Home rss national punjabi2ਰਾਸ਼ਟਰੀ ਖ਼ਬਰਾਂ ਪੀਐੱਚਪੀ ਕੀ ਹੈ, ਜਿਸ ਕਾਰਨ ਦੁਨੀਆ ‘ਚ ਸਾਈਬਰ ਸੁਰੱਖਿਆ ਨੂੰ ਲੈ ਕੇ...

ਪੀਐੱਚਪੀ ਕੀ ਹੈ, ਜਿਸ ਕਾਰਨ ਦੁਨੀਆ ‘ਚ ਸਾਈਬਰ ਸੁਰੱਖਿਆ ਨੂੰ ਲੈ ਕੇ ਹੜਕੰਪ ਪੈਦਾ ਹੋ ਗਿਆ, ਇਸ ਨਾਲ ਤੁਹਾਨੂੰ ਕਿੰਨਾ ਖ਼ਤਰਾ?

5
0

Source :- BBC PUNJABI

ਲੈਪਟੌਪ

ਇੱਕ ਦਹਾਕੇ ਤੋਂ ਵੀ ਵੱਧ ਸਮੇਂ ਤੱਕ, ਇੰਟਰਨੈੱਟ ਦੇ ਵੱਡੇ ਹਿੱਸੇ ਨੂੰ ਚਲਾਉਣ ਵਾਲੀ ਤਕਨਾਲੋਜੀ ਵਿੱਚ ਗੰਭੀਰ ਖ਼ਾਮੀਆਂ ਦਾ ਪਤਾ ਨਹੀਂ ਲੱਗ ਸਕਿਆ।

ਇਨ੍ਹਾਂ ਖਾਮੀਆਂ ਨੂੰ ਸਾਹਮਣੇ ਲਿਆਉਣ ਦਾ ਕੰਮ ਮਨਸੂਈ ਬੁੱਧੀ ਭਾਵ ਆਰਟੀਸ਼ੀਅਲ ਇੰਟੈਲੀਜੈਂਸ (ਏਆਈ) ਨੇ ਕੀਤਾ, ਜਿਸ ਕਾਰਨ ਦੁਨੀਆ ਭਰ ਵਿੱਚ ਸਾਈਬਰ ਸੁਰੱਖਿਆ ਨੂੰ ਲੈ ਕੇ ਹੜਕੰਪ ਮਚ ਗਿਆ।

ਇਹ ਕਮਜ਼ੋਰੀਆਂ ਪੀਐੱਚਪੀ ਨਾਮ ਦੀ ਇੱਕ ਪ੍ਰੋਗਰਾਮਿੰਗ ਭਾਸ਼ਾ ਵਿੱਚ ਹਨ, ਜਿਸ ਦੀ ਵਰਤੋਂ 2000 ਦੇ ਦਹਾਕੇ ਤੋਂ ਦੁਨੀਆ ਭਰ ਵਿੱਚ ਵੈੱਬਸਾਈਟਾਂ ਬਣਾਉਣ ਲਈ ਕੀਤੀ ਜਾ ਰਹੀ ਹੈ।

ਉਨ੍ਹਾਂ ਨੇ ਵੈੱਬਸਾਈਟਾਂ ਚਲਾਉਣ ਵਾਲਿਆਂ ਨੂੰ ਐਮਰਜੈਂਸੀ ਸੁਰੱਖਿਆ ਅੱਪਡੇਟ ਸਥਾਪਤ ਕਰਨ ਜਾਂ ਆਪਣੇ ਪਲੇਟਫਾਰਮਾਂ ਨੂੰ ਆਫ਼ਲਾਈਨ ਕਰਨ ਬਾਰੇ ਵਿਚਾਰ ਕਰਨ ਦੀ ਅਪੀਲ ਕੀਤੀ ਹੈ।

ਸਾਈਬਰ ਸੁਰੱਖਿਆ ਕੰਪਨੀ ਵਿਜ਼ (ਵਿਜ਼) , ਜਿਨ੍ਹਾਂ ਕੰਪਨੀਆਂ ਦੇ ਖੋਜਕਾਰਾਂ ਨੇ ਇਨ੍ਹਾਂ ਕਮਜ਼ੋਰੀਆਂ ਦਾ ਪਤਾ ਲਗਾਇਆ, ਨੇ ਇਨ੍ਹਾਂ ਖ਼ਾਮੀਆਂ ਨੂੰ ਏਆਈ ਰਾਹੀਂ ਹੁਣ ਤੱਕ ਲੱਭੀਆਂ ਗਈਆਂ ਸਭ ਤੋਂ ਗੰਭੀਰ ਖ਼ਾਮੀਆਂ ਦੱਸਿਆ ਹੈ।

ਓਪਨਏਆਈ, ਜਿਸ ਦੀ ਤਕਨਾਲੋਜੀ ਦੀ ਵਰਤੋਂ ਇਨ੍ਹਾਂ ਖ਼ਾਮੀਆਂ ਦਾ ਪਤਾ ਲਗਾਉਣ ਲਈ ਕੀਤੀ ਗਈ ਸੀ, ਨੇ ਇਸ ਖੋਜ ਨੂੰ ਹਾਲੀਆ ਸਮੇਂ ਵਿੱਚ ਸਾਹਮਣੇ ਆਏ ਸਭ ਤੋਂ ਵੱਧ ਪ੍ਰਭਾਵ ਪਾਉਣ ਵਾਲੇ ਸਾਈਬਰ ਸੁਰੱਖਿਆ ਮੁੱਦਿਆਂ ਵਿੱਚੋਂ ਇੱਕ ਦੱਸਿਆ ਹੈ।

ਪੀਐੱਚਪੀ ਕੀ ਹੈ?

ਔਰਤ

ਹੋ ਸਕਦਾ ਹੈ ਕਿ ਜ਼ਿਆਦਾਤਰ ਲੋਕਾਂ ਨੇ ਪੀਐੱਚਪੀ ਬਾਰੇ ਨਾ ਸੁਣਿਆ ਹੋਵੇ, ਪਰ ਸੰਭਾਵਨਾ ਹੈ ਕਿ ਉਹ ਰੋਜ਼ਾਨਾ ਇਸ ਨਾਲ ਜੁੜੀ ਤਕਨਾਲੋਜੀ ਦੀ ਵਰਤੋਂ ਕਰਦੇ ਹਨ।

ਪੀਐੱਚਪੀ ਦਾ ਪੂਰਾ ਨਾਂ ਪੀਐੱਚਪੀ: ਹਾਈਪਰਟੈਕਸਟ ਪ੍ਰੀਪ੍ਰੋਸੈਸਰ ਹੈ। ਇਹ ਇੱਕ ਖੁੱਲ੍ਹੇ ਸਰੋਤ ਵਾਲੀ ਬੈਕ-ਐਂਡ ਪ੍ਰੋਗਰਾਮਿੰਗ ਭਾਸ਼ਾ ਹੈ, ਜੋ ਵੈੱਬ ਸਰਵਰ ਉੱਤੇ ਚੱਲਦੀ ਹੈ।

1990 ਦੇ ਦਹਾਕੇ ਦੇ ਸ਼ੁਰੂ ਵਿੱਚ ਗਤੀਸ਼ੀਲ ਵੈੱਬ ਪੰਨਿਆਂ ਅਤੇ ਐਪਲੀਕੇਸ਼ਨਾਂ ਨੂੰ ਚਲਾਉਣ ਵਿੱਚ ਮਦਦ ਕਰਨ ਲਈ ਵਿਕਸਤ ਕੀਤੀ ਗਈ ਪੀਐੱਚਪੀ ਅੱਜ ਵੀ ਕਈ ਪਲੇਟਫਾਰਮਾਂ ਨੂੰ ਚਲਾਉਂਦੀ ਹੈ।

ਇਨ੍ਹਾਂ ਵਿੱਚ ਵਿਕੀਪੀਡੀਆ, ਆਨਲਾਈਨ ਦੁਕਾਨਾਂ ਅਤੇ ਵਰਡਪ੍ਰੈੱਸ ਸ਼ਾਮਲ ਹਨ, ਜੋ ਕਈ ਵੈੱਬਸਾਈਟਾਂ ਦੇ ਪਿੱਛੇ ਕੰਮ ਕਰਨ ਵਾਲਾ ਸਿਸਟਮ ਹੈ।

ਜਦੋਂ ਤੁਸੀਂ ਕਿਸੇ ਵੈੱਬਸਾਈਟ ਉੱਤੇ ਜਾਂਦੇ ਹੋ, ਤਾਂ ਪੀਐੱਚਪੀ ਉਹ ਕੋਡ ਹੁੰਦਾ ਹੈ ਜੋ ਜਾਣਕਾਰੀ ਇਕੱਠੀ ਕਰਦਾ ਹੈ ਅਤੇ ਉਸ ਨੂੰ ਅਜਿਹੇ ਵੈੱਬ ਪੰਨੇ ਵਿੱਚ ਬਦਲ ਦਿੰਦਾ ਹੈ, ਜਿਸ ਨੂੰ ਤੁਸੀਂ ਪੜ੍ਹ ਸਕਦੇ ਹੋ।

ਇਸ ਦੀ ਵਰਤੋਂ ਵੈੱਬ ਐਪਲੀਕੇਸ਼ਨਾਂ ਬਣਾਉਣ ਜਾਂ ਉਨ੍ਹਾਂ ਨੂੰ ਤੇਜ਼ੀ ਨਾਲ ਤਿਆਰ ਕਰਨ ਲਈ ਕਈ ਸਾਧਨ ਬਣਾਉਣ ਵਾਸਤੇ ਵੀ ਕੀਤੀ ਜਾਂਦੀ ਰਹੀ ਹੈ। ਲਾਰਾਵੈੱਲ, ਸਿੰਫੋਨੀ ਅਤੇ ਡਰੂਪਲ ਪੀਐੱਚਪੀ ਦੇ ਪ੍ਰਸਿੱਧ ਫਰੇਮਵਰਕਾਂ ਵਿੱਚ ਸ਼ਾਮਲ ਹਨ।

ਸਾਈਬਰ ਸੁਰੱਖਿਆ ਕੰਪਨੀ ਵਿਜ਼ ਦੇ ਅਨੁਸਾਰ, ਜਿਸ ਨੇ ਇਸ ਹਫ਼ਤੇ ਸਾਹਮਣੇ ਆਈਆਂ ਪੀਐੱਚਪੀ ਦੀਆਂ ਗੰਭੀਰ ਕਮਜ਼ੋਰੀਆਂ ਦਾ ਪਤਾ ਲਗਾਉਣ ਵਿੱਚ ਮਦਦ ਕੀਤੀ, ਦੁਨੀਆ ਦੀਆਂ 70 ਫ਼ੀਸਦੀ ਵੈੱਬਸਾਈਟਾਂ ਪੀਐੱਚਪੀ ਦੀ ਵਰਤੋਂ ਕਰਦੀਆਂ ਹਨ।

ਇਸ ਵਿੱਚ ਉਹ ਵਿਅਕਤੀ ਅਤੇ ਕੰਪਨੀਆਂ ਸ਼ਾਮਲ ਹਨ ਜੋ ਇਸ ਭਾਸ਼ਾ ਉੱਤੇ ਨਿਰਭਰ ਕਰਦੇ ਹਨ ਅਤੇ ਇਸ ਦੀ ਲੰਬੇ ਸਮੇਂ ਤੱਕ ਤਰੱਕੀ ਅਤੇ ਸਥਿਰਤਾ ਯਕੀਨੀ ਬਣਾਉਣਾ ਚਾਹੁੰਦੇ ਹਨ।

ਇਹ ਕਮਜ਼ੋਰੀ ਕੀ ਹੈ?

ਲੈਪਟੌਪ

ਸਾਈਬਰ ਸੁਰੱਖਿਆ ਖੋਜਕਾਰਾਂ ਅਤੇ ਸੰਸਥਾਵਾਂ ਦੇ ਇੱਕ ਸਮੂਹ ਨੇ ਇਸ ਹਫ਼ਤੇ ਪੀਐੱਚਪੀ ਵਿੱਚ ਮੌਜੂਦ ਦੋ ਕਮਜ਼ੋਰੀਆਂ ਦਾ ਖੁਲਾਸਾ ਕੀਤਾ। ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਇਨ੍ਹਾਂ ਕਾਰਨ ਇੰਟਰਨੈੱਟ ਉੱਤੇ ਮੌਜੂਦ ਵੈੱਬਸਾਈਟਾਂ ਦਾ ਕੰਮਕਾਜ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਸਕਦਾ ਹੈ।

ਸਾਈਬਰ ਸੁਰੱਖਿਆ ਕੰਪਨੀਆਂ ਵਿਜ਼ ਅਤੇ ਕੈਲਿਫ਼ ਨੇ ਕਿਹਾ ਕਿ ਇਨ੍ਹਾਂ ਖ਼ਾਮੀਆਂ ਨੂੰ “ਪੀਐੱਚਪੀ2ਸ਼ੈੱਲ” (php2shell) ਦਾ ਨਾਂ ਦਿੱਤਾ ਗਿਆ ਹੈ।

ਇਹ ਖ਼ਾਮੀਆਂ ਖ਼ੁਦ ਇਸ ਪ੍ਰੋਗਰਾਮਿੰਗ ਭਾਸ਼ਾ ਵਿੱਚ ਮੌਜੂਦ ਸਨ ਅਤੇ ਪਿਛਲੇ ਇੱਕ ਦਹਾਕੇ ਦੌਰਾਨ ਜਾਰੀ ਕੀਤੇ ਗਏ ਪੀਐੱਚਪੀ ਦੇ ਵੱਖ-ਵੱਖ ਸੰਸਕਰਣ ਇਨ੍ਹਾਂ ਤੋਂ ਪ੍ਰਭਾਵਿਤ ਹੋਏ ਹਨ।

ਸੁਰੱਖਿਆ ਖ਼ਾਮੀਆਂ ਦਾ ਪਤਾ ਲਗਾਉਣ ਵਿੱਚ ਮਦਦ ਕਰਨ ਵਾਲੇ ਕੈਲਿਫ਼ ਦੇ ਖੋਜਕਰਤਾ ਰਿਆਨ ਔਸਟਿਨ ਨੇ ਬੀਬੀਸੀ ਨੂੰ ਦੱਸਿਆ ਕਿ ਇਹ ਉਨ੍ਹਾਂ ਵੱਲੋਂ ਹੁਣ ਤੱਕ ਲੱਭੀ ਗਈ ਸਭ ਤੋਂ ਗੰਭੀਰ ਕਮਜ਼ੋਰੀ ਸੀ।

ਵਿਜ਼ ਨੇ ਆਪਣੀ ਖੋਜ ਬਾਰੇ ਇੱਕ ਬਲੌਗ ਪੋਸਟ ਵਿੱਚ ਲਿਖਿਆ ਕਿ ਢੁੱਕਵੇਂ ਹਾਲਾਤਾਂ ਵਿੱਚ ਹੈਕਰ ਇਸ ਪੀਐੱਚਪੀ2ਸ਼ੈੱਲ ਕਮਜ਼ੋਰੀ ਦਾ ਫ਼ਾਇਦਾ ਉਠਾ ਕੇ ਪ੍ਰਭਾਵਿਤ ਵੈੱਬ ਸਰਵਰਾਂ ਦਾ ਕੰਟ੍ਰੋਲ ਆਪਣੇ ਹੱਥ ਵਿੱਚ ਲੈ ਸਕਦੇ ਹਨ ਅਤੇ ਸੰਵੇਦਨਸ਼ੀਲ ਜਾਣਕਾਰੀ ਚੋਰੀ ਕਰ ਸਕਦੇ ਹਨ।

ਕੰਪਨੀ ਨੇ ਕਿਹਾ ਕਿ ਪੀਐੱਚਪੀ ਦੀ ਵਰਤੋਂ ਕਰਕੇ ਬਣਾਈ ਗਈ ਹਰ ਚੀਜ਼ ਇਸ ਖ਼ਤਰੇ ਦੀ ਲਪੇਟ ਵਿੱਚ ਆ ਸਕਦੀ ਹੈ।

ਗੋਰਿਲਾ ਸਾਈਬਰ ਸੁਰੱਖਿਆ ਦੇ ਮੁੱਖ ਕਾਰਜਕਾਰੀ ਪੌਲ ਸਪੇਨ ਨੇ ਬੀਬੀਸੀ ਨੂੰ ਦੱਸਿਆ ਕਿ ਏਆਈ ਅਜਿਹੇ ਹਮਲਿਆਂ ਨੂੰ ਹੋਰ ਆਸਾਨ ਅਤੇ ਤੇਜ਼ ਵੀ ਬਣਾ ਸਕਦਾ ਹੈ।

ਉਨ੍ਹਾਂ ਅੰਦਾਜ਼ਾ ਲਗਾਇਆ ਕਿ ਇਹ ਖਾਮੀ “ਲੱਖਾਂ ਅਤੇ ਲੱਖਾਂ” ਵੈੱਬਸਾਈਟਾਂ ਨੂੰ ਪ੍ਰਭਾਵਿਤ ਕਰ ਸਕਦੀ ਹੈ।

ਐਡੀਲੇਡ ਯੂਨੀਵਰਸਿਟੀ ਦੀ ਸਾਈਬਰ ਸੁਰੱਖਿਆ ਖੋਜਕਾਰ ਜਿਲ ਸਲੇ ਨੇ ਕਿਹਾ ਕਿ ਜੇਕਰ ਹੈਕਰ ਜਾਂ ਦੇਸ਼ ਇਸ ਖ਼ਾਮੀ ਨੂੰ ਹਮਲਿਆਂ ਲਈ ਹਥਿਆਰ ਵਜੋਂ ਵਰਤਦੇ ਹਨ ਅਤੇ ਵੈੱਬਸਾਈਟਾਂ ਤੋਂ ਨਿੱਜੀ ਡਾਟਾ ਹਾਸਲ ਕਰ ਲੈਂਦੇ ਹਨ, ਤਾਂ ਇਸ ਦੇ ਨਤੀਜੇ “ਵਿਨਾਸ਼ਕਾਰੀ” ਹੋ ਸਕਦੇ ਹਨ।

ਕਿਹੜੀਆਂ ਵੈੱਬਸਾਈਟਾਂ ਪ੍ਰਭਾਵਿਤ ਹੋਈਆਂ ਹਨ?

ਜਿਨੇਵਾ ਯੂਨੀਵਰਸਿਟੀ

ਇਸ ਚਿਤਾਵਨੀ ਕਾਰਨ ਦੁਨੀਆ ਭਰ ਵਿੱਚ ਸੇਵਾਵਾਂ ਦਾ ਕੰਮਕਾਜ ਪ੍ਰਭਾਵਿਤ ਹੋਇਆ ਹੈ। ਇਨ੍ਹਾਂ ਵਿੱਚ ਗੇਮਿੰਗ ਪਲੇਟਫਾਰਮਾਂ ਤੋਂ ਲੈ ਕੇ ਸਰਕਾਰੀ ਪੋਰਟਲਾਂ ਅਤੇ ਆਨਲਾਈਨ ਫੋਰਮਾਂ ਤੱਕ ਸ਼ਾਮਲ ਹਨ।

ਇਨ੍ਹਾਂ ਵਿੱਚ ਵਿਕੀਮੀਡੀਆ ਵੀ ਸ਼ਾਮਲ ਹੈ, ਜੋ ਆਨਲਾਈਨ ਵਿਸ਼ਵਕੋਸ਼ ਵਿਕੀਪੀਡੀਆ ਦੇ ਪਿੱਛੇ ਕੰਮ ਕਰਨ ਵਾਲੀ ਸੰਸਥਾ ਹੈ। ਇਸ ਨੇ ਸਾਵਧਾਨੀ ਵਜੋਂ ਆਪਣੇ ਕਈ ਸਿਸਟਮ ਬੰਦ ਕਰ ਦਿੱਤੇ।

ਫਿਨਲੈਂਡ ਦੀ ਸਰਕਾਰ, ਐਡਿਨਬਰਗ ਕੌਂਸਲ ਅਤੇ ਬੀਬੀਸੀ ਨੇ ਆਪਣੀਆਂ ਵੈੱਬਸਾਈਟਾਂ ਅਤੇ ਵੈੱਬ ਪੰਨਿਆਂ ਨੂੰ ਆਫ਼ਲਾਈਨ ਕਰ ਦਿੱਤਾ ਹੈ। ਨੀਦਰਲੈਂਡ ਦੀ ਸਾਈਬਰ ਸੁਰੱਖਿਆ ਏਜੰਸੀ ਨੇ ਵੀ ਆਪਣੀ ਵੈੱਬਸਾਈਟ ਬੰਦ ਕਰ ਦਿੱਤੀ ਹੈ।

ਸਕਾਟਲੈਂਡ ਦੀਆਂ ਕਈ ਜਨਤਕ ਸੰਸਥਾਵਾਂ, ਜਿਨ੍ਹਾਂ ਵਿੱਚ ਕੌਂਸਲਾਂ ਅਤੇ ਸਿਹਤ ਬੋਰਡ ਸ਼ਾਮਲ ਹਨ, ਨੇ ਵੀ ਆਪਣੀਆਂ ਵੈੱਬਸਾਈਟਾਂ ਆਫ਼ਲਾਈਨ ਕਰ ਦਿੱਤੀਆਂ ਹਨ।

ਕੁਝ ਮਾਹਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਇਸ ਖ਼ਾਮੀ ਕਾਰਨ ਉਨ੍ਹਾਂ ਵੈੱਬਸਾਈਟਾਂ ਨੂੰ ਵਧੇਰੇ ਖ਼ਤਰਾ ਹੋ ਸਕਦਾ ਹੈ, ਜਿਨ੍ਹਾਂ ਦੀ ਸਹੀ ਢੰਗ ਨਾਲ ਦੇਖਭਾਲ ਨਹੀਂ ਕੀਤੀ ਜਾਂਦੀ।

ਖ਼ਾਸ ਤੌਰ ‘ਤੇ ਛੋਟੀਆਂ ਸੰਸਥਾਵਾਂ ਦੀਆਂ ਵੈੱਬਸਾਈਟਾਂ, ਜਿਨ੍ਹਾਂ ਕੋਲ ਸਾਈਬਰ ਸੁਰੱਖਿਆ ਲਈ ਸੀਮਤ ਸਰੋਤ ਹਨ, ਵਧੇਰੇ ਜੋਖ਼ਮ ਵਿੱਚ ਹੋ ਸਕਦੀਆਂ ਹਨ।

ਯੂਐੱਨਐੱਸਡਬਲਯੂ ਸਿਡਨੀ ਦੇ ਸਾਈਬਰ ਸੁਰੱਖਿਆ ਖੋਜਕਾਰ ਸਲੀਲ ਕਨਹੇਰੇ ਨੇ ਕਿਹਾ ਕਿ ਆਉਣ ਵਾਲੇ ਹਫ਼ਤਿਆਂ ਵਿੱਚ ਇਨ੍ਹਾਂ ਖ਼ਾਮੀਆਂ ਦਾ ਫ਼ਾਇਦਾ ਉਠਾਉਣ ਦੀਆਂ ਹੋਰ ਕੋਸ਼ਿਸ਼ਾਂ ਹੋਣ ਦੀ ਸੰਭਾਵਨਾ ਹੈ, ਕਿਉਂਕਿ ਹੁਣ ਇਨ੍ਹਾਂ ਦੇ ਤਕਨੀਕੀ ਵੇਰਵੇ ਜਨਤਕ ਕੀਤੇ ਜਾ ਰਹੇ ਹਨ।

ਖ਼ਾਮੀਆਂ ਸਾਹਮਣੇ ਆਉਣ ਤੋਂ ਬਾਅਦ ਕੀ ਹੋਇਆ?

ਜਾਪਾਨ ਦੀ ਪ੍ਰਧਾਨ ਮੰਤਰੀ ਸਾਨਾਏ ਤਾਕਾਇਚੀ

ਪੀਐੱਚਪੀ ਫਾਊਂਡੇਸ਼ਨ ਨੇ ਸਾਲਾਂ ਤੋਂ ਆਪਣੇ ਸੌਫਟਵੇਅਰ ਵਿੱਚ ਮੌਜੂਦ ਖ਼ਾਮੀਆਂ ਨੂੰ ਠੀਕ ਕਰਨ ਲਈ ਬੁੱਧਵਾਰ ਨੂੰ ਸੁਰੱਖਿਆ ਅਪਡੇਟ ਜਾਰੀ ਕੀਤੇ।

ਕੰਪਨੀ ਨੇ ਕਿਹਾ, “ਪੀਐੱਚਪੀ ਦੀ ਵਰਤੋਂ ਕਰਨ ਵਾਲੇ ਸਾਰੇ ਲੋਕਾਂ ਨੂੰ ਜ਼ੋਰਦਾਰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਤੁਰੰਤ ਅਪਡੇਟ ਕਰਨ।”

ਦੁਨੀਆ ਭਰ ਦੀਆਂ ਸਰਕਾਰਾਂ ਅਤੇ ਸੁਰੱਖਿਆ ਸੰਸਥਾਵਾਂ ਨੇ ਵੀ ਵੈੱਬਸਾਈਟ ਚਲਾਉਣ ਵਾਲਿਆਂ ਨੂੰ ਆਪਣੇ ਪਲੇਟਫਾਰਮਾਂ ਨੂੰ ਸੁਰੱਖਿਅਤ ਕਰਨ ਲਈ ਅਜਿਹੀਆਂ ਹੀ ਚਿਤਾਵਨੀਆਂ ਦਿੱਤੀਆਂ ਹਨ।

ਅਮਰੀਕਾ ਦੀ ਕੌਮੀ ਸੁਰੱਖਿਆ ਏਜੰਸੀ ਨੇ ਪੀਐੱਚਪੀ ਦੀ ਵਰਤੋਂ ਕਰਨ ਵਾਲੀਆਂ ਸਾਰੀਆਂ ਸੰਸਥਾਵਾਂ ਨੂੰ ਕਿਹਾ ਕਿ ਜੇਕਰ ਉਹ ਆਪਣੇ ਸਿਸਟਮਾਂ ਵਿੱਚ ਤੁਰੰਤ ਸੁਰੱਖਿਆ ਅਪਡੇਟ ਲਾਗੂ ਨਹੀਂ ਕਰ ਸਕਦੀਆਂ, ਤਾਂ ਉਹ ਉਨ੍ਹਾਂ ਨੂੰ ਆਫ਼ਲਾਈਨ ਕਰ ਦੇਣ।

ਏਜੰਸੀ ਨੇ ਇਹ ਵੀ ਕਿਹਾ ਕਿ ਇਹ ਖਾਮੀ ਕਿਸੇ ਸਿਸਟਮ ਦੇ ਡਾਟਾਬੇਸ ਤੱਕ ਪਹੁੰਚ ਬਣਾਉਣ ਲਈ “ਸਿੱਧਾ ਰਸਤਾ” ਮੁਹੱਈਆ ਕਰਵਾ ਸਕਦੀ ਹੈ।

ਏਜੰਸੀ ਨੇ ਕਿਹਾ, “ਇਹ ਖ਼ਤਰੇ ਇੰਨੇ ਗੰਭੀਰ ਹਨ ਕਿ ਅਮਰੀਕੀ ਸਰਕਾਰ ਦੇ ਸਾਰੇ ਵਿਭਾਗਾਂ ਅਤੇ ਏਜੰਸੀਆਂ ਵਿੱਚ ਤੁਰੰਤ ਸੁਰੱਖਿਆ ਅਪਡੇਟ ਲਾਗੂ ਕਰਨ ਦੀ ਲੋੜ ਹੈ।”

ਯੂਕੇ ਦੇ ਕੌਮੀ ਸਾਈਬਰ ਸੁਰੱਖਿਆ ਕੇਂਦਰ ਨੇ ਵੀ ਇਸੇ ਤਰ੍ਹਾਂ ਦੀ ਸਲਾਹ ਦਿੱਤੀ ਅਤੇ ਸੰਸਥਾਵਾਂ ਨੂੰ ਇਹ ਜਾਂਚ ਕਰਨ ਲਈ ਕਿਹਾ ਕਿ ਕਿਤੇ ਹਮਲਾਵਰਾਂ ਨੇ ਸਿਸਟਮਾਂ ਵਿੱਚ “ਗੁਪਤ ਪਿਛਲੇ ਦਰਵਾਜ਼ੇ” ਤਾਂ ਨਹੀਂ ਬਣਾਏ ਹੋਏ।

ਯੂਰਪੀ ਸੰਘ, ਸਿੰਗਾਪੁਰ ਅਤੇ ਆਸਟ੍ਰੇਲੀਆ ਦੀਆਂ ਇਸ ਦੀਆਂ ਹਮਰੁਤਬਾ ਸੰਸਥਾਵਾਂ ਨੇ ਵੀ ਅਜਿਹੀਆਂ ਹੀ ਚਿਤਾਵਨੀਆਂ ਜਾਰੀ ਕੀਤੀਆਂ ਹਨ।

ਜਾਪਾਨ ਦੀ ਪ੍ਰਧਾਨ ਮੰਤਰੀ ਸਾਨਾਏ ਤਾਕਾਇਚੀ ਨੇ ਲੋਕਾਂ ਨੂੰ ਜਾਂਚ ਕਰਨ ਦੀ ਅਪੀਲ ਕੀਤੀ ਕਿ ਕੀ ਉਨ੍ਹਾਂ ਦੀਆਂ ਜਨਤਕ ਤੌਰ ‘ਤੇ ਉਪਲਬਧ ਵੈੱਬਸਾਈਟਾਂ ਪੀਐੱਚਪੀ ਉੱਤੇ ਚੱਲਦੀਆਂ ਹਨ।

ਤਾਕਾਇਚੀ ਨੇ ਐਕਸ ਉੱਤੇ ਲਿਖਿਆ, “ਅਸੀਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਉਹ ਅੱਜ ਰਾਤ ਹੀ ਇਸ ਸਬੰਧੀ ਜ਼ਰੂਰੀ ਕਾਰਵਾਈ ਕਰਨ।”

ਉਨ੍ਹਾਂ ਕਿਹਾ, “ਜੇਕਰ ਸੁਰੱਖਿਆ ਅਪਡੇਟ ਨੂੰ ਤੁਰੰਤ ਲਾਗੂ ਕਰਨਾ ਮੁਸ਼ਕਲ ਹੈ, ਤਾਂ ਵੈੱਬਸਾਈਟਾਂ ਨੂੰ ਅਸਥਾਈ ਤੌਰ ‘ਤੇ ਮੁਅੱਤਲ ਕਰਨਾ ਅਤੇ ਇਸ ਤਰ੍ਹਾਂ ਦੇ ਹੋਰ ਕਦਮ ਚੁੱਕਣਾ ਜੋਖ਼ਮ ਘਟਾਉਣ ਦਾ ਇੱਕ ਪ੍ਰਭਾਵਸ਼ਾਲੀ ਤਰੀਕਾ ਹੋ ਸਕਦਾ ਹੈ।”

ਤਕਨਾਲੋਜੀ ਕੰਪਨੀਆਂ ਨੇ ਵੀ ਆਪਣੇ ਸਿਸਟਮਾਂ ਨੂੰ ਜਲਦੀ ਸੁਰੱਖਿਅਤ ਕਰਨ ਦੀ ਕੋਸ਼ਿਸ਼ ਕੀਤੀ ਹੈ।

ਈ-ਕਾਮਰਸ ਦੀ ਦਿੱਗਜ ਕੰਪਨੀ ਐਮਾਜ਼ੌਨ ਨੇ ਕਿਹਾ ਕਿ ਪੀਐੱਚਪੀ ਦੀ ਖ਼ਾਮੀ ਬਾਰੇ ਜਨਤਕ ਤੌਰ ‘ਤੇ ਜਾਣਕਾਰੀ ਸਾਹਮਣੇ ਆਉਣ ਤੋਂ ਕੁਝ ਦਿਨ ਪਹਿਲਾਂ ਉਸ ਨੂੰ ਕਈ ਵਾਰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਉਸ ਦੀਆਂ ਵੈੱਬਸਾਈਟਾਂ ਆਮ ਵਾਂਗ ਕੰਮ ਕਰ ਰਹੀਆਂ ਸਨ।

ਇੰਟਰਨੈੱਟ ਬੁਨਿਆਦੀ ਢਾਂਚੇ ਨਾਲ ਜੁੜੀ ਕੰਪਨੀ ਕਲਾਊਡਫਲੇਅਰ ਦੇ ਮੁਖੀ ਮੈਥਿਊ ਪ੍ਰਿੰਸ ਨੇ ਵੀ ਕਿਹਾ ਕਿ ਜਨਤਕ ਤੌਰ ‘ਤੇ ਐਲਾਨ ਕੀਤੇ ਜਾਣ ਤੋਂ ਪਹਿਲਾਂ ਦੇ 10 ਘੰਟਿਆਂ ਦੌਰਾਨ ਉਨ੍ਹਾਂ ਦੇ ਨੈੱਟਵਰਕ ਉੱਤੇ ਪੀਐੱਚਪੀ ਦੀਆਂ ਕਮਜ਼ੋਰੀਆਂ ਦਾ ਫ਼ਾਇਦਾ ਉਠਾਉਣ ਦੀਆਂ “ਹਜ਼ਾਰਾਂ” ਕੋਸ਼ਿਸ਼ਾਂ ਦੇਖੀਆਂ ਗਈਆਂ ਸਨ।

ਉਨ੍ਹਾਂ ਨੇ ਐਕਸ ‘ਤੇ ਲਿਖਿਆ, “ਐਲਾਨ ਤੋਂ ਬਾਅਦ 45 ਮਿੰਟਾਂ ਵਿੱਚ ਇਹ ਗਿਣਤੀ ਵਧ ਕੇ ਹਜ਼ਾਰਾਂ ਤੋਂ ਦਹਿ ਹਜ਼ਾਰਾਂ ਤੱਕ ਪਹੁੰਚ ਗਈ, ਦੋ ਘੰਟਿਆਂ ਦੇ ਅੰਦਰ ਲੱਖਾਂ ਤੱਕ ਅਤੇ ਹੁਣ ਇਹ ਗਿਣਤੀ ਮਿਲੀਅਨਾਂ ਤੱਕ ਪਹੁੰਚ ਗਈ ਹੈ।”

ਇਸ ਵਿੱਚ ਏਆਈ ਦੀ ਕੀ ਭੂਮਿਕਾ ਸੀ?

ਔਰਤਾਂ

ਕੈਲਿਫ਼ ਅਤੇ ਵਿਜ਼ ਦੇ ਖੋਜਕਾਰਾਂ ਨੇ ਇਨ੍ਹਾਂ ਕਮਜ਼ੋਰੀਆਂ ਦਾ ਪਤਾ ਲਗਾਉਣ ਲਈ ਏਆਈ ਦੇ ਉੱਨਤ ਸਾਧਨਾਂ ਦੀ ਵਰਤੋਂ ਕੀਤੀ। ਇਹ ਸਾਧਨ ਕੋਡ ਦਾ ਵਿਸ਼ਲੇਸ਼ਣ ਕਰ ਸਕਦੇ ਹਨ ਅਤੇ ਮਨੁੱਖਾਂ ਜਾਂ ਪੁਰਾਣੇ ਸਿਸਟਮਾਂ ਦੇ ਮੁਕਾਬਲੇ ਕਿਤੇ ਵੱਧ ਤੇਜ਼ੀ ਨਾਲ ਖਾਮੀਆਂ ਲੱਭ ਸਕਦੇ ਹਨ।

ਕਨਹੇਰੇ ਨੇ ਕਿਹਾ, “ਆਧੁਨਿਕ ਸੌਫਟਵੇਅਰ ਬੇਹੱਦ ਗੁੰਝਲਦਾਰ ਹੈ ਅਤੇ ਕੁਝ ਕਮਜ਼ੋਰੀਆਂ ਸਾਲਾਂ ਤੱਕ ਪਤਾ ਲੱਗਣ ਤੋਂ ਬਿਨਾਂ ਮੌਜੂਦ ਰਹਿ ਸਕਦੀਆਂ ਹਨ।”

ਕਨਹੇਰੇ ਨੇ ਕਿਹਾ, “ਅਸਲ ਖ਼ਾਮੀਆਂ ਨਵੀਆਂ ਨਹੀਂ ਸਨ; ਬਦਲਾਅ ਇਹ ਆਇਆ ਕਿ ਉਨ੍ਹਾਂ ਨੂੰ ਲੱਭਣ ਦੀ ਸਾਡੀ ਸਮਰੱਥਾ ਬਦਲ ਗਈ ਹੈ।”

ਇਸ ਖੋਜ ਦੇ ਵੇਰਵੇ ਇਸ ਹਫ਼ਤੇ ਆਨਲਾਈਨ ਲੀਕ ਹੋ ਗਏ, ਜਿਸ ਕਾਰਨ ਪੀਐੱਚਪੀ ਪਲੇਟਫਾਰਮ ਦੇ ਵਿਕਾਸਕਾਰਾਂ ਨੂੰ ਸੁਰੱਖਿਆ ਖ਼ਾਮੀ ਅਤੇ ਇਸ ਦੇ ਵੱਡੇ ਪੱਧਰ ਬਾਰੇ ਜਲਦੀ ਐਲਾਨ ਕਰਨਾ ਪਿਆ।

ਓਪਨਏਆਈ ਨੇ ਇੱਕ ਬਲੌਗ ਪੋਸਟ ਵਿੱਚ ਕਿਹਾ ਕਿ ਇਹ ਘਟਨਾ “ਇਸ ਗੱਲ ਨੂੰ ਉਜਾਗਰ ਕਰਦੀ ਹੈ ਕਿ ਏਆਈ ਸੁਰੱਖਿਆ ਖ਼ਾਮੀਆਂ ਦਾ ਪਤਾ ਕਿਵੇਂ ਲਗਾ ਸਕਦਾ ਹੈ”, ਪਰ ਨਾਲ ਹੀ ਇਹ ਵੀ ਕਿ ਏਆਈ “ਹਮਲਾਵਰਾਂ ਨੂੰ ਹਮਲਿਆਂ ਲਈ ਸੰਦ ਅਤੇ ਤਰੀਕੇ ਤੇਜ਼ੀ ਨਾਲ ਵਿਕਸਤ ਕਰਨ ਵਿੱਚ ਮਦਦ ਕਰ ਸਕਦਾ ਹੈ।”

ਚੈਟਜੀਪੀਟੀ ਬਣਾਉਣ ਵਾਲੀ ਕੰਪਨੀ ਨੇ ਕਿਹਾ ਕਿ ਉਸ ਨੇ ਇਹ ਜਾਂਚ ਕਰਨ ਲਈ ਇੱਕ ਪ੍ਰੋਗਰਾਮ ਜਾਰੀ ਕੀਤਾ ਹੈ ਕਿ ਪੀਐੱਚਪੀ ਪਲੇਟਫਾਰਮ ਸੁਰੱਖਿਅਤ ਹੈ ਜਾਂ ਨਹੀਂ।

ਕੁਈਨਜ਼ਲੈਂਡ ਯੂਨੀਵਰਸਿਟੀ ਦੇ ਸਾਈਬਰ ਖੋਜ ਕੇਂਦਰ ਦੇ ਰਿਆਨ ਕੋ ਨੇ ਕਿਹਾ, “ਇਨ੍ਹਾਂ ਵਿੱਚੋਂ ਕਈ ਖ਼ਾਮੀਆਂ ਪੁਰਾਣੇ ਸਮੇਂ ਵਿੱਚ ਸੌਫਟਵੇਅਰ ਬਣਾਉਣ ਦੇ ਤਰੀਕਿਆਂ ਕਾਰਨ ਪੈਦਾ ਹੋਈਆਂ ਹਨ। ਉਸ ਸਮੇਂ ਸੌਫਟਵੇਅਰ ਬਣਾਉਂਦੇ ਵੇਲੇ ਸੁਰੱਖਿਆ ਦੀ ਬਜਾਏ ਉਸ ਦੇ ਕੰਮ ਕਰਨ ‘ਤੇ ਧਿਆਨ ਦਿੱਤਾ ਜਾਂਦਾ ਸੀ।”

ਇਸ ਦਾ ਤੁਹਾਡੇ ਲਈ ਕੀ ਮਤਲਬ ਹੈ?

ਇਹ ਮੁੱਦਾ ਵੈੱਬਸਾਈਟਾਂ ਦੇ ਬੈਕ-ਐਂਡ ਅਤੇ ਵੈੱਬ ਵਿਕਾਸ ਦੀਆਂ ਪ੍ਰਕਿਰਿਆਵਾਂ ਨੂੰ ਪ੍ਰਭਾਵਿਤ ਕਰਦਾ ਹੈ, ਜੋ ਬਹੁਤ ਸਾਰੇ ਵਰਤੋਂਕਾਰਾਂ ਨੂੰ ਦਿਖਾਈ ਨਹੀਂ ਦਿੰਦੀਆਂ। ਇਸ ਦਾ ਮਤਲਬ ਹੈ ਕਿ ਜ਼ਿਆਦਾਤਰ ਲੋਕਾਂ ਨੂੰ ਕੋਈ ਕਾਰਵਾਈ ਕਰਨ ਦੀ ਲੋੜ ਨਹੀਂ ਪਵੇਗੀ।

ਪਰ ਛੋਟੇ ਕਾਰੋਬਾਰ, ਜਿਨ੍ਹਾਂ ਦੀਆਂ ਵੈੱਬਸਾਈਟਾਂ ਵਰਡਪ੍ਰੈੱਸ ਦੀ ਵਰਤੋਂ ਕਰਕੇ ਬਣਾਈਆਂ ਗਈਆਂ ਹਨ, ਇਹ ਸੋਚ ਰਹੇ ਹੋ ਸਕਦੇ ਹਨ ਕਿ ਉਹ ਆਪਣੀਆਂ ਵੈੱਬਸਾਈਟਾਂ ਨੂੰ ਕਿਵੇਂ ਸੁਰੱਖਿਅਤ ਰੱਖਣ।

ਜਿਨ੍ਹਾਂ ਲੋਕਾਂ ਦੀਆਂ ਆਪਣੀਆਂ ਵੈੱਬਸਾਈਟਾਂ ਹਨ ਜਾਂ ਜੋ ਪੀਐੱਚਪੀ ਉੱਤੇ ਚੱਲਣ ਵਾਲੇ ਬੁਨਿਆਦੀ ਢਾਂਚੇ ਦਾ ਪ੍ਰਬੰਧਨ ਕਰਦੇ ਹਨ, ਉਨ੍ਹਾਂ ਨੂੰ ਨਵੇਂ ਸੰਸਕਰਣ ਵਿੱਚ ਅਪਡੇਟ ਕਰਕੇ ਆਪਣੀਆਂ ਵੈੱਬਸਾਈਟਾਂ ਸੁਰੱਖਿਅਤ ਕਰਨ ਦੀ ਅਪੀਲ ਕੀਤੀ ਗਈ ਹੈ।

ਨੈਤਿਕ ਹੈਕਰ ਕੇਨ ਮੁਨਰੋ, ਜੋ ਕਈ ਸਾਲਾਂ ਤੋਂ ਕੰਪਿਊਟਰ ਸਿਸਟਮਾਂ ਵਿੱਚ ਸੁਰੱਖਿਆ ਖ਼ਾਮੀਆਂ ਲੱਭ ਰਹੇ ਹਨ, ਨੇ ਕਿਹਾ ਕਿ ਇਨ੍ਹਾਂ ਸੁਧਾਰਾਂ ਨੂੰ ਇੰਸਟਾਲ ਕਰਨਾ, ਜਿਸ ਨੂੰ ਪੈਚਿੰਗ ਕਿਹਾ ਜਾਂਦਾ ਹੈ, “ਵਿੰਡੋਜ਼ ਅਪਡੇਟ ਚਲਾਉਣ ਵਰਗਾ ਹੀ ਹੈ।”

ਜੇਕਰ ਕੋਈ ਹੋਸਟਿੰਗ ਕੰਪਨੀ ਜਾਂ ਵੈੱਬ ਵਿਕਾਸਕਾਰ ਤੁਹਾਡੀ ਵੈੱਬਸਾਈਟ ਦਾ ਪ੍ਰਬੰਧਨ ਕਰਦਾ ਹੈ, ਤਾਂ ਉਸ ਨਾਲ ਸੰਪਰਕ ਕਰੋ ਅਤੇ ਪੁੱਛੋ ਕਿ ਕੀ ਪੀਐੱਚਪੀ ਦੇ ਸੁਰੱਖਿਆ ਸੁਧਾਰ ਲਾਗੂ ਕੀਤੇ ਗਏ ਹਨ।

ਇਹ ਸੁਧਾਰ ਖ਼ੁਦ ਪੀਐੱਚਪੀ ਵਿੱਚ ਲਾਗੂ ਕਰਨੇ ਲਾਜ਼ਮੀ ਹਨ। ਸਿਰਫ਼ ਵਰਡਪ੍ਰੈੱਸ ਜਾਂ ਇਸ ਦੇ ਪਲੱਗਇਨਸ ਨੂੰ ਅਪਡੇਟ ਕਰਨ ਨਾਲ ਇਹ ਸਮੱਸਿਆ ਹੱਲ ਨਹੀਂ ਹੋ ਸਕਦੀ।

ਜੇਕਰ ਤੁਸੀਂ ਆਪਣੀ ਵੈੱਬਸਾਈਟ ਦੀ ਦੇਖਭਾਲ ਖ਼ੁਦ ਕਰਦੇ ਹੋ, ਤਾਂ ਮੁਨਰੋ ਮੁਤਾਬਕ, “ਇਹ ਤੁਹਾਡੀ ਆਪਣੀ ਜ਼ਿੰਮੇਵਾਰੀ ਹੈ ਕਿ ਤੁਸੀਂ ਯਕੀਨੀ ਬਣਾਓ ਕਿ ਸੁਰੱਖਿਆ ਸੁਧਾਰ ਲਾਗੂ ਕੀਤੇ ਗਏ ਹਨ।”

ਯੂਕੇ ਦੇ ਕੌਮੀ ਸਾਈਬਰ ਸੁਰੱਖਿਆ ਕੇਂਦਰ ਨੇ ਸਲਾਹ ਦਿੱਤੀ ਹੈ ਕਿ ਜੇਕਰ ਸੁਰੱਖਿਆ ਅਪਡੇਟ ਜਾਂ ਅਸਥਾਈ ਸੁਰੱਖਿਆ ਉਪਾਅ ਕਾਫ਼ੀ ਤੇਜ਼ੀ ਨਾਲ ਲਾਗੂ ਨਹੀਂ ਕੀਤੇ ਜਾ ਸਕਦੇ, ਤਾਂ ਵੈੱਬਸਾਈਟਾਂ ਨੂੰ ਕੁਝ ਸਮੇਂ ਲਈ ਆਫ਼ਲਾਈਨ ਕਰਨ ਬਾਰੇ ਵਿਚਾਰ ਕੀਤਾ ਜਾਵੇ।

ਅਮਰੀਕਾ ਦੀ ਕੌਮੀ ਸੁਰੱਖਿਆ ਏਜੰਸੀ ਨੇ ਵੀ ਆਉਣ ਵਾਲੇ ਹਫ਼ਤਿਆਂ ਦੌਰਾਨ “ਵਧੇਰੇ ਚੌਕਸੀ” ਵਰਤਣ ਦੀ ਅਪੀਲ ਕੀਤੀ ਹੈ ਅਤੇ ਲੋਕਾਂ ਨੂੰ ਸੌਫਟਵੇਅਰ ਬਣਾਉਣ ਵਾਲੀਆਂ ਕੰਪਨੀਆਂ ਵੱਲੋਂ ਜਾਰੀ ਕੀਤੇ ਜਾਣ ਵਾਲੇ ਅਪਡੇਟਾਂ ਉੱਤੇ ਨੇੜਿਓਂ ਨਜ਼ਰ ਰੱਖਣ ਲਈ ਕਿਹਾ ਹੈ।

ਏਜੰਸੀ ਨੇ ਕਿਹਾ, “ਇਨ੍ਹਾਂ ਸਿਸਟਮਾਂ ਨਾਲ ਸਬੰਧਤ ਸੁਰੱਖਿਆ ਸੁਧਾਰਾਂ ਨੂੰ ਲਾਗੂ ਕਰਨ ਵਿੱਚ ਪੂਰੀ ਚੌਕਸੀ ਵਰਤਣੀ ਬੇਹੱਦ ਜ਼ਰੂਰੀ ਹੈ।”

ਸਾਈਬਰ ਸੁਰੱਖਿਆ ਖੋਜਕਾਰ ਕਨਹੇਰੇ ਨੇ ਕਿਹਾ ਕਿ ਭਾਵੇਂ ਮੁੱਖ ਜ਼ਿੰਮੇਵਾਰੀ ਵੈੱਬਸਾਈਟਾਂ ਚਲਾਉਣ ਵਾਲਿਆਂ ਦੀ ਹੈ, ਪਰ ਵਰਤੋਂਕਾਰਾਂ ਨੂੰ ਵੀ ਪ੍ਰਭਾਵਿਤ ਸੇਵਾਵਾਂ ਵੱਲੋਂ ਜਾਰੀ ਕੀਤੀਆਂ ਸੁਰੱਖਿਆ ਸਲਾਹਾਂ ਪ੍ਰਤੀ ਚੌਕਸ ਰਹਿਣਾ ਚਾਹੀਦਾ ਹੈ। ਇਨ੍ਹਾਂ ਵਿੱਚ ਪਾਸਵਰਡ ਬਦਲਣ ਦੀਆਂ ਹਦਾਇਤਾਂ ਵੀ ਸ਼ਾਮਲ ਹੋ ਸਕਦੀਆਂ ਹਨ।

ਉਨ੍ਹਾਂ ਨੇ ਲੋਕਾਂ ਨੂੰ ਇਸ ਘਟਨਾ ਦੇ ਪ੍ਰਚਾਰ ਦਾ ਫ਼ਾਇਦਾ ਉਠਾ ਕੇ ਭੇਜੇ ਜਾਣ ਵਾਲੇ ਫ਼ਿਸ਼ਿੰਗ ਸੁਨੇਹਿਆਂ ਤੋਂ ਵੀ ਸਾਵਧਾਨ ਰਹਿਣ ਦੀ ਚਿਤਾਵਨੀ ਦਿੱਤੀ।

ਭਾਰਤ ਲਈ ਕਿੰਨੀ ਵੱਡੀ ਚਿੰਤਾ?

ਲੈਪਟਾਪ ਉੱਤੇ ਕੁਝ ਟਾਈਪ ਕਰਦੀ ਇੱਕ ਕੁੜੀ

ਬੀਬੀਸੀ ਹਿੰਦੀ ਦੀ ਰਿਪੋਰਟ ਮੁਤਾਬਕ ਭਾਰਤ ਲਈ ਇਹ ਖ਼ਬਰ ਇਸ ਲਈ ਅਹਿਮ ਹੈ ਕਿਉਂਕਿ ਭਾਰਤ ਸਰਕਾਰ ਦੀ ਸਾਈਬਰ ਸੁਰੱਖਿਆ ਏਜੰਸੀ ਇੰਡੀਅਨ ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ ਯਾਨੀ CERT-In ਨੇ ਪੀਐੱਚਪੀ ਦੀਆਂ ਇਨ੍ਹਾਂ ਖ਼ਾਮੀਆਂ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ।

CERT-In ਭਾਰਤ ਵਿੱਚ ਸਾਈਬਰ ਸੁਰੱਖਿਆ ਨਾਲ ਜੁੜੇ ਵੱਡੇ ਮਾਮਲਿਆਂ ‘ਤੇ ਨਜ਼ਰ ਰੱਖਦੀ ਹੈ। ਇਹ ਸਾਈਬਰ ਹਮਲਿਆਂ ਅਤੇ ਸੁਰੱਖਿਆ ਖ਼ਾਮੀਆਂ ਬਾਰੇ ਚੇਤਾਵਨੀ ਜਾਰੀ ਕਰਦੀ ਹੈ। ਇਸ ਦੇ ਨਾਲ ਹੀ ਅਜਿਹੇ ਮਾਮਲਿਆਂ ਨਾਲ ਨਜਿੱਠਣ ਲਈ ਸਬੰਧਤ ਸੰਸਥਾਵਾਂ ਨੂੰ ਤਕਨੀਕੀ ਸਲਾਹ ਵੀ ਦਿੰਦੀ ਹੈ। ਇਹ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਦੇ ਅਧੀਨ ਕੰਮ ਕਰਦੀ ਹੈ।

CERT-In ਮੁਤਾਬਕ, ਪੀਐੱਚਪੀ ਦੀਆਂ ਇਨ੍ਹਾਂ ਖ਼ਾਮੀਆਂ ਨੂੰ ‘ਕ੍ਰਿਟੀਕਲ’ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ। ਇਸ ਦਾ ਮਤਲਬ ਹੈ ਕਿ ਜੇ ਕਿਸੇ ਸਰਵਰ ‘ਤੇ ਪੀਐੱਚਪੀ ਦਾ ਪ੍ਰਭਾਵਿਤ ਵਰਜਨ ਚੱਲ ਰਿਹਾ ਹੈ, ਤਾਂ ਹੈਕਰ ਇਨ੍ਹਾਂ ਖ਼ਾਮੀਆਂ ਦਾ ਫ਼ਾਇਦਾ ਉਠਾ ਕੇ ਦੂਰ ਬੈਠੇ ਹੀ ਉਸ ਸਿਸਟਮ ‘ਤੇ ਆਪਣਾ ਕੋਡ ਚਲਾ ਸਕਦੇ ਹਨ ਅਤੇ ਉਸ ‘ਤੇ ਗੰਭੀਰ ਪੱਧਰ ਦਾ ਕੰਟਰੋਲ ਹਾਸਲ ਕਰ ਸਕਦੇ ਹਨ।

ਇਸ ਲਈ ਭਾਰਤ ਵਿੱਚ ਪੀਐੱਚਪੀ ‘ਤੇ ਚੱਲਣ ਵਾਲੀਆਂ ਵੈੱਬਸਾਈਟਾਂ ਅਤੇ ਆਨਲਾਈਨ ਸੇਵਾਵਾਂ ਦੇ ਸੰਚਾਲਕਾਂ ਲਈ ਸਭ ਤੋਂ ਜ਼ਰੂਰੀ ਕਦਮ ਇਹ ਹੈ ਕਿ ਉਹ ਜਾਂਚ ਕਰਨ ਕਿ ਉਨ੍ਹਾਂ ਦੇ ਸਰਵਰ ‘ਤੇ ਪੀਐੱਚਪੀ ਦਾ ਕਿਹੜਾ ਵਰਜਨ ਚੱਲ ਰਿਹਾ ਹੈ। ਲੋੜ ਪੈਣ ‘ਤੇ ਉਸ ਨੂੰ ਸੁਰੱਖਿਆ ਅਪਡੇਟ ਰਾਹੀਂ ਠੀਕ ਕੀਤਾ ਜਾਵੇ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI