Home rss national punjabi2ਰਾਸ਼ਟਰੀ ਖ਼ਬਰਾਂ ਇਮਰਾਨ ਖ਼ਾਨ ਦੀ ਸਿਹਤ ਨੂੰ ਲੈ ਕੇ ਉਨ੍ਹਾਂ ਦੇ ਪੁੱਤਰਾਂ ਦੇ ਦਾਅਵਿਆਂ...

ਇਮਰਾਨ ਖ਼ਾਨ ਦੀ ਸਿਹਤ ਨੂੰ ਲੈ ਕੇ ਉਨ੍ਹਾਂ ਦੇ ਪੁੱਤਰਾਂ ਦੇ ਦਾਅਵਿਆਂ ਤੋਂ ਬਾਅਦ ਕੀ ਪਾਕਿਸਤਾਨ ‘ਤੇ ਵਧ ਰਿਹਾ ਹੈ ਦਬਾਅ?

5
0

Source :- BBC PUNJABI

 ਇਮਰਾਨ ਖ਼ਾਨ

ਤਸਵੀਰ ਸਰੋਤ, Getty Images

ਪ੍ਰਕਾਸ਼ਿਤ

ਪੜ੍ਹਨ ਦਾ ਸਮਾਂ: 9 ਮਿੰਟ

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਸਿਹਤ ਨੂੰ ਲੈ ਕੇ ਵਿਵਾਦ ਹੁਣ ਕ੍ਰਿਕਟ ਭਾਈਚਾਰੇ ਤੋਂ ਨਿੱਕਲ ਕੇ ਅੰਤਰਰਾਸ਼ਟਰੀ ਪੱਧਰ ‘ਤੇ ਪਹੁੰਚਦਾ ਦਿਖਾਈ ਦੇ ਰਿਹਾ ਹੈ।

21 ਸਾਬਕਾ ਅੰਤਰਰਾਸ਼ਟਰੀ ਕਪਤਾਨਾਂ ਦੀ ਅਪੀਲ, ਪੈਟ ਕਮਿੰਸ ਅਤੇ ਗ੍ਰੇਗ ਚੈਪਲ ਵਰਗੇ ਦਿੱਗਜਾਂ ਦੀ ਚਿੰਤਾ ਅਤੇ ਹੁਣ ਇਮਰਾਨ ਖ਼ਾਨ ਦੇ ਪੁੱਤਰਾਂ ਕਾਸਿਮ ਅਤੇ ਸੁਲੇਮਾਨ ਖ਼ਾਨ ਦੇ ਇੰਟਰਵਿਊ ਨੇ ਇਸ ਮੁੱਦੇ ਨੂੰ ਮੁੜ ਸੁਰਖੀਆਂ ਵਿੱਚ ਲਿਆ ਦਿੱਤਾ ਹੈ।

ਇੰਗਲੈਂਡ ਅਤੇ ਪਾਕਿਸਤਾਨ ਵਿਚਕਾਰ ਖੇਡੇ ਜਾ ਰਹੇ ਲਾਰਡਜ਼ ਟੈਸਟ ਦੌਰਾਨ ਸਕਾਈ ਸਪੋਰਟਸ ‘ਤੇ ਪ੍ਰਸਾਰਿਤ ਇੰਟਰਵਿਊ ਵਿੱਚ ਇਮਰਾਨ ਖ਼ਾਨ ਦੇ ਪੁੱਤਰਾਂ ਨੇ ਆਪਣੇ ਪਿਤਾ ਦੀ ਸਿਹਤ ਅਤੇ ਜੇਲ੍ਹ ਵਿੱਚ ਉਨ੍ਹਾਂ ਦੀ ਸਥਿਤੀ ਨੂੰ ਲੈਕੇ ਸਵਾਲ ਚੁੱਕੇ। ਇੰਟਰਵਿਊ ਦੇ ਪ੍ਰਸਾਰਣ ‘ਤੇ ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਨੇ ਇਤਰਾਜ਼ ਜਤਾਇਆ ਅਤੇ ਸਕਾਈ ਸਪੋਰਟਸ ਨੂੰ ਸ਼ਿਕਾਇਤ ਵੀ ਕੀਤੀ।

ਦੂਜੇ ਪਾਸੇ, ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਜਾਵੇਦ ਮਿਆਂਦਾਦ ਨੇ ਵੀ ਇੱਕ ਪੌਡਕਾਸਟ ਦੌਰਾਨ ਰੋਂਦੇ ਹੋਏ ਇਮਰਾਨ ਖ਼ਾਨ ਦੇ ਸਮਰਥਨ ਵਿੱਚ ਆਵਾਜ਼ ਉਠਾਈ ਹੈ।

ਆਖ਼ਿਰ ਇਮਰਾਨ ਖ਼ਾਨ ਦੇ ਪੁੱਤਰਾਂ ਨੇ ਇੰਟਰਵਿਊ ਵਿੱਚ ਕੀ ਕਿਹਾ? ਆਓ ਜਾਣਦੇ ਹਾਂ, ਇਮਰਾਨ ਖ਼ਾਨ ਦੀ ਸਿਹਤ ਨੂੰ ਲੈ ਕੇ ਅੰਤਰਰਾਸ਼ਟਰੀ ਕ੍ਰਿਕਟ ਜਗਤ ਵੱਲੋਂ ਹੁਣ ਤੱਕ ਕੀ ਪ੍ਰਤੀਕਿਰਿਆਵਾਂ ਆਈਆਂ ਹਨ।

ਇਮਰਾਨ ਖ਼ਾਨ ਦੇ ਪੁੱਤਰਾਂ ਨੇ ਕੀ ਕਿਹਾ?

ਇਮਰਾਨ ਖ਼ਾਨ

ਤਸਵੀਰ ਸਰੋਤ, Getty Images

ਕ੍ਰਿਕਟ ਵੈੱਬਸਾਈਟ ਕ੍ਰਿਕਇੰਫੋ ਦੇ ਮੁਤਾਬਕ, ਇਹ ਇੰਟਰਵਿਊ ਬੁੱਧਵਾਰ ਨੂੰ ਲਾਰਡਜ਼ ਦੇ ਰਾਈਟਰਜ਼ ਰੂਮ ਵਿੱਚ ਰਿਕਾਰਡ ਕੀਤਾ ਗਿਆ ਸੀ। ਇਹ ਇੰਟਰਵਿਊ ਵੀਰਵਾਰ ਨੂੰ ਇੰਗਲੈਂਡ ਅਤੇ ਪਾਕਿਸਤਾਨ ਵਿਚਕਾਰ ਲਾਰਡਜ਼ ਵਿੱਚ ਚੱਲ ਰਹੇ ਟੈਸਟ ਮੈਚ ਦੇ ਪਹਿਲੇ ਦਿਨ ਲੰਚ ਬ੍ਰੇਕ ਦੌਰਾਨ ਪ੍ਰਸਾਰਿਤ ਕੀਤਾ ਗਿਆ।

18 ਮਿੰਟ ਦੇ ਇਸ ਇੰਟਰਵਿਊ ਵਿੱਚ ਇੰਗਲੈਂਡ ਦੇ ਸਾਬਕਾ ਕਪਤਾਨ ਮਾਈਕਲ ਐਥਰਟਨ ਨੇ ਇਮਰਾਨ ਖ਼ਾਨ ਦੇ ਪੁੱਤਰਾਂ ਨਾਲ ਉਨ੍ਹਾਂ ਦੀ ਸਿਹਤ ਬਾਰੇ ਗੱਲ ਕੀਤੀ। ਉਨ੍ਹਾਂ ਦੇ ਪੁੱਤਰਾਂ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਮਾਨਸਿਕ ਤੌਰ ‘ਤੇ ਬਹੁਤ ਮਜ਼ਬੂਤ ਹਨ, ਪਰ ਉਨ੍ਹਾਂ ਨੂੰ ਇੱਕ ਛੋਟੀ ਜਿਹੀ ਕੋਠੜੀ ਵਿੱਚ ਅਲੱਗ-ਥਲੱਗ ਰੱਖਿਆ ਗਿਆ ਹੈ।

ਇੰਟਰਵਿਊ ਦੌਰਾਨ ਇਮਰਾਨ ਖ਼ਾਨ ਦੇ ਪੁੱਤਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਪਿਤਾ ਨਾਲ ਆਖ਼ਰੀ ਵਾਰ ਨਵੰਬਰ 2022 ਵਿੱਚ ਮੁਲਾਕਾਤ ਕੀਤੀ ਸੀ। ਜਦਕਿ, ਫ਼ੋਨ ‘ਤੇ ਉਨ੍ਹਾਂ ਨਾਲ ਆਖ਼ਰੀ ਵਾਰ ਮਾਰਚ ਵਿੱਚ ਗੱਲ ਹੋਈ ਸੀ।

ਇਮਰਾਨ ਖ਼ਾਨ ਦੇ ਪੁੱਤਰਾਂ ਨੇ ਇਹ ਵੀ ਕਿਹਾ ਕਿ ਸੁਪਰੀਮ ਕੋਰਟ ਦੇ ਹੁਕਮ ਦੇ ਬਾਵਜੂਦ ਉਨ੍ਹਾਂ ਦੇ ਪਿਤਾ ਨੂੰ ਇਲਾਜ ਲਈ ਨਿੱਜੀ ਹਸਪਤਾਲ ਦੀ ਥਾਂ ਸਰਕਾਰੀ ਹਸਪਤਾਲ ਲਿਜਾਇਆ ਗਿਆ ਅਤੇ ਫਿਰ ਉਨ੍ਹਾਂ ਨੂੰ ਵਾਪਸ ਜੇਲ੍ਹ ਭੇਜ ਦਿੱਤਾ ਗਿਆ।

ਵੀਰਵਾਰ ਨੂੰ ਬੀਬੀਸੀ ਨਾਲ ਗੱਲਬਾਤ ਦੌਰਾਨ ਕਾਸਿਮ ਅਤੇ ਸੁਲੇਮਾਨ ਨੇ ਮੰਗ ਕੀਤੀ ਕਿ ਪਾਕਿਸਤਾਨੀ ਸਰਕਾਰ ਉਨ੍ਹਾਂ ਦੇ ਪਿਤਾ ਦੀ ਮੈਡੀਕਲ ਜਾਂਚ ਕਿਸੇ “ਨਿਰਪੱਖ ਡਾਕਟਰ ਜਾਂ ਉਨ੍ਹਾਂ ਦੇ ਆਪਣੇ ਡਾਕਟਰ” ਤੋਂ ਕਰਵਾਏ ਅਤੇ ਨਤੀਜੇ ਜਨਤਕ ਕਰੇ।

ਇਮਰਾਨ ਖ਼ਾਨ ਦੇ ਪੁੱਤਰ ਸੁਲੇਮਾਨ ਨੇ ਕਿਹਾ ਕਿ ਜੇ ਪਾਕਿਸਤਾਨੀ ਸਰਕਾਰ ਦਾ ਦਾਅਵਾ ਹੈ ਕਿ ਉਨ੍ਹਾਂ ਦੇ ਪਿਤਾ ਇਮਰਾਨ ਖ਼ਾਨ ਦੀ ਸਿਹਤ ਠੀਕ ਹੈ, ਤਾਂ “ਉਨ੍ਹਾਂ ਨੂੰ ਸਾਨੂੰ ਸਬੂਤ ਦਿਖਾਉਣਾ ਚਾਹੀਦਾ ਹੈ।”

ਇੰਟਰਵਿਊ ਤੋਂ ਬਾਅਦ ਪਾਕਿਸਤਾਨ ਕ੍ਰਿਕਟ ਬੋਰਡ ਦੀ ਸ਼ਿਕਾਇਤ

ਪੀਸੀਬੀ ਦੇ ਚੇਅਰਮੈਨ ਮੋਹਸਿਨ ਨਕਵੀ

ਤਸਵੀਰ ਸਰੋਤ, Getty Images

ਇਮਰਾਨ ਖ਼ਾਨ ਦੇ ਪੁੱਤਰਾਂ ਵੱਲੋਂ ਦਿੱਤੇ ਇੰਟਰਵਿਊ ਤੋਂ ਬਾਅਦ ਸਕਾਈ ਸਪੋਰਟਸ ਨੇ ਇਸ ਮਾਮਲੇ ‘ਤੇ ਪਾਕਿਸਤਾਨ ਸਰਕਾਰ ਦਾ ਪੱਖ ਵੀ ਪ੍ਰਸਾਰਿਤ ਕੀਤਾ।

ਪਾਕਿਸਤਾਨ ਸਰਕਾਰ ਮੁਤਾਬਕ, ਇਮਰਾਨ ਖ਼ਾਨ ਨੂੰ ਉਚਿਤ ਮੈਡੀਕਲ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਜੇਲ੍ਹ ਵਿੱਚ ਵੀ ਉਨ੍ਹਾਂ ਨੂੰ ਜ਼ਰੂਰੀ ਸਹੂਲਤਾਂ ਮਿਲ ਰਹੀਆਂ ਹਨ।

ਸਕਾਈ ਸਪੋਰਟਸ ਨੇ ਪੁਸ਼ਟੀ ਕੀਤੀ ਹੈ ਕਿ ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਨੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਪੁੱਤਰਾਂ ਦੇ ਇੰਟਰਵਿਊ ਦੇ ਪ੍ਰਸਾਰਣ ਨੂੰ ਲੈਕੇ ਸ਼ਿਕਾਇਤ ਕੀਤੀ ਹੈ।

ਬੀਬੀਸੀ ਉਰਦੂ ਵੱਲੋਂ ਭੇਜੇ ਗਏ ਸਵਾਲਾਂ ਦੇ ਜਵਾਬ ਵਿੱਚ ਸਕਾਈ ਸਪੋਰਟਸ ਦੇ ਸੰਚਾਰ ਨਿਰਦੇਸ਼ਕ ਨਿਕੀ ਫ਼ਲੈਚਰ ਨੇ ਕਿਹਾ ਕਿ ਉਨ੍ਹਾਂ ਨੂੰ ਪੀਸੀਬੀ ਦੀ ਸ਼ਿਕਾਇਤ ਦੀ ਜਾਣਕਾਰੀ ਹੈ।

ਉਨ੍ਹਾਂ ਕਿਹਾ ਕਿ ਉਹ ਇਸ ਇੰਟਰਵਿਊ ‘ਤੇ ਕੋਈ ਟਿੱਪਣੀ ਨਹੀਂ ਕਰਨਗੇ। ਹਾਲਾਂਕਿ, ਉਨ੍ਹਾਂ ਨੂੰ ਵੀਰਵਾਰ ਨੂੰ ਪੀਸੀਬੀ ਵੱਲੋਂ ਮਿਲੀ ਸ਼ਿਕਾਇਤ ਬਾਰੇ ਜਾਣਕਾਰੀ ਸੀ।

‘ਬੀਬੀਸੀ ਨਿਊਜ਼’ ਉਰਦੂ ਨੇ ਇਸ ਮਾਮਲੇ ‘ਤੇ ਪੀਸੀਬੀ ਦਾ ਪੱਖ ਜਾਣਨ ਲਈ ਬੋਰਡ ਦੇ ਬੁਲਾਰੇ ਆਮਿਰ ਮੀਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਅਤੇ ਉਨ੍ਹਾਂ ਨੂੰ ਮੈਸੇਜ ਵੀ ਭੇਜੇ, ਪਰ ਅਜੇ ਤੱਕ ਉਨ੍ਹਾਂ ਵੱਲੋਂ ਕੋਈ ਜਵਾਬ ਨਹੀਂ ਮਿਲਿਆ ਹੈ।

ਖੇਡ ਵੈੱਬਸਾਈਟ ਕ੍ਰਿਕਇੰਫੋ ਮੁਤਾਬਕ, ਇਮਰਾਨ ਖ਼ਾਨ ਦੇ ਪੁੱਤਰਾਂ ਦਾ ਇੰਟਰਵਿਊ ਪ੍ਰਸਾਰਿਤ ਕਰਨ ਤੋਂ ਬਾਅਦ ਪਾਕਿਸਤਾਨ ਕ੍ਰਿਕਟ ਬੋਰਡ ਨੇ ਸਕਾਈ ਸਪੋਰਟਸ ਨੂੰ ਰਸਮੀ ਸ਼ਿਕਾਇਤ ਦਰਜ ਕਰਵਾਈ। ਪੀਸੀਬੀ ਨੇ ਕਥਿਤ ਤੌਰ ‘ਤੇ ਕਿਹਾ ਸੀ ਕਿ ਜੇ ਇੰਟਰਵਿਊ ਪ੍ਰਸਾਰਿਤ ਕੀਤਾ ਗਿਆ, ਤਾਂ ਪਾਕਿਸਤਾਨ ਦੇ ਖਿਡਾਰੀ ਲੰਚ ਤੋਂ ਬਾਅਦ ਮੈਦਾਨ ‘ਤੇ ਵਾਪਿਸ ਨਹੀਂ ਆਉਣਗੇ।

ਇਸ ਸਾਰੀ ਗੱਲਬਾਤ ਦੌਰਾਨ ਸਕਾਈ ਸਪੋਰਟਸ ਨੇ ਇੰਟਰਵਿਊ ਦਾ ਪ੍ਰਸਾਰਣ ਕੁਝ ਸਮੇਂ ਲਈ ਟਾਲ ਦਿੱਤਾ। ਹਾਲਾਂਕਿ, ਬਾਅਦ ਵਿੱਚ ਉਸ ਨੇ 18 ਮਿੰਟ ਦਾ ਇਹ ਇੰਟਰਵਿਊ ਪ੍ਰਸਾਰਿਤ ਕਰ ਦਿੱਤਾ।

ਇਮਰਾਨ ਖ਼ਾਨ ਦੀ ਸਿਹਤ ਅਤੇ ਸੁਪਰੀਮ ਕੋਰਟ ਦੇ ਆਦੇਸ਼

ਇਮਰਾਨ ਖ਼ਾਨ

ਤਸਵੀਰ ਸਰੋਤ, Getty Images

12 ਫਰਵਰੀ 2026 ਨੂੰ ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਅਧਿਕਾਰੀਆਂ ਨੂੰ ਹੁਕਮ ਦਿੱਤੇ ਸਨ ਕਿ ਜੇਲ੍ਹ ਵਿੱਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀਆਂ ਅੱਖਾਂ ਦੀ ਜਾਂਚ ਲਈ ਇੱਕ ਮੈਡੀਕਲ ਬੋਰਡ ਬਣਾਇਆ ਜਾਵੇ। ਇਹ ਹੁਕਮ ਉਨ੍ਹਾਂ ਦੀ ਇੱਕ ਅੱਖ ਦੀ ਰੌਸ਼ਨੀ ਘੱਟ ਹੋਣ ਦੀ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਦਿੱਤਾ ਗਿਆ ਸੀ।

ਸੁਪਰੀਮ ਕੋਰਟ ਨੇ ਅਧਿਕਾਰੀਆਂ ਨੂੰ ਇਹ ਵੀ ਹੁਕਮ ਦਿੱਤਾ ਕਿ ਇਮਰਾਨ ਖ਼ਾਨ ਨੂੰ ਆਪਣੇ ਬੱਚਿਆਂ ਨਾਲ ਗੱਲ ਕਰਨ ਦੀ ਇਜਾਜ਼ਤ ਦਿੱਤੀ ਜਾਵੇ।

ਇਮਰਾਨ ਖ਼ਾਨ ਦੇ ਜੇਲ੍ਹ ਵਿੱਚ ਰਹਿਣ ਦੇ ਹਾਲਾਤਾਂ ਨਾਲ ਜੁੜੇ ਮਾਮਲੇ ਦੀ ਸੁਣਵਾਈ ਕਰਦੇ ਹੋਏ ਚੀਫ਼ ਜਸਟਿਸ ਯਾਹਿਆ ਅਫ਼ਰੀਦੀ ਅਤੇ ਜਸਟਿਸ ਸ਼ਾਹਿਦ ਬਿਲਾਲ ਹਸਨ ਦੀ ਦੋ ਮੈਂਬਰੀ ਬੈਂਚ ਨੇ ਹੁਕਮ ਦਿੱਤਾ ਕਿ ਉਨ੍ਹਾਂ ਦੀ ਵਿਆਪਕ ਮੈਡੀਕਲ ਜਾਂਚ 16 ਫਰਵਰੀ ਤੋਂ ਪਹਿਲਾਂ ਕਰਵਾਈ ਜਾਵੇ।

ਬੀਤੀ 18 ਅਗਸਤ ਨੂੰ ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਹੁਕਮ ਦਿੱਤਾ ਸੀ ਕਿ ਇਮਰਾਨ ਖ਼ਾਨ ਨੂੰ ਦੋ ਦਿਨਾਂ ਦੇ ਅੰਦਰ ਅਦਿਆਲਾ ਜੇਲ੍ਹ ਤੋਂ ਸ਼ਿਫ਼ਾ ਇੰਟਰਨੈਸ਼ਨਲ ਹਸਪਤਾਲ ਵਿੱਚ ਸ਼ਿਫ਼ਟ ਕੀਤਾ ਜਾਵੇ।

ਕੋਰਟ ਨੇ ਇੱਕ ਮੈਡੀਕਲ ਬੋਰਡ ਬਣਾਉਣ ਦਾ ਵੀ ਨਿਰਦੇਸ਼ ਦਿੱਤਾ ਸੀ, ਜਿਸ ਵਿੱਚ ਇਮਰਾਨ ਖ਼ਾਨ ਦੇ ਨਿੱਜੀ ਡਾਕਟਰ ਡਾਕਟਰ ਫ਼ੈਸਲ ਅਤੇ ਉਨ੍ਹਾਂ ਦੀ ਭੈਣ ਡਾਕਟਰ ਉਜ਼ਮਾ ਖ਼ਾਨ ਨੂੰ ਸ਼ਾਮਿਲ ਕੀਤਾ ਜਾਣਾ ਸੀ।

20 ਅਗਸਤ ਦੀ ਦੇਰ ਰਾਤ ਇਮਰਾਨ ਖ਼ਾਨ ਨੂੰ ਰਾਵਲਪਿੰਡੀ ਦੀ ਅਦਿਆਲਾ ਜੇਲ੍ਹ ਤੋਂ ਇਸਲਾਮਾਬਾਦ ਦੇ ਸ਼ਿਫ਼ਾ ਇੰਟਰਨੈਸ਼ਨਲ ਹਸਪਤਾਲ ਲਿਜਾਇਆ ਗਿਆ ਸੀ।

ਹਾਲਾਂਕਿ, ਉਨ੍ਹਾਂ ਨੂੰ 21 ਅਗਸਤ ਦੀ ਸਵੇਰ ਨੂੰ ਮੁੜ ਜੇਲ੍ਹ ਭੇਜ ਦਿੱਤਾ ਗਿਆ। ਪਾਕਿਸਤਾਨ ਸਰਕਾਰ ਦੇ ਮੰਤਰੀ ਅਤਾਉੱਲਾਹ ਤਰਾੜ ਨੇ ਸੋਸ਼ਲ ਮੀਡੀਆ ‘ਤੇ ਇਸ ਦੀ ਜਾਣਕਾਰੀ ਦਿੱਤੀ ਸੀ।

ਤਰਾੜ ਨੇ ਐਕਸ ‘ਤੇ ਲਿਖਿਆ ਸੀ, “ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਬਾਅਦ 20 ਅਤੇ 21 ਅਗਸਤ ਦੀ ਰਾਤ ਨੂੰ ਇਮਰਾਨ ਖ਼ਾਨ ਨੂੰ ਸਖ਼ਤ ਸੁਰੱਖਿਆ ਵਿਚਕਾਰ ਹਸਪਤਾਲ ਲਿਜਾਇਆ ਗਿਆ।”

“ਡਾਕਟਰਾਂ ਦੀ ਇੱਕ ਟੀਮ, ਜਿਸ ਵਿੱਚ ਅੱਖਾਂ ਦੇ ਮਾਹਿਰ, ਦਿਲ ਦੇ ਮਾਹਿਰ ਅਤੇ ਫਿਜ਼ੀਸ਼ੀਅਨ ਸ਼ਾਮਿਲ ਸਨ, ਨੇ ਉਨ੍ਹਾਂ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਅਤੇ ਉਨ੍ਹਾਂ ਨੂੰ ਸਿਹਤਮੰਦ ਦੱਸਿਆ। ਸਾਰੀਆਂ ਪ੍ਰਕਿਰਿਆਵਾਂ ਪੂਰੀਆਂ ਹੋਣ ਤੋਂ ਬਾਅਦ 21 ਅਗਸਤ ਦੀ ਸਵੇਰ ਲਗਭਗ 05:00 ਵਜੇ ਉਨ੍ਹਾਂ ਨੂੰ ਵਾਪਸ ਅਦਿਆਲਾ ਜੇਲ੍ਹ ਭੇਜ ਦਿੱਤਾ ਗਿਆ।”

ਇਮਰਾਨ ਖ਼ਾਨ 5 ਅਗਸਤ 2023 ਤੋਂ ਜੇਲ੍ਹ ਵਿੱਚ ਹਨ। ਉਨ੍ਹਾਂ ਨੂੰ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ਵਿੱਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਲਾਹੌਰ ਸਥਿਤ ਉਨ੍ਹਾਂ ਦੇ ਘਰੋਂ ਗ੍ਰਿਫ਼ਤਾਰ ਕੀਤਾ ਗਿਆ ਸੀ।

ਫ਼ਿਲਹਾਲ ਇਮਰਾਨ ਖ਼ਾਨ ਰਾਵਲਪਿੰਡੀ ਦੀ ਹਾਈ-ਸਿਕਿਓਰਿਟੀ ਅਦਿਆਲਾ ਜੇਲ੍ਹ ਵਿੱਚ ਬੰਦ ਹਨ।

ਅੰਤਰਰਾਸ਼ਟਰੀ ਪੱਧਰ ‘ਤੇ ਵਧਿਆ ਦਬਾਅ

ਕ੍ਰਿਕਟ ਜਗਤ ਦੇ 22 ਸਾਬਕਾ ਕ੍ਰਿਕਟਰ ਕਪਤਾਨਾਂ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਨੂੰ ਇੱਕ ਪੱਤਰ ਲਿਖ ਕੇ ਇਮਰਾਨ ਖ਼ਾਨ ਦੇ ਇਲਾਜ ਦੀ ਮੰਗ ਨੂੰ ਦੁਹਰਾਇਆ

ਤਸਵੀਰ ਸਰੋਤ, Getty Images

ਹਾਲ ਹੀ ਵਿੱਚ ਇਮਰਾਨ ਖ਼ਾਨ ਦੀ ਸਿਹਤ ਨੂੰ ਲੈ ਕੇ ਆਈਆਂ ਤਾਜ਼ਾ ਖ਼ਬਰਾਂ ਅਤੇ ਉਸ ‘ਤੇ ਪਾਕਿਸਤਾਨ ਸਰਕਾਰ ਵੱਲੋਂ ਚੁੱਕੇ ਗਏ ਕਦਮ ਤੋਂ ਬਾਅਦ ਕ੍ਰਿਕਟ ਜਗਤ ਦੇ 22 ਸਾਬਕਾ ਅੰਤਰਰਾਸ਼ਟਰੀ ਕਪਤਾਨਾਂ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਨੂੰ ਇੱਕ ਪੱਤਰ ਲਿਖ ਕੇ ਅਪੀਲ ਕੀਤੀ ਸੀ।

ਇਨ੍ਹਾਂ ਵਿੱਚ ਭਾਰਤੀ ਟੀਮ ਦੇ ਸਾਬਕਾ ਕਪਤਾਨ ਸੁਨੀਲ ਗਾਵਸਕਰ ਅਤੇ ਕਪਿਲ ਦੇਵ ਵੀ ਸ਼ਾਮਿਲ ਸਨ।

23 ਅਗਸਤ 2026 ਨੂੰ ਕ੍ਰਿਕਟ ਜਗਤ ਦੇ 22 ਸਾਬਕਾ ਕ੍ਰਿਕਟਰ ਕਪਤਾਨਾਂ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਨੂੰ ਇੱਕ ਪੱਤਰ ਲਿਖ ਕੇ ਇਮਰਾਨ ਖ਼ਾਨ ਦੇ ਇਲਾਜ ਦੀ ਮੰਗ ਨੂੰ ਦੁਹਰਾਇਆ।

ਪੱਤਰ ਵਿੱਚ ਸਾਬਕਾ ਕਪਤਾਨਾਂ ਨੇ ਲਿਖਿਆ ਸੀ, ”ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਹੁਕਮ ਦਿੱਤਾ ਸੀ ਕਿ ਇਮਰਾਨ ਖ਼ਾਨ ਨੂੰ ਹਸਪਤਾਲ ਲਿਜਾ ਕੇ ਇੱਕ ਮੈਡੀਕਲ ਬੋਰਡ ਤੋਂ ਉਨ੍ਹਾਂ ਦੀ ਜਾਂਚ ਕਰਵਾਈ ਜਾਵੇ। ਇਸ ਬੋਰਡ ਵਿੱਚ ਉਨ੍ਹਾਂ ਦੇ ਨਿੱਜੀ ਡਾਕਟਰਾਂ ਦੇ ਨਾਲ ਉਨ੍ਹਾਂ ਦੀ ਭੈਣ ਡਾਕਟਰ ਉਜ਼ਮਾ ਖ਼ਾਨ ਨੂੰ ਵੀ ਸ਼ਾਮਿਲ ਕੀਤਾ ਜਾਣਾ ਸੀ।”

“ਕੋਰਟ ਨੇ ਪਰਿਵਾਰ ਨਾਲ ਹਰ ਹਫ਼ਤੇ ਮੁਲਾਕਾਤ ਦੀ ਸਹੂਲਤ ਵੀ ਬਹਾਲ ਕਰ ਦਿੱਤੀ ਸੀ। ਇਹ ਦੋਵੇਂ ਹੀ ਫ਼ੈਸਲੇ ਸਵਾਗਤ ਕਰਨ ਯੋਗ ਸਨ। ਪਰ ਚਿੰਤਾ ਦੀ ਗੱਲ ਇਹ ਹੈ ਕਿ ਇਮਰਾਨ ਖ਼ਾਨ ਨੂੰ ਹਸਪਤਾਲ ਵਿੱਚ ਸਿਰਫ਼ ਕੁਝ ਘੰਟਿਆਂ ਲਈ ਰੱਖਿਆ ਗਿਆ। ਉਨ੍ਹਾਂ ਦੀ ਜਾਂਚ ਕੋਰਟ ਦੇ ਨਿਰਦੇਸ਼ ਮੁਤਾਬਕ ਬਣਾਏ ਗਏ ਮੈਡੀਕਲ ਬੋਰਡ ਨੇ ਨਹੀਂ, ਸਗੋਂ ਸਰਕਾਰ ਵੱਲੋਂ ਨਿਯੁਕਤ ਟੀਮ ਨੇ ਕੀਤੀ। ਇਸ ਟੀਮ ਨੇ ਉਨ੍ਹਾਂ ਨੂੰ ‘ਮੈਡੀਕਲੀ ਫਿਟ’ ਮਤਲਬ ਸਿਹਤਮੰਦ ਐਲਾਨ ਦਿੱਤਾ ਅਤੇ ਉਸ ਮੈਡੀਕਲ ਬੋਰਡ ਵੱਲੋਂ ਆਪਣੀ ਜਾਂਚ ਪੂਰੀ ਕਰਨ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਵਾਪਸ ਜੇਲ੍ਹ ਭੇਜ ਦਿੱਤਾ ਗਿਆ।”

ਸਾਬਕਾ ਕਪਤਾਨਾਂ ਦੀਆਂ ਤਿੰਨ ਮੰਗਾਂ

ਪਹਿਲੀ ਮੰਗ: ਸੁਪਰੀਮ ਕੋਰਟ ਦੇ ਨਿਰਦੇਸ਼ ‘ਤੇ ਬਣਾਏ ਗਏ ਮੈਡੀਕਲ ਬੋਰਡ ਨੂੰ ਉਨ੍ਹਾਂ ਦੀ ਸਿਹਤ ਦੀ ਪੂਰੀ ਅਤੇ ਸੁਤੰਤਰ ਜਾਂਚ ਕਰਨ ਦੀ ਇਜਾਜ਼ਤ ਦਿੱਤੀ ਜਾਵੇ। ਇਸ ਬੋਰਡ ਵਿੱਚ ਇਮਰਾਨ ਖ਼ਾਨ ਦੇ ਆਪਣੇ ਡਾਕਟਰ ਵੀ ਸ਼ਾਮਿਲ ਹੋਣ। ਇਮਰਾਨ ਦੀ ਸੱਜੀ ਅੱਖ ਦੀ ਰੌਸ਼ਨੀ ਜਾਣ ਦੀ ਖ਼ਬਰ ਦੀ ਵੀ ਜਾਂਚ ਕੀਤੀ ਜਾਵੇ।

ਦੂਜੀ ਮੰਗ: ਹਰ ਹਫ਼ਤੇ ਪਰਿਵਾਰ ਨਾਲ ਮੁਲਾਕਾਤ ਦੀ ਸਹੂਲਤ ਬਿਨਾਂ ਕਿਸੇ ਰੁਕਾਵਟ ਜਾਂ ਪ੍ਰਸ਼ਾਸਨਿਕ ਦੇਰੀ ਦੇ ਜਾਰੀ ਰੱਖੀ ਜਾਵੇ। ਕੋਰਟ ਵੱਲੋਂ ਇਹ ਸਹੂਲਤ ਬਹਾਲ ਕੀਤੀ ਗਈ ਹੈ।

ਤੀਜੀ ਮੰਗ: ਮੈਡੀਕਲ ਜਾਂਚ ਦਾ ਨਤੀਜਾ ਚਾਹੇ ਜੋ ਵੀ ਹੋਵੇ, ਜਾਂਚ ਵਿੱਚ ਜਿਸ ਇਲਾਜ ਦੀ ਸਿਫ਼ਾਰਸ਼ ਕੀਤੀ ਜਾਵੇ, ਉਹ ਬਿਨਾਂ ਕਿਸੇ ਦੇਰੀ ਦੇ ਉਪਲੱਬਧ ਕਰਵਾਇਆ ਜਾਵੇ।

ਕਪਿਲ ਦੇਵ
ਸਾਬਕਾ ਕਪਤਾਨ, ਭਾਰਤੀ ਕ੍ਰਿਕਟ ਟੀਮ

ਪੈਟ ਕਮਿੰਸ ਨੇ ਵੀ ਜਤਾਇਆ ਸਮਰਥਨ

ਆਸਟ੍ਰੇਲੀਆ ਦੇ ਟੈਸਟ ਅਤੇ ਵਨਡੇ ਕ੍ਰਿਕਟ ਕਪਤਾਨ ਪੈਟ ਕਮਿੰਸ ਨੇ ਸ਼ੁੱਕਰਵਾਰ ਨੂੰ ਆਪਣੇ ਐਕਸ ਹੈਂਡਲ ‘ਤੇ ਆਸਟ੍ਰੇਲੀਆ ਕ੍ਰਿਕਟ ਦੇ ਸਾਬਕਾ ਕਪਤਾਨ ਗ੍ਰੇਗ ਚੈਪਲ ਦਾ ਇੱਕ ਵੀਡੀਓ ਸਾਂਝਾ ਕਰਦਿਆਂ ਲਿਖਿਆ, “ਮੈਂ ਇੱਥੇ ਜੀਸੀ (ਗ੍ਰੇਗ ਚੈਪਲ) ਅਤੇ ਹੋਰ ਸਾਬਕਾ ਅੰਤਰਰਾਸ਼ਟਰੀ ਕਪਤਾਨਾਂ ਦੇ ਸਮਰਥਨ ਵਿੱਚ ਆਪਣੀ ਗੱਲ ਜੋੜਨਾ ਚਾਹੁੰਦਾ ਹਾਂ। ਮੈਨੂੰ ਉਮੀਦ ਹੈ ਕਿ ਕੋਰਟ ਦੇ ਹੁਕਮ ‘ਤੇ ਹੋਣ ਵਾਲੀ ਮੈਡੀਕਲ ਜਾਂਚ ਨੂੰ ਪੂਰਾ ਹੋਣ ਦਿੱਤਾ ਜਾਵੇਗਾ ਅਤੇ ਪਰਿਵਾਰ ਨਾਲ ਮੁਲਾਕਾਤਾਂ ਜਾਰੀ ਰਹਿਣਗੀਆਂ।”

ਉਨ੍ਹਾਂ ਕਿਹਾ, “ਮੈਨੂੰ ਉਮੀਦ ਹੈ ਕਿ ਇਮਰਾਨ ਖ਼ਾਨ ਨਾਲ ਉਸੇ ਸਨਮਾਨ ਨਾਲ ਵਿਵਹਾਰ ਕੀਤਾ ਜਾਵੇਗਾ, ਜਿਸ ਦਾ ਹੱਕਦਾਰ ਹਰ ਵਿਅਕਤੀ ਹੈ।”

ਗ੍ਰੇਗ ਚੈਪਲ ਨੇ ਵੀ ਜਤਾਈ ਚਿੰਤਾ

ਲੰਘੇ ਬੁੱਧਵਾਰ ਨੂੰ ਗ੍ਰੇਗ ਚੈਪਲ ਨੇ ਇੱਕ ਪੌਡਕਾਸਟ ਵਿੱਚ ਇਮਰਾਨ ਖ਼ਾਨ ਦੀ ਸਿਹਤ ਨੂੰ ਲੈਕੇ ਚਿੰਤਾ ਜਤਾਈ ਸੀ।

ਇਸ ਵਿੱਚ ਉਨ੍ਹਾਂ ਕਿਹਾ ਸੀ, “ਉਹ (ਇਮਰਾਨ ਖ਼ਾਨ) ਪਿਛਲੇ ਤਿੰਨ ਸਾਲਾਂ ਤੋਂ ਇਕੱਲੇ ਹਨ ਅਤੇ ਮੈਂ ਨਹੀਂ ਜਾਣਦਾ ਕਿ ਕੋਈ ਇਸ ਤਰ੍ਹਾਂ ਦੇ ਇੱਕਲਾਪੇ ਨਾਲ ਕਿਵੇਂ ਨਜਿੱਠ ਸਕਦਾ ਹੈ। ਇਹ ਕੋਈ ਸਿਆਸੀ ਗੱਲ ਨਹੀਂ ਹੈ, ਇਹ ਮਨੁੱਖੀ ਅਧਿਕਾਰਾਂ ਦਾ ਮੁੱਦਾ ਹੈ। ਕਿਸੇ ਨੂੰ ਵੀ ਇਸ ਤਰ੍ਹਾਂ ਇੱਕਲੇ ਵਿੱਚ ਨਹੀਂ ਰੱਖਿਆ ਜਾਣਾ ਚਾਹੀਦਾ।”

ਪਾਕਿਸਤਾਨ ਦੇ ਅੰਦਰੋਂ ਉੱਠੀ ਆਵਾਜ਼

ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਜਾਵੇਦ ਮਿਆਂਦਾਦ ਨੇ ਕਿਹਾ, ਇਮਰਾਨ ਖ਼ਾਨ ਬਿਹਤਰ ਦੇ ਹੱਕਦਾਰ ਹਨ, ਪਾਕਿਸਤਾਨ ਸਰਕਾਰ ਨੂੰ ਬੈਠ ਕੇ ਮਾਮਲਾ ਸੁਲਝਾਉਣਾ ਚਾਹੀਦਾ ਹੈ।

ਉਨ੍ਹਾਂ ਨੇ ਇੱਕ ਪੌਡਕਾਸਟ ਵਿੱਚ ਕਿਹਾ, “ਉੱਪਰਵਾਲਾ (ਰੱਬ) ਕਰੇ ਕਿ ਇਮਰਾਨ ਦੀਆਂ ਸਾਰੀਆਂ ਚੀਜ਼ਾਂ ਠੀਕ ਹੋ ਜਾਣ, ਉਹ ਬਿਹਤਰ ਦੇ ਹੱਕਦਾਰ ਹਨ। ਜੋ ਕੁਝ ਵੀ ਹੋਵੇ, ਬੈਠ ਕੇ ਠੀਕ ਕਰ ਲਓ। ਮੈਂ ਪਾਕਿਸਤਾਨ ਸਰਕਾਰ ਨੂੰ ਵੀ ਇਹੀ ਕਹਾਂਗਾ। ਇਹ ਜੋ ਬੇਵਜ੍ਹਾ ਹੋ ਰਿਹਾ ਹੈ, ਸਹੀ ਨਹੀਂ ਹੈ। ਕਿਉਂਕਿ ਉਹ ਵੀ ਕਿਸੇ ਦੇ ਪੁੱਤਰ ਹਨ। ਮੇਰੇ ਜ਼ਹਿਨ ਵਿੱਚ ਇਹ ਚੱਲਦਾ ਰਹਿੰਦਾ ਹੈ ਕਿ ਬੇਚਾਰਾ ਕੀ ਕਰ ਰਿਹਾ ਹੋਵੇਗਾ। ਅਸੀਂ ਇਕੱਠੇ ਕ੍ਰਿਕਟ ਖੇਡੀ ਹੈ, ਸਾਡਾ ਉੱਠਣਾ-ਬੈਠਣਾ ਇਕੱਠੇ ਸੀ। ਮੈਨੂੰ ਕੋਈ ਇਹ ਦੱਸ ਦੇਵੇ ਕਿ ਜੇ ਉਨ੍ਹਾਂ ਨੂੰ ਬਾਹਰ ਕੱਢ ਦੇਣ ਤਾਂ ਕੀ ਹੀ ਫ਼ਰਕ ਪਵੇਗਾ।”

ਜੇਮਿਮਾ ਗੋਲਡਸਮਿਥ ਦੀ ਬ੍ਰਿਟੇਨ ਸਰਕਾਰ ਨੂੰ ਅਪੀਲ

ਇਮਰਾਨ ਖ਼ਾਨ ਦੀ ਸਾਬਕਾ ਪਤਨੀ ਜੇਮਿਮਾ ਗੋਲਡਸਮਿਥ ਨੇ ਇਮਰਾਨ ਦੀ ਸਿਹਤ ਨੂੰ ਲੈ ਕੇ ਬ੍ਰਿਟੇਨ ਸਰਕਾਰ ਤੋਂ ਅਪੀਲ ਕੀਤੀ ਸੀ

ਤਸਵੀਰ ਸਰੋਤ, Getty Images

ਇਸ ਤੋਂ ਪਹਿਲਾਂ ਇਮਰਾਨ ਖ਼ਾਨ ਦੇ ਸਾਬਕਾ ਪਤਨੀ ਜੇਮਿਮਾ ਗੋਲਡਸਮਿਥ ਨੇ 24 ਅਗਸਤ 2026 ਨੂੰ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਇੱਕ ਪੋਸਟ ਪਾਕੇ ਇੰਗਲੈਂਡ ਦੇ ਪ੍ਰਧਾਨ ਮੰਤਰੀ ਐਂਡੀ ਬਰਨਹੈਮ ਨੂੰ ਇਮਰਾਨ ਖ਼ਾਨ ਦੀ ਸਿਹਤ ‘ਤੇ ਚੁੱਪੀ ਤੋੜਨ ਦੀ ਅਪੀਲ ਕੀਤੀ ਸੀ।

ਉਨ੍ਹਾਂ ਨੇ ਐਕਸ ‘ਤੇ ਲਿਖਿਆ ਸੀ, “ਪ੍ਰਧਾਨ ਮੰਤਰੀ ਐਂਡੀ ਬਰਨਹੈਮ ਅਤੇ ਵਿਦੇਸ਼ ਮੰਤਰੀ ਐਡ ਮਿਲੀਬੈਂਡ, ਬ੍ਰਿਟੇਨ ਆਖ਼ਿਰ ਕਦੋਂ ਤੱਕ ਚੁੱਪ ਰਹੇਗਾ? ਪਿਛਲੇ ਤਿੰਨ ਸਾਲਾਂ ਤੋਂ ਮੇਰੇ ਦੋ ਪੁੱਤਰਾਂ ਦੇ ਪਿਤਾ ਅਤੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਉਨ੍ਹਾਂ ਦੇ ਸਿਆਸੀ ਵਿਰੋਧੀਆਂ ਨੇ ਬੇਰਹਿਮੀ ਨਾਲ ਸਜ਼ਾ ਦਿੱਤੀ ਹੈ। ਇਹ ਆਰਮੀ ਚੀਫ਼ ਆਸਿਮ ਮੁਨੀਰ ਦੀ ਨਿੱਜੀ ਦੁਸ਼ਮਣੀ ਦਾ ਨਤੀਜਾ ਹੈ। ਯੂਐੱਨ ਦੇ ਮੁਤਾਬਕ, ਇਹ ਤਸ਼ੱਦਦ ਦੇ ਬਰਾਬਰ ਹੈ ਅਤੇ ਹੁਣ ਇਸ ਦਾ ਉਨ੍ਹਾਂ ਦੀ ਸਰੀਰਕ ਅਤੇ ਮਾਨਸਿਕ ਸਿਹਤ ‘ਤੇ ਘਾਤਕ ਅਸਰ ਪੈ ਰਿਹਾ ਹੈ।”

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI