Home rss national punjabi2ਰਾਸ਼ਟਰੀ ਖ਼ਬਰਾਂ ‘ਉਹ ਕਦੇ ਆਜ਼ਾਦ ਨਹੀਂ ਘੁੰਮ ਸਕੇਗਾ’: ਭਾਰਤੀ ਜੱਜ ਦੀ ਚਿੱਠੀ ਵਿੱਚ ਬਾਲ...

‘ਉਹ ਕਦੇ ਆਜ਼ਾਦ ਨਹੀਂ ਘੁੰਮ ਸਕੇਗਾ’: ਭਾਰਤੀ ਜੱਜ ਦੀ ਚਿੱਠੀ ਵਿੱਚ ਬਾਲ ਜਿਨਸੀ ਸ਼ੋਸ਼ਣ ਦੀ ਸਰਵਾਈਵਰ ਨੂੰ ਭਰੋਸਾ

6
0

Source :- BBC PUNJABI

ਤਸਵੀਰ ਵਿੱਚ ਇੱਕ ਬੱਚੀ ਦਾ ਪਿਛਲੇ ਪਾਸਿਓਂ ਸਿਰ ਨਜ਼ਰ ਆ ਰਿਹਾ ਹੈ (ਸੰਕੇਤਕ ਤਸਵੀਰ)

ਭਾਰਤ ਦੀ ਇੱਕ ਜੱਜ ਵੱਲੋਂ ਚਾਈਲਡ ਰੇਪ ਸਰਵਾਈਵਰ ਬੱਚੀ ਨੂੰ ਉਸ ਦੇ ‘ਹੌਸਲੇ’ ਦੀ ਸ਼ਲਾਘਾ ਕਰਦਿਆਂ ਅਤੇ ਉਸ ਨੂੰ ਇਹ ਭਰੋਸਾ ਦਿੰਦਿਆਂ ਲਿਖੀ ਗਈ ਭਾਵੁਕ ਚਿੱਠੀ ਕਿ ਉਸ ਦਾ ਦੋਸ਼ੀ ‘ਆਪਣੀ ਬਾਕੀ ਸਾਰੀ ਜ਼ਿੰਦਗੀ ਪਿੰਜਰੇ ਵਿੱਚ ਰਹੇਗਾ’, ਭਾਰਤ ਵਿੱਚ ਲੋਕਾਂ ਦੇ ਦਿਲ ਜਿੱਤ ਰਹੀ ਹੈ।

ਟ੍ਰਾਇਲ ਕੋਰਟ ਦੀ ਜੱਜ ਰਜਨੀ ਰੰਗਾ ਦੀ ਚਿੱਠੀ 10 ਸਾਲ ਦੀ ਬੱਚੀ ਨੂੰ, ਜਿਸ ਦਾ 23 ਜੁਲਾਈ 2023 ਨੂੰ ਜਿਨਸੀ ਸ਼ੋਸ਼ਣ ਕੀਤਾ ਗਿਆ ਸੀ ਜਦੋਂ ਉਹ ਸੱਤ ਸਾਲ ਦੀ ਸੀ, ‘ਪਿਆਰੀ ਬੱਚੀ’ ਕਹਿ ਕੇ ਸੰਬੋਧਿਤ ਕਰਦੀ ਹੈ ਅਤੇ ਉਸ ਨੂੰ ‘ਇਸ ਅਦਾਲਤ ਵੱਲੋਂ ਹੁਣ ਤੱਕ ਦੇਖੀ ਗਈ ਸਭ ਤੋਂ ਬਹਾਦਰ ਛੋਟੀ ਬੱਚੀ’ ਦੱਸਦੀ ਹੈ।

ਟ੍ਰਾਇਲ ਕੋਰਟ ਨੇ ਦੋਸ਼ੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਅਤੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਉਹ ‘ਆਪਣੀ ਕੁਦਰਤੀ ਜ਼ਿੰਦਗੀ ਦੇ ਬਾਕੀ ਸਮੇਂ’ ਲਈ ਜੇਲ੍ਹ ਵਿੱਚ ਰਹੇਗਾ। ਅਦਾਲਤ ਨੇ ਪੀੜਤ ਬੱਚੀ ਨੂੰ 10.5 ਲੱਖ ਰੁਪਏ ਦਾ ਮੁਆਵਜ਼ਾ ਵੀ ਦਿੱਤਾ।

ਆਪਣੇ ਹੁਕਮ ਦੇ ਅੰਤ ਵਿੱਚ ਜੱਜ ਰੰਗਾ ਨੇ ਕਿਹਾ ਕਿ ਉਹ ‘ਪੀੜਤ ਬੱਚੀ ਨੂੰ ਸੰਬੋਧਿਤ ਕਰਨਾ ਚਾਹੁੰਦੀ ਹੈ, ਫ਼ੈਸਲੇ ਦੀ ਰਸਮੀ ਭਾਸ਼ਾ ਵਿੱਚ ਨਹੀਂ, ਸਗੋਂ ਇੱਕ ਅਜਿਹੀ ਜੱਜ ਵਜੋਂ ਜਿਸ ਨੇ ਉਸ ਦੀ ਆਵਾਜ਼ ਸੁਣੀ ਹੈ, ਜਿਸ ਨੇ ਉਸ ਦੇ ਸ਼ਬਦ ਪੜ੍ਹੇ ਹਨ ਅਤੇ ਜੋ ਉਸ ਦੇ ਹੌਸਲੇ ਤੋਂ ਪ੍ਰਭਾਵਿਤ ਹੋਈ ਹੈ।’

ਉਨ੍ਹਾਂ ਨੇ ਬੱਚੀ ਨੂੰ ਲਿਖਿਆ, “ਜਦੋਂ ਤੁਸੀਂ ਕਿਹਾ ਸੀ, ‘ਜਦੋਂ ਤੱਕ ਅੰਕਲ ਬੁੱਢੇ ਨਾ ਹੋ ਜਾਣ, ਉਦੋਂ ਤੱਕ ਉਨ੍ਹਾਂ ਨੂੰ ਜੇਲ੍ਹ ਵਿੱਚ ਹੀ ਰੱਖਿਆ ਜਾਵੇ’ ਤਾਂ ਇਸ ਅਦਾਲਤ ਨੇ ਤੁਹਾਡੀ ਗੱਲ ਸੁਣੀ ਅਤੇ ਇਸ ਅਦਾਲਤ ਨੇ ਤੁਹਾਡੀ ਅਪੀਲ ਦਾ ਜਵਾਬ ਦਿੱਤਾ ਹੈ।”

ਉਨ੍ਹਾਂ ਅੱਗੇ ਕਿਹਾ, “ਅੱਜ ਇਸ ਅਦਾਲਤ ਨੇ ਹੁਕਮ ਦਿੱਤਾ ਹੈ ਕਿ ਜਿਸ ਵਿਅਕਤੀ ਨੂੰ ਤੁਸੀਂ ‘ਅੰਕਲ’ ਕਿਹਾ ਸੀ, ਉਹ ਮੁੜ ਕਦੇ ਆਜ਼ਾਦ ਨਹੀਂ ਘੁੰਮ ਸਕੇਗਾ। ਉਹ ਆਪਣੀ ਬਾਕੀ ਸਾਰੀ ਜ਼ਿੰਦਗੀ ਪਿੰਜਰੇ ਵਿੱਚ ਰਹੇਗਾ। ਉਹ ਉਸ ਪਿੰਜਰੇ ਵਿੱਚ ਬੁੱਢਾ ਹੋਵੇਗਾ। ਉਹ ਉਸੇ ਪਿੰਜਰੇ ਵਿੱਚ ਮਰੇਗਾ। ਉਹ ਤੁਹਾਨੂੰ, ਤੁਹਾਡੀ ਛੋਟੀ ਭੈਣ ਜਾਂ ਕਿਸੇ ਹੋਰ ਬੱਚੇ ਨੂੰ ਮੁੜ ਕਦੇ ਨੁਕਸਾਨ ਨਹੀਂ ਪਹੁੰਚਾ ਸਕੇਗਾ।”

ਉਸ ਨੂੰ ‘ਸਭ ਤੋਂ ਬਹਾਦਰ ਛੋਟੀ ਬੱਚੀ’ ਕਹਿੰਦਿਆਂ ਜੱਜ ਨੇ ਉਸ ਦੀ “ਅਦਾਲਤ ਵਿੱਚ ਆਉਣ, ਉਸ ਵਿਅਕਤੀ ਵੱਲ ਇਸ਼ਾਰਾ ਕਰਨ ਜਿਸ ਨੇ ਉਸ ਨੂੰ ਨੁਕਸਾਨ ਪਹੁੰਚਾਇਆ ਅਤੇ ਸੱਚ ਦੱਸਣ” ਲਈ ਸ਼ਲਾਘਾ ਕੀਤੀ।

“ਜਿਸ ਵਿਅਕਤੀ ਨੂੰ ਤੁਸੀਂ ‘ਅੰਕਲ’ ਕਿਹਾ ਸੀ, ਉਸ ਨੇ ਤੁਹਾਡੇ ਨਾਲ ਬਹੁਤ ਬੁਰਾ ਕੀਤਾ। ਪਰ ਤੁਸੀਂ ਚੁੱਪ ਨਹੀਂ ਰਹੇ। ਤੁਸੀਂ ਆਪਣੀ ਮਾਂ ਨੂੰ ਦੱਸਿਆ ਅਤੇ ਕਿਉਂਕਿ ਤੁਹਾਡੇ ਵਿੱਚ ਬੋਲਣ ਦੀ ਹਿੰਮਤ ਸੀ, ਉਹ ਮੁੜ ਕਦੇ ਕਿਸੇ ਹੋਰ ਬੱਚੇ ਨੂੰ ਨੁਕਸਾਨ ਨਹੀਂ ਪਹੁੰਚਾ ਸਕੇਗਾ।

“ਅਦਾਲਤ ਤੁਹਾਨੂੰ ਇਹ ਵਾਅਦਾ ਕਰ ਸਕਦੀ ਹੈ ਕਿ ਉਹ ਮੁੜ ਕਦੇ ਇੱਕ ਆਜ਼ਾਦ ਵਿਅਕਤੀ ਵਜੋਂ ਸੂਰਜ ਨਹੀਂ ਦੇਖ ਸਕੇਗਾ।”

ਆਪਣੀ ਚਿੱਠੀ ਦੇ ਅੰਤ ਵਿੱਚ ਜੱਜ ਨੇ ਕਿਹਾ, “ਅਦਾਲਤ ਤੁਹਾਡਾ ਬਚਪਨ ਵਾਪਸ ਨਹੀਂ ਦੇ ਸਕਦੀ”, ਪਰ ਉਸ ਨੂੰ ਸਲਾਹ ਦਿੱਤੀ ਕਿ “ਹੁਣ ਆਪਣੀ ਜ਼ਿੰਦਗੀ ਜੀਓ। ਸਕੂਲ ਜਾਓ। ਦੋਸਤ ਬਣਾਓ। ਹੱਸੋ। ਖੇਡੋ। ਸੁਪਨੇ ਦੇਖੋ। ਇਹ ਅਦਾਲਤ ਤੁਹਾਡੀ ਹਿੰਮਤ ਨੂੰ ਹਮੇਸ਼ਾ ਯਾਦ ਰੱਖੇਗੀ।”

ਜੱਜ ਰੰਗਾ ਦੀ ਚਿੱਠੀ ਉਸ ਹੁਕਮ ਦਾ ਹਿੱਸਾ ਹੈ, ਜਿਸ ਦਾ ਐਲਾਨ 11 ਜੁਲਾਈ ਨੂੰ ਕੀਤਾ ਗਿਆ ਸੀ।

ਪਰ ਕਿਉਂਕਿ ਬੱਚਿਆਂ ਨਾਲ ਜਿਨਸੀ ਸ਼ੋਸ਼ਣ ਦੇ ਮਾਮਲਿਆਂ ਦੀ ਸੁਣਵਾਈ ਵਿਸ਼ੇਸ਼ ਪੋਕਸੋ (ਬੱਚਿਆਂ ਨੂੰ ਜਿਨਸੀ ਅਪਰਾਧਾਂ ਤੋਂ ਸੁਰੱਖਿਆ) ਅਦਾਲਤਾਂ ਵਿੱਚ ਹੁੰਦੀ ਹੈ, ਇਸ ਲਈ ਪੀੜਤਾਂ ਦੀ ਪਛਾਣ ਦੀ ਸੁਰੱਖਿਆ ਲਈ ਉਨ੍ਹਾਂ ਦੇ ਫ਼ੈਸਲੇ ਕਦੇ ਵੀ ਜਨਤਕ ਨਹੀਂ ਕੀਤੇ ਜਾਂਦੇ।

ਇਹ ਮਾਮਲਾ ਹਾਲ ਹੀ ਵਿੱਚ ਉਸ ਵੇਲੇ ਸਾਹਮਣੇ ਆਇਆ, ਜਦੋਂ ਦਿੱਲੀ ਹਾਈ ਕੋਰਟ ਦੇ ਇੱਕ ਹੁਕਮ ਵਿੱਚ ਇਸ ਚਿੱਠੀ ਨੂੰ ਮੁੜ ਪ੍ਰਕਾਸ਼ਿਤ ਕੀਤਾ ਗਿਆ।

ਹਾਈ ਕੋਰਟ ਵੱਲੋਂ ਅਪੀਲ ਖਾਰਜ

ਹਾਈ ਕੋਰਟ ਨੇ ਦੋਸ਼ੀ ਦੀ ਜ਼ਮਾਨਤ ਅਤੇ ਸਜ਼ਾ ‘ਤੇ ਰੋਕ ਲਗਾਉਣ ਦੀ ਅਪੀਲ ਖ਼ਾਰਜ ਕਰ ਦਿੱਤੀ ਸੀ। ਹਾਈ ਕੋਰਟ ਦੇ ਹੁਕਮ ਵਿੱਚ ਦੋਸ਼ੀ ਦਾ ਨਾਂ ਦਿੱਤਾ ਗਿਆ ਹੈ, ਜੋ ਇੱਕ ਬਾਲਗ ਹੈ, ਪਰ ਉਸ ਬਾਰੇ ਹੋਰ ਕੋਈ ਜਾਣਕਾਰੀ ਨਹੀਂ ਦਿੱਤੀ ਗਈ।

ਹਾਈ ਕੋਰਟ ਦੇ ਜੱਜਾਂ ਨੇ ਜੱਜ ਰੰਗਾ ਦੀ ਚਿੱਠੀ ਨੂੰ ਬੱਚੀ ਲਈ ‘ਹੌਸਲਾ ਦੇਣ ਵਾਲਾ ਸੁਨੇਹਾ’ ਦੱਸਦਿਆਂ ਦਿੱਲੀ ਸਟੇਟ ਲੀਗਲ ਅਥਾਰਟੀ ਨੂੰ ਹੁਕਮ ਦਿੱਤਾ ਕਿ ਇਸ ਦੀ ਇੱਕ ਕਾਪੀ ਛਪਵਾ ਕੇ ਮੁਆਵਜ਼ੇ ਦੀ ਰਕਮ ਦੇ ਨਾਲ ਬੱਚੀ ਨੂੰ ਦਿੱਤੀ ਜਾਵੇ।

ਇਸ ਭਾਵੁਕ ਚਿੱਠੀ ਨੇ ਕਈ ਭਾਰਤੀਆਂ ਨੂੰ ਪ੍ਰਭਾਵਿਤ ਕੀਤਾ ਹੈ। ਲੋਕਾਂ ਨੇ ਇਸ ਬਾਰੇ ਸੋਸ਼ਲ ਮੀਡੀਆ ‘ਤੇ ਸਾਂਝਾ ਕਰਦਿਆਂ ਇਸ ਨੂੰ ‘ਬਹੁਤ ਹੀ ਦੁਰਲੱਭ’ ਅਤੇ ‘ਉਮੀਦ ਦੀ ਕਿਰਨ’ ਦੱਸਿਆ ਹੈ ਅਤੇ ਜੱਜ ਦੀ ਸ਼ਲਾਘਾ ਕੀਤੀ ਹੈ।

ਕਈ ਲੋਕਾਂ ਨੇ ਇਸ ਭਿਆਨਕ ਅਪਰਾਧ ‘ਤੇ ਵੀ ਦੁੱਖ ਪ੍ਰਗਟ ਕੀਤਾ ਹੈ, ਜਿਸ ਵਿੱਚ ਇੱਕ ਬੱਚੀ ਦਾ ਸਿਰਫ਼ ਸੱਤ ਸਾਲ ਦੀ ਉਮਰ ਵਿੱਚ ਜਿਨਸੀ ਸ਼ੋਸ਼ਣ ਕੀਤਾ ਗਿਆ।

ਜੱਜ ਦੀ ਚਿੱਠੀ ਭਾਵੇਂ ਦੁਰਲੱਭ ਹੋ ਸਕਦੀ ਹੈ, ਪਰ ਮੁਹਿੰਮ ਚਲਾਉਣ ਵਾਲਿਆਂ ਦਾ ਕਹਿਣਾ ਹੈ ਕਿ ਸੱਤ ਸਾਲ ਦੀ ਬੱਚੀ ਦਾ ਮਾਮਲਾ ਕੋਈ ਦੁਰਲੱਭ ਮਾਮਲਾ ਨਹੀਂ ਹੈ। ਅਪਰਾਧ ਦੇ ਸਰਕਾਰੀ ਅੰਕੜਿਆਂ ਮੁਤਾਬਕ, ਸਿਰਫ਼ 2024 ਵਿੱਚ ਹੀ ਭਾਰਤ ਵਿੱਚ ਪੋਕਸੋ ਦੇ 69,000 ਤੋਂ ਵੱਧ ਮਾਮਲੇ ਦਰਜ ਕੀਤੇ ਗਏ ਸਨ।

ਅਧਿਐਨਾਂ ਤੋਂ ਪਤਾ ਲੱਗਦਾ ਹੈ ਕਿ ਜ਼ਿਆਦਾਤਰ ਮਾਮਲਿਆਂ ਵਾਂਗ, ਬੱਚਿਆਂ ਦਾ ਜਿਨਸੀ ਸ਼ੋਸ਼ਣ ਕਰਨ ਵਾਲੇ ਲੋਕ ਪੀੜਤਾਂ ਦੇ ਜਾਣ-ਪਛਾਣ ਵਾਲੇ ਹੁੰਦੇ ਹਨ ਅਤੇ ਅਕਸਰ ਉਹ ਅਜਿਹੇ ਲੋਕ ਹੁੰਦੇ ਹਨ ਜਿਨ੍ਹਾਂ ‘ਤੇ ਪੀੜਤ ਭਰੋਸਾ ਕਰਦੇ ਹਨ ਅਤੇ ਜੋ ਉਨ੍ਹਾਂ ਦੀ ਦੇਖਭਾਲ ਕਰਦੇ ਹਨ। ਇਸ ਕਾਰਨ ਕਈ ਮਾਮਲੇ ਅਧਿਕਾਰੀਆਂ ਨੂੰ ਰਿਪੋਰਟ ਵੀ ਨਹੀਂ ਕੀਤੇ ਜਾਂਦੇ।

ਪੀੜਤਾਂ ਦਾ ਕਹਿਣਾ ਹੈ ਕਿ ਅਜਿਹਾ ਸ਼ੋਸ਼ਣ ਉਨ੍ਹਾਂ ‘ਤੇ ਸਾਰੀ ਉਮਰ ਦਾ ਅਸਰ ਛੱਡ ਸਕਦਾ ਹੈ ਅਤੇ ਉਨ੍ਹਾਂ ਦੀ ਪੂਰੀ ਜ਼ਿੰਦਗੀ ਨੂੰ ਪ੍ਰਭਾਵਿਤ ਕਰ ਸਕਦਾ ਹੈ।

ਆਪਣੇ ਹੁਕਮ ਵਿੱਚ ਜੱਜ ਰੰਗਾ ਨੇ ਇਹ ਵੀ ਦੱਸਿਆ ਕਿ ਅਜਿਹਾ ਜਿਨਸੀ ਹਮਲਾ ਬੱਚੇ ‘ਤੇ ਸਥਾਈ ਅਸਰ ਕਿਵੇਂ ਪਾ ਸਕਦਾ ਹੈ।

‘ਅਪਰਾਧ ਦੀ ਪ੍ਰਕਿਰਤੀ, ਪੀੜਾ ਦੀ ਗਹਿਰਾਈ ਅਤੇ ਪੀੜਤ ਬੱਚੀ ‘ਤੇ ਪੈਣ ਵਾਲੇ ਉਮਰ ਭਰ ਦੇ ਪ੍ਰਭਾਵ ਦਾ ਮੁਲਾਂਕਣ’ ਕਰਨ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਹੁਕਮ ਬੱਚੀ ਨੂੰ ‘ਠੀਕ ਕਰਨ ਅਤੇ ਉਸ ਦੀ ਜ਼ਿੰਦਗੀ ਨੂੰ ਮੁੜ ਸੰਵਾਰਨ ਦੀ ਇੱਕ ਕੋਸ਼ਿਸ਼’ ਸੀ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI