Home ਰਾਸ਼ਟਰੀ ਖ਼ਬਰਾਂ ‘ਅੰਬ’, ‘ਫੁੱਲ’ ਵਰਗੇ ਕੋਡ ਵਰਡ ਦਾ ਇਸਤੇਮਾਲ ਕਰ ਸਪੀਡ ਪੋਸਟ ਜ਼ਰੀਏ ਗਾਂਜਾ...

‘ਅੰਬ’, ‘ਫੁੱਲ’ ਵਰਗੇ ਕੋਡ ਵਰਡ ਦਾ ਇਸਤੇਮਾਲ ਕਰ ਸਪੀਡ ਪੋਸਟ ਜ਼ਰੀਏ ਗਾਂਜਾ ਵੇਚਣ ਵਾਲੇ ਗਿਰੋਹ ਦਾ ਪਰਦਾਫਾਸ਼, ਕਿਵੇਂ ਹੋਇਆ ਖੁਲਾਸਾ

3
0

Source :- BBC PUNJABI

ਹੈਦਰਾਬਾਦ ਪੁਲਿਸ

ਤਸਵੀਰ ਸਰੋਤ, Hyderabad Police

ਅਸੀਂ ਸਪੀਡ ਪੋਸਟ ਰਾਹੀਂ ਦਸਤਾਵੇਜ਼, ਸਮਾਨ ਅਤੇ ਤੋਹਫ਼ੇ ਭੇਜੇ ਜਾਂਦੇ ਦੇਖੇ ਹਨ। ਪਰ ਹੈਦਰਾਬਾਦ ਪੁਲਿਸ ਨੇ ਝਾਰਖੰਡ ਦੇ ਇੱਕ ਅਜਿਹੇ ਗੈਂਗ ਦਾ ਪਤਾ ਲਗਾਇਆ ਹੈ ਜੋ ਗਾਂਜੇ ਦੀ ਸਪਲਾਈ ਲਈ ਭਾਰਤੀ ਡਾਕ ਵਿਭਾਗ ਦੀ ‘ਸਪੀਡ ਪੋਸਟ’ ਸੇਵਾ ਦਾ ਇਸਤੇਮਾਲ ਕਰ ਰਿਹਾ ਸੀ।

ਇਹ ਗੱਲ ਹੈਦਰਾਬਾਦ ਸਿਟੀ ਪੁਲਿਸ ਅਤੇ ਹੈਦਰਾਬਾਦ ਨਾਰਕੋਟਿਕਸ ਇਨਫੋਰਸਮੈਂਟ ਵਿੰਗ (H-NEW) ਦੇ ਇੱਕ ਸਾਂਝੇ ਆਪ੍ਰੇਸ਼ਨ ਦੌਰਾਨ ਸਾਹਮਣੇ ਆਈ।

ਹੈਦਰਾਬਾਦ ਪੁਲਿਸ ਕਮਿਸ਼ਨਰ ਵੀਸੀ ਸੱਜਨਾਰ ਨੇ ਦੱਸਿਆ, “ਸਾਡੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਸਿੰਡੀਕੇਟ 21 ਸੂਬਿਆਂ ਵਿੱਚ ਕੰਮ ਕਰ ਰਿਹਾ ਹੈ। ਅਸੀਂ ਇਸ ਪੰਜ ਮੈਂਬਰੀ ਗੈਂਗ ਦੇ ਇੱਕ ਮੁੱਖ ਮੈਂਬਰ, ਝਾਰਖੰਡ ਦੇ ਰਹਿਣ ਵਾਲੇ ਸੱਤਿਅਮ ਮਿਸ਼ਰਾ ਨੂੰ ਗ੍ਰਿਫ਼ਤਾਰ ਕੀਤਾ ਹੈ। ਬਾਕੀ ਚਾਰ ਮੈਂਬਰ ਫ਼ਰਾਰ ਹਨ।”

ਸੱਜਨਾਰ ਨੇ ਬੀਬੀਸੀ ਨੂੰ ਦੱਸਿਆ ਕਿ ਸੱਤਿਅਮ ਮਿਸ਼ਰਾ ਤੋਂ ਪੁੱਛਗਿੱਛ ਦੌਰਾਨ ਅਹਿਮ ਜਾਣਕਾਰੀਆਂ ਸਾਹਮਣੇ ਆਈਆਂ ਹਨ।

ਸੱਤਿਅਮ ਮਿਸ਼ਰਾ ਝਾਰਖੰਡ ਦੇ ਗਿਰਿਡੀਹ ਜ਼ਿਲ੍ਹੇ ਦੇ ਨਿਮਿਆਘਾਟ ਮੰਡਲ ਦੇ ਤੰਬਾਗੁੜੀਆ ਪਿੰਡ ਦਾ ਰਹਿਣ ਵਾਲਾ ਹੈ।

ਸੱਜਨਾਰ ਨੇ ਕਿਹਾ, “ਸ਼ੁਰੂਆਤ ਵਿੱਚ ਉਹ ਪੇਂਟਰ ਅਤੇ ਲਾਰੀ ਡਰਾਈਵਰ ਵਜੋਂ ਕੰਮ ਕਰਦਾ ਸੀ। ਵੱਖ-ਵੱਖ ਸੂਬਿਆਂ ਵਿੱਚ ਸਮਾਨ ਪਹੁੰਚਾਉਣ ਦੇ ਕੰਮ ਲਈ ਉਹ ਸਾਲ 2018 ਵਿੱਚ ਮੁੰਬਈ ਚਲਾ ਗਿਆ ਅਤੇ ਉਸ ਨੂੰ ਗਾਂਜੇ ਦੀ ਲਤ ਲੱਗ ਗਈ।”

ਸੱਜਨਾਰ ਨੇ ਦੱਸਿਆ ਕਿ ਸੱਤਿਅਮ ਮਿਸ਼ਰਾ ਨੇ ਆਪਣੇ ਵੱਡੇ ਭਰਾ ਸ਼ੁਭਮ ਮਿਸ਼ਰਾ (ਉਰਫ਼ ਸ਼ੁਭਮ ਦਾਦਾ ਜਾਂ ਭਾਈ) ਨਾਲ ਮਿਲ ਕੇ ਆਸਾਨੀ ਨਾਲ ਪੈਸੇ ਕਮਾਉਣ ਲਈ ਪੂਰੇ ਦੇਸ਼ ਵਿੱਚ ਗਾਂਜੇ ਦੀ ਸਪਲਾਈ ਕਰਨ ਦੀ ਯੋਜਨਾ ਬਣਾਈ।

ਝਾਰਖੰਡ ਤੋਂ 21 ਸੂਬਿਆਂ ਵਿੱਚ ਸਪਲਾਈ

ਹੈਦਰਾਬਾਦ ਪੁਲਿਸ

ਤਸਵੀਰ ਸਰੋਤ, Hyderabad Police

ਪੁਲਿਸ ਨੂੰ ਪਤਾ ਲੱਗਾ ਕਿ ਸੱਤਿਅਮ ਅਤੇ ਸ਼ੁਭਮ ਮਿਲ ਕੇ ਆਪਣੇ ਖੇਤਾਂ ਵਿੱਚ ਗਾਂਜੇ ਦੀ ਖੇਤੀ ਕਰ ਰਹੇ ਸਨ। ਕਿਹਾ ਜਾਂਦਾ ਹੈ ਕਿ ਉਨ੍ਹਾਂ ਨੇ ਪਿੰਡ ਦੇ ਹੋਰ ਲੋਕਾਂ ਨੂੰ ਵੀ ਅਜਿਹਾ ਕਰਨ ਲਈ ਉਤਸ਼ਾਹਿਤ ਕੀਤਾ।

ਸੱਜਨਾਰ ਨੇ ਕਿਹਾ, “ਜਦੋਂ ਸਾਡੀ ਟੀਮ ਦੇ ਮੈਂਬਰ ਸੱਤਿਅਮ ਮਿਸ਼ਰਾ ਦੇ ਪਿੰਡ ਤੰਬਾਗੁੜੀਆ ਪਹੁੰਚੇ ਤਾਂ ਉਨ੍ਹਾਂ ਨੂੰ ਉੱਥੇ ਵੱਡੀ ਮਾਤਰਾ ਵਿੱਚ ਗਾਂਜਾ ਮਿਲਿਆ। ਉਹ ਥਾਂ-ਥਾਂ ਇਸ ਦੀ ਖੇਤੀ ਕਰ ਰਹੇ ਸਨ।”

ਪੁਲਿਸ ਨੇ ਪਤਾ ਲਗਾਇਆ ਹੈ ਕਿ ਇਸ ਤਰ੍ਹਾਂ ਉਗਾਏ ਗਏ ਗਾਂਜੇ ਦੀ ਸਪਲਾਈ ਹੈਦਰਾਬਾਦ, ਮੁੰਬਈ, ਚੇੱਨਈ ਅਤੇ ਬੈਂਗਲੁਰੂ ਵਰਗੇ ਸ਼ਹਿਰਾਂ ਤੋਂ ਇਲਾਵਾ ਕੇਰਲ, ਰਾਜਸਥਾਨ ਅਤੇ ਝਾਰਖੰਡ ਸਣੇ ਲਗਭਗ 21 ਸੂਬਿਆਂ ਵਿੱਚ ਕੀਤੀ ਜਾ ਰਹੀ ਸੀ।

ਵਟਸਐਪ ‘ਤੇ ਆਰਡਰ…’ਸਪੀਡ ਪੋਸਟ’ ਰਾਹੀਂ ਡਿਲੀਵਰੀ

ਹੈਦਰਾਬਾਦ ਪੁਲਿਸ

ਤਸਵੀਰ ਸਰੋਤ, Hyderabad Police

ਹੈਦਰਾਬਾਦ ਪੁਲਿਸ ਨੇ ਪਾਇਆ ਹੈ ਕਿ ਗਾਂਜੇ ਦੀ ਡਿਲਵਰੀ ਲਈ ਸਪੀਡ ਪੋਸਟ ਸੇਵਾ ਦਾ ਇਸਤੇਮਾਲ ਕੀਤਾ ਜਾ ਰਿਹਾ ਸੀ।

ਸੱਜਨਾਰ ਨੇ ਦੱਸਿਆ ਕਿ ਗਾਂਜੇ ਨੂੰ ਛੋਟੇ ਡੱਬਿਆਂ ਵਿੱਚ ਪੈਕ ਕਰਕੇ ‘ਸਪੀਡ ਪੋਸਟ’ ਰਾਹੀਂ ਵੱਖ-ਵੱਖ ਸੂਬਿਆਂ ਵਿੱਚ ਭੇਜਿਆ ਜਾ ਰਿਹਾ ਸੀ।

ਉਨ੍ਹਾਂ ਕਿਹਾ, “ਉਹ ਝਾਰਖੰਡ ਦੇ ਇਸਰੀ ਬਾਜ਼ਾਰ ਅਤੇ ਫੁਸਰੋ ਬਾਜ਼ਾਰ ਡਾਕ ਘਰ ਤੋਂ ਗਾਂਜੇ ਦੇ ਪਾਰਸਲ ਭੇਜਦੇ ਸਨ। ਉਹ ਡਾਕ ਘਰ ਦੇ ਕਰਮਚਾਰੀਆਂ ਨੂੰ ਝੂਠ ਬੋਲਦੇ ਸਨ ਕਿ ਡੱਬਿਆਂ ਵਿੱਚ ਦਵਾਈ ਹੈ।”

ਉਨ੍ਹਾਂ ਦੱਸਿਆ ਕਿ ਜਦੋਂ ਸੱਤਿਅਮ ਅਤੇ ਸ਼ੁਭਮ ਗਾਂਜੇ ਦੇ ਪਾਰਸਲ ਤਿਆਰ ਕਰਦੇ ਸਨ ਤਾਂ ਰਾਹੁਲ ਝਾਅ ਨਾਂ ਦਾ ਵਿਅਕਤੀ ਡਾਕ ਘਰ ਜਾ ਕੇ ਬੁਕਿੰਗ ਕਰਨ ਦਾ ਕੰਮ ਕਰਦਾ ਸੀ। ਸੱਜਨਾਰ ਨੇ ਕਿਹਾ ਕਿ ਲੋੜ ਪੈਣ ‘ਤੇ ਸੱਤਿਅਮ ਅਤੇ ਸ਼ੁਭਮ ਵੀ ਖ਼ੁਦ ਜਾ ਕੇ ਸਪੀਡ ਪੋਸਟ ਕਰਦੇ ਸਨ।

ਪੁਲਿਸ ਦੀ ਜਾਂਚ ਵਿੱਚ ਪਤਾ ਲੱਗਾ ਕਿ ਉਹ ਵਟਸਐਪ ਅਤੇ ਹੋਰ ਸੋਸ਼ਲ ਮੀਡੀਆ ਰਾਹੀਂ ਗਾਹਕਾਂ ਤੋਂ ਆਰਡਰ ਲੈਂਦੇ ਸਨ।

ਪੁਲਿਸ ਨੂੰ ਪਤਾ ਲੱਗਾ ਕਿ ਹਰ ਰੋਜ਼ ਸਪੀਡ ਪੋਸਟ ਰਾਹੀਂ 8 ਤੋਂ 10 ਪਾਰਸਲ ਭੇਜੇ ਜਾਂਦੇ ਸਨ, ਜਿਨ੍ਹਾਂ ਵਿੱਚ 50 ਗ੍ਰਾਮ ਤੋਂ 250 ਗ੍ਰਾਮ ਭਾਰ ਤੱਕ ਦੇ ਪੈਕੇਟ ਹੁੰਦੇ ਸਨ।

ਹੈਦਰਾਬਾਦ ਪੁਲਿਸ

ਸੱਜਨਾਰ ਨੇ ਕਿਹਾ ਕਿ ਇਹ ਗੈਰ-ਕਾਨੂੰਨੀ ਧੰਦਾ ਚਾਰ-ਪੰਜ ਸਾਲਾਂ ਤੋਂ ਚੱਲ ਰਿਹਾ ਸੀ ਕਿਉਂਕਿ ਇਹ ਪਾਰਸਲ ਡਾਕ ਘਰ ਵਿੱਚ ਬਿਨਾਂ ਸਕੈਨ ਕੀਤੇ ਭੇਜੇ ਜਾ ਰਹੇ ਸਨ।

ਸੱਜਨਾਰ ਨੇ ਕਿਹਾ, “ਉਹ ਸਿਰਫ ਇੱਕ ਹੀ ਡਾਕ ਘਰ ਤੋਂ ਨਹੀਂ, ਸਗੋਂ ਦੋ ਵੱਖ-ਵੱਖ ਡਾਕ ਘਰਾਂ ਤੋਂ ਪਾਰਸਲ ਭੇਜਦੇ ਸਨ। ਸਾਨੂੰ ਪਤਾ ਲੱਗਾ ਹੈ ਕਿ ਡਾਕ ਘਰ ਦੇ ਕਰਮਚਾਰੀ ਵੀ ਬਿਨਾਂ ਜਾਂਚ ਕੀਤੇ ਉਨ੍ਹਾਂ ਨੂੰ ਜਾਣ ਦਿੰਦੇ ਸਨ ਕਿਉਂਕਿ ਉਹ ਕਹਿੰਦੇ ਸਨ ਕਿ ਇਨ੍ਹਾਂ ਵਿੱਚ ਦਵਾਈ ਹੈ।”

ਬੀਬੀਸੀ ਨੇ ਸਪੀਡ ਪੋਸਟ ਸੇਵਾਵਾਂ ਦਾ ਇਸਤੇਮਾਲ ਕਰਕੇ ਗਾਂਜੇ ਦੇ ਪਾਰਸਲ ਭੇਜਣ, ਸਕੈਨਿੰਗ ਨਾ ਹੋਣ ਅਤੇ ਕਰਮਚਾਰੀਆਂ ਦੀ ਲਾਪਰਵਾਹੀ ਬਾਰੇ ਇੰਡੀਆ ਪੋਸਟ ਦੇ ਪੋਸਟਲ ਸਰਵਿਸਿਜ਼ ਦੇ ਡਾਇਰੈਕਟਰ ਜਨਰਲ ਜਿਤੇਂਦਰ ਗੁਪਤਾ ਨਾਲ ਈਮੇਲ ਰਾਹੀਂ ਸੰਪਰਕ ਕੀਤਾ ਹੈ। ਉਨ੍ਹਾਂ ਦੇ ਜਵਾਬ ਦਾ ਇੰਤਜ਼ਾਰ ਹੈ। ਉਨ੍ਹਾਂ ਵੱਲੋਂ ਕੋਈ ਵੀ ਜਵਾਬ ਮਿਲਦੇ ਹੀ ਇਸ ਰਿਪੋਰਟ ਨੂੰ ਅਪਡੇਟ ਕੀਤਾ ਜਾਵੇਗਾ।

ਹੈਦਰਾਬਾਦ ਪੁਲਿਸ ਕਮਿਸ਼ਨਰ ਸੱਜਨਾਰ ਨੇ ਕਿਹਾ ਕਿ “ਅਸੀਂ ਸਪੀਡ ਪੋਸਟ ਰਾਹੀਂ ਗਾਂਜੇ ਦੀ ਗੈਰ-ਕਾਨੂੰਨੀ ਸਪਲਾਈ ਬਾਰੇ ਡਾਕ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨਾਲ ਗੱਲ ਕਰ ਰਹੇ ਹਾਂ। ਅਸੀਂ ਸਪੀਡ ਪੋਸਟ ਪਾਰਸਲਾਂ ਦੀ ਸਕੈਨਿੰਗ ਕਰਨ ਦਾ ਸੁਝਾਅ ਦਿੱਤਾ ਹੈ।”

ਕਿਵੇਂ ਸਾਹਮਣੇ ਆਇਆ ਮਾਮਲਾ ?

ਹਾਲ ਹੀ ਵਿੱਚ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਹੈਦਰਾਬਾਦ ਦੇ ਗੁਡੀਮਲਕਾਪੁਰ ਪੁਲਿਸ ਥਾਣੇ ਅੰਦਰ ਪੈਂਦੇ ਇਲਾਕੇ ਵਿੱਚ ਕੁਝ ਲੋਕ ਗਾਂਜਾ ਪੀ ਰਹੇ ਸਨ। ਗੁਡੀਮਲਕਾਪੁਰ ਦੇ ਇੰਸਪੈਕਟਰ ਸੀ.ਐਚ. ਰਮੱਯਾ ਨੇ ਬੀਬੀਸੀ ਨੂੰ ਦੱਸਿਆ ਕਿ ਜਦੋਂ ਗਾਂਜਾ ਲੈ ਰਹੇ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਕਿਹਾ ਕਿ ਉਸਨੂੰ ਇਹ ਪਾਰਸਲ ਰਾਹੀਂ ਮਿਲਿਆ ਸੀ।

ਉਨ੍ਹਾਂ ਕਿਹਾ, “ਅਸੀਂ ਉਸ ਤੋਂ ਪਾਰਸਲ ਵਾਲਾ ਡੱਬਾ ਜ਼ਬਤ ਕਰ ਲਿਆ। ਅਸੀਂ ਪਤਾ ਲਗਾਇਆ ਹੈ ਕਿ ਇਹ ਪਾਰਸਲ ਝਾਰਖੰਡ ਦੇ ਇਸਰਾ ਬਾਜ਼ਾਰ ਡਾਕ ਘਰ ਤੋਂ ਆਇਆ ਸੀ। ਐੱਸਆਰ ਨਗਰ ਪੁਲਿਸ ਥਾਣਾ ਇਲਾਕੇ ਵਿੱਚ ਵੀ ਗਾਂਜੇ ਦੇ ਪਾਰਸਲ ਦਾ ਅਜਿਹਾ ਹੀ ਮਾਮਲਾ ਸਾਹਮਣੇ ਆਇਆ। ਇਸ ਲਈ ਖ਼ਾਸ ਟੀਮਾਂ ਬਣਾਈਆਂ ਗਈਆਂ ਅਤੇ ਪੁਲਿਸ ਕਮਿਸ਼ਨਰ ਖ਼ੁਦ ਜਾਂਚ ਦੀ ਨਿਗਰਾਨੀ ਕਰ ਰਹੇ ਹਨ।”

ਹੈਦਰਾਬਾਦ ਨਾਰਕੋਟਿਕਸ ਇਨਫੋਰਸਮੈਂਟ ਵਿੰਗ ਦੀ ਪੁਲਿਸ ਨੇ ਦੱਸਿਆ ਕਿ ਹੈਦਰਾਬਾਦ ਦੇ ਹੀ ਰਹਿਣ ਵਾਲੇ ਸੁਸ਼ਾਂਤ ਵਿਆਸ ਅਤੇ ਲੱਡੂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਗੁਡੀਮਲਕਾਪੁਰ ਅਤੇ ਐੱਸਆਰ ਨਗਰ ਪੁਲਿਸ ਥਾਣਿਆਂ ਵਿੱਚ ਦਰਜ ਮਾਮਲਿਆਂ ਵਿੱਚ ਦੋ ਕਿਲੋ ਗਾਂਜਾ ਜ਼ਬਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਮਿਲੇ ਪਾਰਸਲ ਦੇ ਡਾਕ ਘਰ ਦੇ ਪਤੇ ਰਾਹੀਂ ਇਸ ਗਿਰੋਹ ਦੀ ਪਛਾਣ ਕੀਤੀ ਗਈ।

‘ਲੋਕਲ ਟ੍ਰੇਨਾਂ,ਆਟੋ ਰਿਕਸ਼ਿਆਂ ਰਾਹੀਂ ਮੁੰਬਈ ਵਿੱਚ ਹੁੰਦੀ ਸੀ ਸਪਲਾਈ’

ਮੁੰਬਈ ਲੋਕਨ ਟ੍ਰੇਨ ਦੀ ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਪੁਲਿਸ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਪਤਾ ਲੱਗਿਆ ਕਿ ਸੱਤਿਅਮ ਮਿਸ਼ਰਾ ਨੇ ਖੁਲਾਸਾ ਕੀਤਾ ਕਿ ਸਚਿਨ ਮਿਸ਼ਰਾ ਅਤੇ ਸੰਤੋਸ਼ ਪੰਡਿਤ ਮੁੰਬਈ ਵਿੱਚ ਗਾਂਜਾ ਸਮੱਗਲਿੰਗ ਦੇ ਰੈਕੇਟ ਦਾ ਸੰਚਾਲਨ ਕਰ ਰਹੇ ਸਨ।

ਪੁਲਿਸ ਕਮਿਸ਼ਨਰ ਸੱਜਨਾਰ ਨੇ ਕਿਹਾ, “ਜਾਂਚ ਦੌਰਾਨ ਸੱਤਿਅਮ ਮਿਸ਼ਰਾ ਨੇ ਕਈ ਅਹਿਮ ਜਾਣਕਾਰੀਆਂ ਦਿੱਤੀਆਂ। ਉਹ ਮੁੰਬਈ ਵਿੱਚ ਇੱਕ ਹਜ਼ਾਰ ਤੋਂ ਵੱਧ ਗਾਹਕਾਂ ਨੂੰ ਸਿੱਧੀ ਪਹੁੰਚ ਜ਼ਰੀਏ ਗਾਂਜੇ ਦੀ ਸਪਲਾਈ ਕਰਦਾ ਸੀ। ਮੁਲਜ਼ਮ ਸ਼ੁਭਮ ਮਿਸ਼ਰਾ ਖੁਦ ਝਾਰਖੰਡ ਤੋਂ ਟ੍ਰੇਨਾਂ ਰਾਹੀਂ ਗਾਂਜਾ ਮੁੰਬਈ ਲੈ ਕੇ ਜਾਂਦਾ ਸੀ। ਉੱਥੇ ਉਹ ਸਚਿਨ ਮਿਸ਼ਰਾ ਅਤੇ ਸੰਤੋਸ਼ ਪੰਡਿਤ ਦੇ ਘਰਾਂ ਵਿੱਚ ਗੁਪਤ ਤੌਰ ‘ਤੇ ਗਾਂਜਾ ਰੱਖਦਾ, ਉਸ ਦੇ ਛੋਟੇ-ਛੋਟੇ ਪੈਕੇਟ ਬਣਾਉਂਦਾ ਅਤੇ ਫਿਰ ਘਰ-ਘਰ ਜਾ ਕੇ ਸਪਲਾਈ ਕਰਦਾ ਸੀ।”

ਉਨ੍ਹਾਂ ਦੱਸਿਆ ਕਿ ਵਟਸਐਪ ‘ਤੇ ਆਰਡਰ ਲੈਂਦੇ ਸਮੇਂ ਉਹ ‘ਮੈਰੀਜੁਆਨਾ’ (ਗਾਂਜਾ) ਸ਼ਬਦ ਦੀ ਥਾਂ ‘ਅੰਬ’, ‘ਸਟਿਕ’ ਅਤੇ ‘ਫੁੱਲ’ ਵਰਗੇ ਕੋਡ ਸ਼ਬਦ ਵਰਤਦੇ ਸਨ।

ਉਨ੍ਹਾਂ ਕਿਹਾ, “ਉਨ੍ਹਾਂ ਨੇ ਕੋਡ ਬਣਾਇਆ ਹੋਇਆ ਸੀ ਕਿ ਇੱਕ ਅੰਬ ਦਾ ਮਤਲਬ 50 ਗ੍ਰਾਮ ਗਾਂਜਾ ਅਤੇ ਦੋ ਅੰਬਾਂ ਦਾ ਮਤਲਬ 100 ਗ੍ਰਾਮ ਗਾਂਜਾ ਹੁੰਦਾ ਸੀ। ਜਿਵੇਂ ਹੀ ਯੂਪੀਆਈ ਖਾਤਿਆਂ ਰਾਹੀਂ ਆਨਲਾਈਨ ਭੁਗਤਾਨ ਹੋ ਜਾਂਦਾ ਸੀ, ਸੱਤਿਅਮ ਅਤੇ ਸ਼ੁਭਮ ਮੁੰਬਈ ਵਿੱਚ ਆਪਣੇ ਸਾਥੀਆਂ ਨੂੰ ਵੇਰਵੇ ਭੇਜ ਦਿੰਦੇ ਸਨ। ਇਸ ਤੋਂ ਬਾਅਦ ਉਹ ਗਾਂਜੇ ਦੇ ਛੋਟੇ-ਛੋਟੇ ਪੈਕੇਟ ਬਣਾਕੇ ਲੋਕਲ ਟ੍ਰੇਨਾਂ ਅਤੇ ਆਟੋ ਰਿਕਸ਼ਿਆਂ ਰਾਹੀਂ ਗਾਹਕਾਂ ਤੱਕ ਪਹੁੰਚਾਉਂਦੇ ਸਨ।”

ਹੈਦਰਾਬਾਦ ਪੁਲਿਸ

ਹੈਦਰਾਬਾਦ ਪੁਲਿਸ ਦਾ ਕਹਿਣਾ ਹੈ ਕਿ ਇਸ ਗਿਰੋਹ ਦੇ ਮੈਂਬਰ ਦੇਸ਼ ਭਰ ਵਿੱਚ ਰੋਜ਼ਾਨਾ ਔਸਤ 80 ਤੋਂ 100 ਆਰਡਰ ਪਹੁੰਚਾਉਂਦੇ ਸਨ।

ਪੁਲਿਸ ਨੇ ਜਾਂਚ ਦੌਰਾਨ ਦੱਸਿਆ, “ਉਹ ਆਰਡਰ ਦੀ ਮਾਤਰਾ ਦੇ ਹਿਸਾਬ ਨਾਲ ਗਾਹਕਾਂ ਤੋਂ 1,500 ਰੁਪਏ ਤੋਂ 8,000 ਰੁਪਏ ਤੱਕ ਵਸੂਲਦੇ ਸਨ। ਇਸ ਤਰ੍ਹਾਂ ਉਹ ਹਰ ਮਹੀਨੇ ਕਰੀਬ 30 ਤੋਂ 35 ਲੱਖ ਰੁਪਏ ਅਤੇ ਹਰ ਸਾਲ ਗੈਰ-ਕਾਨੂੰਨੀ ਤਰੀਕੇ ਨਾਲ ਲਗਭਗ 4 ਤੋਂ 5 ਕਰੋੜ ਰੁਪਏ ਕਮਾਉਂਦੇ ਸਨ।”

ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਕਿ ਸੱਤਿਅਮ ਮਿਸ਼ਰਾ ਗਾਂਜੇ ਦੀ ਵਿਕਰੀ ਤੋਂ ਮਿਲਣ ਵਾਲੀ ਰਕਮ ਹਾਸਲ ਕਰਨ ਲਈ ਵੱਖ-ਵੱਖ ਬੈਂਕ ਖਾਤਿਆਂ ਅਤੇ ਫੋਨਪੇ ਐਪ ਨਾਲ ਜੁੜੀਆਂ ਕਈ ਯੂਪੀਆਈ ਆਈਡੀਜ਼ ਦੀ ਵਰਤੋਂ ਕਰਦਾ ਸੀ।

ਪੁਲਿਸ ਅਧਿਕਾਰੀ ਨੇ ਕਿਹਾ, “ਮੁਲਜ਼ਮ ਗਾਂਜੇ ਦੀ ਵਿਕਰੀ ਤੋਂ ਕਮਾਈ ਗਈ ਰਕਮ ਆਪਸ ਵਿੱਚ ਵੰਡ ਲੈਂਦੇ ਸਨ। ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਉਹ ਇਸ ਪੈਸੇ ਨਾਲ ਸੋਨੇ ਦੇ ਗਹਿਣੇ ਅਤੇ ਲਗਜ਼ਰੀ ਕਾਰਾਂ ਖਰੀਦਦੇ ਸਨ।”

ਹਰ ਪਾਰਸਲ ਦੀ ਸਕੈਨਿੰਗ ਲਾਜ਼ਮੀ ਹੋਵੇ: ਸੱਜਨਾਰ

ਹੈਦਰਾਬਾਦ ਪੁਲਿਸ ਕਮਿਸ਼ਨਰ ਸੱਜਨਾਰ ਨੇ ਸੁਝਾਅ ਦਿੱਤਾ ਹੈ ਕਿ ਸਾਰੀਆਂ ਕੁਰੀਅਰ ਏਜੰਸੀਆਂ ਵੱਲੋਂ ਬੁੱਕ ਅਤੇ ਡਿਲਵਰ ਕੀਤੇ ਜਾਣ ਵਾਲੇ ਹਰ ਪਾਰਸਲ ਦੀ ਲਾਜ਼ਮੀ ਸਕੈਨਿੰਗ ਕੀਤੀ ਜਾਣੀ ਚਾਹੀਦੀ ਹੈ।

ਉਨ੍ਹਾਂ ਬੀਬੀਸੀ ਨਾਲ ਗੱਲਬਾਤ ਦੌਰਾਨ ਕਿਹਾ, ਕੁਰੀਅਰ ਰਾਹੀਂ ਗਾਂਜਾ ਭੇਜੇ ਜਾਣ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਲੋਕਾਂ ਨੂੰ ਵੀ ਸਾਵਧਾਨ ਰਹਿਣ ਦੀ ਲੋੜ ਹੈ। ਜੇ ਤੁਹਾਨੂੰ ਅਜਿਹਾ ਕੋਈ ਪਾਰਸਲ ਮਿਲੇ ਜੋ ਤੁਹਾਡੇ ਨਾਲ ਸਬੰਧਤ ਨਾ ਹੋਵੇ ਜਾਂ ਤੁਸੀਂ ਮੰਗਵਾਇਆ ਨਾ ਹੋਵੇ ਤਾਂ ਉਸ ਨੂੰ ਬਿਲਕੁਲ ਵੀ ਸਵੀਕਾਰ ਨਾ ਕਰੋ। ਜੇ ਕੋਈ ਸ਼ੱਕ ਹੋਵੇ ਤਾਂ 100 ਨੰਬਰ ਜਾਂ ਹੈਦਰਾਬਾਦ ਨਾਰਕੋਟਿਕਸ ਇਨਫੋਰਸਮੈਂਟ ਵਿੰਗ ਦੇ ਨੰਬਰ 8712661601 ‘ਤੇ ਸੰਪਰਕ ਕਰੋ।”

ਹੈਦਰਾਬਾਦ ਪੁਲਿਸ

ਤਸਵੀਰ ਸਰੋਤ, Hyderabad Police

ਸਪੀਡ ਪੋਸਟ ਕੀ ਹੈ ?

ਸਪੀਡ ਪੋਸਟ ਸੇਵਾ ਭਾਰਤੀ ਡਾਕ ਵਿਭਾਗ ਵੱਲੋਂ 1 ਅਗਸਤ 1986 ਨੂੰ ਸ਼ੁਰੂ ਕੀਤੀ ਗਈ ਸੀ।

ਇੰਡੀਆ ਪੋਸਟ ਮੁਤਾਬਕ ਇਹ ਸੇਵਾ ਘੱਟ ਲਾਗਤ ‘ਤੇ ਸਮਾਨ ਗਾਹਕਾਂ ਤੱਕ ਪਹੁੰਚਾਉਣ ਵਿੱਚ ਮਦਦ ਕਰਦੀ ਹੈ। ਇਸ ਤਹਿਤ 50 ਗ੍ਰਾਮ ਤੋਂ 500 ਗ੍ਰਾਮ ਤੱਕ ਵਜ਼ਨ ਵਾਲੀਆਂ ਵਸਤੂਆਂ ਨੂੰ 2,000 ਕਿਲੋਮੀਟਰ ਤੋਂ ਵੱਧ ਦੂਰੀ ਤੱਕ ਭੇਜਿਆ ਜਾ ਸਕਦਾ ਹੈ। ਡਾਕ ਵਿਭਾਗ ਵੱਲੋਂ ਨਿਰਧਾਰਤ ਫੀਸ ਅਦਾ ਕਰਕੇ ਇਸ ਸੇਵਾ ਦਾ ਲਾਭ ਲਿਆ ਜਾ ਸਕਦਾ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI