Source :- BBC PUNJABI
Kulvir Singh/BBC
ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੀ 20 ਸਾਲਾ ਕਰਨਵੀਰ ਕੌਰ ਦੀਆਂ ਕਿਡਨੀਆਂ ਦਾਨ ਕੀਤੇ ਜਾਣ ਤੋਂ ਬਾਅਦ ਚੰਡੀਗੜ੍ਹ ਦੇ ਪੀਜੀਆਈ ਵਿੱਚ ਦੋ ਮਰੀਜ਼ਾਂ ਨੂੰ ਨਵੀਂ ਜ਼ਿੰਦਗੀ ਦੀ ਉਮੀਦ ਮਿਲੀ ਹੈ।
ਕਰਨਵੀਰ ਕੌਰ ਦੀ ਸੜਕ ਹਾਦਸੇ ਵਿੱਚ ਗੰਭੀਰ ਜ਼ਖ਼ਮੀ ਹੋਣ ਤੋਂ ਬਾਅਦ ਮੌਤ ਹੋ ਗਈ ਸੀ।
ਉਸ ਦੇ ਪਿਤਾ ਜਗਦੀਪ ਸਿੰਘ ਨੇ ਧੀ ਦੇ ਅੰਗ ਦਾਨ ਕਰਨ ਦਾ ਫ਼ੈਸਲਾ ਲਿਆ, ਜਿਸ ਨਾਲ 38 ਅਤੇ 32 ਸਾਲ ਦੇ ਦੋ ਪੁਰਸ਼ ਮਰੀਜ਼ਾਂ ਦੀਆਂ ਕਿਡਨੀਆਂ ਟ੍ਰਾਂਸਪਲਾਂਟ ਕੀਤੀਆਂ ਜਾ ਸਕੀਆਂ।
ਧੀ ਨੂੰ ਗੁਆਉਣ ਦੇ ਡੂੰਘੇ ਦੁੱਖ ਦੇ ਬਾਵਜੂਦ ਉਸ ਦੇ ਪਿਤਾ ਨੇ ਅੰਗਦਾਨ ਲਈ ਸਹਿਮਤੀ ਦਿੱਤੀ। ਇਸ ਫ਼ੈਸਲੇ ਨਾਲ ਦੋ ਮਰੀਜ਼ਾਂ ਨੂੰ ਕਿਡਨੀ ਟ੍ਰਾਂਸਪਲਾਂਟ ਕਰਵਾਉਣ ਦਾ ਮੌਕਾ ਮਿਲਿਆ।
ਪੀਜੀਆਈ ਚੰਡੀਗੜ੍ਹ ਵੱਲੋਂ ਜਾਰੀ ਜਾਣਕਾਰੀ ਮੁਤਾਬਕ, ਕਰਨਵੀਰ ਕੌਰ ਸੰਗਰੂਰ ਜ਼ਿਲ੍ਹੇ ਦੇ ਮੂਲੋਵਾਲ ਪਿੰਡ ਦੀ ਰਹਿਣ ਵਾਲੀ ਸੀ।
ਉਸ ਨੇ 12ਵੀਂ ਜਮਾਤ ਪਾਸ ਕਰਨ ਤੋਂ ਬਾਅਦ ਆਈਲੈਟਸ ਦੀ ਪ੍ਰੀਖਿਆ ਵੀ ਪਾਸ ਕਰ ਲਈ ਸੀ ਅਤੇ ਵਿਦੇਸ਼ ਜਾ ਕੇ ਆਪਣਾ ਭਵਿੱਖ ਬਣਾਉਣ ਦੀ ਤਿਆਰੀ ਕਰ ਰਹੀ ਸੀ।
‘ਵਿਦੇਸ਼ ਜਾਣ ਕੀ ਤਿਆਰੀ ਸੀ’

ਕਰਨਵੀਰ ਕੌਰ ਦੇ ਪਿਤਾ ਜਗਦੀਪ ਸਿੰਘ ਨੇ ਕਿਹਾ ਕਿ ਹਰ ਮਾਪੇ ਦਾ ਸੁਪਨਾ ਹੁੰਦਾ ਹੈ ਕਿ ਉਨ੍ਹਾਂ ਦਾ ਬੱਚਾ ਵੱਡਾ ਹੋਵੇ, ਆਪਣੇ ਸੁਪਨੇ ਪੂਰੇ ਕਰੇ ਅਤੇ ਆਪਣਾ ਭਵਿੱਖ ਬਣਾਏ।
ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਦਾ ਸੜਕ ਹਾਦਸਾ ਧੂਰੀ ਤੋਂ ਬੋਗਰੇ ਵੱਲ ਜਾਂਦਿਆਂ ਹੋਇਆ ਸੀ।
15 ਅਕਤੂਬਰ ਨੂੰ ਸੜਕ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਾਅਦ ਉਸ ਨੂੰ ਪਹਿਲਾਂ ਧੂਰੀ ਅਤੇ ਲੁਧਿਆਣਾ ਦੇ ਹਸਪਤਾਲਾਂ ਵਿੱਚ ਇਲਾਜ ਲਈ ਲਿਆਂਦਾ ਗਿਆ।
ਇਸ ਤੋਂ ਬਾਅਦ 16 ਅਕਤੂਬਰ ਨੂੰ ਉਸ ਨੂੰ ਪੀਜੀਆਈ ਚੰਡੀਗੜ੍ਹ ਲਿਆਂਦਾ ਗਿਆ। ਡਾਕਟਰੀ ਜਾਂਚ ਅਤੇ ਲੋੜੀਂਦੀਆਂ ਪ੍ਰਕਿਰਿਆਵਾਂ ਮਗਰੋਂ 21 ਅਕਤੂਬਰ ਨੂੰ ਉਸ ਨੂੰ ਬ੍ਰੇਨ-ਸਟੈਮ ਡੈੱਡ ਐਲਾਨ ਦਿੱਤਾ ਗਿਆ।
ਜਗਦੀਪ ਸਿੰਘ ਨੇ ਦੱਸਿਆ ਕਿ ਧੀ ਦੀ ਮੌਤ ਤੋਂ ਬਾਅਦ ਡਾਕਟਰਾਂ ਨੇ ਪਰਿਵਾਰ ਨੂੰ ਅੰਗਦਾਨ ਬਾਰੇ ਪੁੱਛਿਆ। ਉਨ੍ਹਾਂ ਨੇ ਪਹਿਲਾਂ ਅੱਧੇ ਘੰਟੇ ਦਾ ਸਮਾਂ ਮੰਗਿਆ ਤਾਂ ਜੋ ਪਰਿਵਾਰ ਇਸ ਬਾਰੇ ਸੋਚ ਸਕੇ।
Kulvir Singh/BBC
ਉਨ੍ਹਾਂ ਕਿਹਾ, “ਕਰਨਵੀਰ ਨੇ ਆਈਲੈਟਸ ਪਾਸ ਕਰ ਲਈ ਸੀ ਅਤੇ ਵਿਦੇਸ਼ ਜਾਣ ਦੀ ਤਿਆਰੀ ਕਰ ਰਹੀ ਸੀ। ਅਸੀਂ ਉਸ ਲਈ ਬਹੁਤ ਸਾਰੇ ਸੁਪਨੇ ਦੇਖੇ ਸਨ। ਇਹ ਮੰਨਣਾ ਕਿ ਉਹ ਹੁਣ ਕਦੇ ਵਾਪਸ ਨਹੀਂ ਆਵੇਗੀ, ਅਜਿਹਾ ਦਰਦ ਹੈ ਜਿਸ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ।”
“ਪਰ ਜੇ ਮੇਰੀ ਧੀ ਦਾ ਕੋਈ ਹਿੱਸਾ ਕਿਸੇ ਹੋਰ ਵਿਅਕਤੀ ਰਾਹੀਂ ਜਿਉਂਦਾ ਰਹਿ ਸਕਦਾ ਹੈ ਅਤੇ ਦੋ ਪਰਿਵਾਰਾਂ ਦੀ ਜ਼ਿੰਦਗੀ ਵਿੱਚ ਮੁੜ ਮੁਸਕਰਾਹਟ ਆ ਸਕਦੀ ਹੈ, ਤਾਂ ਉਸ ਦੀ ਜ਼ਿੰਦਗੀ ਦੂਜਿਆਂ ਲਈ ਸਾਰਥਕ ਬਣੀ ਰਹੇਗੀ।”
ਜਗਦੀਪ ਸਿੰਘ ਨੇ ਭਾਵੁਕ ਹੁੰਦਿਆਂ ਕਿਹਾ ਕਿ ਕਰਨਵੀਰ ਉਨ੍ਹਾਂ ਨੂੰ ਬਹੁਤ ਪਿਆਰ ਕਰਦੀ ਸੀ ਅਤੇ ਉਸ ਨਾਲ ਜੁੜੀਆਂ ਯਾਦਾਂ ਅੱਜ ਵੀ ਉਨ੍ਹਾਂ ਦੇ ਮਨ ਵਿੱਚ ਵੱਸੀਆਂ ਹੋਈਆਂ ਹਨ।
ਉਨ੍ਹਾਂ ਕਿਹਾ ਕਿ ਪਰਿਵਾਰ ਨੇ ਆਪਣੀ ਧੀ ਨੂੰ ਗੁਆ ਦਿੱਤਾ ਹੈ, ਪਰ ਉਮੀਦ ਹੈ ਕਿ ਉਸ ਦੇ ਅੰਗਦਾਨ ਨਾਲ ਦੋ ਹੋਰ ਲੋਕਾਂ ਨੂੰ ਜਿਉਣ, ਸੁਪਨੇ ਦੇਖਣ ਅਤੇ ਭਵਿੱਖ ਵੱਲ ਆਸ ਨਾਲ ਦੇਖਣ ਦਾ ਮੌਕਾ ਮਿਲੇਗਾ।
ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਅੰਗ ਪ੍ਰਾਪਤ ਕਰਨ ਵਾਲੇ ਵਿਅਕਤੀਆਂ ਨੂੰ ਮਿਲਣ ਦਾ ਮੌਕਾ ਮਿਲਦਾ ਹੈ ਤਾਂ ਉਨ੍ਹਾਂ ਨੂੰ ਖ਼ੁਸ਼ੀ ਹੋਵੇਗੀ, ਕਿਉਂਕਿ ਉਨ੍ਹਾਂ ਦੀ ਧੀ ਦੇ ਜਾਣ ਤੋਂ ਬਾਅਦ ਵੀ ਉਸ ਦੇ ਅੰਗਾਂ ਰਾਹੀਂ ਦੋ ਹੋਰ ਲੋਕਾਂ ਨੂੰ ਜ਼ਿੰਦਗੀ ਜਿਉਣ ਦਾ ਮੌਕਾ ਮਿਲਿਆ ਹੈ।
ਮਾਂ ਦਾ ਦਰਦ
Kulvir Singh/BBC
ਕਰਨਵੀਰ ਕੌਰ ਦੀ ਮਾਂ ਜਸਵੀਰ ਕੌਰ ਮੁਤਾਬਕ, ਉਨ੍ਹਾਂ ਦੀ ਧੀ ਨੇ ਬਾਰ੍ਹਵੀਂ ਜਮਾਤ ਪਾਸ ਕਰਨ ਮਗਰੋਂ ਦੇਸ਼ ਭਗਤ ਕਾਲਜ ਵਿੱਚ ਪੜ੍ਹਾਈ ਕੀਤੀ ਸੀ। ਉਸ ਨੇ ਆਈਲੈਟਸ ਦੀ ਪ੍ਰੀਖਿਆ ਪਾਸ ਕਰਨ ਦੇ ਨਾਲ ਨੈਨੀ ਦਾ ਕੋਰਸ ਵੀ ਕੀਤਾ ਸੀ ਅਤੇ ਕੈਨੇਡਾ ਜਾਣ ਲਈ ਉਸ ਦਾ ਵੀਜ਼ਾ ਆ ਗਿਆ ਸੀ।
ਜਸਵੀਰ ਕੌਰ ਨੇ ਦੱਸਿਆ ਕਿ ਕਰਨਵੀਰ ਆਪਣੀ ਵੱਡੀ ਭੈਣ ਕੋਲ ਕੈਨੇਡਾ ਜਾਣਾ ਚਾਹੁੰਦੀ ਸੀ।
ਉਨ੍ਹਾਂ ਮੁਤਾਬਕ, ਕਰਨਵੀਰ ਘਰ ਦੇ ਕੰਮਾਂ ਦੇ ਨਾਲ-ਨਾਲ ਪਰਿਵਾਰ ਦੀ ਦੁੱਧ ਦੀ ਡੇਅਰੀ ਵਿੱਚ ਵੀ ਮਦਦ ਕਰਦੀ ਸੀ। ਧੀ ਦੀ ਮੌਤ ਤੋਂ ਬਾਅਦ ਪਰਿਵਾਰ ਨੇ ਡੇਅਰੀ ਦਾ ਕੰਮ ਵੀ ਬੰਦ ਕਰ ਦਿੱਤਾ ਹੈ।
ਜਸਵੀਰ ਕੌਰ ਨੇ ਕਿਹਾ, “ਧੀ ਦੇ ਅੰਗਦਾਨ ਦਾ ਫ਼ੈਸਲਾ ਲੈਣਾ ਬਹੁਤ ਔਖਾ ਸੀ, ਪਰ ਇਸ ਗੱਲ ਦਾ ਸਕੂਨ ਹੈ ਕਿ ਉਸ ਦੀਆਂ ਕਿਡਨੀਆਂ ਨਾਲ ਦੋ ਮਰੀਜ਼ਾਂ ਨੂੰ ਨਵੀਂ ਜ਼ਿੰਦਗੀ ਮਿਲਣ ਦੀ ਉਮੀਦ ਬਣੀ ਹੈ। ਪਰਿਵਾਰ ਹੁਣ ਉਨ੍ਹਾਂ ਦੋਵਾਂ ਮਰੀਜ਼ਾਂ ਨੂੰ ਮਿਲਣਾ ਚਾਹੁੰਦਾ ਹੈ।”
ਪੀਜੀਆਈ ਦੇ ਡਾਕਟਰਾਂ ਨੇ ਕੀ ਕਿਹਾ
ਪੀਜੀਆਈ ਦੇ ਡਾਇਰੈਕਟਰ ਪ੍ਰੋਫੈਸਰ ਵਿਵੇਕ ਲਾਲ ਨੇ ਕਰਨਵੀਰ ਦੇ ਪਰਿਵਾਰ ਦੇ ਫ਼ੈਸਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਨਿੱਜੀ ਦੁੱਖ ਦੀ ਇੰਨੀ ਔਖੀ ਘੜੀ ਵਿੱਚ ਅੰਗਦਾਨ ਦਾ ਫ਼ੈਸਲਾ ਕਰਨਾ ਹੌਸਲੇ ਅਤੇ ਮਨੁੱਖਤਾ ਦੀ ਮਿਸਾਲ ਹੈ।
ਉਨ੍ਹਾਂ ਕਿਹਾ ਕਿ ਧੀ ਦੇ ਵਿਛੋੜੇ ਦੇ ਘਾਟੇ ਨੂੰ ਕੋਈ ਵੀ ਚੀਜ਼ ਪੂਰਾ ਨਹੀਂ ਕਰ ਸਕਦੀ, ਪਰ ਉਸ ਦੇ ਅੰਗਾਂ ਨਾਲ ਜਿਨ੍ਹਾਂ ਲੋਕਾਂ ਦੀ ਜ਼ਿੰਦਗੀ ਬਿਹਤਰ ਹੋਵੇਗੀ, ਉਨ੍ਹਾਂ ਰਾਹੀਂ ਉਸ ਦੀ ਵਿਰਾਸਤ ਜਿਉਂਦੀ ਰਹੇਗੀ।
ਪੀਜੀਆਈ ਦੇ ਗੁਰਦਿਆਂ ਦੇ ਰੋਗਾਂ ਬਾਰੇ ਵਿਭਾਗ ਦੇ ਮੁਖੀ ਪ੍ਰੋਫੈਸਰ ਐੱਚਐੱਸ ਕੋਹਲੀ ਨੇ ਕਿਹਾ ਕਿ ਗੰਭੀਰ ਗੁਰਦਾ ਰੋਗ ਤੋਂ ਪੀੜਤ ਮਰੀਜ਼ਾਂ ਲਈ ਗੁਰਦਾ ਟ੍ਰਾਂਸਪਲਾਂਟ ਬਿਹਤਰ ਜੀਵਨ ਜਿਉਣ ਦਾ ਮੌਕਾ ਦੇ ਸਕਦਾ ਹੈ।
ਉਨ੍ਹਾਂ ਕਿਹਾ ਕਿ ਢੁਕਵੇਂ ਦਾਨੀ ਅੰਗ ਦੀ ਉਪਲਬਧਤਾ ਅਕਸਰ ਵੱਡੀ ਚੁਣੌਤੀ ਹੁੰਦੀ ਹੈ ਅਤੇ ਕਰਨਵੀਰ ਦੇ ਪਰਿਵਾਰ ਦੇ ਫ਼ੈਸਲੇ ਨਾਲ ਦੋ ਮਰੀਜ਼ਾਂ ਨੂੰ ਨਵੀਂ ਉਮੀਦ ਮਿਲੀ ਹੈ।
Kulvir Singh/BBC
ਗੁਰਦਾ ਟ੍ਰਾਂਸਪਲਾਂਟ ਵਿਭਾਗ ਦੇ ਮੁਖੀ ਪ੍ਰੋਫੈਸਰ ਆਸ਼ੀਸ਼ ਸ਼ਰਮਾ ਨੇ ਕਿਹਾ, “ਗੁਰਦਾ ਟ੍ਰਾਂਸਪਲਾਂਟ ਲਈ ਦਾਨੀ ਅੰਗ ਦੀ ਜਾਂਚ, ਸਰਜਰੀ ਵਿੱਚ ਮੁਹਾਰਤ ਅਤੇ ਵੱਖ-ਵੱਖ ਵਿਭਾਗਾਂ ਵਿਚਾਲੇ ਤਾਲਮੇਲ ਬਹੁਤ ਜ਼ਰੂਰੀ ਹੁੰਦਾ ਹੈ।”
“ਹਰ ਟ੍ਰਾਂਸਪਲਾਂਟ ਦੀ ਸ਼ੁਰੂਆਤ ਦਾਨੀ ਪਰਿਵਾਰ ਦੀ ਉਦਾਰਤਾ ਨਾਲ ਹੁੰਦੀ ਹੈ। ਧੀ ਨੂੰ ਗੁਆਉਣ ਦੇ ਅਸਹਿਣਯੋਗ ਦੁੱਖ ਦੇ ਬਾਵਜੂਦ ਕਰਨਵੀਰ ਦੇ ਪਿਤਾ ਨੇ ਦੋ ਮਰੀਜ਼ਾਂ ਨੂੰ ਆਪਣੀ ਜ਼ਿੰਦਗੀ ਮੁੜ ਸੰਵਾਰਨ ਦਾ ਮੌਕਾ ਦਿੱਤਾ।”
ਉੱਤਰੀ ਖੇਤਰ ਦੇ ਖੇਤਰੀ ਅੰਗ ਅਤੇ ਟਿਸ਼ੂ ਟ੍ਰਾਂਸਪਲਾਂਟ ਕੋ-ਆਰਡੀਨੇਟਰ ਕੇਂਦਰ ਦੇ ਨੋਡਲ ਅਧਿਕਾਰੀ ਡਾਕਟਰ ਵਿਜੇ ਟਾਡੀਆ ਨੇ ਕਿਹਾ ਕਿ ਕਰਨਵੀਰ ਦੀ ਕਹਾਣੀ ਅੰਗਦਾਨ ਦੀ ਜੀਵਨ ਬਚਾਉਣ ਦੀ ਸਮਰੱਥਾ ਨੂੰ ਦਰਸਾਉਂਦੀ ਹੈ।
ਉਨ੍ਹਾਂ ਪਰਿਵਾਰਾਂ ਨੂੰ ਅੰਗਦਾਨ ਬਾਰੇ ਖੁੱਲ੍ਹ ਕੇ ਗੱਲਬਾਤ ਕਰਨ ਅਤੇ ਇਸ ਸਬੰਧੀ ਜਾਗਰੂਕਤਾ ਵਧਾਉਣ ਦੀ ਅਪੀਲ ਕੀਤੀ, ਤਾਂ ਜੋ ਟ੍ਰਾਂਸਪਲਾਂਟ ਦੀ ਉਡੀਕ ਕਰ ਰਹੇ ਹੋਰ ਮਰੀਜ਼ਾਂ ਨੂੰ ਵੀ ਨਵੀਂ ਜ਼ਿੰਦਗੀ ਦਾ ਮੌਕਾ ਮਿਲ ਸਕੇ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI


