Home rss national punjabi2ਰਾਸ਼ਟਰੀ ਖ਼ਬਰਾਂ ਸ਼ਰਦ ਕਪੂਰ: ਕਦੇ ਸ਼ਾਹਰੁਖ਼ ਤੇ ਸੁਸ਼ਮਿਤਾ ਸੇਨ ਨਾਲ ਪਰਦੇ ‘ਤੇ ਦਿਖਣ ਵਾਲਾ...

ਸ਼ਰਦ ਕਪੂਰ: ਕਦੇ ਸ਼ਾਹਰੁਖ਼ ਤੇ ਸੁਸ਼ਮਿਤਾ ਸੇਨ ਨਾਲ ਪਰਦੇ ‘ਤੇ ਦਿਖਣ ਵਾਲਾ ਅਦਾਕਾਰ ਅੱਜ ਆਰਥਿਕ ਤੰਗੀ ‘ਚ ਕਿਉਂ ਹੈ

5
0

Source :- BBC PUNJABI

ਸ਼ਰਦ ਕਪੂਰ

ਨੱਬੇ ਦੇ ਦਹਾਕੇ ਦੀਆਂ ਕੁਝ ਚਰਚਿਤ ਫ਼ਿਲਮਾਂ ਦਾ ਹਿੱਸਾ ਰਹੇ ਅਦਾਕਾਰ ਸ਼ਰਦ ਕਪੂਰ ਆਪਣੀ ਨਿੱਜੀ ਜ਼ਿੰਦਗੀ ਦੇ ਮੁਸ਼ਕਲ ਦੌਰ ਕਾਰਨ ਸੁਰਖ਼ੀਆਂ ਵਿੱਚ ਹਨ।

ਹਾਲ ਹੀ ਵਿੱਚ ਸੋਸ਼ਲ ਮੀਡੀਆ ‘ਤੇ ਉਨ੍ਹਾਂ ਦਾ ਇੱਕ ਵੀਡੀਓ ਸਾਹਮਣੇ ਆਇਆ, ਜਿਸ ਵਿੱਚ ਸ਼ਰਦ ਕਪੂਰ ਬੇਹੱਦ ਕਮਜ਼ੋਰ ਅਤੇ ਪਰੇਸ਼ਾਨ ਨਜ਼ਰ ਆਏ। ਇਸ ਵੀਡੀਓ ਤੋਂ ਅਜਿਹਾ ਜ਼ਾਹਰ ਹੋ ਰਿਹਾ ਹੈ ਕਿ ਉਨ੍ਹਾਂ ਨੂੰ ਆਪਣੇ ਚਾਰ ਪਾਲਤੂ ਕੁੱਤਿਆਂ ਨੂੰ, ਜਿਨ੍ਹਾਂ ਨੂੰ ਉਹ ਆਪਣੇ ਬੱਚਿਆਂ ਵਾਂਗ ਮੰਨਦੇ ਹਨ, ਕੁਝ ਸਮੇਂ ਲਈ ਇੱਕ ਐਨੀਮਲ ਸ਼ੈਲਟਰ ਵਿੱਚ ਭੇਜਣਾ ਪਿਆ ਹੈ।

ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਉਨ੍ਹਾਂ ਦੀਆਂ ਆਰਥਿਕ ਅਤੇ ਮਾਨਸਿਕ ਮੁਸ਼ਕਲਾਂ ਨੂੰ ਲੈ ਕੇ ਪਿਛਲੇ ਕੁਝ ਦਿਨਾਂ ਵਿੱਚ ਕਾਫ਼ੀ ਚਰਚਾ ਹੋ ਰਹੀ ਹੈ।

ਕਦੇ ‘ਦਸਤਕ’ ਅਤੇ ‘ਜੋਸ਼’ ਵਰਗੀਆਂ ਫ਼ਿਲਮਾਂ ਨਾਲ ਪਛਾਣ ਬਣਾਉਣ ਵਾਲੇ ਅਤੇ ਚਾਲੀ ਤੋਂ ਵੀ ਵੱਧ ਫ਼ਿਲਮਾਂ ਵਿੱਚ ਕੰਮ ਕਰਨ ਵਾਲੇ ਇਸ ਅਦਾਕਾਰ ਦਾ ਫ਼ਿਲਮੀ ਸਫ਼ਰ ਕਿਹੋ ਜਿਹਾ ਸੀ ਅਤੇ ਉਹ ਕਿਹੜੇ ਕਾਰਨ ਰਹੇ ਜਿਨ੍ਹਾਂ ਦੇ ਚੱਲਦਿਆਂ ਉਹ ਸਿਨੇਮਾਈ ਪਰਦੇ ਤੋਂ ਦੂਰ ਹੁੰਦੇ ਗਏ, ਇਸ ਲੇਖ ਵਿੱਚ ਅਸੀਂ ਇਹ ਜਵਾਬ ਤਲਾਸ਼ਣ ਦੀ ਕੋਸ਼ਿਸ਼ ਕੀਤੀ ਹੈ।

‘ਸਵਾਭਿਮਾਨ’ ਦੇ ਗਰੋਵਰ ਤੋਂ ਬਾਲੀਵੁੱਡ ਤੱਕ

ਅਦਾਕਾਰ ਸ਼ਰਦ ਕਪੂਰ ਨਾਲ ਜੁੜੀ ਮੇਰੀ ਪਹਿਲੀ ਯਾਦ 1991 ਦੇ ਦੂਰਦਰਸ਼ਨ ਦੇ ਸੀਰੀਅਲ ‘ਸਵਾਭਿਮਾਨ’ ਦੀ ਹੈ।

ਮਹੇਸ਼ ਭੱਟ ਦੇ ਨਿਰਦੇਸ਼ਨ ਹੇਠ ਬਣਿਆ ਉਹ ਸ਼ੋਅ ਆਪਣੇ ਦੌਰ ਦਾ ਇੱਕ ਅਜਿਹਾ ਟਰੈਂਡਸੈਟਰ ਸੀ, ਜਿਸ ਨੇ ਕਈ ਅਜਿਹੇ ਸ਼ਾਨਦਾਰ ਚਿਹਰਿਆਂ ਨੂੰ ਮੰਚ ਦਿੱਤਾ ਜਿਨ੍ਹਾਂ ਨੂੰ ਅਸੀਂ ਅੱਗੇ ਚੱਲ ਕੇ ਵੱਡੇ ਅਤੇ ਛੋਟੇ ਪਰਦੇ ‘ਤੇ ਆਪਣੀ ਇੱਕ ਮਜ਼ਬੂਤ ਪਛਾਣ ਬਣਾਉਂਦੇ ਦੇਖਿਆ।

ਮਨੋਜ ਬਾਜਪਾਈ, ਆਸ਼ੂਤੋਸ਼ ਰਾਣਾ, ਰੋਹਿਤ ਰਾਏ, ਹਰਸ਼ ਛਾਇਆ ਅਤੇ ਬੇਸ਼ੱਕ, ‘ਗਰੋਵਰ’ ਦੇ ਕਿਰਦਾਰ ਵਿੱਚ ਨੌਜਵਾਨ ਸ਼ਰਦ ਕਪੂਰ ਸ਼ਾਮਲ ਸਨ ਜਿਨ੍ਹਾਂ ਦੇ ਗ਼ਜ਼ਬ ਦੇ ਆਤਮ-ਵਿਸ਼ਵਾਸ ਅਤੇ ਦਮਦਾਰ ਆਵਾਜ਼ ਨੇ ਦਰਸ਼ਕਾਂ ਨੂੰ ਕਾਫ਼ੀ ਪ੍ਰਭਾਵਿਤ ਕੀਤਾ ਸੀ।

ਕੋਲਕਾਤਾ ਦੇ ਇੱਕ ਪੰਜਾਬੀ ਪਰਿਵਾਰ ਵਿੱਚ ਜਨਮੇ ਸ਼ਰਦ ਕਪੂਰ ਦਾ ਹਿੰਦੀ ਫ਼ਿਲਮ ਇੰਡਸਟਰੀ ਨਾਲ ਦੂਰ-ਦੂਰ ਤੱਕ ਕੋਈ ਵਾਸਤਾ ਨਹੀਂ ਸੀ, ਪਰ ਫ਼ਿਲਮਾਂ ਪ੍ਰਤੀ ਉਨ੍ਹਾਂ ਦੇ ਡੂੰਘੇ ਸ਼ੌਕ ਨੇ ਹੀ ਉਨ੍ਹਾਂ ਨੂੰ ਮਾਇਆਨਗਰੀ ਮੁੰਬਈ ਲਿਆਂਦਾ।

ਸ਼ੁਰੂਆਤ ਦਾ ਰਸਤਾ ਆਸਾਨ ਨਹੀਂ ਸੀ। ਉਹ ਕਈ ਸਾਲਾਂ ਤੱਕ ਮਸ਼ਹੂਰ ਡਾਇਰੈਕਟਰ ਸ਼ਸ਼ੀਲਾਲ ਨਾਇਰ ਅਤੇ ਸੁਨੀਲ ਸਿਕੰਦ ਦੇ ਅਸਿਸਟੈਂਟ ਡਾਇਰੈਕਟਰ ਰਹੇ।

ਟੀਵੀ ਸੀਰੀਅਲਾਂ ਵਿੱਚ ਛੋਟੇ-ਮੋਟੇ ਰੋਲ ਅਤੇ ਕੁਝ ਅਜਿਹੀਆਂ ਫ਼ਿਲਮਾਂ ਜਿਨ੍ਹਾਂ ਵਿੱਚ ਅਦਾਕਾਰੀ ਦੇ ਮੌਕੇ ਤਾਂ ਮਿਲੇ ਪਰ ਉਹ ਭੁਲਾ ਦੇਣ ਵਾਲੀਆਂ ਸਾਬਤ ਹੋਈਆਂ।

ਸੰਘਰਸ਼ ਤੋਂ ਘਬਰਾ ਕੇ ਉਹ ਇੱਕ ਵਾਰ ਕੋਲਕਾਤਾ ਵਾਪਸ ਚਲੇ ਗਏ ਸਨ, ਪਰ ਫਿਰ 1994 ਵਿੱਚ ਕੁਝ ਬਣਨ ਦਾ ਇਰਾਦਾ ਲੈ ਕੇ ਮੁੰਬਈ ਵਾਪਸ ਆ ਗਏ। ਇਸ ਵਾਰ ਕਿਸਮਤ ਨੇ ਕਰਵਟ ਲਈ।

ਬਾਲੀਵੁੱਡ ਵਿੱਚ ਵੱਡਾ ਬ੍ਰੇਕ

ਸ਼ਰਦ ਕਪੂਰ

‘ਸਵਾਭਿਮਾਨ’ ਰਾਹੀਂ ਉਨ੍ਹਾਂ ਨੂੰ ਪਰਦੇ ‘ਤੇ ਲਿਆਉਣ ਵਾਲੇ ਮਹੇਸ਼ ਭੱਟ ਸ਼ਾਇਦ ਸ਼ਰਦ ਕਪੂਰ ਦੇ ਅੰਦਰ ਲੁਕੀ ਉਸ ਕੱਚੀ ਪ੍ਰਤਿਭਾ ਨੂੰ ਭਾਂਪ ਗਏ ਸਨ।

ਉਨ੍ਹਾਂ ਨੇ ਸ਼ਰਦ ਕਪੂਰ ‘ਤੇ ਜੋ ਦਾਅ ਖੇਡਿਆ, ਉਸੇ ਨੂੰ ਹੀ ਫ਼ਿਲਮੀ ਦੁਨੀਆ ਵਿੱਚ ‘ਕਿਸਮਤ ਚਮਕਣਾ’ ਜਾਂ ਇੱਕ ਪਰਫੈਕਟ ‘ਲੱਕੀ ਬ੍ਰੇਕ’ ਕਿਹਾ ਜਾਂਦਾ ਹੈ।

ਫ਼ਿਲਮ ਸੀ ‘ਦਸਤਕ’ (1996) ਜੋ ਅਨਾਊਂਸ ਹੁੰਦੇ ਹੀ ਚਰਚਾ ਵਿੱਚ ਆ ਗਈ ਸੀ, ਕਿਉਂਕਿ ਇਸ ਫ਼ਿਲਮ ਵਿੱਚ 1994 ਦੀ ‘ਮਿਸ ਯੂਨੀਵਰਸ’ ਸੁਸ਼ਮਿਤਾ ਸੇਨ ਨੂੰ ਲਾਂਚ ਕੀਤਾ ਜਾ ਰਿਹਾ ਸੀ।

ਉਨ੍ਹਾਂ ਦੇ ਨਾਲ ਕਿਸੇ ਵੱਡੇ ਸਟਾਰ ਦੀ ਬਜਾਏ ਹੀਰੋ ਵਜੋਂ ਮੁਕੁਲ ਦੇਵ ਨੂੰ ਲਿਆ ਗਿਆ ਅਤੇ ਇੱਕ ਖ਼ਤਰਨਾਕ, ਜਨੂੰਨੀ ਖਲਨਾਇਕ (ਸਾਈਕੋਪੈਥ ਵਿਲੇਨ) ਦੇ ਰੋਲ ਵਿੱਚ ਸਨ ਸ਼ਰਦ ਕਪੂਰ।

ਫ਼ਿਲਮ ਵਿੱਚ ਸੁਸ਼ਮਿਤਾ ਨੇ ਮਿਸ ਯੂਨੀਵਰਸ ਦਾ ਹੀ ਕਿਰਦਾਰ ਨਿਭਾਇਆ ਸੀ, ਜਿਸ ਪ੍ਰਤੀ ਸ਼ਰਦ ਦਾ ਕਿਰਦਾਰ ਜਨੂੰਨੀ ਹੱਦ ਤੱਕ ਔਬਸੈਸਡ ਹੋ ਜਾਂਦਾ ਹੈ। ਰਿਲੀਜ਼ ਤੋਂ ਪਹਿਲਾਂ ਹੀ ਫ਼ਿਲਮ ਦਾ ਸੰਗੀਤ ਹਿੱਟ ਹੋ ਗਿਆ ਸੀ।

ਖ਼ਾਸ ਤੌਰ ‘ਤੇ ‘ਜਾਦੂ ਭਰੀ ਆਂਖੋਂ ਵਾਲੀ ਸੁਨੋ’ ਅਤੇ ਸ਼ਰਦ ਕਪੂਰ ‘ਤੇ ਫ਼ਿਲਮਾਇਆ ਗਿਆ ਗੀਤ ‘ਤੁਮ੍ਹੇਂ ਕੈਸੇ ਮੈਂ ਬਤਾਊਂ’ ਚਾਰਟਬਸਟਰ ਸਾਬਤ ਹੋਏ ਸਨ।

ਪਰ ਫ਼ਿਲਮ ਰਿਲੀਜ਼ ਹੁੰਦੇ ਹੀ ਬਾਕਸ ਆਫਿਸ ‘ਤੇ ਫਲਾਪ ਹੋ ਗਈ। ਬਹੁਤ ਸਾਰੇ ਦਰਸ਼ਕਾਂ ਨੂੰ ਇਹ ਯਸ਼ ਚੋਪੜਾ ਦੀ ਫ਼ਿਲਮ ‘ਡਰ’ ਦੀ ਬੇਹੱਦ ਕਮਜ਼ੋਰ ਕਾਪੀ ਲੱਗੀ ਸੀ।

ਸ਼ਰਦ ਕਪੂਰ ਦੇ ਕਿਰਦਾਰ ਦੀ ਸਿੱਧੀ ਤੁਲਨਾ ‘ਡਰ’ (1993) ਵਿੱਚ ਸ਼ਾਹਰੁਖ਼ ਖ਼ਾਨ ਵੱਲੋਂ ਨਿਭਾਏ ਗਏ ਰੋਲ ਨਾਲ ਕੀਤੀ ਗਈ। ਇਸ ਦੇ ਬਾਵਜੂਦ, ਫ਼ਿਲਮ ਵਿੱਚ ਹੀਰੋ ਨਾਲੋਂ ਕਿਤੇ ਜ਼ਿਆਦਾ ਮਜ਼ਬੂਤ ਅਤੇ ਅਸਰਦਾਰ ਰੋਲ ਸ਼ਰਦ ਕਪੂਰ ਦਾ ਹੀ ਸੀ।

ਫ਼ਿਲਮ ਦੀ ਸਮੀਖਿਆ ਕਰਦੇ ਹੋਏ ਫ਼ਿਲਮ ਪੱਤਰਕਾਰ ਅਨੁਪਮਾ ਚੋਪੜਾ ਨੇ ਲਿਖਿਆ ਸੀ, ”ਇਹ ਸ਼ਰਦ ਕਪੂਰ ਹੀ ਹਨ, ਜੋ ਨੈਗੇਟਿਵ ਪਰ ਜ਼ਿਆਦਾ ਦਿਲਚਸਪ ਅਤੇ ਚੁਣੌਤੀਪੂਰਨ ਭੂਮਿਕਾ ਵਿੱਚ ਸਾਰੀ ਮਹਿਫ਼ਿਲ ਲੁੱਟ ਲੈਂਦੇ ਹਨ। ਉਨ੍ਹਾਂ ਦਾ ਕਿਰਦਾਰ ਇੱਕ ਪਾਸੇ ਖ਼ਤਰਨਾਕ ਹੈ ਤਾਂ ਦੂਜੇ ਪਾਸੇ ਸੰਵੇਦਨਸ਼ੀਲ, ਉਹ ਪਾਗਲਪਨ ਨਾਲ ਭਰੇ ਵੀ ਹਨ ਅਤੇ ਆਕਰਸ਼ਕ ਵੀ। ਹੁਣ ਤੱਕ ਪਰਦੇ ‘ਤੇ ਦਿਖੇ ਤਮਾਮ ਬੈਡ ਬੁਆਏ ਕਿਰਦਾਰਾਂ ਤੋਂ ਵੱਖ, ਕਪੂਰ ਆਪਣੀ ਅਦਾਕਾਰੀ ਨਾਲ ਇੱਕ ਨਵੀਂ ਛਾਪ ਛੱਡਦੇ ਹਨ।”

ਇਸ ਦੇ ਬਾਵਜੂਦ ‘ਦਸਤਕ’ ਤੋਂ ਸਭ ਤੋਂ ਵੱਡਾ ਫ਼ਾਇਦਾ ਸਿਰਫ਼ ਸੁਸ਼ਮਿਤਾ ਸੇਨ ਨੂੰ ਮਿਲਿਆ। ਵੱਡੇ ਬੈਨਰ ਅਤੇ ਵੱਡੇ ਸਟਾਰਸ ਨਾਲ ਫ਼ਿਲਮਾਂ ਅਤੇ ਇੱਕ ਕਾਮਯਾਬ ਕਰੀਅਰ।

ਹੀਰੋ ਮੁਕੁਲ ਦੇਵ (ਜਿਨ੍ਹਾਂ ਦਾ ਪਿਛਲੇ ਹੀ ਸਾਲ ਦੇਹਾਂਤ ਹੋ ਗਿਆ) ਅਤੇ ਵਿਲੇਨ ਸ਼ਰਦ ਕਪੂਰ ਇਸ ਵੱਡੇ ਬ੍ਰੇਕ ਦੇ ਹਿਸਾਬ ਨਾਲ ਕਾਮਯਾਬੀ ਨਹੀਂ ਪਾ ਸਕੇ।

ਪਹਿਲੀ ਫ਼ਿਲਮ ਦੇ ਫਲਾਪ ਹੋਣ ਤੋਂ ਬਾਅਦ ਵੱਡੇ ਬੈਨਰ ਸ਼ਰਦ ਕਪੂਰ ਵਰਗੇ ‘ਆਊਟਸਾਈਡਰ’ ‘ਤੇ ਦਾਅ ਲਗਾਉਣ ਲਈ ਤਿਆਰ ਨਹੀਂ ਸਨ। ਫਿਰ ਵੀ ‘ਦਸਤਕ’ ਕਾਰਨ ਉਨ੍ਹਾਂ ਲਈ ਕੁਝ ਦਰਵਾਜ਼ੇ ਜ਼ਰੂਰ ਖੁੱਲ੍ਹ ਗਏ।

ਉਨ੍ਹਾਂ ਨੇ ਕਈ ਫ਼ਿਲਮਾਂ ਸਾਈਨ ਕੀਤੀਆਂ। ਜੈਕੀ ਸ਼ਰਾਫ਼ ਨਾਲ ‘ਵਿਸ਼ਵਵਿਧਾਤਾ’ (1996) ਵਿੱਚ ਏ.ਆਰ. ਰਹਿਮਾਨ ਦਾ ਸੰਗੀਤ ਤਾਂ ਹਿੱਟ ਹੋਇਆ, ਪਰ ਫ਼ਿਲਮ ਨਹੀਂ ਚੱਲੀ।

ਇਸ ਤੋਂ ਬਾਅਦ ਲੀਡ ਰੋਲ ਵਾਲੀ ‘ਆਂਖੋਂ ਮੇਂ ਤੁਮ ਹੋ’ (1997), ‘ਇਸਕੀ ਟੋਪੀ ਉਸਕੇ ਸਰ’ (1998) ਅਤੇ ਮਧੁਰ ਭੰਡਾਰਕਰ ਦੀ ‘ਤ੍ਰਿਸ਼ਕਤੀ’ (1999) ਵੀ ਇੱਕ ਤੋਂ ਬਾਅਦ ਇੱਕ ਨਾਕਾਮ ਰਹੀਆਂ।

ਸ਼ਰਦ ਨੂੰ ਵੱਡਾ ਮੌਕਾ ਮਿਲਿਆ ਪਰ ਵੱਡਾ ਮੁਕਾਮ ਨਹੀਂ

ਸ਼ਰਦ ਕਪੂਰ

ਫਿਰ ਆਈ ਉਹ ਫ਼ਿਲਮ ਜਿਸ ਨੂੰ ਸ਼ਰਦ ਦੇ ਕਰੀਅਰ ਦੀ ਸਭ ਤੋਂ ਵੱਡੀ ਫ਼ਿਲਮ ਕਹਿਣਾ ਗ਼ਲਤ ਨਹੀਂ ਹੋਵੇਗਾ।

ਮਨਸੂਰ ਖ਼ਾਨ ਦੀ ਫ਼ਿਲਮ ‘ਜੋਸ਼’ (2000) ਜਿਸ ਦੇ ਹੀਰੋ ਸਨ ਸ਼ਾਹਰੁਖ਼ ਖ਼ਾਨ ਅਤੇ ਉਨ੍ਹਾਂ ਦੇ ਸਾਹਮਣੇ ਵਿਲੇਨ ਵਜੋਂ ਸਨ ਸ਼ਰਦ ਕਪੂਰ।

ਉਹ ਅੱਜ ਵਾਂਗ ਮੀਮਜ਼ ਅਤੇ ਸੋਸ਼ਲ ਮੀਡੀਆ ਦਾ ਦੌਰ ਨਹੀਂ ਸੀ, ਪਰ ਪਰਦੇ ‘ਤੇ ਸ਼ਾਹਰੁਖ਼ ਅਤੇ ਸ਼ਰਦ ਦੇ ਟਕਰਾਅ ਦੀ ਖ਼ੂਬ ਚਰਚਾ ਹੋਈ ਸੀ।

ਸ਼ਾਹਰੁਖ਼ ਬਨਾਮ ਸ਼ਰਦ ਕਪੂਰ ਦੇ ਆਨਸਕ੍ਰੀਨ ਮੁਕਾਬਲੇ ਦੀਆਂ ਖ਼ਬਰਾਂ ਉਸ ਵਕਤ ਖ਼ੂਬ ਛਪੀਆਂ ਸਨ। ਸ਼ਰਦ ਨੂੰ ਇਸ ਫ਼ਿਲਮ ਤੋਂ ਵੱਡੀਆਂ ਉਮੀਦਾਂ ਸਨ।

ਸ਼ਾਹਰੁਖ਼ ਨਾਲ ਉਨ੍ਹਾਂ ਦੇ ਦ੍ਰਿਸ਼ ਵੀ ਪ੍ਰਭਾਵਸ਼ਾਲੀ ਸਨ। ਪਰ ਇਸ ਵਾਰ ਵੀ ਕਿਸਮਤ ਨੇ ਸਾਥ ਨਹੀਂ ਦਿੱਤਾ।

ਦਰਅਸਲ, ‘ਜੋਸ਼’ ਦੇ ਰਿਲੀਜ਼ ਹੋਣ ਤੱਕ ਬਾਲੀਵੁੱਡ ਦੀ ਸਭ ਤੋਂ ਵੱਡੀ ਚਰਚਾ ਸ਼ਾਹਰੁਖ਼ ਬਨਾਮ ਸ਼ਰਦ ਨਹੀਂ, ਸਗੋਂ ਸ਼ਾਹਰੁਖ਼ ਬਨਾਮ ਰਿਤਿਕ ਰੋਸ਼ਨ ਹੋ ਚੁੱਕੀ ਸੀ।

ਸਾਲ ਦੀ ਸ਼ੁਰੂਆਤ ਵਿੱਚ ਆਈ ‘ਕਹੋ ਨਾ ਪਿਆਰ ਹੈ’ ਨੇ ਕਾਮਯਾਬੀ ਦੇ ਅਜਿਹੇ ਰਿਕਾਰਡ ਬਣਾਏ ਸਨ ਕਿ ਹਰ ਪਾਸੇ ਰਿਤਿਕ ਹੀ ਛਾਏ ਹੋਏ ਸਨ।

ਉਸੇ ਦੌਰਾਨ ਸ਼ਾਹਰੁਖ਼ ਦੀ ‘ਫਿਰ ਭੀ ਦਿਲ ਹੈ ਹਿੰਦੁਸਤਾਨੀ’ ਬਾਕਸ ਆਫ਼ਿਸ ‘ਤੇ ਨਾਕਾਮ ਰਹੀ ਸੀ।

ਅਚਾਨਕ ਸ਼ਾਹਰੁਖ਼ ਦੇ ਸਟਾਰਡਮ ਦੇ ਸਭ ਤੋਂ ਵੱਡੇ ਦਾਅਵੇਦਾਰ ਰਿਤਿਕ ਮੰਨੇ ਜਾਣ ਲੱਗੇ ਸਨ। ਇਸ ਵਜ੍ਹਾ ਕਰਕੇ ਵੀ ਸਭ ਦੀਆਂ ਨਜ਼ਰਾਂ ‘ਜੋਸ਼’ ‘ਤੇ ਸਨ।

‘ਜੋਸ਼’ ਨੇ ਬਾਕਸ ਆਫਿਸ ‘ਤੇ ਚੰਗੀ ਕਮਾਈ ਕੀਤੀ, ਪਰ ‘ਕਹੋ ਨਾ ਪਿਆਰ ਹੈ’ ਦੀ ਇਤਿਹਾਸਕ ਸਫ਼ਲਤਾ ਦੇ ਸਾਹਮਣੇ ਉਹ ਫਿੱਕੀ ਪੈ ਗਈ।

ਸ਼ਾਹਰੁਖ਼ ਖ਼ਾਨ ਨੂੰ ਸਰਵੋਤਮ ਅਦਾਕਾਰ ਅਤੇ ਸ਼ਰਦ ਕਪੂਰ ਨੂੰ ਸਰਵੋਤਮ ਖਲਨਾਇਕ ਲਈ ਫ਼ਿਲਮ ਪੁਰਸਕਾਰਾਂ ਵਿੱਚ ਨਾਮਜ਼ਦਗੀ ਜ਼ਰੂਰ ਮਿਲੀ, ਪਰ ਉਹ ਸਾਲ ਪੂਰੀ ਤਰ੍ਹਾਂ ਰਿਤਿਕ ਰੋਸ਼ਨ ਅਤੇ ‘ਕਹੋ ਨਾ ਪਿਆਰ ਹੈ’ ਦੇ ਨਾਂ ਰਿਹਾ।

ਇਸ ਤੋਂ ਬਾਅਦ ਸ਼ਰਦ ਕਪੂਰ ਨੂੰ ਕੋਈ ਵੱਡਾ ਅਤੇ ਮੁੱਖ ਰੋਲ ਨਹੀਂ ਮਿਲਿਆ।

‘ਦਸਤਕ’ ਅਤੇ ‘ਜੋਸ਼’ ਵਿੱਚ ਆਪਣੀ ਦਮਦਾਰ ਮੌਜੂਦਗੀ ਦਰਜ ਕਰਵਾਉਣ ਵਾਲਾ ਅਦਾਕਾਰ ‘ਕਿਉਂਕਿ ਮੈਂ ਝੂਠ ਨਹੀਂ ਬੋਲਤਾ’, ‘ਹਥਿਆਰ’, ‘ਜਾਨੀ ਦੁਸ਼ਮਣ’, ‘ਐੱਲਓਸੀ ਕਾਰਗਿਲ’, ‘ਲਕਸ਼ਯ’ ਅਤੇ ‘ਵਾਂਟੇਡ’ ਵਰਗੀਆਂ ਫ਼ਿਲਮਾਂ ਵਿੱਚ ਛੋਟੇ-ਮੋਟੇ ਜਾਂ ਨਕਾਰਾਤਮਕ ਕਿਰਦਾਰਾਂ ਤੱਕ ਸਿਮਟਦਾ ਚਲਾ ਗਿਆ।

ਹੌਲੀ-ਹੌਲੀ ਸ਼ਰਦ ਕਪੂਰ ਪਰਦੇ ਤੋਂ ਅਤੇ ਫਿਰ ਦਰਸ਼ਕਾਂ ਦੀਆਂ ਯਾਦਾਂ ਤੋਂ ਦੂਰ ਹੋਣ ਲੱਗੇ।

2014 ਵਿੱਚ ਸਲਮਾਨ ਖ਼ਾਨ ਦੀ ਫ਼ਿਲਮ ‘ਜੈ ਹੋ’ ਵਿੱਚ ਫ਼ਿਲਮ ‘ਦਸਤਕ’ ਦੀ ਜੋੜੀ ਮੁਕੁਲ ਦੇਵ ਅਤੇ ਸ਼ਰਦ ਕਪੂਰ ਨਜ਼ਰ ਆਈ ਪਰ ਦੋਵਾਂ ਨੂੰ ਗੈਰ-ਮਹੱਤਵਪੂਰਨ ਜਾਂ ਮਾਮੂਲੀ ਕਿਰਦਾਰਾਂ ਵਿੱਚ ਪਰਦੇ ‘ਤੇ ਦੇਖਣਾ ਦੁਖਦਾਈ ਸੀ।

ਵਿਵਾਦਾਂ ਦਾ ਦੌਰ ਅਤੇ ਜਿਨਸੀ ਸ਼ੋਸ਼ਣ ਦਾ ਇਲਜ਼ਾਮ

ਸ਼ਰਦ ਕਪੂਰ

ਨਵੰਬਰ 2024 ਵਿੱਚ ਇੱਕ 32 ਸਾਲਾ ਔਰਤ ਨੇ ਸ਼ਰਦ ਕਪੂਰ ‘ਤੇ ਛੇੜਛਾੜ ਅਤੇ ਜਿਨਸੀ ਸ਼ੋਸ਼ਣ ਦਾ ਇਲਜ਼ਾਮ ਲਗਾ ਕੇ ਮੁੰਬਈ ਦੇ ਖਾਰ ਪੁਲਿਸ ਸਟੇਸ਼ਨ ਵਿੱਚ ਕੇਸ ਦਰਜ ਕਰਵਾਇਆ ਸੀ।

ਸ਼ਰਦ ਕਪੂਰ ਨੇ ਉਸ ਸਮੇਂ ਇਸ ਮਾਮਲੇ ‘ਤੇ ਕੋਈ ਬਿਆਨ ਨਹੀਂ ਦਿੱਤਾ ਸੀ।

ਇਹ ਮਾਮਲਾ ਅਜੇ ਵੀ ਚੱਲ ਰਿਹਾ ਹੈ ਪਰ ਹਾਲ ਹੀ ਵਿੱਚ ਸ਼ਰਦ ਕਪੂਰ ਨੇ ਕਿਹਾ ਕਿ ਜਦੋਂ ਕੋਈ ਬਿਨਾਂ ਕਿਸੇ ਵਜ੍ਹਾ ਤੋਂ ਤੁਹਾਨੂੰ ਮੁਲਜ਼ਮ ਠਹਿਰਾਉਂਦਾ ਹੈ ਤਾਂ ਜ਼ਾਹਿਰ ਹੈ ਕਿ ਇਸ ਨਾਲ ਤਕਲੀਫ਼ ਹੁੰਦੀ ਹੈ।

ਸ਼ਰਦ ਕਪੂਰ ਨੇ ਇਹ ਦਾਅਵਾ ਵੀ ਕੀਤਾ ਹੈ ਕਿ ਉਹ ਇਸ ਮਾਮਲੇ ਤੋਂ ਬਾਅਦ ਡਿਪਰੈਸ਼ਨ ਵਿੱਚ ਚਲੇ ਗਏ ਸਨ।

ਆਰਥਿਕ ਹਾਲਾਤ ਨੂੰ ਲੈ ਕੇ ਚਰਚਾ

ਸ਼ਰਦ ਕਪੂਰ

ਮੁੰਬਈ ਮਿਰਰ ਦੀ ਇੱਕ ਰਿਪੋਰਟ ਮੁਤਾਬਕ, ਸ਼ਰਦ ਕਪੂਰ ਦੀ ਆਰਥਿਕ ਸਥਿਤੀ ਠੀਕ ਨਹੀਂ ਹੈ।

ਇਸ ਰਿਪੋਰਟ ਮੁਤਾਬਕ 2019 ਵਿੱਚ ਖਾਰ ਸਥਿਤ ਆਪਣਾ ਫਲੈਟ ਵੇਚਣ ਤੋਂ ਬਾਅਦ ਉਨ੍ਹਾਂ ਨੇ ਲਖਨਊ ਵਿੱਚ ਜ਼ਮੀਨ ਦੇ ਸੌਦਿਆਂ ਵਿੱਚ ਕਰੋੜਾਂ ਰੁਪਏ ਨਿਵੇਸ਼ ਕੀਤੇ, ਪਰ ਕਥਿਤ ਤੌਰ ‘ਤੇ ਧੋਖਾਧੜੀ ਦਾ ਸ਼ਿਕਾਰ ਹੋ ਗਏ।

ਆਰਥਿਕ ਤੰਗੀ ਨੂੰ ਲੈ ਕੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਸ਼ਰਦ ਆਪਣੀਆਂ ਕਾਰਾਂ ਤੱਕ ਵੇਚ ਚੁੱਕੇ ਹਨ।

ਟਾਈਮਜ਼ ਆਫ਼ ਇੰਡੀਆ ਨੂੰ ਦਿੱਤੇ ਇੰਟਰਵਿਊ ਵਿੱਚ ਸ਼ਰਦ ਕਪੂਰ ਨੇ ਦੱਸਿਆ, “ਮੈਂ ਆਪਣੀਆਂ ਕਾਰਾਂ ਇਸ ਲਈ ਵੇਚ ਦਿੱਤੀਆਂ ਕਿਉਂਕਿ ਹੁਣ ਮੈਨੂੰ ਉਨ੍ਹਾਂ ਦੀ ਕੋਈ ਲੋੜ ਨਹੀਂ ਸੀ।”

ਇਸੇ ਇੰਟਰਵਿਊ ਵਿੱਚ ਉਹ ਕਹਿੰਦੇ ਹਨ, “ਮੈਂ ਫਾਈਨੈਂਸ਼ੀਅਲੀ ਠੀਕ ਹਾਂ। ਪਰ ਮੈਨੂੰ ਕੰਮ ਦੀ ਲੋੜ ਹੈ।”

ਨਿੱਜੀ ਜ਼ਿੰਦਗੀ ਨੂੰ ਲੈ ਕੇ ਮੌਜੂਦ ਜਾਣਕਾਰੀ

ਸ਼ਰਦ ਕਪੂਰ

ਚਰਚਾਵਾਂ ਵਿਚਕਾਰ ਸ਼ਰਦ ਕਪੂਰ ਦੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਲੋਕਾਂ ਦੀ ਜਿਗਿਆਸਾ ਵਧੀ ਹੈ।

ਕੋਲਕਾਤਾ ਦੇ ਇੱਕ ਪੰਜਾਬੀ ਪਰਿਵਾਰ ਨਾਲ ਤਾਲੁਕ ਰੱਖਣ ਵਾਲੇ ਸ਼ਰਦ ਕਪੂਰ ਦਾ ਸਬੰਧ ਪੱਛਮੀ ਬੰਗਾਲ ਦੇ ਸਾਬਕਾ ਮੁੱਖ ਮੰਤਰੀ ਜੋਤੀ ਬਾਸੂ ਦੀ ਪੋਤੀ ਕੋਇਲ ਬਾਸੂ ਨਾਲ ਰਿਹਾ ਹੈ।

4 ਦਸੰਬਰ 2006 ਨੂੰ ਮੁੰਬਈ ਮਿਰਰ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਸ਼ਰਦ ਨੇ ਦੱਸਿਆ ਸੀ, “ਇਹ ਸੱਚ ਹੈ ਕਿ ਕੱਲ੍ਹ ਸ਼ਾਮ ਮੇਰੀ ਕੋਇਲ ਨਾਲ ਮੰਗਣੀ ਹੋਈ ਹੈ। ਮੈਂ ਇਸ ਨੂੰ ਪਿਆਰ ਅਤੇ ਪਰਿਵਾਰ ਦੀ ਸਹਿਮਤੀ ਨਾਲ ਤੈਅ ਹੋਇਆ ਰਿਸ਼ਤਾ ਕਹਾਂਗਾ। ਕੋਇਲ ਨਾਲ ਮੇਰੀ ਮੁਲਾਕਾਤ ਛੇ ਮਹੀਨੇ ਪਹਿਲਾਂ ਕੋਲਕਾਤਾ ਦੇ ਓਬਰਾਏ ਹੋਟਲ ਵਿੱਚ ਹੋਈ ਸੀ, ਜਿੱਥੇ ਉਹ ਕੰਮ ਕਰਦੀ ਹੈ। ਇਸ ਤੋਂ ਬਾਅਦ ਜਲਦੀ ਹੀ ਸਾਡੇ ਪਰਿਵਾਰਾਂ ਨੇ ਇੱਕ-ਦੂਜੇ ਨਾਲ ਸੰਪਰਕ ਕੀਤਾ।”

ਸ਼ਰਦ ਨੇ ਆਪਣੀ ਜ਼ਿੰਦਗੀ ਨੂੰ ਹਮੇਸ਼ਾ ਲਾਈਮਲਾਈਟ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕੀਤੀ ਹੈ, ਇਹੀ ਵਜ੍ਹਾ ਹੈ ਕਿ ਕੋਇਲ ਬਾਸੂ ਨਾਲ ਉਨ੍ਹਾਂ ਦੇ ਰਿਸ਼ਤੇ ਅਤੇ ਪਰਿਵਾਰ ਨੂੰ ਲੈ ਕੇ ਬਹੁਤ ਜਾਣਕਾਰੀ ਮੌਜੂਦ ਨਹੀਂ ਹੈ।

ਸ਼ਰਦ ਕਪੂਰ ਦੀ ਮੌਜੂਦਾ ਸਥਿਤੀ ਨੂੰ ਦੁਨੀਆ ਦੇ ਸਾਹਮਣੇ ਲਿਆਉਣ ਅਤੇ ਉਨ੍ਹਾਂ ਦੇ ਕੁੱਤਿਆਂ ਨੂੰ ਦੇਖਭਾਲ ਲਈ ਲੈ ਕੇ ਜਾਣ ਵਾਲੀ ਉਨ੍ਹਾਂ ਦੀ ਦੋਸਤ ਹੇਮਾ ਚੌਧਰੀ ਨੇ ਇੱਕ ਪੌਡਕਾਸਟ ਵਿੱਚ ਕਿਹਾ ਕਿ ਸ਼ਰਦ ਕਪੂਰ ਅਤੇ ਕੋਇਲ ਬਾਸੂ ਦੀ ਸਿਰਫ਼ ਮੰਗਣੀ ਹੋਈ ਸੀ, ਵਿਆਹ ਕਦੇ ਨਹੀਂ ਹੋਇਆ ਸੀ।

ਸ਼ਰਦ ਕਪੂਰ ਦੀ ਮੌਜੂਦਾ ਸਥਿਤੀ ਅਤੇ ਸਬੰਧਾਂ ‘ਤੇ ਕੋਇਲ ਬਾਸੂ ਵੱਲੋਂ ਹੁਣ ਤੱਕ ਕੋਈ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ।

ਉੱਥੇ ਹੀ ਟਾਈਮਜ਼ ਆਫ਼ ਇੰਡੀਆ ਨਾਲ ਗੱਲਬਾਤ ਕਰਦਿਆਂ ਸ਼ਰਦ ਕਪੂਰ ਨੇ ਦੱਸਿਆ ਕਿ ਉਨ੍ਹਾਂ ਦੇ ਅਤੇ ਉਨ੍ਹਾਂ ਦੀ 33 ਸਾਲਾ ਪਾਰਟਨਰ ਦੇ ਘਰ ਪਿਛਲੇ ਮਹੀਨੇ ਹੀ ਬੱਚੇ ਨੇ ਜਨਮ ਲਿਆ ਹੈ।

ਉਨ੍ਹਾਂ ਕਿਹਾ “ਅਸੀਂ ਚਾਰ ਸਾਲ ਪਹਿਲਾਂ ਮਿਲੇ ਸੀ ਅਤੇ ਉਹ ਪਿਛਲੇ ਦੋ ਸਾਲਾਂ ਤੋਂ ਮੇਰੇ ਨਾਲ ਰਹਿ ਰਹੀ ਹੈ। ਉਹ ਬਹੁਤ ਮਦਦਗਾਰ ਰਹੀ ਹੈ ਅਤੇ ਸਾਡਾ ਰਿਸ਼ਤਾ ਬਹੁਤ ਖੁਸ਼ਹਾਲ ਅਤੇ ਤਾਲਮੇਲ ਭਰਿਆ ਹੈ। ਰੋਮਾਂਸ ਮੇਰੇ ਲਈ ਮਹੱਤਵਪੂਰਨ ਹੈ, ਇਹ ਮੇਰੀ ਜ਼ਿੰਦਗੀ ਵਿੱਚ ਇੱਕ ਖ਼ਾਸ ਚਮਕ ਲੈ ਕੇ ਆਉਂਦਾ ਹੈ।”

ਸਲਮਾਨ, ਸੋਨੂੰ ਸੂਦ ਅਤੇ ਰੋਹਿਤ ਸ਼ੈੱਟੀ ਆਏ ਅੱਗੇ

ਸ਼ਰਦ ਕਪੂਰ

ਵੈਸੇ ਸ਼ਰਦ ਦੀ ਅਪੀਲ ਦਾ ਅਸਰ ਹੋਇਆ ਅਤੇ ਫ਼ਿਲਮ ਜਗਤ ਤੋਂ ਮਦਦ ਦੇ ਹੱਥ ਵਧਣ ਲੱਗੇ। ‘ਵਾਂਟੇਡ’ ਅਤੇ ‘ਜੈ ਹੋ’ ਵਿੱਚ ਉਨ੍ਹਾਂ ਨਾਲ ਕੰਮ ਕਰ ਚੁੱਕੇ ਸਲਮਾਨ ਖ਼ਾਨ ਨੇ ਆਰਥਿਕ ਮਦਦ ਦੀ ਪੇਸ਼ਕਸ਼ ਕੀਤੀ।

ਸੋਨੂੰ ਸੂਦ ਨੇ ਉਨ੍ਹਾਂ ਦੀ ਡਾਕਟਰੀ ਸਹਾਇਤਾ ਦੀ ਜ਼ਿੰਮੇਵਾਰੀ ਲੈਣ ਦੀ ਗੱਲ ਕਹੀ ਅਤੇ ਉਨ੍ਹਾਂ ਨਾਲ ਨਿੱਜੀ ਤੌਰ ‘ਤੇ ਸੰਪਰਕ ਵੀ ਕੀਤਾ। ਨਿਰਦੇਸ਼ਕ ਰੋਹਿਤ ਸ਼ੈੱਟੀ ਅਤੇ ਅਹਿਮਦ ਖ਼ਾਨ ਨੇ ਵੀ ਫ਼ੋਨ ਕਰਕੇ ਉਨ੍ਹਾਂ ਦਾ ਹਾਲ ਜਾਣਿਆ।

ਸ਼ਰਦ ਕਪੂਰ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਸ਼ਾਹਰੁਖ਼ ਖ਼ਾਨ ਨੇ ਵੀ ਉਨ੍ਹਾਂ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ।

ਮਨੋਰੰਜਨ ਦੀ ਦੁਨੀਆ ਦਾ ਇੱਕ ਬੇਰਹਿਮ ਸੱਚ ਇਹ ਵੀ ਹੈ ਕਿ ਇੱਥੇ ਵਰ੍ਹਿਆਂ ਦੀ ਮਿਹਨਤ, ਹੁਨਰ ਅਤੇ ਕਦੇ ਮਿਲੀ ਸ਼ੋਹਰਤ ਵੀ ਹਮੇਸ਼ਾ ਚੰਗੇ ਦਿਨਾਂ ਦੀ ਗਾਰੰਟੀ ਨਹੀਂ ਹੁੰਦੀ।

ਹਾਲਾਂਕਿ ਜਿਸ ਤਰ੍ਹਾਂ ਸ਼ਰਦ ਕਪੂਰ ਦੀ ਮਦਦ ਲਈ ਇੰਡਸਟਰੀ ਵਿੱਚ ਲੋਕ ਸਾਹਮਣੇ ਆਏ ਹਨ, ਉਸ ਨਾਲ ਇਹ ਉਮੀਦ ਬੱਝਦੀ ਹੈ ਕਿ ਉਨ੍ਹਾਂ ਦੇ ਫ਼ਿਲਮੀ ਕਰੀਅਰ ਦਾ ਪਰਦਾ ਡਿੱਗਣਾ ਅਜੇ ਬਾਕੀ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI