Home rss national punjabi2ਰਾਸ਼ਟਰੀ ਖ਼ਬਰਾਂ ਸੀਬੀਆਈ ਦੀ ਐੱਫਆਈਆਰ ਵਿੱਚ ਨਾਮਜ਼ਦ ਰਾਜਬੀਰ ਘੁੰਮਣ ਸਮੇਤ ਛੇ ਵਿਅਕਤੀਆਂ ਬਾਰੇ ਕੀ...

ਸੀਬੀਆਈ ਦੀ ਐੱਫਆਈਆਰ ਵਿੱਚ ਨਾਮਜ਼ਦ ਰਾਜਬੀਰ ਘੁੰਮਣ ਸਮੇਤ ਛੇ ਵਿਅਕਤੀਆਂ ਬਾਰੇ ਕੀ ਪਤਾ ਹੈ

3
0

Source :- BBC PUNJABI

ਰਾਜਬੀਰ ਘੁੰਮਣ

ਪ੍ਰਕਾਸ਼ਿਤ

ਪੜ੍ਹਨ ਦਾ ਸਮਾਂ: 8 ਮਿੰਟ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਸੀਬੀਆਈ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਓਐੱਸਡੀ ਰਾਜਬੀਰ ਘੁੰਮਣ ਸਮੇਤ ਛੇ ਵਿਅਕਤੀਆਂ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਹੈ।

ਐੱਫਆਈਆਰ ਦਰਜ ਕਰਨ ਤੋਂ ਬਾਅਦ ਮੰਗਲਵਾਰ ਨੂੰ ਪੰਜਾਬ ਵਿੱਚ ਕਈ ਥਾਵਾਂ ‘ਤੇ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਤਹਿਤ ਸੀਬੀਆਈ ਦੀ ਟੀਮ ਚੰਡੀਗੜ੍ਹ ਸਥਿਤ ਮੁੱਖ ਮੰਤਰੀ ਦੇ ਕੈਂਪ ਦਫ਼ਤਰ ਵਿੱਚ ਵੀ ਪਹੁੰਚੀ।

ਸੀਬੀਆਈ ਮੁਤਾਬਕ, ਇਹ ਕਾਰਵਾਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਅਤੇ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਰਿਪੋਰਟ ਦੇ ਆਧਾਰ ‘ਤੇ ਕੀਤੀ ਗਈ ਹੈ।

ਦੱਸ ਦਈਏ ਕਿ ਪੰਜਾਬ ਦੇ ਉੱਚ ਅਧਿਕਾਰੀਆਂ ‘ਤੇ ਪੈਸੇ ਲੈ ਕੇ ਬਦਲੀਆਂ ਕਰਨ, ਸਰਕਾਰੀ ਟੈਂਡਰਾਂ ਵਿੱਚ ਗੜਬੜੀਆਂ ਅਤੇ ਮਨਪਸੰਦ ਨੀਤੀਆਂ ਬਣਾਉਣ ਬਦਲੇ ਪੈਸੇ ਲੈਣ ਜਿਹੇ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਦੀ ਜਾਂਚ ਹੁਣ ਕੇਂਦਰੀ ਜਾਂਚ ਏਜੰਸੀ ਸੀਬੀਆਈ ਨੂੰ ਸੌਂਪੀ ਗਈ ਹੈ।

ਸੀਬੀਆਈ ਮੁਤਾਬਕ, ਇਨ੍ਹਾਂ ਵਿੱਚ ਵਿਭਾਗੀ ਕਾਰਵਾਈਆਂ, ਨੀਤੀਆਂ ਬਣਾਉਣ, ਪ੍ਰਸ਼ਾਸਨਿਕ ਮਨਜ਼ੂਰੀਆਂ, ਟੈਂਡਰ ਦੀਆਂ ਸ਼ਰਤਾਂ, ਲਾਇਸੈਂਸਿੰਗ, ਜ਼ਮੀਨ ਦੀ ਵਰਤੋਂ ਵਿੱਚ ਤਬਦੀਲੀ, ਜਾਇਦਾਦੀ ਵਿਵਾਦਾਂ ਅਤੇ ਮਾਲ ਤੇ ਜ਼ਮੀਨ ਨਾਲ ਸਬੰਧਤ ਮਾਮਲੇ ਸ਼ਾਮਲ ਹਨ।

ਕੇਂਦਰੀ ਜਾਂਚ ਏਜੰਸੀ ਨੇ ਮੁੱਖ ਮੰਤਰੀ ਮਾਨ ਦੇ ਓਐੱਸਡੀ ਰਾਜਬੀਰ ਘੁੰਮਣ ਤੋਂ ਇਲਾਵਾ ਨਿਤਿਨ ਗੋਹਲ, ਜਿਤਿਨ ਗੋਹਲ ਉਰਫ਼ ਰਾਜਾ, ਰੋਮੀ ਰਾਜਾ ਮਹਾਜਨ, ਬੀਰ ਦਵਿੰਦਰ ਅਤੇ ਆਰਐੱਸ ਨਾਗਰਾ ਸਮੇਤ ਕੁਝ ਅਣਪਛਾਤੇ ਸਰਕਾਰੀ ਮੁਲਾਜ਼ਮਾਂ ਅਤੇ ਨਿੱਜੀ ਵਿਅਕਤੀਆਂ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਹੈ।

ਹੁਣ ਜਿਨ੍ਹਾਂ ਛੇ ਲੋਕਾਂ ਦੇ ਨਾਮ ਸੀਬੀਆਈ ਦੀ ਐੱਫਆਈਆਰ ਵਿੱਚ ਦਰਜ ਹਨ, ਉਨ੍ਹਾਂ ਬਾਰੇ ਜਾਣਦੇ ਹਾਂ।

ਭਗਵੰਤ ਮਾਨ

ਸੀਬੀਆਈ ਦੀ ਕਾਰਵਾਈ ਬਾਰੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਾਅਵਾ ਕੀਤਾ ਹੈ ਕਿ ਕਈ ਘੰਟਿਆਂ ਦੀ ਜਾਂਚ ਤੋਂ ਬਾਅਦ ਵੀ ਏਜੰਸੀ ਨੂੰ ਕੁਝ ਨਹੀਂ ਮਿਲਿਆ।

ਉਨ੍ਹਾਂ ਨੇ ਕਿਹਾ, “ਸੀਬੀਆਈ ਦੀ ਰੇਡ ਤੋਂ ਪਤਾ ਲੱਗਦਾ ਹੈ ਕਿ ਪੰਜਾਬ ਵਿੱਚ ਚੋਣਾਂ ਜਲਦੀ ਹੋਣ ਜਾ ਰਹੀਆਂ ਹਨ ਕਿਉਂਕਿ ਇਹ ਭਾਜਪਾ ਦੇ ਕੰਮ ਕਰਨ ਦਾ ਤਰੀਕਾ ਹੈ।”

“ਉਹ ਚੋਣਾਂ ਤੋਂ ਦੋ-ਤਿੰਨ ਮਹੀਨੇ ਪਹਿਲਾਂ ਵੱਡੇ-ਵੱਡੇ ਆਗੂਆਂ, ਉਨ੍ਹਾਂ ਦੇ ਸਹਿਯੋਗੀਆਂ, ਪਰਿਵਾਰਕ ਮੈਂਬਰਾਂ ਜਾਂ ਵਿਸ਼ਵਾਸਪਾਤਰਾਂ ਨੂੰ ਰੇਡਾਂ ਮਾਰ ਕੇ ਡਰਾਉਣਾ ਸ਼ੁਰੂ ਕਰ ਦਿੰਦੇ ਹਨ। ਬਿਲਕੁਲ ਇਸੇ ਤਰ੍ਹਾਂ ਛੱਤੀਸਗੜ੍ਹ, ਬੰਗਾਲ, ਦਿੱਲੀ ਅਤੇ ਹਰਿਆਣਾ ਵਿੱਚ ਵੀ ਹੋਇਆ ਸੀ। ਇਹ ਭਾਜਪਾ ਦੀ ਬੌਖਲਾਹਟ ਹੈ।”

ਕੌਣ ਹਨ ਰਾਜਬੀਰ ਘੁੰਮਣ?

ਮੁੱਖ ਮੰਤਰੀ ਦੇ ਓਐੱਸਡੀ ਰਾਜਬੀਰ ਸਿੰਘ ਘੁੰਮਣ

ਰਾਜਬੀਰ ਘੁੰਮਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਓਐੱਸਡੀ ਹਨ। ਹਾਲ ਹੀ ਵਿੱਚ ਘੁੰਮਣ ਨੂੰ ਪਾਰਟੀ ਦੀ ਨੈਸ਼ਨਲ ਐਗਜ਼ੀਕਿਊਟਿਵ ਕੌਂਸਲ ਦਾ ਮੈਂਬਰ ਬਣਾਇਆ ਗਿਆ ਹੈ।

ਰਾਜਬੀਰ ਘੁੰਮਣ ਸੰਗਰੂਰ ਦੇ ਪਿੰਡ ਘਰਾਚੋਂ ਨਾਲ ਸਬੰਧ ਰੱਖਦੇ ਹਨ। ਬੀਬੀਸੀ ਸਹਿਯੋਗੀ ਚਰਨਜੀਵ ਕੌਸ਼ਲ ਨੂੰ ਉਨ੍ਹਾਂ ਦੇ ਪਰਿਵਾਰ ਦੇ ਇੱਕ ਕਰੀਬੀ ਤੋਂ ਮਿਲੀ ਜਾਣਕਾਰੀ ਮੁਤਾਬਕ, ਰਾਜਬੀਰ ਦੇ ਪਰਿਵਾਰ ਦਾ ਪਿਛੋਕੜ ਕਿਸਾਨੀ ਨਾਲ ਜੁੜਿਆ ਹੋਇਆ ਹੈ। ਪਿਛੋਕੜ ਤੋਂ ਉਹ ਮੱਧਵਰਗੀ ਪਰਿਵਾਰ ਨਾਲ ਸਬੰਧ ਰੱਖਦੇ ਹਨ।

ਮਿਲੀ ਜਾਣਕਾਰੀ ਮੁਤਾਬਕ, ਰਾਜਬੀਰ ਘੁੰਮਣ ਨੇ ਮਕੈਨੀਕਲ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ ਅਤੇ ਤਕਰੀਬਨ ਚਾਰ-ਪੰਜ ਸਾਲ ਸੰਗਰੂਰ ਦੇ ਨਿੱਜੀ ਕਾਲਜ ਵਿੱਚ ਇਸੇ ਵਿਸ਼ੇ ਦੇ ਅਸਿਸਟੈਂਟ ਪ੍ਰੋਫੈਸਰ ਰਹੇ।

ਫਿਰ ਉਹ ਅਤੇ ਉਨ੍ਹਾਂ ਦੀ ਪਤਨੀ ਪੁਆਇੰਟ ਬੇਸ ‘ਤੇ ‘ਪੀਆਰ’ ਲੈ ਕੇ ਕੈਨੇਡਾ ਚਲੇ ਗਏ। ਪਰ ਬਾਅਦ ਵਿੱਚ ਆਮ ਆਦਮੀ ਪਾਰਟੀ ਨਾਲ ਜੁੜੇ ਸਾਥੀਆਂ ਦੇ ਕਹਿਣ ‘ਤੇ ਪੰਜਾਬ ਪਰਤੇ।

ਮਿਲੀ ਜਾਣਕਾਰੀ ਮੁਤਾਬਕ, ਘੁੰਮਣ ਉਨ੍ਹਾਂ ਦੇ ਪਿੰਡ ਵਿੱਚ ਕਰਵਾਏ ਜਾਂਦੇ ਸ਼ਹੀਦ ਭਗਤ ਸਿੰਘ ਦੇ ਸਾਲਾਨਾ ਯਾਦਗਾਰੀ ਸਮਾਰੋਹ ਦੌਰਾਨ ਵੀ ਭਗਵੰਤ ਮਾਨ ਨਾਲ ਮਿਲਦੇ ਰਹੇ ਹਨ।

ਮੀਡੀਆ ਰਿਪੋਰਟਾਂ ਮੁਤਾਬਕ, 2014 ਦੀਆਂ ਲੋਕ ਸਭਾ ਚੋਣਾਂ ਦੇ ਪ੍ਰਚਾਰ ਵੇਲੇ ਘੁੰਮਣ ਦੀ ਭਗਵੰਤ ਮਾਨ ਨਾਲ ਨੇੜਤਾ ਵਧੀ ਅਤੇ ਜਦੋਂ ਚੋਣ ਜਿੱਤ ਕੇ ਭਗਵੰਤ ਮਾਨ ਸੰਗਰੂਰ ਤੋਂ ਸਾਂਸਦ ਬਣੇ ਤਾਂ ਉਦੋਂ ਤੋਂ ਲਗਾਤਾਰ ਉਹ ਮਾਨ ਦੇ ਨਾਲ ਰਹੇ ਅਤੇ ਉਨ੍ਹਾਂ ਦੇ ਸ਼ੈਡਿਊਲ ਆਦਿ ਦਾ ਪ੍ਰਬੰਧ ਦੇਖਦੇ ਰਹੇ।

ਘੁੰਮਣ ਨੂੰ ਉਦੋਂ ਤੋਂ ਹੀ ਭਗਵੰਤ ਮਾਨ ਦੇ ਭਰੋਸੇਯੋਗ ਆਦਮੀਆਂ ਵਿੱਚ ਗਿਣਿਆ ਜਾਂਦਾ ਰਿਹਾ ਹੈ।

ਘੁੰਮਣ ਦੇ ਪਰਿਵਾਰ ਦੇ ਇੱਕ ਕਰੀਬੀ ਮੁਤਾਬਕ, 2022 ਦੀਆਂ ਚੋਣਾਂ ਤੋਂ ਪਹਿਲਾਂ ‘ਆਪ’ ਦੀ ਪੰਜਾਬ ਵਿੱਚ ਬਣੀ ਹਵਾ ਦੇਖਦਿਆਂ, ਘੁੰਮਣ ਦੇ ਸਾਥੀਆਂ ਨੇ ਉਨ੍ਹਾਂ ਨੂੰ ਵਿਦੇਸ਼ ਪਰਤਣ ਲਈ ਕਿਹਾ।

ਘੁੰਮਣ ਇਸ ਚੋਣ ਪ੍ਰਚਾਰ ਦੌਰਾਨ ਵੀ ਮਾਨ ਦੇ ਨਾਲ ਰਹੇ ਅਤੇ ਸਰਕਾਰ ਬਣਨ ‘ਤੇ ਉਨ੍ਹਾਂ ਨੂੰ ਮੁੱਖ ਮੰਤਰੀ ਮਾਨ ਦਾ ਓਐੱਸਡੀ ਲਗਾ ਦਿੱਤਾ ਗਿਆ।

ਘੁੰਮਣ ਦਾ ਪਿੰਡ ਘਰਾਚੋਂ ਅਤੇ ਭਗਵੰਤ ਮਾਨ ਦਾ ਪਿੰਡ ਸਤੌਜ ਸੰਗਰੂਰ ਜ਼ਿਲ੍ਹੇ ਵਿੱਚ ਆਉਂਦੇ ਹਨ।

ਨਿਤਿਨ ਗੋਹਲ

ਸੀਬੀਆਈ

ਨਿਤਿਨ ਗੋਹਲ ਮੋਹਾਲੀ ਦੇ ਇੱਕ ਕਾਰੋਬਾਰੀ ਹਨ। ਉਹ ਇਸੇ ਸਾਲ ਮਈ ਮਹੀਨੇ ਸੁਰਖੀਆਂ ਵਿੱਚ ਆਏ ਸਨ, ਜਦੋਂ ਈਡੀ ਦੇ ਖਰੜ ਦੇ ਵੈਸਟਰਨ ਟਾਵਰ ਵਿੱਚ ਛਾਪੇ ਦੌਰਾਨ ਜ਼ਮੀਨ ਤੋਂ ਕੈਸ਼ ਨਾਲ ਭਰੇ ਬੈਗ਼ ਮਿਲੇ ਸਨ।

ਇਲਜ਼ਾਮ ਲੱਗੇ ਸਨ ਕਿ ਇਹ ਕੈਸ਼ ਨਾਲ ਭਰੇ ਬੈਗ ਨਿਤਿਨ ਗੋਹਲ ਦੇ ਨੌਵੀਂ ਮੰਜ਼ਿਲ ਸਥਿਤ ਫ਼ਲੈਟ ਤੋਂ ਸੁੱਟੇ ਗਏ ਸਨ।

ਕਿਹਾ ਜਾ ਰਿਹਾ ਹੈ ਕਿ ਗੋਹਲ ਰਾਜਬੀਰ ਘੁੰਮਣ ਦੇ ਕਰੀਬੀ ਹਨ ਅਤੇ ਵੱਖ-ਵੱਖ ਮਾਮਲਿਆਂ ਵਿੱਚ ਉਨ੍ਹਾਂ ‘ਤੇ ਪੈਸਿਆਂ ਦੇ ਕਥਿਤ ਲੈਣ-ਦੇਣ ਦੇ ਮਾਮਲੇ ਵਿੱਚ ਵਿਚੋਲਗੀ ਦਾ ਇਲਜ਼ਾਮ ਹੈ।

ਇੰਡੀਅਨ ਐਕਸਪ੍ਰੈੱਸ ਦੀ ਇੱਕ ਰਿਪੋਰਟ ਮੁਤਾਬਕ, ਗੋਹਲ ਫੋਰਟੈਕ ਵੈੱਬ ਸਲਿਊਸ਼ਨਜ਼ ਅਤੇ ਟੈਕਲਾਈਵ ਸਲਿਊਸ਼ਨਜ਼ ਕੰਪਨੀਆਂ ਦੇ ਫਾਊਂਡਰ ਅਤੇ ਸੀਈਓ ਹਨ।

ਉਨ੍ਹਾਂ ਨੇ ਅਪ੍ਰੈਲ 2018 ਵਿੱਚ ਆਪਣੀ ਕੰਪਨੀ ਲਾਂਚ ਕੀਤੀ ਸੀ ਅਤੇ ਵੈੱਬ ਡਿਵੈਲਪਮੈਂਟ, ਸਾਫ਼ਟਵੇਅਰ ਸਰਵਿਸ ਅਤੇ ਡਿਜੀਟਲ ਸਲਿਊਸ਼ਨਜ਼ ਦੇ ਖੇਤਰ ਵਿੱਚ ਕਈ ਸਾਲਾਂ ਤੋਂ ਸਰਗਰਮ ਹਨ।

ਅਖ਼ਬਾਰ ਨੇ ਇਹ ਵੀ ਲਿਖਿਆ ਕਿ ਜਾਣਕਾਰੀ ਮੁਤਾਬਕ, ਉਹ ਵੈੱਬਸਾਈਟ ਡਿਵੈਲਪਮੈਂਟ, ਡਿਜੀਟਲ ਟੂਲਜ਼ ਅਤੇ ਹੋਰ ਆਈਟੀ ਹੁਨਰਾਂ ਬਾਰੇ ਸਿਖਲਾਈ ਵੀ ਦਿੰਦੇ ਰਹੇ ਹਨ।

ਗੋਹਲ ‘ਤੇ ਪੈਸਿਆਂ ਅਤੇ ਹੋਰ ਫ਼ਾਇਦਿਆਂ ਬਦਲੇ ਸਰਕਾਰੀ ਅਧਿਕਾਰੀਆਂ ਦੇ ਤਬਾਦਲੇ, ਤੈਨਾਤੀਆਂ ਨੂੰ ਪ੍ਰਭਾਵਿਤ ਕਰਨ, ਗੁਪਤ ਸਰਕਾਰੀ ਦਸਤਾਵੇਜ਼ ਲੀਕ ਕਰਨ, ਅਸਲਾ ਲਾਇਸੈਂਸ ਦਿਵਾਉਣ ਅਤੇ ਸਰਕਾਰੀ ਮਨਜ਼ੂਰੀਆਂ ਦਿਵਾਉਣ ਸਮੇਤ ਕਈ ਤਰ੍ਹਾਂ ਦੇ ਇਲਜ਼ਾਮ ਹਨ।

ਰਾਜਬੀਰ ਘੁੰਮਣ ਨੇ ਇੱਕ ਨਿੱਜੀ ਚੈਨਲ ਨੂੰ ਇੰਟਰਵਿਊ ਦੌਰਾਨ ਕਿਹਾ ਸੀ ਕਿ ਨਿਤਿਨ ਨਾਲ ਉਨ੍ਹਾਂ ਦੀ ਦੋਸਤੀ ਸਾਲ 2004 ਤੋਂ ਹੈ।

ਜਿਤਿਨ ਗੋਹਲ

ਮੁੱਖ ਮੰਤਰੀ ਭਗਵੰਤ ਮਾਨ ਦੇ ਕੈਂਪ ਦਫ਼ਤਰ ਉੱਤੇ ਸੀਬੀਆਈ ਵੱਲੋਂ ਰੇਡ

ਹਾਈ ਕੋਰਟ ਵਿੱਚ ਈਡੀ ਨੇ ਆਪਣੀ ਰਿਪੋਰਟ ਵਿੱਚ ਕਿਹਾ ਕਿ ਨਿਤਿਨ ਗੋਹਲ ਨੇ ਜਿਤਿਨ ਗੋਹਲ ਉਰਫ਼ ਰਾਜਾ ਨੂੰ ਰੋਮੀ ਰਾਜਾ ਮਹਾਜਨ ਅਤੇ ਰਾਜਬੀਰ ਘੁੰਮਣ ਜ਼ਰੀਏ ਮੁੱਖ ਮੰਤਰੀ ਦਫ਼ਤਰ ਵਿੱਚ ਫਿੱਟ ਕਰਵਾਇਆ।

ਦਿ ਪ੍ਰਿੰਟ ਦੀ ਇੱਕ ਖ਼ਬਰ ਮੁਤਾਬਕ, ਜਿਤਿਨ ਗੋਹਲ ਨਿਤਿਨ ਗੋਹਲ ਦੇ ਭਰਾ ਹਨ ਅਤੇ ਮੂਲ ਰੂਪ ਵਿੱਚ ਨਾਭਾ ਨਾਲ ਸਬੰਧ ਰੱਖਦੇ ਹਨ।

ਰੋਮੀ ਰਾਜਾ ਮਹਾਜਨ

ਡਾ. ਰੋਮੀ ਰਾਜਾ ਮਹਾਜਨ ਸਿਹਤ ਵਿਭਾਗ ਵਿੱਚ ਗੁਰਦਾਸਪੁਰ ਦੇ ਬਤੌਰ ਡਿਪਟੀ ਮੈਡੀਕਲ ਕਮਿਸ਼ਨਰ ਤੈਨਾਤ ਸਨ।

ਗੁਰਦਾਸਪੁਰ ਤੋਂ ਬੀਬੀਸੀ ਸਹਿਯੋਗੀ ਗੁਰਪ੍ਰੀਤ ਚਾਵਲਾ ਨੇ ਜਾਣਕਾਰੀ ਦਿੱਤੀ ਕਿ ਡਾ. ਰੋਮੀ ਬੀਤੇ ਦਿਨੀਂ 30 ਸਤੰਬਰ ਨੂੰ ਆਪਣੀ ਡਿਊਟੀ ਤੋ ਸੇਵਾ ਮੁਕਤ ਹੋਏ ਹਨ ਅਤੇ ਸੂਤਰਾਂ ਮੁਤਾਬਕ ਸੇਵਾ ਮੁਕਤ ਹੋਣ ਤੋ ਪਹਿਲਾਂ ਕਈ ਮਹੀਨੇ ਤੋ ਉਹ ਆਪਣੀ ਡਿਊਟੀ ਤੋ ਇਲਾਵਾ ਚੰਡੀਗੜ੍ਹ ਵਿਚ ਵੀ ਬਤੌਰ ਮੁੱਖ ਮੰਤਰੀ ਓਐੱਸਡੀ ਦੇ ਤੌਰ ‘ਤੇ ਵੀ ਕੰਮ ਕਰ ਰਹੇ ਸਨ।

ਡਾ. ਰੋਮੀ ਰਾਜਾ ਨੇ ਗੁਰਦਾਸਪੁਰ ਵਿੱਚ ਆਪਣੀ ਰਿਟਾਇਰਮੈਂਟ ਦੀ ਪਾਰਟੀ 29 ਸਤੰਬਰ ਨੂੰ ਦਿੱਤੀ ਸੀ, ਜਿਸ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਓਐੱਸਡੀ ਰਾਜਬੀਰ ਸਿੰਘ ਘੁੰਮਣ ਅਤੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜਾਂ ਅਤੇ ਸਥਾਨਕ ਆਗੂਆਂ ਸਮੇਤ ਹੋਰ ਲੋਕ ਵੀ ਸ਼ਾਮਲ ਹੋਏ ਸਨ।

ਬੀਬੀਸੀ ਸਹਿਯੋਗੀ ਗੁਰਪ੍ਰੀਤ ਚਾਵਲਾ ਦੀ ਜਾਣਕਾਰੀ ਮੁਤਾਬਕ, ਡਾ. ਰੋਮੀ ਰਾਜਾ ਪਿਛਲੇ ਲੰਬੇ ਸਮੇਂ ਤੋਂ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨਾਲ ਜੁੜੇ ਰਹੇ ਹਨ।

ਉਹ ਕਾਂਗਰਸ ਪਾਰਟੀ ਦੀ ਸਾਬਕਾ ਲੋਕ ਸਭਾ ਮੈਂਬਰ ਮਰਹੂਮ ਸੁਖਬੰਸ ਕੌਰ ਭਿੰਡਰ ਦੇ ਨਜ਼ਦੀਕੀ ਵੀ ਰਹੇ। ਉਨ੍ਹਾਂ ਦੇ ਦੇਹਾਂਤ ਤੋਂ ਬਾਅਦ ਉਹ ਭਾਜਪਾ ਵਿੱਚ ਰਹੇ ਸਵਰਨ ਸਲਾਰੀਆ, ਜੋ ਹੁਣ ‘ਆਪ’ ਦੇ ਆਗੂ ਹਨ, ਦੇ ਵੀ ਨਜ਼ਦੀਕੀ ਰਹੇ ਅਤੇ ਉਦੋਂ ਉਹ ਉਨ੍ਹਾਂ ਦੇ ਦਫ਼ਤਰੀ ਕੰਮਕਾਜ ਵੀ ਦੇਖਦੇ ਰਹੇ।

ਬੀਰ ਦਵਿੰਦਰ ਸਿੰਘ

ਬੀਰ ਦਵਿੰਦਰ ਸਿੰਘ

ਬੀਰ ਦਵਿੰਦਰ ਸਿੰਘ ਰੋਪੜ ਜ਼ਿਲ੍ਹੇ ਨਾਲ ਸਬੰਧ ਰੱਖਦੇ ਹਨ ਅਤੇ ਉਨ੍ਹਾਂ ਦਾ ਵੱਡਾ ਪੋਲਟਰੀ ਫਾਰਮ ਹੈ। ਉਹ ਰੋਪੜ ਜ਼ਿਲ੍ਹੇ ਵਿੱਚ ਖੰਟ ਮਾਣਪੁਰ ਦੇ ਨੇੜਲੇ ਪਿੰਡ ਬੱਲਾਂ ਤੋਂ ਹਨ। ਉਨ੍ਹਾਂ ਨੇ ਖੰਟ ਮਾਣਪੁਰ ਦੇ ਸਕੂਲ ਤੋਂ ਪੜ੍ਹਾਈ ਕੀਤੀ ਹੈ।

ਇੱਕ ਇੰਟਰਵਿਊ ਵਿੱਚ ਬੀਰ ਦਵਿੰਦਰ ਨੇ ਦੱਸਿਆ ਸੀ ਕਿ ਉਨ੍ਹਾਂ ਦਾ ਪਰਿਵਾਰ ਤਕਰੀਬਨ ਚਾਰ ਦਹਾਕਿਆਂ ਤੋਂ ਪੋਲਟਰੀ ਕਾਰੋਬਾਰ ਕਰ ਰਿਹਾ ਹੈ ਅਤੇ ਖੇਤੀਬਾੜੀ ਨਾਲ ਵੀ ਜੁੜਿਆ ਹੋਇਆ ਹੈ।

ਉਹ ਪਹਿਲਾਂ ਆਸਟ੍ਰੇਲੀਆ ਚਲੇ ਗਏ ਸਨ ਅਤੇ 2011 ਵਿੱਚ ਆਸਟ੍ਰੇਲੀਆ ਤੋਂ ਪਰਤ ਕੇ ਤਕਰੀਬਨ ਦਸ ਸਾਲ ਇੱਕ ਇੰਜੀਨੀਅਰਿੰਗ ਕਾਲਜ ਵਿੱਚ ਪੜ੍ਹਾਇਆ।

ਰਾਜਬੀਰ ਘੁੰਮਣ ਨੇ ਆਮ ਆਦਮੀ ਪਾਰਟੀ ਦੇ ਨੌਜਵਾਨ ਆਗੂ ਬੀਰ ਦਵਿੰਦਰ ਨੂੰ ਵੀ ਇੱਕ ਇੰਟਰਵਿਊ ਦੌਰਾਨ ਆਪਣਾ ਖ਼ਾਸ ਦੋਸਤ ਦੱਸਿਆ ਸੀ।

ਬੀਰ ਦਵਿੰਦਰ ਆਮ ਆਦਮੀ ਪਾਰਟੀ ਦੇ ਨੌਜਵਾਨ ਵਿੰਗ ਦੇ ਸਟੇਟ ਵਾਈਸ ਪ੍ਰੈਜ਼ੀਡੈਂਟ ਹਨ। ਉਹ ਪੰਜਾਬ ਕ੍ਰਿਕਟ ਐਸੋਸੀਏਸ਼ਨ ਵਿੱਚ ਵੀ ਅਪੈਕਸ ਕਾਊਂਸਲ ਦੇ ਮੈਂਬਰ ਹਨ।

ਉਹ ਹਾਲ ਹੀ ਵਿੱਚ ਆਮ ਆਦਮੀ ਪਾਰਟੀ ਵੱਲੋਂ ਵੱਖ-ਵੱਖ ਸ਼ਹਿਰਾਂ ਵਿੱਚ ਕਰਵਾਏ ਜਾ ਰਹੇ ‘ਪੰਜਾਬ ਯੂਥ ਰਨ’ ਸਮਾਗਮਾਂ ਵਿੱਚ ਮੋਹਰੀ ਭੂਮਿਕਾ ਵਿੱਚ ਦੇਖੇ ਗਏ।

ਆਰਐੱਸ ਨਾਗਰਾ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਫ਼ੈਸਲੇ ਦੀ ਕਾਪੀ ਮੁਤਾਬਕ, ਇਨ੍ਹਾਂ ਦਾ ਪੂਰਾ ਨਾਮ ਰਾਜਦੀਪ ਸਿੰਘ ਨਾਗਰਾ ਹੈ।

ਇਨਫੋਰਸਮੈਂਟ ਡਾਇਰੈਕਟੋਰੇਟ ਨੇ ਆਪਣੀ ਜਾਂਚ ਦੌਰਾਨ ਕੀਤੇ ਸਵਾਲ-ਜਵਾਬ ਵਿੱਚ ਜਦੋਂ ਨਿਤਿਨ ਗੋਹਲ ਨੂੰ ਪੁੱਛਿਆ ਕਿ ਇਹ ਕੌਣ ਹਨ ਅਤੇ ਇਨ੍ਹਾਂ ਨਾਲ ਤੁਹਾਡੇ ਕੀ ਕਾਰੋਬਾਰੀ ਜਾਂ ਵਿੱਤੀ ਸਬੰਧ ਹਨ ਤਾਂ ਨਿਤਿਨ ਗੋਹਲ ਨੇ ਦੱਸਿਆ ਕਿ ਨਾਗਰਾ ਇੱਕ ਰਾਈਸ ਸ਼ੈਲਰ ਦੇ ਮਾਲਕ ਹਨ।

ਈਡੀ ਨੂੰ ਦਿੱਤੇ ਜਵਾਬ ਮੁਤਾਬਕ, ਗੋਹਲ ਨਾਗਰਾ ਨੂੰ 2022-23 ਵਿੱਚ ਇੱਕ ਦੋਸਤ ਜ਼ਰੀਏ ਮਿਲੇ ਸਨ ਅਤੇ ਨਾਗਰਾ ਨੇ ਸੂਬਾ ਸਰਕਾਰ ਤੋਂ ਆਪਣੇ ਟੈਂਡਰਾਂ ਅਤੇ ਹੋਰ ਕੰਮਾਂ ਬਾਰੇ ਦੇਖਣ ਲਈ ਬੇਨਤੀ ਕੀਤੀ ਸੀ।

ਗੋਹਲ ਨੇ ਈਡੀ ਨੂੰ ਦਿੱਤੇ ਜਵਾਬ ਵਿੱਚ ਕਿਹਾ ਕਿ ਪੰਜਾਬ ਸਰਕਾਰ ਵਿੱਚ ਉਨ੍ਹਾਂ ਦੇ ਸਿਆਸੀ ਲਿੰਕ ਹੋਣ ਕਾਰਨ ਉਨ੍ਹਾਂ ਨੇ ਨਾਗਰਾ ਨੂੰ ਉਨ੍ਹਾਂ ਦੇ ਮਸਲੇ ਦੇਖਣ ਦਾ ਭਰੋਸਾ ਦਿਵਾਇਆ।

ਹਾਈ ਕੋਰਟ ਦੀ ਕਾਪੀ ਵਿੱਚ ਈਡੀ ਵੱਲੋਂ ਨਿਤਿਨ ਗੋਹਲ ਤੋਂ ਕੀਤੇ ਸਵਾਲ-ਜਵਾਬ ਤੋਂ ਮਿਲੀ ਜਾਣਕਾਰੀ ਮੁਤਾਬਕ, ਨਾਗਰਾ ਨੇ ਗੋਹਲ ਨੂੰ ਕਈ ਵਾਰ ਪੰਜਾਬ ਸਰਕਾਰ ਦੇ ਕਈ ਅਫ਼ਸਰਾਂ ਦੇ ਤਬਾਦਲਿਆਂ ਅਤੇ ਪੋਸਟਿੰਗਾਂ ਬਾਰੇ ਵੀ ਕਿਹਾ।

ਇਸ ਬਾਰੇ ਗੋਹਲ ਕਹਿੰਦੇ ਹਨ ਕਿ ਪੰਜਾਬ ਸਰਕਾਰ ਵਿੱਚ ਉਨ੍ਹਾਂ ਦੀ ਜਾਣ-ਪਛਾਣ ਹੋਣ ਕਾਰਨ ਉਨ੍ਹਾਂ ਨੂੰ ਅਜਿਹੀਆਂ ਬੇਨਤੀਆਂ ਭੇਜੀਆਂ ਗਈਆਂ।

ਇੱਥੋਂ ਹੀ ਮਿਲੀ ਜਾਣਕਾਰੀ ਮੁਤਾਬਕ, ਨਾਗਰਾ ਨੇ ਮਿਲਕਫੈੱਡ ਸਮੇਤ ਕਈ ਟੈਂਡਰਾਂ ਵਿੱਚ ਬਦਲਾਅ ਕਰਾਉਣ ਬਾਰੇ ਵੀ ਗੋਹਲ ਨੂੰ ਕਈ ਮੈਸੇਜ ਭੇਜੇ।

ਗੋਹਲ ਨੇ ਰਾਜਦੀਪ ਸਿੰਘ ਨਾਗਰਾ ਨੂੰ ‘ਅਨਾਜ ਦੀ ਲੇਬਰ ਅਤੇ ਢੋਆ-ਢੁਆਈ ਲਈ ਰਾਜ ਨੀਤੀਆਂ 2024’ ਦੀ ਪੀਪੀਟੀ ਵੀ ਭੇਜੀ।

ਗੋਹਲ ਨੇ ਇਹ ਪੀਪੀਟੀ ਭੇਜਣ ਬਾਰੇ ਸਵੀਕਾਰ ਕੀਤਾ। ਈਡੀ ਨੇ ਅਜਿਹੇ ਗੁਪਤ ਸਰਕਾਰੀ ਦਸਤਾਵੇਜ਼ ਦੀ ਗੋਹਲ ਕੋਲ ਮੌਜੂਦਗੀ ਅਤੇ ਉਨ੍ਹਾਂ ਵੱਲੋਂ ਇਹ ਨਾਗਰਾ ਨੂੰ ਅੱਗੇ ਭੇਜੇ ਜਾਣ ਦੇ ਕਾਰਨ ਬਾਰੇ ਵੀ ਸਵਾਲ ਕੀਤੇ।

ਸੀਬੀਆਈ ਦੀ ਐੱਫਆਈਆਰ ਵਿੱਚ ਕੀ ਹੈ?

ਸੀਬੀਆਈ ਨੇ ਇਨ੍ਹਾਂ ਛੇ ਅਤੇ ਹੋਰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਬੀਐੱਨਐੱਸ ਦੀ ਧਾਰਾ 173 ਤਹਿਤ ਐੱਫਆਈਆਰ ਦਰਜ ਕੀਤੀ ਹੈ।

ਮੁਲਜ਼ਮਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 120-ਬੀ, ਬੀਐੱਨਐੱਸ ਦੀ ਧਾਰਾ 61(2) ਅਤੇ ਭ੍ਰਿਸ਼ਟਾਚਾਰ ਰੋਕੂ ਐਕਟ, 1988 ਦੀਆਂ ਧਾਰਾਵਾਂ 7, 7(ਏ), 8 ਅਤੇ 12 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਐੱਫਆਈਆਰ ਮੁਤਾਬਕ, 2023 ਤੋਂ 2026 ਦਰਮਿਆਨ ਹੋਏ ਕਥਿਤ ਭ੍ਰਿਸ਼ਟਾਚਾਰ ਲਈ ਇਹ ਕਾਰਵਾਈ ਹੋਈ ਹੈ। ਇਨਫੋਰਸਮੈਂਟ ਡਾਇਰੈਕਟੋਰੇਟ ਦੇ ਅਸਿਸਟੈਂਟ ਡਾਇਰੈਕਟਰ ਅਕਸ਼ੇ ਕੁਮਾਰ ਨੂੰ ਸ਼ਿਕਾਇਤਕਰਤਾ ਬਣਾਇਆ ਗਿਆ ਹੈ।

ਸੀਬੀਆਈ ਨੇ ਐੱਫਆਈਆਰ ਵਿੱਚ ਨਾਮਜ਼ਦ ਮੁਲਜ਼ਮਾਂ ਵਿਚਕਾਰ ਜਾਂ ਹੋਰਾਂ ਨਾਲ ਮੋਬਾਈਲ ਫੋਨ ‘ਤੇ ਹੋਈਆਂ ਚੈਟਾਂ ਦੇ ਸਕਰੀਨਸ਼ਾਟ ਵੀ ਲਗਾਏ ਗਏ ਹਨ, ਜੋ ਈਡੀ ਵੱਲੋਂ ਜ਼ਬਤ ਕੀਤੇ ਗਏ ਸਨ। ਈਡੀ ਵੱਲੋਂ ਜ਼ਬਤ ਕੀਤੇ ਹੋਰ ਦਸਤਾਵੇਜ਼ ਵੀ ਐੱਫਆਈਆਰ ਨਾਲ ਲਗਾਏ ਗਏ ਹਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI