Source :- BBC PUNJABI
ਤਸਵੀਰ ਸਰੋਤ, Getty Images
ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 7 ਮਿੰਟ
ਬਹੁਤ ਸਾਰੇ ਲੋਕਾਂ ਲਈ ਪਹਿਲੀ ਵਾਰ ਪਿਆਰ ਵਿੱਚ ਪੈਣਾ ਜ਼ਿੰਦਗੀ ਦੇ ਸਭ ਤੋਂ ਯਾਦਗਾਰ ਤਜਰਬਿਆਂ ਵਿੱਚੋਂ ਇੱਕ ਹੁੰਦਾ ਹੈ।
ਪਰ ਅਜਿਹਾ ਕਿਉਂ ਹੈ ਕਿ ਪਹਿਲਾ ਪਿਆਰ ਅਤੇ ਪਹਿਲਾ ਰਿਸ਼ਤਾ ਕਈ ਦਹਾਕੇ ਬੀਤ ਜਾਣ ਤੋਂ ਬਾਅਦ ਵੀ ਦਿਮਾਗ਼ ਵਿੱਚ ਤਾਜ਼ਾ ਬਣਿਆ ਰਹਿੰਦਾ ਹੈ? ਉਸ ਦੌਰ ਦੀਆਂ ਯਾਦਾਂ ਇੰਨੀਆਂ ਡੂੰਘੀਆਂ ਕਿਉਂ ਹੁੰਦੀਆਂ ਹਨ ਅਤੇ ਉਨ੍ਹਾਂ ਨੂੰ ਭੁੱਲ ਸਕਣਾ ਇੰਨਾ ਔਖਾ ਕਿਉਂ ਹੁੰਦਾ ਹੈ?
ਦਰਅਸਲ, ਛੋਟੀ ਉਮਰ ਵਿੱਚ ਦਿਮਾਗ਼ ਲੰਬੇ ਸਮੇਂ ਤੱਕ ਰਹਿਣ ਵਾਲੀਆਂ ਯਾਦਾਂ ਬਣਾਉਂਦਾ ਹੈ।
ਕਈ ਲੋਕਾਂ ਨੂੰ ਪਹਿਲੇ ਪਿਆਰ ਦਾ ਤਜਰਬਾ ਕਿਸ਼ੋਰ ਅਵਸਥਾ ਵਿੱਚ ਹੁੰਦਾ ਹੈ। ਇਹ ਦਿਮਾਗ਼ ਦੇ ਵਿਕਾਸ ਦਾ ਅਜਿਹਾ ਦੌਰ ਹੁੰਦਾ ਹੈ, ਜਦੋਂ ਯਾਦਾਂ ਨੂੰ ਸੰਭਾਲਣ ਅਤੇ ਲੰਬੇ ਸਮੇਂ ਤੱਕ ਬਰਕਰਾਰ ਰੱਖਣ ਦੀ ਸਮਰੱਥਾ ਆਪਣੇ ਸਿਖਰ ‘ਤੇ ਹੁੰਦੀ ਹੈ।
ਤਸਵੀਰ ਸਰੋਤ, Getty Images
ਵੈਸਟਮਿੰਸਟਰ ਯੂਨੀਵਰਸਿਟੀ ਵਿੱਚ ਨਿਊਰੋਸਾਇਕੋਲੋਜੀ ਦੇ ਪ੍ਰੋਫੈਸਰ ਕੈਥਰੀਨ ਲੋਵੀ ਕਹਿੰਦੇ ਹਨ, “ਇਸ ਉਮਰ ਵਿੱਚ ਸਾਡੇ ਅੰਦਰ ਯਾਦਾਂ ਨੂੰ ਸਹੀ ਤਰੀਕੇ ਨਾਲ ਸੰਭਾਲਣ ਅਤੇ ਉਨ੍ਹਾਂ ਨੂੰ ਲੰਬੇ ਸਮੇਂ ਤੱਕ ਬਰਕਰਾਰ ਰੱਖਣ ਦੀ ਅਸਾਧਾਰਣ ਸਮਰੱਥਾ ਹੁੰਦੀ ਹੈ।”
ਉਹ ਦੱਸਦੇ ਹਨ ਕਿ ਦਿਮਾਗ਼ ਉਨ੍ਹਾਂ ਗੱਲਾਂ ਅਤੇ ਘਟਨਾਵਾਂ ਨੂੰ ਵਧੇਰੇ ਚੰਗੀ ਤਰ੍ਹਾਂ ਯਾਦ ਰੱਖਦਾ ਹੈ, ਜੋ ਭਾਵਨਾਵਾਂ ਅਤੇ ਅਹਿਸਾਸਾਂ ਨਾਲ ਜੁੜੀਆਂ ਹੁੰਦੀਆਂ ਹਨ।
ਉਨ੍ਹਾਂ ਦੇ ਮੁਤਾਬਕ, ਜਦੋਂ ਕੋਈ ਘਟਨਾ ਪਹਿਲੀ ਵਾਰ ਹੁੰਦੀ ਹੈ, ਜ਼ਿੰਦਗੀ ‘ਤੇ ਡੂੰਘਾ ਅਸਰ ਪਾਉਂਦੀ ਹੈ ਜਾਂ ਦੁੱਖ, ਪੀੜ ਅਤੇ ਬੇਚੈਨੀ ਵਰਗੀਆਂ ਗਹਿਰੀਆਂ ਭਾਵਨਾਵਾਂ ਪੈਦਾ ਕਰਦੀ ਹੈ, ਤਾਂ ਉਸ ਦੇ ਲੰਬੇ ਸਮੇਂ ਤੱਕ ਯਾਦ ਰਹਿਣ ਦੀ ਸੰਭਾਵਨਾ ਵਧ ਜਾਂਦੀ ਹੈ।
ਇਸ ਤੋਂ ਇਲਾਵਾ, ਕਿਸੇ ਯਾਦ ਨੂੰ ਜਿੰਨੀ ਵਾਰ ਦੁਹਰਾਇਆ ਜਾਵੇ ਅਤੇ ਯਾਦ ਕੀਤਾ ਜਾਵੇ, ਉਸ ਯਾਦ ਦੇ ਦਿਮਾਗ਼ ਵਿੱਚ ਬਣੇ ਰਹਿਣ ਦੀ ਸੰਭਾਵਨਾ ਵੀ ਓਨੀ ਹੀ ਵਧ ਜਾਂਦੀ ਹੈ।
ਇਹੀ ਕਾਰਨ ਹੈ ਕਿ ਭਾਵਨਾਤਮਕ ਤਜਰਬੇ ਅਕਸਰ ਸਭ ਤੋਂ ਲੰਬੇ ਸਮੇਂ ਤੱਕ ਯਾਦ ਰਹਿੰਦੇ ਹਨ।
ਪ੍ਰੋਫੈਸਰ ਲੋਵੀ ਕਹਿੰਦੇ ਹਨ, “ਹਰ ਵਾਰ ਜਦੋਂ ਅਸੀਂ ਇਨ੍ਹਾਂ ਤਜਰਬਿਆਂ ਅਤੇ ਯਾਦਾਂ ਨੂੰ ਫਿਰ ਤੋਂ ਯਾਦ ਕਰਦੇ ਹਾਂ, ਤਾਂ ਉਨ੍ਹਾਂ ਨਾਲ ਜੁੜੇ ਨਿਊਰਲ ਕਨੈਕਸ਼ਨ ਹੋਰ ਮਜ਼ਬੂਤ ਹੋ ਜਾਂਦੇ ਹਨ।”
ਅੱਲੜ ਉਮਰ ‘ਚ ਹਾਰਮੋਨ ਪਹਿਲੇ ਪਿਆਰ ਨੂੰ ਇੰਨਾ ਗਹਿਰਾ ਕਿਉਂ ਬਣਾ ਦਿੰਦੇ ਹਨ?
ਤਸਵੀਰ ਸਰੋਤ, Getty Images
ਚਾਹੇ ਉਹ ਖੁਸ਼ੀ ਅਤੇ ਰੋਮਾਂਚ ਹੋਵੇ ਜਾਂ ਦਿਲ ਟੁੱਟਣ ਦਾ ਦਰਦ, ਪਹਿਲੇ ਪਿਆਰ ਨਾਲ ਜੁੜੇ ਅਹਿਸਾਸ ਅਕਸਰ ਬਹੁਤ ਗਹਿਰੇ ਅਤੇ ਅਸਰਦਾਰ ਹੁੰਦੇ ਹਨ।
ਕੈਥਰੀਨ ਲੋਵੀ ਦੇ ਮੁਤਾਬਕ, ਕਿਸ਼ੋਰ ਅਵਸਥਾ ਦੌਰਾਨ ਸਰੀਰ ਅਤੇ ਦਿਮਾਗ਼ ਵਿੱਚ ਕਈ ਹਾਰਮੋਨ ਅਤੇ ਰਸਾਇਣਕ ਪਦਾਰਥ ਐਕਟਿਵ ਹੋ ਜਾਂਦੇ ਹਨ। ਇਹੀ ਚੀਜ਼ਾਂ ਤੀਬਰ ਭਾਵਨਾਵਾਂ ਨੂੰ ਜਨਮ ਦਿੰਦੀਆਂ ਹਨ।
ਸਭ ਤੋਂ ਪਹਿਲਾਂ ਐਸਟ੍ਰੋਜਨ ਅਤੇ ਟੈਸਟੋਸਟੇਰੋਨ ਵਰਗੇ ਹਾਰਮੋਨਾਂ ਵਿੱਚ ਵਾਧਾ ਭਾਵਨਾਤਮਕ ਆਕਰਸ਼ਣ ਪੈਦਾ ਕਰਦਾ ਹੈ।
ਇਸ ਤੋਂ ਬਾਅਦ ਜਦੋਂ ਕੋਈ ਰਿਸ਼ਤਾ ਬਣਨਾ ਸ਼ੁਰੂ ਹੁੰਦਾ ਹੈ, ਤਾਂ ਦਿਮਾਗ਼ ਵਿੱਚ ਸੈਰੋਟੋਨਿਨ, ਡੋਪਾਮਿਨ ਅਤੇ ਆਕਸੀਟੋਸਿਨ ਵਰਗੇ ਰਸਾਇਣ ਨਿਕਲਦੇ ਹਨ।
ਇਹ ਰਸਾਇਣ ਖੁਸ਼ੀ, ਇਨਾਮ ਮਿਲਣ ਵਰਗੇ ਅਹਿਸਾਸ, ਭਾਵਨਾਤਮਕ ਜੁੜਾਅ ਅਤੇ ਕਰੀਬੀ ਰਿਸ਼ਤਿਆਂ ਨਾਲ ਜੁੜੇ ਹੁੰਦੇ ਹਨ।
ਪਹਿਲਾ ਪਿਆਰ ਰਿਸ਼ਤਿਆਂ ਨੂੰ ਸਮਝਣ ਦੀ ਸ਼ੁਰੂਆਤ ਵੀ ਹੁੰਦਾ ਹੈ। ਸਭ ਤੋਂ ਬੁਨਿਆਦੀ ਪੱਧਰ ‘ਤੇ ਮਨੁੱਖੀ ਰਿਸ਼ਤੇ ਸਾਡੀ ਜ਼ਿੰਦਗੀ ਅਤੇ ਸਮਾਜਿਕ ਹੋਂਦ ਨਾਲ ਜੁੜੇ ਹੁੰਦੇ ਹਨ।
ਕਿਸੇ ਨੌਜਵਾਨ ਲਈ ਪਹਿਲਾ ਪ੍ਰੇਮ ਸੰਬੰਧ ਇੱਕ ਮਹੱਤਵਪੂਰਨ ਪੜਾਅ ਹੁੰਦਾ ਹੈ। ਕਿਉਂਕਿ ਉਹ ਪਹਿਲੀ ਵਾਰ ਆਪਣੇ ਪਰਿਵਾਰ ਅਤੇ ਸੀਮਿਤ ਸਮਾਜਿਕ ਦਾਇਰੇ ਤੋਂ ਬਾਹਰ ਕਿਸੇ ਵਿਅਕਤੀ ਨਾਲ ਡੂੰਘਾ ਭਾਵਨਾਤਮਕ ਰਿਸ਼ਤਾ ਬਣਾ ਰਿਹਾ ਹੁੰਦਾ ਹੈ।
ਕੈਥਰੀਨ ਲੋਵੀ ਪਹਿਲੇ ਪਿਆਰ ਨੂੰ “ਇਨਸਾਨੀ ਰਿਸ਼ਤਿਆਂ ਨਾਲ ਜੁੜੇ ਜੀਵਨ ਦੇ ਸਭ ਤੋਂ ਮਹੱਤਵਪੂਰਨ ਤਜਰਬਿਆਂ ਵਿੱਚੋਂ ਇੱਕ” ਮੰਨਦੇ ਹਨ।
ਉਹ ਕਹਿੰਦੇ ਹਨ, “ਸਾਨੂੰ ਆਪਣੇ ਜਾਣ-ਪਛਾਣ ਵਾਲੇ ਦਾਇਰੇ ਤੋਂ ਬਾਹਰ ਕਿਸੇ ਵਿਅਕਤੀ ‘ਤੇ ਭਰੋਸਾ ਕਰਨਾ ਸਿੱਖਣਾ ਪੈਂਦਾ ਹੈ। ਅਸੀਂ ਇੱਕ ਨਵੀਂ ਦਿਸ਼ਾ ਵੱਲ ਕਦਮ ਵਧਾਉਣਾ ਹੁੰਦਾ ਹੈ।”
ਉਨ੍ਹਾਂ ਮੁਤਾਬਕ, ਪਹਿਲਾ ਪਿਆਰ ਸਿਰਫ਼ ਇੱਕ ਭਾਵਨਾਤਮਕ ਤਜਰਬਾ ਨਹੀਂ ਹੈ। ਇਹ ਉਹ ਪ੍ਰਕਿਰਿਆ ਵੀ ਹੈ, ਜਿਸ ਵਿੱਚ ਇਨਸਾਨ ਭਰੋਸਾ ਕਰਨਾ, ਕਰੀਬੀ ਮਹਿਸੂਸ ਕਰਨਾ ਅਤੇ ਨਵੇਂ ਰਿਸ਼ਤੇ ਬਣਾਉਣਾ ਸਿੱਖਦਾ ਹੈ।
ਪੁਰਾਣਾ ਪਿਆਰ ਦੁਬਾਰਾ ਮਿਲਣ ‘ਤੇ ਕੀ ਹੁੰਦਾ ਹੈ?
ਤਸਵੀਰ ਸਰੋਤ, Getty Images
1993 ਵਿੱਚ ਅਮਰੀਕੀ ਮਨੋਵਿਗਿਆਨੀ ਡਾਕਟਰ ਨੈਂਸੀ ਕਾਲਿਸ਼ ਨੇ ਉਨ੍ਹਾਂ ਲੋਕਾਂ ‘ਤੇ ਅਧਿਐਨ ਕੀਤਾ, ਜਿਨ੍ਹਾਂ ਨੇ ਕਈ ਸਾਲਾਂ ਬਾਅਦ ਆਪਣੇ ਪੁਰਾਣੇ ਪ੍ਰੇਮੀ ਜਾਂ ਪ੍ਰੇਮਿਕਾਵਾਂ ਨਾਲ ਸੰਪਰਕ ਕੀਤਾ ਸੀ।
ਇਨ੍ਹਾਂ ਲੋਕਾਂ ਵਿੱਚ ਜ਼ਿਆਦਾਤਰ ਜਾਂ ਤਾਂ ਅਣਵਿਆਹੇ ਸਨ ਜਾਂ ਆਪਣੇ ਜੀਵਨਸਾਥੀ ਨੂੰ ਗੁਆ ਚੁੱਕੇ ਸਨ।
ਕਈ ਜੋੜਿਆਂ ਨੇ ਕੁਝ ਹੀ ਹਫ਼ਤਿਆਂ ਦੇ ਅੰਦਰ ਆਪਣਾ ਰਿਸ਼ਤਾ ਮੁੜ ਸ਼ੁਰੂ ਕਰ ਲਿਆ। ਇਨ੍ਹਾਂ ਵਿੱਚੋਂ 72 ਫ਼ੀਸਦੀ ਲੋਕਾਂ ਨੇ ਬਾਅਦ ਵਿੱਚ ਇੱਕ-ਦੂਜੇ ਨਾਲ ਵਿਆਹ ਵੀ ਕਰ ਲਿਆ।
ਇੰਟਰਨੈੱਟ ਆਉਣ ਤੋਂ ਬਾਅਦ ਪੁਰਾਣੇ ਪਿਆਰਾਂ ਨੂੰ ਲੱਭਣਾ ਅਤੇ ਉਨ੍ਹਾਂ ਨਾਲ ਸੰਪਰਕ ਕਰਨਾ ਪਹਿਲਾਂ ਦੇ ਮੁਕਾਬਲੇ ਕਿਤੇ ਜ਼ਿਆਦਾ ਸੌਖਾ ਹੋ ਗਿਆ।
ਸਾਲ 2004 ਵਿੱਚ ਕੀਤੇ ਗਏ ਇੱਕ ਦੂਜੇ ਅਧਿਐਨ ਵਿੱਚ ਨੈਂਸੀ ਕਾਲਿਸ਼ ਨੇ ਪਾਇਆ ਕਿ ਆਪਣੇ ਪੁਰਾਣੇ ਪ੍ਰੇਮੀ ਜਾਂ ਪ੍ਰੇਮਿਕਾਵਾਂ ਨਾਲ ਦੁਬਾਰਾ ਸੰਪਰਕ ਕਰਨ ਵਾਲੇ 62 ਫ਼ੀਸਦੀ ਲੋਕ ਉਨ੍ਹਾਂ ਨਾਲ ਪ੍ਰੇਮ ਸੰਬੰਧ ਵਿੱਚ ਆ ਗਏ ਸਨ।
ਹਾਲਾਂਕਿ, ਇਨ੍ਹਾਂ ਵਿੱਚੋਂ ਸਿਰਫ਼ ਪੰਜ ਫ਼ੀਸਦੀ ਰਿਸ਼ਤੇ ਵਿਆਹ ਤੱਕ ਪਹੁੰਚ ਸਕੇ।
ਪਹਿਲਾ ਪਿਆਰ ਸਾਲਾਂ ਤੱਕ ਯਾਦ ਕਿਉਂ ਰਹਿੰਦਾ ਹੈ?

ਕੈਥਰੀਨ ਲੋਵੀ ਦਾ ਅਧਿਐਨ ਸਿਰਫ਼ ਪਹਿਲੇ ਪਿਆਰ ਤੱਕ ਸੀਮਿਤ ਨਹੀਂ ਹੈ। ਉਹ ਲੋਕਾਂ ਦੀ ਪੂਰੀ ਜ਼ਿੰਦਗੀ ਦੀਆਂ ਯਾਦਾਂ ਦਾ ਅਧਿਐਨ ਕਰਦੇ ਹਨ।
ਪਰ ਉਨ੍ਹਾਂ ਦਾ ਕਹਿਣਾ ਹੈ ਕਿ ਪਹਿਲੇ ਪਿਆਰ ਦੀਆਂ ਯਾਦਾਂ ਦਾ ਇੱਕ ਵੱਖਰਾ ਹੀ ਸਥਾਨ ਹੁੰਦਾ ਹੈ।
ਉਹ ਕਹਿੰਦੇ ਹਨ, “ਮੈਂ 70 ਅਤੇ 80 ਸਾਲ ਦੀ ਉਮਰ ਦੇ ਲੋਕਾਂ ਨਾਲ ਵੀ ਗੱਲ ਕੀਤੀ ਹੈ। ਉਨ੍ਹਾਂ ਵਿੱਚੋਂ ਕਈ ਲੋਕ ਅੱਜ ਵੀ ਆਪਣੇ ਪਹਿਲੇ ਪਿਆਰ ਨਾਲ ਜੁੜੀਆਂ ਯਾਦਾਂ ਨੂੰ ਜ਼ਿੰਦਗੀ ਦੀਆਂ ਸਭ ਤੋਂ ਸਪੱਸ਼ਟ ਅਤੇ ਮਹੱਤਵਪੂਰਨ ਯਾਦਾਂ ਵਿੱਚ ਗਿਣਦੇ ਹਨ।”
ਉਨ੍ਹਾਂ ਮੁਤਾਬਕ, ਬਹੁਤ ਸਾਰੇ ਲੋਕਾਂ ਲਈ ਪਹਿਲਾ ਪਿਆਰ ਸਿਰਫ਼ ਅਤੀਤ ਦਾ ਇੱਕ ਹਿੱਸਾ ਨਹੀਂ ਹੁੰਦਾ।
ਇਹ ਇੱਕ ਅਜਿਹਾ ਤਜਰਬਾ ਹੁੰਦਾ ਹੈ, ਜੋ ਕਈ ਸਾਲਾਂ ਅਤੇ ਕਈ ਵਾਰ ਕਈ ਦਹਾਕਿਆਂ ਤੱਕ ਉਨ੍ਹਾਂ ਦੇ ਮਨ ਅਤੇ ਭਾਵਨਾਵਾਂ ਵਿੱਚ ਜਿਉਂਦਾ ਰਹਿੰਦਾ ਹੈ।
ਪੁਰਾਣੀਆਂ ਮੁਹੱਬਤਾਂ ਦੀਆਂ ਯਾਦਾਂ ਮੌਜੂਦਾ ਰਿਸ਼ਤਿਆਂ ਨੂੰ ਕਿਵੇਂ ਮਜ਼ਬੂਤ ਕਰ ਸਕਦੀਆਂ ਹਨ?
ਤਸਵੀਰ ਸਰੋਤ, Getty Images
ਪੁਰਾਣੇ ਪਿਆਰ ਜਾਂ ਮੁਹੱਬਤ ਨੂੰ ਯਾਦ ਕਰਨਾ ਹਮੇਸ਼ਾ ਗੁਆਚੇ ਹੋਏ ਰਿਸ਼ਤੇ ਦੀ ਇੱਛਾ ਦਾ ਸੰਕੇਤ ਨਹੀਂ ਹੁੰਦਾ।
ਸਗੋਂ ਇਹ ਮੌਜੂਦਾ ਰਿਸ਼ਤਿਆਂ ਨੂੰ ਵੀ ਮਜ਼ਬੂਤ ਬਣਾ ਸਕਦਾ ਹੈ।
ਯੂਨੀਵਰਸਿਟੀ ਆਫ਼ ਹਿਊਸਟਨ ਦੇ ਪ੍ਰੋਫੈਸਰ ਐਡਮ ਫ਼ੇਟਰਮੈਨ ਇੱਕ ਧਾਰਣਾ ‘ਤੇ ਅਧਿਐਨ ਕਰਦੇ ਹਨ, ਜਿਸ ਨੂੰ ਉਹ “ਰੋਮਾਂਟਿਕ ਨੌਸਟੈਲਜੀਆ” ਕਹਿੰਦੇ ਹਨ।
ਉਨ੍ਹਾਂ ਮੁਤਾਬਕ, ਇਹ ਅਤੀਤ ਲਈ ਲਗਾਅ ਅਤੇ ਪਿਆਰ ਦਾ ਅਜਿਹਾ ਭਾਵ ਹੈ, ਜੋ ਮੌਜੂਦਾ ਰਿਸ਼ਤੇ ਦੇ ਸੰਦਰਭ ਵਿੱਚ ਪੈਦਾ ਹੁੰਦਾ ਹੈ।
ਫ਼ੇਟਰਮੈਨ ਕਹਿੰਦੇ ਹਨ ਕਿ ਕਿਸੇ ਰਿਸ਼ਤੇ ਦੇ ਖ਼ਾਸ ਪਲਾਂ ਨੂੰ ਦੁਬਾਰਾ ਯਾਦ ਕਰਨਾ, ਜਿਵੇਂ ਪਹਿਲੀ ਮੁਲਾਕਾਤ ਵਿੱਚ ਦੇਖੀ ਗਈ ਫ਼ਿਲਮ ਨੂੰ ਫਿਰ ਇਕੱਠੇ ਦੇਖਣਾ, ਲੋਕਾਂ ਨੂੰ ਉਨ੍ਹਾਂ ਸੁੱਖ ਭਰੀਆਂ ਭਾਵਨਾਵਾਂ ਨੂੰ ਦੁਬਾਰਾ ਮਹਿਸੂਸ ਕਰਨ ਵਿੱਚ ਮਦਦ ਕਰ ਸਕਦਾ ਹੈ।
ਉਨ੍ਹਾਂ ਮੁਤਾਬਕ, ਜੋ ਲੋਕ ਆਪਣੇ ਰਿਸ਼ਤਿਆਂ ਦੀਆਂ ਅਜਿਹੀਆਂ ਸਾਂਝੀਆਂ ਯਾਦਾਂ ਨੂੰ ਵਧੇਰੇ ਯਾਦ ਕਰਦੇ ਹਨ, ਉਹ ਆਪਣੇ ਸਾਥੀ ਨਾਲ ਭਾਵਨਾਤਮਕ ਤੌਰ ‘ਤੇ ਵਧੇਰੇ ਜੁੜਾਅ ਮਹਿਸੂਸ ਕਰਦੇ ਹਨ। ਇਸ ਨਾਲ ਪਿਆਰ ਅਤੇ ਅਪਣੱਤ ਵੀ ਵਧਦੇ ਹਨ।
ਪਹਿਲੀ ਨਜ਼ਰ ਦਾ ਪਿਆਰ ਅਤੇ ਯਾਦਾਂ
ਤਸਵੀਰ ਸਰੋਤ, Getty Images
ਕੇਟ ਅਤੇ ਗੁੰਟਰ ਦੀ ਮੁਲਾਕਾਤ 1989 ਵਿੱਚ ਹੋਈ ਸੀ। ਦੋਵੇਂ ਉਸ ਸਮੇਂ ਬ੍ਰਿਟੇਨ ਦੇ ਡੇਵਾਨ ਵਿੱਚ ਛੁੱਟੀਆਂ ਬਿਤਾ ਰਹੇ ਸਨ।
ਉਨ੍ਹਾਂ ਨੂੰ ਪਹਿਲੀ ਨਜ਼ਰ ਵਿੱਚ ਹੀ ਇੱਕ-ਦੂਜੇ ਨਾਲ ਪਿਆਰ ਹੋ ਗਿਆ।
ਪਰ ਗੁੰਟਰ ਨੂੰ ਜਰਮਨੀ ਵਾਪਸ ਜਾਣਾ ਪਿਆ। ਦੋਵੇਂ ਮਿਲਦੇ ਰਹੇ ਅਤੇ ਚਿੱਠੀਆਂ ਰਾਹੀਂ ਸੰਪਰਕ ਬਣਾਈ ਰੱਖਿਆ। ਫਿਰ ਵੀ ਉਹ ਇਕੱਠੇ ਰਹਿਣ ਦਾ ਕੋਈ ਰਸਤਾ ਨਹੀਂ ਲੱਭ ਸਕੇ।
ਕੇਟ ਕਹਿੰਦੇ ਹਨ, “ਉਨ੍ਹਾਂ ਨੂੰ ਇਹ ਦੱਸਣਾ ਕਿ ਮੈਂ ਉਨ੍ਹਾਂ ਨਾਲ ਨਹੀਂ ਰਹਿ ਸਕਦੀ, ਮੇਰੀ ਜ਼ਿੰਦਗੀ ਦਾ ਸਭ ਤੋਂ ਔਖਾ ਫ਼ੈਸਲਾ ਸੀ।”
ਕਰੀਬ ਦੋ ਸਾਲ ਤੱਕ ਰਿਸ਼ਤੇ ਵਿੱਚ ਰਹਿਣ ਤੋਂ ਬਾਅਦ ਦੋਵਾਂ ਨੇ ਬਹੁਤ ਭਰੇ ਮਨ ਨਾਲ ਵੱਖ ਹੋਣ ਦਾ ਫ਼ੈਸਲਾ ਕਰ ਲਿਆ।
ਕਰੀਬ 30 ਸਾਲ ਬਾਅਦ ਕੇਟ ਨੂੰ ਅਲਮਾਰੀ ਵਿੱਚ ਗੁੰਟਰ ਦੀਆਂ ਪੁਰਾਣੀਆਂ ਚਿੱਠੀਆਂ ਮਿਲੀਆਂ। ਉਨ੍ਹਾਂ ਨਾਲ ਜੁੜੀਆਂ ਸਾਰੀਆਂ ਯਾਦਾਂ ਫਿਰ ਤਾਜ਼ਾ ਹੋ ਗਈਆਂ।
ਉਹ ਕਹਿੰਦੇ ਹਨ, “ਮੈਂ ਲਗਾਤਾਰ ਰੋਂਦੀ ਰਹੀ।”
ਫਿਰ ਉਨ੍ਹਾਂ ਨੇ ਸੋਚਿਆ, “ਮੈਂ ਇੱਕ ਸ਼ਾਨਦਾਰ ਇਨਸਾਨ ਦਾ ਦਿਲ ਤੋੜ ਦਿੱਤਾ ਅਤੇ ਕਦੇ ਉਸ ਨੂੰ ਇਸ ਦੀ ਵਜ੍ਹਾ ਵੀ ਨਹੀਂ ਦੱਸੀ।”
ਉਨ੍ਹਾਂ ਨੇ ਗੁੰਟਰ ਦੇ ਫੈਮਿਲੀ ਬਿਜ਼ਨਸ ਦਾ ਪਤਾ ਲੱਭਿਆ ਅਤੇ ਉਨ੍ਹਾਂ ਨੂੰ ਇੱਕ ਚਿੱਠੀ ਲਿਖੀ। ਉਨ੍ਹਾਂ ਨੂੰ ਕਿਸੇ ਜਵਾਬ ਦੀ ਉਮੀਦ ਨਹੀਂ ਸੀ।
ਪਰ ਗੁੰਟਰ ਨੇ ਜਵਾਬ ਦਿੱਤਾ।
ਕੇਟ ਯਾਦ ਕਰਦੇ ਕਹਿੰਦੀ ਹਨ, “22 ਨਵੰਬਰ ਨੂੰ ਦੁਪਹਿਰ 12 ਵੱਜ ਕੇ 36 ਮਿੰਟ ‘ਤੇ ਫ਼ੋਨ ਦੀ ਘੰਟੀ ਵੱਜੀ। ਜਦੋਂ ਮੈਂ ਦੇਖਿਆ ਕਿ ਕਾਲ ਜਰਮਨੀ ਤੋਂ ਹੈ, ਤਾਂ ਮੇਰੀ ਧੜਕਨ ਤੇਜ਼ ਹੋ ਗਈ।”
ਦੋਵਾਂ ਨੇ ਘੰਟਿਆਂ ਤੱਕ ਗੱਲਾਂ ਕੀਤੀਆਂ। ਕੁਝ ਹਫ਼ਤਿਆਂ ਬਾਅਦ ਗੁੰਟਰ ਉਨ੍ਹਾਂ ਨੂੰ ਮਿਲਣ ਮੈਨਚੈਸਟਰ ਪਹੁੰਚ ਗਏ।
ਕੇਟ ਕਹਿੰਦੇ ਹਨ, “ਜਦੋਂ ਮੈਂ ਉਨ੍ਹਾਂ ਨੂੰ ਦੇਖਿਆ ਤਾਂ ਅਜਿਹਾ ਲੱਗਿਆ ਜਿਵੇਂ ਅਸੀਂ ਕਦੇ ਵੱਖ ਹੋਏ ਹੀ ਨਹੀਂ ਸੀ।”
ਬਾਅਦ ਵਿੱਚ ਗੁੰਟਰ ਉਨ੍ਹਾਂ ਨੂੰ ਉਸੇ ਪਹਾੜੀ ‘ਤੇ ਲੈ ਗਏ, ਜਿੱਥੇ ਦੋਵੇਂ 30 ਸਾਲ ਪਹਿਲਾਂ ਇਕੱਠੇ ਚੜ੍ਹੇ ਸਨ। ਉੱਥੇ ਹੀ ਉਨ੍ਹਾਂ ਨੇ ਵਿਆਹ ਲਈ ਪੁੱਛਿਆ।
ਇਸ ਤੋਂ ਬਾਅਦ ਦੋਵਾਂ ਨੇ ਵਿਆਹ ਕਰ ਲਿਆ।
ਕੇਟ ਕਹਿੰਦੇ ਹਨ, “ਜ਼ਿੰਦਗੀ ਵਿੱਚ ਹਰ ਕਿਸੇ ਨੂੰ ਦੂਜਾ ਮੌਕਾ ਨਹੀਂ ਮਿਲਦਾ। ਪਰ ਹੁਣ ਜਦੋਂ ਮੈਂ ਉਨ੍ਹਾਂ ਨੂੰ ਦੇਖਦੀ ਹਾਂ, ਤਾਂ ਮੈਨੂੰ ਕਿਸੇ ਗੱਲ ਦਾ ਅਫ਼ਸੋਸ ਨਹੀਂ ਹੁੰਦਾ।”
ਗੁੰਟਰ ਵੀ ਇਸ ਨਾਲ ਸਹਿਮਤ ਹਨ। ਉਹ ਕਹਿੰਦੇ ਹਨ, “ਮੈਂ ਉਨ੍ਹਾਂ ਨੂੰ ਹੁਣ ਦੁਬਾਰਾ ਨਹੀਂ ਗੁਆਚਣ ਦਿਆਂਗਾ।”
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI




