Home rss national punjabi2ਰਾਸ਼ਟਰੀ ਖ਼ਬਰਾਂ ਐੱਲਪੀਯੂ ਅਤੇ ਚਿਤਕਾਰਾ ਮਾਮਲਾ: ਅਫ਼ਵਾਹਾਂ ਅਤੇ ਗ਼ਲਤ ਸੂਚਨਾਵਾਂ ਕਿਵੇਂ ਫੈਲਦੀਆਂ ਹਨ, ਇਨ੍ਹਾਂ...

ਐੱਲਪੀਯੂ ਅਤੇ ਚਿਤਕਾਰਾ ਮਾਮਲਾ: ਅਫ਼ਵਾਹਾਂ ਅਤੇ ਗ਼ਲਤ ਸੂਚਨਾਵਾਂ ਕਿਵੇਂ ਫੈਲਦੀਆਂ ਹਨ, ਇਨ੍ਹਾਂ ਦੀ ਪਛਾਣ ਕਿਵੇਂ ਹੋ ਸਕਦੀ ਹੈ

5
0

Source :- BBC PUNJABI

ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ

ਫਗਵਾੜਾ ਦੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐੱਲਪੀਯੂ) ਅਤੇ ਰਾਜਪੁਰਾ ਦੀ ਚਿਤਕਾਰਾ ਯੂਨੀਵਰਸਿਟੀ ਵਿੱਚ ਹੋਏ ਹਿੰਸਕ ਪ੍ਰਦਰਸ਼ਨਾਂ ਨੇ ਸੋਸ਼ਲ ਮੀਡੀਆ ਉੱਤੇ ਬਿਨਾਂ ਤਸਦੀਕ ਫੈਲਣ ਵਾਲੀਆਂ ਸੂਚਨਾਵਾਂ ਦੇ ਅਸਰ ਨੂੰ ਇੱਕ ਵਾਰ ਮੁੜ ਚਰਚਾ ਵਿੱਚ ਲਿਆ ਦਿੱਤਾ ਹੈ।

ਐੱਲਪੀਯੂ ਵਿੱਚ ਸ਼ਨੀਵਾਰ ਦੇਰ ਰਾਤ ਤੋਂ ਐਤਵਾਰ ਸ਼ਾਮ ਤੱਕ ਭੰਨਤੋੜ, ਵਾਹਨਾਂ ਨੂੰ ਅੱਗ ਲਾਉਣ ਅਤੇ ਪ੍ਰਦਰਸ਼ਨਾਂ ਦੀਆਂ ਘਟਨਾਵਾਂ ਵਾਪਰੀਆਂ। ਇਸ ਦੌਰਾਨ ਪਥਰਾਅ ਅਤੇ ਲਾਠੀਚਾਰਜ ਵੀ ਹੋਇਆ।

ਪੁਲਿਸ ਨੇ ਹਿੰਸਾ ਨਾਲ ਜੁੜੇ ਇਸ ਮਾਮਲੇ ਵਿੱਚ ਅਣਪਛਾਤੇ ਲੋਕਾਂ ਖ਼ਿਲਾਫ਼ ਤਿੰਨ ਐੱਫਆਈਆਰ ਦਰਜ ਕੀਤੀਆਂ ਹਨ।

ਇਸੇ ਤਰ੍ਹਾਂ ਚਿਤਕਾਰਾ ਯੂਨੀਵਰਸਿਟੀ ਵਿੱਚ ਸ਼ੁੱਕਰਵਾਰ ਰਾਤ ਅਤੇ ਸ਼ਨੀਵਾਰ ਨੂੰ ਵਿਦਿਆਰਥੀਆਂ ਵੱਲੋਂ ਪ੍ਰਦਰਸ਼ਨ ਕੀਤੇ ਗਏ। ਇੱਥੇ ਵੀ ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਵਿਚਾਲੇ ਝੜਪਾਂ ਹੋਈਆਂ ਅਤੇ ਪੁਲਿਸ ਦੇ ਵਾਹਨਾਂ ਸਮੇਤ ਹੋਰ ਜਾਇਦਾਦ ਨੂੰ ਨੁਕਸਾਨ ਪਹੁੰਚਾਇਆ ਗਿਆ।

ਦੋਵਾਂ ਮਾਮਲਿਆਂ ਵਿੱਚ ਸੋਸ਼ਲ ਮੀਡੀਆ ਉੱਤੇ ਫੈਲੀਆਂ ਅਜਿਹੀਆਂ ਸੂਚਨਾਵਾਂ ਸਾਹਮਣੇ ਆਈਆਂ, ਜਿਨ੍ਹਾਂ ਦੀ ਬਾਅਦ ਵਿੱਚ ਪੁਸ਼ਟੀ ਨਹੀਂ ਹੋ ਸਕੀ।

ਇਹ ਜਾਣਕਾਰੀਆਂ ਲੋਕਾਂ ਨੂੰ ਕਿਵੇਂ ਪ੍ਰਭਾਵਿਤ ਕਰਦੀਆਂ ਹਨ, ਕਿਵੇਂ ਫੈਲਦੀਆਂ ਹਨ ਅਤੇ ਇਨ੍ਹਾਂ ਦੀ ਪਛਾਣ ਕਿਵੇਂ ਕੀਤੀ ਜਾ ਸਕਦੀ ਹੈ? ਇਸ ਬਾਰੇ ਮਾਹਰਾਂ ਦਾ ਮੰਨਣਾ ਹੈ ਕਿ ਲੋਕਾਂ ਦਾ ਮੀਡੀਆ ਦੇ ਗਿਆਨੀ (ਮੀਡੀਆ ਲਿਟਰੇਟ) ਹੋਣਾ ਅਤੇ ਆਲੋਚਨਾਤਮਕ ਨਜ਼ਰੀਆ ਅਪਣਾਇਆ ਜਾਣਾ ਬੇਹੱਦ ਜ਼ਰੂਰੀ ਹੈ।

ਕਿਹੜੀਆਂ ਸੂਚਨਾਵਾਂ ਫੈਲੀਆਂ?

ਪੁਲਿਸ ਮੁਤਾਬਕ ਚਿਤਕਾਰਾ ਯੂਨੀਵਰਸਿਟੀ ਵਿੱਚ ਸੋਸ਼ਲ ਮੀਡੀਆ ਉੱਤੇ ਇਹ ਜਾਣਕਾਰੀ ਫੈਲੀ ਸੀ ਕਿ ਕੈਂਪਸ ਵਿੱਚੋਂ ਦੋ ਵਿਦਿਆਰਥਣਾਂ ਲਾਪਤਾ ਹੋ ਗਈਆਂ ਹਨ। ਪੁਲਿਸ ਦੀ ਜਾਂਚ ਦੌਰਾਨ ਇਹ ਦਾਅਵਾ ਅਫ਼ਵਾਹ ਨਿਕਲਿਆ।

ਐੱਲਪੀਯੂ ਵਿੱਚ ਇਸ ਦੌਰਾਨ ਸੋਸ਼ਲ ਮੀਡੀਆ ਉੱਤੇ ਇਹ ਦਾਅਵਾ ਫੈਲਿਆ ਕਿ ਕੈਂਪਸ ਵਿੱਚ ਇੱਕ ਵਿਦਿਆਰਥਣ ਨਾਲ ਬਲਾਤਕਾਰ ਹੋਇਆ ਹੈ।

ਯੂਨੀਵਰਸਿਟੀ ਪ੍ਰਸ਼ਾਸਨ ਨੇ ਇਸ ਦਾਅਵੇ ਨੂੰ ਨਕਾਰਿਆ ਹੈ। ਹਾਲਾਂਕਿ, ਪ੍ਰਦਰਸ਼ਨਕਾਰੀਆਂ ਦੇ ਦਬਾਅ ਤੋਂ ਬਾਅਦ ਪੁਲਿਸ ਨੇ ਇਸ ਦਾਅਵੇ ਨਾਲ ਸਬੰਧਤ ਇੱਕ ਐੱਫਆਈਆਰ ਦਰਜ ਕੀਤੀ ਅਤੇ ਜਾਂਚ ਲਈ ਇੱਕ ਕਮੇਟੀ ਦਾ ਗਠਨ ਵੀ ਕੀਤਾ ਹੈ।

ਐੱਫਆਈਆਰ ਵਿੱਚ ਕਿਸੇ ਪੀੜਤ ਦਾ ਜ਼ਿਕਰ ਨਹੀਂ ਹੈ। ਪੁਲਿਸ ਮੁਤਾਬਕ ਅਜੇ ਤੱਕ ਕਿਸੇ ਵਿਦਿਆਰਥਣ, ਉਸ ਦੇ ਪਰਿਵਾਰਕ ਮੈਂਬਰ, ਦੋਸਤ ਜਾਂ ਸਹਿਪਾਠੀ ਨੇ ਵੀ ਇਸ ਦਾਅਵੇ ਸਬੰਧੀ ਪੁਲਿਸ ਕੋਲ ਪਹੁੰਚ ਨਹੀਂ ਕੀਤੀ ਹੈ।

ਸੋਮਵਾਰ ਨੂੰ ਐੱਲਪੀਯੂ ਪਹੁੰਚੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ 26 ਅਤੇ 27 ਤਰੀਕ ਦੀ ਦਰਮਿਆਨੀ ਰਾਤ ਨੂੰ ਐੱਲਪੀਯੂ ਕੈਂਪਸ ਵਿੱਚ ਇੱਕ ਘਟਨਾ ਨੂੰ ਲੈ ਕੇ ਅਫ਼ਵਾਹਾਂ ਫੈਲੀਆਂ, ਜਿਸ ਤੋਂ ਬਾਅਦ ਵਿਦਿਆਰਥੀ ਬਾਹਰ ਆ ਗਏ ਅਤੇ ਭੰਨਤੋੜ ਤੇ ਅੱਗਜ਼ਨੀ ਦੀਆਂ ਘਟਨਾਵਾਂ ਵਾਪਰੀਆਂ।

ਐੱਲਪੀਯੂ

ਗ਼ਲਤ ਜਾਣਕਾਰੀ ਲੋਕਾਂ ਨੂੰ ਕਿਵੇਂ ਪ੍ਰਭਾਵਿਤ ਕਰਦੀ ਹੈ?

ਕੇਂਦਰੀ ਯੂਨੀਵਰਸਿਟੀ, ਬਠਿੰਡਾ ਦੇ ਜਨ ਸੰਚਾਰ ਅਤੇ ਮੀਡੀਆ ਅਧਿਐਨ ਵਿਭਾਗ ਦੇ ਮੁਖੀ ਅਤੇ ਗ਼ਲਤ ਤੇ ਝੂਠੀ ਜਾਣਕਾਰੀ ਬਾਰੇ ਖੋਜ ਕਰਨ ਵਾਲੇ ਸਹਾਇਕ ਪ੍ਰੋਫੈਸਰ ਡਾ. ਰੂਬਲ ਕਨੋਜੀਆ ਮੁਤਾਬਕ ਅਫ਼ਵਾਹਾਂ ਅਤੇ ਗ਼ਲਤ ਜਾਣਕਾਰੀਆਂ ਵਿੱਚ ਅਕਸਰ ਭਾਵੁਕ ਸੁਨੇਹੇ ਹੁੰਦੇ ਹਨ ਅਤੇ ਭਾਵਨਾਵਾਂ ਨੂੰ ਉਤੇਜਿਤ ਕਰਦੇ ਹਨ।

ਉਹ ਕਹਿੰਦੇ ਹਨ ਕਿ ਅਜਿਹੀਆਂ ਸੂਚਨਾਵਾਂ ਡਰ ਪੈਦਾ ਕਰ ਕਰਦੀਆਂ ਹਨ। ਲੋਕਾਂ ਜਾਂ ਸਮੂਹਾਂ ਵਿਚਾਲੇ ਧਰੁਵੀਕਰਨ ਵੀ ਕਰਦੀਆਂ ਹਨ।

ਡਾ. ਰੂਬਲ ਮੁਤਾਬਕ ਅਜਿਹੀਆਂ ਸੂਚਨਾਵਾਂ ਕਿਸੇ ਸਮੂਹ ਨੂੰ ਪੀੜਤ ਵਜੋਂ ਪੇਸ਼ ਕਰਦੀਆਂ ਹਨ। ਇਸ ਨਾਲ ਉਸ ਸਮੂਹ ਵਿੱਚ ਆਪਸੀ ਹਮਦਰਦੀ ਪੈਦਾ ਹੁੰਦੀ ਹੈ। ਫਿਰ ਲੋਕ ਉਸ ਜਾਣਕਾਰੀ ਉੱਤੇ ਤੁਰੰਤ ਪ੍ਰਤੀਕਿਰਿਆ ਦਿੰਦੇ ਹਨ।

ਦੋਵਾਂ ਯੂਨੀਵਰਸਿਟੀਆਂ ਦੇ ਮਾਮਲਿਆਂ ਦਾ ਹਵਾਲਾ ਦਿੰਦਿਆਂ ਉਹ ਕਹਿੰਦੇ ਹਨ, “ਵਾਇਰਲ ਹੋਈਆਂ ਸੂਚਨਾਵਾਂ ਵਿੱਚ ਵਿਦਿਆਰਥੀਆਂ ਨੂੰ ਪੀੜਤ ਵਜੋਂ ਪੇਸ਼ ਕੀਤਾ ਗਿਆ ਸੀ। ਇਸ ਕਾਰਨ ਵਿਦਿਆਰਥੀਆਂ ਵਿੱਚ ਹਮਦਰਦੀ ਅਤੇ ਭਾਵਨਾਤਮਕ ਪ੍ਰਤੀਕਿਰਿਆ ਪੈਦਾ ਹੋਈ, ਜਿਸ ਨੇ ਉਨ੍ਹਾਂ ਨੂੰ ਪ੍ਰਦਰਸ਼ਨਾਂ ਵੱਲ ਧੱਕਿਆ।”

ਗ਼ਲਤ ਜਾਣਕਾਰੀ ਤੋਂ ਕਿਵੇਂ ਬਚਿਆ ਜਾ ਸਕਦਾ ਹੈ?

ਰੂਬਲ ਕਨੋਜੀਆ

ਡਾ. ਰੂਬਲ ਕਨੋਜੀਆ ਮੁਤਾਬਕ ਇਸ ਲਈ ਮੀਡੀਆ ਸਾਖਰਤਾ ਬਹੁਤ ਮਹੱਤਵਪੂਰਨ ਹੈ।

ਉਹ ਕਹਿੰਦੇ ਹਨ, “ਕਿਸੇ ਵੀ ਜਾਣਕਾਰੀ ਉੱਤੇ ਵਿਸ਼ਵਾਸ ਕਰਨ ਤੋਂ ਪਹਿਲਾਂ ਇਹ ਪਤਾ ਕਰਨਾ ਚਾਹੀਦਾ ਹੈ ਕਿ ਜਾਣਕਾਰੀ ਦਾ ਸਰੋਤ ਕੀ ਹੈ, ਇਹ ਕਿੱਥੋਂ ਆ ਰਹੀ ਹੈ, ਕਿਸ ਬਾਰੇ ਹੈ ਅਤੇ ਇਸ ਨੂੰ ਸਾਂਝਾ ਕਰਨ ਵਾਲਾ ਕੌਣ ਹੈ।”

“ਇਸ ਦੇ ਨਾਲ ਇਹ ਵੀ ਦੇਖਣਾ ਚਾਹੀਦਾ ਹੈ ਕਿ ਜਾਣਕਾਰੀ ਕਿਸੇ ਰੂੜ੍ਹੀਵਾਦੀ ਧਾਰਨਾ ਜਾਂ ਪਹਿਲਾਂ ਤੋਂ ਬਣੀ ਸੋਚ ਉੱਤੇ ਤਾਂ ਆਧਾਰਿਤ ਨਹੀਂ ਹੈ।”

ਉਨ੍ਹਾਂ ਮੁਤਾਬਕ ਲੋਕਾਂ ਨੂੰ ਭਰੋਸੇਯੋਗ ਸਰੋਤਾਂ ਤੋਂ ਮਿਲੀ ਜਾਣਕਾਰੀ ਨੂੰ ਤਰਜੀਹ ਦੇਣੀ ਚਾਹੀਦੀ ਹੈ। ਇਨ੍ਹਾਂ ਵਿੱਚ ਮੀਡੀਆ ਅਦਾਰੇ, ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਵੈੱਬਸਾਈਟਾਂ ਅਤੇ ਉਨ੍ਹਾਂ ਦੇ ਅਧਿਕਾਰਤ ਸੋਸ਼ਲ ਮੀਡੀਆ ਖਾਤੇ ਅਤੇ ਹੋਰ ਸਰੋਤ ਸ਼ਾਮਲ ਹੋ ਸਕਦੇ ਹਨ।

ਉਹ ਕਹਿੰਦੇ ਹਨ ਕਿ ਜੇ ਕਿਸੇ ਜਾਣਕਾਰੀ ਵਿੱਚ ਸਰੋਤ ਦਾ ਜ਼ਿਕਰ ਨਹੀਂ ਹੈ ਤਾਂ ਉਸ ਉੱਤੇ ਤੁਰੰਤ ਵਿਸ਼ਵਾਸ ਕਰਨ ਤੋਂ ਬਚਣਾ ਚਾਹੀਦਾ ਹੈ।

ਉਨ੍ਹਾਂ ਲੋਕਾਂ ਨੂੰ ਇਹ ਵੀ ਸਲਾਹ ਦਿੱਤੀ ਕਿ ਕਿਸੇ ਵਾਇਰਲ ਦਾਅਵੇ ਦੇ ਮੁੱਖ ਸ਼ਬਦਾਂ ਨੂੰ ਗੂਗਲ ਉੱਤੇ ਸਰਚ ਕੀਤਾ ਜਾਵੇ ਅਤੇ ਦੇਖਿਆ ਜਾਵੇ ਕਿ ਕੀ ਕਿਸੇ ਭਰੋਸੇਯੋਗ ਮੀਡੀਆ ਅਦਾਰੇ ਨੇ ਵੀ ਇਸ ਬਾਰੇ ਰਿਪੋਰਟ ਕੀਤੀ ਹੈ।

ਹਾਲਾਂਕਿ, ਉਹ ਇਹ ਵੀ ਮੰਨਦੇ ਹਨ ਕਿ ਹੁਣ ਕਈ ਵਾਰ ਮੀਡੀਆ ਅਦਾਰਿਆਂ ਵਿੱਚ ਵੀ ਗ਼ਲਤ ਜਾਣਕਾਰੀ ਪ੍ਰਕਾਸ਼ਿਤ ਹੋ ਜਾਂਦੀ ਹੈ। ਇਸ ਲਈ ਸਿਰਫ਼ ਕਿਸੇ ਇੱਕ ਸਰੋਤ ਉੱਤੇ ਨਿਰਭਰ ਕਰਨ ਦੀ ਬਜਾਏ ਜਾਣਕਾਰੀ ਦੀ ਪੁਸ਼ਟੀ ਹੋਰ ਸਰੋਤਾਂ ਤੋਂ ਕਰਨਾ ਜ਼ਰੂਰੀ ਹੈ।

ਉਨ੍ਹਾਂ ਮੁਤਾਬਕ ਸੋਸ਼ਲ ਮੀਡੀਆ ਅਤੇ ਰਵਾਇਤੀ ਮੀਡੀਆ ਵਿਚਕਾਰ ਇੱਕ ਵੱਡਾ ਫ਼ਰਕ ਇਹ ਹੈ ਕਿ ਰਵਾਇਤੀ ਮੀਡੀਆ ਵਿੱਚ ਜਾਣਕਾਰੀ ਲੋਕਾਂ ਤੱਕ ਪਹੁੰਚਣ ਤੋਂ ਪਹਿਲਾਂ ਸੰਪਾਦਕਾਂ ਅਤੇ ਹੋਰ ਗੇਟਕੀਪਰਾਂ ਵਿੱਚੋਂ ਲੰਘਦੀ ਹੈ, ਜਦਕਿ ਸੋਸ਼ਲ ਮੀਡੀਆ ਉੱਤੇ ਕੋਈ ਅਜਿਹਾ ਲਾਜ਼ਮੀ ਪੜਾਅ ਨਹੀਂ ਹੁੰਦਾ।

ਤੁਰੰਤ ਪ੍ਰਤੀਕਿਰਿਆ ਤੋਂ ਬਚਣਾ ਕਿਉਂ ਜ਼ਰੂਰੀ ਹੈ?

ਐੱਲਪੀਯੂ

ਡੀਏਵੀ ਯੂਨੀਵਰਸਿਟੀ, ਜਲੰਧਰ ਦੇ ਜਨ ਸੰਚਾਰ ਵਿਭਾਗ ਵਿੱਚ ਪ੍ਰੋਫੈਸਰ ਡਾ. ਨਿਧੀ ਸ਼ਰਮਾ ਮੀਡੀਆ ਐਜੂਕੇਟਰ ਅਤੇ ਟ੍ਰੇਨਰ ਵਜੋਂ ਵੀ ਕੰਮ ਕਰਦੇ ਹਨ। ਉਹ ਸਕੂਲਾਂ ਅਤੇ ਕਾਲਜਾਂ ਵਿੱਚ ਵਰਕਸ਼ਾਪਾਂ ਰਾਹੀਂ ਲੋਕਾਂ ਨੂੰ ਫੇਕ ਨਿਊਜ਼, ਗ਼ਲਤ ਸੂਚਨਾਵਾਂ ਅਤੇ ਅਫ਼ਵਾਹਾਂ ਦੀ ਪਛਾਣ ਕਰਨ ਬਾਰੇ ਸਿਖਲਾਈ ਦਿੰਦੇ ਹਨ।

ਉਹ ਕਹਿੰਦੇ ਹਨ, “ਫੇਕ ਨਿਊਜ਼, ਗ਼ਲਤ ਸੂਚਨਾਵਾਂ ਅਤੇ ਅਫ਼ਵਾਹਾਂ ਦੇ ਤੇਜ਼ੀ ਨਾਲ ਫੈਲਣ ਦਾ ਇੱਕ ਵੱਡਾ ਕਾਰਨ ਲੋਕਾਂ ਵੱਲੋਂ ਜਾਣਕਾਰੀ ਉੱਤੇ ਤੁਰੰਤ ਪ੍ਰਤੀਕਿਰਿਆ ਦੇਣਾ ਹੈ।”

ਉਨ੍ਹਾਂ ਮੁਤਾਬਕ ਕਿਸੇ ਵੀ ਵਾਇਰਲ ਜਾਣਕਾਰੀ ਨੂੰ ਦੇਖਦਿਆਂ ਤੁਰੰਤ ਪ੍ਰਤੀਕਿਰਿਆ ਦੇਣ ਦੀ ਬਜਾਏ ਉਸ ਦੀ ਤਸਦੀਕ ਕਰਨੀ ਚਾਹੀਦੀ ਹੈ।

“ਹਰ ਜਾਣਕਾਰੀ ਨੂੰ ਆਲੋਚਨਾਤਮਿਕ ਨਜ਼ਰੀਏ ਤੋਂ ਦੇਖਣਾ ਚਾਹੀਦਾ ਹੈ।”

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI