Home rss national punjabi2ਰਾਸ਼ਟਰੀ ਖ਼ਬਰਾਂ ਅਮਰੀਕਾ ਦੇ ਹਜ਼ਾਰਾਂ ਫੌਜੀ ਥਾਈਲੈਂਡ ਦੇ ਬਜ਼ਾਰਾਂ ਵਿੱਚ ਕਿਉਂ ਘੁੰਮ ਰਹੇ ਹਨ,...

ਅਮਰੀਕਾ ਦੇ ਹਜ਼ਾਰਾਂ ਫੌਜੀ ਥਾਈਲੈਂਡ ਦੇ ਬਜ਼ਾਰਾਂ ਵਿੱਚ ਕਿਉਂ ਘੁੰਮ ਰਹੇ ਹਨ, ਉਹ ਇੱਥੇ ਕਿਵੇਂ ਪਹੁੰਚੇ

4
0

Source :- BBC PUNJABI

ਅਮਰੀਕੀ ਨੇਵੀ ਦੇ ਜਵਾਨ ਬੁੱਧਵਾਰ ਨੂੰ ਥਾਈਲੈਂਡ ਪਹੁੰਚੇ

ਤਸਵੀਰ ਸਰੋਤ, Reuters

ਅਮਰੀਕਾ ਦਾ ਮਸ਼ਹੂਰ ਜੰਗੀ ਬੇੜਾ ਯੂਐੱਸਐੱਸ ਅਬ੍ਰਾਹਮ ਲਿੰਕਨ ਥਾਈਲੈਂਡ ਪਹੁੰਚਿਆ ਹੈ। ਥਾਈਲੈਂਡ ਦੇ ਮਸ਼ਹੂਰ ਸਮੁੰਦਰੀ ਸੈਰ-ਸਪਾਟਾ ਸਥਾਨ ਪਟਾਯਾ ਦੇ ਬਾਰਾਂ ਅਤੇ ਮਨੋਰੰਜਨ ਦੇ ਅੱਡਿਆਂ ਵਿੱਚ ਜਾਣ ਦੀ ਬਜਾਏ, ਸ਼ੁਰੂਆਤੀ ਘੰਟਿਆਂ ਵਿੱਚ ਯੂਐੱਸਐੱਸ ਅਬ੍ਰਾਹਮ ਲਿੰਕਨ ਦੇ ਲਗਭਗ 5,000 ਮਲਾਹਾਂ ਵਿੱਚੋਂ ਜ਼ਿਆਦਾਤਰ ਖਰੀਦਦਾਰੀ ਕਰਦੇ ਨਜ਼ਰ ਆਏ।

ਬੇੜੇ ਤੋਂ ਉਤਰ ਕੇ ਮਲਾਹ ਸਮੁੰਦਰੀ ਤੱਟ ‘ਤੇ ਸਥਿਤ ਦੋ ਹੋਟਲਾਂ ਵਿੱਚ ਠਹਿਰੇ ਹਨ। ਇਨ੍ਹਾਂ ਵਿੱਚੋਂ ਇੱਕ ਹਾਰਡ ਰੌਕ ਹੋਟਲ ਵਿੱਚ ਉਹ ਆਪਣੀਆਂ ਹਾਲ ਹੀ ਵਿੱਚ ਖਰੀਦੀਆਂ ਚੀਜ਼ਾਂ ਲੈਕੇ ਇੱਧਰ-ਉੱਧਰ ਘੁੰਮ ਰਹੇ ਸਨ।

ਇੰਝ ਲੱਗਦਾ ਹੈ ਕਿ ਜੰਗੀ ਬੇੜੇ ਦੇ ਅੰਦਰ ਰਿਕਾਰਡ 250 ਦਿਨਾਂ ਤੱਕ ਬੰਦ ਰਹਿਣ ਤੋਂ ਬਾਅਦ, ਸ਼ਾਪਿੰਗ ਮਾਲ ‘ਚ ਘੁੰਮਣ ਵਰਗੀਆਂ ਆਮ ਚੀਜ਼ਾਂ ਸ਼ਾਇਦ ਇਸ ਵੇਲੇ ਉਨ੍ਹਾਂ ਲਈ ਸਭ ਤੋਂ ਖਾਸ ਅਤੇ ਜ਼ਰੂਰੀ ਸਨ।

ਇਹ ਅਮਰੀਕੀ ਜੰਗੀ ਬੇੜਾ ਪਿਛਲੇ ਸਾਲ ਨਵੰਬਰ ਮਹੀਨੇ ਵਿੱਚ ਸੈਨ ਡੀਏਗੋ ਤੋਂ ਇੱਕ ਮਿਸ਼ਨ ਲਈ ਰਵਾਨਾ ਹੋਇਆ ਸੀ, ਜਿਸ ਨੇ ਸ਼ੁਰੂ ਵਿੱਚ ਪ੍ਰਸ਼ਾਂਤ ਮਹਾਸਾਗਰ ਅਤੇ ਦੱਖਣੀ ਚੀਨ ਸਾਗਰ ਵਿੱਚ ਛੇ ਮਹੀਨਿਆਂ ਤੱਕ ਚੱਲਣਾ ਸੀ।

ਪਰ ਫਰਵਰੀ ਦੇ ਅਖੀਰ ਵਿੱਚ ਅਮਰੀਕਾ ਅਤੇ ਇਜ਼ਰਾਈਲ ਵੱਲੋਂ ਈਰਾਨ ਖ਼ਿਲਾਫ਼ ਫੌਜੀ ਆਪ੍ਰੇਸ਼ਨ ਸ਼ੁਰੂ ਕਰਨ ਤੋਂ ਬਾਅਦ ਜਹਾਜ਼ ਨੂੰ ਖਾੜੀ ਵੱਲ ਮੋੜ ਦਿੱਤਾ ਗਿਆ।

ਜੰਗੀ ਬੇੜੇ ਦੇ ਮਲਾਹ ਆਪਣੇ ਮਿਲਟਰੀ ਹੇਅਰਕਟ, ਮੁੱਛਾਂ ਅਤੇ ਨੇਵੀ ਟੀ-ਸ਼ਰਟਾਂ ਦੇ ਨਾਲ, ਫਲਿੱਪ-ਫਲੌਪ (ਚੱਪਲਾਂ) ਅਤੇ ਬੀਚਵੇਅਰ ਪਹਿਨੇ ਹੋਏ ਪਟਾਯਾ ਦੀ ਆਮ ਭੀੜ ਨਾਲੋਂ ਵੱਖਰੇ ਨਜ਼ਰ ਆ ਰਹੇ ਸਨ।

ਥਾਈਲੈਂਡ ਵਿੱਚ ਦੇਹ ਵਪਾਰ ਤਕਨੀਕੀ ਤੌਰ ‘ਤੇ ਗੈਰ-ਕਾਨੂੰਨੀ

ਪਟਾਯਾ ਆਪਣੀ ਰੰਗੀਨ ਅਤੇ ਜਗਮਗਾਉਂਦੀ ਨਾਈਟਲਾਈਫ਼ ਲਈ ਮਸ਼ਹੂਰ ਹੈ

ਹਾਲਾਂਕਿ, ਰਾਤ ਦੇ ਸਮੇਂ ਇਹ ਸ਼ਹਿਰ ਆਪਣੇ ਅਸਲੀ ਰੂਪ ਵਿੱਚ ਆ ਜਾਂਦਾ ਹੈ, ਜਦੋਂ ਇਹ ਨਿਓਨ ਲਾਈਟਾਂ, ਸ਼ੋਰ ਅਤੇ ਰੰਗ-ਬਿਰੰਗੇ ਬਾਰਾਂ ਵਾਲੀ ਤਸਵੀਰ ਪੇਸ਼ ਕਰਦਾ ਹੈ।

ਯੂਐੱਸਐੱਸ ਅਬ੍ਰਾਹਮ ਲਿੰਕਨ ਆਖਰੀ ਵਾਰ ਮੱਧ ਪੂਰਬ ਵਿੱਚ ਤਾਇਨਾਤ ਸੀ। ਮੱਧ ਪੂਰਬ ਵਿੱਚ ਛਿੜੀ ਜੰਗ ਨਾਲ ਪਟਾਯਾ ਦੇ ਸੈਰ-ਸਪਾਟਾ ਉਦਯੋਗ ਨੂੰ ਭਾਰੀ ਨੁਕਸਾਨ ਹੋਇਆ ਹੈ। ਸ਼ਹਿਰ ਜਿਨ੍ਹਾਂ ਸੈਲਾਨੀਆਂ ‘ਤੇ ਨਿਰਭਰ ਕਰਦਾ ਹੈ, ਉਨ੍ਹਾਂ ਵਿੱਚੋਂ ਕਈ ਲੋਕ ਘਰ ਵਿੱਚ ਹੀ ਰਹਿਣਾ ਪਸੰਦ ਕਰ ਰਹੇ ਹਨ।

ਸਥਾਨਕ ਕਾਰੋਬਾਰੀਆਂ ਨੂੰ ਉਮੀਦ ਸੀ ਕਿ ਸਮੁੰਦਰ ਵਿੱਚ ਰਹਿੰਦੇ ਹੋਏ ਨੌਂ ਮਹੀਨਿਆਂ ਦੀ ਬਚੀ ਹੋਈ ਤਨਖ਼ਾਹ ਲੈਕੇ ਆਉਣ ਵਾਲੇ ਅਮਰੀਕੀ ਮਲਾਹਾਂ ਤੋਂ ਉਨ੍ਹਾਂ ਨੂੰ ਬਹੁਤ ਲੋੜੀਂਦੀ ਮਦਦ ਮਿਲੇਗੀ।

ਬੁੱਧਵਾਰ ਰਾਤ ਨੂੰ ਸ਼ਹਿਰ ਦੀ ਸਭ ਤੋਂ ਮਸ਼ਹੂਰ ਸੈਰਗਾਹ, ਵਾਕਿੰਗ ਸਟ੍ਰੀਟ, ਉਨ੍ਹਾਂ ਲਈ ਪੂਰੀ ਤਰ੍ਹਾਂ ਖੁੱਲ੍ਹੀ ਸੀ। ਇਸ ਸਟ੍ਰੀਟ ਦੇ ਪ੍ਰਵੇਸ਼ ਦੁਆਰ ‘ਤੇ ਇੱਕ ਵਿਸ਼ਾਲ, ਜਗਮਗਾਉਂਦਾ ਹੋਇਆ ਬੋਰਡ ਲੱਗਾ ਸੀ ਜਿਸ ‘ਤੇ ਲਿਖਿਆ ਸੀ – ਬਾਜ਼ਾਰ ਅਮਰੀਕੀ ਏਅਰਕ੍ਰਾਫਟ ਕੈਰੀਅਰ ਦੇ ਚਾਲਕ ਦਲ ਦਾ ਸਵਾਗਤ ਕਰਦਾ ਹੈ।

ਹਾਲਾਂਕਿ, ਉਨ੍ਹਾਂ ਨੂੰ ਇਹ ਯਾਦ ਦਿਵਾਇਆ ਗਿਆ ਹੈ ਕਿ ਸੈਕਸ ਇੰਡਸਟਰੀ ਵਿੱਚ ਪ੍ਰਵੇਸ਼ ਵਰਜਿਤ ਹੈ, ਕਿਉਂਕਿ ਥਾਈਲੈਂਡ ਵਿੱਚ ਦੇਹ ਵਪਾਰ ਤਕਨੀਕੀ ਤੌਰ ‘ਤੇ ਗੈਰ-ਕਾਨੂੰਨੀ ਹੈ।

ਪਰ ਸ਼ਰਾਬ ਦੀ ਭਰਮਾਰ ਰਹੀ। ਅੱਧੀ ਰਾਤ ਤੱਕ ਕੁਝ ਨੌਜਵਾਨ ਮਲਾਹ ਨਸ਼ੇ ਵਿੱਚ ਇੰਨੇ ਡੁੱਬ ਗਏ ਸਨ ਕਿ ਉਨ੍ਹਾਂ ਨੂੰ ਇੱਕ-ਦੂਜੇ ਦਾ ਸਹਾਰਾ ਲੈਣਾ ਪਿਆ। ਕੁਝ ਹੋਰ ਘਬਰਾਉਂਦੇ ਹੋਏ ਲਾਲ ਰੌਸ਼ਨੀ ਨਾਲ ਜਗਮਗਾਉਂਦੇ ਗੋ-ਗੋ ਬਾਰਾਂ ਦੀਆਂ ਗੁਫ਼ਾਵਾਂ ਵਿੱਚ ਦਾਖਲ ਹੋਏ, ਜਿੱਥੇ ਪੋਲ ਡਾਂਸਰ ਲਗਭਗ ਨਾ ਦੇ ਬਰਾਬਰ ਕੱਪੜਿਆਂ ਵਿੱਚ ਨੱਚ ਰਹੀਆਂ ਸਨ।

‘ਜੰਗੀ ਬੇੜਾ ਇੱਕ ਕਿਸ਼ਤੀ ਵਰਗਾ ਹੀ ਲੱਗਦਾ ਹੈ’

ਤੇਜ਼ ਸੰਗੀਤ ਦੇ ਵਿਚਕਾਰ ਗੱਲਬਾਤ ਕਰਨਾ ਮੁਸ਼ਕਿਲ ਸੀ।

ਇੱਕ ਸੀਨੀਅਰ ਕਰੂ ਮੈਂਬਰ ਨੇ ਸਾਨੂੰ ਦੱਸਿਆ ਕਿ ਉਨ੍ਹਾਂ ਨੂੰ ਸੱਚਮੁੱਚ ਆਰਾਮ ਦੀ ਲੋੜ ਸੀ।

ਉਨ੍ਹਾਂ ਕਿਹਾ, “ਖ਼ਬਰਾਂ ਵਿੱਚ ਦੱਸਿਆ ਜਾ ਰਿਹਾ ਹੈ ਕਿ ਅਸੀਂ ਨੌਂ ਮਹੀਨਿਆਂ ਤੋਂ ਸਮੁੰਦਰ ਵਿੱਚ ਹਾਂ। ਸੱਚ ਕਹਾਂ ਤਾਂ ਮੈਨੂੰ ਸਮੇਂ ਦਾ ਪਤਾ ਹੀ ਨਹੀਂ ਲੱਗਾ।”

ਉਨ੍ਹਾਂ ਕਿਹਾ, “ਇਹ ਉਬਾਊ ਹੋ ਗਿਆ ਹੈ। ਜੰਗੀ ਬੇੜੇ ‘ਤੇ ਕਦੇ ਵੀ ਕਾਫ਼ੀ ਜਗ੍ਹਾ ਨਹੀਂ ਹੁੰਦੀ। ਜੰਗੀ ਬੇੜੇ ਵੱਡੇ ਤਾਂ ਹੁੰਦੇ ਹਨ, ਪਰ ਫਿਰ ਵੀ ਕਿਸ਼ਤੀ ਵਰਗੇ ਹੀ ਲੱਗਦੇ ਹਨ। ਖ਼ਾਸ ਕਰਕੇ ਜਦੋਂ ਤੁਹਾਨੂੰ ਉੱਥੇ ਹਜ਼ਾਰਾਂ ਲੋਕਾਂ ਨਾਲ ਰਹਿਣਾ ਪਵੇ।”

ਤਾਂ ਉਹ ਕੈਲੀਫੋਰਨੀਆ ਵਿੱਚ ਆਪਣੇ ਘਰ ਕਦੋਂ ਤੱਕ ਪਹੁੰਚਣਗੇ?

ਉਨ੍ਹਾਂ ਕਿਹਾ, “ਇਸ ਵਿੱਚ ਬਹੁਤ ਲੰਮਾ ਸਮਾਂ ਲੱਗੇਗਾ।”

ਰੈਸਟੋਰੈਂਟ ਮਾਲਕ ਕੋਸੋਲ ਹੋਮਖੁੰਥੋਡ ਨੇ ਕਿਹਾ ਕਿ ਅਮਰੀਕੀ ਮਲਾਹਾਂ ਨੇ ਸ਼ਹਿਰ ਅਤੇ ਉਨ੍ਹਾਂ ਦੇ ਕਰਮਚਾਰੀਆਂ ਵਿਚਕਾਰ “ਹਲਚਲ ਮਚਾ ਦਿੱਤੀ” ਕਿਉਂਕਿ ਹਾਲ ਹੀ ਵਿੱਚ ਕਾਰੋਬਾਰ “ਵਾਕਈ ਬਹੁਤ ਮੰਦਾ” ਚੱਲ ਰਿਹਾ ਸੀ।

ਉੱਥੋਂ ਲੰਘ ਰਹੇ ਇੱਕ ਸੈਲਾਨੀ ਨੇ ਦੱਸਿਆ ਕਿ ਉਸ ਨੇ ‘ਸਮੁੰਦਰੀ ਤੱਟ ‘ਤੇ ਬਹੁਤ ਸਾਰੇ ਲੋਕਾਂ ਨੂੰ ਬੈਠੇ ਹੋਏ ਦੇਖਿਆ, ਅਜਿਹਾ ਹਰ ਰੋਜ਼ ਨਹੀਂ ਹੁੰਦਾ।’

ਇੱਕ ਬਾਰ ਦੀ ਮਾਲਕਣ ਕਾਂਤਾ ਸੇਂਕਲਾ ਨੇ ਕਿਹਾ ਕਿ ਅਮਰੀਕੀ ਫੌਜੀ ਪਿਛਲੇ ਸਾਲਾਂ ਵਾਂਗ ਪੈਸੇ ਖ਼ਰਚ ਨਹੀਂ ਕਰ ਰਹੇ ਹਨ

ਪਰ ਬਾਰ ਦੀ ਮਾਲਕਣ ਕਾਂਤਾ ਸੇਂਕਲਾ ਨੇ ਸ਼ਿਕਾਇਤ ਕੀਤੀ ਕਿ ਕਈ ਮਲਾਹ ਸਥਾਨਕ ਬਾਰਾਂ ਦਾ ਆਨੰਦ ਲੈਣ ਦੀ ਬਜਾਏ ਬਸ ਇੱਧਰ-ਉੱਧਰ ਘੁੰਮਦੇ ਹੋਏ ਦਿਖਾਈ ਦੇ ਰਹੇ ਸਨ।

ਉਨ੍ਹਾਂ ਕਿਹਾ, “ਉਹ ਡ੍ਰਿੰਕਸ ਵਗੈਰਾ ਲਈ ਤਾਂ ਨਹੀਂ ਆਉਂਦੇ। ਜ਼ਿਆਦਾਤਰ ਉਹ ਬਸ ਇੱਧਰ-ਉੱਧਰ ਘੁੰਮਦੇ ਰਹਿੰਦੇ ਹਨ। ਉਹ ਪਿਛਲੇ ਸਾਲਾਂ ਵਾਂਗ ਪੈਸੇ ਖ਼ਰਚ ਨਹੀਂ ਕਰ ਰਹੇ ਹਨ।”

ਇੱਥੇ ਪਾਰਟੀ ਹੋਵੇ ਜਾਂ ਨਾ ਹੋਵੇ, ਪੱਟਾਯਾ ਆਉਣਾ ਇਨ੍ਹਾਂ ਮਲਾਹਾਂ ਲਈ ਇੱਕ ਵੱਡੀ ਰਾਹਤ ਦੀ ਗੱਲ ਹੈ।

25 ਸਾਲਾ ਕਰੂ ਮੈਂਬਰ ਜਾਡਾ ਫੇਅਰਫੈਕਸ ਦੇ ਮਾਂ ਸ਼ੇਕੇਰਾ ਫੇਅਰਫੈਕਸ ਨੇ ਖਬਰ ਏਜੰਸੀ ਰਾਈਟਰਜ਼ ਨੂੰ ਦੱਸਿਆ ਕਿ ਪਿਛਲੇ ਕੁਝ ਮਹੀਨਿਆਂ ਵਿੱਚ ਅਜਿਹਾ ਸਮਾਂ ਵੀ ਆਇਆ ਸੀ ਜਦੋਂ “ਹੌਸਲਾ ਡਗਮਗਾ ਗਿਆ ਸੀ।”

ਉਨ੍ਹਾਂ ਨੇ ਮੱਧ ਪੂਰਬ ਵਿੱਚ ਜੰਗ ਸ਼ੁਰੂ ਹੋਣ ਤੋਂ ਬਾਅਦ ਦੇ ਸਮੇਂ ਨੂੰ “ਅਨਿਸ਼ਚਿਤ” ਅਤੇ “ਭਿਆਨਕ” ਦੱਸਿਆ।

ਫੇਅਰਫੈਕਸ ਨੇ ਅੱਗੇ ਕਿਹਾ, “ਮੈਂ ਉਸ ਦੀ ਮੁਸਕਾਨ ਦੇਖਣ ਲਈ ਬੇਤਾਬ ਹਾਂ। ਮੈਂ ‘ਮਾਂ’ ਸੁਣਨ ਲਈ ਬੇਤਾਬ ਹਾਂ।”

ਥਾਈਲੈਂਡ ਜਾਣਾ ਇੱਕ ਨਿਯਮਤ ਪ੍ਰਕਿਰਿਆ

ਇੱਕ ਬੈਨਰ 'ਤੇ ਲਿਖਿਆ ਸੀ,

ਈਰਾਨ ਖ਼ਿਲਾਫ਼ ਮੁਹਿੰਮ ਵਿੱਚ ਯੂਐੱਸਐੱਸ ਅਬ੍ਰਾਹਮ ਲਿੰਕਨ ਦੀ ਲੰਬੀ ਤਾਇਨਾਤੀ ਦੌਰਾਨ ਜਹਾਜ਼ ‘ਤੇ ਮੌਜੂਦ ਹਾਲਾਤਾਂ ਬਾਰੇ ਗੱਲ ਨਾ ਕਰਨ ਲਈ ਚਾਲਕ ਦਲ ਨੂੰ ਚੰਗੀ ਤਰ੍ਹਾਂ ਸਿਖਲਾਈ ਦਿੱਤੀ ਗਈ ਹੈ, ਕਿਉਂਕਿ ਇਹ ਮੁੱਦਾ ਅਮਰੀਕਾ ਵਿੱਚ ਆਲੋਚਨਾ ਦਾ ਵਿਸ਼ਾ ਰਿਹਾ ਹੈ।

ਕੁਝ ਮਲਾਹ ਗੱਲਬਾਤ ਕਰਨ ਤੋਂ ਝਿਜਕ ਰਹੇ ਸਨ।

ਕੁਝ ਨੇ ਪੱਤਰਕਾਰਾਂ ਦੇ ਸਵਾਲਾਂ ਨੂੰ ਆਪਣੀਆਂ ਮੀਡੀਆ ਟੀਮਾਂ ਕੋਲ ਭੇਜ ਦਿੱਤਾ। ਪਟਾਯਾ ਵਿੱਚ ਹਰ ਥਾਂ ਅਜਿਹੇ ਲੋਕ ਦਿਖਾਈ ਦੇ ਰਹੇ ਸਨ ਜਿਨ੍ਹਾਂ ਨੇ ਐੱਸਐੱਲਜੀ ਯਾਨੀ ਸ਼ੋਰ ਲਾਇਜ਼ਨ ਗਰੁੱਪ ਲਿਖੀਆਂ ਹੋਈਆਂ ਟੀ-ਸ਼ਰਟਾਂ ਪਹਿਨੀਆਂ ਹੋਈਆਂ ਸਨ।

ਐੱਸਐੱਲਜੀ ਅਨੁਸ਼ਾਸਨ ਬਣਾਈ ਰੱਖਣ, ਚਾਲਕ ਦਲ ਦੇ ਮੈਂਬਰਾਂ ਦਾ ਧਿਆਨ ਰੱਖਣ ਅਤੇ ਬੰਦਰਗਾਹ ‘ਤੇ ਰੁਕਣ ਦੌਰਾਨ ਸਥਾਨਕ ਅਧਿਕਾਰੀਆਂ ਨਾਲ ਤਾਲਮੇਲ ਬਣਾਈ ਰੱਖਣ ਦਾ ਕੰਮ ਕਰਦਾ ਹੈ।

ਪਟਾਯਾ ਵਿੱਚ ਫੌਜੀਆਂ ਨੂੰ ਜਿਨ੍ਹਾਂ ਗਤੀਵਿਧੀਆਂ ਨੂੰ ਕਰਨ ਤੋਂ ਮਨ੍ਹਾ ਕੀਤਾ ਗਿਆ ਸੀ, ਅਮਰੀਕੀ ਨੇਵੀ ਦੇ ਅਤਾਸ਼ੇ ਕ੍ਰਿਸਟੋਫ਼ਰ ਰੌਬਿਨਸਨ ਨੇ ਉਨ੍ਹਾਂ ਬਾਰੇ ਬੀਬੀਸੀ ਦੇ ਸਵਾਲਾਂ ਦਾ ਜਵਾਬ ਨਹੀਂ ਦਿੱਤਾ ਅਤੇ ਕਿਹਾ ਕਿ “ਅਸੀਂ ਨੇਵੀ ਦੇ ਜਵਾਨਾਂ ਨੂੰ ਜਿੰਨਾ ਹੋ ਸਕੇ ਆਰਾਮ ਕਰਨ ਦਾ ਮੌਕਾ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ।”

ਉਨ੍ਹਾਂ ਅੱਗੇ ਕਿਹਾ ਕਿ ਅਮਰੀਕੀ ਕਰਮਚਾਰੀ “ਅਮਰੀਕੀ ਕਾਨੂੰਨ, ਅਮਰੀਕੀ ਨੇਵੀ ਦੇ ਨਿਯਮਾਂ ਅਤੇ ਥਾਈਲੈਂਡ ਦੇ ਕਾਨੂੰਨਾਂ ਦੇ ਅਨੁਸਾਰ ਚੱਲਣਗੇ।”

ਇਸ ਅਮਰੀਕੀ ਏਅਰਕ੍ਰਾਫਟ ਕੈਰੀਅਰ ਨੇ ਸਮੁੰਦਰ ਵਿੱਚ ਨੌਂ ਮਹੀਨੇ ਬਿਤਾਏ ਹਨ

ਤਸਵੀਰ ਸਰੋਤ, Reuters

ਯੂਐੱਸਐੱਸ ਅਬ੍ਰਾਹਮ ਲਿੰਕਨ ਦਾ ਪਟਾਯਾ ਵਿੱਚ ਰੁਕਣ ਦਾ ਫ਼ੈਸਲਾ ਕਾਫ਼ੀ ਤਰਕਸੰਗਤ ਹੈ।

ਥਾਈਲੈਂਡ, ਅਮਰੀਕੀ ਨੇਵੀ ਦਾ ਪੁਰਾਣਾ ਸਹਿਯੋਗੀ ਹੈ। ਇੱਥੇ ਅਮਰੀਕੀ ਨੇਵੀ ਦਾ ਆਉਣਾ-ਜਾਣਾ ਪ੍ਰੋਟੋਕੋਲ ਦੇ ਤਹਿਤ ਇੱਕ ਨਿਯਮਤ ਪ੍ਰਕਿਰਿਆ ਹੈ।

ਇਹ ਖਾੜੀ ਤੋਂ ਕੈਲੀਫੋਰਨੀਆ ਤੱਕ ਜਹਾਜ਼ ਦੇ ਰਸਤੇ ‘ਤੇ ਵੀ ਸਥਿਤ ਹੈ, ਜਿਸ ਨਾਲ ਚਾਲਕ ਦਲ ਨੂੰ ਤਣਾਅ ਘਟਾਉਣ ਅਤੇ ਜੰਗੀ ਬੇੜੇ ਤੋਂ ਬਾਹਰ ਨਿੱਕਲ ਕੇ ਕੁਝ ਸਮੇਂ ਲਈ ਆਰਾਮ ਕਰਨ ਦਾ ਮੌਕਾ ਮਿਲਦਾ ਹੈ।

ਜੇ ਥਾਈਲੈਂਡ ਵਿੱਚ ਉਨ੍ਹਾਂ ਦਾ ਪੜਾਅ ਕਾਰਗਰ ਸਾਬਿਤ ਹੁੰਦਾ ਹੈ, ਤਾਂ ਅਚਾਨਕ ਲੰਬੇ ਅਤੇ ਮੁਸ਼ਕਿਲ ਮਿਸ਼ਨ ਨੂੰ ਲੈਕੇ ਉਨ੍ਹਾਂ ਨੂੰ ਜੋ ਵੀ ਨਿਰਾਸ਼ਾ ਮਹਿਸੂਸ ਹੋ ਰਹੀ ਹੋਵੇਗੀ, ਉਹ ਘਰ ਵਾਪਸ ਜਾਣ ਤੱਕ ਦੂਰ ਹੋ ਸਕਦੀ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI