Home rss national punjabi2ਰਾਸ਼ਟਰੀ ਖ਼ਬਰਾਂ ਰਾਹੁਲ ਗਾਂਧੀ ਵੱਲੋਂ ਸੋਨੀਆ ਗਾਂਧੀ ਦੀ ਕਿਤਾਬ ਲਾਂਚ ਵੇਲੇ, ਆਪਣੇ ਮਾਪਿਆਂ ਦੀ...

ਰਾਹੁਲ ਗਾਂਧੀ ਵੱਲੋਂ ਸੋਨੀਆ ਗਾਂਧੀ ਦੀ ਕਿਤਾਬ ਲਾਂਚ ਵੇਲੇ, ਆਪਣੇ ਮਾਪਿਆਂ ਦੀ ਨਿੱਜੀ ਜ਼ਿੰਦਗੀ ਬਾਰੇ ਕਹੀਆਂ ਗੱਲਾਂ ‘ਤੇ ਕੀ ਬਹਿਸ ਛਿੜੀ

6
0

Source :- BBC PUNJABI

ਰਾਹੁਲ ਗਾਂਧੀ, ਸੋਨੀਆ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਦੀ ਤਸਵੀਰ

ਰਾਹੁਲ ਗਾਂਧੀ ਨੇ ਸੋਨੀਆ ਗਾਂਧੀ ਦੀ ਕਿਤਾਬ ਦੀ ਲਾਂਚਿੰਗ ਬਾਰੇ ਆਪਣੇ ਮਾਪਿਆਂ ਦੀਆਂ ਕੁਝ ਨਿੱਜੀ ਗੱਲਾਂ ਅਤੇ ਆਪਣੀ ਗਰਲ ਫ੍ਰੈਂਡ ਦਾ ਜ਼ਿਕਰ ਕੀਤਾ, ਜਿਸ ਦੀ ਸੋਸ਼ਲ ਮੀਡੀਆ ਉੱਤੇ ਕਾਫੀ ਚਰਚਾ ਹੋ ਰਹੀ ਹੈ।

ਆਪਣੇ ਮਾਪਿਆਂ ਬਾਰੇ ਕੀਤੀ ਇੱਕ ਟਿੱਪਣੀ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਟ੍ਰੋਲਿੰਗ ਵੀ ਹੋਈ। ਹਾਲਾਂਕਿ ਕੁਝ ਯੂਜ਼ਰਸ ਉਨ੍ਹਾਂ ਦੇ ਪੱਖ ਵਿੱਚ ਕਮੈਂਟਸ ਕਰਦੇ ਵੀ ਨਜ਼ਰ ਆਏ।

ਦਰਅਸਲ ਰਾਹੁਲ ਗਾਂਧੀ ਨੇ ਘਰ ਵਿੱਚ ਆਪਣੇ ਮਾਪਿਆਂ ਦੇ ਪਿਆਰ ਅਤੇ ਲਗਾਅ ਦੇ ਖੁੱਲ੍ਹੇ ਇਜ਼ਹਾਰ ਦਾ ਜ਼ਿਕਰ ਕੀਤਾ ਸੀ, ਜਿਸ ਉੱਤੇ ਕੁਝ ਲੋਕਾਂ ਨੇ ਇਤਰਾਜ਼ ਕੀਤਾ ਸੀ। ਹਾਲਾਂਕਿ ਅਲੋਚਕਾਂ ਨੂੰ ਰਾਹੁਲ ਗਾਂਧੀ ਨੇ ਵੀ ਜਵਾਬ ਦਿੱਤਾ ਹੈ।

ਮੌਕਾ ਸੀ ਦਿੱਲੀ ਵਿੱਚ ਸੋਨੀਆ ਗਾਂਧੀ ਦੀ ਕਿਤਾਬ ਬਿਲੌਂਗਿੰਗ: ਏ ਜਰਨੀ ਆਫ ਲਵ ਦੀ ਲਾਂਚਿੰਗ ਦਾ, ਇਸ ਦੌਰਾਨ ਰਾਹੁਲ ਗਾਂਧੀ ਨੇ ਆਪਣੇ ਮਾਪਿਆਂ ਦੇ ਪਿਆਰ ਦੇ ਪ੍ਰਗਟਾਵੇ ਦਾ ਇੱਕ ਕਿੱਸਾ ਸੁਣਾਇਆ।

ਰਾਹੁਲ ਗਾਂਧੀ ਨੇ ਆਪਣੇ ਪਿਤਾ ਅਤੇ ਮਾਂ ਦੇ ਚੰਗੇ ਪਲਾਂ ਅਤੇ ਪਿਆਰ ਦਾ ਜ਼ਿਕਰ ਕਰਦੇ ਹੋਏ ਕਿਹਾ, “ਮੈਂ ਅਜਿਹਾ ਕਿਸੇ ਹੋਰ ਦੂਜੇ ਦੇ ਘਰ ਨਹੀਂ ਵੇਖਿਆ ਹੈ। ਹਰ ਵਾਰ ਭੋਜਨ ਕਰਦੇ ਵੇਲੇ ਪਾਪਾ ਅਤੇ ਮਾਂ ਬੈਠੇ ਹੁੰਦੇ ਸਨ। ਸਾਡੀ ਮਾਂ ਪਾਪਾ ਦੀ ਗੋਦ ਵਿੱਚ ਬੈਠ ਜਾਂਦੀ ਸੀ। ਮੈਨੂੰ ਲੱਗਦਾ ਸੀ ਇਹ ਆਮ ਗੱਲ ਹੈ। ਮੈਂ ਆਪਣੇ ਦੋਸਤਾਂ ਦੇ ਘਰ ਜਾਂਦਾ ਸੀ ਤਾਂ ਵੇਖਦਾ ਸੀ ਕਿ ਉੱਥੇ ਅਜਿਹਾ ਨਹੀਂ ਹੁੰਦਾ ਹੈ। ਮੈਂ ਉਨ੍ਹਾਂ ਨੂੰ ਪੁੱਛਦਾ ਸੀ ਕਿ ਤੁਹਾਡੀ ਮਾਂ, ਪਾਪਾ ਦੀ ਗੋਦ ਵਿੱਚ ਕਿਉਂ ਨਹੀਂ ਬੈਠੀ ਹੈ।”

ਜਿਸ ਵੇਲੇ ਰਾਹੁਲ ਗਾਂਧੀ ਇਹ ਕਿੱਸਾ ਸੁਣਾ ਰਹੇ ਸੀ, ਉਸ ਵੇਲੇ ਹਾਲ ਵਿੱਚ ਬੈਠੇ ਕਈ ਲੋਕ ਮੁਸਕੁਰਾ ਰਹੇ ਸਨ।

ਰਾਹੁਲ ਗਾਂਧੀ ਨੇ ਦੱਸਿਆ ਕਿ ਉਨ੍ਹਾਂ ਦਾ ਪਾਲਣ-ਪੋਸ਼ਣ ਅਜਿਹੇ ਪਿਆਰ ਭਰੇ ਮਾਹੌਲ ਵਿੱਚ ਹੋ ਰਿਹਾ ਸੀ।

ਰਾਹੁਲ ਗਾਂਧੀ ਅਤੇ ਸੋਨੀਆ ਗਾਂਧੀ ਦੀ ਤਸਵੀਰ

ਰਾਹੁਲ ਗਾਂਧੀ ਦੀ ਇਸ ਟਿੱਪਣੀ ਤੋਂ ਬਾਅਦ ਸੋਨੀਆ ਗਾਂਧੀ ਦੇ ਚਿਹਰੇ ਉੱਤੇ ਪੈਦਾ ਹੋਏ ਭਾਵਾਂ ਬਾਰੇ ਵੀ ਸੋਸ਼ਲ ਮੀਡੀਆ ਉੱਤੇ ਚਰਚਾ ਹੋ ਰਹੀ ਹੈ।

ਰਾਹੁਲ ਦੀਆਂ ਟਿੱਪਣੀਆਂ ਸੁਣਨ ਬਾਅਦ ਉਹ ਹੈਰਾਨ ਹੁੰਦੇ ਹਨ ਅਤੇ ਫਿਰ ਮੁਸਕਰਾਉਣ ਲੱਗਦੇ ਹਨ।

ਹਾਲਾਂਕਿ ਰਾਹੁਲ ਗਾਂਧੀ ਇਸ ਤੋਂ ਬਾਅਦ ਬਿਆਨ ਕਰਦੇ ਹਨ ਕਿ ਕਿਵੇਂ ਉਨ੍ਹਾਂ ਦੀ ਜ਼ਿੰਦਗੀ ਰਾਜੀਵ ਗਾਂਧੀ ਦੀ ਮੌਤ ਤੋਂ ਬਾਅਦ ਬਦਲ ਗਈ,ਉਹ ਕਹਿੰਦੇ ਹਨ ਕਿ ਪਾਪਾ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਮਾਂ ਬਦਲ ਗਏ ਸਨ।

ਰਾਹੁਲ ਗਾਂਧੀ ਜਦੋਂ ਇਹ ਗੱਲ ਦੱਸ ਰਹੇ ਸਨ ਤਾਂ ਇਸ ਦੌਰਾਨ ਸੋਨੀਆ ਗਾਂਧੀ ਅਤੇ ਹਾਲ ਵਿੱਚ ਬੈਠੇ ਕਈ ਲੋਕਾਂ ਦੇ ਚਿਹਰੇ ਭਾਵੁਕ ਨਜ਼ਰ ਆਏ।

ਰਾਹੁਲ ਗਾਂਧੀ ਨੇ ਕਿਹਾ, “ਮੇਰੇ ਮਾਪਿਆਂ ਵਿਚਾਲੇ ਜੋ ਪਿਆਰ ਸੀ, ਉਹ ਇੱਕ ਦਿਨ ਅਚਾਨਕ ਖ਼ਤਮ ਹੋ ਗਿਆ। ਮੇਰੀ ਮਾਂ ਲਈ ਇਹ ਬਹੁਤ ਡਰਾਉਣਾ ਸਮਾਂ ਸੀ। ਇਹ ਕਿਤਾਬ ਮੇਰੇ ਪਿਤਾ ਨਾਲ ਜੁੜੀ ਹੋਈ ਹੈ ਅਤੇ ਮੇਰੇ ਪਿਤਾ ਮੇਰੀ ਮਾਂ ਨਾਲ ਜੁੜੇ ਹੋਏ ਸਨ। ਮੇਰੇ ਪਿਤਾ ਅਚਾਨਕ ਚਲੇ ਗਏ ਅਤੇ ਮੇਰੀ ਮਾਂ ਨੇ ਇੱਕ ਨਵਾਂ ਸਫ਼ਰ ਸ਼ੁਰੂ ਕੀਤਾ।”

ਕੈਪਟਨ ਅਮਰਿੰਦਰ ਸਿੰਘ

ਇੱਕ ਹੋਰ ਕਿੱਸਾ ਸੁਣਾਉਣ ਤੋਂ ਪਹਿਲਾਂ ਉਹ ਪਹਿਲੀ ਸਫ਼ ਵਿੱਚ ਬੈਠੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਮੌਜੂਦਾ ਬੀਜੇਪੀ ਲੀਡਰ ਅਮਰਿੰਦਰ ਸਿੰਘ ਵੱਲ ਵੇਖਦੇ ਹੋਏ ਕਹਿੰਦੇ ਹਨ, “ਮੈਂ ਦੇਖਿਆ ਇੱਥੇ ਅਮਰਿੰਦਰ ਸਿੰਘ ਜੀ ਹਨ, ਜਦੋਂ ਮੈਂ ਤੁਹਾਨੂੰ ਇਹ ਗੱਲ ਦੱਸਾਂਗਾ ਤਾਂ ਸ਼ਾਇਦ ਤੁਹਾਨੂੰ ਯਕੀਨ ਨਹੀਂ ਹੋਵੇਗਾ। ਤੁਸੀਂ ਮੇਰੀ ਭੈਣ ਤੋਂ ਵੀ ਪੁੱਛ ਸਕਦੇ ਹੋ। ਅਸੀਂ ਆਪਣੇ ਮਾਤਾ-ਪਿਤਾ ਨੂੰ ਬਹਿਸ ਕਰਦਿਆਂ ਤਾਂ ਦੇਖਿਆ ਸੀ, ਪਰ ਉਨ੍ਹਾਂ ਨੂੰ ਸਿਰਫ਼ ਇੱਕ ਵਾਰ ਹੀ ਲੜਦਿਆਂ ਦੇਖਿਆ।”

“ਇਤਫ਼ਾਕ ਦੀ ਗੱਲ ਇਹ ਹੈ ਕਿ ਜਦੋਂ ਇਹ ਘਟਨਾ ਵਾਪਰੀ, ਉਸ ਸਮੇਂ ਮੇਰੇ ਪਿਤਾ ਜੀ ਅਮਰਿੰਦਰ ਸਿੰਘ ਜੀ ਨਾਲ ਫ਼ੋਨ ‘ਤੇ ਗੱਲ ਕਰ ਰਹੇ ਸਨ। ਤੁਹਾਨੂੰ ਯਾਦ ਹੈ ਇਹ ਗੱਲ? ਹੈ ਨਾ? ਉਹ ਇੱਕੋ-ਇੱਕ ਮੌਕਾ ਸੀ ਜਦੋਂ ਅਸੀਂ ਉਨ੍ਹਾਂ ਨੂੰ ਆਪਸ ਵਿੱਚ ਲੜਦਿਆਂ ਦੇਖਿਆ ਸੀ। ਪਾਪਾ ਅਮਰਿੰਦਰ ਸਿੰਘ ਜੀ ਨਾਲ ਫ਼ੋਨ ‘ਤੇ ਗੱਲ ਕਰ ਰਹੇ ਸਨ ਅਤੇ ਮੰਮੀ ਉਨ੍ਹਾਂ ਨੂੰ ਕੁਝ ਕਹਿਣ ਦੀ ਕੋਸ਼ਿਸ਼ ਕਰ ਰਹੀ ਸੀ। ਉਨ੍ਹਾਂ ਨੇ ਇੱਕੋ ਗੱਲ ਤਿੰਨ-ਚਾਰ ਵਾਰ ਦੁਹਰਾਈ। ਪਾਪਾ ਪਹਿਲਾਂ ਹੀ ਤਣਾਅ ਵਿੱਚ ਸਨ, ਇਸ ਲਈ ਉਨ੍ਹਾਂ ਨੂੰ ਗੁੱਸਾ ਆ ਗਿਆ। ਬਸ, ਇਹੀ ਉਹ ਝਗੜਾ ਸੀ।”

ਆਲੋਚਨਾ ਅਤੇ ਪੱਖ ਵਿੱਚ ਕੀ ਹੋ ਰਹੀਆਂ ਟਿੱਪਣੀ

ਰਾਜੀਵ ਗਾਂਧੀ ਅਤੇ ਸੋਨੀਆ ਗਾਂਧੀ ਦੀ ਪੁਰਾਣੀ ਤਸਵੀਰ

ਰਾਹੁਲ ਗਾਂਧੀ ਵੱਲੋਂ ਆਪਣੇ ਮਾਪਿਆਂ ਦੇ ਨਿੱਜੀ ਪਲ਼ਾਂ ਬਾਰੇ ਕੀਤੀਆਂ ਗੱਲਾਂ ਉੱਤੇ ਅਸਾਮ ਦੇ ਮੁੱਖ ਮੰਤਰੀ ਅਤੇ ਬੀਜੇਪੀ ਲੀਡਰ ਹੇਮੰਤ ਬਿਸਵਾ ਸਰਮਾ ਦੀ ਟਿੱਪਣੀ ਦੀ ਸੋਸ਼ਲ ਮੀਡੀਆ ਉੱਤੇ ਕਾਫੀ ਚਰਚਾ ਹੋ ਰਹੀ ਹੈ।

ਰਾਹੁਲ ਗਾਂਧੀ ਦੇ ਬਿਆਨ ਦੇ ਇੱਕ ਹਿੱਸੇ ਕਲਿੱਪ ਬਾਰੇ ਉਨ੍ਹਾਂ ਨੇ ਐਕਸ ਉੱਤੇ ਪਾਈ ਇੱਕ ਪੋਸਟ ਵਿੱਚ ਉਨ੍ਹਾਂ ਨੇ ਲਿਖਿਆ, “ਮੈਡਮ, ਮੁਆਫ਼ ਕਰਨਾ, ਉਹ ਤੁਹਾਡੀ ਜ਼ਿੰਦਗੀ ਦੇ ਇੰਨੇ ਖ਼ਾਸ ਦਿਨ ‘ਤੇ ਵੀ ਤੁਹਾਨੂੰ ਸ਼ਰਮਿੰਦਾ ਕਰਨ ਤੋਂ ਬਾਜ਼ ਨਹੀਂ ਆਏ। ਦੇਸ਼ ਨੂੰ ਤਾਂ ਇਹ ਗੱਲ ਬਹੁਤ ਪਹਿਲਾਂ ਹੀ ਸਮਝ ਆ ਗਈ ਸੀ। ਉਮੀਦ ਹੈ ਕਿ ਹੁਣ ਤੁਸੀਂ ਵੀ ਇਹ ਸਮਝ ਜਾਓਗੇ। “

ਹਾਲਾਂਕਿ ਕਈ ਯੂਜ਼ਰਸ ਨੇ ਹੇਮੰਤ ਬਿਸਵਾ ਦੇ ਬਿਆਨ ਅਤੇ ਇਸੇ ਤਰ੍ਹਾਂ ਦੀਆਂ ਹੋਰ ਟਿੱਪਣੀਆਂ ਦੀ ਵੀ ਅਲੋਚਨਾ ਕੀਤੀ ਹੈ।

ਇੱਕ ਯੂਜ਼ਰਸ ਨੇ ਲਿਖਿਆ ਜਿਨ੍ਹਾਂ ਘਰਾਂ ਵਿੱਚ ਬੱਚੇ ਆਪਣੇ ਮਾਪਿਆਂ ਨੂੰ ਇੱਕ-ਦੂਜੇ ਨਾਲ ਖੁੱਲ੍ਹ ਕੇ ਪਿਆਰ ਦਾ ਇਜ਼ਹਾਰ ਕਰਦੇ ਦੇਖਦੇ ਹੋਏ ਵੱਡੇ ਹੁੰਦੇ ਹਨ, ਇਹ ਉਨ੍ਹਾਂ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹੁੰਦਾ।

“ਰਾਹੁਲ ਅਤੇ ਪ੍ਰਿਯੰਕਾ ਗਾਂਧੀ ਇਸ ਮਾਮਲੇ ਵਿੱਚ ਬਹੁਤ ਖੁਸ਼ਕਿਸਮਤ ਹਨ। ਜੇ ਤੁਸੀਂ ਇਸ ਗੱਲ ਦਾ ਮਜ਼ਾਕ ਉਡਾ ਰਹੇ ਹੋ ਤਾਂ ਅਸਲ ਵਿੱਚ ਮਜ਼ਾਕ ਤੁਹਾਡਾ ਹੀ ਬਣ ਰਿਹਾ ਹੈ।”

ਇੱਕ ਯੂਜ਼ਰ ਨੇ ਲਿਖਿਆ ਕਿ ਘੱਟੋ ਘੱਟ ਰਿਸ਼ਤਿਆਂ ਨੂੰ ਲੈ ਕੇ ਕਹੀ ਗਈ ਗੱਲ ਦੀ ਬੇਵਜ੍ਹਾ ਟ੍ਰੋਲਿੰਗ ਛੱਡ ਦੇਣੀ ਚਾਹੀਦੀ ਹੈ।

ਕੁਝ ਸੋਸ਼ਲ ਮੀਡੀਆ ਯੂਜ਼ਰਸ ਨੇ ਰਾਹੁਲ ਗਾਂਧੀ ਦੀ ਸਪੀਚ ਨੂੰ ਕਾਫੀ ਫਰੈਂਕ ਭਾਵ ਦੋਸਤਾਨਾ ਦੱਸਿਆ ਅਤੇ ਇਹ ਵੀ ਕਿਹਾ ਕਿ ਇਸ ਟਿੱਪਣੀ ਨੇ ਸੋਨੀਆ ਗਾਂਧੀ ਨੂੰ ਥੋੜ੍ਹਾ ਸ਼ਰਮਿੰਦਾ ਕੀਤਾ।

ਰਾਹੁਲ ਗਾਂਧੀ ਅਤੇ ਕਾਂਗਰਸ ਨੇ ਵੀ ਦਿੱਤਾ ਜਵਾਬ

ਰਾਹੁਲ ਗਾਂਧੀ

ਆਪਣੀ ਟਿੱਪਣੀ ਦੀ ਅਲੋਚਨਾ ਬਾਰੇ ਰਾਹੁਲ ਗਾਂਧੀ ਨੇ ਵੀ ਜਵਾਬ ਦਿੱਤਾ ਹੈ, ਉਨ੍ਹਾਂ ਨੇ ਕਿਹਾ, “ਡਰ, ਗੁੱਸੇ ਅਤੇ ਨਫ਼ਰਤ ਨੇ ਭਾਜਪਾ ਅਤੇ ਆਰਐੱਸਐੱਸ ਦੇ ਸਮਰਥਕਾਂ ਦੇ ਦਿਲਾਂ ਵਿੱਚ ਅਜਿਹਾ ਜਾਲ ਬੁਣ ਦਿੱਤਾ ਹੈ, ਜੋ ਉਨ੍ਹਾਂ ਨੂੰ ਪਿਆਰ ਮਹਿਸੂਸ ਕਰਨ ਅਤੇ ਇਸ ਦਾ ਇਜ਼ਹਾਰ ਕਰਨ ਤੋਂ ਰੋਕਦਾ ਹੈ।”

“ਇੱਕ ਸੱਚੇ ਹਿੰਦੂ ਵਜੋਂ ਇਹ ਮੇਰਾ ਫਰਜ਼ ਹੈ ਕਿ ਮੈਂ ਉਨ੍ਹਾਂ ਨੂੰ ਇਸ ਜਾਲ ਵਿੱਚੋਂ ਬਾਹਰ ਕੱਢਾਂ, ਤਾਂ ਜੋ ਉਹ ਵੀ ਆਪਣੀ ਜ਼ਿੰਦਗੀ ਵਿੱਚ ਪਿਆਰ ਅਤੇ ਆਪਣੇਪਨ ਦੀ ਖੂਬਸੂਰਤੀ ਤੇ ਖੁਸ਼ੀ ਨੂੰ ਮਹਿਸੂਸ ਕਰ ਸਕਣ।”

ਕਾਂਗਰਸੀ ਆਗੂ ਸੁਪ੍ਰਿਆ ਸ਼੍ਰੀਨੇਤ ਨੇ ਵੀ ਐਕਸ ਉੱਤੇ ਪੋਸਟ ਪਾ ਕੇ ਲਿਖਿਆ,”ਤਾਂ ਕੀ ਹੁਣ ਲੋਕ ਪਿਆਰ ਤੋਂ ਵੀ ਨਾਰਾਜ਼ ਹੋਣ ਲੱਗ ਪਏ ਹਨ? ਇੱਕ ਜੋੜੇ ਦੇ ਇੱਕ-ਦੂਜੇ ਨਾਲ ਪਿਆਰ ਕਰਨ ਤੋਂ? ਇੱਕ ਪੁੱਤਰ ਵੱਲੋਂ ਆਪਣੇ ਮਾਪਿਆਂ ਦੇ ਪਿਆਰ ਬਾਰੇ ਗੱਲ ਕਰਨ ਤੋਂ? ਬੱਸ ਵੀ ਕਰੋ!”

“ਪਿਆਰ ਕਰਨਾ ਅਤੇ ਪਿਆਰ ਪਾਉਣਾ, ਰੋਜ਼ਾਨਾ ਜ਼ਿੰਦਗੀ ਦੀ ਭੱਜ-ਦੌੜ ਅਤੇ ਉਲਝਣਾਂ ਦੇ ਬਾਵਜੂਦ ਜੀਵਨ ਸਾਥੀਆਂ ਦਾ ਇੱਕ-ਦੂਜੇ ਦੇ ਪਿਆਰ ਵਿੱਚ ਡੁੱਬੇ ਰਹਿਣਾ, ਬਿਨਾਂ ਕਿਸੇ ਝਿਜਕ ਦੇ ਆਪਣੇ ਪਿਆਰ ਦਾ ਇਜ਼ਹਾਰ ਕਰਨਾ ਅਤੇ ਇੱਕ-ਦੂਜੇ ਦੇ ਨੇੜੇ ਆਉਣਾ, ਬੱਚਿਆਂ ਦਾ ਅਜਿਹੇ ਮਾਪਿਆਂ ਨੂੰ ਦੇਖਦੇ ਹੋਏ ਵੱਡੇ ਹੋਣਾ, ਇਹ ਸਿਰਫ਼ ਖੂਬਸੂਰਤ ਹੀ ਨਹੀਂ, ਸਗੋਂ ਇੱਕ ਕ੍ਰਾਂਤੀਕਾਰੀ ਗੱਲ ਹੈ।”

ਰਾਹੁਲ ਗਾਂਧੀ ਨੇ ਆਪਣੀ ਗਰਲ ਫ੍ਰੈਂਡ ਬਾਰੇ ਕੀ ਦੱਸਿਆ

ਰਾਹੁਲ ਗਾਂਧੀ ਟਿੱਪਣੀ

ਇਸ ਸਪੀਚ ਦੌਰਾਨ ਰਾਹੁਲ ਗਾਂਧੀ ਨੇ ਆਪਣੀ ਗਰਲ ਫ੍ਰੈਂਡ ਦਾ ਵੀ ਜ਼ਿਕਰ ਕੀਤਾ, ਉਨ੍ਹਾਂ ਕਿਹਾ ਕਿ ਮੈਂ ਆਪਣੀ ਗਰਲ ਫ੍ਰੈਂਡ ਨੂੰ ਉਸ ਰੈਸਟੋਰੈਂਟ ਲੈ ਕਿ ਗਿਆ ਜਿੱਥੇ ਮੇਰੇ ਮਾਪੇ ਪਹਿਲੀ ਵਾਰ ਮਿਲੇ ਸਨ।

ਰਾਹੁਲ ਗਾਂਧੀ ਨੇ ਕਿਹਾ,”ਮੇਰੇ ਮਾਤਾ-ਪਿਤਾ ਬਾਰੇ ਕਈ ਕਿੱਸੇ ਹਨ। ਇਨ੍ਹਾਂ ਵਿੱਚੋਂ ਇੱਕ ਅਹਿਮ ਕਿੱਸਾ ਉਨ੍ਹਾਂ ਦੀ ਵਰਸਿਟੀ ਰੈਸਟੋਰੈਂਟ ਵਿੱਚ ਹੋਈ ਪਹਿਲੀ ਮੁਲਾਕਾਤ ਨਾਲ ਜੁੜਿਆ ਹੋਇਆ ਹੈ। ਉਹ ਇਸ ਰੈਸਟੋਰੈਂਟ ਵਿੱਚ ਕਿਵੇਂ ਮਿਲੇ ਸਨ, ਇਹ ਵੀ ਇੱਕ ਵੱਡੀ ਕਹਾਣੀ ਹੈ।”

ਰਾਹੁਲ ਗਾਂਧੀ ਨੇ ਦੱਸਿਆ,”ਇਸ ਘਟਨਾ ਤੋਂ ਕਈ ਸਾਲ ਬਾਅਦ ਮੈਂ ਕੈਂਬਰਿਜ ਵਿੱਚ ਸੀ। ਮੈਂ ਆਪਣੀ ਗਰਲਫ੍ਰੈਂਡ ਨੂੰ ਕਿਹਾ ਕਿ ਆਓ, ਵਰਸਿਟੀ ਰੈਸਟੋਰੈਂਟ ਚੱਲਦੇ ਹਾਂ। ਉਸ ਨੂੰ ਇਸ ਰੈਸਟੋਰੈਂਟ ਬਾਰੇ ਕੋਈ ਜਾਣਕਾਰੀ ਨਹੀਂ ਸੀ। ਮੈਂ ਉਸ ਨੂੰ ਦੱਸਿਆ ਕਿ ਦੇਖੋ, ਇਹ ਉਹੀ ਜਗ੍ਹਾ ਹੈ ਜਿੱਥੇ ਮੇਰੇ ਮਾਤਾ-ਪਿਤਾ ਦੀ ਮੁਲਾਕਾਤ ਹੋਈ ਸੀ।”

ਰਾਹੁਲ ਗਾਂਧੀ ਨੇ ਕਿਹਾ, “ਮੈਂ ਉਸ ਨੂੰ ਦੱਸਿਆ ਕਿ ਮੇਰੇ ਮਾਤਾ-ਪਿਤਾ ਇਸੇ ਰੈਸਟੋਰੈਂਟ ਵਿੱਚ ਮਿਲੇ ਸਨ। ਮੈਂ ਉਸ ਨੂੰ ਪੁੱਛਿਆ ਕਿ ਤੁਹਾਡੇ ਮੈਨਿਊ ਵਿੱਚ ਕੀ ਚੰਗਾ ਹੈ? ਉਸ ਨੇ ਮੈਨੂੰ ਚਿਕਨ ਚੈਸੁਰ ਖਾਣ ਦੀ ਸਲਾਹ ਦਿੱਤੀ।”

ਰਾਹੁਲ ਗਾਂਧੀ ਨੇ ਕਿਹਾ, “ਅਸੀਂ ਚਿਕਨ ਮੰਗਵਾਇਆ ਅਤੇ ਖਾਧਾ। ਜੇਕਰ ਤੁਹਾਨੂੰ ਕਿਸੇ ਨਾਲ ਪਿਆਰ ਹੋ ਜਾਂਦਾ ਹੈ ਅਤੇ ਤੁਸੀਂ ਵਰਸਿਟੀ ਰੈਸਟੋਰੈਂਟ ਜਾਂਦੇ ਹੋ ਤਾਂ ਉੱਥੇ ਕਦੇ ਵੀ ਚਿਕਨ ਚੈਸੁਰ ਨਾ ਖਾਇਓ। ਉਹ ਕਹਿਣਗੇ ਕਿ ਇਹ ਸ਼ਾਨਦਾਰ ਖਾਣਾ ਹੈ, ਪਰ ਅਸਲ ਵਿੱਚ ਉਹ ਬਹੁਤ ਹੀ ਖ਼ਰਾਬ ਸੀ।”

ਸਮਾਗਮ ਤੋਂ ਬਾਅਦ ਜਦੋਂ ਰਾਹੁਲ ਗਾਂਧੀ ਤੋਂ ਪੁੱਛਿਆ ਗਿਆ ਕਿ ਉਹ ਗਰਲ ਫਰੈਂਡ ਹੁਣ ਕਿੱਥੇ ਹੈ ਤਾਂ ਜਵਾਬ ਵਜੋਂ ਰਾਹੁਲ ਗਾਂਧੀ ਨੇ ਕਿਹਾ, ‘ਹੁਣ ਅਸੀਂ ਦੋਸਤ ਹਾਂ’।

ਇੰਦਰਾ ਗਾਂਧੀ ਦੇ ਕਤਲ ਦੇ ਬਾਅਦ ਪਿਤਾ ਰਾਜੀਵ ਗਾਂਧੀ ਅਤੇ ਮਾਂ ਸੋਨੀਆ ਗਾਂਧੀ ਦੇ ਨਾਲ ਰਾਹੁਲ ਗਾਂਧੀ

ਮਾਹਰ ਇਨ੍ਹਾਂ ਟਿੱਪਣੀਆਂ ਅਤੇ ਪ੍ਰਤੀਕਿਰਿਆਵਾਂ ਬਾਰੇ ਕੀ ਕਹਿੰਦੇ ਹਨ

ਰਾਹੁਲ ਗਾਂਧੀ ਦੀਆਂ ਇਨ੍ਹਾਂ ਗੱਲਾਂ ਅਤੇ ਉਸ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਉਨ੍ਹਾਂ ਬਾਰੇ ਹੋਈਆਂ ਸਕਾਰਾਤਮਕ ਅਤੇ ਨਕਾਰਾਤਮਕ ਟਿੱਪਣੀਆਂ ਬਾਰੇ ਦੱਸਦੇ ਹੋਏ ਜੈਂਡਰ ਸਮਾਨਤਾ ਬਾਰੇ ਸਿਖਲਾਈ ਦੇਣ ਵਾਲੇ ਲਕਸ਼ਮੀ ਯਾਦਵ ਕਹਿੰਦੇ ਹਨ,”ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਭਾਰਤ ਵਿੱਚ ਅੱਜ ਵੀ ਕਈ ਸਾਲ ਬੀਤ ਜਾਣ ਦੇ ਬਾਵਜੂਦ ਅਜਿਹੀਆਂ ਗੱਲਾਂ ਨੂੰ ਲੈ ਕੇ ਬਹੁਤ ਜ਼ਿਆਦਾ ਨਕਾਰਾਤਮਕ ਸੋਚ ਹੈ। “

“ਇਹ ਸਿਰਫ਼ ਵਰਜਿਤ ਵਿਸ਼ਾ ਹੋਣ ਤੱਕ ਸੀਮਤ ਨਹੀਂ ਹੈ। ਇੱਕ ਪਾਸੇ ਅਸੀਂ ਵਿਆਹ, ਬੱਚਿਆਂ, ਪ੍ਰਜਨਨ ਅਤੇ ਜਿਨਸੀ ਸਬੰਧਾਂ ਬਾਰੇ ਗੱਲ ਹੀ ਨਹੀਂ ਕਰਨਾ ਚਾਹੁੰਦੇ। ਅਜਿਹਾ ਲੱਗਦਾ ਹੈ ਕਿ ਇਨ੍ਹਾਂ ਬਾਰੇ ਗੱਲ ਕਰਨੀ ਹੀ ਨਹੀਂ ਚਾਹੀਦੀ। ਪਰ ਦੂਜੇ ਪਾਸੇ ਸਰੀਰ ਨੂੰ ਵੀ ਸਮਾਜ ਅਜੇ ਤੱਕ ਇੱਕ ਆਮ ਚੀਜ਼ ਵਜੋਂ ਸਵੀਕਾਰ ਨਹੀਂ ਕਰਦਾ। ਇਸ ਨੂੰ ਸੰਸਕਾਰਾਂ ਨਾਲ ਜੋੜ ਦਿੱਤਾ ਜਾਂਦਾ ਹੈ। ਜਦਕਿ ਭਾਰਤੀ ਸਮਾਜ ਵਿੱਚ ਪਹਿਲਾਂ ਸਰੀਰ ਨੂੰ ਬਹੁਤ ਆਮ ਗੱਲ ਮੰਨਿਆ ਜਾਂਦਾ ਸੀ।”

ਉਹ ਕਹਿੰਦੇ ਹਨ,”ਦੂਜੀ ਗੱਲ ਰਿਸ਼ਤਿਆਂ ਬਾਰੇ ਹੈ। ਸਾਡੇ ਭਾਰਤੀ ਸਮਾਜ ਵਿੱਚ ਪਤੀ-ਪਤਨੀ ਦੇ ਰਿਸ਼ਤੇ ਨੂੰ ਬਹੁਤ ਵੱਖ ਤਰੀਕੇ ਨਾਲ ਦੇਖਿਆ ਜਾਂਦਾ ਹੈ। ਇੱਕ ਸੋਚ ਇਹ ਹੈ ਕਿ ਜੋ ਵੀ ਕਰਨਾ ਹੈ, ਉਹ ਸਿਰਫ਼ ਬੈੱਡਰੂਮ ਦੇ ਅੰਦਰ ਹੀ ਕਰੋ। ਮੈਨੂੰ ਲੱਗਦਾ ਹੈ ਕਿ ਇਸ ਸਪਰਸ਼ ਨੂੰ ਗੰਦੇ ਨਜ਼ਰੀਏ ਨਾਲ ਦੇਖਣਾ ਸਾਡੇ ਸਮਾਜ ਦੇ ਕੁਝ ਹਿੱਸੇ ਦੀ ਸੋਚ ਦੀ ਵਿੱਚ ਸ਼ੁਰੂਆਤ ਤੋਂ ਹੀ ਰਿਹਾ ਹੈ। ਇਸ ਤੋਂ ਬਾਅਦ ਉਹ ਇਸ ਨੂੰ ਬਹੁਤ ਗ਼ਲਤ ਤਰੀਕੇ ਨਾਲ ਕਿਸੇ ਦੇ ਕਿਰਦਾਰ ਨਾਲ ਜੋੜ ਦਿੰਦੇ ਹਨ। ਫਿਰ ਇੰਨੀ ਘਟੀਆ ਟ੍ਰੋਲਿੰਗ ਕਰਦੇ ਹਨ ਕਿ ਅਸਲ ਮੁੱਦੇ ਪਿੱਛੇ ਰਹਿ ਜਾਂਦੇ ਹਨ ਅਤੇ ਸਾਰੇ ਲੋਕ ਉਸ ਮੁੱਦੇ ਨੂੰ ਉਸੇ ਨਜ਼ਰੀਏ ਨਾਲ ਦੇਖਣ ਲੱਗ ਜਾਂਦੇ ਹਨ।”

ਲਕਸ਼ਮੀ ਯਾਦਵ ਦੀ ਟਿੱਪਣੀ

ਉਦਾਹਰਣ ਵਜੋਂ ਉਹ ਕਹਿੰਦੇ ਹਨ,”ਜੇਕਰ ਮੈਂ ਆਪਣੇ ਪੁੱਤਰ ਨੂੰ ਚੰਗੇ ਸਪਰਸ਼ ਬਾਰੇ ਨਹੀਂ ਦੱਸਾਂਗੀ, ਉਸ ਨੂੰ ਪਿਆਰ ਨਾਲ ਨਹੀਂ ਛੂਹਾਂਗੀ ਅਤੇ ਆਪਣੇ ਪਤੀ ਜਾਂ ਪਰਿਵਾਰ ਦੇ ਹੋਰ ਮੈਂਬਰਾਂ ਨਾਲ ਵੀ ਪਿਆਰ ਭਰਿਆ ਵਿਹਾਰ ਨਹੀਂ ਕਰਾਂਗੀ ਤਾਂ ਮੇਰਾ ਪੁੱਤਰ ਚੰਗੇ ਸਪਰਸ਼ ਬਾਰੇ ਕਿਵੇਂ ਸਿੱਖੇਗਾ? ਅਤੇ ਫਿਰ ਉਹ ਹਰ ਚੀਜ਼ ਨੂੰ ਗੰਦੇ ਨਜ਼ਰੀਏ ਨਾਲ ਦੇਖਣਾ ਵੀ ਸਿੱਖੇਗਾ।”

ਆਉਣ ਵਾਲੀਆਂ ਪੀੜੀਆਂ ਬਾਰੇ ਉਹ ਕਹਿੰਦੇ ਹਨ,”ਨਵੀਂ ਪੀੜੀ ਦੇ ਬੱਚਿਆਂ ਦੀ ਸੋਚ ਬਹੁਤ ਸਪੱਸ਼ਟ ਹੈ। ਉਨ੍ਹਾਂ ਨੂੰ ਲਿੰਗਕ ਭੇਦਭਾਵ ਵਰਗੀਆਂ ਚੀਜ਼ਾਂ ਨਜ਼ਰ ਹੀ ਨਹੀਂ ਆਉਂਦੀਆਂ। ਉਸ ਲਈ ਸਪਰਸ਼, ਪਿਆਰ ਅਤੇ ਰਿਸ਼ਤੇ ਆਮ ਗੱਲਾਂ ਹਨ। ਇਹ ਬੱਚੇ ਬਹੁਤ ਸਪੱਸ਼ਟ ਸੋਚ ਰੱਖਦੇ ਹਨ। ਫਿਰ ਇਹ ਕੌਣ ਲੋਕ ਹਨ? ਇਹ ਪਿਛਲੀ ਪੀੜ੍ਹੀ ਦੇ ਬਹੁਤ ਸਾਰੇ ਲੋਕ ਹਨ, ਜੋ ਇਸ ਪ੍ਰਣਾਲੀ ਨੂੰ ਬਦਲਣਾ ਹੀ ਨਹੀਂ ਚਾਹੁੰਦੇ।”

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube ‘ਤੇ ਜੁੜੋ।)

source : BBC PUNJABI