਕਈ ਵਿਕਲਪ ਦਿੱਤੇ ਜਾਂਦੇ ਹਨ ਤਾਂ ਉਹ ਨਾ ਸਿਰਫ਼ ਵਧੇਰੇ ਸਬਜ਼ੀਆਂ ਖਾਂਦੇ ਹਨ ਬਲਕਿ ਸਿਹਤ ਲਈ ਨੁਕਸਾਨਦਾਇਕ ਖਾਣਾ ਘੱਟ ਖਾਂਦੇ ਹਨ।
4. ਸਬਜ਼ੀਆਂ ਨੂੰ ਲੈ ਕੇ ਬੱਚਿਆਂ ਦੀ ਧਾਰਨਾ ਬਦਲੋ
ਤਸਵੀਰ ਸਰੋਤ, Getty Images
ਬੱਚੇ ਜੋ ਖਾਣਾ ਖਾਂਦੇ ਹਨ, ਉਸ ਬਾਰੇ ਉਨ੍ਹਾਂ ਦੀ ਧਾਰਣਾ ਬਦਲਣਾ ਵੀ ਬਹੁਤ ਫਾਇਦੇਮੰਦ ਹੋ ਸਕਦਾ ਹੈ। ਯਾਦ ਰਹੇ ਕਿ ਅਸੀਂ ਜੋ ਖਾਣਾ ਚੁਣਦੇ ਹਾਂ, ਅਕਸਰ ਇਹ ਦੇਖ ਕੇ ਚੁਣਦੇ ਹਾਂ ਕਿ ਖਾਣਾ ਦਿਸਣ ਵਿੱਚ ਕਿਹੋ ਜਿਹਾ ਹੈ। ਜਦੋਂ ਬੱਚਿਆਂ ਕੋਲ ਕਈ ਵਿਕਲਪ ਹੁੰਦੇ ਹਨ ਤਾਂ ਉਹ ਅਕਸਰ ਉਸ ਖਾਣੇ ਵੱਲ ਖਿੱਚੇ ਜਾਂਦੇ ਹਨ ਜੋ ਉਨ੍ਹਾਂ ਨੂੰ ਸਭ ਤੋਂ ਜਾਣ-ਪਛਾਣ ਵਾਲਾ ਅਤੇ ਆਕਰਸ਼ਕ ਲੱਗਦਾ ਹੈ।
ਇਸ ਲਈ ਖਾਣੇ ਨੂੰ ਪੇਸ਼ ਕਰਨ ਦਾ ਢੰਗ ਬਦਲਣ ਨਾਲ ਬੱਚਿਆਂ ਨੂੰ ਹੋਰ ਸਬਜ਼ੀਆਂ ਖਾਣ ਲਈ ਉਤਸ਼ਾਹਿਤ ਕੀਤਾ ਜਾ ਸਕਦਾ ਹੈ।
ਖੋਜਾਂ ਤੋਂ ਪਤਾ ਲੱਗਿਆ ਹੈ ਕਿ ਜਦੋਂ ਸਬਜ਼ੀਆਂ ਨੂੰ ਰਚਨਾਤਮਕ ਅਤੇ ਸੁੰਦਰ ਢੰਗ ਨਾਲ ਪਲੇਟ ਵਿੱਚ ਸਜਾਇਆ ਜਾਂਦਾ ਹੈ ਤਾਂ ਬੱਚੇ ਨਵੇਂ ਭੋਜਨ ਨੂੰ ਖਾਣ ਲਈ ਜ਼ਿਆਦਾ ਤਿਆਰ ਹੁੰਦੇ ਹਨ।
ਹੋਰ ਅਧਿਐਨਾਂ ਨੇ ਇਹ ਵੀ ਦਰਸਾਇਆ ਹੈ ਕਿ ਜਦੋਂ ਸਬਜ਼ੀਆਂ ਨੂੰ ਤਿਤਲੀ, ਫੁੱਲ ਜਾਂ ਟੈੱਡੀ ਬੀਅਰ ਵਰਗੀਆਂ ਦਿਲਚਸਪ ਆਕਾਰਾਂ ਵਿੱਚ ਕੱਟਿਆ ਜਾਂਦਾ ਹੈ ਤਾਂ ਬੱਚੇ ਉਨ੍ਹਾਂ ਨੂੰ ਵਧੇਰੇ ਪਸੰਦ ਕਰਦੇ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਜਦੋਂ ਸਿਹਤਮੰਦ ਖਾਣਾ ਮਜ਼ੇਦਾਰ ਲੱਗਦਾ ਹੈ ਤਾਂ ਉਸ ਵੱਲ ਖਿੱਚ ਵੱਧਦੀ ਹੈ।
ਅਧਿਐਨ ਤੋਂ ਪਤਾ ਲੱਗਦਾ ਹੈ ਕਿ ਸਿਹਤਮੰਦ ਭੋਜਨ ਨੂੰ ਆਸਾਨੀ ਨਾਲ ਦਿੱਖਣ ਯੋਗ ਅਤੇ ਸਨੈਕ ਵੱਜੋਂ ਪਹੁੰਚਯੋਗ ਬਣਾਉਣਾ ਵੀ ਇਸ ਦੀ ਖਪਤ ਵਧਾਉਂਦਾ ਹੈ। ਖੋਜਾਂ ਵਿੱਚ ਪਾਇਆ ਗਿਆ ਹੈ ਕਿ 10 ਤੋਂ 13 ਸਾਲ ਦੇ ਬੱਚੇ ਜਦੋਂ ਸਬਜ਼ੀਆਂ ਨੂੰ ਇੱਕ ਹੀ ਕੰਟੇਨਰ ਵਿੱਚ, ਪਹਿਲਾਂ ਤੋਂ ਤੈਅ ਕੀਤੀਆਂ ਛੋਟੀਆਂ ਮਾਤਰਾ ਵਿੱਚ ਦਿੱਤਾ ਗਿਆ ਤਾਂ ਉਨ੍ਹਾਂ ਨੇ ਵਧੇਰੇ ਸਬਜ਼ੀਆਂ ਚੁਣੀਆਂ ਅਤੇ ਖਾਧੀਆਂ, ਬਜਾਏ ਇਸ ਦੇ ਜਦੋਂ ਉਹ ਵੱਖ-ਵੱਖ ਪਲੇਟਾਂ ਵਿੱਚ ਰੱਖੀਆਂ ਗਈਆਂ ਸਨ।
ਇਸੇ ਤਰ੍ਹਾਂ, ਪ੍ਰੀ-ਸਕੂਲ ਬੱਚਿਆਂ ਵਿੱਚ ਇਹ ਵੀ ਦੇਖਿਆ ਗਿਆ ਕਿ ਜਦੋਂ ਖਾਣੇ ਨੂੰ ਪਲੇਟ ਵਿੱਚ ਵੱਖ-ਵੱਖ ਹਿੱਸਿਆਂ ਵਿੱਚ ਵੰਡਿਆ ਗਿਆ ਤਾਂ ਉਹਨਾਂ ਨੇ ਲਗਭਗ 36 ਫੀਸਦ ਵੱਧ ਸਬਜ਼ੀਆਂ ਖਾਧੀਆਂ।
5. ਇਕੱਠੇ ਖਾਣਾ ਖਾਓ
ਤਸਵੀਰ ਸਰੋਤ, Getty Images
ਮਾਪੇ ਕੀ ਖਾਂਦੇ ਹਨ, ਇਸ ਦਾ ਬਹੁਤ ਅਸਰ ਬੱਚਿਆਂ ਦੀਆਂ ਖਾਣ-ਪੀਣ ਦੀਆਂ ਆਦਤਾਂ ‘ਤੇ ਵੀ ਦੇਖਣ ਨੂੰ ਮਿਲਦਾ ਹੈ। ਜੇਕਰ ਮਾਪੇ ਗੈਰ-ਸਿਹਤਮੰਦ ਖਾਣਾ ਖਾਂਦੇ ਹਨ ਤਾਂ ਬੱਚਿਆਂ ‘ਚ ਵੀ ਇਸ ਦਾ ਰੁਝਾਨ ਵੱਧਦਾ ਹੈ। ਅਜਿਹੇ ਮਾਪੇ ਜੋ ਫਾਸਟ ਫੂਡ ਖਾਂਦੇ ਹਨ ਜਾਂ ਸਵੇਰੇ ਨਾਸ਼ਤਾ ਨਹੀਂ ਕਰਦੇ ਉਨ੍ਹਾਂ ਦੇ ਬੱਚਿਆਂ ‘ਚ ਵੀ ਅਕਸਰ ਅਜਿਹੀਆਂ ਹੀ ਆਦਤਾਂ ਦੇਖਣ ਨੂੰ ਮਿਲਦੀਆਂ ਹਨ।
ਨਿਊਜ਼ੀਲੈਂਡ ਵਿੱਚ ਸਕੂਲੀ ਬੱਚਿਆਂ ‘ਤੇ ਕੀਤੇ ਇੱਕ ਅਧਿਐਨ ਵਿੱਚ ਪਾਇਆ ਗਿਆ ਕਿ ਜਿਨ੍ਹਾਂ ਮਾਪਿਆਂ ਦੀ ਖੁਰਾਕ ਜ਼ਿਆਦਾ ਸਿਹਤਮੰਦ ਸੀ, ਉਨ੍ਹਾਂ ਦੇ ਬੱਚਿਆਂ ਨੇ ਕੇਕ, ਚਾਕਲੇਟ ਅਤੇ ਹੋਰ ਗੈਰ-ਸਿਹਤਮੰਦ ਚੀਜ਼ਾਂ ਘੱਟ ਖਾਧੀਆਂ।
ਇਸੇ ਤਰ੍ਹਾਂ, ਜਿਨ੍ਹਾਂ ਮਾਪਿਆਂ ਨੇ ਖੁਦ ਸਿਹਤਮੰਦ ਖਾਣ-ਪੀਣ ਦੀ ਆਦਤ ਨੂੰ ਨਿਯਮਤ ਤੌਰ ‘ਤੇ ਦਿਖਾਇਆ, ਉਨ੍ਹਾਂ ਦੇ ਬੱਚਿਆਂ ਨੇ ਫਲ ਅਤੇ ਸਬਜ਼ੀਆਂ ਵਧੇਰੇ ਖਾਣੇ ਸ਼ੁਰੂ ਕਰ ਦਿੱਤੇ।
ਇਸ ਤੋਂ ਇਲਾਵਾ, ਜਦੋਂ ਬੱਚਿਆਂ ਨੂੰ ਖਾਣਾ ਬਣਾਉਣ ਵਿੱਚ ਸ਼ਾਮਿਲ ਕੀਤਾ ਜਾਂਦਾ ਹੈ, ਤਾਂ ਉਨ੍ਹਾਂ ਦੀ ਨਵੀਆਂ ਚੀਜ਼ਾਂ ਚੱਖਣ ਦੀ ਇੱਛਾ ਵੀ ਵੱਧ ਜਾਂਦੀ ਹੈ।
ਖੋਜਾਂ ਇਹ ਵੀ ਦੱਸਦੀਆਂ ਹਨ ਕਿ ਹਫ਼ਤੇ ਵਿੱਚ ਘੱਟੋ-ਘੱਟ ਤਿੰਨ ਵਾਰ ਪਰਿਵਾਰ ਦੇ ਨਾਲ ਇਕੱਠੇ ਖਾਣਾ ਖਾਣ ਨਾਲ ਸਿਹਤਮੰਦ ਵਜ਼ਨ, ਵਧੀਆ ਖਾਣ-ਪੀਣ ਦੀਆਂ ਆਦਤਾਂ ਅਤੇ ਸਿਹਤਮੰਦ ਭੋਜਨ ਖਾਣ ਦੀ ਸੰਭਾਵਨਾ ਵੱਧਦੀ ਹੈ।
ਇੱਕ ਲੰਬੇ ਸਮੇਂ ਵਾਲੇ ਅਧਿਐਨ ਵਿੱਚ ਇਹ ਵੀ ਪਾਇਆ ਗਿਆ ਕਿ ਜੋ ਪਰਿਵਾਰ ਨਿਯਮਿਤ ਤੌਰ ‘ਤੇ ਇਕੱਠੇ ਭੋਜਨ ਕਰਦੇ ਹਨ, ਉਨ੍ਹਾਂ ਦੇ ਬੱਚਿਆਂ ਦੀ ਫਿਟਨੈੱਸ ਵਧੀਆ ਹੁੰਦੀ ਹੈ ਅਤੇ ਉਹ ਸੋਫਟ ਡ੍ਰਿੰਕਸ ਘੱਟ ਪੀਂਦੇ ਹਨ।
6 . ਖਾਣੇ ਨੂੰ ਮਜ਼ੇਦਾਰ ਬਣਾਓ
ਤਸਵੀਰ ਸਰੋਤ, Getty Images
ਅਸੀਂ ਜੋ ਕੁਝ ਖਾਂਦੇ ਹਾਂ, ਉਸ ਦਾ ਇੱਕ ਵੱਡਾ ਹਿੱਸਾ ਭੋਜਨ ਨਾਲ ਸਾਡੇ ਸਬੰਧ ਨਾਲ ਵੀ ਜੁੜਿਆ ਹੁੰਦਾ ਹੈ।
ਖੋਜਕਰਤਾ ਇਹ ਵੀ ਚੇਤਾਵਨੀ ਦਿੰਦੇ ਹਨ ਕਿ ਜੇ ਬੱਚਿਆਂ ‘ਤੇ ਕਿਸੇ ਖਾਸ ਭੋਜਨ ਨੂੰ ਖਾਣ ਲਈ ਦਬਾਅ ਪਾਇਆ ਜਾਵੇ ਤਾਂ ਇਸ ਨਾਲ ਉਨ੍ਹਾਂ ਨੂੰ ਖਾਣ ਦਾ ਆਨੰਦ ਘੱਟ ਸਕਦਾ ਹੈ ਅਤੇ ਉਨ੍ਹਾਂ ਦੀ ਖੁਰਾਕ ਹੋਰ ਵੀ ਘੱਟ ਸਿਹਤਮੰਦ ਹੋ ਸਕਦੀ ਹੈ। ਇਸੇ ਤਰ੍ਹਾਂ, ਜੇ ਬੱਚਿਆਂ ਨੂੰ ਗੈਰ-ਸਿਹਤਮੰਦ ਭੋਜਨ ਦੀ ਟ੍ਰੀਟ (ਇਨਾਮ ਵੱਜੋਂ) ਦਿੱਤੀ ਜਾਵੇ ਤਾਂ ਉਨ੍ਹਾਂ ਦੀ ਉਸ ਖਾਣੇ ਲਈ ਪਸੰਦ ਹੋਰ ਵੱਧ ਸਕਦੀ ਹੈ।
ਪਰ ਇੱਕ ਅਧਿਐਨ ਮੁਤਾਬਕ, ਜੇ ਬੱਚਿਆਂ ਨੂੰ ਸਿਰਫ਼ ਖਾਣੇ ਨਾਲ ਖੇਡਣ ਦੀ ਆਜ਼ਾਦੀ ਦਿੱਤੀ ਜਾਵੇ ਤਾਂ ਉਨ੍ਹਾਂ ਵਿੱਚ ਨਵੇਂ ਖਾਣੇ ਨੂੰ ਲੈ ਕੇ ਡਰ ਘੱਟ ਸਕਦਾ ਹੈ।
ਖੋਜਕਾਰਾਂ ਨੇ ਬੱਚਿਆਂ ਨੂੰ ਚੁਕੰਦਰ, ਛੋਲੇ ਵਰਗੀਆਂ ਸਬਜ਼ੀਆਂ ਨੂੰ ਹੱਥਾਂ ਵਿੱਚ ਫੜ੍ਹਨ, ਸੁੰਘਣ ਅਤੇ ਧਿਆਨ ਨਾਲ ਦੇਖਣ ਲਈ ਪ੍ਰੇਰਿਤ ਕੀਤਾ ਪਰ ਇਸ ਦੌਰਾਨ ਉਨ੍ਹਾਂ ਤੋਂ ਇਹ ਉਮੀਦ ਨਹੀਂ ਕੀਤੀ ਗਈ ਸੀ ਕਿ ਉਹ ਤੁਰੰਤ ਇਨ੍ਹਾਂ ਸਬਜ਼ੀਆਂ ਨੂੰ ਚੱਖਣ।
ਇਸ ਤਜ਼ਰਬੇ ਤੋਂ ਬਾਅਦ ਬੱਚੇ ਅਜਿਹੀਆਂ ਨਵੀਆਂ ਸਬਜ਼ੀਆਂ ਪ੍ਰਤੀ ਹੋਰ ਖੁੱਲ੍ਹ ਗਏ ਅਤੇ ਬਾਅਦ ਵਿੱਚ ਇਨ੍ਹਾਂ ਸਬਜ਼ੀਆਂ ਨੂੰ ਚੱਖਣ ਲਈ ਵੀ ਜ਼ਿਆਦਾ ਤਿਆਰ ਹੋਏ।
ਬੱਚਿਆਂ ਨੂੰ ਖਾਣਾ ਬਣਾਉਣ ਵਿੱਚ ਸ਼ਾਮਲ ਕਰਨਾ ਵੀ ਉਨ੍ਹਾਂ ਦੀ ਨਵੀਆਂ ਚੀਜ਼ਾਂ ਖਾਣ ਦੀ ਇੱਛਾ ਵਧਾਉਂਦਾ ਹੈ।
ਇਸ ਅਧਿਐਨ ਨਾਲ ਜੁੜੇ ਐਕਸਪੈਰੀਮੈਂਟਲ ਸ਼ੈਫ਼ ਜੋਜ਼ੈਫ ਯੂਸਫ਼ ਕਹਿੰਦੇ ਹਨ ਕਿ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਬੱਚਿਆਂ ਲਈ ਖਾਣੇ ਦੇ ਤਜ਼ਰਬੇ ਨੂੰ ਨਵੀਂ ਤਰ੍ਹਾਂ ਪੇਸ਼ ਕੀਤਾ ਜਾਵੇ।
ਉਹ ਕਹਿੰਦੇ ਹਨ, “ਜਦੋਂ ਖਾਣੇ ਨੂੰ ਖੇਡ ਅਤੇ ਇੰਦ੍ਰੀਆਂ ਨਾਲ ਜੁੜੀ ਗਤੀਵਿਧੀ ਵਜੋਂ ਪੇਸ਼ ਕੀਤਾ ਜਾਂਦਾ ਹੈ ਤਾਂ ਇਹ ਬੱਚਿਆਂ ਨਾਲ ਬਹੁਤ ਚੰਗਾ ਕੰਮ ਕਰਦਾ ਹੈ। ਜਦੋਂ ਵਾਤਾਵਰਨ ਆਰਾਮਦਾਇਕ ਅਤੇ ਬਿਨਾਂ ਦਬਾਅ ਵਾਲਾ ਹੁੰਦਾ ਹੈ ਤਾਂ ਬੱਚੇ ਖਾਣੇ ਨਾਲ ਖੇਡਣ, ਚੱਖਣ ਅਤੇ ਨਵੀਆਂ ਚੀਜ਼ਾਂ ਅਜ਼ਮਾਉਣ ਲਈ ਹੋਰ ਤਿਆਰ ਹੁੰਦੇ ਹਨ।”
ਇਹ ਸਭ ਤਰੀਕੇ ਮਾਪਿਆਂ ਦੀ ਮਦਦ ਕਰ ਸਕਦੇ ਹਨ ਕਿ ਬੱਚੇ ਸਿਰਫ਼ “ਸਾਦਾ ਜਾਂ ਪ੍ਰੋਸੈਸਡ ਫੂਡ” ਹੀ ਨਾ ਖਾਣ ਬਲਕਿ ਵੱਖ-ਵੱਖ ਤਰ੍ਹਾਂ ਦੀਆਂ ਸਬਜ਼ੀਆਂ ਵੀ ਖਾਣ ਲੱਗਣ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI




