Home rss national punjabi2ਰਾਸ਼ਟਰੀ ਖ਼ਬਰਾਂ ਦਿਲ ਦੀ ਬਿਮਾਰੀ 30 ਸਾਲ ਤੋਂ ਘੱਟ ਉਮਰ ਵਿੱਚ ਕਿਹੜੇ ਕਾਰਨਾਂ ਕਰਕੇ...

ਦਿਲ ਦੀ ਬਿਮਾਰੀ 30 ਸਾਲ ਤੋਂ ਘੱਟ ਉਮਰ ਵਿੱਚ ਕਿਹੜੇ ਕਾਰਨਾਂ ਕਰਕੇ ਹੁੰਦੀ ਹੈ, ਦਿਲ ਦੀ ਜਾਂਚ ਨਾਲ ਜੁੜੀਆਂ ਇਹ ਜ਼ਰੂਰੀ ਗੱਲਾਂ ਜਾਣ ਲਓ

2
0

Source :- BBC PUNJABI

ਕੈਮਰੇ ਵੱਲ ਦੇਖ ਰਹੀ ਔਰਤ

ਦਿਲ ਦੇ ਰੋਗਾਂ ਦੀ ਗੱਲ ਕਰੀਏ ਤਾਂ ਕੁਝ ਲੋਕਾਂ ਵਿੱਚ ਹੁਣ ਵੀ ਇਹ ਗਲਤ ਧਾਰਨਾ ਹੈ ਕਿ ਇਹ ਸਿਰਫ਼ ਬੁਢਾਪੇ ਵਿੱਚ ਹੁੰਦਾ ਹੈ ਅਤੇ ਨੌਜਵਾਨਾਂ ਨੂੰ ਦਿਲ ਦਾ ਦੌਰਾ ਨਹੀਂ ਪੈਂਦਾ।

ਅਕਸਰ, ਵੀਹ ਅਤੇ ਤੀਹ ਸਾਲ ਦੀ ਉਮਰ ਦੇ ਨੌਜਵਾਨ ਸੋਚਦੇ ਹਨ ਕਿ ਉਨ੍ਹਾਂ ਨੂੰ ਇਸ ਦਾ ਕੋਈ ਖਤਰਾ ਨਹੀਂ ਹੈ।

ਪਿਛਲੇ ਕੁਝ ਸਾਲਾਂ ਵਿੱਚ ਨੌਜਵਾਨ ਅਤੇ ਮੱਧ ਉਮਰ ਵਰਗ ਦੇ ਲੋਕਾਂ ਵਿੱਚ ਦਿਲ ਦੇ ਦੌਰੇ ਦੇ ਮਾਮਲੇ ਤੇਜ਼ੀ ਨਾਲ ਵਧ ਗਏ ਹਨ।

ਇਸ ਤੋਂ ਇਲਾਵਾ ਦਿਲ ਦੇ ਦੌਰੇ ਦੇ ਕਈ ਕਾਰਨ ਹੁੰਦੇ ਹਨ ਜਿਨ੍ਹਾਂ ਵਿੱਚ ਹਾਈ ਬਲੱਡ ਪ੍ਰੈਸ਼ਰ, ਕੋਲੈਸਟ੍ਰੋਲ, ਮੋਟਾਪਾ, ਸ਼ੂਗਰ, ਸਿਗਰਟਨੋਸ਼ੀ, ਘੱਟ ਨੀਂਦ, ਲਗਾਤਾਰ ਮਾਨਸਿਕ ਤਣਾਅ ਅਤੇ ਗਤੀਹੀਣ ਜੀਵਨਸ਼ੈਲੀ ਸ਼ਾਮਲ ਹਨ।

ਜੇ ਇਹ ਚੀਜ਼ਾਂ ਸਾਡੇ ਨਾਲ ਛੋਟੀ ਉਮਰ ਵਿੱਚ ਹੋਈਆਂ ਹੁੰਦੀਆਂ ਹਨ ਤਾਂ ਭਵਿੱਖ ਵਿੱਚ ਕਈ ਬਿਮਾਰੀਆਂ ਦਾ ਕਾਰਨ ਬਣ ਸਕਦੀਆਂ ਹਨ। ਨਾਲ ਹੀ ਇਹ ਜੋਖਮ ਸਾਡੇ ਸਰੀਰ ਵਿੱਚ ਬਿਨ੍ਹਾਂ ਕਿਸੇ ਸਪਸ਼ਟ ਲੱਛਣ ਦੇ ਵੀ ਵਧ ਸਕਦਾ ਹੈ।

ਕਈ ਮਾਹਿਰਾਂ ਦਾ ਸੁਝਾਅ ਹੈ ਕਿ ਦਿਲ ਦੇ ਰੋਗ ਵਿਚ ਯੋਗਦਾਨ ਦੇਣ ਵਾਲੇ ਕਈ ਕਾਰਕਾਂ ‘ਤੇ ਪਹਿਲਾਂ ਤੋਂ ਹੀ ਧਿਆਨ ਦਿੱਤਾ ਜਾਣਾ ਚਾਹੀਦਾ ਹੈ।

ਅਮਰੀਕਨ ਹਾਰਟ ਐਸੋਸੀਏਸ਼ਨ ਮੁਤਾਬਕ, ਦਿਲ ਦੇ ਰੋਗ ਦਾ ਖਤਰਾ ਪੈਦਾ ਕਰਨ ਵਾਲੇ ਕਾਰਕਾਂ ਦੀ ਸ਼ੁਰੂਆਤੀ ਪਛਾਣ ਲਈ ਨਿਯਮਤ ਰੂਪ ਵਿੱਚ ਬਲੱਡ ਪ੍ਰੈਸ਼ਰ, ਕੋਲੈਸਟ੍ਰੋਲ ਅਤੇ ਬਲੱਡ ਸ਼ੂਗਰ ਦੀ ਜਾਂਚ ਕਰਨਾ ਮਹੱਤਵਪੂਰਨ ਹੈ।

ਵਿਸ਼ਵ ਸਿਹਤ ਸੰਗਠਨ ਮੁਤਾਬਕ, ਦਿਲ ਦੇ ਰੋਗ ਅਤੇ ਸਟ੍ਰੋਕ ਜਿਹੀਆਂ ਬਿਮਾਰੀਆਂ ਵਿਸ਼ਵ ਪੱਧਰ ‘ਤੇ ਮੌਤ ਦੇ ਮੁੱਖ ਕਾਰਨਾਂ ਵਿੱਚੋਂ ਹਨ ਅਤੇ ਇਨ੍ਹਾਂ ਦੇ ਖਤਰੇ ਵਧਾਉਣ ਵਾਲੇ ਕਾਰਕ ਜੀਵਨ ਸ਼ੈਲੀ ਨਾਲ ਸਬੰਧਤ ਹਨ।

ਵਿਸ਼ਵ ਦਿਲ ਦਿਹਾੜੇ ਦੇ ਸਬੰਧ ਵਿੱਚ ਆਓ ਦੇਖਦੇ ਹਾਂ ਕਿ ਮਾਹਿਰ ਕੀ ਕਹਿੰਦੇ ਹਨ ਕਿ ਚਾਲੀ ਸਾਲ ਦੀ ਉਮਰ ਤੋਂ ਪਹਿਲਾਂ ਕਿਸ ਨੂੰ ਅਤੇ ਕਦੋਂ ਦਿਲ ਦੀ ਜਾਂਚ ਕਰਾਉਣੀ ਚਾਹੀਦੀ ਹੈ ਅਤੇ ਕਿਹੜੇ ਲੱਛਣਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ।

ਕੀ ਸਭ ਨੂੰ ਈਸੀਜੀ ਟੈਸਟ ਕਰਾਉਣਾ ਚਾਹੀਦਾ ਹੈ?

ਸੀਨੇ ਵਿਚ ਦਰਦ ਨੂੰ ਦਰਸਾ ਰਹੀ ਤਸਵੀਰ ਜਿਸ ਵਿਚ ਨੌਜਵਾਨ ਨੇ ਸੀਨੇ 'ਤੇ ਹੱਥ ਰੱਖੇ ਹਨ

ਜਿਹੜੇ ਨੌਜਵਾਨਾਂ ਵਿੱਚ ਕੋਈ ਲੱਛਣ ਨਹੀਂ ਹੈ ਅਤੇ ਜਿਨ੍ਹਾਂ ਨੂੰ ਦਿਲ ਦੇ ਰੋਗ ਦਾ ਖਤਰਾ ਨਹੀਂ ਹੈ ਉਨ੍ਹਾਂ ਸਾਰਿਆਂ ਨੂੰ ਨਿਯਮਤ ਜਾਂਚ, ਜਿਵੇਂ ਕਿ ਈਸੀਜੀ ਜਾਂ ਈਕੋਕਾਰਡੀਓਗ੍ਰਾਫੀ ਕਰਾਉਣ ਦੀ ਜ਼ਰੂਰਤ ਨਹੀਂ ਹੈ।

ਜੇ ਤੁਹਾਨੂੰ ਸੀਨੇ ਵਿੱਚ ਦਰਦ, ਦਿਲ ਦੀ ਗਤੀ ਵਿੱਚ ਵਾਧਾ, ਬੇਹੋਸ਼ੀ, ਸਾਹ ਲੈਣ ਵਿੱਚ ਤਕਲੀਫ ਹੁੰਦੀ ਹੈ ਜਾਂ ਜੇ ਡਾਕਟਰ ਨੂੰ ਜਾਂਚ ਦੌਰਾਨ ਕੋਈ ਸ਼ੱਕੀ ਲੱਛਣ ਦਿਸਦਾ ਹੈ ਤਾਂ ਇਨ੍ਹਾਂ ਟੈਸਟਾਂ ਦੀ ਲੋੜ ਹੋ ਸਕਦੀ ਹੈ।

ਹਾਲਾਂਕਿ ਦਿਲ ਰੋਗ ਦੇ ਖਤਰੇ ਦੀ ਪਛਾਣ ਕਰਨ ਲਈ ਕਈ ਟੈਸਟ ਉਪਲਬਧ ਹਨ ਪਰ ਹਰ ਵਿਅਕਤੀ ਨੂੰ ਉਨ੍ਹਾਂ ਸਾਰਿਆਂ ਦੀ ਲੋੜ ਨਹੀਂ ਹੁੰਦੀ ਹੈ।

ਮਾਹਿਰਾਂ ਦਾ ਕਹਿਣਾ ਹੈ ਕਿ ਤੀਹ ਅਤੇ ਚਾਲੀ ਸਾਲ ਦੀ ਉਮਰ ਦੇ ਜ਼ਿਆਦਾਤਰ ਸਿਹਤਮੰਦ ਵਿਅਕਤੀਆਂ ਲਈ ਨਿਯਮਿਤ ਬਲੱਡ ਪ੍ਰੈਸ਼ਰ, ਬਲੱਡ ਸ਼ੂਗਰ ਟੈਸਟ ਅਤੇ ਲਿਪਿ਼ਡ ਪ੍ਰੋਫਾਈਲ ਜਿਹੇ ਬੁਨਿਆਦੀ ਟੈਸਟ ਉਪਯੋਗੀ ਹੋ ਸਕਦੇ ਹਨ।

ਹਾਲਾਂਕਿ ਜੇ ਜ਼ੋਖ਼ਮ ਜ਼ਿਆਦਾ ਹੈ ਤਾਂ HbA1c, ਲਿਪੋਪ੍ਰੋਟੀਨ ਜਿਹੇ ਟੈਸਟਾਂ ਅਤੇ ਕੁਝ ਮਾਮਲਿਆਂ ਵਿੱਚ ApoB ਟੈਸਟ ਵੀ ਕੀਤੇ ਜਾ ਸਕਦੇ ਹਨ। ਐਲਪੀਏ ਜਿਹੇ ਮਾਰਕਰਾਂ ‘ਤੇ ਹਾਲ ਹੀ ਵਿਚ ਜਾਰੀ ਲਿਪਿਡ ਪ੍ਰਬੰਧਨ ਦਿਸ਼ਾ ਨਿਰਦੇਸ਼ਾਂ ਵਿੱਚ ਜ਼ਿਆਦਾ ਧਿਆਨ ਦਿੱਤਾ ਜਾ ਰਿਹਾ ਹੈ।

ਡਾ. ਲਛਮਣ ਗਾਇਕਵਾੜ ਨੇ ਬੀਬੀਸੀ ਮਰਾਠੀ ਨੂੰ ਇਸ ਬਾਰੇ ਹੋਰ ਜ਼ਿਆਦਾ ਜਾਣਕਾਰੀ ਦਿੱਤੀ। ਉਹ ਏਮਜ਼ ਹਸਪਤਾਲ ਡੋਬਿੰਵਲੀ ਵਿੱਚ ਇੰਟਰਵੈਨਸ਼ਨਲ ਕਾਰਡੀਓਲਾਜਿਸਟ ਹਨ।

ਉਨ੍ਹਾਂ ਨੇ ਕਿਹਾ, “ਕੰਮ ਦਾ ਤਣਾਅ, ਸੈਰ ਦੀ ਕਮੀ, ਭਾਰ ਵਧਣਾ, ਹਾਈ ਬਲੱਡ ਪ੍ਰੈਸ਼ਰ, ਹਾਈ ਕੋਲੈਸਟ੍ਰੋਲ ਅਤੇ ਬਲੱਡ ਸ਼ੂਗਰ ਸਬੰਧੀ ਸਮੱਸਿਆਵਾਂ ਘੱਟ ਉਮਰ ਵਿੱਚ ਹੀ ਦਿਸਣ ਲਗਦੀਆਂ ਹਨ। ਅਕਸਰ ਸ਼ੁਰੂਆਤ ਵਿੱਚ ਕੋਈ ਲੱਛਣ ਨਹੀਂ ਦਿਸਦੇ। ਇਸ ਲਈ ਘੱਟ ਉਮਰ ਤੋਂ ਹੀ ਦਿਲ ਦੀ ਸਿਹਤ ਵੱਲ ਧਿਆਨ ਦੇਣਾ ਜ਼ਰੂਰੀ ਹੈ।”

ਵੀਹ ਤੋਂ ਤੀਹ ਸਾਲ ਦੀ ਉਮਰ ਵਿੱਚ ਦਿਲ ਰੋਗਾਂ ਦੇ ਖਤਰੇ ਵਧਾਉਣ ਵਾਲੇ ਕਿਹੜੇ ਕਾਰਕ ਹਨ?

ਯੋਗ ਕਰ ਰਿਹਾ ਇੱਕ ਆਦਮੀ ਅਤੇ ਔਰਤ

ਹਾਈ ਬਲੱਡ ਪ੍ਰੈਸ਼ਰ, ਐਲਡੀਐਲ ਕੋਲੈਸਟ੍ਰੋਲ ਦਾ ਵਧਣਾ, ਸੂਗਰ ਜਾਂ ਇਸੁਲਿਨ ਪ੍ਰਤੀਰੋਧ, ਮੋਟਾਪਾ, ਸਿਗਰਟਨੋਸ਼ੀ, ਸਰੀਰਕ ਗਤੀਵਿਧੀ ਦੀ ਕਮੀ, ਅਸੰਤੁਲਿਤ ਭੋਜਨ, ਨੀਂਦ ਪੂਰੀ ਨਾ ਹੋਣਾ ਅਤੇ ਲੰਬੇ ਸਮੇਂ ਤੋਂ ਤਣਾਅ ਜਿਹੇ ਕਾਰਕਾਂ ਦੇ ਕਾਰਨ ਵੀ ਕੋਲੈਸਟ੍ਰੋਲ ਦਾ ਪੱਧਰ ਬਹੁਤ ਜ਼ਿਆਦਾ ਹੋ ਸਕਦਾ ਹੈ।

ਅਜਿਹੀ ਸਥਿਤੀ ਵਿੱਚ ਕਿਸ ਉਮਰ ਤੋਂ ਬਲੱਡ ਪ੍ਰੈਸ਼ਰ ਅਤੇ ਕੈਲੋਸਟ੍ਰੋਲ ਦੀ ਜਾਂਚ ਕਰਾਉਣੀ ਚਾਹੀਦੀ ਹੈ? ਅਸੀਂ ਇਹ ਸਵਾਲ ਡਾ.ਗਾਇਕਵਾੜ ਤੋਂ ਪੁੱਛਿਆ।

ਉਨ੍ਹਾਂ ਨੇ ਕਿਹਾ, “ਬਲੱਡ ਪ੍ਰੈਸ਼ਰ ਦੀ ਜਾਂਚ ਹਰ ਬਾਲਗ ਦੀ ਨਿਯਮਤ ਸਿਹਤ ਜਾਂਚ ਦਾ ਹਿੱਸਾ ਹੋਣੀ ਚਾਹੀਦੀ ਹੈ। ਕੋਲੈਸਟ੍ਰੋਲ ਦੀ ਜਾਂਚ ਵੀ ਬਾਲਗ ਹੋਣ ਦੇ ਸ਼ੁਰੂ ਤੋਂ ਕੀਤੀ ਜਾ ਸਕਦੀ ਹੈ ਅਤੇ ਉਸ ਤੋਂ ਬਾਅਦ ਇਸ ਦੀ ਦੁਹਰਾਉਣਾ ਵਿਅਕਤੀ ਦੇ ਖਤਰੇ ਦੇ ਕਾਰਕਾਂ ‘ਤੇ ਨਿਰਭਰ ਕਰਦਾ ਹੈ।”

ਜੇ ਪਰਿਵਾਰ ਵਿੱਚ ਥੋੜ੍ਹੀ ਉਮਰ ਵਿਚ ਦਿਲ ਰੋਗ ਦਾ ਇਤਿਹਾਸ ਹੈ ਜਾਂ ਕੋਲੈਸਟ੍ਰੋਲ ਜ਼ਿਆਦਾ ਹੈ ਤਾਂ ਨਿਯਮਤ ਜਾਂਚ ਜ਼ਰੂਰੀ ਹੈ।

ਪਰਿਵਾਰ ਵਿੱਚ ਦਿਲ ਦੇ ਰੋਗ ਦਾ ਇਤਿਹਾਸ ਹੋਣ ‘ਤੇ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ, ਇਸ ਬਾਰੇ ਗੱਲ ਕਰਦਿਆਂ ਡਾ.ਲਛਮਣ ਗਾਇਕਵਾੜ ਨੇ ਕਿਹਾ, “ਪਰਿਵਾਰ ਵਿਚ ਦਿਲ ਦੇ ਰੋਗ ਦਾ ਇਤਿਹਾਸ ਇੱਕ ਖਤਰੇ ਦਾ ਫੈਕਟਰ ਹੈ। ਜੇ ਕਿਸੇ ਦੇ ਮਾਪਿਆਂ ਜਾਂ ਪਰਿਵਾਰ ਦੇ ਹੋਰ ਜੀਆਂ ਨੂੰ ਛੋਟੀ ਉਮਰ ਵਿੱਚ ਦਿਲ ਦਾ ਰੋਗ ਜਾਂ ਦੌਰਾ ਪਿਆ ਹੋਵੇ ਤਾਂ ਉਸ ਨੂੰ ਜ਼ਿਆਦਾ ਰਿਸਕ ਹੋ ਸਕਦਾ ਹੈ। ਅਜਿਹੀ ਸਥਿਤੀ ਵਿਚ ਬਲੱਡ ਪ੍ਰੈਸ਼ਰ, ਕੋਲੈਸਟ੍ਰੋਲ ਅਤੇ ਹੋਰ ਜੋਖਮ ਕਾਰਕਾਂ ਦੀ ਜਲਦੀ ਜਾਂਚ ਕਰਾਉਣਾ ਉਚਿਤ ਹੈ। ਕਦੇ-ਕਦੇ ਜੈਨੇਟਿਕ ਕੋਲੈਸਟ੍ਰੋਲ ਵਿਕਾਰਾਂ ਦੀ ਜਾਂਚ ਕਰਾਉਣੀ ਵੀ ਜ਼ਰੂਰੀ ਹੁੰਦੀ ਹੈ। “

ਉਹ ਕਹਿੰਦੇ ਹਨ, “ਜੇ ਤੁਹਾਨੂੰ ਚਾਲੀ ਸਾਲ ਦੀ ਉਮਰ ਤੋਂ ਪਹਿਲਾਂ ਸੀਨੇ ਵਿੱਚ ਜਕੜਨ ਜਾਂ ਦਰਦ ਮਹਿਸੂਸ ਹੁੰਦਾ ਹੈ ਖਾਸ ਕਰਕੇ ਜੇ ਇਹ ਦਰਦ ਬਾਹਾਂ, ਮੋਢਿਆਂ, ਪਿੱਠ, ਗਰਦਨ ਜਾਂ ਜਬਾੜੇ ਤੱਕ ਫੈਲਦਾ ਹੈ ਤਾਂ ਇਸ ਨੂੰ ਨਜ਼ਰਅੰਦਾਜ਼ ਨਾ ਕਰੋ। ਅਚਾਨਕ ਸਾਹ ਫੁੱਲਣਾ, ਪਸੀਨਾ ਆਉਣਾ, ਚੱਕਰ ਆਉਣਾ ਜਾਂ ਬੇਹੋਸ਼ੀ ਆਉਣਾ ਅਤੇ ਸੀਨੇ ਦੀ ਧੜਕ ਤੇਜ਼ ਹੋਣ ਜਿਹੇ ਲੱਛਣ ਵੀ ਮਹੱਤਵਪੂਰਨ ਹਨ। ਜੇ ਅਜਿਹੇ ਲੱਛਣ ਅਚਾਨਕ ਸੁਰੂ ਹੁੰਦੇ ਹਨ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੋ।”

ਡਾ.ਗਾਇਕਵਾੜ ਨੇ ਕਿਹਾ, ” ਇਹ ਗਲਤ ਧਾਰਨਾ ਹੈ ਕਿ ਚਾਲੀ ਸਾਲ ਦੀ ਉਮਰ ਤੋਂ ਪਹਿਲਾਂ ਦਿਲ ਦੇ ਰੋਗ ਦਾ ਕੋਈ ਖਤਰਾ ਨਹੀਂ ਹੁੰਦਾ। ਹਾਲਾਂਕਿ ਹਰ ਨੌਜਵਾਨ ਨੂੰ ਖਾਸ ਜਾਂਚ ਕਰਾਉਣ ਦੀ ਲੋੜ ਨਹੀਂ ਹੁੰਦੀ, ਪਰ ਘੱਟ ਉਮਰ ਤੋਂ ਹੀ ਬਲੱਡ ਪ੍ਰੈਸ਼ਰ, ਕੋਲੈਸਟ੍ਰੋਲ, ਸ਼ੂਗਰ, ਭਾਰ ਅਤੇ ਜੀਵਨ ਸ਼ੈਲੀ ‘ਤੇ ਧਿਆਨ ਦੇਣ ਨਾਲ ਭਵਿੱਖ ਵਿੱਚ ਦਿਲ ਰੋਗਾਂ ਦੇ ਖਤਰੇ ਨੂੰ ਪਛਾਣਨ ਅਤੇ ਘੱਟ ਕਰਨ ਵਿਚ ਮਦਦ ਮਿਲ ਸਕਦੀ ਹੈ।”

ਘੱਟ ਉਮਰ ਵਿਚ ਜ਼ਿਆਦਾ ਕੋਲੈਸਟ੍ਰੋਲ ਕਿੰਨਾ ਗੰਭੀਰ ਹੋ ਸਕਦਾ ਹੈ?

ਵਧੇ ਹੋਏ ਪੇਟ ਵਾਲੇ ਆਦਮੀ ਦੀ ਪਾਸਿਓਂ ਲਈ ਤਸਵੀਰ

ਜਿਨ੍ਹਾਂ ਲੋਕਾਂ ਵਿੱਚ ਪਹਿਲਾਂ ਤੋਂ ਹੀ ਦਿਲ ਦਾ ਦੌਰਾ ਪੈਣ ਦੇ ਰਿਸਕ ਫੈਕਟਰ ਮੌਜੂਦ ਹਨ, ਉਨ੍ਹਾਂ ਨੂੰ ਜਾਂਚ ਕਰਾਉਣ ਲਈ ਚਾਲੀ ਸਾਲ ਦੀ ਉਮਰ ਤੱਕ ਇੰਤਜ਼ਾਰ ਕਰਨ ਦੀ ਲੋੜ ਨਹੀਂ ਹੈ।

ਇਸ ਵਿਚ ਉਹ ਲੋਕ ਸ਼ਾਮਲ ਹਨ ਜਿਨ੍ਹਾਂ ਦਾ ਭਾਰ ਜ਼ਿਆਦਾ ਹੈ ਜਾਂ ਜੋ ਮੋਟੇ ਹਨ, ਜਿਨ੍ਹਾਂ ਨੂੰ ਹਾਈ ਬੀਪੀ ਜਾਂ ਸ਼ੂਗਰ ਹੈ, ਜੋ ਸਿਗਰਟ ਦਾ ਸੇਵਨ ਕਰਦੇ ਹਨ, ਜਿਨ੍ਹਾਂ ਨੂੰ ਗੁਰਦੇ ਦੀ ਬਿਮਾਰੀ ਹੈ ਜਾਂ ਜਿਨ੍ਹਾਂ ਨੂੰ ਕੋਲੈਸਟ੍ਰੋਲ ਨਾਲ ਸਬੰਧਤ ਗੰਭੀਰ ਸਮੱਸਿਆਵਾਂ ਹਨ।

ਘੱਟ ਉਮਰ ਵਿੱਚ ਦਿਲ ਦੇ ਰੋਗ ਦਾ ਪਰਿਵਾਰਕ ਇਤਿਹਾਸ ਹੋਣਾ ਵੀ ਜਲਦੀ ਸਕਰੀਨਿੰਗ ਸ਼ੁਰੂ ਕਰਨ ਦਾ ਇੱਕ ਮਹੱਤਵਪੂਰਨ ਕਾਰਨ ਹੈ। ਅਜਿਹੇ ਵਿਅਕਤੀਆਂ ਲਈ ਕਿਸੇ ਨਿਸ਼ਚਿਤ ਉਮਰ ਤੱਕ ਇੰਤਜ਼ਾਰ ਕਰਨ ਦੀ ਬਜਾਏ ਜੋਖਮ ਕਾਰਕਾਂ ਦੀ ਪਛਾਣ ਅਤੇ ਪ੍ਰਬੰਧ ਜਲਦੀ ਕਰਾਉਣਾ ਮਹੱਤਵਪੂਰਨ ਹੈ।

ਐਲਪੀਏ ਜਾਂ ਲਿਪੋਪ੍ਰੋਟੀਨ ਇੱਕ ਮਹੱਤਵਪੂਰਨ ਕਾਰਕ ਹੈ ਜੋ ਜੈਨੇਟਿਕ ਦਿਲ ਰੋਗ ਦੇ ਖਤਰੇ ਨੂੰ ਵਧਾਉਂਦਾ ਹੈ।

ਇਸ ਦਾ ਪੱਧਰ ਮੁੱਖ ਰੂਪ ਵਿੱਚ ਜੀਵਨ ਸ਼ੈਲੀ ਦੀ ਬਜਾਏ ਜੀਨਜ਼ ‘ਤੇ ਨਿਰਭਰ ਕਰਦਾ ਹੈ। ਬਾਲਗਾਂ ਨੂੰ ਆਪਣੇ ਜੀਵਨ ਵਿੱਚ ਘੱਟੋ ਘੱਟ ਇੱਕ ਵਾਰ ਐਲਪੀਏ ਦੀ ਜਾਂਚ ਕਰਾਉਣੀ ਚਾਹੀਦੀ ਹੈ ਖਾਸ ਕਰਕੇ ਜੇ ਪਰਿਵਾਰ ਵਿਚ ਘੱਟ ਉਮਰ ਵਿੱਚ ਦਿਲ ਰੋਗ ਦਾ ਇਤਿਹਾਸ ਰਿਹਾ ਹੋਵੇ। ਇਹ ਟੈਸਟ ਦਿਲ ਰੋਗ ਦੇ ਖਤਰੇ ਨੂੰ ਜ਼ਿਆਦਾ ਸਟੀਕ ਰੂਪ ਵਿੱਚ ਸਮਝਣ ਵਿੱਚ ਸਹਾਇਕ ਹੋ ਸਕਦਾ ਹੈ।

ਚਾਲੀ ਸਾਲ ਦੀ ਉਮਰ ਤੋਂ ਪਹਿਲਾਂ ਹਾਈ ਕੋਲੈਸਟ੍ਰੋਲ ਹੋਣਾ ਇੱਕ ਚੇਤਾਵਨੀ ਦਾ ਸੰਕੇਤ ਹੋ ਸਕਦਾ ਹੈ।

ਮੁੰਬਈ ਦੇ ਜਸਲੋਕ ਹਸਪਤਾਲ ਅਤੇ ਅਨੁਸੰਧਾਨ ਕੇਂਦਰ ਵਿੱਚ ਸਲਾਹਕਾਰ ਦਿਲ ਰੋਗ ਮਾਹਿਰ ਡਾ. ਵੈਭਵ ਦੇਧਿਆ ਨੇ ਬੀਬੀਸੀ ਮਰਾਠੀ ਨੂੰ ਇਸ ਬਾਰੇ ਜਾਣਕਾਰੀ ਦਿੱਤੀ।

ਉਨ੍ਹਾਂ ਨੇ ਕਿਹਾ, “ਕੋਲੈਸਟ੍ਰੋਲ ਦਾ ਮੁਲਾਂਕਣ ਕਰਦਿਆਂ ਇਸ ਦੇ ਪੱਧਰ ਅਤੇ ਇਹ ਕਿੰਨੇ ਸਮੇਂ ਤੱਕ ਵਧਿਆ ਰਹਿੰਦਾ ਹੈ, ਦੋਹਾਂ ਦੀ ਜਾਂਚ ਕਰਨਾ ਜ਼ਰੂਰੀ ਹੈ। ਐਲਡੀਐਲ ਕੋਲੈਸਟ੍ਰੋਲ ਵਿੱਚ ਥੋੜ੍ਹਾ ਜਿਹਾ ਵਾਧਾ ਵੀ ਕਈ ਸਾਲਾਂ ਤੱਕ ਬਣਿਆ ਰਹਿਣਾ ਗੰਭੀਰ ਹੋ ਜਾਂਦਾ ਹੈ। ਇਸ ਲਈ ਕਿਸੇ ਵਿਅਕਤੀ ਦੇ ਸਿਰਫ਼ ਜਵਾਨ ਹੋਣ ਨਾਲ ਵਧੇ ਕੋਲੈਸਟ੍ਰੋਲ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ।”

ਡਾ.ਵੈਭਵ ਦੇਧਿਆ ਅੱਗੇ ਕਹਿੰਦੇ ਹਨ, “ਜੇ ਐਲਡੀਐਲ ਦਾ ਪੱਧਰ 190 ਮਿਲੀਗ੍ਰਾਮ ਜਾਂ ਉਸ ਤੋਂ ਜ਼ਿਆਦਾ ਹੈ ਤਾਂ ਇਸ ਬਾਰੇ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਅਜਿਹੇ ਮਾਮਲੇ ਵਿੱਚ ਪਰਿਵਾਰਕ ਹਾਈਪਰਕੋਲਸਟ੍ਰੋਲੇਮਿਆ ਜਿਹੀਆਂ ਸਥਿਤੀਆਂ ਬਾਰੇ ਵਿਚਾਰ ਕਰਨਾ ਜ਼ਰੂਰੀ ਹੈ। ਕੁੱਲ ਮਿਲਾ ਕੇ ਜੇ ਕੋਲੈਸਟ੍ਰੋਲ ਲਗਾਤਾਰ ਵਧਿਆ ਹੋਇਆ ਹੈ ਤਾਂ ਮੱਧ ਉਮਰ ਤੱਕ ਇੰਤਜ਼ਾਰ ਕਰਨ ਦੀ ਬਜਾਏ ਇਸ ਦਾ ਜਲਦੀ ਤੋਂ ਜਲਦੀ ਇਲਾਜ ਕਰਾਉਣਾ ਜ਼ਰੂਰੀ ਹੈ।”

ਸਿਹਤਮੰਦ ਦਿਲ ਸਬੰਧੀ ਅਹਿਮ ਸਵਾਲ

ਦੌੜ ਲਗਾ ਰਿਹਾ ਜੋੜਾ

ਡਾ. ਵੈਭਵ ਦੇਧਿਆ ਨੇ ਬੀਬੀਸੀ ਮਰਾਠੀ ਦੇ ਸਵਾਲਾਂ ਦੇ ਵਿਸਥਾਰ ਨਾਲ ਜਵਾਬ ਦਿੱਤੇ ਹਨ। ਉਨ੍ਹਾਂ ਨੇ ਕਿਹਾ ਕਿ ਜੇ ਤੁਸੀਂ ਜਵਾਨੀ ਵਿਚ ਚੰਗੀ ਜੀਵਨਸ਼ੈਲੀ ਅਪਣਾਉਂਦੇ ਹੋ ਤਾਂ ਭਵਿੱਖ ਦੇ ਖਤਰਿਆਂ ਤੋਂ ਬਚ ਸਕਦੇ ਹੋ।

ਸਵਾਲ- ਕੀ ਵੀਹ ਅਤੇ ਤੀਹ ਦੀ ਉਮਰ ਵਿੱਚ ਜੈਵਨ ਸ਼ੈਲੀ ਵਿਚ ਬਦਲਾਅ ਕਰਨ ਬਾਅਦ ਦਿਲ ਰੋਗ ਦਾ ਖਤਰਾ ਘੱਟ ਹੋ ਸਕਦਾ ਹੈ ?

ਜਵਾਬ- ਬਿਲਕੁਲ। ਦਿਲ ਰੋਗ ਤੋਂ ਬਚਣ ਦੀ ਕੋਸ਼ਿਸ਼ ਲਗਾਤਾਰ ਹੋਣੀ ਚਾਹੀਦੀ ਹੈ। ਵੀਹ ਅਤੇ ਤੀਹ ਦੀ ਉਮਰ ਵਿੱਚ ਅਸੀਂ ਜੋ ਆਦਤਾਂ ਅਤੇ ਰਿਸਕ ਫੈਕਟਰ ਵਿਕਸਿਤ ਕਰਦੇ ਹਾਂ, ਉਨ੍ਹਾਂ ਦਾ ਅਸਰ ਆਉਣ ਵਾਲੇ ਦਹਾਕਿਆਂ ਤਕ ਰਹਿ ਸਕਦਾ ਹੈ।

ਜਿੰਨੀ ਜਲਦੀ ਅਸੀਂ ਆਪਣੇ ਭਾਰ, ਬਲੱਡ ਪ੍ਰੈਸ਼ਰ, ਕੋਲੈਸਟ੍ਰੋਲ ਅਤੇ ਬਲੱਡ ਸ਼ੂਗਰ ਨੂੰ ਕੰਟਰੋਲ ਕਰੀਏ ਅਤੇ ਤੰਬਾਕੂ ਤੋਂ ਦੂਰ ਰਹੀਏ ਓਨਾ ਹੀ ਜ਼ਿਆਦਾ ਲਾਭ ਸਾਨੂੰ ਜ਼ਿੰਦਗੀ ਭਰ ਮਿਲਦਾ ਰਹੇਗਾ।

ਰੋਕਥਾਮ ਦੀ ਸ਼ੁਰੂਆਤ ਲੱਛਣ ਦਿਸਣ ਦੇ ਬਾਅਦ ਜਾਂ ਚਾਲੀ ਪੰਜਾਹ ਸਾਲ ਦੀ ਉਮਰ ਤੋਂ ਬਾਅਦ ਨਹੀਂ ਕਰਨੀ ਚਾਹੀਦੀ। ਇਹ ਬਦਲਾਅ ਜਿੰਨੀ ਜਲਦੀ ਕੀਤੇ ਜਾਣ ਲੰਬੇ ਸਮੇਂ ਵਿੱਚ ਖਤਰੇ ਨੂੰ ਘੱਟ ਕਰਨ ਦੀ ਸੰਭਾਵਨਾ ਓਨੀ ਹੀ ਜ਼ਿਆਦਾ ਹੁੰਦੀ ਹੈ।

ਸਵਾਲ-ਦਿਲ ਨੂੰ ਸਿਹਤਮੰਦ ਰੱਖਣ ਲਈ ਕਿੰਨੀ ਸੈਰ ਜਾਂ ਕਸਰਤ ਜ਼ਰੂਰੀ ਹੈ?

ਜਵਾਬ- ਹਰ ਹਫਤੇ 150 ਤੋਂ 300 ਮਿੰਟ ਤੱਕ ਮੱਧਮ ਤੀਬਰਤਾ ਵਾਲਾ ਐਰੋਬਿਕ ਕਰਨਾ ਚੰਗਾ ਰਹਿੰਦਾ ਹੈ। ਇਸ ਵਿੱਚ ਤੇਜ਼ ਤੁਰਨਾ, ਸਾਈਕਲ ਚਲਾਉਣਾ ਜਾਂ ਹੋਰ ਐਰੋਬਿਕ ਕਸਰਤਾਂ ਸ਼ਾਮਲ ਹਨ ਜਿਨ੍ਹਾਂ ਨੂੰ ਨਿਯਮਤ ਰੂਪ ਵਿੱਚ ਕੀਤਾ ਜਾ ਸਕਦਾ ਹੈ।

ਇਸ ਦੇ ਨਾਲ ਹੀ ਹਫਤੇ ਵਿਚ ਘੱਟੋ ਘੱਟ ਦੋ ਵਾਰ ਸਟਰੈਂਥ ਟਰੇਨਿੰਗ ਕਰਨਾ ਵੀ ਜ਼ਰੂਰੀ ਹੈ। ਦਿਲ ਦੀ ਸਿਹਤ ਸਿਰਫ਼ ਕਾਰਡੀਓ ਕਸਰਤਾਂ ‘ਤੇ ਨਿਰਭਰ ਨਹੀਂ ਕਰਦੀ। ਮਾਸ ਪੇਸ਼ੀਆਂ ਦੀ ਮਜ਼ਬੂਤੀ ਬਣਾਈ ਰੱਖਣਾ ਅਤੇ ਰੋਜ਼ਾਨਾ ਜੀਵਨ ਵਿਚ ਐਕਟਿਵ ਰਹਿਣਾ ਵੀ ਓਨਾ ਹੀ ਮਹੱਤਵਪੂਰਨ ਹੈ। ਕਦੇ ਕਦਾਈਂ ਕੀਤੀਆਂ ਜਾਣ ਵਾਲੀਆਂ ਤੀਬਰ ਕਸਰਤਾਂ ਦੀ ਤੁਲਨਾ ਵਿੱਚ ਨਿਯਮਿਤਤਾ ਜ਼ਿਆਦਾ ਮਹੱਤਵਪੂਰਨ ਹੈ।

ਸਵਾਲ- ਨੀਂਦ, ਤਣਾਅ ਅਤੇ ਲਗਾਤਾਰ ਬੈਠੇ ਰਹਿਣ ਦਾ ਨੌਜਵਾਨ ਦੀ ਦਿਲ ਦੀ ਸਿਹਤ ‘ਤੇ ਕੀ ਪ੍ਰਭਾਵ ਪੈਂਦਾ ਹੈ ?

ਜਵਾਬ- ਇਹ ਤਿੰਨ ਗੱਲਾਂ ‘ਤੇ ਵਿਚਾਰ ਕਰਨਾ ਜ਼ਰੂਰੀ ਹੈ। ਘੱਟ ਨੀਂਦ ਅਤੇ ਲਗਾਤਾਰ ਤਣਾਅ ਸਿਹਤ ‘ਤੇ ਉਲਟਾ ਪ੍ਰਭਾਵ ਪਾਉਂਦੇ ਹਨ ਅਤੇ ਸਮੇਂ ਦੇ ਨਾਲ ਦਿਲ ਰੋਗ ਦਾ ਖਤਰਾ ਵਧਾ ਸਕਦੇ ਹਨ। ਲਗਾਤਾਰ ਬੈਠੇ ਰਹਿਣਾ ਵੀ ਖਤਰੇ ਭਰਿਆ ਹੈ ਖਾਸ ਕਰਕੇ ਉਨ੍ਹਾਂ ਲੋਕਾਂ ਲਈ ਜੋ ਦਿਨ ਦਾ ਜ਼ਿਆਦਾ ਸਮਾਂ ਡੈਸਕ ‘ਤੇ ਕੰਮ ਕਰਦਿਆਂ ਬਿਤਾਉਂਦੇ ਹਨ।

ਇਸ ਲਈ ਦਿਨ ਵਿੱਚ ਸਿਰਫ਼ ਇੱਕ ਵਾਰ ਸੈਰ ਕਾਫ਼ੀ ਨਹੀਂ ਹੈ। ਦਿਨ ਭਰ ਸਰਗਰਮ ਰਹਿਣਾ, ਲੰਬੇ ਸਮੇਂ ਤੱਕ ਬੈਠੇ ਰਹਿਣ ਤੋਂ ਬਚਣਾ, ਲੋੜੀਂਦੀ ਨੀਂਦ ਲੈਣਾ ਅਤੇ ਤਣਾਅ ਨੂੰ ਕੰਟਰੋਲ ਕਰਨਾ ਵੀ ਮਹੱਤਵਪੂਰਨ ਹੈ।

ਸਵਾਲ- ਚਾਲੀ ਸਾਲ ਤੋਂ ਘੱਟ ਉਮਰ ਦੇ ਲੋਕਾਂ ਵਿੱਚ ਦਿਲ ਰੋਗ ਬਾਰੇ ਕੀ ਕੀ ਗਲਤ ਧਾਰਨਾਵਾਂ ਪ੍ਰਚਲਿਤ ਹਨ ?

ਜਵਾਬ- ਸਭ ਤੋਂ ਵੱਡੀ ਗਲਤ ਸਹਿਮੀ ਇਹ ਹੈ ਕਿ ਜਵਾਨੀ ਦਾ ਮਤਲਬ ਸਿਹਤਮੰਦ ਦਿਲ ਹੈ। ਇਸੇ ਤਰ੍ਹਾਂ ਕੇਵਲ ਪਤਲਾ ਹੋਣ ਨਾਲ ਇਹ ਸਾਬਿਤ ਨਹੀਂ ਹੁੰਦਾ ਕਿ ਵਿਅਕਤੀ ਨੂੰ ਦਿਲ ਰੋਗ ਦਾ ਖਤਰਾ ਨਹੀਂ ਹੈ।

ਦਿਲ ਸਿਹਤਮੰਦ ਬਣਾਈ ਰੱਖਣਾ ਜ਼ਿੰਦਗੀ ਭਰ ਚੱਲਣ ਵਾਲੀ ਪ੍ਰਕਿਰਿਆ ਹੈ ਅਤੇ ਦਿਲ ਰੋਗ ਦੇ ਖਤਰੇ ਨੂੰ ਵਧਾਉਣ ਵਾਲੇ ਕਈ ਕਾਰਕ ਬਿਨ੍ਹਾਂ ਕਿਸੇ ਸਪਸ਼ਟ ਲੱਛਣ ਕਈ ਸਾਲਾਂ ਤੱਕ ਬਣੇ ਰਹਿ ਸਕਦੇ ਹਨ। ਇਸ ਲਈ ਕਿਸੇ ਖਾਸ ਉਮਰ ਜਾਂ ਲੱਛਣਾਂ ਦਾ ਇੰਤਜ਼ਾਰ ਕੀਤੇ ਬਿਨ੍ਹਾਂ ਬਲੱਡ ਪ੍ਰੈਸ਼ਰ, ਕੋਲੈਸਟ੍ਰਲ, ਬਲੱਡ ਸ਼ੂਗਰ, ਜੀਵਨ ਸ਼ੈਲੀ ਅਤੇ ਪਰਿਵਾਰਕ ਮੈਡੀਕਲ ਹਿਸਟਰੀ ‘ਤੇ ਧਿਆਨ ਦੇਣਾ ਮਹੱਤਵਪੂਰਨ ਹੈ।

ਚਾਲੀ ਦੀ ਉਮਰ ਤੋਂ ਪਹਿਲਾਂ ਕੀ ਕੀ ਕੀਤਾ ਜਾ ਸਕਦਾ ਹੈ?

ਕਸਰਤ ਦੇ ਵੱਖ ਵੱਖ ਪੋਜ਼

  • ਆਪਣੇ ਬਲੱਡ ਪ੍ਰੈਸ਼ਰ, ਕੋਲੈਸਟ੍ਰੋਲ ਅਤੇ ਬਲੱਡ ਸ਼ੂਗਰ ਦੇ ਪੱਧਰ ਬਾਰੇ ਜਾਣਕਾਰੀ ਰੱਖੋ।
  • ਸਿਗਰਟ ਦਾ ਸੇਵਨ ਨਾ ਕਰੋ
  • ਨਿਯਮਿਤ ਕਸਰਤ ਕਰੋ
  • ਆਪਣੇ ਭਾਰ ਨੂੰ ਸਿਹਤਮੰਦ ਸੀਮਾ ਦੇ ਅੰਦਰ ਰੱਖੋ
  • ਸੰਤੁਲਿਤ ਅਹਾਰ ਲਓ ਜੋ ਦਿਲ ਲਈ ਪੌਸ਼ਟਿਕ ਹੋਵੇ

ਸਿਰਫ਼ ਇਸ ਲਈ ਕਿ ਤੁਸੀਂ ਜਵਾਨ ਹੋ, ਤੁਹਾਨੂੰ ਸੀਨੇ ਵਿੱਚ ਤਕਲੀਫ, ਸਾਹ ਲੈਣ ਵਿੱਚ ਤਕਲੀਫ, ਬੇਹੋਸ਼ੀ ਜਾਂ ਦਿਲ ਦੀ ਧੜਕਣ ਤੇਜ਼ ਹੋਣ ਜਿਹੇ ਲੱਛਣਾਂ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ।

ਜੇ ਤੁਸੀਂ ਆਪਣੀ ਜੀਵਨ ਸ਼ੈਲੀ ਵਿੱਚ ਕੋਈ ਮਹੱਤਵਪੂਰਨ ਬਦਲਾਅ ਕਰਨਾ ਚਾਹੁੰਦੇ ਹੋ, ਆਪਣੀ ਖੁਰਾਕ ਵਿੱਚ ਬਦਲਾਅ ਕਰਨਾ ਚਾਹੁੰਦੇ ਹੋ, ਦਵਾਈ ਲੈਣਾ ਚਾਹੁੰਦੇ ਹੋ ਜਾਂ ਸਰੀਰਕ ਕਸਰਤ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਡਾਕਟਰ ਅਤੇ ਇੱਕ ਯੋਗ ਟ੍ਰੇਨਰ ਦੀ ਮਦਦ ਲੈਣਾ ਮਹੱਤਵਪੂਰਨ ਹੈ।

ਬਿਹਤਰ ਇਹੀ ਹੋਏਗਾ ਕਿ ਤੁਸੀਂ ਆਪਣੇ ਸਰੀਰ ਅਤੇ ਲੱਛਣਾਂ ਦੀ ਡਾਕਟਰ ਤੋਂ ਚੰਗੀ ਜਾਂਚ ਕਰਵਾਓ ਅਤੇ ਉਨ੍ਹਾਂ ਦੀ ਸਲਾਹ ‘ਤੇ ਹੀ ਜੀਵਨ ਸ਼ੈਲੀ ਵਿੱਚ ਬਦਲਾਓ ਕਰੋ। ਡਾਕਟਰ ਨਾਲ ਸਲਾਹ ਕੀਤੇ ਬਿਨ੍ਹਾਂ ਖੁਦ ਇਲਾਜ ਕਰਨਾ ਖਤਰਨਾਕ ਹੋ ਸਕਦਾ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI