Home rss national punjabi2ਰਾਸ਼ਟਰੀ ਖ਼ਬਰਾਂ ਟਾਈਟੈਨਿਕ ਉੱਤੇ ਸਵਾਰ ਇਕਲੌਤਾ ਸਿਆਹਫਾਮ ਯਾਤਰੀ ਕੌਣ ਸੀ, ਜਹਾਜ਼ ਡੁੱਬਣ ਮਗਰੋਂ ਉਨ੍ਹਾਂ...

ਟਾਈਟੈਨਿਕ ਉੱਤੇ ਸਵਾਰ ਇਕਲੌਤਾ ਸਿਆਹਫਾਮ ਯਾਤਰੀ ਕੌਣ ਸੀ, ਜਹਾਜ਼ ਡੁੱਬਣ ਮਗਰੋਂ ਉਨ੍ਹਾਂ ਨਾਲ ਕੀ ਹੋਇਆ ਸੀ?

5
0

Source :- BBC PUNJABI

ਜੋਸਫ਼ ਫਿਲਿਪ ਲੇਮਰਸੀਏ ਲਾਰੋਸ਼

10 ਅਪ੍ਰੈਲ 1912 ਨੂੰ ਉਸ ਸਮੇਂ ਦਾ ਸਭ ਤੋਂ ਆਧੁਨਿਕ ਜਹਾਜ਼ ਆਪਣੀ ਪਹਿਲੀ ਯਾਤਰਾ ਉੱਤੇ ਇੰਗਲੈਂਡ ਦੇ ਸਾਊਥੈਮਪਟਨ ਤੋਂ ਰਵਾਨਾ ਹੋਇਆ।

ਨਿਊਯਾਰਕ ਜਾ ਰਹੇ ਟਾਈਟੈਨਿਕ ‘ਤੇ 2,201 ਲੋਕ ਸਵਾਰ ਸਨ। ਚਾਰ ਦਿਨ ਬਾਅਦ ਉੱਤਰੀ ਆਰਐੱਮਐੱਸ ਅਟਲਾਂਟਿਕ ਮਹਾਂਸਾਗਰ ਵਿੱਚ ਇਹ ਜਹਾਜ਼ ਇੱਕ ਹਿਮਖੰਡ ਨਾਲ ਟਕਰਾਇਆ ਅਤੇ ਡੁੱਬ ਗਿਆ।

ਟਾਈਟੈਨਿਕ ਦੀ ਇਹ ਕਹਾਣੀ ਅਣਗਿਣਤ ਵਾਰ ਅਤੇ ਕਈ ਤਰੀਕਿਆਂ ਨਾਲ ਦੱਸੀ ਜਾ ਚੁੱਕੀ ਹੈ। ਉਸ ਦੌਰ ਦੀਆਂ ਅਖਬਾਰੀ ਰਿਪੋਰਟਾਂ ਤੋਂ ਲੈ ਕੇ ਲਿਓਨਾਰਡੋ ਡਿਕੈਪ੍ਰਿਓ ਦੀ ਵੱਡੀ ਹਾਲੀਵੁੱਡ ਫਿਲਮ ਤੱਕ, ਇਸ ਹਾਦਸੇ ‘ਤੇ ਬਹੁਤ ਕੁਝ ਲਿਖਿਆ ਅਤੇ ਦਿਖਾਇਆ ਗਿਆ ਹੈ।

ਪਰ ਇਸ ਹਾਦਸੇ ਵਿੱਚ ਮਾਰੇ ਗਏ ਕਰੀਬ 1,500 ਲੋਕਾਂ ਵਿੱਚ ਸ਼ਾਮਲ ਇੱਕ ਸ਼ਖਸ ਦੀ ਕਹਾਣੀ ਲੰਬੇ ਸਮੇਂ ਤੱਕ ਲਗਭਗ ਭੁਲਾ ਦਿੱਤੀ ਗਈ। ਫਿਰ ਇੱਕ ਦਿਨ ਇੱਕ ਸਮਾਜਸ਼ਾਸਤਰੀ ਲਿਵਰਪੂਲ ਦੇ ਇੱਕ ਅਜਾਇਬ ਘਰ ਪਹੁੰਚੀ ਅਤੇ ਉਸ ਦੀ ਨਜ਼ਰ ਇਸ ਕਹਾਣੀ ‘ਤੇ ਪਈ।

ਕੌਣ ਸੀ ਉਹ ਯਾਤਰੀ, ਕਿੱਥੇ ਜਾ ਰਹੇ ਸੀ?

ਉਸ ਦਾ ਨਾਮ ਜੋਸੇਫ ਫਿਲਿਪ ਲੇਮਰਸਿਅਰ ਲਾਰੋਸ਼ ਸੀ। ਟਾਈਟੈਨਿਕ ਦੀ ਪਹਿਲੀ ਯਾਤਰਾ ਦੌਰਾਨ ਸਵਾਰ ਯਾਤਰੀਆਂ ਵਿੱਚੋਂ ਇਕਲੌਤੇ ਸਿਆਹਫਾਮ ਵਿਅਕਤੀ ਸਨ, ਜਿਨ੍ਹਾਂ ਦਾ ਜ਼ਿਕਰ ਦਸਤਾਵੇਜ਼ਾਂ ਵਿੱਚ ਮਿਲਦਾ ਹੈ।

ਪਰ ਉਹ ਕੌਣ ਸਨ? ਕਿਸਮਤ ਨੇ ਅਜਿਹੇ ਕੀ ਮੋੜ ਲਏ ਕਿ 25 ਸਾਲ ਦੇ ਲਾਰੋਸ਼ ਆਪਣੇ ਪਰਿਵਾਰ ਦੇ ਨਾਲ ਵ੍ਹਾਈਟ ਸਟਾਰ ਲਾਈਨ ਦੇ ਉਸ ਜਹਾਜ਼ ਵਿੱਚ ਪਹੁੰਚ ਗਏ, ਜਿਸ ਦੇ ਬਾਰੇ ਵਿੱਚ ਕਿਹਾ ਜਾਂਦਾ ਸੀ ਕਿ ਉਹ ਡੁੱਬ ਨਹੀਂ ਸਕਦਾ?

ਲਾਰੋਸ਼ ਦਾ ਜਨਮ 1886 ਵਿੱਚ ਹੈਤੀ ਦੇ ਕੈਪ-ਹੈਤੀਅਨ ਵਿੱਚ ਹੋਇਆ ਸੀ।

ਉਹ ਹੈਤੀ ਦੇ ਪਹਿਲੇ ਸਮਰਾਟ ਜਾਂ-ਜਾਤ ਦੇਸਾਲਿਨ ਦੇ ਪੜਪੋਤੇ ਹਨ। ਦੇਸਾਲਿਨ ਨੇ ਫਰਾਂਸੀਸੀ ਬਸਤੀਵਾਦੀ ਸ਼ਾਸਨ ਦੇ ਖ਼ਿਲਾਫ਼ ਹੈਤੀ ਦੀ ਅਜ਼ਾਦੀ ਦੀ ਲੜਾਈ ਦੀ ਅਗਵਾਈ ਕੀਤੀ ਸੀ।

ਲਾਰੋਸ਼ ਇੱਕ ਰਸੂਖ਼ਦਾਰ ਅਤੇ ਖੁਸ਼ਹਾਲ ਪਰਿਵਾਰ ਵਿੱਚ ਵੱਡੇ ਹੋਏ। 15 ਸਾਲ ਦੀ ਉਮਰ ਵਿੱਚ ਉਹ ਇੱਕ ਅਧਿਆਪਕ ਦੇ ਨਾਲ ਫ਼ਰਾਂਸ ਪਹੁੰਚੇ, ਤਾਂ ਜੋ ਯੂਨੀਵਰਸਿਟੀ ਵਿੱਚ ਇੰਜੀਨਿਅਰਿੰਗ ਦੀ ਪੜ੍ਹਾਈ ਕਰ ਸਕਣ।

ਫ਼ਰਾਂਸ ਪਹੁੰਚਣ ਦੇ ਕਰੀਬ 11 ਸਾਲ ਬਾਅਦ ਟਾਈਟੈਨਿਕ ਹਾਦਸੇ ਵਿੱਚ ਲਾਰੋਸ਼ ਦੀ ਮੌਤ ਹੋ ਗਈ। ਦਸਤਾਵੇਜ਼ਾਂ ਦੇ ਮੁਤਾਬਕ, ਉਹ ਇਸ ਜਹਾਜ਼ ‘ਤੇ ਸਵਾਰ ਇਕਲੌਤੇ ਸਿਆਹਫਾਮ ਯਾਤਰੀ ਸਨ।

ਲੰਬੇ ਸਮੇਂ ਤੱਕ ਉਨ੍ਹਾਂ ਦੀ ਕਹਾਣੀ ਭੁਲਾ ਦਿੱਤੀ ਗਈ

 ਟਾਈਟੈਨਿਕ ਜਹਾਜ਼

ਲੰਬੇ ਸਮੇਂ ਤੱਕ ਭੁਲਾ ਦਿੱਤੀ ਗਈ ਲਾਰੋਸ਼ ਦੀ ਕਹਾਣੀ ਆਖ਼ਰਕਾਰ ਉਦੋਂ ਸਾਹਮਣੇ ਆਈ, ਜਦੋਂ ਡਾਕਟਰ ਕਾਰਲੇਟ ਨਾਰਵੁੱਡ ਨੂੰ ਲਿਵਰਪੂਲ ਦੇ ਮੈਰੀਟਾਈਮ ਮਿਊਜ਼ੀਅਮ ਦੀ ਯਾਤਰਾ ਦੌਰਾਨ ਉਨ੍ਹਾਂ ਬਾਰੇ ਪਤਾ ਲੱਗਾ।

ਵਾਸ਼ਿੰਗਟਨ ਡੀਸੀ ਵਿੱਚ ਜੰਮੀ ਨਾਰਵੁਡ ਨੇ ਇਸ ਤੋਂ ਬਾਅਦ ਲਾਰੋਸ਼ ਦੀ ਜ਼ਿੰਦਗੀ ‘ਤੇ ਕੰਮ ਸ਼ੁਰੂ ਕੀਤਾ। ਦੋ ਸਾਲ ਪਹਿਲਾਂ ਉਨ੍ਹਾਂ ਨੇ ਲਾਰੋਸ਼ ‘ਤੇ ਇੱਕ ਨਾਟਕ ਲਿਖਿਆ ਅਤੇ ਉਸ ਦਾ ਨਿਰਦੇਸ਼ਨ ਵੀ ਕੀਤਾ।

17 ਅਕਤੂਬਰ ਨੂੰ ਲਿਵਰਪੂਲ ਵਿੱਚ ਪਹਿਲੀ ਵਾਰ ਇਸ ਨਾਟਕ ਦਾ ਮੰਚਨ ਹੋਣਾ ਹੈ। ਇਸ ਤੋਂ ਪਹਿਲਾਂ ਨਾਰਵੁਡ ਨੇ ਬੀਬੀਸੀ ਨਾਲ ਲਾਰੋਸ਼ ਦੇ ਜੀਵਨ ਦੀ ਮੁਸ਼ਕਲ ਕਹਾਣੀ ਸਾਂਝੀ ਕੀਤੀ।

ਇਹ ਕਹਾਣੀ ਇੱਕ ਰਸੂਖ਼ਦਾਰ ਪਰਿਵਾਰ ਤੋਂ ਸ਼ੁਰੂ ਹੁੰਦੀ ਹੈ, ਇੱਕ ਹਿੰਮਤ ਭਰੀ ਪ੍ਰੇਮ ਕਹਾਣੀ ਤੋਂ ਗੁਜ਼ਰਦੀ ਹੈ ਅਤੇ ਆਖਰ ਵਿੱਚ ਇੱਕ ਤ੍ਰਾਸਦੀ ‘ਤੇ ਖ਼ਤਮ ਹੁੰਦੀ ਹੈ।

ਲੋਰੇਸ਼

ਲਾਰੋਸ਼ 1901 ਵਿੱਚ ਫ਼ਰਾਂਸ ਪਹੁੰਚੇ ਸਨ। ਉਸ ਸਮੇਂ ਫ਼ਰਾਂਸੀਸੀ ਬਸਤੀਆਂ ਵਿੱਚ ਗੁਲਾਮੀ ਖ਼ਤਮ ਹੋਏ ਮੁਸ਼ਕਲ ਨਾਲ 50 ਸਾਲ ਹੋਏ ਸਨ।

ਉਨ੍ਹਾਂ ਨੇ ਪੈਰਿਸ ਦੇ ਨੇੜੇ ਬੋਵੇ ਵਿੱਚ ਯੂਨੀਵਰਸਿਟੀ ਦੀ ਪੜ੍ਹਾਈ ਕੀਤੀ ਅਤੇ ਇੰਜੀਨੀਅਰ ਬਣੇ।

ਨਾਰਵੁਡ ਕਹਿੰਦੀ ਹੈ, “1900 ਦੇ ਦਹਾਕੇ ਦੀ ਸ਼ੁਰੂਆਤ ਵਿੱਚ ਫਰਾਂਸ ਵਿੱਚ ਕਿਸੇ ਸਿਆਹਫਾਮ ਵਿਅਕਤੀ ਲਈ ਹਾਲਾਤ ਬੇਹੱਦ ਨਸਲਵਾਦੀ ਸਨ। ਉਸ ਸਮੇਂ ਫਰਾਂਸ ਵਿੱਚ ਲੋਕ ਸੱਚਮੁੱਚ ਮੰਨਦੇ ਸਨ ਕਿ ਸਿਆਹਫਾਮ ਲੋਕਾਂ ਦੀ ਪੂਛ ਹੁੰਦੀ ਹੈ।”

“ਉਨ੍ਹਾਂ ਨੂੰ ਉੱਥੇ ਨਸਲ ਕਾਰਨ ਕਾਫੀ ਤਣਾਅ ਅਤੇ ਵਿਤਕਰੇ ਦਾ ਸਾਹਮਣਾ ਕਰਨਾ ਪਿਆ।”

ਉਸ ਦੌਰ ਦੇ ਫਰਾਂਸ ਵਿੱਚ ਵੱਖ-ਵੱਖ ਨਸਲਾਂ ਦੇ ਕਿਸੇ ਜੋੜੇ ਦੇ ਸਾਹਮਣੇ ਕਈ ਮੁਸ਼ਕਲਾਂ ਆ ਸਕਦੀਆਂ ਸਨ।

ਇਸਦੇ ਬਾਵਜੂਦ ਲਾਰੋਸ਼ ਦੀ ਮੁਲਾਕਾਤ ਜੂਲੀਅਟ ਲਾਫਾਰਗ ਨਾਲ ਹੋਈ। ਉਹ ਇੱਕ ਗੋਰੀ ਫਰਾਂਸੀਸੀ ਔਰਤ ਸੀ। ਦੋਵਾਂ ਨੇ ਵਿਆਹ ਕਰ ਲਿਆ।

ਨਾਰਵੁਡ ਉਨ੍ਹਾਂ ਬਾਰੇ ਦੱਸਦੀ ਹੈ, “ਉਸ ਸਮੇਂ ਕਿਸੀ ਕਾਲੇ ਵਿਅਕਤੀ ਦੇ ਨਾਲ ਪ੍ਰੇਮ ਸੰਬੰਧ ਰੱਖਣ ਦੀ ਹਿੰਮਤ ਰੱਖਣ ਵਾਲੀ ਉਹ ਜ਼ਰੂਰ ਇੱਕ ਅਸਧਾਰਨ ਔਰਤ ਰਹੀ ਹੋਵੇਗੀ। ਸਿਰਫ਼ ਇੰਨਾ ਹੀ ਨਹੀਂ, ਉਨ੍ਹਾਂ ਦੇ ਪਰਿਵਾਰ ਨੇ ਵੀ ਉਨ੍ਹਾਂ ਦਾ ਪੂਰਾ ਸਾਥ ਦਿੱਤਾ ਕਿਉਂਕਿ ਦੋਵੇਂ ਉਸਦੇ ਪਿਤਾ ਦੇ ਨਾਲ ਰਹਿੰਦੇ ਸਨ।”

ਨਸਲਵਾਦ ਤੋਂ ਪਰੇਸ਼ਾਨ ਹੋ ਕੇ ਆਪਣੇ ਦੇਸ਼ ਪਰਤਣਾ ਚਾਹੁੰਦੇ ਸੀ

ਮੰਚ

“ਇਹ ਗੱਲ ਤਾਂ ਤੈਅ ਹੈ ਕਿ ਲਾਫਾਰਗ ਦੇ ਪਰਿਵਾਰ ਨੇ ਉਨ੍ਹਾਂ ਦੇ ਰਿਸ਼ਤੇ ਦਾ ਸਾਥ ਦਿੱਤਾ ਸੀ। ਕਿਉਂਕਿ ਇਸਦਾ ਜ਼ਿਕਰ ਉਸ ਪੱਤਰ ਵਿੱਚ ਮਿਲਦਾ ਹੈ, ਜੋ ਲਾਫਾਰਗ ਨੇ ਲਾਰੋਸ਼ ਦੇ ਬਾਰੇ ਵਿੱਚ ਆਪਣੇ ਪਿਤਾ ਨੂੰ ਲਿਖਿਆ ਸੀ ਅਤੇ ਜੋ ਅੱਜ ਵੀ ਸੁਰੱਖਿਅਤ ਹੈ।”

“ਉਨ੍ਹਾਂ ਦੇ ਪਿਤਾ ਲਈ ਲਾਰੋਸ਼ ਦੀ ਚਮੜੀ ਦੇ ਰੰਗ ਤੋਂ ਜ਼ਿਆਦਾ ਅਹਿਮ ਇਹ ਸੀ ਕਿ ਉਹ ਪੜ੍ਹੇ-ਲਿਖੇ ਸਨ।”

ਦੋਵਾਂ ਦੀਆਂ ਦੋ ਬੇਟੀਆਂ ਹੋਈਆਂ। ਉਨ੍ਹਾਂ ਦੇ ਨਾਮ ਸਿਮੋਨ ਮੈਰੀ ਐਨ ਆਂਦਰੇ ਲਾਰੋਸ਼ ਅਤੇ ਲੂਈਜ਼ ਲਾਰੋਸ਼ ਸੀ। ਸਿਮੋਨ ਦਾ ਜਨਮ 1909 ਅਤੇ ਲੂਈਜ਼ ਦਾ ਜਨਮ 1910 ਵਿੱਚ ਹੋਇਆ ਸੀ।

ਹਾਲਾਂਕਿ, ਕੁਝ ਸਮੇਂ ਬਾਅਦ ਹੀ ਲਾਰੋਸ਼ ਨੇ ਆਪਣੇ ਪਰਿਵਾਰ ਦੇ ਨਾਲ ਆਪਣੇ ਦੇਸ਼ ਹੈਤੀ ਪਰਤਣ ਦੀ ਯੋਜਨਾ ਬਣਾ ਲਈ।

ਨਾਰਵੁਡ ਕਹਿੰਦੀ ਹੈ, “ਲਾਰੋਸ਼ ਆਪਣੀ ਡਿਗਰੀ ਹਾਸਲ ਕਰਨ ਵਿੱਚ ਕਾਮਯਾਬ ਰਹੇ, ਪਰ ਉਨ੍ਹਾਂ ਲਈ ਨੌਕਰੀ ਕਰ ਸਕਣਾ ਵੱਡੀ ਮੁਸ਼ਕਲ ਸੀ।”

“ਉਨ੍ਹਾਂ ਨੂੰ ਅਕਸਰ ਨੌਕਰੀ ਤੋਂ ਕੱਢ ਦਿੱਤਾ ਜਾਂਦਾ ਸੀ। ਨੌਕਰੀ ਮਿਲਣ ‘ਤੇ ਵੀ ਉਨ੍ਹਾਂ ਨੂੰ ਨਸਲੀ ਬਦਸਲੂਕੀ ਦਾ ਸਾਹਮਣਾ ਕਰਨਾ ਪੈਂਦਾ ਸੀ।”

19ਵੀਂ ਸਦੀ ਦਾ ਬੋਵੇ

ਪਰਿਵਾਰ ਨੇ 1912 ਦੇ ਅਖੀਰ ਵਿੱਚ ਫ਼ਰਾਂਸ ਛੱਡਣ ਦੀ ਯੋਜਨਾ ਬਣਾਈ ਸੀ। ਪਰ ਜਦੋਂ ਲਾਫਾਰਗ ਆਪਣੇ ਤੀਜੇ ਬੱਚੇ ਦੀ ਮਾਂ ਬਣਨ ਵਾਲੀ ਸੀ ਤਾਂ ਉਨ੍ਹਾਂ ਨੇ ਜਲਦੀ ਜਾਣ ਦਾ ਫੈਸਲਾ ਕੀਤਾ।

ਨਾਰਵੁਡ ਦੱਸਦੀ ਹੈ, “ਉਹ ਨਹੀਂ ਚਾਹੁੰਦੇ ਸਨ ਕਿ ਉਨ੍ਹਾਂ ਦਾ ਬੱਚਾ ਫਰਾਂਸ ਵਿੱਚ ਪੈਦਾ ਹੋਵੇ ਅਤੇ ਉੱਥੇ ਹੀ ਵੱਡਾ ਹੋਵੇ। ਉਹ ਹੈਤੀ ਪਰਤਣਾ ਚਾਹੁੰਦੇ ਸਨ। ਉਹ ਆਪਣੀ ਮਾਂ ਦੇ ਬੇਹੱਦ ਕਰੀਬ ਸਨ ਅਤੇ ਉਨ੍ਹਾਂ ਨੂੰ ਉਨ੍ਹਾਂ ਦੀ ਬਹੁਤ ਯਾਦ ਆਉਂਦੀ ਸੀ।”

ਨਾਰਵੁਡ ਦੇ ਮੁਤਾਬਕ, ਹਾਲਾਂਕਿ ਲਾਫਾਰਗ ਆਪਣੇ ਪਿਤਾ ਨੂੰ ਫਰਾਂਸ ਵਿੱਚ ਛੱਡ ਕੇ ਜਾਣ ਨੂੰ ਲੈ ਕੇ ਚਿੰਤਤ ਸੀ।

ਪਰ ਉਸ ਸਮੇਂ ਹੈਤੀ ਦੇ ਰਾਸ਼ਟਰਪਤੀ ਅਤੇ ਜੋਸੇਫ ਦੇ ਚਾਚਾ ਸਿਨਸਿਨੈਟਸ ਲੇਕੋਂਤ ਨੇ ਉਨ੍ਹਾਂ ਲਈ ਗਣਿਤ ਦੇ ਅਧਿਆਪਕ ਦੀ ਨੌਕਰੀ ਦਾ ਇੰਤਜ਼ਾਮ ਕਰ ਦਿੱਤਾ। ਇਸ ਤੋਂ ਬਾਅਦ ਪਰਿਵਾਰ ਨੇ ਹੈਤੀ ਪਰਤਣ ਦਾ ਫੈਸਲਾ ਕਰ ਲਿਆ।

ਕਿਸਮਤ ਉਨ੍ਹਾਂ ਨੂੰ ਟਾਈਟੈਨਿਕ ਉੱਤੇ ਕਿਵੇਂ ਲੈ ਕੇ ਪਹੁੰਚੀ?

ਲਾਰੋਸ਼

ਪਰ ਇਹ ਪਰਿਵਾਰ ਟਾਈਟੈਨਿਕ ਉੱਤੇ ਕਿਵੇਂ ਪਹੁੰਚਿਆ?

ਫਰਾਂਸ ਤੋਂ ਤੈਅ ਸਮੇਂ ਤੋਂ ਪਹਿਲਾਂ ਨਿਕਲਣ ਦੇ ਫੈਸਲੇ ਤੋਂ ਲੈ ਕੇ ਦੂਜੇ ਜਹਾਜ਼ ਦੇ ਟਿਕਟ ਅਤੇ ਟਾਈਟੈਨਿਕ ‘ਤੇ ਸਵਾਰ ਹੋਣ ਤੋਂ ਲਗਭਗ ਖੁੰਝ ਜਾਣ ਤੱਕ, ਨਾਰਵੁੱਡ ਕਹਿੰਦੀ ਹੈ, “ਉਨ੍ਹਾਂ ਨੇ ਉਸ ਜਹਾਜ਼ ‘ਤੇ ਹੋਣਾ ਹੀ ਨਹੀਂ ਸੀ।”

“ਲਾਰੋਸ਼ ਦੀ ਮਾਂ ਨੇ ਪਰਿਵਾਰ ਲਈ ਐੱਸਐੱਸ ਫ਼ਰਾਂਸ ਜਹਾਜ਼ ਦੇ ਫਸਟ ਕਲਾਸ ਟਿਕਟ ਭੇਜੇ ਸੀ। ਪਰ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਐੱਸਐੱਸ ਫ਼ਰਾਂਸ ਵਿੱਚ ਬੱਚੇ ਉਨ੍ਹਾਂ ਦੇ ਨਾਲ ਬੈਠ ਕੇ ਖਾਣਾ ਨਹੀਂ ਖਾ ਸਕਣਗੇ ਤਾਂ ਉਨ੍ਹਾਂ ਨੇ ਫਸਟ ਕਲਾਸ ਦੇ ਉਹ ਟਿਕਟ ਬਦਲ ਕੇ ਟਾਈਟੈਨਿਕ ਦੇ ਸੈਕੰਡ ਕਲਾਸ ਦੇ ਟਿਕਟ ਲੈ ਲਏ।”

ਕਿਸਮਤ ਨੇ ਦੂਜੀ ਵਾਰ ਉਸ ਸਮੇਂ ਕਰਵਟ ਲਈ, ਜਦੋਂ ਪਰਿਵਾਰ ਉਸ ਜਹਾਜ਼ ‘ਤੇ ਸਵਾਰ ਹੋਣ ਜਾ ਰਿਹਾ ਸੀ, ਜਿਸਦਾ ਸਫ਼ਰ ਤਬਾਹੀ ਵਿੱਚ ਖ਼ਤਮ ਹੋਣ ਵਾਲਾ ਸੀ।

ਟਾਈਟੈਨਿਕ ਨੂੰ ਫ਼ਰਾਂਸ ਦੇ ਸ਼ੇਰਬੁਰਗ ਬੰਦਰਗਾਹ ‘ਤੇ ਰੁਕਣਾ ਸੀ। ਪਰ ਉਹ ਇੰਨਾ ਵੱਡਾ ਸੀ ਕਿ ਬੰਦਰਗਾਹ ਤੱਕ ਨਹੀਂ ਆ ਸਕਦਾ ਸੀ।

ਇਸ ਲਈ ਸ਼ੇਰਬੁਰਗ ਤੋਂ ਸਵਾਰ ਹੋਣ ਵਾਲੇ ਯਾਤਰੀਆਂ ਨੂੰ ਐੱਸਐੱਸ ਨੋਮੈਡਿਕ ਨਾਮ ਦੇ ਛੋਟੇ ਜਹਾਜ਼ ਰਾਹੀਂ ਟਾਈਟੈਨਿਕ ਤੱਕ ਪਹੁੰਚਾਇਆ ਗਿਆ।

ਨਾਰਵੁਡ ਕਹਿੰਦੀ ਹੈ, “ਉਨ੍ਹਾਂ ਨੂੰ ਇੱਕ ਕਿਸ਼ਤੀ ਰਾਹੀਂ ਜਹਾਜ਼ ਤੱਕ ਜਾਣਾ ਪਿਆ। ਜਿਸ ਕਿਸ਼ਤੀ ‘ਤੇ ਉਹ ਸਵਾਰ ਸਨ, ਉਸ ਦੇ ਇੰਜਣ ਵਿੱਚ ਖ਼ਰਾਬੀ ਆ ਗਈ ਅਤੇ ਉਹ ਟਾਈਟੈਨਿਕ ‘ਤੇ ਚੜ੍ਹਨ ਤੋਂ ਲਗਭਗ ਖੁੰਝ ਗਏ।”

“ਇਹ ਸੱਚਮੁੱਚ ਕਿਸਮਤ ਦੀ ਕਹਾਣੀ ਹੈ।”

ਟਾਈਟੈਨਿਕ ਡੁੱਬਣ ਦੀ ਰਾਤ ਕੀ ਹੋਇਆ?

ਨੌਰਵੁੱਡ

14 ਅਪ੍ਰੈਲ 1912 ਦੀ ਰਾਤ ਕਰੀਬ 11 ਵੱਜ ਕੇ 40 ਮਿੰਟ ਉੱਤੇ ਟਾਈਟੈਨਿਕ ਹਿਮਖੰਡ ਨਾਲ ਟਕਰਾ ਗਿਆ।

ਲਾਰੋਸ਼ ਨੇ ਆਪਣੀ ਪਤਨੀ ਨੂੰ ਜਗਾਇਆ। ਦੋਵਾਂ ਨੇ ਕੁਝ ਕੀਮਤੀ ਸਮਾਨ ਇਕੱਠਾ ਕੀਤਾ ਅਤੇ ਸੁੱਤੀਆਂ ਹੋਈਆਂ ਬੇਟੀਆਂ ਨੂੰ ਗੋਦ ਵਿੱਚ ਲੈ ਕੇ ਜਹਾਜ਼ ਦੇ ਸਭ ਤੋਂ ਉੱਪਰੀ ਡੇਕ ਉੱਤੇ ਪਹੁੰਚੇ।

ਗਰਭਵਤੀ ਲਾਫਾਰਗ ਅਤੇ ਦੋਵੇਂ ਬੱਚੀਆਂ ਨੂੰ ਲਾਈਫਬੋਟ ਵਿੱਚ ਥਾਂ ਮਿਲ ਗਈ। ਅਗਲੇ ਦਿਨ ਆਰਐੱਮਐੱਸ ਕਾਰਪੈਥੀਆ ਨੇ ਉਨ੍ਹਾਂ ਨੂੰ ਸੁਰੱਖਿਅਤ ਬਚਾ ਲਿਆ।

ਪਰ ਜੋਸੇਫ਼ ਦੇ ਨਾਲ ਕੀ ਹੋਇਆ, ਇਹ ਕਦੇ ਪਤਾ ਨਹੀਂ ਲੱਗਾ।

ਨਾਰਵੁਡ ਲਈ ਲਾਰੋਸ਼ ਦੀ ਕਹਾਣੀ ਨੂੰ “ਬਿਨਾਂ ਕੁਝ ਵਧਾ-ਚੜ੍ਹਾ ਕੇ” ਦੱਸਣ ਦੀ ਅਹਿਮੀਅਤ ਕੇਵਲ ਇੱਕ ਵਿਅਕਤੀ ਦਾ ਇਤਿਹਾਸ ਜਾਣਨ ਤੱਕ ਸੀਮਤ ਨਹੀਂ ਹੈ।

ਲਾਰੋਸ਼

ਉਹ ਕਹਿੰਦੀ ਹੈ, “ਇਹ ਕਹਾਣੀ ਹਰ ਕਿਸੇ ਨੂੰ ਆਪਣੀ ਵੱਲ ਖਿੱਚਦੀ ਹੈ ਕਿਉਂਕਿ ਇਹ ਟਾਈਟੈਨਿਕ ਦੀ ਵਿਰਾਸਤ ਦਾ ਹਿੱਸਾ ਹੈ। ਪਰ ਸਾਡੇ ਵਿੱਚੋਂ ਬਹੁਤ ਸਾਰੇ ਕਾਲੇ ਲੋਕ ਆਪਣਾ ਇਤਿਹਾਸ ਨਹੀਂ ਜਾਣਦੇ।”

“ਗੁਲਾਮੀ ਦੀ ਉਸ ਵਿਵਸਥਾ ਕਾਰਨ ਕੋਈ ਰਿਕਾਰਡ ਨਹੀਂ ਰੱਖੇ ਗਏ, ਜਿਸ ਵਿੱਚ ਇਨਸਾਨਾਂ ਨੂੰ ਜਾਇਦਾਦ ਸਮਝਿਆ ਜਾਂਦਾ ਸੀ। ਇਸ ਲਈ ਸਾਨੂੰ ਆਪਣੇ ਅਤੀਤ ਅਤੇ ਆਪਣੀ ਪਛਾਣ ਦੇ ਬਾਰੇ ਵਿੱਚ ਬਹੁਤ ਘੱਟ ਜਾਣਕਾਰੀ ਹੈ।”

ਨਾਰਵੁਡ ਅੱਗੇ ਕਹਿੰਦੀ ਹੈ, “ਲਾਰੋਸ਼ ਦੀ ਕਹਾਣੀ ਦੱਸਦੀ ਹੈ ਕਿ ਕਾਲੇ ਲੋਕਾਂ ਦੀਆਂ ਅਜਿਹੀਆਂ ਅਹਿਮ ਕਹਾਣੀਆਂ ਵੀ ਮੌਜੂਦ ਹਨ ਅਤੇ ਸਾਡੀ ਪਛਾਣ ਕੇਵਲ ਗੁਲਾਮੀ ਤੱਕ ਸੀਮਤ ਨਹੀਂ ਹੈ।”

“ਅਜਿਹੇ ਲੋਕ ਵੀ ਸਨ, ਜੋ ਅੱਗੇ ਵੱਧ ਰਹੇ ਸਨ ਅਤੇ ਬੇਹੱਦ ਕਾਮਯਾਬ ਸਨ। ਇਹ ਕਹਾਣੀ ਸਾਨੂੰ ਆਪਣੇ ਅਤੀਤ ਨਾਲ ਜੋੜਦੀ ਹੈ।”

“ਜ਼ਰੂਰੀ ਨਹੀਂ ਕਿ ਸਾਡਾ ਜੋਸੇਫ਼ ਲਾਰੋਸ਼ ਨਾਲ ਕੋਈ ਰਿਸ਼ਤਾ ਹੋਵੇ, ਪਰ ਅਸੀਂ ਉਨ੍ਹਾਂ ਨਾਲ ਜੁੜਾਅ ਮਹਿਸੂਸ ਕਰ ਸਕਦੇ ਹਾਂ।”

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI