Source :- BBC PUNJABI
ਤਸਵੀਰ ਸਰੋਤ, Getty Images
ਸਾਡੇ ਵਿੱਚੋਂ ਜ਼ਿਆਦਾਤਰ ਲੋਕ ਸ਼ਾਪਿੰਗ ਜਾਂ ਰਾਸ਼ਨ ਆਦਿ ਦਾ ਭੁਗਤਾਨ ਕਰਨ ਤੋਂ ਬਾਅਦ ਮਿਲਣ ਵਾਲੀਆਂ ਰਸੀਦਾਂ ਨੂੰ ਆਪਣੀ ਜੇਬ ਵਿੱਚ ਪਾ ਲੈਂਦੇ ਹਨ। ਪਰ ਕੁਝ ਲੋਕਾਂ ਲਈ, ਇਹ ਸਿਹਤ ਲਈ ਚਿੰਤਾਜਨਕ ਖ਼ਤਰਾ ਬਣ ਗਈਆਂ ਹਨ।
ਹਾਲ ਹੀ ਦੇ ਮਹੀਨਿਆਂ ਵਿੱਚ, ਸੋਸ਼ਲ ਮੀਡੀਆ ‘ਤੇ ਅਜਿਹੇ ਵੀਡੀਓਜ਼ ਦਾ ਹੜ੍ਹ ਆ ਗਿਆ ਹੈ, ਜਿਨ੍ਹਾਂ ਵਿੱਚ ਦਾਅਵੇ ਕੀਤੇ ਜਾ ਰਹੇ ਹਨ ਕਿ “ਰਸੀਦਾਂ ਨੂੰ ਛੂਹਣ ਨਾਲ ਭਵਿੱਖ ਵਿੱਚ ਬੱਚੇ ਪੈਦਾ ਕਰਨ ਦੀ ਤੁਹਾਡੀ ਸਮਰੱਥਾ ‘ਤੇ ਬੁਰਾ ਅਸਰ ਪੈ ਸਕਦਾ ਹੈ” ਅਤੇ “ਇਹ ਚੀਜ਼ਾਂ ਤੁਹਾਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ।”
ਲਗਭਗ 2,500 ਟਿਕਟੌਕ ਪੋਸਟਾਂ ਵਿੱਚ ਇੱਕ ਟ੍ਰੈਂਡਿੰਗ ਆਡੀਓ ਕਲਿੱਪ ਦੀ ਵਰਤੋਂ ਕੀਤੀ ਗਈ ਹੈ, ਜਿਸ ਵਿੱਚ ਇੱਕ ਆਵਾਜ਼ ਸੁਣਾਈ ਦਿੰਦੀ ਹੈ, “ਮੈਂ ਕਦੇ ਰਸੀਦਾਂ ਨੂੰ ਨਹੀਂ ਛੂਹੰਦੀ।”
‘ਡਾਇਰੀ ਆਫ਼ ਏ ਸੀਈਓ’ ਪੌਡਕਾਸਟ ਦੇ ਇੱਕ ਮਹਿਮਾਨ ਨੇ ਵੀ ਇਹ ਚਿੰਤਾਵਾਂ ਜ਼ਾਹਿਰ ਕੀਤੀਆਂ ਹਨ। ਇਸ ਪੌਡਕਾਸਟ ਨੂੰ ਹਰ ਮਹੀਨੇ ਦੁਨੀਆ ਭਰ ਵਿੱਚ ਲੱਖਾਂ ਲੋਕ ਸੁਣਦੇ ਹਨ।
ਇਨ੍ਹਾਂ ਪੋਸਟਾਂ ਵਿੱਚ ਅਕਸਰ ਕਿਹਾ ਜਾਂਦਾ ਹੈ ਕਿ ਰਸੀਦਾਂ ਨੂੰ ਛੂਹਣ ਨਾਲ ਬਾਂਝਪਨ (ਇਨਫਰਟਿਲਿਟੀ), ਹਾਰਮੋਨਲ ਸਿਹਤ ਵਿੱਚ ਖ਼ਰਾਬੀ ਅਤੇ ਟੈਸਟੋਸਟੇਰੋਨ ਵਿੱਚ ਕਮੀ ਹੋ ਸਕਦੀ ਹੈ।
ਤਾਂ, ਕਾਗਜ਼ ਦੀਆਂ ਇਨ੍ਹਾਂ ਪਰਚੀਆਂ ਨੂੰ ਲੈਕੇ ਇੰਨੀ ਸਾਵਧਾਨੀ ਕਿਉਂ ਵਰਤੀ ਜਾ ਰਹੀ ਹੈ?
ਅਜਿਹਾ ਇਸ ਲਈ ਹੈ ਕਿਉਂਕਿ ਇਹ ਆਮ ਤੌਰ ‘ਤੇ ਥਰਮਲ ਪੇਪਰ ‘ਤੇ ਪ੍ਰਿੰਟ ਕੀਤੀਆਂ ਜਾਂਦੀਆਂ ਹਨ, ਜਿਸ ‘ਤੇ ਅਕਸਰ ਬਿਸਫੇਨੋਲ ਏ (BPA) ਨਾਮ ਦੇ ਕੈਮੀਕਲ ਦੀ ਕੋਟਿੰਗ ਹੁੰਦੀ ਹੈ।
ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ) ਦੇ ਅਨੁਸਾਰ, ਬੀਪੀਏ ਇੱਕ ਐਂਡੋਕ੍ਰਾਈਨ-ਡਿਸਰਪਟਿੰਗ ਕੈਮੀਕਲ ਹੈ, ਜਿਸ ਦਾ ਸਬੰਧ ਹਾਰਮੋਨ ਵਿੱਚ ਗੜਬੜੀ ਅਤੇ ਫਰਟੀਲਿਟੀ (ਜਣਨ ਸ਼ਕਤੀ) ਵਿੱਚ ਕਮੀ ਨਾਲ ਜੋੜਿਆ ਗਿਆ ਹੈ।
ਪਰ ਵਿਗਿਆਨੀਆਂ ਨੇ ਬੀਬੀਸੀ ਵਰਲਡ ਸਰਵਿਸ ਨੂੰ ਦੱਸਿਆ ਹੈ ਕਿ ਸਬੂਤਾਂ ਤੋਂ ਪਤਾ ਲੱਗਦਾ ਹੈ ਕਿ ਖਰੀਦਦਾਰਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ।
ਬੀਪੀਏ ਕੀ ਹੈ ਅਤੇ ਇਹ ਤੁਹਾਡੀ ਫਰਟੀਲਿਟੀ ‘ਤੇ ਕਿਵੇਂ ਅਸਰ ਪਾ ਸਕਦਾ ਹੈ?
ਤਸਵੀਰ ਸਰੋਤ, Getty Images
1960 ਦੇ ਦਹਾਕੇ ਤੋਂ ਹੀ ਰਸੀਦਾਂ ‘ਤੇ ਬੀਪੀਏ ਦੀ ਵਰਤੋਂ ਕੀਤੀ ਜਾ ਰਹੀ ਹੈ। ਇਹ ਇੱਕ ਕੈਮੀਕਲ ਕੰਪਾਊਂਡ ਹੈ, ਜਿਸ ਦੀ ਵਰਤੋਂ ਪਲਾਸਟਿਕ ਦੀਆਂ ਪਾਣੀ ਦੀਆਂ ਬੋਤਲਾਂ ਅਤੇ ਖਾਣੇ ਦੇ ਡੱਬਿਆਂ ਵਿੱਚ ਵੀ ਹੁੰਦੀ ਹੈ।
ਅੱਜਕੱਲ੍ਹ ਦੇ ਰਸੀਦ ਪ੍ਰਿੰਟਰ, ਸਿਆਹੀ ਦੀ ਬਜਾਏ ਗਰਮੀ (ਹੀਟ) ਦੀ ਵਰਤੋਂ ਕਰਦੇ ਹਨ। ਬੀਪੀਏ ਕੋਟਿੰਗ ਪ੍ਰਿੰਟਰ ਦੀ ਤੇਜ਼ ਗਰਮੀ ਦੇ ਸੰਪਰਕ ਵਿੱਚ ਆਕੇ ਕਾਗਜ਼ ਨੂੰ ਕਾਲਾ ਕਰ ਦਿੰਦੀ ਹੈ – ਜਿਸ ਨਾਲ ਅੱਖਰ ਅਤੇ ਨੰਬਰ ਤੁਰੰਤ ਪ੍ਰਿੰਟ ਹੋ ਜਾਂਦੇ ਹਨ।
ਪਰ ਲੈਬ ਵਿੱਚ ਇਨਸਾਨੀ ਟੈਸਟਿਕੁਲਰ ਟਿਸ਼ੂ (ਅੰਡਕੋਸ਼ ਦੇ ਟਿਸ਼ੂ) ‘ਤੇ ਕੀਤੇ ਗਏ ਪ੍ਰਯੋਗ ਵਿੱਚ ਇਹ ਦੇਖਿਆ ਗਿਆ ਹੈ ਕਿ ਬੀਪੀਏ ਟੈਸਟੋਸਟੇਰੋਨ ਦੇ ਉਤਪਾਦਨ ਨੂੰ ਘੱਟ ਕਰਦਾ ਹੈ।
ਕੁਝ ਹੋਰ ਅਧਿਐਨਾਂ ਵਿੱਚ, ਗਰਭਵਤੀ ਮਾਂ ਦੇ ਪੇਟ ਵਿੱਚ ਇਨ੍ਹਾਂ ਕੰਪਾਊਂਡਜ਼ ਦੇ ਸੰਪਰਕ ਵਿੱਚ ਆਉਣ ਅਤੇ ਮੁੰਡਿਆਂ ਵਿੱਚ ਰਿਪ੍ਰੋਡਕਟਿਵ ਡਿਫੈਕਟਸ (ਪ੍ਰਜਨਣ ਸੰਬੰਧੀ ਕਮੀਆਂ) ਵਿਚਕਾਰ ਸਬੰਧ ਪਾਇਆ ਗਿਆ ਹੈ।
ਲੰਦਨ ਦੇ ਸੇਂਟ ਮੈਰੀ ਅਤੇ ਹੈਮਰਸਮਿਥ ਹਸਪਤਾਲ ਵਿੱਚ ਰਿਪ੍ਰੋਡਕਟਿਵ ਐਂਡੋਕ੍ਰਾਈਨੋਲੋਜੀ ਕੰਸਲਟੈਂਟ ਪ੍ਰੋਫੈਸਰ ਚੰਨਾ ਜਯਾਸੇਨਾ ਦਾ ਕਹਿਣਾ ਹੈ ਕਿ ਫਰਟੀਲਿਟੀ ਕਲੀਨਿਕ ਵਿੱਚ ਆਉਣ ਵਾਲੇ ਮਰੀਜ਼ਾਂ ਵਿੱਚ ਬੀਪੀਏ ਨੂੰ ਲੈਕੇ ਚਿੰਤਾ ਵਧ ਰਹੀ ਹੈ।
ਉਹ ਕਹਿੰਦੇ ਹਨ, “ਜੋੜੇ ਅਕਸਰ ਆਪਣੀ ਸਿਹਤ ਦੇ ਸਾਰੇ ਪਹਿਲੂਆਂ ਨੂੰ ਲੈਕੇ ਬਹੁਤ ਚਿੰਤਤ ਰਹਿੰਦੇ ਹਨ। ਉਹ ਸਰੀਰ ਨੂੰ ਸਾਫ਼ ਅਤੇ ਡਿਟੌਕਸ ਕਰਨਾ ਚਾਹੁੰਦੇ ਹਨ, ਅਤੇ ਇਸ ਵਿੱਚ ਪਲਾਸਟਿਕ ਤੋਂ ਬਚਣ ਦੀ ਕੋਸ਼ਿਸ਼ ਵੀ ਸ਼ਾਮਿਲ ਹੋ ਸਕਦੀ ਹੈ।”
ਉਹ ਮੰਨਦੇ ਹਨ ਕਿ ਅਜਿਹੇ ਕਈ ਸਬੂਤ ਹਨ, ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਬੀਪੀਏ ਵਰਗੇ ਐਂਡੋਕ੍ਰਾਈਨ-ਡਿਸਰਪਟਿੰਗ ਕੈਮੀਕਲ ਫਰਟੀਲਿਟੀ ‘ਤੇ ਅਸਰ ਪਾ ਸਕਦੇ ਹਨ।
ਪਰ ਉਨ੍ਹਾਂ ਦਾ ਕਹਿਣਾ ਹੈ ਕਿ ਇਨ੍ਹਾਂ ਅਧਿਐਨਾਂ ਵਿੱਚ ਅਜੇ ਵੀ ਕਈ ਵੱਡੇ ਸਵਾਲ ਹਨ ਜਿਨ੍ਹਾਂ ਦੇ ਜਵਾਬ ਨਹੀਂ ਮਿਲੇ ਹਨ – ਜਿਵੇਂ ਕਿ ਇਨ੍ਹਾਂ ਅਸਰਾਂ ਨੂੰ ਦੇਖਣ ਲਈ ਕਿਸੇ ਵਿਅਕਤੀ ਨੂੰ ਕਿੰਨੀ ਮਾਤਰਾ ਵਿੱਚ ਬੀਪੀਏ ਦੇ ਸੰਪਰਕ ਵਿੱਚ ਆਉਣਾ ਪਵੇਗਾ।
ਉਹ ਕਹਿੰਦੇ ਹਨ, “ਮੇਰੇ ਨਜ਼ਰੀਏ ਤੋਂ, ਇਹ ਨਿਸ਼ਚਿਤ ਤੌਰ ‘ਤੇ ਸਿਹਤ ਲਈ ਸੰਭਾਵਿਤ ਖ਼ਤਰਾ ਪੈਦਾ ਕਰਦੇ ਹਨ।”
ਰਸੀਦਾਂ ਵਿੱਚ ਬੀਪੀਏ ਬਾਰੇ ਅਧਿਐਨ ਕੀ ਕਹਿੰਦੇ ਹਨ?
ਤਸਵੀਰ ਸਰੋਤ, Getty Images
2014 ਦੇ ਇੱਕ ਅਧਿਐਨ ਤੋਂ ਪਤਾ ਲੱਗਦਾ ਹੈ ਕਿ ਬੀਪੀਏ ਚਮੜੀ ਰਾਹੀਂ ਸਰੀਰ ਵਿੱਚ ਜਾ ਸਕਦਾ ਹੈ ਅਤੇ ਹੈਂਡ ਸੈਨਿਟਾਈਜ਼ਰ ਦੀ ਵਰਤੋਂ ਕਰਨ ਤੋਂ ਬਾਅਦ ਰਸੀਦ ਛੂਹਣ ਨਾਲ ਇਸ ਦੇ ਸਰੀਰ ਵਿੱਚ ਜਾਣ ਦੀ ਸੰਭਾਵਨਾ ਵਧ ਜਾਂਦੀ ਹੈ।
ਪਰ ਆਸਟ੍ਰੇਲੀਆ ਦੇ ਮੈਲਬਰਨ ਵਿੱਚ ਆਰਐੱਮਆਈਟੀ ਯੂਨੀਵਰਸਿਟੀ ‘ਚ ਕੈਮਿਸਟਰੀ ਦੇ ਪ੍ਰੋਫੈਸਰ ਓਲਿਵਰ ਜੋਨਜ਼ ਦਾ ਕਹਿਣਾ ਹੈ ਕਿ ਅਹਿਮ ਗੱਲ ਸਿਰਫ਼ ਕੈਮੀਕਲ ਨਹੀਂ ਹੈ, ਬਲਕਿ ਇਹ ਹੈ ਕਿ ਤੁਸੀਂ ਉਸ ਦੇ ਕਿੰਨੇ ਸੰਪਰਕ ਵਿੱਚ ਆਉਂਦੇ ਹੋ।
ਉਹ ਇਸ ਦੀ ਤੁਲਨਾ ਸ਼ਰਾਬ ਨਾਲ ਕਰਦੇ ਹਨ। ਉਹ ਕਹਿੰਦੇ ਹਨ, “ਜੇ ਤੁਸੀਂ ਇੱਕ ਗਲਾਸ ਵਾਈਨ ਪੀਂਦੇ ਹੋ, ਤਾਂ ਸ਼ਾਇਦ ਇਸ ਨਾਲ ਕੁਝ ਜ਼ਿਆਦਾ ਨਹੀਂ ਹੋਵੇਗਾ। ਪਰ ਜੇ ਤੁਸੀਂ ਇੱਕ ਸਾਲ ਤੱਕ ਹਰ ਰਾਤ ਪੂਰੀ ਬੋਤਲ ਵਾਈਨ ਪੀਂਦੇ ਹੋ, ਤਾਂ ਇਸ ਦਾ ਅਸਰ ਜ਼ਰੂਰ ਹੋਵੇਗਾ।”
ਉਨ੍ਹਾਂ ਦਾ ਕਹਿਣਾ ਹੈ ਕਿ ਇਸ ਆਧਾਰ ‘ਤੇ, ਇਹ ਸੰਭਾਵਨਾ ਘੱਟ ਹੈ ਕਿ ਇੱਕ ਰਸੀਦ ਤੋਂ ਮਿਲਣ ਵਾਲਾ ਥੋੜ੍ਹੀ ਜਿਹੀ ਮਾਤਰਾ ਵਿੱਚ ਬੀਪੀਏ ਤੁਹਾਡੀ ਸਿਹਤ ‘ਤੇ ਅਸਰ ਪਵੇਗਾ।
ਉਹ ਅੱਗੇ ਕਹਿੰਦੇ ਹਨ, “ਸਾਫ਼-ਸਾਫ਼ ਕਹਾਂ ਤਾਂ, ਮੈਨੂੰ ਲੱਗਦਾ ਹੈ ਕਿ ਜੇ ਤੁਸੀਂ ਰਸੀਦ ਖਾ ਵੀ ਲਓ, ਤਾਂ ਵੀ ਉਸ ਤੋਂ ਇੰਨੀ ਮਾਤਰਾ ਸਰੀਰ ਵਿੱਚ ਨਹੀਂ ਜਾਵੇਗੀ ਜਿਸ ਨਾਲ ਕੋਈ ਸਮੱਸਿਆ ਹੋਵੇ।”
ਤਸਵੀਰ ਸਰੋਤ, Imperial College London
ਉਨ੍ਹਾਂ ਦਾ ਕੀ ਜੋ ਰਸੀਦਾਂ ਸੰਭਾਲਣ ਦਾ ਹੀ ਕੰਮ ਕਰਦੇ ਹਨ?
ਐਂਡੋਕ੍ਰਾਈਨੋਲੋਜਿਸਟ ਜਯਾਸੇਨਾ ਕਹਿੰਦੇ ਹਨ, “ਮੈਂ ਨਹੀਂ ਦੇਖਿਆ ਕਿ ਕੈਸ਼ੀਅਰਾਂ ਦੀ ਭੀੜ ਫਰਟੀਲਿਟੀ ਕਲੀਨਿਕਾਂ ਵੱਲ ਭੱਜੀ ਜਾਂਦੀ ਹੋਵੇ।”
ਪਰ ਉਨ੍ਹਾਂ ਦਾ ਕਹਿਣਾ ਹੈ ਕਿ ਇਹ ਦਿਖਾਉਣ ਲਈ ਹੋਰ ਸਬੂਤਾਂ ਦੀ ਲੋੜ ਹੈ ਕਿ ਕੰਮ ਜਾਂ ਮਾਹੌਲ ਰਾਹੀਂ ਐਂਡੋਕ੍ਰਾਈਨ-ਡਿਸਰਪਟਿੰਗ ਕੈਮੀਕਲ ਦੇ ਜ਼ਿਆਦਾ ਸੰਪਰਕ ਵਿੱਚ ਆਉਣ ਨਾਲ ਫਰਟੀਲਿਟੀ ‘ਤੇ ਕਿਵੇਂ ਅਸਰ ਪੈ ਸਕਦਾ ਹੈ।
ਇਸ ਦੇ ਬਾਵਜੂਦ, ਯੂਰਪੀ ਸੰਘ ਅਤੇ ਯੂਕੇ ਵਿੱਚ ਬੀਪੀਏ ਵਾਲੀਆਂ ਰਸੀਦਾਂ ‘ਤੇ ਪਹਿਲਾਂ ਹੀ ਰੋਕ ਲਗਾ ਦਿੱਤੀ ਗਈ ਹੈ। ਜਪਾਨ ਅਤੇ ਕੋਰੀਆ ਵਿੱਚ ਵੀ ਇਨ੍ਹਾਂ ਨੂੰ ਹੌਲੀ-ਹੌਲੀ ਹਟਾਇਆ ਜਾ ਰਿਹਾ ਹੈ।
ਜੋਨਜ਼ ਦਾ ਕਹਿਣਾ ਹੈ ਕਿ ਇਨ੍ਹਾਂ ਇਲਾਕਿਆਂ ਵਿੱਚ ਕਈ ਮੈਨਿਊਫੈਕਚਰਰਜ਼ ਨੇ ਇਸ ਦੀ ਥਾਂ ਬਿਸਫੇਨੋਲ ਐੱਸ, ਜਾਂ ਬੀਪੀਐੱਸ ਦੀ ਵਰਤੋਂ ਸ਼ੁਰੂ ਕਰ ਦਿੱਤੀ ਹੈ, ਜੋ ਇੱਕ ਅਜਿਹਾ ਕੈਮੀਕਲ ਕੰਪਾਊਂਡ ਹੈ ਜੋ “ਕਾਫ਼ੀ ਹੱਦ ਤੱਕ ਉਸੇ ਤਰ੍ਹਾਂ ਦਾ ਹੈ।”
ਉਹ ਅੱਗੇ ਕਹਿੰਦੇ ਹਨ, “ਤਕਨੀਕੀ ਤੌਰ ‘ਤੇ, [ਬੀਪੀਐੱਸ] ਜ਼ਿਆਦਾ ਖ਼ਤਰੇ ਵਾਲਾ ਹੈ ਕਿਉਂਕਿ ਸਾਡੇ ਕੋਲ ਇਸ ਬਾਰੇ ਓਨੇ ਸਬੂਤ ਨਹੀਂ ਹਨ, ਜਿੰਨੇ ਬੀਪੀਏ ਬਾਰੇ ਹਨ। ਪਰ ਕੁੱਲ ਮਿਲਾ ਕੇ, ਮੈਨੂੰ ਅਜੇ ਵੀ ਲੱਗਦਾ ਹੈ ਕਿ ਖ਼ਤਰਾ ਕਾਫ਼ੀ ਘੱਟ ਹੈ।”
ਕੀ ਸਾਵਧਾਨੀ ਵਜੋਂ ਤੁਹਾਨੂੰ ਰਸੀਦਾਂ ਨੂੰ ਛੂਹਣ ਤੋਂ ਬਚਣਾ ਚਾਹੀਦਾ ਹੈ?
ਤਸਵੀਰ ਸਰੋਤ, Getty Images
ਜੇ ਤੁਹਾਨੂੰ ਅਜੇ ਵੀ ਚਿੰਤਾ ਹੈ, ਤਾਂ ਦਸਤਾਨੇ ਪਹਿਨ ਕੇ ਇਨ੍ਹਾਂ ਨੂੰ ਛੂਹਣ ਜਾਂ ਈਮੇਲ ‘ਤੇ ਰਸੀਦਾਂ ਪ੍ਰਾਪਤ ਕਰਨ ਦਾ ਆਪਸ਼ਨ ਚੁਣ ਸਕਦੇ ਹੋ। ਇਨ੍ਹਾਂ ਦੇ ਸੰਪਰਕ ਵਿੱਚ ਆਉਣ ਨੂੰ ਘੱਟ ਕਰਨ ਵਿੱਚ ਕੋਈ ਨੁਕਸਾਨ ਨਹੀਂ ਹੈ।
ਜੋਨਜ਼ ਕਹਿੰਦੇ ਹਨ, “ਜੇ ਇਸ ਨਾਲ ਤੁਹਾਨੂੰ ਬਿਹਤਰ ਮਹਿਸੂਸ ਹੁੰਦਾ ਹੈ ਅਤੇ ਤੁਹਾਡਾ ਤਣਾਅ ਘੱਟ ਹੁੰਦਾ ਹੈ, ਤਾਂ ਕਿਉਂ ਨਹੀਂ?”
ਜਯਾਸੇਨਾ ਕਹਿੰਦੇ ਹਨ ਕਿ ਜੇ ਤੁਹਾਨੂੰ ਬੀਪੀਏ ਦੇ ਸੰਪਰਕ ਵਿੱਚ ਆਉਣ ਦੀ ਚਿੰਤਾ ਹੈ, ਤਾਂ ਤੁਸੀਂ ਕੁਝ ਹੋਰ ਅਜਿਹੇ ਬਦਲਾਅ ਕਰ ਸਕਦੇ ਹੋ, ਜਿਨ੍ਹਾਂ ਦੇ ਪਿੱਛੇ ਠੋਸ ਸਬੂਤ ਹਨ।
ਪਲਾਸਟਿਕ ਦੇ ਟੇਕਅਵੇ ਕੰਟੇਨਰ (ਜਿਨ੍ਹਾਂ ਵਿੱਚ ਖਾਣਾ ਬਾਹਰੋਂ ਮੰਗਵਾਇਆ ਜਾਂਦਾ ਹੈ) ਨੂੰ ਵਾਰ-ਵਾਰ ਇਸਤੇਮਾਲ ਨਾ ਕਰਨਾ ਜਾਂ ਉਨ੍ਹਾਂ ਵਿੱਚ ਖਾਣਾ ਗਰਮ ਨਾ ਕਰਨਾ – ਕਿਉਂਕਿ ਉਹ ਅਕਸਰ ਮਾਈਕ੍ਰੋਵੇਵ-ਸੇਫ਼ ਨਹੀਂ ਹੁੰਦੇ – ਇੱਕ ਚੰਗੀ ਸ਼ੁਰੂਆਤ ਹੋ ਸਕਦੀ ਹੈ।
ਉਹ ਅੱਗੇ ਕਹਿੰਦੇ ਹਨ, “ਜੇ ਤੁਸੀਂ ਆਪਣੀ ਫਰਟਿਲਿਟੀ ਨੂੰ ਬਿਹਤਰ ਬਣਾਉਣਾ ਜਾਂ ਸੁਰੱਖਿਅਤ ਰੱਖਣਾ ਚਾਹੁੰਦੇ ਹੋ, ਤਾਂ ਸਭ ਤੋਂ ਜ਼ਰੂਰੀ ਕੰਮ ਹਨ – ਸਿਗਰਟ ਛੱਡਣਾ, ਸ਼ਰਾਬ ਦਾ ਸੇਵਨ ਸੀਮਿਤ ਕਰਨਾ, ਕਸਰਤ ਕਰਨਾ ਅਤੇ ਸਿਹਤਮੰਦ ਬਾਡੀ ਮਾਸ ਇੰਡੈਕਸ (BMI) ਬਣਾਈ ਰੱਖਣਾ।”
“ਅਜਿਹੀਆਂ ਕਈ ਚੀਜ਼ਾਂ ਹਨ, ਜਿਨ੍ਹਾਂ ‘ਤੇ ਸਾਡਾ ਕੰਟਰੋਲ ਹੈ ਅਤੇ ਜਿਨ੍ਹਾਂ ਦਾ ਰਿਪ੍ਰੋਡਕਟਿਵ ਹੈਲਥ (ਜਣਨ ਸ਼ਕਤੀ ਅਤੇ ਸਿਹਤ) ‘ਤੇ ਅਸਰ ਪੈਂਦਾ ਹੈ, ਪਰ ਰਸੀਦਾਂ ਉਨ੍ਹਾਂ ਵਿੱਚੋਂ ਇੱਕ ਨਹੀਂ ਹਨ।”
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI




