Source :- BBC PUNJABI
Bloomberg via Getty Images
ਪੜ੍ਹਨ ਦਾ ਸਮਾਂ: 9 ਮਿੰਟ
ਇਸਲਾਮਾਬਾਦ ਸਥਿਤ ਪਾਕਿਸਤਾਨ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਪੀਆਈਐੱਮਐੱਸ) ਦੇ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ 10 ਅਤੇ 11 ਨਵੰਬਰ, 2026 ਦੀ ਦਰਮਿਆਨੀ ਰਾਤ ਨੂੰ ਰਾਵਲਪਿੰਡੀ ਦੀ ਅਦਿਆਲਾ ਜੇਲ੍ਹ ਤੋਂ ਪੀਆਈਐੱਮਐੱਸ ਲਿਆਂਦਾ ਗਿਆ ਸੀ। ਉਨ੍ਹਾਂ ਨੂੰ ਮੈਡੀਕਲ ਜਾਂਚ ਅਤੇ ਅੱਖਾਂ ਦੇ ਇਲਾਜ ਦੇ ਫਾਲੋ-ਅੱਪ ਲਈ ਉੱਥੇ ਲਿਆਂਦਾ ਗਿਆ ਸੀ।
ਪੀਆਈਐੱਮਐੱਸ ਵੱਲੋਂ ਜਾਰੀ ਇੱਕ ਬਿਆਨ ਅਨੁਸਾਰ, ਅੱਖਾਂ ਦੇ ਮਾਹਿਰ ਦੇ ਨਿਰਦੇਸ਼ਾਂ ‘ਤੇ ਇਮਰਾਨ ਖ਼ਾਨ ਦੀ ਮੈਡੀਕਲ ਜਾਂਚ ਕੀਤੀ ਗਈ, ਜਿਸ ਵਿੱਚ ਅੱਖਾਂ ਦੀ ਜਾਂਚ ਵੀ ਸ਼ਾਮਿਲ ਸੀ।
ਬਿਆਨ ਮੁਤਾਬਕ, ਇਮਰਾਨ ਖ਼ਾਨ ਦੀ ਹਾਲਤ ਸਥਿਰ ਸੀ ਅਤੇ ਉਨ੍ਹਾਂ ਦੀ ਆਮ ਸਰੀਰਕ ਜਾਂਚ ਵੀ ਨਾਰਮਲ ਰਹੀ।
ਪੀਆਈਐੱਮਐੱਸ ਨੇ ਅੱਗੇ ਦੱਸਿਆ ਕਿ ਮਰੀਜ਼ ਦੀ ਸਹਿਮਤੀ ਲੈਣ ਅਤੇ ਮੈਡੀਕਲ ਨਿਗਰਾਨੀ, ਜ਼ਰੂਰੀ ਸਾਵਧਾਨੀਆਂ ਤੇ ਪ੍ਰੋਟੋਕੋਲ ਦੀ ਪਾਲਣਾ ਕਰਨ ਤੋਂ ਬਾਅਦ, ਅੱਖਾਂ ਦੇ ਮਾਹਿਰਾਂ ਦੀ ਟੀਮ ਨੇ ਉਨ੍ਹਾਂ ਦੀ ਅੱਖ ਵਿੱਚ ‘ਇੰਟਰਾਵਿਟ੍ਰੀਅਲ ਐਂਟੀ-VEGF’ ਟੀਕਾ ਲਗਾਇਆ।
ਮੈਡੀਕਲ ਮਾਹਿਰਾਂ ਅਨੁਸਾਰ, ਐਂਟੀ-VEGF ਟੀਕੇ ਦੀ ਵਰਤੋਂ ਆਮ ਤੌਰ ‘ਤੇ ਰੈਟਿਨਾ ਅਤੇ ਨਜ਼ਰ ਨਾਲ ਜੁੜੀਆਂ ਕੁਝ ਬਿਮਾਰੀਆਂ ਦੇ ਇਲਾਜ ਲਈ ਕੀਤੀ ਜਾਂਦੀ ਹੈ। ਹਾਲਾਂਕਿ, ਇਮਰਾਨ ਖ਼ਾਨ ਨੂੰ ਕਿਹੜੀ ਬਿਮਾਰੀ ਹੈ, ਇਸ ਬਾਰੇ ਪੀਆਈਐੱਮਐੱਸ ਦੇ ਬਿਆਨ ਵਿੱਚ ਕੋਈ ਜਾਣਕਾਰੀ ਨਹੀਂ ਦਿੱਤੀ ਗਈ।
ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਪਹਿਲਾਂ ਵੀ ਕਈ ਵਾਰ ਇਹ ਟੀਕਾ ਲਗਾਇਆ ਜਾ ਚੁੱਕਾ ਹੈ।
Reuters
ਬਿਆਨ ਅਨੁਸਾਰ, ਇਮਰਾਨ ਖ਼ਾਨ ਨੂੰ ਰਾਤ ਕਰੀਬ 2:30 ਵਜੇ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਅਤੇ ਉਨ੍ਹਾਂ ਨੂੰ ਅੱਗੇ ਦੀ ਦੇਖਭਾਲ ਤੇ ਫਾਲੋ-ਅੱਪ ਇਲਾਜ ਬਾਰੇ ਜ਼ਰੂਰੀ ਹਦਾਇਤਾਂ ਦਿੱਤੀਆਂ ਗਈਆਂ।
ਪੀਆਈਐੱਮਐੱਸ ਹਸਪਤਾਲ ਦੇ ਇੱਕ ਅਧਿਕਾਰੀ ਮੁਤਾਬਕ, ਇਮਰਾਨ ਖ਼ਾਨ ਨੂੰ ਲਗਭਗ ਡੇਢ ਘੰਟੇ ਤੱਕ ਹਸਪਤਾਲ ਵਿੱਚ ਰੱਖਿਆ ਗਿਆ ਸੀ ਅਤੇ ਮੈਡੀਕਲ ਜਾਂਚ ਪੂਰੀ ਹੋਣ ਤੋਂ ਬਾਅਦ ਉਨ੍ਹਾਂ ਨੂੰ ਵਾਪਸ ਅਦਿਆਲਾ ਜੇਲ੍ਹ ਭੇਜ ਦਿੱਤਾ ਗਿਆ।
ਸਰਕਾਰ ਵੱਲੋਂ ਇਮਰਾਨ ਖ਼ਾਨ ਬਾਰੇ ਇਹ ਤਾਜ਼ਾ ਜਾਣਕਾਰੀ ਸਾਂਝੀ ਕੀਤੇ ਜਾਣ ਤੋਂ ਬਾਅਦ, ਪੀਟੀਆਈ ਨੇ ਉਨ੍ਹਾਂ ਦੀ ਸਿਹਤ ਅਤੇ ਉਨ੍ਹਾਂ ਨੂੰ ਦਿੱਤੀਆਂ ਜਾ ਰਹੀਆਂ ਮੈਡੀਕਲ ਸਹੂਲਤਾਂ ਨੂੰ ਲੈ ਕੇ ਚਿੰਤਾ ਜਤਾਈ ਹੈ।
ਪਾਰਟੀ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ, “ਕਿਸੇ ਵੀ ਇਨਸਾਨ ਦੀ ਸਿਹਤ ਨੂੰ ਸਿਆਸੀ ਸੌਦੇਬਾਜ਼ੀ ਦਾ ਜ਼ਰੀਆ ਨਹੀਂ ਬਣਾਇਆ ਜਾ ਸਕਦਾ ਅਤੇ ਨਾ ਹੀ ਕਿਸੇ ਸਾਬਕਾ ਪ੍ਰਧਾਨ ਮੰਤਰੀ ਦੇ ਇਲਾਜ ਨੂੰ ਮਹਿਜ ਇੱਕ ਰਸਮੀ ਕਾਰਵਾਈ ਤੱਕ ਸੀਮਤ ਕੀਤਾ ਜਾ ਸਕਦਾ ਹੈ।”
ਪੀਟੀਆਈ ਨੇ ਇੱਕ ਵਾਰ ਫਿਰ ਮੰਗ ਕੀਤੀ ਹੈ ਕਿ ਇਮਰਾਨ ਖ਼ਾਨ ਦੇ ਪਰਿਵਾਰ, ਉਨ੍ਹਾਂ ਦੇ ਨਿੱਜੀ ਡਾਕਟਰਾਂ ਅਤੇ ਕਾਨੂੰਨੀ ਟੀਮ ਨੂੰ ਉਨ੍ਹਾਂ ਨਾਲ “ਤੁਰੰਤ ਅਤੇ ਬਿਨਾਂ ਕਿਸੇ ਰੁਕਾਵਟ ਦੇ” ਮਿਲਣ ਦੀ ਇਜਾਜ਼ਤ ਦਿੱਤੀ ਜਾਵੇ।
ਦੂਜੇ ਪਾਸੇ, ਪਾਕਿਸਤਾਨੀ ਸਰਕਾਰ ਨੇ ਵਾਰ-ਵਾਰ ਇਹ ਦਾਅਵਾ ਕੀਤਾ ਹੈ ਕਿ ਸਾਬਕਾ ਪ੍ਰਧਾਨ ਮੰਤਰੀ, ਜਿਨ੍ਹਾਂ ਦੀ ਸੱਜੀ ਅੱਖ ਵਿੱਚ ‘ਸੈਂਟਰਲ ਰੈਟਿਨਲ ਵੇਨ ਓਕਲੂਜ਼ਨ’ ਦੀ ਸਮੱਸਿਆ ਹੈ, ਨੂੰ ਜੇਲ੍ਹ ਵਿੱਚ ਬਿਹਤਰੀਨ ਮੈਡੀਕਲ ਸਹੂਲਤਾਂ ਦਿੱਤੀਆਂ ਗਈਆਂ ਹਨ ਅਤੇ ਸਮੇਂ ਸਿਰ ਇਲਾਜ ਵਿੱਚ ਕੋਈ ਕਮੀ ਨਹੀਂ ਛੱਡੀ ਗਈ।
ਬੀਬੀਸੀ ਉਰਦੂ ਦੀ ਇਸ ਰਿਪੋਰਟ ਰਾਹੀਂ ਅਸੀਂ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਇਮਰਾਨ ਖ਼ਾਨ ਦੀਆਂ ਅੱਖਾਂ ਵਿੱਚ ਲਗਾਇਆ ਜਾਣ ਵਾਲਾ ਇਹ ਟੀਕਾ ‘ਇੰਟਰਾਵਿਟ੍ਰੀਅਲ ਐਂਟੀ-VEGF’ ਕੀ ਹੈ ਅਤੇ ਇਹ ਮਰੀਜ਼ ਨੂੰ ਕਿਸ ਤਰ੍ਹਾਂ ਲਗਾਇਆ ਜਾਂਦਾ ਹੈ।
‘ਸੈਂਟਰਲ ਰੈਟਿਨਲ ਵੇਨ ਓਕਲੂਜ਼ਨ’ ਕੀ ਹੈ?
Getty Images
ਸਰਕਾਰ ਅਤੇ ਇਮਰਾਨ ਖ਼ਾਨ ਦੇ ਵਕੀਲਾਂ ਅਨੁਸਾਰ, ਇਮਰਾਨ ਖ਼ਾਨ ਦੀ ਸੱਜੀ ਅੱਖ ਦੀ ਨਜ਼ਰ ਇਸ ਲਈ ਪ੍ਰਭਾਵਿਤ ਹੋਈ ਹੈ ਕਿਉਂਕਿ ਉਹ ‘ਸੈਂਟਰਲ ਰੈਟਿਨਲ ਵੇਨ ਓਕਲੂਜ਼ਨ’ ਤੋਂ ਪੀੜਤ ਹਨ।
ਯੂਕੇ ਦੀ ਐੱਨਐੱਚਐੱਸ ਵੈੱਬਸਾਈਟ ਅਨੁਸਾਰ, ਬਜ਼ੁਰਗਾਂ ਵਿੱਚ ਨਜ਼ਰ ਜਾਣ ਦਾ ਸਭ ਤੋਂ ਆਮ ਕਾਰਨ ‘ਰੈਟਿਨਲ ਵੇਨ ਓਕਲੂਜ਼ਨ’ ਹੈ। ਇਸ ਵਿੱਚ ਖ਼ੂਨ ਦੀ ਨਾੜੀ ਵਿੱਚ ਰੁਕਾਵਟ ਆ ਜਾਂਦੀ ਹੈ, ਜਿਸ ਨਾਲ ਖ਼ੂਨ ਦਾ ਥੱਕਾ ਬਣ ਸਕਦਾ ਹੈ ਅਤੇ ਖ਼ੂਨ ਦੀ ਸਪਲਾਈ ਪ੍ਰਭਾਵਿਤ ਹੁੰਦੀ ਹੈ।
ਮਨੁੱਖੀ ਅੱਖ ਵਿੱਚ ਪੁਤਲੀ ਦੇ ਪਿੱਛੇ ਵਾਲੀ ਪਤਲੀ ਪਰਤ ਨੂੰ ‘ਰੈਟਿਨਾ’ ਕਿਹਾ ਜਾਂਦਾ ਹੈ, ਜੋ ਪੁਰਾਣੇ ਕੈਮਰਿਆਂ ਵਿੱਚ ਲੱਗੀ ਫ਼ਿਲਮ ਵਾਂਗ ਕੰਮ ਕਰਦੀ ਹੈ।
ਇਸ ਹਿੱਸੇ ਵਿੱਚ ਖ਼ੂਨ ਦੀ ਨਾੜੀ ਬੰਦ ਹੋ ਜਾਣ ਕਾਰਨ ਅੱਖ ਵਿੱਚੋਂ ਖ਼ੂਨ ਜਾਂ ਹੋਰ ਤਰਲ ਪਦਾਰਥ ਰਿਸ ਕੇ ਰੈਟਿਨਾ ਵਿੱਚ ਪਹੁੰਚ ਜਾਂਦਾ ਹੈ। ਇਸ ਨਾਲ ਰੈਟਿਨਾ ‘ਤੇ ਧੱਬੇ ਪੈ ਸਕਦੇ ਹਨ, ਸੋਜ ਆ ਸਕਦੀ ਹੈ ਜਾਂ ਆਕਸੀਜਨ ਦੀ ਕਮੀ ਵੀ ਹੋ ਸਕਦੀ ਹੈ। ਇਸ ਨਾਲ ਅੱਖ ਵਿੱਚ ਰੌਸ਼ਨੀ ਨੂੰ ਸੋਖਣ ਵਾਲੇ ਸੈੱਲਾਂ ਦਾ ਕੰਮ ਪ੍ਰਭਾਵਿਤ ਹੁੰਦਾ ਹੈ, ਜਿਸ ਦੇ ਨਤੀਜੇ ਵਜੋਂ ਨਜ਼ਰ ਕਮਜ਼ੋਰ ਹੋ ਜਾਂਦੀ ਹੈ।
ਐੱਨਐੱਚਐੱਸ ਅਨੁਸਾਰ, 60 ਸਾਲ ਤੋਂ ਘੱਟ ਉਮਰ ਦੇ ਲੋਕਾਂ ਵਿੱਚ ਇਹ ਬਿਮਾਰੀ ਬਹੁਤ ਘੱਟ ਦੇਖਣ ਨੂੰ ਮਿਲਦੀ ਹੈ।
‘ਰੈਟਿਨਲ ਵੇਨ ਓਕਲੂਜ਼ਨ’ ਦੋ ਤਰ੍ਹਾਂ ਦਾ ਹੁੰਦਾ ਹੈ, ਜਿਨ੍ਹਾਂ ਵਿੱਚੋਂ ਇੱਕ ਨੂੰ ‘ਸੈਂਟਰਲ ਰੈਟਿਨਲ ਵੇਨ ਓਕਲੂਜ਼ਨ’ ਕਿਹਾ ਜਾਂਦਾ ਹੈ। ਇਸ ਵਿੱਚ ਮੁੱਖ ਨਾੜੀ ਵਿੱਚ ਰੁਕਾਵਟ ਆ ਜਾਂਦੀ ਹੈ। ਐੱਨਐੱਚਐੱਸ ਦੇ ਅਨੁਸਾਰ, ਇਸ ਸਥਿਤੀ ਵਿੱਚ ਨਜ਼ਰ ‘ਤੇ ਕਿਤੇ ਜ਼ਿਆਦਾ ਗੰਭੀਰ ਅਸਰ ਪੈਂਦਾ ਹੈ।
ਅੱਖਾਂ ਦੀ ਇਸ ਬਿਮਾਰੀ ਬਾਰੇ ਗੱਲ ਕਰਦਿਆਂ, ਅੱਖਾਂ ਦੇ ਮਾਹਿਰ ਡਾ. ਹੀਰਾ ਅਵੈਸ ਨੇ ਬੀਬੀਸੀ ਉਰਦੂ ਨੂੰ ਦੱਸਿਆ ਕਿ ਇਹ ਬਿਮਾਰੀ ਵੱਖ-ਵੱਖ ਲੋਕਾਂ ਵਿੱਚ ਵੱਖ-ਵੱਖ ਤਰੀਕਿਆਂ ਨਾਲ ਦਿਖਾਈ ਦੇ ਸਕਦੀ ਹੈ। ਇਸ ਦੇ ਲੱਛਣ ਅਤੇ ਪ੍ਰਭਾਵ ਇਸ ਗੱਲ ‘ਤੇ ਨਿਰਭਰ ਕਰਦੇ ਹਨ ਕਿ ਮਰੀਜ਼ ਦੀ ਨਜ਼ਰ ਦੀ ਸਥਿਤੀ ਕਿਹੋ ਜਿਹੀ ਹੈ।
ਉਨ੍ਹਾਂ ਦੱਸਿਆ ਕਿ ਕਈ ਮਰੀਜ਼ਾਂ ਵਿੱਚ, ਜਦੋਂ ਖ਼ੂਨ ਦੀ ਨਾੜੀ ਬੰਦ ਹੋ ਜਾਂਦੀ ਹੈ, ਤਾਂ ਰੈਟਿਨਾ ‘ਤੇ ਕਈ ਥਾਵਾਂ ‘ਤੇ ਖ਼ੂਨ ਵਗਣ ਦੇ ਨਿਸ਼ਾਨ ਦਿਖਾਈ ਦਿੰਦੇ ਹਨ। ਕਈ ਵਾਰ ਇਸ ਪੜਾਅ ‘ਤੇ ਮਰੀਜ਼ ਦੀ ਨਜ਼ਰ ਇੰਨੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਜਾਂਦੀ ਹੈ ਕਿ ਉਸ ਨੂੰ ਰੌਸ਼ਨੀ ਵੀ ਦਿਖਾਈ ਦੇਣੀ ਬੰਦ ਹੋ ਜਾਂਦੀ ਹੈ, ਜਦਕਿ ਕੁਝ ਹੋਰ ਮਰੀਜ਼ਾਂ ਵਿੱਚ ਨਜ਼ਰ ਮੁਕਾਬਲਤਨ ਠੀਕ ਬਣੀ ਰਹਿੰਦੀ ਹੈ।
ਉਨ੍ਹਾਂ ਕਿਹਾ ਕਿ ਆਮ ਤੌਰ ‘ਤੇ, ਬਿਮਾਰੀ ਦੀ ਸ਼ੁਰੂਆਤ ਵਿੱਚ ਨਜ਼ਰ ਜਿੰਨੀ ਜ਼ਿਆਦਾ ਪ੍ਰਭਾਵਿਤ ਹੁੰਦੀ ਹੈ, ਬਾਅਦ ਵਿੱਚ ਉਸ ਦੇ ਠੀਕ ਹੋਣ ਦੀ ਸੰਭਾਵਨਾ ਓਨੀ ਹੀ ਘੱਟ ਹੁੰਦੀ ਹੈ।
ਟੀਕੇ ਰਾਹੀਂ ਇਲਾਜ ਦਾ ਤਰੀਕਾ
Getty Images
ਇਸ ਬਿਮਾਰੀ ਦੇ ਇਲਾਜ ਲਈ ਇੰਟਰਾਵਿਟ੍ਰੀਅਲ ਐਂਟੀ-VEGF ਟੀਕੇ ਦੀ ਵਰਤੋਂ ਕੀਤੀ ਜਾਂਦੀ ਹੈ।
ਯੂਕੇ ਦੀ ਐੱਨਐੱਚਐੱਸ ਦੇ ਅਨੁਸਾਰ, ਇੰਟਰਾਵਿਟ੍ਰੀਅਲ ਇੰਜੈਕਸ਼ਨ (ਅੱਖ ਦੇ ਵਿਟ੍ਰੀਅਸ ਵਿੱਚ ਲਗਾਇਆ ਜਾਣ ਵਾਲਾ ਟੀਕਾ) ਦਵਾਈ ਨੂੰ ਸਿੱਧਾ ਉਸ ਥਾਂ ਤੱਕ ਪਹੁੰਚਾਉਣ ਦਾ ਇੱਕ ਤਰੀਕਾ ਹੈ, ਜਿੱਥੇ ਇਸ ਦੀ ਲੋੜ ਹੁੰਦੀ ਹੈ।
ਐੱਨਐੱਚਐੱਸ ਦੇ ਅਨੁਸਾਰ, ਇਹ ਟੀਕਾ ਰੈਟਿਨਾ ਦੇ ਸੈੱਲਾਂ ਵੱਲੋਂ ਬਣਾਏ ਜਾਣ ਵਾਲੇ ਇੱਕ ਪ੍ਰੋਟੀਨ (VEGF) ਨੂੰ ਬਲੌਕ ਕਰਕੇ ਕੰਮ ਕਰਦਾ ਹੈ। ਇਸ ਦਾ ਅਸਰ ਇਹ ਹੁੰਦਾ ਹੈ ਕਿ ਅੱਖ ਦੀਆਂ ਅੰਦਰੂਨੀ ਪਰਤਾਂ ਵਿੱਚ ਅਸਧਾਰਨ ਖ਼ੂਨ ਦੀਆਂ ਨਾੜੀਆਂ ਦਾ ਵਧਣਾ ਅਤੇ ਉਨ੍ਹਾਂ ਵਿੱਚੋਂ ਤਰਲ ਪਦਾਰਥ ਦਾ ਰਿਸਾਅ ਘੱਟ ਹੋ ਜਾਂਦਾ ਹੈ।
ਇਸ ਇਲਾਜ ਦਾ ਮਕਸਦ ਨਜ਼ਰ ਨੂੰ ਹੋਰ ਜ਼ਿਆਦਾ ਨੁਕਸਾਨ ਪਹੁੰਚਣ ਤੋਂ ਰੋਕਣਾ ਹੈ।
ਅੱਖਾਂ ਦੇ ਮਾਹਿਰ ਡਾ. ਹੀਰਾ ਅਨੁਸਾਰ, ਇਸ ਬਿਮਾਰੀ ਦੇ ਇਲਾਜ ਲਈ ਮਰੀਜ਼ ਦੀ ਅੱਖ ਵਿੱਚ ਕਈ ਤਰ੍ਹਾਂ ਦੇ ਟੀਕੇ ਲਗਾਏ ਜਾ ਸਕਦੇ ਹਨ। “ਖ਼ਾਸ ਤੌਰ ‘ਤੇ, ਕਈ ਤਰ੍ਹਾਂ ਦੀਆਂ ਐਂਟੀ-VEGF ਦਵਾਈਆਂ ਹੁੰਦੀਆਂ ਹਨ। ਕੁਝ ਮਰੀਜ਼ਾਂ ਨੂੰ ਹਰ ਮਹੀਨੇ ਇਹ ਟੀਕੇ ਲਗਵਾਉਣੇ ਪੈਂਦੇ ਹਨ ਅਤੇ ਹਰ ਮਹੀਨੇ ਉਨ੍ਹਾਂ ਦੀ ਜਾਂਚ ਕੀਤੀ ਜਾਂਦੀ ਹੈ, ਤਾਂ ਜੋ ਇਹ ਦੇਖਿਆ ਜਾ ਸਕੇ ਕਿ ਅੱਗੇ ਹੋਰ ਟੀਕੇ ਲਗਾਉਣ ਦੀ ਲੋੜ ਹੈ ਜਾਂ ਨਹੀਂ।”
“ਇਸਦੇ ਲਈ ਕਈ ਤਰ੍ਹਾਂ ਦੇ ਟੈਸਟ ਕੀਤੇ ਜਾਂਦੇ ਹਨ, ਜਿਨ੍ਹਾਂ ਵਿੱਚੋਂ ਓਸੀਟੀ ਇੱਕ ਮਹੱਤਵਪੂਰਨ ਟੈਸਟ ਹੈ। ਇਸ ਟੈਸਟ ਨਾਲ ਰੈਟਿਨਾ ਦੀ ਮੋਟਾਈ ਅਤੇ ਅੱਖ ਵਿੱਚ ਜਮ੍ਹਾਂ ਹੋਏ ਤਰਲ ਪਦਾਰਥ ਜਾਂ ਸੋਜ ਦਾ ਪਤਾ ਲੱਗਦਾ ਹੈ। ਜੇਕਰ ਟੀਕੇ ਨਾਲ ਸਪਸ਼ਟ ਸੁਧਾਰ ਦਿਖਾਈ ਦੇ ਰਿਹਾ ਹੈ, ਪਰ ਸੋਜ ਅਜੇ ਵੀ ਬਣੀ ਹੋਈ ਹੈ ਅਤੇ ਅੱਗੇ ਇਲਾਜ ਦੀ ਲੋੜ ਹੈ, ਤਾਂ ਮਰੀਜ਼ ਨੂੰ ਦੁਬਾਰਾ ਇਹ ਟੀਕਾ ਦਿੱਤਾ ਜਾਂਦਾ ਹੈ। ਲੋੜ ਅਨੁਸਾਰ ਇਸ ਨੂੰ ਹਰ ਮਹੀਨੇ ਦੁਹਰਾਇਆ ਜਾ ਸਕਦਾ ਹੈ।”
ਉਨ੍ਹਾਂ ਅਨੁਸਾਰ, “ਕੁਝ ਟੀਕੇ ਅਜਿਹੇ ਹੁੰਦੇ ਹਨ, ਜਿਨ੍ਹਾਂ ਦੇ ਨਤੀਜਿਆਂ ਦੀ ਜਾਂਚ ਅਸੀਂ 60 ਦਿਨਾਂ ਬਾਅਦ ਕਰਦੇ ਹਾਂ, ਜਦਕਿ ਕੁਝ ਹੋਰ ਟੀਕਿਆਂ ਦੇ ਮਾਮਲੇ ਵਿੱਚ ਮਰੀਜ਼ ਨੂੰ ਹਰ ਮਹੀਨੇ ਫਾਲੋ-ਅੱਪ ਲਈ ਬੁਲਾਇਆ ਜਾਂਦਾ ਹੈ।”
“ਇਨ੍ਹਾਂ ਟੀਕਿਆਂ ਦੇ ਦੋ ਮੁੱਖ ਫਾਇਦੇ ਹਨ। ਪਹਿਲਾ ਇਹ ਕਿ ਇਹ ਅੱਖ ਵਿੱਚ ਜਮ੍ਹਾਂ ਹੋਏ ਤਰਲ ਪਦਾਰਥ ਜਾਂ ਪਾਣੀ ਨੂੰ ਘੱਟ ਕਰਦੇ ਹਨ, ਜਿਸ ਨਾਲ ਰੈਟਿਨਾ ਦੀ ਸੋਜ ਘਟ ਜਾਂਦੀ ਹੈ। ਦੂਜਾ ਫਾਇਦਾ ਇਹ ਹੈ ਕਿ ਇਹ ਇਸਕੀਮੀਆ ਕਾਰਨ ਹੋਣ ਵਾਲੀਆਂ ਪੇਚੀਦਗੀਆਂ ਨੂੰ ਰੋਕਣ ਵਿੱਚ ਮਦਦ ਕਰਦੇ ਹਨ।”
ਇਸਕੀਮੀਆ ਦਾ ਮਤਲਬ ਹੈ ਕਿ ਜਦੋਂ ਕੋਈ ਖ਼ੂਨ ਦੀ ਨਾੜੀ ਬਲੌਕ ਹੋ ਜਾਂਦੀ ਹੈ, ਤਾਂ ਖ਼ੂਨ ਦੀ ਸਪਲਾਈ ਪ੍ਰਭਾਵਿਤ ਹੁੰਦੀ ਹੈ। ਖ਼ੂਨ ਦੀ ਸਪਲਾਈ ਘੱਟ ਹੋਣ ਕਾਰਨ ਰੈਟਿਨਾ ਤੱਕ ਘੱਟ ਆਕਸੀਜਨ ਪਹੁੰਚਦੀ ਹੈ। ਜਦੋਂ ਰੈਟਿਨਾ ਨੂੰ ਆਕਸੀਜਨ ਦੀ ਕਮੀ ਮਹਿਸੂਸ ਹੁੰਦੀ ਹੈ, ਤਾਂ ਉਹ ਆਪਣਾ ਕੰਮ ਜਾਰੀ ਰੱਖਣ ਲਈ ਨਵੀਆਂ ਖ਼ੂਨ ਦੀਆਂ ਨਾੜੀਆਂ ਬਣਾਉਣ ਦੀ ਕੋਸ਼ਿਸ਼ ਕਰਦਾ ਹੈ।
ਹਾਲਾਂਕਿ, ਡਾ. ਹੀਰਾ ਅਨੁਸਾਰ, ਇਨ੍ਹਾਂ ਨਵੀਆਂ ਖ਼ੂਨ ਦੀਆਂ ਨਾੜੀਆਂ ਦਾ ਬਣਨਾ ਚੰਗੀ ਗੱਲ ਨਹੀਂ ਹੈ, ਕਿਉਂਕਿ ਇਹ ਨਾੜੀਆਂ ਆਮ ਤੌਰ ‘ਤੇ ਬਹੁਤ ਕਮਜ਼ੋਰ ਹੁੰਦੀਆਂ ਹਨ ਅਤੇ ਕਿਸੇ ਵੀ ਸਮੇਂ ਇਨ੍ਹਾਂ ਵਿੱਚੋਂ ਖ਼ੂਨ ਵਗ ਸਕਦਾ ਹੈ। ਇਸ ਤੋਂ ਇਲਾਵਾ, ਇਨ੍ਹਾਂ ਕਾਰਨ ਰੈਟਿਨਾ ‘ਤੇ ਖਿੱਚ ਵੀ ਪੈ ਸਕਦੀ ਹੈ, ਜਿਸ ਨਾਲ ਅੱਗੇ ਚੱਲ ਕੇ ਹੋਰ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ।
ਉਨ੍ਹਾਂ ਅਨੁਸਾਰ, ਇਸੇ ਲਈ ਅੱਖ ਵਿੱਚ ਟੀਕੇ ਲਗਾਏ ਜਾਂਦੇ ਹਨ। ਇੱਕ ਪਾਸੇ, ਇਹ ਅਸਧਾਰਨ ਨਵੀਆਂ ਖ਼ੂਨ ਦੀਆਂ ਨਾੜੀਆਂ ਨੂੰ ਵਧਣ ਤੋਂ ਰੋਕਦੇ ਹਨ ਅਤੇ ਦੂਜੇ ਪਾਸੇ, ਰੈਟਿਨਾ ਦੀ ਸੋਜ ਨੂੰ ਘੱਟ ਕਰਦੇ ਹਨ। ਨਜ਼ਰ ਨੂੰ ਬਚਾਉਣ ਅਤੇ ਬਿਹਤਰ ਬਣਾਉਣ ਲਈ ਇਨ੍ਹਾਂ ਦੋਵਾਂ ਸਮੱਸਿਆਵਾਂ ਨੂੰ ਕੰਟਰੋਲ ਕਰਨਾ ਬਹੁਤ ਮਹੱਤਵਪੂਰਨ ਹੈ।
ਮਰੀਜ਼ ਨੂੰ ਇਹ ਟੀਕਾ ਕਿਵੇਂ ਲਗਾਇਆ ਜਾਂਦਾ ਹੈ?
Getty Images
ਐੱਨਐੱਚਐੱਸ ਦੇ ਅਨੁਸਾਰ, ਐਂਟੀ-VEGF ਦਵਾਈ ਅੱਖ ਦੇ ਅੰਦਰ ਮੌਜੂਦ ਵਿਟ੍ਰੀਅਸ (ਅੱਖ ਦੇ ਅੰਦਰ ਜੈਲੀ ਵਰਗਾ ਪਦਾਰਥ) ਵਿੱਚ ਟੀਕੇ ਰਾਹੀਂ ਦਿੱਤੀ ਜਾਂਦੀ ਹੈ।
ਐੱਨਐੱਚਐੱਸ ਦੀ ਵੈੱਬਸਾਈਟ ‘ਤੇ ਦਿੱਤੀ ਜਾਣਕਾਰੀ ਮੁਤਾਬਕ, ਪੂਰੀ ਮੈਡੀਕਲ ਪ੍ਰਕਿਰਿਆ ਵਿੱਚ ਲਗਭਗ 15 ਮਿੰਟ ਦਾ ਸਮਾਂ ਲੱਗਦਾ ਹੈ। ਐੱਨਐੱਚਐੱਸ ਦਾ ਕਹਿਣਾ ਹੈ ਕਿ, “ਟੀਕਾ ਲਗਾਉਣ ਵਿੱਚ ਸਿਰਫ਼ ਕੁਝ ਸਕਿੰਟ ਲੱਗਦੇ ਹਨ ਅਤੇ ਆਮ ਤੌਰ ‘ਤੇ ਇਸ ਵਿੱਚ ਬਿਲਕੁਲ ਵੀ ਦਰਦ ਨਹੀਂ ਹੁੰਦਾ।”
“ਮਰੀਜ਼ ਨੂੰ ਆਰਾਮ ਨਾਲ ਬਿਠਾਇਆ ਜਾਂ ਲਿਟਾਇਆ ਜਾਂਦਾ ਹੈ (ਥੋੜ੍ਹਾ ਪਿੱਛੇ ਵੱਲ ਝੁਕਾ ਕੇ) ਅਤੇ ਫਿਰ ਅੱਖ ਨੂੰ ਸੁੰਨ ਕਰਨ ਲਈ ਕੁਝ ਬੂੰਦਾਂ ਪਾਈਆਂ ਜਾਂਦੀਆਂ ਹਨ। ਇਸ ਤੋਂ ਬਾਅਦ ਅੱਖ ਦੇ ਆਲੇ-ਦੁਆਲੇ ਦੇ ਹਿੱਸੇ ਨੂੰ ਸਾਫ਼ ਕੀਤਾ ਜਾਂਦਾ ਹੈ ਅਤੇ ਅੱਖ ਨੂੰ ਖੁੱਲ੍ਹਾ ਰੱਖਣ ਲਈ ਇੱਕ ਛੋਟੇ ਜਿਹੇ ਯੰਤਰ (ਸਪੈਕੁਲਮ) ਦੀ ਵਰਤੋਂ ਕੀਤੀ ਜਾਂਦੀ ਹੈ, ਤਾਂ ਜੋ ਪਲਕਾਂ ਝਪਕਣ ਦੀ ਕੋਈ ਚਿੰਤਾ ਨਾ ਰਹੇ।”
“ਫਿਰ ਇੱਕ ਬਹੁਤ ਬਰੀਕ ਸੂਈ ਰਾਹੀਂ ਅੱਖ ਦੇ ਪ੍ਰਭਾਵਿਤ ਹਿੱਸੇ ਵਿੱਚ ਦਵਾਈ ਦਾ ਟੀਕਾ ਲਗਾਇਆ ਜਾਂਦਾ ਹੈ, ਜਿਸ ਤੋਂ ਬਾਅਦ ਅੱਖ ਵਿੱਚ ਲੁਬਰੀਕੈਂਟ ਦੀਆਂ (ਚਿਕਨਾਈ ਦੇਣ ਵਾਲੀਆਂ) ਕੁਝ ਬੂੰਦਾਂ ਪਾਈਆਂ ਜਾਂਦੀਆਂ ਹਨ।”
ਪਬਲਿਕ ਹੈਲਥ ਇੰਗਲੈਂਡ ਦੇ ਅਨੁਸਾਰ, “ਜਿਨ੍ਹਾਂ ਲੋਕਾਂ ਨਾਲ ਇਹ ਪ੍ਰਕਿਰਿਆ ਹੁੰਦੀ ਹੈ, ਉਨ੍ਹਾਂ ਵਿੱਚੋਂ ਜ਼ਿਆਦਾਤਰ ਆਮ ਤੌਰ ‘ਤੇ ਇੱਕ ਘੰਟੇ ਦੇ ਅੰਦਰ ਹਸਪਤਾਲ ਤੋਂ ਘਰ ਜਾ ਸਕਦੇ ਹਨ। ਹਾਲਾਂਕਿ, ਕੁਝ ਮਾਮਲਿਆਂ ਵਿੱਚ ਮਰੀਜ਼ਾਂ ਨੂੰ ਥੋੜ੍ਹੀ ਦੇਰ ਰੁਕਣ ਲਈ ਕਿਹਾ ਜਾ ਸਕਦਾ ਹੈ, ਤਾਂ ਜੋ ਅੱਖ ਦੇ ਅੰਦਰਲੇ ਦਬਾਅ (ਪ੍ਰੈਸ਼ਰ) ਦੀ ਜਾਂਚ ਕੀਤੀ ਜਾ ਸਕੇ।”
ਅੱਖਾਂ ਦੇ ਮਾਹਿਰ ਡਾ. ਹੀਰਾ ਅਨੁਸਾਰ, ਅੱਖ ਵਿੱਚ ਟੀਕਾ ਲਗਾਉਣ ਦੀ ਇਹ ਪ੍ਰਕਿਰਿਆ ਕਈ ਵਾਰ ਕਾਫ਼ੀ ਸੌਖੀ ਹੋ ਸਕਦੀ ਹੈ। ਇਸ ਦਾ ਮਤਲਬ ਹੈ ਕਿ ਮਰੀਜ਼ ਨੂੰ ਹਸਪਤਾਲ ਵਿੱਚ ਦਾਖ਼ਲ ਹੋਣ ਦੀ ਲੋੜ ਨਹੀਂ ਪੈਂਦੀ ਅਤੇ ਇਲਾਜ ਕਿਸੇ ਕਲੀਨਿਕ ਜਾਂ ਡਾਕਟਰ ਦੇ ਦਫ਼ਤਰ ਵਿੱਚ ਹੀ ਕੀਤਾ ਜਾ ਸਕਦਾ ਹੈ।
ਉਨ੍ਹਾਂ ਅਨੁਸਾਰ, “ਵਿਦੇਸ਼ਾਂ ਵਿੱਚ ਸਫ਼ਾਈ ਦੇ ਉੱਚੇ ਮਿਆਰਾਂ ਅਤੇ ਪੂਰੀ ਤਰ੍ਹਾਂ ਕੀਟਾਣੂ-ਮੁਕਤ (ਸਟੇਰਾਇਲ) ਮਾਹੌਲ ਕਾਰਨ, ਕੁਝ ਥਾਵਾਂ ‘ਤੇ ਅੱਖ ਦੇ ਅੰਦਰ ਲਗਾਏ ਜਾਣ ਵਾਲੇ ਟੀਕੇ ਕਲੀਨਿਕ ਵਿੱਚ ਹੀ ਲਗਾਏ ਜਾ ਸਕਦੇ ਹਨ। ਇਸ ਵਿੱਚ ਮਰੀਜ਼ ਨੂੰ ਲਿਟਾਇਆ ਜਾਂਦਾ ਹੈ, ਅੱਖ ਵਿੱਚ ਦਵਾਈ ਦੀਆਂ ਬੂੰਦਾਂ ਪਾਈਆਂ ਜਾਂਦੀਆਂ ਹਨ, ਟੀਕਾ ਲਗਾਇਆ ਜਾਂਦਾ ਹੈ ਅਤੇ ਫਿਰ ਲਗਭਗ ਇੱਕ ਘੰਟੇ ਲਈ ਅੱਖ ‘ਤੇ ਪੱਟੀ ਬੰਨ੍ਹ ਦਿੱਤੀ ਜਾਂਦੀ ਹੈ, ਜਿਸ ਤੋਂ ਬਾਅਦ ਪੱਟੀ ਹਟਾ ਦਿੱਤੀ ਜਾਂਦੀ ਹੈ।”
ਡਾ. ਹੀਰਾ ਅਨੁਸਾਰ, ਪਾਕਿਸਤਾਨ ਵਿੱਚ ਇਹ ਪ੍ਰਕਿਰਿਆ ਆਮ ਤੌਰ ‘ਤੇ ਇੱਕ ਛੋਟੇ ਆਪਰੇਸ਼ਨ ਥੀਏਟਰ (ਓਟੀ) ਵਿੱਚ ਕੀਤੀ ਜਾਂਦੀ ਹੈ, ਜਿੱਥੇ ਮਰੀਜ਼ ਨੂੰ ਲਿਜਾ ਕੇ ਟੀਕਾ ਲਗਾਇਆ ਜਾਂਦਾ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI



