Home rss national punjabi2ਰਾਸ਼ਟਰੀ ਖ਼ਬਰਾਂ ਪੰਥ ਵਿੱਚੋਂ ਖਾਰਜ ਕੀਤੇ ਜਾਣ ਦੇ ਫੈਸਲੇ ਉੱਤੇ ਕੀ ਬੋਲੇ ਅਮਰਜੀਤ ਚਾਵਲਾ,...

ਪੰਥ ਵਿੱਚੋਂ ਖਾਰਜ ਕੀਤੇ ਜਾਣ ਦੇ ਫੈਸਲੇ ਉੱਤੇ ਕੀ ਬੋਲੇ ਅਮਰਜੀਤ ਚਾਵਲਾ, ਸਿਆਸੀ ਆਗੂਆਂ ਨੇ ਮਹਿਲਾ ਦੇ ਇਲਜ਼ਾਮਾਂ ਉੱਤੇ ਕੀ ਕਿਹਾ

5
0

Source :- BBC PUNJABI

ਬਲਤੇਜ ਪੰਨੂ, ਅਮਰਜੀਤ ਸਿੰਘ ਚਾਵਲਾ ਅਤੇ ਗਿਆਨੀ ਹਰਪ੍ਰੀਤ ਸਿੰਘ

ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਅਮਰਜੀਤ ਸਿੰਘ ਚਾਵਲਾ ਨੂੰ ਪੰਥ ਵਿੱਚੋਂ ਖ਼ਾਰਜ ਕੀਤੇ ਜਾਣ ਤੋਂ ਬਾਅਦ ਹੁਣ ਇਸ ਮਾਮਲੇ ਉੱਤੇ ਸਿਆਸੀ ਪ੍ਰਤੀਕਿਰਿਆਵਾਂ ਦਾ ਦੌਰ ਸ਼ੁਰੂ ਹੋ ਗਿਆ ਹੈ।

ਆਮ ਆਦਮੀ ਪਾਰਟੀ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਘੇਰਦਿਆਂ ਸਵਾਲ ਚੁੱਕੇ ਹਨ, ਜਦਕਿ ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਐੱਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਇਸ ਬਾਰੇ ਜਵਾਬ ਦੇਣਾ ਚਾਹੀਦਾ ਹੈ।

ਇਸ ਦੇ ਨਾਲ ਹੀ ਉੱਧਰ, ਅਮਰਜੀਤ ਸਿੰਘ ਚਾਵਲਾ ਨੇ ਮੁੜ ਆਪਣੇ ਉੱਤੇ ਲੱਗੇ ਇਲਜ਼ਾਮਾਂ ਨੂੰ ਖ਼ਾਰਜ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਦਾ ਪੱਖ ਸੁਣੇ ਬਿਨਾਂ ਫ਼ੈਸਲਾ ਕੀਤਾ ਗਿਆ।

ਦਰਅਸਲ, ਅਨੰਦਪੁਰ ਸਾਹਿਬ ਪੁਲਿਸ ਥਾਣੇ ਵਿੱਚ ਇੱਕ ਮਹਿਲਾ ਵੱਲੋਂ 21 ਅਗਸਤ, 2026 ਨੂੰ ਅਮਰਜੀਤ ਸਿੰਘ ਚਾਵਲਾ ਖ਼ਿਲਾਫ਼ ਬਲਾਤਕਾਰ ਦੇ ਇਲਜ਼ਾਮਾਂ ਤਹਿਤ ਕੇਸ ਦਰਜ ਕਰਵਾਇਆ ਗਿਆ ਸੀ।

ਐੱਫ਼ਆਈਆਰ ਵਿੱਚ ਮਲਕੀਤ ਸਿੰਘ ਦੇ ਵਿਰੁੱਧ ਅਸ਼ਲੀਲ ਮੈਸੇਜ ਭੇਜਣ ਦਾ ਇਲਜ਼ਾਮ ਲਗਾਇਆ ਗਿਆ ਸੀ।

ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਤੋਂ ਬਾਅਦ ਐਤਵਾਰ ਨੂੰ ਇਹ ਫ਼ੈਸਲਾ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸੁਣਾਇਆ ਸੀ।

ਕਿਸ ਨੇ ਕੀ ਕਿਹਾ

ਬਲਤੇਜ ਪੰਨੂ

ਤਸਵੀਰ ਸਰੋਤ, Baltej Pannu/FB

ਇਸ ਮਾਮਲੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਨਿਸ਼ਾਨਾ ਬਣਾਉਂਦਿਆਂ ਆਮ ਆਦਮੀ ਪਾਰਟੀ ਦੇ ਬੁਲਾਰੇ ਬਲਤੇਜ ਪੰਨੂ ਨੇ ਕਿਹਾ, “ਸ੍ਰੀ ਆਨੰਦਪੁਰ ਸਾਹਿਬ ਵਿੱਚ ਭਾਈ ਬਚਿੱਤਰ ਸਿੰਘ ਜੀ ਦੇ ਨਾਂ ‘ਤੇ ਸਰਾਂ ਹੈ। ਉੱਥੇ ਪਿਛਲੇ ਕਈ ਮਹੀਨਿਆਂ ਤੋਂ ਰੱਖੀ ਗਈ ਇੱਕ ਔਰਤ ਨੇ ਐੱਫਆਈਆਰ ਦਰਜ ਕਰਵਾਈ ਹੈ। ਉਸ ਨੂੰ ਬਹਿਰੀਨ ਤੋਂ ਕੌਣ ਲੈ ਕੇ ਆਇਆ? ਉਸ ਦੀ ਟਿਕਟ ਕਿਸ ਨੇ ਲਗਵਾਈ?”

ਉਨ੍ਹਾਂ ਨੇ ਕਿਹਾ ਕਿ ਸਭ ਤੋਂ ਗੰਭੀਰ ਗੱਲ ਇਹ ਹੈ ਕਿ ਇੰਨੇ ਮਹੀਨਿਆਂ ਤੱਕ ਉਸ ਔਰਤ ਨੂੰ ਕਿਉਂ ਰੱਖਿਆ ਗਿਆ? ਜਦੋਂ ਔਰਤ ਨੇ ਸ਼ਿਕਾਇਤ ਕੀਤੀ ਸੀ ਤਾਂ ਉਸ ਉੱਤੇ ਕੀ ਐਕਸ਼ਨ ਲਿਆ ਗਿਆ? ਇਹ ਵੀ ਦੱਸਿਆ ਜਾਣਾ ਚਾਹੀਦਾ ਹੈ।

ਉਨ੍ਹਾਂ ਨੇ ਅੱਗੇ ਕਿਹਾ, “ਇਸ ਮਾਮਲੇ ਨਾਲ ਜੁੜੇ ਵਿਅਕਤੀਆਂ ਦੇ ਬੋਰਡ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਆਉਂਦੇ ਗੁਰਦੁਆਰਿਆਂ ਦੇ ਬਾਹਰ ਲਾਏ ਜਾਣ, ਤਾਂ ਕਿ ਸਿੱਖ ਸੰਗਤਾਂ ਸੁਚੇਤ ਹੋ ਸਕਣ ਕਿ ਜੇ ਇਹੋ ਜਿਹੇ ਵਿਅਕਤੀ ਸਰਾਂ ਦੇ ਨੇੜੇ-ਤੇੜੇ ਦੇਖੋ ਤਾਂ ਉੱਥੇ ਕਮਰਾ ਨਾ ਲਓ।”

”ਸ਼੍ਰੋਮਣੀ ਅਕਾਲੀ ਦਲ ਨੂੰ ਇਨ੍ਹਾਂ ਗੱਲਾਂ ਦਾ ਜਵਾਬ ਦੇਣਾ ਪਵੇਗਾ।”

ਗਿਆਨੀ ਹਰਪ੍ਰੀਤ ਸਿੰਘ ਕੀ ਚੁੱਕੇ ਸਵਾਲ

ਗਿਆਨੀ ਹਰਪ੍ਰੀਤ ਸਿੰਘ

ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ, “ਇਸ ਮਾਮਲੇ ਵਿੱਚ ਸਵਾਲ ਸਿਰਫ਼ ਅਮਰਜੀਤ ਸਿੰਘ ਚਾਵਲਾ ‘ਤੇ ਨਹੀਂ, ਸਗੋਂ ਸਬੰਧਤ ਸੰਸਥਾਵਾਂ ਅਤੇ ਉਨ੍ਹਾਂ ਦੇ ਮੁਖੀਆਂ ਦੀ ਜਵਾਬਦੇਹੀ ਦਾ ਵੀ ਹੈ।”

“ਸਰਾਂ ਵਿੱਚ ਰੱਖੀ ਗਈ ਇਸ ਔਰਤ ਨੂੰ ਤਖ਼ਤ ਸਾਹਿਬ ਵਿਖੇ ਰਿਹਾਇਸ਼ ਅਤੇ ਵੀਆਈਪੀ ਸਹੂਲਤਾਂ ਕਿਉਂ ਦਿੱਤੀਆਂ ਗਈਆਂ ਅਤੇ ਉਹ ਕਿਸ ਮਕਸਦ ਨਾਲ ਇੱਥੇ ਆਈ ਸੀ, ਇਹ ਸਪੱਸ਼ਟ ਕੀਤਾ ਜਾਣਾ ਚਾਹੀਦਾ ਹੈ।”

ਉਨ੍ਹਾਂ ਦਾਅਵਾ ਕੀਤਾ, “ਇਸ ਔਰਤ ਨੂੰ ਧਰਮ ਪ੍ਰਚਾਰ ਫੰਡ ਵਿੱਚੋਂ ਇੱਕ ਲੱਖ ਰੁਪਏ ਦਿੱਤੇ ਗਏ ਅਤੇ ਐੱਸਜੀਪੀਸੀ ਦੇ ਕੰਮਕਾਜ ਵਿੱਚ ਉਸ ਦੀ ਦਖ਼ਲਅੰਦਾਜ਼ੀ ਸੀ। ਐੱਸਜੀਪੀਸੀ ਪ੍ਰਧਾਨ ਨੂੰ ਇਸ ਬਾਰੇ ਜਵਾਬ ਦੇਣਾ ਚਾਹੀਦਾ ਹੈ।”

“ਜੇ ਉਹ ਜਵਾਬ ਨਹੀਂ ਦੇ ਸਕਦੇ ਤਾਂ ਅਸਤੀਫ਼ਾ ਦੇਣ। ਜਥੇਦਾਰ ਕੁਲਦੀਪ ਸਿੰਘ ਗੜਗੱਜ ਨੂੰ ਵੀ ਦੱਸਣਾ ਚਾਹੀਦਾ ਹੈ ਕਿ ਤਖ਼ਤ ਸਾਹਿਬ ਵਿਖੇ ਉਸ ਔਰਤ ਦੀ ਮੌਜੂਦਗੀ ਬਾਰੇ ਉਨ੍ਹਾਂ ਨੂੰ ਜਾਣਕਾਰੀ ਸੀ ਜਾਂ ਨਹੀਂ। ਜਥੇਦਾਰ ਸਾਬ੍ਹ ‘ਤੇ ਵੀ ਇਹ ਸਵਾਲ ਉੱਠਦੇ ਹਨ।”

ਚਾਵਲਾ ਨੇ ਮੁੜ ਇਲਜ਼ਾਮਾਂ ਤੋਂ ਕੀਤਾ ਇਨਕਾਰ

ਅਮਰਜੀਤ ਸਿੰਘ ਚਾਵਲਾ

ਤਸਵੀਰ ਸਰੋਤ, Amarjit Singh Chawla/FB

ਹੁਣ ਸੋਮਵਾਰ ਨੂੰ ਅਮਰਜੀਤ ਸਿੰਘ ਚਾਵਲਾ ਆਪਣੇ ਫੇਸਬੁੱਕ ‘ਤੇ ਅੱਜ ਫਿਰ ਇੱਕ ਵੀਡੀਓ ਪੋਸਟ ਕਰਕੇ ਇਲਜ਼ਾਮਾਂ ਨੂੰ ਖਾਰਜ ਕੀਤਾ।

ਉਨ੍ਹਾਂ ਨੇ ਕਿਹਾ, “ਸ੍ਰੀ ਅਕਾਲ ਤਖ਼ਤ ਸਾਹਿਬ ਸਿਰਫ਼ ਸਿੱਖ ਪੰਥ ਦੀ ਹੀ ਨਹੀਂ, ਸਗੋਂ ਦੁਨੀਆ ਨੂੰ ਇਨਸਾਫ਼ ਦੇਣ ਦਾ ਇੱਕ ਵੱਡਾ ਕੇਂਦਰ ਹੈ। ਮੇਰੇ ਨਾਲ ਸਬੰਧਤ ਕੇਸ ਦਾ ਜੋ ਫ਼ੈਸਲਾ ਕੀਤਾ ਗਿਆ ਹੈ, ਉਸ ਤੋਂ ਮੈਨੂੰ ਮਹਿਸੂਸ ਹੋਇਆ ਕਿ ਇੰਨੇ ਵੱਡੇ ਇਨਸਾਫ਼ ਦੇ ਅਸਥਾਨ ਤੋਂ ਮੇਰੇ ਨਾਲ ਬੇਇਨਸਾਫ਼ੀ ਹੋਈ ਹੈ।”

“ਮੇਰੇ ਖ਼ਿਲਾਫ਼ ਬਹਿਰੀਨ ਤੋਂ ਆਈ ਇੱਕ ਬੀਬੀ ਨੇ ਬੜੇ ਸੰਗੀਨ ਇਲਜ਼ਾਮ ਲਾਏ ਹਨ। ਇਹ ਮਾਮਲਾ ਸ੍ਰੀ ਆਨੰਦਪੁਰ ਸਾਹਿਬ ਦੇ ਥਾਣੇ ਵਿੱਚ ਦਰਜ ਐੱਫਆਈਆਰ ਤੋਂ ਬਾਅਦ ਅਦਾਲਤ ਵਿੱਚ ਵੀ ਵਿਚਾਰ ਅਧੀਨ ਹੈ ਅਤੇ ਧਾਰਾ 164 ਤਹਿਤ ਬਿਆਨ ਵੀ ਦਰਜ ਹੋ ਚੁੱਕੇ ਹਨ। ਅਜਿਹੇ ਮਾਮਲੇ ਵਿੱਚ ਅਕਾਲ ਤਖ਼ਤ ਸਾਹਿਬ ਵੱਲੋਂ ਫ਼ੈਸਲਾ ਕਰਨ ਤੋਂ ਪਹਿਲਾਂ ਇਸ ਗੱਲ ਨੂੰ ਵੀ ਧਿਆਨ ਵਿੱਚ ਰੱਖਣਾ ਚਾਹੀਦਾ ਸੀ।”

ਉਨ੍ਹਾਂ ਨੇ ਅੱਗੇ ਕਿਹਾ, “ਜੇ ਫ਼ੈਸਲਾ ਕਰਨਾ ਹੀ ਸੀ ਤਾਂ ਘੱਟੋ-ਘੱਟ ਇੱਕ ਵਾਰ ਮੈਨੂੰ ਬੁਲਾ ਕੇ ਮੇਰਾ ਪੱਖ ਸੁਣਨਾ ਚਾਹੀਦਾ ਸੀ। ਕੁਦਰਤੀ ਇਨਸਾਫ਼ ਵੀ ਇਹੀ ਮੰਗ ਕਰਦਾ ਹੈ ਕਿ ਕਿਸੇ ਦੇ ਖ਼ਿਲਾਫ਼ ਲੱਗੇ ਇਲਜ਼ਾਮਾਂ ‘ਤੇ ਫ਼ੈਸਲਾ ਕਰਨ ਤੋਂ ਪਹਿਲਾਂ ਉਸ ਦੀ ਗੱਲ ਸੁਣੀ ਜਾਵੇ।

“ਇਹ ਵੀ ਵਿਚਾਰਨ ਦੀ ਲੋੜ ਸੀ ਕਿ ਬਹਿਰੀਨ ਤੋਂ ਆਈ ਇਹ ਬੀਬੀ ਇੱਥੇ ਕਿਵੇਂ ਆਈ, ਕਿਸ ਨੇ ਬੁਲਾਇਆ ਅਤੇ ਇੰਨਾ ਲੰਬਾ ਸਮਾਂ ਇੱਥੇ ਕਿਉਂ ਰਹੀ। ਇਹ ਸਾਰੇ ਸਵਾਲ ਪੰਥ ਜਾਣਨਾ ਚਾਹੁੰਦਾ ਹੈ। ਇਨ੍ਹਾਂ ਗੱਲਾਂ ਨੂੰ ਪਾਸੇ ਰੱਖ ਕੇ ਸਿਰਫ਼ ਮੈਨੂੰ ਜ਼ਿੰਮੇਵਾਰ ਠਹਿਰਾਉਣਾ ਅਤੇ ਬਾਕੀ ਸਾਰਿਆਂ ਨੂੰ ਬਰੀ ਕਰ ਦੇਣਾ ਠੀਕ ਨਹੀਂ ਹੈ।

“ਇੱਕ ਅਦਾਲਤ ਵਿੱਚ ਮਾਮਲਾ ਚੱਲ ਰਿਹਾ ਹੈ ਅਤੇ ਉਸੇ ਵਿਅਕਤੀ ਨੂੰ ਪਤਾ ਹੀ ਨਹੀਂ ਕਿ ਉਸ ਬਾਰੇ ਫ਼ੈਸਲਾ ਸੁਣਾ ਦਿੱਤਾ ਗਿਆ ਹੈ। ਉਹ ਵੀ ਗੁਰੂ ਦੀ ਅਦਾਲਤ ਵਿੱਚ। ਮੈਂ ਪੰਥ ਦਾ ਸੇਵਾਦਾਰ ਹਾਂ, ਅੰਮ੍ਰਿਤ ਛਕਿਆ ਹੈ, ਨਿੱਤਨੇਮ ਕਰਦਾ ਹਾਂ ਅਤੇ ਬਾਣੀ ਪੜ੍ਹਦਾ ਹਾਂ। ਮੈਨੂੰ ਪੰਥ ਵਿੱਚੋਂ ਖ਼ਾਰਜ ਕਰ ਦਿੱਤਾ ਗਿਆ, ਪਰ ਮੇਰੇ ਖ਼ਿਲਾਫ਼ ਇਲਜ਼ਾਮ ਕਿਵੇਂ ਸਿੱਧ ਕੀਤੇ ਗਏ?

“ਜੇ ਇਸ ਮਾਮਲੇ ਨੂੰ ਵਿਚਾਰਨਾ ਹੀ ਸੀ ਤਾਂ ਪਹਿਲਾਂ ਇਸ ਦੀ ਤਹਿਕੀਕਾਤ ਹੋਣੀ ਚਾਹੀਦੀ ਸੀ ਅਤੇ ਇਸ ਲਈ ਇੱਕ ਕਮੇਟੀ ਬਣਾਈ ਜਾ ਸਕਦੀ ਸੀ। ਮੈਂ ਕੋਈ ਭੱਜਣ ਜਾਂ ਡਰਨ ਵਾਲਾ ਬੰਦਾ ਨਹੀਂ ਹਾਂ। ਪਿਛਲੇ ਤੀਹ-ਪੈਂਤੀ ਸਾਲਾਂ ਵਿੱਚ ਮੇਰੇ ਖ਼ਿਲਾਫ਼ ਇਸ ਤਰ੍ਹਾਂ ਦੀ ਕੋਈ ਇੱਕ ਵੀ ਸ਼ਿਕਾਇਤ ਹੋਵੇ ਤਾਂ ਦੱਸੋ। ਮੇਰਾ ਇਤਰਾਜ਼ ਸਿਰਫ਼ ਇਹ ਹੈ ਕਿ ਮੇਰਾ ਪੱਖ ਸੁਣੇ ਬਿਨਾਂ ਮੇਰੇ ਖ਼ਿਲਾਫ਼ ਫ਼ੈਸਲਾ ਨਹੀਂ ਲੈਣਾ ਚਾਹੀਦਾ ਸੀ।”

ਕਾਰਜਕਾਰੀ ਜਥੇਦਾਰ ਨੇ ਕੀ ਐਲਾਨ ਕੀਤਾ ਸੀ?

 ਕੁਲਦੀਪ ਸਿੰਘ ਗੜਗੱਜ

ਐਤਵਾਰ ਨੂੰ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿੱਚ ਮਾਮਲੇ ਵਿਚਾਰੇ ਜਾਣ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਅਕਾਲ ਤਖ਼ਤ ਦੀ ਫ਼ਸੀਲ ਤੋਂ ਇਹ ਫ਼ੈਸਲਾ ਸੁਣਾਇਆ ਸੀ।

ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਸੀ, “ਪਿਛਲੇ ਦਿਨੀਂ ਇੱਕ ਬੀਬੀ ਨੇ ਸ੍ਰੀ ਅਨੰਦਪੁਰ ਸਾਹਿਬ ਤੋਂ ਐੱਸਜੀਪੀਸੀ ਮੈਂਬਰ ਅਮਰਜੀਤ ਸਿੰਘ ਚਾਵਲਾ ਵਿਰੁੱਧ ਬਹੁਤ ਗੰਭੀਰ ਇਲਜ਼ਾਮ ਲਗਾਏ ਹਨ। ਪਰ ਇਹ ਇਲਜ਼ਾਮ ਲਗਾਏ ਗਏ ਹਨ ਅਤੇ ਜਾਂਚ-ਪੜਤਾਲ ਭਾਵੇਂ ਬਾਅਦ ਦੀ ਗੱਲ ਹੈ, ਪਰ ਇਹ ਸਿੱਖ ਸੰਸਥਾਵਾਂ ਦੇ ਵੱਕਾਰ ਦੀ ਗੱਲ ਹੈ।”

“ਅਮਰਜੀਤ ਸਿੰਘ ਸਿੱਖ ਸੰਸਥਾਵਾਂ ਦੀ ਨੁਮਾਇੰਦਗੀ ਕਰਦਾ ਹੈ, ਉਸ ਉੱਤੇ ਇਸ ਤਰ੍ਹਾਂ ਦੇ ਇਲਜ਼ਾਮ ਲੱਗਣ ਨਾਲ ਸੰਗਤ ਦੀਆਂ ਭਾਵਨਾਵਾਂ ਅਤੇ ਸਿੱਖ ਸੰਸਥਾਵਾਂ ਦੇ ਵੱਕਾਰ ਨੂੰ ਢਾਹ ਲੱਗੀ ਹੈ।”

ਉਨ੍ਹਾਂ ਅੱਗੇ ਕਿਹਾ ਸੀ, “ਜਦੋਂ ਤੱਕ ਅਮਰਜੀਤ ਸਿੰਘ ਇਸ ਮਾਮਲੇ ਵਿੱਚੋਂ ਨਿਰਦੋਸ਼ ਸਾਬਤ ਹੋ ਕੇ ਸ੍ਰੀ ਅਕਾਲ ਤਖ਼ਤ ਵਿਖੇ ਪੇਸ਼ ਨਹੀਂ ਹੁੰਦਾ, ਉਦੋਂ ਤੱਕ ਖ਼ਾਲਸਾ ਪੰਥ ਵਿੱਚੋਂ ਖ਼ਾਰਜ ਕੀਤਾ ਜਾਂਦਾ ਹੈ। ਸਿੱਖ ਸੰਗਤਾਂ ਨੂੰ ਆਦੇਸ਼ ਕੀਤਾ ਜਾਂਦਾ ਹੈ ਕਿ ਅਮਰਜੀਤ ਸਿੰਘ ਨਾਲ ਕਿਸੇ ਕਿਸਮ ਦੀ ਸਾਂਝ ਨਾ ਰੱਖੀ ਜਾਵੇ। ਅਮਰਜੀਤ ਸਿੰਘ ਉੱਤੇ ਜੀਵਨ ਭਰ ਲਈ ਸਿੱਖ ਸੰਸਥਾਵਾਂ ਅੰਦਰ ਕੰਮ ਕਰਨ ਦੀ ਮੁਕੰਮਲ ਰੋਕ ਲਗਾਈ ਜਾਂਦੀ ਹੈ।”

ਇਸੇ ਤਰ੍ਹਾਂ ਮਲਕੀਤ ਸਿੰਘ ਬਾਰੇ ਉਨ੍ਹਾਂ ਕਿਹਾ ਸੀ, “ਭਾਵੇਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵਿਭਾਗੀ ਕਾਰਵਾਈ ਕਰਦਿਆਂ ਇਸ ਨੂੰ ਸੇਵਾਵਾਂ ਤੋਂ ਮੁਅੱਤਲ ਕਰ ਦਿੱਤਾ ਹੈ, ਪਰ ਕਿਉਂਕਿ ਜਦੋਂ ਕੋਈ ਜ਼ਿੰਮੇਵਾਰ ਸਿੱਖ ਅਹੁਦੇ ਉੱਤੇ ਗੰਭੀਰ ਸੇਵਾ ਨਿਭਾਅ ਰਿਹਾ ਹੁੰਦਾ ਹੈ ਤਾਂ ਉਸ ਦੀ ਕੌਮ ਅਤੇ ਧਰਮ ਪ੍ਰਤੀ ਇਹ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ ਆਪਣੇ ਕਿਰਦਾਰ ਅਤੇ ਇਖ਼ਲਾਕ ਨੂੰ ਹਮੇਸ਼ਾ ਗੁਰੂ ਆਸ਼ੇ ਅਨੁਸਾਰ ਰੱਖੇ।”

ਆਦੇਸ਼ ਵਿੱਚ ਅੱਗੇ ਕਿਹਾ ਗਿਆ ਸੀ, “ਮਲਕੀਤ ਸਿੰਘ ਨੂੰ ਖ਼ਾਲਸਾ ਪੰਥ ਵਿੱਚੋਂ ਖ਼ਾਰਜ ਕੀਤਾ ਜਾਂਦਾ ਹੈ। ਸਮੂਹ ਸੰਗਤਾਂ ਨੂੰ ਆਦੇਸ਼ ਕੀਤਾ ਜਾਂਦਾ ਹੈ ਕਿ ਇਸ ਨਾਲ ਕਿਸੇ ਕਿਸਮ ਦੀ ਸਾਂਝ ਨਾ ਰੱਖੀ ਜਾਵੇ। ਮਲਕੀਤ ਸਿੰਘ ਉੱਤੇ ਜੀਵਨ ਭਰ ਲਈ ਸਿੱਖ ਸੰਸਥਾਵਾਂ ਅੰਦਰ ਕੰਮ ਕਰਨ ਦੀ ਮੁਕੰਮਲ ਰੋਕ ਲਗਾਈ ਜਾਂਦੀ ਹੈ।”

ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਸੀ ਕਿ ਇਹ ਮਾਮਲਾ ਗੰਭੀਰ ਸੀ, ਇਸ ਲਈ ਇਸ ਦਾ ਨੋਟਿਸ ਲੈਣਾ ਬਣਦਾ ਸੀ ਅਤੇ ਉਨ੍ਹਾਂ ਨੇ ਨੋਟਿਸ ਲਿਆ।

ਐੱਸਜੀਪੀਸੀ ਵੱਲੋਂ ਜਾਂਚ ਕਰਵਾਉਣ ਬਾਰੇ ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਸੀ ਕਿ ਭਾਵੇਂ ਪੁਲਿਸ ਜਾਂਚ ਕਰ ਰਹੀ ਹੈ, ਪਰ ਐੱਸਜੀਪੀਸੀ ਨੂੰ ਵੀ ਇਸ ਮਾਮਲੇ ਦੀ ਜਾਂਚ ਕਰਵਾ ਲੈਣੀ ਚਾਹੀਦੀ ਹੈ।

ਬਲਾਤਕਾਰ ਦੇ ਇਲਜ਼ਾਮਾਂ ਦਾ ਮਾਮਲਾ ਕੀ ਹੈ?

ਅਕਾਲ ਤਖ਼ਤ ਸਾਹਿਬ

ਤਸਵੀਰ ਸਰੋਤ, Ravinder Singh Robin/BBC

ਅਨੰਦਪੁਰ ਸਾਹਿਬ ਥਾਣੇ ਵਿੱਚ ਦਰਜ 149 ਨੰਬਰ ਐੱਫਆਈਆਰ ਮੁਤਾਬਕ, ਵਿਦੇਸ਼ ਤੋਂ ਆਈ ਇੱਕ ਔਰਤ ਨੇ ਇਲਜ਼ਾਮ ਲਗਾਇਆ ਹੈ ਕਿ ਸ਼੍ਰੋਮਣੀ ਕਮੇਟੀ ਨੇ ਉਨ੍ਹਾਂ ਦੀ ਰਿਹਾਇਸ਼ ਦਾ ਪ੍ਰਬੰਧ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਅਨੰਦਪੁਰ ਸਾਹਿਬ ਵਿੱਚ ਕੀਤਾ ਸੀ, ਪਰ ਉਸ ਨੂੰ ਬੰਦੀ ਬਣਾ ਕੇ ਰੱਖਿਆ ਗਿਆ ਅਤੇ ਬਲਾਤਕਾਰ ਕੀਤਾ ਗਿਆ।

ਦਰਅਸਲ, ਇਹ ਐੱਫਆਈਆਰ ਦਰਜ ਹੋਣ ਤੋਂ ਬਾਅਦ ਮਾਮਲਾ ਕਾਫ਼ੀ ਗਰਮਾ ਗਿਆ ਸੀ ਅਤੇ ਸਿਆਸੀ ਮੁੱਦਾ ਵੀ ਬਣ ਰਿਹਾ ਸੀ।

ਗਿਆਨੀ ਕੁਲਦੀਪ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਸੰਗਤਾਂ ਦੇ ਪੱਤਰ ਅਤੇ ਸੁਝਾਅ ਵੀ ਆਏ ਸਨ।

ਐੱਫਆਈਆਰ ਅਨੁਸਾਰ, ਮਹਿਲਾ ਨੇ ਇਲਜ਼ਾਮ ਲਗਾਇਆ ਕਿ ਉਸ ਨੂੰ ‘ਸ਼੍ਰੋਮਣੀ ਕਮੇਟੀ ਮੈਂਬਰ ਅਮਰਜੀਤ ਸਿੰਘ ਚਾਵਲਾ ਨੇ ਧਮਕੀਆਂ ਦੇ ਕੇ ਡਰਾਇਆ ਅਤੇ ਜਬਰੀ ਬਲਾਤਕਾਰ ਕੀਤਾ।’

ਐੱਫਆਈਆਰ ਵਿੱਚ ਅੱਗੇ ਲਿਖਿਆ ਹੈ, “ਮੇਰੇ ਵਿਰੋਧ ਕਰਨ ‘ਤੇ ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ।”

ਮਲਕੀਤ ਸਿੰਘ ਬਾਰੇ ਇਲਜ਼ਾਮ ਲਗਾਇਆ ਗਿਆ ਹੈ, “ਮਲਕੀਤ ਸਿੰਘ ਨੇ ਮੈਸੇਂਜਰ ‘ਤੇ ਅਸ਼ਲੀਲ ਮੈਸੇਜ ਕੀਤਾ।”

ਐੱਫਆਈਆਰ ਵਿੱਚ ਇਹ ਮਾਮਲਾ ਐੱਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਕੋਲ ਚੁੱਕੇ ਜਾਣ ਦੀ ਵੀ ਗੱਲ ਕੀਤੀ ਗਈ ਹੈ।

ਹਾਲਾਂਕਿ, ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਉਨ੍ਹਾਂ ਨੇ ਮਹਿਲਾ ਨੂੰ ਮਲਕੀਤ ਸਿੰਘ ਬਾਰੇ ਲਿਖਤੀ ਸ਼ਿਕਾਇਤ ਦੇਣ ਦੀ ਗੱਲ ਆਖੀ ਸੀ, ਪਰ ਮਹਿਲਾ ਵੱਲੋਂ ਅਮਰਜੀਤ ਸਿੰਘ ਬਾਰੇ ਉਨ੍ਹਾਂ ਨਾਲ ਕੋਈ ਗੱਲ ਨਹੀਂ ਕੀਤੀ ਗਈ ਸੀ।

ਉਨ੍ਹਾਂ ਕਿਹਾ, “ਲਿਖਤੀ ਸ਼ਿਕਾਇਤ ਨਾ ਹੋਣ ਦੇ ਬਾਵਜੂਦ ਵੀ ਮੈਂ ਮਲਕੀਤ ਸਿੰਘ ਬਾਰੇ ਐੱਸਜੀਪੀਸੀ ਨੂੰ ਉਸ ਨੂੰ ਪਾਸੇ ਕਰਨ ਲਈ ਕਹਿ ਦਿੱਤਾ ਸੀ।”

ਅਮਰਜੀਤ ਸਿੰਘ ਨੇ ਇਲਜ਼ਾਮਾਂ ਬਾਰੇ ਪਹਿਲਾਂ ਕੀ ਕਿਹਾ ਸੀ?

ਅਮਰਜੀਤ ਸਿੰਘ ਚਾਵਲਾ

ਤਸਵੀਰ ਸਰੋਤ, Ravinder Singh Robin/BBC

ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ ਉੱਪਰ ਜਾਰੀ ਕੀਤੀ ਇੱਕ ਵੀਡੀਓ ਵਿੱਚ ਅਮਰਜੀਤ ਸਿੰਘ ਚਾਵਲਾ ਨੇ ਆਪਣੇ ਉੱਪਰ ਲੱਗੇ ਇਲਜ਼ਾਮਾਂ ਨੂੰ ਨਕਾਰਿਆ ਸੀ।

ਉਨ੍ਹਾਂ ਲਿਖਿਆ, “ਮੇਰੇ ਖ਼ਿਲਾਫ਼ ਲੱਗੇ ਇਲਜ਼ਾਮ ਬੇਬੁਨਿਆਦ ਹਨ। ਮੈਂ ਇਖ਼ਲਾਕੀ ਤੌਰ ‘ਤੇ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਦੇ ਅਹੁਦਿਆਂ ਤੋਂ ਅਸਤੀਫ਼ਾ ਦੇ ਰਿਹਾ ਹਾਂ। ਸੱਚ ਜਲਦੀ ਸਾਹਮਣੇ ਲਿਆਵਾਂਗਾ।”

ਉਹ ਵੀਡੀਓ ਵਿੱਚ ਕਹਿੰਦੇ ਸੁਣਾਈ ਦਿੰਦੇ ਹਨ, “ਬੜੇ ਅਫ਼ਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਪਿਛਲੇ ਸਮੇਂ ਤੋਂ ਕੁਝ ਲੋਕ ਮੇਰੇ ਪਿੱਛੇ ਜਿਵੇਂ ਹੱਥ ਧੋ ਕੇ ਪਏ ਹਨ। ਉਹ ਇਸ ਢੰਗ ਨਾਲ ਮੇਰੀ ਕਿਰਦਾਰਕੁਸ਼ੀ ਕਰਨ ਦੇ ਯਤਨਾਂ ਵਿੱਚ ਸਨ।”

“ਮੈਂ ਸਮਝਦਾ ਹਾਂ ਕਿ ਜਦੋਂ ਚੋਣਾਂ ਨੇੜੇ ਹੁੰਦੀਆਂ ਹਨ, ਤਾਂ ਬਹੁਤ ਕੁਝ ਵਾਪਰਦਾ ਹੈ। ਇਹ ਜੋ ਐੱਫਆਈਆਰ ਹੋਈ ਹੈ ਅਤੇ ਕਰਵਾਈ ਗਈ ਹੈ, ਇਹ ਬਿਲਕੁਲ ਝੂਠੀ ਅਤੇ ਨਿਰਾਧਾਰ ਕੀਤੀ ਗਈ ਹੈ।”

ਬੀਬੀਸੀ ਪੰਜਾਬੀ ਵਲੋਂ ਇਸ ਐੱਫਆਈਆਰ ਬਾਰੇ ਵਧੇਰੇ ਜਾਣਕਾਰੀ ਲਈ ਅਨੰਦਪੁਰ ਸਾਹਿਬ ਪੁਲਿਸ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਅਤੇ ਮੈਸੇਜ ਵੀ ਛੱਡਿਆ ਗਿਆ। ਜਿਵੇਂ ਹੀ ਇਸ ਬਾਰੇ ਪੁਲਿਸ ਦਾ ਜਵਾਬ ਆਵੇਗਾ ਤਾਂ ਖ਼ਬਰ ਅਪਡੇਟ ਕੀਤੀ ਜਾਵੇਗੀ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI