Home rss national punjabi2ਰਾਸ਼ਟਰੀ ਖ਼ਬਰਾਂ ਕਸ਼ਮੀਰ ਦਾ ਇਹ ‘ਲਾਲ ਸੋਨਾ’ ਸੰਕਟ ਵਿੱਚ ਕਿਉਂ, ਕੀ ਦੁਨੀਆ ਦਾ ਅਨਮੋਲ...

ਕਸ਼ਮੀਰ ਦਾ ਇਹ ‘ਲਾਲ ਸੋਨਾ’ ਸੰਕਟ ਵਿੱਚ ਕਿਉਂ, ਕੀ ਦੁਨੀਆ ਦਾ ਅਨਮੋਲ ਮਸਾਲਾ ਕੇਸਰ ਗਾਇਬ ਹੋ ਰਿਹਾ ਹੈ

7
0

Source :- BBC PUNJABI

ਇੱਕ ਕਿਸਾਨ ਤਾਜ਼ਾ ਖੋਦੇ ਗਏ ਕੇਸਰ ਦੀਆਂ ਗੰਢਾਂ ਦਿਖਾ ਰਿਹਾ ਹੈ। ਇਹ ਮਜ਼ਬੂਤ ਗੰਢਾਂ-ਨੁਮਾ ਬਲਬ ਹਨ, ਜਿਨ੍ਹਾਂ ਤੋਂ ਕੇਸਰ ਦੇ ਪੌਦੇ ਉੱਗਦੇ ਹਨ।

ਸ੍ਰੀਨਗਰ ਵਿੱਚ ਇੱਕ ਦੁਕਾਨਦਾਰ ਨੇ ਮੈਨੂੰ ਕੇਸਰ ਦਿਖਾਉਣ ਤੋਂ ਪਹਿਲਾਂ ਕੁਝ ਪਲਾਂ ਲਈ ਝਿਜਕ ਮਹਿਸੂਸ ਕੀਤੀ।

ਪੁਰਾਣੇ ਕਸ਼ਮੀਰੀ ਸ਼ਹਿਰ ਦੇ ਖੁੱਲ੍ਹੇ ਬਾਜ਼ਾਰ ਵਿੱਚ ਸੈਲਾਨੀ ਘੁੰਮ ਰਹੇ ਸਨ, ਜਦਕਿ ਉਹ ਅਖਰੋਟਾਂ, ਮਸਾਲਿਆਂ ਅਤੇ ਸੁੱਕੇ ਮੇਵਿਆਂ ਨਾਲ ਭਰੀਆਂ ਅਲਮਾਰੀਆਂ ਦੇ ਪਿੱਛੇ ਖੜ੍ਹਾ ਸੀ। ਜਦੋਂ ਮੈਂ ਕਸ਼ਮੀਰੀ ਕੇਸਰ ਬਾਰੇ ਪੁੱਛਿਆ ਤਾਂ ਉਸ ਨੇ ਦੁਕਾਨ ਦੇ ਦਰਵਾਜ਼ੇ ਵੱਲ ਨਜ਼ਰ ਮਾਰੀ ਅਤੇ ਫਿਰ ਕਾਊਂਟਰ ਹੇਠਾਂ ਰੱਖਿਆ ਕੱਪੜੇ ਵਿੱਚ ਲਪੇਟਿਆ ਇੱਕ ਛੋਟਾ ਸਟੀਲ ਦਾ ਡੱਬਾ ਬਾਹਰ ਕੱਢਿਆ।

ਉਸ ਵਿੱਚ ਗੂੜ੍ਹੇ ਲਾਲ ਰੰਗ ਦੇ ਕੇਸਰ ਦੇ ਕੁਝ ਰੇਸ਼ੇ ਸਨ।

ਉਸ ਨੇ ਹੌਲੀ ਆਵਾਜ਼ ਵਿੱਚ ਕਿਹਾ, “ਪੰਪੋਰ ਦੀ ਕੇਸਰ”। ਇਸ ਦਾ ਮਤਲਬ ਸੀ ਕਿ ਇਹ ਨੇੜਲੇ ਪੰਪੋਰ ਦੇ ਉੱਚੇ ਇਲਾਕਿਆਂ ਵਿੱਚ ਉਗਾਈ ਗਈ ਸੀ, ਜੋ ਭਾਰਤ ਦਾ ਮੁੱਖ ਕੇਸਰ ਉਤਪਾਦਕ ਖੇਤਰ ਹੈ।

ਉਸ ਨੇ ਕਿਹਾ, “ਇਸ ਸਾਲ ਬਹੁਤ ਘੱਟ ਪੈਦਾਵਾਰ ਹੋਈ ਹੈ।”

ਫਿਰ ਉਸ ਨੇ ਇੱਕ ਹੋਰ ਕੱਚ ਦੇ ਜਾਰ ਵੱਲ ਇਸ਼ਾਰਾ ਕੀਤਾ, ਜੋ ਚਮਕੀਲੇ ਲਾਲ ਧਾਗਿਆਂ ਵਰਗੇ ਰੇਸ਼ਿਆਂ ਨਾਲ ਭਰਿਆ ਹੋਇਆ ਸੀ।

ਉਸ ਨੇ ਕਿਹਾ, “ਇਹ ਈਰਾਨੀ ਕੇਸਰ ਹੈ”। ਹੁਣ ਕਈ ਦੁਕਾਨਦਾਰ ਇਸਨੂੰ ਕਸ਼ਮੀਰੀ ਕੇਸਰ ਦੱਸ ਕੇ ਵੇਚਦੇ ਹਨ। ਜ਼ਿਆਦਾਤਰ ਗਾਹਕ ਦੋਵਾਂ ਵਿੱਚ ਫ਼ਰਕ ਨਹੀਂ ਪਛਾਣ ਸਕਦੇ।”

ਅਕਤੂਬਰ 2025 ਵਿੱਚ ਮੇਰੀ ਕੇਸਰ ਵਿੱਚ ਦਿਲਚਸਪੀ ਉਸ ਦੀ ਖਾਸ ਪਛਾਣ ਅਤੇ ਸ਼ੋਹਰਤ ਕਾਰਨ ਵਧੀ।

ਇਹ ਫਸਲ ਕਸ਼ਮੀਰ ਦੀ ਸੰਸਕ੍ਰਿਤੀ ਅਤੇ ਯਾਦਾਂ ਵਿੱਚ ਡੂੰਘਾਈ ਨਾਲ ਰਚੀ-ਬਸੀ ਹੋਈ ਹੈ। ਇਸ ਦੀ ਵਰਤੋਂ ਵਿਆਹਾਂ ਦੇ ਪਕਵਾਨਾਂ ਅਤੇ ਨੂਨ ਚਾਹ ਵਿੱਚ ਕੀਤੀ ਜਾਂਦੀ ਹੈ। ਇਹ ਰਵਾਇਤੀ ਦਵਾਈਆਂ ਅਤੇ ਇਤਰਾਂ ਦਾ ਵੀ ਹਿੱਸਾ ਹੈ ਅਤੇ ਲੰਮੇ ਸਮੇਂ ਤੋਂ ਘਾਟੀ ਦੇ ਸਭ ਤੋਂ ਕੀਮਤੀ ਨਿਰਯਾਤਾਂ ਵਿੱਚ ਸ਼ਾਮਲ ਰਹੀ ਹੈ।

ਪਰ ਪਿਛਲੇ ਕੁਝ ਸਾਲਾਂ ਤੋਂ ਘੱਟਦੀ ਪੈਦਾਵਾਰ, ਖੁਸ਼ਕ ਮੌਸਮ ਅਤੇ ਸਥਾਨਕ ਬਾਜ਼ਾਰਾਂ ਵਿੱਚ ਆਯਾਤ ਕੀਤੀ ਗਈ ਕੇਸਰ ਦੀ ਵਧਦੀ ਮੌਜੂਦਗੀ ਬਾਰੇ ਖ਼ਬਰਾਂ ਆਮ ਹੋ ਗਈਆਂ ਹਨ।

ਕਸ਼ਮੀਰ ਦੇ ਪੰਪੋਰ ਵਿੱਚ ਖੇਤਾਂ ਤੋਂ ਕੇਸਰ ਦੇ ਫੁੱਲ ਹੱਥੀਂ ਤੋੜਦਾ ਹੋਇਆ ਇੱਕ ਬਜ਼ੁਰਗ ਅਤੇ ਉਸ ਦੇ ਪੋਤੇ।

ਦੁਨੀਆ ਦੇ ਸੰਭਾਵਿਤ ਤੌਰ ‘ਤੇ ਸਭ ਤੋਂ ਮਹਿੰਗੇ ਮਸਾਲੇ ਨਾਲ ਕੀ ਹੋ ਰਿਹਾ ਹੈ, ਇਸ ਨੂੰ ਸਮਝਣ ਦੀ ਮੇਰੀ ਜਿਗਿਆਸਾ ਮੈਨੂੰ ਪੰਪੋਰ ਲੈ ਗਈ, ਜਿਸ ਨੂੰ ਸਦੀਆਂ ਤੋਂ ਕਸ਼ਮੀਰ ਵਿੱਚ ਕੇਸਰ ਦੀ ਖੇਤੀ ਦਾ ਕੇਂਦਰ ਮੰਨਿਆ ਜਾਂਦਾ ਹੈ।

ਉੱਥੇ ਜੋ ਕੁਝ ਮੈਂ ਵੇਖਿਆ, ਉਹ ਇਸ ਅਨਮੋਲ ਮਸਾਲੇ ਅਤੇ ਇਸ ਨਾਲ ਜੁੜੇ ਕਸ਼ਮੀਰੀ ਪਰਿਵਾਰਾਂ ਦੀ ਜ਼ਿੰਦਗੀ ਲਈ ਸ਼ੁਭ ਸੰਕੇਤ ਨਹੀਂ ਸੀ।

ਕਸ਼ਮੀਰ ਦਾ ਲਾਲ ਸੋਨਾ

ਕੇਸਰ ਦੇ ਪੌਦੇ ਦੇ ਹਰ ਜਾਮਨੀ ਫੁੱਲ ਦੇ ਅੰਦਰ ਤਿੰਨ ਗੂੜ੍ਹੇ ਲਾਲ ਰੰਗ ਦੇ ਸਟੀਗਿਮਾ ਹੁੰਦੇ ਹਨ। ਇਨ੍ਹਾਂ ਰੇਸ਼ਿਆਂ ਨੂੰ ਹੱਥੀਂ ਤੋੜ ਕੇ ਇਕੱਠਾ ਕੀਤਾ ਜਾਂਦਾ ਹੈ ਅਤੇ ਫਿਰ ਸੁਕਾਇਆ ਜਾਂਦਾ ਹੈ, ਜਿਸ ਤੋਂ ਕੇਸਰ ਤਿਆਰ ਹੁੰਦਾ ਹੈ।

ਜਿਵੇਂ ਹੀ ਸੜਕ ਸ਼੍ਰੀਨਗਰ ਤੋਂ ਬਾਹਰ ਨਿਕਲਦੀ ਹੈ, ਅਪਾਰਟਮੈਂਟ ਇਮਾਰਤਾਂ ਅਤੇ ਸੜਕ ਕਿਨਾਰੇ ਦੀਆਂ ਦੁਕਾਨਾਂ ਦੀ ਥਾਂ ਹੌਲੀ-ਹੌਲੀ ਕਰੇਵਾ ਪਠਾਰ ਲੈ ਲੈਂਦਾ ਹੈ। ਇਹ ਉੱਚਾ ਅਤੇ ਤੁਲਨਾਤਮਕ ਤੌਰ ‘ਤੇ ਸੁੱਕਾ ਇਲਾਕਾ ਹੈ, ਜਿੱਥੇ ਹਰ ਪਤਝੜ ਵਿੱਚ ਕੇਸਰ ਦੇ ਫੁੱਲ ਖਿੜ੍ਹਦੇ ਹਨ।

ਕਟਾਈ ਦੇ ਮੌਸਮ ਦੌਰਾਨ, ਯਾਨੀ ਅਕਤੂਬਰ ਦੇ ਮੱਧ ਤੋਂ ਨਵੰਬਰ ਦੇ ਮੱਧ ਤੱਕ, ਇਹ ਪੂਰਾ ਇਲਾਕਾ ਆਮ ਤੌਰ ‘ਤੇ ਜਾਮਨੀ ਰੰਗ ਦੇ ਕ੍ਰੋਕਸ ਫੁੱਲਾਂ ਨਾਲ ਢੱਕਿਆ ਰਹਿੰਦਾ ਹੈ।

ਹਰ ਸਵੇਰ ਸੂਰਜ ਚੜ੍ਹਨ ਤੋਂ ਪਹਿਲਾਂ ਪਰਿਵਾਰ ਬਾਂਸ ਦੀਆਂ ਟੋਕਰੀਆਂ ਲੈ ਕੇ ਪਹੁੰਚਦੇ ਹਨ ਅਤੇ ਬਹੁਤ ਹੀ ਸਾਵਧਾਨੀ ਨਾਲ ਫੁੱਲ ਤੋੜਦੇ ਹਨ, ਜਦਕਿ ਵਪਾਰੀ ਪਿੰਡਾਂ ਦੀਆਂ ਸੜਕਾਂ ਦੇ ਕਿਨਾਰੇ ਸਵੇਰ ਦੀ ਫ਼ਸਲ ਦੀ ਉਡੀਕ ਕਰਦੇ ਹਨ।

ਪਰ ਜਦੋਂ ਮੈਂ ਅਕਤੂਬਰ 2025 ਵਿੱਚ ਉੱਥੇ ਪਹੁੰਚੀ ਤਾਂ ਕਈ ਖੇਤ ਸੁੱਕੇ ਨਜ਼ਰ ਆਏ।

ਮੁਹੰਮਦ ਆਸਿਫ਼ ਆਪਣੀ ਬਾਂਸ ਦੀ ਟੋਕਰੀ ਵਿੱਚ ਕੇਸਰ ਦੇ ਫੁੱਲ ਤੋੜ ਕੇ ਇਕੱਠੇ ਕਰਦੇ ਹੋਏ।

ਦੁੱਸੂ ਪਿੰਡ ਵਿੱਚ ਕੇਸਰ ਕਿਸਾਨ ਮੁਹੰਮਦ ਆਸਿਫ ਆਪਣੇ ਪਰਿਵਾਰ ਦੀ ਪੀੜ੍ਹੀਆਂ ਤੋਂ ਚੱਲੀ ਆ ਰਹੀ ਜ਼ਮੀਨ ‘ਤੇ ਮੈਨੂੰ ਖੇਤ ਦਿਖਾ ਰਹੇ ਸਨ। ਪਠਾਰ ‘ਤੇ ਜਾਮਨੀ ਫੁੱਲ ਇੱਧਰ-ਉੱਧਰ ਹੀ ਦਿਖਾਈ ਦੇ ਰਹੇ ਸਨ ਅਤੇ ਖੇਤ ਦੇ ਕਈ ਹਿੱਸੇ ਪੂਰੀ ਤਰ੍ਹਾਂ ਖਾਲੀ ਸਨ।

ਆਸਿਫ ਨੇ ਦੱਸਿਆ, “ਇਸ ਸਾਲ ਸਾਨੂੰ ਲਗਭਗ 250 ਗ੍ਰਾਮ ਕੇਸਰ ਮਿਲੀ ਹੈ। ਪਿਛਲੇ ਸਾਲ 2024 ਵਿੱਚ ਸਾਨੂੰ ਕਰੀਬ 1.5 ਕਿਲੋਗ੍ਰਾਮ ਕੇਸਰ ਮਿਲੀ ਸੀ।”

ਉਨ੍ਹਾਂ ਇੱਕ ਫੁੱਲ ਨੂੰ ਧਿਆਨ ਨਾਲ ਹੱਥ ਵਿੱਚ ਫੜਦੇ ਹੋਏ ਕਿਹਾ, “ਕੇਸਰ ਦੀ ਖੇਤੀ ਸਹੀ ਸਮੇਂ ‘ਤੇ ਨਿਰਭਰ ਕਰਦੀ ਹੈ। ਜੇ ਫਸਲ ਨੂੰ ਨਮੀ ਦੀ ਲੋੜ ਹੋਵੇ ਅਤੇ ਉਸ ਵੇਲੇ ਮੀਂਹ ਨਾ ਪਵੇ ਤਾਂ ਫੁੱਲਾਂ ਦੀ ਪੈਦਾਵਾਰ ਬਹੁਤ ਜਲਦੀ ਪ੍ਰਭਾਵਿਤ ਹੋ ਜਾਂਦੀ ਹੈ।”

ਕੇਸਰ ਕ੍ਰੋਕਸ ਸੈਟਿਵਸ ਨਾਮਕ ਪੌਦੇ ਤੋਂ ਮਿਲਦੀ ਹੈ। ਇਸ ਦੇ ਹਰ ਜਾਮਨੀ ਫੁੱਲ ਦੇ ਅੰਦਰ ਤਿੰਨ ਗੂੜ੍ਹੇ ਲਾਲ ਸਟਿਗਮਾ ਹੁੰਦੇ ਹਨ। ਇਨ੍ਹਾਂ ਬਾਰਿਕ ਰੇਸ਼ਿਆਂ ਨੂੰ ਸੂਰਜ ਚੜ੍ਹਨ ਤੋਂ ਪਹਿਲਾਂ ਹੱਥਾਂ ਨਾਲ ਤੋੜਿਆ ਜਾਂਦਾ ਹੈ, ਫਿਰ ਵੱਖ ਕਰਕੇ ਕਈ ਘੰਟਿਆਂ ਤੱਕ ਸੁਕਾਇਆ ਜਾਂਦਾ ਹੈ।

ਸਿਰਫ਼ 28 ਗ੍ਰਾਮ, ਯਾਨੀ ਇੱਕ ਔਂਸ ਕੇਸਰ ਤਿਆਰ ਕਰਨ ਲਈ ਲਗਭਗ 4,000 ਫੁੱਲਾਂ ਦੀ ਲੋੜ ਪੈਂਦੀ ਹੈ। ਇਸ ਤੋਂ ਇਲਾਵਾ ਇਹ ਪੌਦਾ ਸਾਲ ਵਿੱਚ ਸਿਰਫ਼ ਦੋ ਤੋਂ ਚਾਰ ਹਫ਼ਤੇ ਹੀ ਖਿੜ੍ਹਦਾ ਹੈ।

ਇਹੀ ਕਾਰਨ ਹੈ ਕਿ ਇਸਨੂੰ ਦੁਨੀਆ ਦੇ ਸਭ ਤੋਂ ਮਹਿੰਗੇ ਮਸਾਲਿਆਂ ਵਿੱਚ ਗਿਣਿਆ ਜਾਂਦਾ ਹੈ ਅਤੇ ਇਸਨੂੰ “ਲਾਲ ਸੋਨਾ” ਕਿਹਾ ਜਾਂਦਾ ਹੈ।

ਕੇਸਰ ਦੀ ਖੇਤੀ ਦਾ ਇਤਿਹਾਸ ਹਜ਼ਾਰਾਂ ਸਾਲ ਪੁਰਾਣਾ ਮੰਨਿਆ ਜਾਂਦਾ ਹੈ ਅਤੇ ਇਸ ਦੀਆਂ ਜੜ੍ਹਾਂ ਅੱਜ ਦੇ ਈਰਾਨ, ਗ੍ਰੀਸ ਅਤੇ ਮੱਧ ਏਸ਼ੀਆ ਨਾਲ ਜੁੜੀਆਂ ਹੋਈਆਂ ਹਨ। ਇਹ ਫਾਰਸੀ ਪ੍ਰਭਾਵ ਅਤੇ ਵਪਾਰਕ ਰਸਤਿਆਂ ਰਾਹੀਂ ਸਦੀਆਂ ਪਹਿਲਾਂ ਕਸ਼ਮੀਰ ਪਹੁੰਚੀ ਸੀ।

ਕਸ਼ਮੀਰੀ ਕੇਸਰ ਆਪਣੀ ਗੂੜ੍ਹੀ ਲਾਲ ਰੰਗਤ, ਮੋਟੇ ਰੇਸ਼ਿਆਂ ਅਤੇ ਤਿੱਖੀ ਸੁਗੰਧ ਲਈ ਮਸ਼ਹੂਰ ਹੈ। ਵਿਗਿਆਨੀਆਂ ਨੇ ਪਾਇਆ ਹੈ ਕਿ ਇਸ ਵਿੱਚ ਕ੍ਰੋਸਿਨ ਨਾਮਕ ਤੱਤ ਵੱਧ ਮਾਤਰਾ ਵਿੱਚ ਹੁੰਦਾ ਹੈ, ਜੋ ਇਸ ਦੇ ਰੰਗ ਨੂੰ ਹੋਰ ਡੂੰਘਾ ਬਣਾਉਂਦਾ ਹੈ।

ਇਸ ਦੀ ਕੀਮਤ ਆਮ ਤੌਰ ‘ਤੇ ਈਰਾਨੀ ਕੇਸਰ ਨਾਲੋਂ ਵੀ ਵੱਧ ਹੁੰਦੀ ਹੈ ਅਤੇ ਇੱਕ ਗ੍ਰਾਮ ਲਈ ਚਾਰ ਡਾਲਰ ਜਾਂ ਇਸ ਤੋਂ ਵੀ ਵੱਧ ਹੋ ਸਕਦੀ ਹੈ।

ਪੰਪੋਰ ਵਿੱਚ ਪੀੜ੍ਹੀਆਂ ਤੋਂ ਕਿਸਾਨਾਂ ਦੀ ਜ਼ਿੰਦਗੀ ਕੇਸਰ ਦੀ ਖੇਤੀ ਦੇ ਆਲੇ-ਦੁਆਲੇ ਘੁੰਮਦੀ ਆਈ ਹੈ।

ਘਰ ਦੇ ਖਰਚਿਆਂ ਅਤੇ ਵਿਆਹ ਵਰਗੀਆਂ ਯੋਜਨਾਵਾਂ ਦਾ ਸਮਾਂ ਵੀ ਫਸਲ ਦੇ ਮੌਸਮ ਅਨੁਸਾਰ ਤੈਅ ਕੀਤਾ ਜਾਂਦਾ ਸੀ। ਪੂਰੇ ਮੁਹੱਲੇ ਸ਼ਾਮ ਤੱਕ ਇਕੱਠੇ ਬੈਠ ਕੇ ਫੁੱਲਾਂ ਵਿੱਚੋਂ ਲਾਲ ਰੇਸ਼ੇ ਵੱਖ ਕਰਦੇ ਸਨ, ਜਦਕਿ ਕੋਲ ਹੀ ਚਾਹ ਉਬਲ ਰਹੀ ਹੁੰਦੀ ਸੀ।

ਬਜ਼ੁਰਗ ਦੱਸਦੇ ਹਨ ਕਿ ਇੱਕ ਸਮਾਂ ਸੀ ਜਦੋਂ ਪਤਝੜ ਦੀਆਂ ਸਵੇਰਾਂ ਵਿੱਚ ਸਾਰਾ ਪਠਾਰ ਜਾਮਨੀ ਰੰਗ ਨਾਲ ਭਰ ਜਾਂਦਾ ਸੀ।

ਉਤਪਾਦਨ ਵਿੱਚ ਤੇਜ਼ੀ ਨਾਲ ਗਿਰਾਵਟ

ਕੇਸਰ

ਪਿਛਲੇ ਇੱਕ ਦਹਾਕੇ ਵਿੱਚ ਕਸ਼ਮੀਰੀ ਕੇਸਰ ਦਾ ਉਤਪਾਦਨ ਤੇਜ਼ੀ ਨਾਲ ਘਟਿਆ ਹੈ।

ਭਾਰਤ ਸਰਕਾਰ ਦੇ ਅੰਕੜਿਆਂ ਅਨੁਸਾਰ, ਜੰਮੂ-ਕਸ਼ਮੀਰ ਵਿੱਚ ਕੇਸਰ ਦਾ ਉਤਪਾਦਨ 2010-11 ਵਿੱਚ ਅੱਠ ਟਨ ਤੋਂ ਘੱਟ ਕੇ 2023-24 ਵਿੱਚ ਸਿਰਫ਼ 2.6 ਟਨ ਰਹਿ ਗਿਆ।

ਖੋਜਕਾਰਾਂ ਦਾ ਕਹਿਣਾ ਹੈ ਕਿ ਇਸ ਦੇ ਪਿੱਛੇ ਕਈ ਕਾਰਨ ਹਨ, ਜਿਨ੍ਹਾਂ ਵਿੱਚ ਸਭ ਤੋਂ ਮਹੱਤਵਪੂਰਨ ਬਦਲਦਾ ਮੌਸਮ ਹੈ।

ਅਧਿਐਨਾਂ ਤੋਂ ਪਤਾ ਲੱਗਿਆ ਹੈ ਕਿ ਅਗਸਤ ਅਤੇ ਸਤੰਬਰ ਵਿੱਚ ਪੈਣ ਵਾਲਾ ਮੀਂਹ ਕੇਸਰ ਦੇ ਫੁੱਲਾਂ ਅਤੇ ਇਸ ਦੇ ਭੂਮੀਗਤ ਤਣੇ ਦੇ ਵਿਕਾਸ ਲਈ ਬਹੁਤ ਜ਼ਰੂਰੀ ਹੈ। ਇਨ੍ਹਾਂ ਮਹੀਨਿਆਂ ਵਿੱਚ ਖੁਸ਼ਕੀ ਪੈਣ ਨਾਲ ਪੈਦਾਵਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੀ ਹੈ।

ਕਸ਼ਮੀਰ ਦੀ ਸੁਤੰਤਰ ਜਲਵਾਯੂ ਖੋਜਕਾਰ ਰਾਬੀਆ ਖਾਨ ਕਹਿੰਦੀ ਹੈ ਕਿ ਕੇਸਰ ਦੀ ਖੇਤੀ ਇੱਕ ਨਾਜ਼ੁਕ ਮੌਸਮੀ ਸੰਤੁਲਨ ‘ਤੇ ਨਿਰਭਰ ਕਰਦੀ ਹੈ, ਜੋ ਹੁਣ ਅਸਥਿਰ ਹੁੰਦਾ ਜਾ ਰਿਹਾ ਹੈ।

ਉਹ ਕਹਿੰਦੇ ਹਨ, “ਪਤਝੜ ਵਿੱਚ ਖੁਸ਼ਕੀ ਦਾ ਦੌਰ ਲੰਬਾ ਅਤੇ ਵੱਧ ਆਮ ਹੋ ਗਿਆ ਹੈ। ਹਾਲੀਆ ਸਾਲਾਂ ਵਿੱਚ ਬਰਫ਼ਬਾਰੀ ਦੇ ਪੈਟਰਨ ਵੀ ਬਦਲ ਗਏ ਹਨ, ਜਿਸ ਦਾ ਅਸਰ ਜ਼ਮੀਨ ਹੇਠਲਾ ਪਾਣੀ ਰੀਚਾਰਜ ਹੋਣ ਅਤੇ ਮਿੱਟੀ ਦੀ ਨਮੀ ਉਪਰ ਪੈਂਦਾ ਹੈ।”

ਪੱਛਮੀ ਹਿਮਾਲਿਆ ਵਿੱਚ ਘੱਟ ਰਹੀ ਬਰਫ਼ਬਾਰੀ ਅਤੇ ਜਲਵਾਯੂ ਪਰਿਵਰਤਨ ਕਾਰਨ ਵੱਧ ਰਹੇ ਤਾਪਮਾਨ ਖੇਤਰ ਦੀਆਂ ਜਲ ਪ੍ਰਣਾਲੀਆਂ ‘ਤੇ ਅਸਰ ਪਾ ਰਹੇ ਹਨ।

ਕੇਸਰ ਦੀ ਖੇਤੀ ਦਾ ਬਦਲਦਾ ਦ੍ਰਿਸ਼

ਕੇਸਰ ਦਿਖਾਉਂਦਾ ਹੋਇਆ ਬਜ਼ੁਰਗ

ਪੰਪੋਰ ਦੇ ਕਿਸਾਨਾਂ ਲਈ ਇਨ੍ਹਾਂ ਤਬਦੀਲੀਆਂ ਨੂੰ ਸਮਝਣ ਲਈ ਕਿਸੇ ਵਿਗਿਆਨਕ ਰਿਪੋਰਟ ਦੀ ਲੋੜ ਨਹੀਂ ਹੈ।

ਕਈ ਕਿਸਾਨਾਂ ਨੇ ਦੱਸਿਆ ਕਿ ਹੁਣ ਸਰਦੀਆਂ ਪਹਿਲਾਂ ਵਾਂਗ ਲੰਬੀਆਂ ਅਤੇ ਕੜਾਕੇ ਦੀਆਂ ਨਹੀਂ ਰਹੀਆਂ। ਬਰਫ਼ ਪਿਘਲਣ ਨਾਲ ਬਣਨ ਵਾਲੀਆਂ ਧਾਰਾਵਾਂ ਵੀ ਪਹਿਲਾਂ ਨਾਲੋਂ ਜਲਦੀ ਸੁੱਕ ਜਾਂਦੀਆਂ ਹਨ।

ਕਿਸਾਨ ਅਬਦੁਲ ਰਸ਼ੀਦ ਵਾਨੀ ਕਹਿੰਦੇ ਹਨ, “ਪਿਛਲੇ ਕੁਝ ਸਾਲਾਂ ਦੌਰਾਨ ਮੀਂਹ ਦੇ ਪੈਟਰਨ ਵਿੱਚ ਬਹੁਤ ਬਦਲਾਅ ਆਇਆ ਹੈ। ਅੱਜ ਅਸੀਂ ਕਾਫ਼ੀ ਹੱਦ ਤੱਕ ਪੰਪਾਂ ‘ਤੇ ਨਿਰਭਰ ਹਾਂ।”

ਸਾਲ 2010 ਵਿੱਚ ਭਾਰਤ ਸਰਕਾਰ ਨੇ ਰਾਸ਼ਟਰੀ ਕੇਸਰ ਮਿਸ਼ਨ ਸ਼ੁਰੂ ਕੀਤਾ ਸੀ, ਜਿਸ ਦਾ ਮਕਸਦ ਸਿੰਚਾਈ ਪ੍ਰਣਾਲੀ ਨੂੰ ਬਿਹਤਰ ਬਣਾਉਣਾ, ਕੇਸਰ ਦੇ ਗੰਢਾਂ (ਕੰਦਾਂ) ਦੀ ਸੰਭਾਲ ਕਰਨਾ ਅਤੇ ਉਤਪਾਦਕਤਾ ਵਧਾਉਣਾ ਸੀ।

ਹਾਲਾਂਕਿ ਕੁਝ ਕਿਸਾਨਾਂ ਦਾ ਕਹਿਣਾ ਹੈ ਕਿ ਕੁਝ ਪਿੰਡਾਂ ਵਿੱਚ ਸਿੰਚਾਈ ਦੀ ਸਹੂਲਤ ਸੁਧਰੀ ਹੈ, ਪਰ ਕਈ ਲੋਕ ਖਰਾਬ ਪਾਈਪਲਾਈਨਾਂ, ਪਾਣੀ ਦੀ ਅਨਿਯਮਿਤ ਸਪਲਾਈ ਅਤੇ ਮੁਰੰਮਤ ਵਿੱਚ ਹੋਣ ਵਾਲੀ ਦੇਰੀ ਦੀ ਸ਼ਿਕਾਇਤ ਕਰਦੇ ਹਨ।

ਇਸ ਦੌਰਾਨ ਕੇਸਰ ਦੇ ਖੇਤਾਂ ਦਾ ਰਕਬਾ ਲਗਾਤਾਰ ਘੱਟਦਾ ਜਾ ਰਿਹਾ ਹੈ। ਸੜਕਾਂ ਦੇ ਵਿਸਥਾਰ, ਰਿਹਾਇਸ਼ੀ ਕਲੋਨੀਆਂ ਅਤੇ ਵਪਾਰਕ ਉਸਾਰੀਆਂ ਨੇ ਖੇਤੀ ਵਾਲੀ ਜ਼ਮੀਨ ਦਾ ਵੱਡਾ ਹਿੱਸਾ ਘੇਰ ਲਿਆ ਹੈ।

ਕੋਨੀਬਲ ਪਿੰਡ ਦੇ ਬਜ਼ੁਰਗ ਹਬੀਬ ਖਾਨ ਕਹਿੰਦੇ ਹਨ, “ਇੱਕ ਸਮਾਂ ਸੀ ਜਦੋਂ ਹਰ ਘਰ ਕੇਸਰ ‘ਤੇ ਨਿਰਭਰ ਕਰਦਾ ਸੀ। ਹੁਣ ਬਹੁਤ ਸਾਰੇ ਨੌਜਵਾਨ ਇਸ ਵਿੱਚ ਆਪਣਾ ਭਵਿੱਖ ਨਹੀਂ ਵੇਖਦੇ।”

ਕਿਸਾਨਾਂ ਨੇ ਇੱਕ ਹੋਰ ਸਮੱਸਿਆ ਦਾ ਵੀ ਜ਼ਿਕਰ ਕੀਤਾ, ਸਾਹੀ (ਪੋਰਕਿਊਪਾਈਨ) ਜਾਨਵਰ।

ਦੁੱਸੂ ਪਿੰਡ ਵਿੱਚ ਮੁਹੰਮਦ ਆਸਿਫ ਨੇ ਮੈਨੂੰ ਆਪਣੇ ਖੇਤ ਦੇ ਉਹ ਹਿੱਸੇ ਦਿਖਾਏ ਜਿੱਥੇ ਇਨ੍ਹਾਂ ਜਾਨਵਰਾਂ ਨੇ ਮਿੱਟੀ ਪੁੱਟ ਕੇ ਕੇਸਰ ਦੇ ਕੰਦਾਂ ਨੂੰ ਨੁਕਸਾਨ ਪਹੁੰਚਾਇਆ ਸੀ।

ਉਨ੍ਹਾਂ ਕਿਹਾ, “ਇਹ ਰਾਤ ਨੂੰ ਆਉਂਦੇ ਹਨ ਅਤੇ ਕੰਦ ਖੋਦ ਕੇ ਖਾ ਜਾਂਦੇ ਹਨ। ਕਈ ਵਾਰ ਫੁੱਲ ਤਾਂ ਨਜ਼ਰ ਨਹੀਂ ਆਉਂਦੇ, ਪਰ ਅਸਲ ਨੁਕਸਾਨ ਜ਼ਮੀਨ ਦੇ ਹੇਠਾਂ ਹੋ ਚੁੱਕਾ ਹੁੰਦਾ ਹੈ।”

ਨਕਲੀ ਕਸ਼ਮੀਰੀ ਕੇਸਰ

ਇੱਕ ਵਪਾਰੀ ਨੇ ਦੱਸਿਆ ਕਿ ਈਰਾਨੀ ਕੇਸਰ ਨੂੰ ਕਸ਼ਮੀਰ ਕੇਸਰ ਕਹਿ ਕੇ ਵੇਚਿਆ ਜਾ ਰਿਹਾ ਹੈ

ਈਰਾਨ, ਜੋ ਦੁਨੀਆ ਦੀ ਲਗਭਗ 90 ਫ਼ੀਸਦੀ ਕੇਸਰ ਪੈਦਾ ਕਰਦਾ ਹੈ, ਖੁਦ ਵੀ ਜਲਵਾਯੂ ਪਰਿਵਰਤਨ ਅਤੇ ਪਾਣੀ ਦੇ ਸੰਕਟ ਵਰਗੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ।

ਪਰ ਕਸ਼ਮੀਰ ਦੇ ਕਿਸਾਨਾਂ ਲਈ ਈਰਾਨੀ ਕੇਸਰ ਇੱਕ ਹੋਰ ਕਾਰਨ ਕਰਕੇ ਵੀ ਚਿੰਤਾ ਦਾ ਵਿਸ਼ਾ ਹੈ।

ਜਨਵਰੀ 2026 ਵਿੱਚ ਦਿੱਲੀ ਦੇ ਮਸਾਲਾ ਬਾਜ਼ਾਰ ਦੇ ਇੱਕ ਵਪਾਰੀ ਨੇ ਦੱਸਿਆ ਕਿ ਆਯਾਤ ਕੀਤੀ ਗਈ ਈਰਾਨੀ ਕੇਸਰ ਕਈ ਵਾਰ ਵੱਡੀ ਮਾਤਰਾ ਵਿੱਚ ਭਾਰਤ ਆਉਂਦੀ ਹੈ ਅਤੇ ਬਾਅਦ ਵਿੱਚ ਨਵੇਂ ਪੈਕਟਾਂ ਵਿੱਚ ਭਰ ਕੇ ਉਸਨੂੰ ਕਸ਼ਮੀਰੀ ਕੇਸਰ ਦੇ ਨਾਂ ‘ਤੇ ਵੇਚਿਆ ਜਾਂਦਾ ਹੈ।

ਉਸ ਨੇ ਕਿਹਾ, “ਗਾਹਕ ਕਸ਼ਮੀਰੀ ਕੇਸਰ ਮੰਗਦੇ ਹਨ ਕਿਉਂਕਿ ਇਸ ਨਾਂ ਦੀ ਬਾਜ਼ਾਰ ਵਿੱਚ ਵੱਖਰੀ ਪਛਾਣ ਹੈ। ਪੈਕ ਹੋਣ ਤੋਂ ਬਾਅਦ ਜ਼ਿਆਦਾਤਰ ਲੋਕ ਇਸ ਵਿੱਚ ਫ਼ਰਕ ਨਹੀਂ ਪਛਾਣ ਸਕਦੇ।”

ਮਸਾਲਿਆਂ ਵਿੱਚ ਮਿਲਾਵਟ ਦੇ ਹੋਰ ਤਰੀਕਿਆਂ ਵਿੱਚ ਕਸੂੰਭੇ ਦੇ ਫੁੱਲ, ਹਲਦੀ ਜਾਂ ਨੁਕਸਾਨਦੇਹ ਰੰਗਾਂ ਦੀ ਵਰਤੋਂ ਵੀ ਸ਼ਾਮਲ ਹੈ।

ਜੰਮੂ-ਕਸ਼ਮੀਰ ਦੇ ਫੂਡ ਐਂਡ ਡਰੱਗਜ਼ ਵਿਭਾਗ ਦੀ ਖੁਰਾਕ ਵਿਗਿਆਨੀ ਸ਼ਾਜ਼ੀਆ ਮਲਿਕ ਦਾ ਕਹਿਣਾ ਹੈ ਕਿ ਅਜਿਹੀ ਮਿਲਾਵਟ ਨਾਲ ਕਿਸਾਨਾਂ ਅਤੇ ਖਪਤਕਾਰਾਂ ਦੋਵਾਂ ਨੂੰ ਨੁਕਸਾਨ ਹੁੰਦਾ ਹੈ।

ਉਹ ਕਹਿੰਦੇ ਹਨ, “ਜਦੋਂ ਆਯਾਤ ਕੀਤੀ ਕੇਸਰ ਨੂੰ ਮਿਲਾ ਕੇ ਜਾਂ ਗਲਤ ਲੇਬਲ ਲਗਾ ਕੇ ਕਸ਼ਮੀਰੀ ਕੇਸਰ ਵਜੋਂ ਵੇਚਿਆ ਜਾਂਦਾ ਹੈ, ਤਾਂ ਖਪਤਕਾਰਾਂ ਦਾ ਭਰੋਸਾ ਕਮਜ਼ੋਰ ਹੁੰਦਾ ਹੈ ਅਤੇ ਕਿਸਾਨਾਂ ਦੀ ਆਮਦਨ ਵੀ ਪ੍ਰਭਾਵਿਤ ਹੁੰਦੀ ਹੈ।”

ਜੀਵਨ ਜਿਊਣ ਦਾ ਇੱਕ ਤਰੀਕਾ

ਕਸ਼ਮੀਰ ਵਿੱਚ ਇੱਕ ਕਿਸਾਨ ਕੇਸਰ ਦੇ ਫੁੱਲਾਂ ਨੂੰ ਇਕੱਠਾ ਕਰਦਾ ਹੋਇਆ

ਸ੍ਰੀਨਗਰ ਨੇੜੇ ਬਾਗਬਾਨੀ ਵਿਗਿਆਨੀ ਨਿਆਜ਼ ਅਹਿਮਦ ਡਾਰ ਨਿਯੰਤਰਿਤ ਵਾਤਾਵਰਣ ਵਾਲੀਆਂ ਪ੍ਰਯੋਗਸ਼ਾਲਾਵਾਂ ਵਿੱਚ ਕੇਸਰ ‘ਤੇ ਖੋਜ ਕਰ ਰਹੇ ਹਨ, ਜਿੱਥੇ ਤਾਪਮਾਨ, ਨਮੀ ਅਤੇ ਰੌਸ਼ਨੀ ਨੂੰ ਧਿਆਨ ਨਾਲ ਨਿਯੰਤਰਿਤ ਕੀਤਾ ਜਾਂਦਾ ਹੈ।

ਉਨ੍ਹਾਂ ਕਿਹਾ, “ਨਿਯੰਤਰਿਤ ਖੇਤੀ ਜਲਵਾਯੂ ਨਾਲ ਜੁੜੇ ਖਤਰਿਆਂ ਨੂੰ ਘੱਟ ਕਰ ਸਕਦੀ ਹੈ। ਸਾਡਾ ਟੀਚਾ ਸਿਹਤਮੰਦ ਕੰਦਾਂ ਦੀ ਰੱਖਿਆ ਕਰਨਾ ਅਤੇ ਫੁੱਲਾਂ ਦੀ ਸਥਿਰਤਾ ਨੂੰ ਵਧਾਉਣਾ ਹੈ।”

ਵਿਗਿਆਨੀ ਭੂਮੀਗਤ ਪ੍ਰਬੰਧਨ, ਕੰਦਾਂ ਦੀ ਬਿਹਤਰ ਸੰਭਾਲ ਅਤੇ ਮਿੱਟੀ ਵਿੱਚ ਨਮੀ ਦੀ ਨਿਗਰਾਨੀ ਵਰਗੇ ਉਪਾਵਾਂ ‘ਤੇ ਵੀ ਕੰਮ ਕਰ ਰਹੇ ਹਨ।

ਪਰ ਪੰਪੋਰ ਦੇ ਕਈ ਕਿਸਾਨਾਂ ਦਾ ਮੰਨਣਾ ਹੈ ਕਿ ਅਸਥਾਈ ਫ਼ਸਲੀ ਨੁਕਸਾਨ ਨਾਲੋਂ ਵੀ ਵੱਡੀ ਚਿੰਤਾ ਇਹ ਹੈ ਕਿ ਕੇਸਰ ਦੇ ਖੇਤ ਹੌਲੀ-ਹੌਲੀ ਨਿਰਮਾਣ ਕਾਰਜਾਂ ਹੇਠ ਗਾਇਬ ਹੁੰਦੇ ਜਾ ਰਹੇ ਹਨ।

ਉਹ ਕਹਿੰਦੇ ਹਨ ਕਿ ਇੱਕ ਵਾਰ ਜ਼ਮੀਨ ‘ਤੇ ਇਮਾਰਤਾਂ ਬਣ ਜਾਣ ਤੋਂ ਬਾਅਦ ਉੱਥੇ ਮੁੜ ਖੇਤੀ ਵਾਪਸ ਨਹੀਂ ਆਉਂਦੀ।

ਪਿਛਲੇ ਨਵੰਬਰ ਜਦੋਂ ਮੈਂ ਦੁਬਾਰਾ ਦੁੱਸੂ ਪਿੰਡ ਗਈ ਤਾਂ ਮੁਹੰਮਦ ਆਸਿਫ ਨੇ ਮੈਨੂੰ ਸਵੇਰ-ਸਵੇਰੇ ਕੇਸਰ ਦੀ ਕਟਾਈ ਦੌਰਾਨ ਆਪਣੇ ਪਰਿਵਾਰ ਨਾਲ ਸ਼ਾਮਲ ਹੋਣ ਦਾ ਸੱਦਾ ਦਿੱਤਾ।

ਸੂਰਜ ਚੜ੍ਹਨ ਦੇ ਨਾਲ ਹੀ ਇਹ ਸਾਫ਼ ਹੋ ਗਿਆ ਕਿ ਇਸ ਵਾਰ ਫ਼ਸਲ ਬਹੁਤ ਘੱਟ ਸੀ। ਉਨ੍ਹਾਂ ਦੀਆਂ ਟੋਕਰੀਆਂ ਪਹਿਲਾਂ ਦੇ ਸਾਲਾਂ ਦੇ ਮੁਕਾਬਲੇ ਕਾਫ਼ੀ ਖਾਲੀ ਸਨ।

ਬਾਅਦ ਵਿੱਚ ਉਨ੍ਹਾਂ ਦੇ ਘਰ ਵਿੱਚ, ਉਨ੍ਹਾਂ ਦੀ ਪਤਨੀ ਜ਼ੇਬਾ ਧਿਆਨ ਨਾਲ ਲਾਲ ਰੇਸ਼ਿਆਂ ਨੂੰ ਫੁੱਲਾਂ ਤੋਂ ਵੱਖ ਕਰ ਰਹੀ ਸੀ। ਨਮਕੀਨ ਚਾਹ ਦੀ ਭਾਫ਼ ਉੱਠ ਰਹੀ ਸੀ ਅਤੇ ਆਸਿਫ ਕੇਸਰ ਨੂੰ ਸੁਕਾਉਣ ਲਈ ਇੱਕ ਟਰੇ ਵਿੱਚ ਫੈਲਾ ਰਹੇ ਸਨ। ਕਮਰੇ ਵਿੱਚ ਤਾਜ਼ੀ ਕੇਸਰ ਦੀ ਹਲਕੀ ਮਿੱਟੀ ਵਰਗੀ ਖੁਸ਼ਬੂ ਫੈਲੀ ਹੋਈ ਸੀ।

ਆਸਿਫ ਨੇ ਕਿਹਾ, “ਸਦੀਆਂ ਤੱਕ ਕੇਸਰ ਦੀ ਖੇਤੀ ਨੇ ਇੱਥੋਂ ਦੇ ਪਰਿਵਾਰਾਂ ਨੂੰ ਪਛਾਣ ਦਿੱਤੀ ਹੈ। ਲੋਕ ਸਿਰਫ਼ ਆਮਦਨ ਬਾਰੇ ਚਿੰਤਤ ਨਹੀਂ ਹਨ, ਸਗੋਂ ਉਨ੍ਹਾਂ ਨੂੰ ਇਹ ਡਰ ਵੀ ਹੈ ਕਿ ਕਿਤੇ ਇਸ ਧਰਤੀ ਨਾਲ ਜੁੜਿਆ ਉਨ੍ਹਾਂ ਦਾ ਜੀਵਨ ਢੰਗ ਹੀ ਖਤਮ ਨਾ ਹੋ ਜਾਵੇ।”

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI