Home rss national punjabi2ਰਾਸ਼ਟਰੀ ਖ਼ਬਰਾਂ ‘ਇਕੱਲੇ ਘਰ ਨਹੀਂ ਖਰੀਦ ਸਕਦੇ ਸੀ, ਇਸ ਲਈ ਅਜਨਬੀਆਂ ਨਾਲ ਮਿਲ ਕੇ...

‘ਇਕੱਲੇ ਘਰ ਨਹੀਂ ਖਰੀਦ ਸਕਦੇ ਸੀ, ਇਸ ਲਈ ਅਜਨਬੀਆਂ ਨਾਲ ਮਿਲ ਕੇ ਖਰੀਦਿਆ’, ਕੈਨੇਡਾ ‘ਚ ਮਹਿੰਗੇ ਘਰਾਂ ਤੋਂ ਪਰੇਸ਼ਾਨ ਲੋਕਾਂ ਦੀ ਕਹਾਣੀ

7
0

Source :- BBC PUNJABI

ਪੁਲਮੈਨ ਪਰਿਵਾਰ ਅਤੇ ਵਿਲਕੌਕਸ ਪਰਿਵਾਰ

ਜਦੋਂ ਐਲਿਜ਼ਾਬੈਥ ਅਤੇ ਟੌਮ ਵਿਲਕੌਕਸ ਨੂੰ ਅਹਿਸਾਸ ਹੋਇਆ ਕਿ ਉਹ ਆਪਣੇ ਅਤੇ ਆਪਣੇ ਦੋ ਬੱਚਿਆਂ ਲਈ ਮਨਪਸੰਦ ਘਰ ਖਰੀਦਣ ਦਾ ਖ਼ਰਚਾ ਕਦੇ ਵੀ ਇਕੱਲੇ ਨਹੀਂ ਚੁੱਕ ਸਕਣਗੇ, ਤਾਂ ਉਨ੍ਹਾਂ ਨੇ ਇੱਕ ਵੱਡਾ ਜੋਖ਼ਮ ਲੈਣ ਦਾ ਫ਼ੈਸਲਾ ਕੀਤਾ।

ਉਨ੍ਹਾਂ ਨੇ ਕਿਸੇ ਹੋਰ ਅਜਿਹੇ ਜੋੜੇ ਦੀ ਭਾਲ ਕਰਨ ਦਾ ਫ਼ੈਸਲਾ ਕੀਤਾ, ਜਿਸ ਦੇ ਛੋਟੇ ਬੱਚੇ ਹੋਣ। ਇਹ ਜੋੜਾ ਉਨ੍ਹਾਂ ਲਈ ਬਿਲਕੁਲ ਅਜਨਬੀ ਹੋਵੇਗਾ। ਉਹ ਉਨ੍ਹਾਂ ਨੂੰ ਜਾਇਦਾਦ ਅੱਧੇ-ਅੱਧੇ ਹਿੱਸੇ ਵਿੱਚ ਖਰੀਦਣ ਅਤੇ ਸਾਰੇ ਇਕੱਠੇ ਰਹਿਣ ਦਾ ਪ੍ਰਸਤਾਵ ਦੇਣਗੇ।

ਵੈਨਕੂਵਰ ਵਿੱਚ ਰਹਿਣ ਵਾਲੇ ਵਿਲਕੌਕਸ ਪਰਿਵਾਰ ਲਈ ਘਰ ਖਰੀਦਣਾ ਬੇਹੱਦ ਮੁਸ਼ਕਲ ਹੋ ਗਿਆ ਸੀ।

ਵੈਨਕੂਵਰ ਲੰਬੇ ਸਮੇਂ ਤੋਂ ਕੈਨੇਡਾ ਦੇ ਸਭ ਤੋਂ ਮਹਿੰਗੇ ਘਰਾਂ ਵਾਲੇ ਸ਼ਹਿਰਾਂ ਵਿੱਚੋਂ ਇੱਕ ਰਿਹਾ ਹੈ। ਉਹ ਅਜਿਹਾ ਘਰ ਖਰੀਦਣ ਲਈ ਬੇਤਾਬ ਸਨ, ਜਿਸ ਦੇ ਪਿਛਲੇ ਪਾਸੇ ਬਗੀਚਾ ਹੋਵੇ ਅਤੇ ਉਨ੍ਹਾਂ ਦੇ ਬੱਚੇ ਉੱਥੇ ਖੇਡ ਸਕਣ।

ਸਿਹਤ ਸੰਭਾਲ ਖੇਤਰ ਵਿੱਚ ਪ੍ਰੋਜੈਕਟ ਮੈਨੇਜਰ ਵਜੋਂ ਕੰਮ ਕਰਨ ਵਾਲੇ ਐਲਿਜ਼ਾਬੈਥ ਕਹਿੰਦੇ ਹਨ, “ਅਸੀਂ ਅਜਿਹਾ ਘਰ ਚਾਹੁੰਦੇ ਸੀ ਜਿਸ ਦੇ ਵਿਹੜੇ ਵਿੱਚ ਟ੍ਰੈਂਪੋਲਿਨ ਲਗਾਉਣ ਲਈ ਜਗ੍ਹਾ ਹੋਵੇ ਅਤੇ ਜੋ ਅਜਿਹੇ ਇਲਾਕੇ ਵਿੱਚ ਹੋਵੇ, ਜਿੱਥੇ ਪੈਦਲ ਆਸਾਨੀ ਨਾਲ ਆਇਆ-ਜਾਇਆ ਜਾ ਸਕੇ, ਪਰ ਅਸੀਂ ਇਸ ਨੂੰ ਖਰੀਦਣ ਦੀ ਸਮਰੱਥਾ ਨਹੀਂ ਰੱਖਦੇ ਸੀ।”

10 ਲੱਖ ਕੈਨੇਡੀਅਨ ਡਾਲਰ (7 ਲੱਖ ਅਮਰੀਕੀ ਡਾਲਰ ਜਾਂ 5 ਲੱਖ ਬ੍ਰਿਟਿਸ਼ ਪੌਂਡ ਜਾਂ ਸਾਢੇ 6 ਕਰੋੜ ਭਾਰਤੀ ਰੁਪਏ) ਦੇ ਬਜਟ ਵਿੱਚ ਉਹ ਵੱਧ ਤੋਂ ਵੱਧ ਬਾਲਕੋਨੀ ਵਾਲਾ ਇੱਕ ਛੋਟਾ ਅਪਾਰਟਮੈਂਟ ਹੀ ਖਰੀਦਣ ਦੀ ਉਮੀਦ ਕਰ ਸਕਦੇ ਸਨ।

ਇਸੇ ਦੌਰਾਨ ਐਲਿਜ਼ਾਬੈਥ ਦੇ ਮਨ ਵਿੱਚ ਕਿਸੇ ਹੋਰ ਪਰਿਵਾਰ ਨਾਲ ਮਿਲ ਕੇ ਘਰ ਖਰੀਦਣ ਦਾ ਵਿਚਾਰ ਆਇਆ।

‘ਅਸੀਂ ਹਜ਼ਾਰਾਂ ਡਾਲਰ ਬਚਾਏ ਹਨ’

ਉਨ੍ਹਾਂ ਨੇ ਇੱਕ ਸਥਾਨਕ ਰੀਅਲ ਅਸਟੇਟ ਏਜੰਟ ਦੇ ਈ-ਨਿਊਜ਼ਲੈਟਰ ਵਿੱਚ ਇਸ਼ਤਿਹਾਰ ਦਿੱਤਾ, ਪਰ ਉਨ੍ਹਾਂ ਨੂੰ ਅਜਿਹਾ ਪਰਿਵਾਰ ਮਿਲਣ ਵਿੱਚ ਦੋ ਸਾਲ ਲੱਗ ਗਏ, ਜਿਸ ਨਾਲ ਉਨ੍ਹਾਂ ਦੀ ਚੰਗੀ ਸਾਂਝ ਬਣ ਸਕੀ।

ਇਹ ਪਰਿਵਾਰ ਐਸ਼ਲੇ ਪੁਲਮੈਨ, ਉਨ੍ਹਾਂ ਦੇ ਪਤੀ ਅਤੇ ਦੋ ਬੱਚਿਆਂ ਦਾ ਸੀ।

2023 ਵਿੱਚ ਵਿਲਕੌਕਸ ਅਤੇ ਪੁਲਮੈਨ ਪਰਿਵਾਰਾਂ ਨੇ ਮਿਲ ਕੇ 6 ਬੈੱਡਰੂਮ ਵਾਲਾ ਇੱਕ ਵੱਖਰਾ ਮਕਾਨ ਖਰੀਦਿਆ, ਜਿਸ ਦੇ ਪਿਛਲੇ ਪਾਸੇ ਬਗੀਚਾ ਵੀ ਸੀ। ਇਸ ਦੀ ਕੀਮਤ 18 ਲੱਖ 50 ਹਜ਼ਾਰ ਕੈਨੇਡੀਅਨ ਡਾਲਰ ਸੀ।

ਦੋਵਾਂ ਪਰਿਵਾਰਾਂ ਨੇ 2 ਲੱਖ 50 ਹਜ਼ਾਰ ਕੈਨੇਡੀਅਨ ਡਾਲਰ ਦੀ ਡਾਊਨ ਪੇਮੈਂਟ ਅੱਧੀ-ਅੱਧੀ ਦਿੱਤੀ।

ਇਸ ਤੋਂ ਇਲਾਵਾ ਉਹ ਹਰ ਮਹੀਨੇ 3,900 ਕੈਨੇਡੀਅਨ ਡਾਲਰ ਦੀ ਮੌਰਗੇਜ ਕਿਸ਼ਤ ਵੀ ਅੱਧੀ-ਅੱਧੀ ਭਰਦੇ ਹਨ। ਉਹ ਘਰ ਦੇ ਬਿੱਲ ਅਤੇ ਹੋਰ ਖ਼ਰਚੇ ਵੀ ਬਰਾਬਰ ਵੰਡਦੇ ਹਨ, ਜਿਵੇਂ ਕਿ ਘਰ ਦੀ ਲੋੜੀਂਦੀ ਮੁਰੰਮਤ ਦਾ ਖ਼ਰਚਾ।

ਐਲਿਜ਼ਾਬੈਥ ਦਾ ਕਹਿਣਾ ਹੈ ਕਿ ਇਸ ਪ੍ਰਬੰਧ ਨਾਲ ਦੋਵਾਂ ਪਰਿਵਾਰਾਂ ਦੇ “ਹਜ਼ਾਰਾਂ ਡਾਲਰਾਂ ਦੀ ਬਚਤ ਹੋਈ ਹੈ।”

ਹਾਲਾਂਕਿ, ਇਸ ਬਾਰੇ ਕੋਈ ਅਧਿਕਾਰਤ ਅੰਕੜੇ ਉਪਲਬਧ ਨਹੀਂ ਹਨ ਕਿ ਕਿੰਨੇ ਲੋਕ ਪਹਿਲਾਂ ਤੋਂ ਅਣਜਾਣ ਵਿਅਕਤੀਆਂ ਨਾਲ ਮਿਲ ਕੇ ਘਰ ਖਰੀਦ ਰਹੇ ਹਨ।

ਮਾਵਾਂ ਐਸ਼ਲੇ ਪੁਲਮੈਨ (ਖੱਬੇ) ਅਤੇ ਐਲਿਜ਼ਾਬੈਥ ਵਿਲਕੌਕਸ

ਪਰਿਮਲ ਗੋਸਲ ਦਾ ਕਹਿਣਾ ਹੈ ਕਿ ਟੋਰਾਂਟੋ ਵਿੱਚ ਜਾਇਦਾਦਾਂ ਦੀਆਂ ਉੱਚੀਆਂ ਕੀਮਤਾਂ ਕਾਰਨ ਉਨ੍ਹਾਂ ਨੇ ਇਸ ਤਰ੍ਹਾਂ ਘਰ ਖਰੀਦਣ ਵਿੱਚ ਲੋਕਾਂ ਦੀ ਦਿਲਚਸਪੀ ਕਾਫ਼ੀ ਵਧਦੀ ਦੇਖੀ ਹੈ।

ਗੋਸਲ ਕੈਨੇਡਾ ਦੇ ਸਭ ਤੋਂ ਵੱਡੇ ਸ਼ਹਿਰ ਟੋਰਾਂਟੋ ਵਿੱਚ ‘ਹਸਮੇਟਸ’ ਐਪ ਅਤੇ ਵੈੱਬਸਾਈਟ ਦੇ ਸੰਸਥਾਪਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਹਨ।

ਇਹ ਐਪ ਅਤੇ ਵੈੱਬਸਾਈਟ ਉਨ੍ਹਾਂ ਲੋਕਾਂ ਨੂੰ ਆਪਸ ਵਿੱਚ ਜੋੜਦੀ ਹੈ, ਜੋ ਕਿਸੇ ਅਜਨਬੀ ਨਾਲ ਮਿਲ ਕੇ ਘਰ ਖਰੀਦਣ ਬਾਰੇ ਵਿਚਾਰ ਕਰ ਰਹੇ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਇਸ ਨੂੰ “ਇੱਕ ਵਿੱਤੀ ਰਿਸ਼ਤੇ ਵਜੋਂ ਦੇਖਿਆ ਜਾ ਸਕਦਾ ਹੈ ਅਤੇ ਇਸ ਨਾਲ ਭਾਵਨਾਵਾਂ ਨੂੰ ਇਸ ਤੋਂ ਦੂਰ ਰੱਖਿਆ ਜਾ ਸਕਦਾ ਹੈ।”

ਦੁਨੀਆ ਦੇ ਹੋਰਨਾਂ ਹਿੱਸਿਆਂ ਵਿੱਚ ਇਹ ਰੁਝਾਨ ਕਿੰਨਾ ਆਮ ਹੈ, ਇਹ ਸਪੱਸ਼ਟ ਨਹੀਂ ਹੈ।

ਵਿਲਕੌਕਸ ਅਤੇ ਪੁਲਮੈਨ ਪਰਿਵਾਰਾਂ ਨੇ ਮਿਲ ਕੇ ਵੈਨਕੂਵਰ ਵਿੱਚ ਇੱਕ ਵੱਖਰਾ ਮਕਾਨ ਖਰੀਦਿਆ

ਬ੍ਰਿਟੇਨ ਦੀ ਮੌਰਗੇਜ ਬ੍ਰੋਕਰ ਕੰਪਨੀ ਐੱਲਐਂਡਸੀ ਦੇ ਡੇਵਿਡ ਹੋਲਿੰਗਵਰਥ ਦਾ ਕਹਿਣਾ ਹੈ ਕਿ ਭਾਵੇਂ ਉਨ੍ਹਾਂ ਦਾ ਖ਼ੁਦ ਇਸ ਤਰ੍ਹਾਂ ਦੇ ਮਾਮਲੇ ਨਾਲ ਵਾਹ ਨਹੀਂ ਪਿਆ, ਪਰ ਉਨ੍ਹਾਂ ਦਾ ਮੰਨਣਾ ਹੈ ਕਿ ਬ੍ਰਿਟੇਨ ਵਿੱਚ ਵੀ ਅਜਿਹਾ ਹੁੰਦਾ ਹੈ, ਹਾਲਾਂਕਿ ਇਹ “ਬਹੁਤ ਹੀ ਸੀਮਤ ਪੱਧਰ ‘ਤੇ ਹੈ।”

ਉਹ ਕਹਿੰਦੇ ਹਨ, “ਮੈਨੂੰ ਯਾਦ ਹੈ ਕਿ ਕੋਵਿਡ-19 ਤੋਂ ਪਹਿਲਾਂ ਲੰਡਨ ਦੇ ਇੱਕ ਪੱਬ ਵਿੱਚ ਅਜਨਬੀਆਂ ਨਾਲ ਮਿਲ ਕੇ ਘਰ ਖਰੀਦਣ ਦੇ ਚਾਹਵਾਨ ਲੋਕਾਂ ਲਈ ਸਪੀਡ ਡੇਟਿੰਗ ਵਰਗਾ ਇੱਕ ਮੈਚਮੇਕਿੰਗ ਸਮਾਗਮ ਕਰਵਾਇਆ ਗਿਆ ਸੀ। ਮੈਨੂੰ ਨਹੀਂ ਪਤਾ ਕਿ ਇਹ ਕਿੰਨਾ ਸਫ਼ਲ ਰਿਹਾ ਸੀ।”

ਤਿੰਨ ਸਾਲ ਬੀਤ ਜਾਣ ਤੋਂ ਬਾਅਦ ਵੀ ਵਿਲਕੌਕਸ ਅਤੇ ਪੁਲਮੈਨ ਪਰਿਵਾਰਾਂ ਦਾ ਕਹਿਣਾ ਹੈ ਕਿ ਇਕੱਠੇ ਰਹਿਣ ਦਾ ਉਨ੍ਹਾਂ ਦਾ ਇਹ ਪ੍ਰਬੰਧ ਚੰਗੀ ਤਰ੍ਹਾਂ ਚੱਲ ਰਿਹਾ ਹੈ।

ਦੋਵਾਂ ਪਰਿਵਾਰਾਂ ਕੋਲ ਰਹਿਣ ਲਈ ਕੁਝ ਨਿੱਜੀ ਥਾਵਾਂ ਹਨ, ਜਿਵੇਂ ਕਿ ਉਨ੍ਹਾਂ ਦੀਆਂ ਆਪਣੀਆਂ ਰਸੋਈਆਂ। ਪਰ ਉਹ ਬੇਸਮੈਂਟ ਵਾਲੀ ਮੰਜ਼ਿਲ ‘ਤੇ ਬਣੇ ਵੱਡੇ ਸਾਂਝੇ ਲਿਵਿੰਗ ਰੂਮ ਦੀ ਵਰਤੋਂ ਇਕੱਠਿਆਂ ਕਰਦੇ ਹਨ। ਇਸ ਦੇ ਇੱਕ ਕੋਨੇ ਵਿੱਚ ਘਰੇਲੂ ਜਿਮ ਬਣਾਇਆ ਗਿਆ ਹੈ ਅਤੇ ਇੱਕ ਸਾਂਝਾ ਫ੍ਰੀਜ਼ਰ ਵੀ ਹੈ।

ਐਲਿਜ਼ਾਬੈਥ ਕਹਿੰਦੇ ਹਨ, “ਜੇਕਰ ਕੋਈ ਦੱਸਦਾ ਹੈ ਕਿ ਉਹ ਬੇਸਮੈਂਟ ਵਿੱਚ ਕਸਰਤ ਕਰਨ ਜਾ ਰਿਹਾ ਹੈ, ਤਾਂ ਅਸੀਂ ਜਾਣਦੇ ਹਾਂ ਕਿ ਕੁਝ ਸਮੇਂ ਲਈ ਉੱਥੇ ਨਹੀਂ ਜਾਣਾ। ਇਸ ਤਰ੍ਹਾਂ ਕਦੇ ਵੀ ਕੋਈ ਸਮੱਸਿਆ ਨਹੀਂ ਆਈ।”

ਐਸ਼ਲੇ ਵੀ ਇਸ ਗੱਲ ਨਾਲ ਸਹਿਮਤ ਹੈ ਕਿ ਉਨ੍ਹਾਂ ਵਿਚਕਾਰ ਕਦੇ ਕੋਈ ਸਮੱਸਿਆ ਨਹੀਂ ਆਈ।

ਉਹ ਕਹਿੰਦੇ ਹਨ, “ਹੋ ਸਕਦਾ ਹੈ ਕਿ ਇਹ ਸਾਡਾ ਆਪਣਾ ਭਰੋਸਾ ਹੋਵੇ, ਪਰ ਮੈਨੂੰ ਅਤੇ ਮੇਰੇ ਪਤੀ ਨੂੰ ਲੱਗਦਾ ਸੀ ਕਿ ਅਸੀਂ ਅਜਿਹੇ ਲੋਕ ਹਾਂ ਜੋ ਅਜਨਬੀਆਂ ਨਾਲ ਵੀ ਇਕੱਠੇ ਰਹਿ ਸਕਦੇ ਹਨ।”

‘ਅਸੀਂ ਘਰ ਵਿੱਚ ਮੀਟਿੰਗਾਂ ਕਰਦੇ ਹਾਂ’

ਟੋਰਾਂਟੋ ਵਿੱਚ ਰਹਿਣ ਵਾਲੇ ਫ੍ਰੀਲਾਂਸ ਬਿਜ਼ਨਸ ਕੰਸਲਟੈਂਟ ਸਬਰੀਨਾ ਬੋਮੈਨ 2018 ਤੋਂ ਦੋ ਹੋਰ ਸਾਥੀਆਂ ਨਾਲ ਮਿਲ ਕੇ ਇੱਕ ਘਰ ਦੇ ਸਹਿ-ਮਾਲਕ ਹਨ।

ਜਦੋਂ ਉਨ੍ਹਾਂ ਨੇ ਘਰ ਦੇ ਮਾਲਕੀ ਸਮਝੌਤੇ ‘ਤੇ ਦਸਤਖ਼ਤ ਕੀਤੇ ਅਤੇ ਉੱਥੇ ਰਹਿਣ ਲਈ ਆਏ, ਤਾਂ ਉਹ ਦੋ ਹੋਰ ਸਹਿ-ਮਾਲਕਾਂ ਵਿੱਚੋਂ ਇੱਕ ਨੂੰ ਜਾਣਦੇ ਵੀ ਨਹੀਂ ਸਨ।

ਸਬਰੀਨਾ ਦੱਸਦੇ ਹਨ ਕਿ ਉਹ ਘਰ ਨਾਲ ਜੁੜੇ ਵਿੱਤੀ ਵੇਰਵੇ ਸਾਂਝੇ ਕਰਨ ਵਿੱਚ ਸਹਿਜ ਮਹਿਸੂਸ ਨਹੀਂ ਕਰਦੇ, ਪਰ ਉਨ੍ਹਾਂ ਨੇ ਆਪਣੀ-ਆਪਣੀ ਆਮਦਨ ਦੇ ਪੱਧਰ ਦੇ ਆਧਾਰ ‘ਤੇ ਡਾਊਨ ਪੇਮੈਂਟ ਅਤੇ ਮੌਰਗੇਜ ਦੀਆਂ ਕਿਸ਼ਤਾਂ ਵੰਡਣ ਦਾ ਫ਼ੈਸਲਾ ਕੀਤਾ ਸੀ।

ਉਨ੍ਹਾਂ ਦਾ ਕਹਿਣਾ ਹੈ ਕਿ ਘਰ ਨਾਲ ਜੁੜੇ ਕਿਸੇ ਵੀ ਤਰ੍ਹਾਂ ਦੇ ਵਿਵਾਦ ਨੂੰ ਖੁੱਲ੍ਹ ਕੇ ਗੱਲਬਾਤ ਕਰਕੇ ਸ਼ੁਰੂ ਵਿੱਚ ਹੀ ਸੁਲਝਾਇਆ ਜਾ ਸਕਦਾ ਹੈ।

ਉਹ ਕਹਿੰਦੇ ਹਨ, “ਸਾਡੇ ਲਈ ਸਭ ਤੋਂ ਅਹਿਮ ਗੱਲ ਇਹ ਹੈ ਕਿ ਘਰ ਵਿੱਚ ਹੋਣ ਵਾਲੀ ਹਰ ਚੀਜ਼ ਬਾਰੇ ਗੱਲਬਾਤ ਕਰਨ ਲਈ ਇੱਕ ਵਿਵਸਥਾ ਹੋਵੇ।”

ਉਹ ਨਿਯਮਿਤ ਤੌਰ ‘ਤੇ ਘਰ ਵਿੱਚ ਮੀਟਿੰਗਾਂ ਕਰਦੇ ਹਨ, ਜਿਨ੍ਹਾਂ ਵਿੱਚ ਘਰ ਦੇ ਕੰਮਾਂ ਦੀ ਵੰਡ, ਵਿੱਤੀ ਮਾਮਲਿਆਂ, ਜਨਮ ਦਿਨ ਮਨਾਉਣ ਅਤੇ ਕਿਸੇ ਵੀ ਤਰ੍ਹਾਂ ਦੇ ਮਤਭੇਦਾਂ ਬਾਰੇ ਚਰਚਾ ਕੀਤੀ ਜਾਂਦੀ ਹੈ।

ਸਬਰੀਨਾ ਬੋਮੈਨ ਅਤੇ ਘਰ ਦੇ ਉਸ ਦੇ ਦੋ ਸਹਿ-ਮਾਲਕ

ਸਬਰੀਨਾ ਕਹਿੰਦੇ ਹਨ, “ਇਹ ਦੇਖਣਾ ਬਹੁਤ ਚੰਗਾ ਲੱਗਦਾ ਹੈ ਕਿ ਲੋਕ ਕਿਸੇ ਅਜਿਹੀ ਗੱਲ ਬਾਰੇ ਵੀ ਇਮਾਨਦਾਰੀ ਨਾਲ ਆਪਣੀ ਗੱਲ ਰੱਖਦੇ ਹਨ, ਜਿਸ ਬਾਰੇ ਬੋਲਣ ਵਿੱਚ ਉਹ ਸ਼ਾਇਦ ਸਹਿਜ ਮਹਿਸੂਸ ਨਾ ਕਰਦੇ ਹੋਣ। ਇਸ ਤੋਂ ਬਾਅਦ ਅਸੀਂ ਉਸ ਸਮੱਸਿਆ ਦਾ ਹੱਲ ਲੱਭਦੇ ਹਾਂ।”

ਟੋਰਾਂਟੋ ਵਿੱਚ ਸਬਰੀਨਾ ਦੇ ਘਰ ਅਤੇ ਵੈਨਕੂਵਰ ਵਿੱਚ ਵਿਲਕੌਕਸ ਤੇ ਪੁਲਮੈਨ ਪਰਿਵਾਰਾਂ ਦੇ ਘਰ ਦੇ ਮਾਮਲੇ ਵਿੱਚ, ਦੋਵਾਂ ਨੇ ਕਾਨੂੰਨੀ ਸਮਝੌਤੇ ਕੀਤੇ ਹੋਏ ਹਨ।

ਇਨ੍ਹਾਂ ਸਮਝੌਤਿਆਂ ਵਿੱਚ ਇਹ ਤੈਅ ਕੀਤਾ ਗਿਆ ਹੈ ਕਿ ਜੇਕਰ ਕੋਈ ਆਪਣਾ ਹਿੱਸਾ ਵੇਚ ਕੇ ਘਰ ਛੱਡਣਾ ਚਾਹੇ ਤਾਂ ਕੀ ਪ੍ਰਕਿਰਿਆ ਹੋਵੇਗੀ।

ਦੋਵਾਂ ਘਰਾਂ ਦੇ ਸਮਝੌਤਿਆਂ ਵਿੱਚ ਪਹਿਲਾਂ ਤੋਂ ਨੋਟਿਸ ਦੇਣ ਲਈ ਵਾਜਬ ਸਮਾਂ ਤੈਅ ਕੀਤਾ ਗਿਆ ਹੈ।

ਸਬਰੀਨਾ ਦੇ ਘਰ ਦੇ ਸਮਝੌਤੇ ਮੁਤਾਬਕ, ਘਰ ਛੱਡਣ ਵਾਲੇ ਸਾਥੀ ਨੂੰ ਆਪਣਾ ਹਿੱਸਾ ਵੇਚਣ ਤੋਂ ਪਹਿਲਾਂ ਬਾਕੀ ਰਹਿੰਦੇ ਸਾਥੀਆਂ ਨੂੰ ਉਸ ਨੂੰ ਖਰੀਦਣ ਦਾ ਪਹਿਲਾ ਮੌਕਾ ਦੇਣਾ ਲਾਜ਼ਮੀ ਹੈ।

ਟੋਰਾਂਟੋ ਦੇ ਰੀਅਲ ਅਸਟੇਟ ਵਕੀਲ ਤਾਨਿਆ ਵਾਕਰ ਦਾ ਕਹਿਣਾ ਹੈ ਕਿ ਅਜਿਹੀਆਂ ਕਾਨੂੰਨੀ ਵਿਵਸਥਾਵਾਂ ਬੇਹੱਦ ਜ਼ਰੂਰੀ ਹਨ।

ਵਾਕਰ ਕਹਿੰਦੇ ਹਨ, “ਤੁਹਾਡੇ ਕੋਲ ਇੱਕ ਅਜਿਹਾ ਸਮਝੌਤਾ ਹੋਣਾ ਚਾਹੀਦਾ ਹੈ, ਜੋ ਕਾਨੂੰਨੀ ਤੌਰ ‘ਤੇ ਲਾਗੂ ਕੀਤਾ ਜਾ ਸਕੇ। ਸਿਰਫ਼ ਈਮੇਲਾਂ ਅਤੇ ਫੇਸਬੁੱਕ ਸੁਨੇਹਿਆਂ ਦਾ ਢੇਰ ਨਹੀਂ ਹੋਣਾ ਚਾਹੀਦਾ, ਕਿਉਂਕਿ ਕੋਈ ਵਿਵਾਦ ਪੈਦਾ ਹੋਣ ‘ਤੇ ਇਨ੍ਹਾਂ ਨੂੰ ਇਕੱਠਾ ਕਰਨਾ ਬਹੁਤ ਮੁਸ਼ਕਲ ਹੋ ਸਕਦਾ ਹੈ।”

ਵੈਨਕੂਵਰ ਦੇ ਐਲਿਜ਼ਾਬੈਥ ਦਾ ਕਹਿਣਾ ਹੈ ਕਿ ਦੋਵਾਂ ਪਰਿਵਾਰਾਂ ਨੇ ਅਜੇ ਇਹ ਤੈਅ ਨਹੀਂ ਕੀਤਾ ਕਿ ਉਹ ਕਿੰਨੇ ਸਮੇਂ ਤੱਕ ਇਸ ਘਰ ਵਿੱਚ ਰਹਿਣਗੇ।

ਉਹ ਕਹਿੰਦੇ ਹਨ, “ਅਸੀਂ ਸਾਰੇ ਇਸ ਪ੍ਰਬੰਧ ਅਤੇ ਇਸ ਥਾਂ ਤੋਂ ਬਹੁਤ ਖੁਸ਼ ਹਾਂ, ਇਸ ਲਈ ਇੱਥੋਂ ਜਾਣਾ ਮੁਸ਼ਕਲ ਹੋਵੇਗਾ।

“ਜਦੋਂ ਮੈਂ ਪਹਿਲੀ ਵਾਰ ਬੱਚਿਆਂ ਨੂੰ ਟ੍ਰੈਂਪੋਲਿਨ ‘ਤੇ ਉੱਛਲਦੇ ਜਾਂ ਸਾਡੇ ਹਰੇ-ਭਰੇ ਘਾਹ ਵਾਲੇ ਵਿਹੜੇ ਵਿੱਚ ਗੋਲ-ਗੋਲ ਦੌੜਦੇ ਦੇਖਿਆ, ਤਾਂ ਉਸ ਅਹਿਸਾਸ ਦੀ ਕੋਈ ਕੀਮਤ ਨਹੀਂ ਲਗਾਈ ਜਾ ਸਕਦੀ।”

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI