Source :- BBC PUNJABI
ਤਸਵੀਰ ਸਰੋਤ, Amarjit Singh Chawla/FB
ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਐਤਵਾਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਮਰਜੀਤ ਸਿੰਘ ਚਾਵਲਾ ਨੂੰ ਗੰਭੀਰ ਇਲਜ਼ਾਮਾਂ ਦਾ ਸਾਹਮਣਾ ਕਰਨ ਕਾਰਨ ਪੰਥ ਵਿੱਚੋਂ ਖ਼ਾਰਜ ਕਰਨ ਦਾ ਐਲਾਨ ਕੀਤਾ ਗਿਆ ਹੈ।
ਇਸ ਦੇ ਨਾਲ ਹੀ ਅਕਾਲ ਤਖ਼ਤ ਦੇ ਮੁਅੱਤਲ ਵਧੀਕ ਮੁੱਖ ਗ੍ਰੰਥੀ ਮਲਕੀਤ ਸਿੰਘ ਨੂੰ ਵੀ ਸਿੱਖ ਪੰਥ ਵਿੱਚੋਂ ਖ਼ਾਰਜ ਕਰ ਦਿੱਤਾ ਗਿਆ ਹੈ।
ਇਹ ਫੈਸਲਾ ਅੰਮ੍ਰਿਤਸਰ ਵਿੱਚ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸੁਣਾਇਆ।
ਦਰਅਸਲ, ਅਨੰਦਪੁਰ ਸਾਹਿਬ ਪੁਲਿਸ ਥਾਣੇ ਵਿੱਚ ਇੱਕ ਮਹਿਲਾ ਵੱਲੋਂ 21 ਅਗਸਤ, 2026 ਨੂੰ ਅਮਰਜੀਤ ਸਿੰਘ ਚਾਵਲਾ ਖ਼ਿਲਾਫ਼ ਬਲਾਤਕਾਰ ਦੇ ਇਲਜ਼ਾਮਾਂ ਤਹਿਤ ਕੇਸ ਦਰਜ ਕਰਵਾਇਆ ਗਿਆ ਸੀ।
ਐੱਫ਼ਆਈਆਰ ਵਿੱਚ ਮਲਕੀਤ ਸਿੰਘ ਦੇ ਵਿਰੁੱਧ ਅਸ਼ਲੀਲ ਮੈਸੇਜ ਭੇਜਣ ਦਾ ਇਲਜ਼ਾਮ ਲਗਾਇਆ ਗਿਆ ਸੀ।
ਹਾਲਾਂਕਿ ਬੀਤੇ ਦਿਨੀਂ ਅਮਰਜੀਤ ਸਿੰਘ ਚਾਵਲਾ ਨੇ ਇੱਕ ਵੀਡੀਓ ਪਾ ਕੇ ਉਨ੍ਹਾਂ ਖ਼ਿਲਾਫ਼ ਲੱਗੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ ਸੀ।
ਕਾਰਜਕਾਰੀ ਜਥੇਦਾਰ ਨੇ ਕੀ ਐਲਾਨ ਕੀਤਾ?
ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿੱਚ ਮਾਮਲੇ ਵਿਚਾਰੇ ਜਾਣ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਅਕਾਲ ਤਖ਼ਤ ਦੀ ਫ਼ਸੀਲ ਤੋਂ ਇਹ ਫ਼ੈਸਲਾ ਸੁਣਾਇਆ।
ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ, “ਪਿਛਲੇ ਦਿਨੀਂ ਇੱਕ ਬੀਬੀ ਨੇ ਸ੍ਰੀ ਅਨੰਦਪੁਰ ਸਾਹਿਬ ਤੋਂ ਐੱਸਜੀਪੀਸੀ ਮੈਂਬਰ ਅਮਰਜੀਤ ਸਿੰਘ ਚਾਵਲਾ ਵਿਰੁੱਧ ਬਹੁਤ ਗੰਭੀਰ ਇਲਜ਼ਾਮ ਲਗਾਏ ਹਨ। ਪਰ ਇਹ ਇਲਜ਼ਾਮ ਲਗਾਏ ਗਏ ਹਨ ਅਤੇ ਜਾਂਚ-ਪੜਤਾਲ ਭਾਵੇਂ ਬਾਅਦ ਦੀ ਗੱਲ ਹੈ, ਪਰ ਇਹ ਸਿੱਖ ਸੰਸਥਾਵਾਂ ਦੇ ਵੱਕਾਰ ਦੀ ਗੱਲ ਹੈ।”
“ਅਮਰਜੀਤ ਸਿੰਘ ਸਿੱਖ ਸੰਸਥਾਵਾਂ ਦੀ ਨੁਮਾਇੰਦਗੀ ਕਰਦਾ ਹੈ, ਉਸ ਉੱਤੇ ਇਸ ਤਰ੍ਹਾਂ ਦੇ ਇਲਜ਼ਾਮ ਲੱਗਣ ਨਾਲ ਸੰਗਤ ਦੀਆਂ ਭਾਵਨਾਵਾਂ ਅਤੇ ਸਿੱਖ ਸੰਸਥਾਵਾਂ ਦੇ ਵੱਕਾਰ ਨੂੰ ਢਾਹ ਲੱਗੀ ਹੈ।”
ਉਨ੍ਹਾਂ ਅੱਗੇ ਕਿਹਾ, “ਜਦੋਂ ਤੱਕ ਅਮਰਜੀਤ ਸਿੰਘ ਇਸ ਮਾਮਲੇ ਵਿੱਚੋਂ ਨਿਰਦੋਸ਼ ਸਾਬਤ ਹੋ ਕੇ ਸ੍ਰੀ ਅਕਾਲ ਤਖ਼ਤ ਵਿਖੇ ਪੇਸ਼ ਨਹੀਂ ਹੁੰਦਾ, ਉਦੋਂ ਤੱਕ ਖ਼ਾਲਸਾ ਪੰਥ ਵਿੱਚੋਂ ਖ਼ਾਰਜ ਕੀਤਾ ਜਾਂਦਾ ਹੈ। ਸਿੱਖ ਸੰਗਤਾਂ ਨੂੰ ਆਦੇਸ਼ ਕੀਤਾ ਜਾਂਦਾ ਹੈ ਕਿ ਅਮਰਜੀਤ ਸਿੰਘ ਨਾਲ ਕਿਸੇ ਕਿਸਮ ਦੀ ਸਾਂਝ ਨਾ ਰੱਖੀ ਜਾਵੇ। ਅਮਰਜੀਤ ਸਿੰਘ ਉੱਤੇ ਜੀਵਨ ਭਰ ਲਈ ਸਿੱਖ ਸੰਸਥਾਵਾਂ ਅੰਦਰ ਕੰਮ ਕਰਨ ਦੀ ਮੁਕੰਮਲ ਰੋਕ ਲਗਾਈ ਜਾਂਦੀ ਹੈ।”

ਇਸੇ ਤਰ੍ਹਾਂ ਮਲਕੀਤ ਸਿੰਘ ਬਾਰੇ ਉਨ੍ਹਾਂ ਕਿਹਾ, “ਭਾਵੇਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵਿਭਾਗੀ ਕਾਰਵਾਈ ਕਰਦਿਆਂ ਇਸ ਨੂੰ ਸੇਵਾਵਾਂ ਤੋਂ ਮੁਅੱਤਲ ਕਰ ਦਿੱਤਾ ਹੈ, ਪਰ ਕਿਉਂਕਿ ਜਦੋਂ ਕੋਈ ਜ਼ਿੰਮੇਵਾਰ ਸਿੱਖ ਅਹੁਦੇ ਉੱਤੇ ਗੰਭੀਰ ਸੇਵਾ ਨਿਭਾਅ ਰਿਹਾ ਹੁੰਦਾ ਹੈ ਤਾਂ ਉਸ ਦੀ ਕੌਮ ਅਤੇ ਧਰਮ ਪ੍ਰਤੀ ਇਹ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ ਆਪਣੇ ਕਿਰਦਾਰ ਅਤੇ ਇਖ਼ਲਾਕ ਨੂੰ ਹਮੇਸ਼ਾ ਗੁਰੂ ਆਸ਼ੇ ਅਨੁਸਾਰ ਰੱਖੇ।”
ਆਦੇਸ਼ ਵਿੱਚ ਅੱਗੇ ਕਿਹਾ ਗਿਆ, “ਮਲਕੀਤ ਸਿੰਘ ਨੂੰ ਖ਼ਾਲਸਾ ਪੰਥ ਵਿੱਚੋਂ ਖ਼ਾਰਜ ਕੀਤਾ ਜਾਂਦਾ ਹੈ। ਸਮੂਹ ਸੰਗਤਾਂ ਨੂੰ ਆਦੇਸ਼ ਕੀਤਾ ਜਾਂਦਾ ਹੈ ਕਿ ਇਸ ਨਾਲ ਕਿਸੇ ਕਿਸਮ ਦੀ ਸਾਂਝ ਨਾ ਰੱਖੀ ਜਾਵੇ। ਮਲਕੀਤ ਸਿੰਘ ਉੱਤੇ ਜੀਵਨ ਭਰ ਲਈ ਸਿੱਖ ਸੰਸਥਾਵਾਂ ਅੰਦਰ ਕੰਮ ਕਰਨ ਦੀ ਮੁਕੰਮਲ ਰੋਕ ਲਗਾਈ ਜਾਂਦੀ ਹੈ।”
ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਇਹ ਮਾਮਲਾ ਗੰਭੀਰ ਸੀ, ਇਸ ਲਈ ਇਸ ਦਾ ਨੋਟਿਸ ਲੈਣਾ ਬਣਦਾ ਸੀ ਅਤੇ ਉਨ੍ਹਾਂ ਨੇ ਨੋਟਿਸ ਲਿਆ।
ਐੱਸਜੀਪੀਸੀ ਵੱਲੋਂ ਜਾਂਚ ਕਰਵਾਉਣ ਬਾਰੇ ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਭਾਵੇਂ ਪੁਲਿਸ ਜਾਂਚ ਕਰ ਰਹੀ ਹੈ, ਪਰ ਐੱਸਜੀਪੀਸੀ ਨੂੰ ਵੀ ਇਸ ਮਾਮਲੇ ਦੀ ਜਾਂਚ ਕਰਵਾ ਲੈਣੀ ਚਾਹੀਦੀ ਹੈ।
ਬਲਾਤਕਾਰ ਦੇ ਇਲਜ਼ਾਮਾਂ ਦਾ ਮਾਮਲਾ ਕੀ ਹੈ?
ਤਸਵੀਰ ਸਰੋਤ, Ravinder Singh Robin/BBC
ਅਨੰਦਪੁਰ ਸਾਹਿਬ ਥਾਣੇ ਵਿੱਚ ਦਰਜ 149 ਨੰਬਰ ਐੱਫਆਈਆਰ ਮੁਤਾਬਕ, ਵਿਦੇਸ਼ ਤੋਂ ਆਈ ਇੱਕ ਔਰਤ ਨੇ ਇਲਜ਼ਾਮ ਲਗਾਇਆ ਹੈ ਕਿ ਸ਼੍ਰੋਮਣੀ ਕਮੇਟੀ ਨੇ ਉਨ੍ਹਾਂ ਦੀ ਰਿਹਾਇਸ਼ ਦਾ ਪ੍ਰਬੰਧ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਅਨੰਦਪੁਰ ਸਾਹਿਬ ਵਿੱਚ ਕੀਤਾ ਸੀ, ਪਰ ਉਸ ਨੂੰ ਬੰਦੀ ਬਣਾ ਕੇ ਰੱਖਿਆ ਗਿਆ ਅਤੇ ਬਲਾਤਕਾਰ ਕੀਤਾ ਗਿਆ।
ਦਰਅਸਲ, ਇਹ ਐੱਫਆਈਆਰ ਦਰਜ ਹੋਣ ਤੋਂ ਬਾਅਦ ਮਾਮਲਾ ਕਾਫ਼ੀ ਗਰਮਾ ਗਿਆ ਸੀ ਅਤੇ ਸਿਆਸੀ ਮੁੱਦਾ ਵੀ ਬਣ ਰਿਹਾ ਸੀ।
ਗਿਆਨੀ ਕੁਲਦੀਪ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਸੰਗਤਾਂ ਦੇ ਪੱਤਰ ਅਤੇ ਸੁਝਾਅ ਵੀ ਆਏ ਸਨ।
ਐੱਫਆਈਆਰ ਅਨੁਸਾਰ, ਮਹਿਲਾ ਨੇ ਇਲਜ਼ਾਮ ਲਗਾਇਆ ਕਿ ਉਸ ਨੂੰ ‘ਸ਼੍ਰੋਮਣੀ ਕਮੇਟੀ ਮੈਂਬਰ ਅਮਰਜੀਤ ਸਿੰਘ ਚਾਵਲਾ ਨੇ ਧਮਕੀਆਂ ਦੇ ਕੇ ਡਰਾਇਆ ਅਤੇ ਜਬਰੀ ਬਲਾਤਕਾਰ ਕੀਤਾ।’
ਐੱਫਆਈਆਰ ਵਿੱਚ ਅੱਗੇ ਲਿਖਿਆ ਹੈ, “ਮੇਰੇ ਵਿਰੋਧ ਕਰਨ ‘ਤੇ ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ।”
ਮਲਕੀਤ ਸਿੰਘ ਬਾਰੇ ਇਲਜ਼ਾਮ ਲਗਾਇਆ ਗਿਆ ਹੈ, “ਮਲਕੀਤ ਸਿੰਘ ਨੇ ਮੈਸੇਂਜਰ ‘ਤੇ ਅਸ਼ਲੀਲ ਮੈਸੇਜ ਕੀਤਾ।”
ਐੱਫਆਈਆਰ ਵਿੱਚ ਇਹ ਮਾਮਲਾ ਐੱਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਕੋਲ ਚੁੱਕੇ ਜਾਣ ਦੀ ਵੀ ਗੱਲ ਕੀਤੀ ਗਈ ਹੈ।
ਹਾਲਾਂਕਿ, ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਉਨ੍ਹਾਂ ਨੇ ਮਹਿਲਾ ਨੂੰ ਮਲਕੀਤ ਸਿੰਘ ਬਾਰੇ ਲਿਖਤੀ ਸ਼ਿਕਾਇਤ ਦੇਣ ਦੀ ਗੱਲ ਆਖੀ ਸੀ, ਪਰ ਮਹਿਲਾ ਵੱਲੋਂ ਅਮਰਜੀਤ ਸਿੰਘ ਬਾਰੇ ਉਨ੍ਹਾਂ ਨਾਲ ਕੋਈ ਗੱਲ ਨਹੀਂ ਕੀਤੀ ਗਈ ਸੀ।
ਉਨ੍ਹਾਂ ਕਿਹਾ, “ਲਿਖਤੀ ਸ਼ਿਕਾਇਤ ਨਾ ਹੋਣ ਦੇ ਬਾਵਜੂਦ ਵੀ ਮੈਂ ਮਲਕੀਤ ਸਿੰਘ ਬਾਰੇ ਐੱਸਜੀਪੀਸੀ ਨੂੰ ਉਸ ਨੂੰ ਪਾਸੇ ਕਰਨ ਲਈ ਕਹਿ ਦਿੱਤਾ ਸੀ।”
ਅਮਰਜੀਤ ਸਿੰਘ ਨੇ ਇਲਜ਼ਾਮਾਂ ਬਾਰੇ ਕੀ ਕਿਹਾ ਸੀ?
ਤਸਵੀਰ ਸਰੋਤ, Ravinder Singh Robin/BBC
ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ ਉੱਪਰ ਜਾਰੀ ਕੀਤੀ ਇੱਕ ਵੀਡੀਓ ਵਿੱਚ ਅਮਰਜੀਤ ਸਿੰਘ ਚਾਵਲਾ ਨੇ ਆਪਣੇ ਉੱਪਰ ਲੱਗੇ ਇਲਜ਼ਾਮਾਂ ਨੂੰ ਨਕਾਰਿਆ ਸੀ।
ਉਨ੍ਹਾਂ ਲਿਖਿਆ, “ਮੇਰੇ ਖ਼ਿਲਾਫ਼ ਲੱਗੇ ਇਲਜ਼ਾਮ ਬੇਬੁਨਿਆਦ ਹਨ। ਮੈਂ ਇਖ਼ਲਾਕੀ ਤੌਰ ‘ਤੇ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਦੇ ਅਹੁਦਿਆਂ ਤੋਂ ਅਸਤੀਫ਼ਾ ਦੇ ਰਿਹਾ ਹਾਂ। ਸੱਚ ਜਲਦੀ ਸਾਹਮਣੇ ਲਿਆਵਾਂਗਾ।”
ਉਹ ਵੀਡੀਓ ਵਿੱਚ ਕਹਿੰਦੇ ਸੁਣਾਈ ਦਿੰਦੇ ਹਨ, “ਬੜੇ ਅਫ਼ਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਪਿਛਲੇ ਸਮੇਂ ਤੋਂ ਕੁਝ ਲੋਕ ਮੇਰੇ ਪਿੱਛੇ ਜਿਵੇਂ ਹੱਥ ਧੋ ਕੇ ਪਏ ਹਨ। ਉਹ ਇਸ ਢੰਗ ਨਾਲ ਮੇਰੀ ਕਿਰਦਾਰਕੁਸ਼ੀ ਕਰਨ ਦੇ ਯਤਨਾਂ ਵਿੱਚ ਸਨ।”
“ਮੈਂ ਸਮਝਦਾ ਹਾਂ ਕਿ ਜਦੋਂ ਚੋਣਾਂ ਨੇੜੇ ਹੁੰਦੀਆਂ ਹਨ, ਤਾਂ ਬਹੁਤ ਕੁਝ ਵਾਪਰਦਾ ਹੈ। ਇਹ ਜੋ ਐੱਫਆਈਆਰ ਹੋਈ ਹੈ ਅਤੇ ਕਰਵਾਈ ਗਈ ਹੈ, ਇਹ ਬਿਲਕੁਲ ਝੂਠੀ ਅਤੇ ਨਿਰਾਧਾਰ ਕੀਤੀ ਗਈ ਹੈ।”
ਬੀਬੀਸੀ ਪੰਜਾਬੀ ਵਲੋਂ ਇਸ ਐੱਫਆਈਆਰ ਬਾਰੇ ਵਧੇਰੇ ਜਾਣਕਾਰੀ ਲਈ ਅਨੰਦਪੁਰ ਸਾਹਿਬ ਪੁਲਿਸ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਅਤੇ ਮੈਸੇਜ ਵੀ ਛੱਡਿਆ ਗਿਆ। ਜਿਵੇਂ ਹੀ ਇਸ ਬਾਰੇ ਪੁਲਿਸ ਦਾ ਜਵਾਬ ਆਵੇਗਾ ਤਾਂ ਖ਼ਬਰ ਅਪਡੇਟ ਕੀਤੀ ਜਾਵੇਗੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI




