Home rss national punjabi2ਰਾਸ਼ਟਰੀ ਖ਼ਬਰਾਂ ਕੀ ਪਿਟ ਬੁੱਲ ਕੁੱਤੇ ਨੂੰ ਪਾਲਣ ਲਈ ਖ਼ਾਸ ਨਿਯਮ ਹਨ, ਪਾਲਤੂ ਕੁੱਤਾ...

ਕੀ ਪਿਟ ਬੁੱਲ ਕੁੱਤੇ ਨੂੰ ਪਾਲਣ ਲਈ ਖ਼ਾਸ ਨਿਯਮ ਹਨ, ਪਾਲਤੂ ਕੁੱਤਾ ਜੇ ਕਿਸੇ ਨੂੰ ਵੱਢ ਲਏ ਤਾਂ ਕਾਨੂੰਨ ਵਿੱਚ ਇਸ ਬਾਰੇ ਕੀ ਤਜਵੀਜ਼ ਹੈ

4
0

Source :- BBC PUNJABI

ਪਿੱਟਬੁੱਲ

ਤਸਵੀਰ ਸਰੋਤ, Getty Images

ਪਟਿਆਲਾ ਵਿੱਚ ਇੱਕ ਕੁੱਤੇ ਵੱਲੋਂ ਪਤੀ-ਪਤਨੀ ‘ਤੇ ਹਮਲਾ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੀ ਸੀਸੀਟੀਵੀ ਫੁਟੇਜ ਵੀ ਵਾਇਰਲ ਹੋ ਰਹੀ ਹੈ।

ਬੀਬੀਸੀ ਸਹਿਯੋਗੀ ਗੁਰਮਿੰਦਰ ਗਰੇਵਾਲ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਵਾਕਿਆ, ਪਟਿਆਲਾ ਦੇ ਘੁੰਮਣ ਨਗਰ ਦਾ ਹੈ ਜਿੱਥੇ ਇੱਕ ਪ੍ਰਾਈਵੇਟ ਬੈਂਕ ਮੈਨੇਜਰ ਅੰਕਿਤ ਸਭਰਵਾਲ ਆਪਣੀ ਪਤਨੀ ਨਾਲ ਇੱਕ ਪ੍ਰੋਪਰਟੀ ਡੀਲਰ ਨਾਲ ਮਕਾਨ ਦੇਖਣ ਪਹੁੰਚੇ ਸਨ।

ਵੀਡੀਓ ਵਿੱਚ ਦਿਖਾਈ ਦਿੱਤਾ ਕਿ ਜਿਵੇਂ ਹੀ ਘਰ ਅੰਦਰ ਮੌਜੂਦ ਮਹਿਲਾ ਨੇ ਗੇਟ ਖੋਲ੍ਹਿਆ ਤਾਂ ਕੁੱਤੇ ਨੇ ਬਾਹਰ ਆ ਕੇ ਮਕਾਨ ਦੇਖਣ ਆਏ ਪਤੀ-ਪਤਨੀ ਨੂੰ ਝਪਟ ਲਿਆ ਅਤੇ ਦੋਹੇਂ ਗੰਭੀਰ ਜ਼ਖਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਇਹ ਇੱਕ ਪਿੱਟ ਬੁੱਲ ਕੁੱਤਾ ਸੀ।

ਡੀਐਸਪੀ ਜਗਜੀਤ ਸਿੰਘ ਰੰਧਾਵਾ ਨੇ ਜ਼ਖਮੀ ਪਤੀ-ਪਤਨੀ ਦੇ ਅਮਰ ਹਸਪਤਾਲ ਵਿੱਚ ਇਲਾਜ ਲਈ ਦਾਖਲ ਹੋਣ ਦੀ ਪੁਸ਼ਟੀ ਕੀਤੀ। ਪੁਲਿਸ ਦਾ ਕਹਿਣਾ ਹੈ , “ਸਾਨੂੰ ਵੀ ਸੋਸ਼ਲ ਮੀਡੀਆ ਜ਼ਰੀਏ ਹੀ ਪਤਾ ਲੱਗਿਆ ਸੀ ਕਿ ਪਿਟ ਬੁੱਲ ਕੁੱਤੇ ਨੇ ਕਿਸੇ ਅੰਕਿਤ ਨਾਮ ਦੇ ਸ਼ਖ਼ਸ ਅਤੇ ਉਨ੍ਹਾਂ ਦੀ ਪਤਨੀ ਨੂੰ ਵੱਢਿਆ ਹੈ। ਹਸਪਤਾਲ ਤੋਂ ਰੁੱਕਾ ਆਉਣ ਬਾਅਦ ਬੀਐਨਐਸ ਦੀ ਧਾਰਾ 291 ਤਹਿਤ ਪਰਚਾ ਦਰਜ ਕੀਤਾ ਜਾਵੇਗਾ। ਇਹ ਕਾਨੂੰਨ, ਕਿਸੇ ਦੇ ਪਾਲਤੂ ਜਾਨਵਰ ਵੱਲੋਂ ਹਮਲਾ ਕੀਤੇ ਜਾਣ ਵਾਲੇ ਕੇਸਾਂ ਨਾਲ ਸਬੰਧਤ ਹੁੰਦਾ ਹੈ।”

ਪੀੜਤ ਅੰਕਿਤ ਸਭਰਵਾਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਸ ਦੇ ਸਰੀਰ ‘ਤੇ ਕਈ ਥਾਈਂ ਵੱਢਿਆ ਗਿਆ ਹੈ ਜਦਕਿ ਉਸ ਦੀ ਪਤਨੀ ਦੀਆਂ ਬਾਹਵਾਂ ਅਤੇ ਲੱਤਾਂ ਜ਼ਿਆਦਾ ਜ਼ਖਮੀ ਹੋਈਆਂ ਹਨ। ਅੰਕਿਤ ਸਭਰਵਾਲ ਨੇ ਦੱਸਿਆ, “ਮੇਰੀ ਪਤਨੀ ਦਾ ਓਪਰੇਸ਼ਨ ਹੋਇਆ ਹੈ, ਉਹ ਡਾਕਟਰਾਂ ਦੀ ਨਿਗਰਾਨੀ ਹੇਠ ਹੈ। ਮੈਂ ਬੱਸ ਇਨਸਾਫ਼ ਦੀ ਮੰਗ ਕਰਦਾ ਹਾਂ।”

ਇਸ ਘਟਨਾ ਬਾਰੇ ਦੱਸਿਆ ਜਾ ਰਿਹਾ ਹੈ ਕਿ ਹਮਲਾ ਪਿੱਟ ਬੁੱਲ ਕੁੱਤੇ ਵੱਲੋਂ ਕੀਤਾ ਗਿਆ ਹੈ।

ਅਸੀਂ ਗੱਲ ਕਰਾਂਗੇ ਕਿ ਆਖਿਰ ਇਹ ਪਿਟ ਬੁੱਲ ਕੁੱਤਾ ਇੰਨਾ ਖ਼ਤਰਨਾਕ ਕਿਉਂ ਮੰਨਿਆ ਜਾਂਦਾ ਹੈ। ਇਸ ਦੀਆਂ ਕਿਹੜੀਆਂ ਮੁੱਖ ਕਿਸਮਾਂ ਹੁੰਦੀਆਂ ਹਨ। ਕੁੱਤਿਆਂ ਨੂੰ ਰੱਖਣ ਬਾਰੇ ਨਿਯਮ ਕੀ ਹਨ।

ਜੇਕਰ ਪਾਲਤੂ ਕੁੱਤਾ ਕਿਸੇ ਨੂੰ ਕੋਈ ਨੁਕਸਾਨ ਪਹੁੰਚਾਉਂਦਾ ਹੈ ਤਾਂ ਉਸ ਬਾਰੇ ਕਾਨੂੰਨ ਕੀ ਕਹਿੰਦਾ ਹੈ। ਦੁਨੀਆਂ ਵਿੱਚ ਕੁੱਤਿਆਂ ਦੀਆਂ ਕਿਹੜੀਆਂ ਕਿਸਮਾਂ ਹਨ ਜੋ ਬੇਹੱਦ ਖ਼ਤਰਨਾਕ ਮੰਨੀਆ ਜਾਂਦੀਆਂ ਹਨ।

ਕਦੋਂ ਹੋਂਦ ‘ਚ ਆਇਆ ਪਿਟ ਬੁੱਲ, ਕਿਸਮਾਂ ਕਿਹੜੀਆਂ ਹਨ?

ਪਿਟ ਬੁੱਲ ਕੁੱਤਾ

ਤਸਵੀਰ ਸਰੋਤ, Getty Images

ਪਿਟ ਬੁੱਲ ਦੀ ਨਸਲ ਦਾ ਪਹਿਲਾ ਕੁੱਤਾ ਸੰਨ 1800 ਦੇ ਦੌਰਾਨ ਇੰਗਲੈਂਡ ਵਿੱਚ ਪੈਦਾ ਹੋਇਆ ਸੀ। ਉਸ ਵੇਲੇ ਮਨੋਰੰਜਨ ਲਈ ਇਸ ਦੀ ਵਰਤੋਂ ਕੀਤੀ ਜਾਂਦੀ ਸੀ।

ਬੰਨ੍ਹੇ ਹੋਏ ਸਾਨ੍ਹਾਂ ਅਤੇ ਰਿੱਛਾਂ ਉੱਤੇ ਇਨ੍ਹਾਂ ਕੁੱਤਿਆਂ ਨੂੰ ਛੱਡਿਆ ਜਾਂਦਾ ਸੀ, ਲੋਕ ਇਸ ਨੂੰ ਮਨੋਰੰਜਨ ‘ਤੇ ਤੌਰ ਤੇ ਦੇਖਦੇ ਸੀ। ਹਾਲਾਂਕਿ 1835 ਵਿੱਚ ਇਸ ਉੱਤੇ ਬੈਨ ਲੱਗ ਗਿਆ।

ਫਿਰ ਹੌਲੀ-ਹੌਲੀ ਕੁੱਤਿਆਂ ਵਿਚਾਲੇ ਹੀ ਮੁਕਾਬਲੇ ਕਰਵਾਏ ਜਾਣ ਲੱਗੇ। 1960ਵਿਆਂ ਵਿੱਚ ਅਮਰੀਕਾ ਵਿੱਚ ਡਰੱਗਜ਼ ਵੇਚਣ ਵਾਲੇ ਗੈਂਗ ਪਿਟ ਬੁੱਲ ਕੁੱਤੇ ਦੀਆਂ ਕਿਸਮਾਂ ਨੂੰ ਗਾਰਡ ਵਜੋਂ ਅਤੇ ਰੁਤਬੇ ਲਈ ਰੱਖਦੇ ਸੀ।

ਪਿਟ ਬੁੱਲ ਦੀਆਂ ਮੁੱਖ ਤੌਰ ‘ਤੇ ਚਾਰ ਕਿਸਮਾਂ ਦੁਨੀਆਂ ਭਰ ਵਿੱਚ ਮਸ਼ਹੂਰ ਹਨ। ਇਨ੍ਹਾਂ ਵਿੱਚ ਅਮਰੀਕਨ ਪਿਟ ਬੁੱਲ ਟੇਰੀਅਰ, ਸਟੈਫਰਡਸ਼ਾਇਰ ਚੇਰੀਅਰ, ਬੁੱਲ ਟੇਰੀਅਰ ਅਤੇ ਅਮਰੀਕਨ ਬੁੱਲੀ ਹਨ।

ਪਿਟ ਬੁੱਲ ਖ਼ਤਰਨਾਕ ਕਦੋਂ ਹੋ ਜਾਂਦਾ ਹੈ?

ਸਾਰੇ ਕੁੱਤੇ ਇੱਕੋ ਜਿਹੇ ਨਹੀਂ ਹੁੰਦੇ। ਕਈ ਨਸਲਾਂ ਇਨਸਾਨ ਨਾਲ ਘੁਲ ਮਿਲ ਕੇ ਰਹਿੰਦੀਆਂ ਹਨ ਅਤੇ ਨਿੱਕੀਆਂ ਥਾਵਾਂ ਜਾਂ ਨਿੱਕੇ ਘਰਾਂ ਵਿੱਚ ਵੀ ਅਰਾਮ ਨਾਲ ਰਹਿ ਲੈਂਦੀਆਂ ਹਨ।

ਕੁੱਤਿਆਂ ਦੀਆਂ ਕਈ ਨਸਲਾਂ ਹੁੰਦੀਆਂ ਹਨ ਜਿਨ੍ਹਾਂ ਲਈ ਰਹਿਣ, ਖਾਣ, ਟਰੇਨਿੰਗ ਤੋਂ ਲੈ ਕੇ ਸਭ ਕੁਝ ਵੱਖਰਾ ਹੁੰਦਾ ਹੈ।

ਪਿਟ ਬੁੱਲ ਵਰਗੇ ਕੁੱਤਿਆਂ ਨੂੰ ਰੱਖਣ ਦੇ ਖ਼ਾਸ ਤੌਰ ਤਰੀਕੇ ਹੁੰਦੇ ਹਨ।

ਇੱਥੇ ਹੀ ਕੁੱਤੇ ਰੱਖਣ ਵਾਲਿਆਂ ਤੋਂ ਗ਼ਲਤੀ ਹੋ ਜਾਂਦੀ ਹੈ ਕਿਉਂਕਿ ਬ੍ਰੀਡ ਤਾਂ ਉਹ ਪਾਲ ਲੈਂਦੇ ਹਨ ਪਰ ਉਸ ਦੀ ਸਾਂਭ ਸੰਭਾਲ ਕਿਵੇਂ ਕਰਨੀ ਹੈ ਉਸ ਦੀ ਸਹੀ ਜਾਣਕਾਰੀ ਨਹੀਂ ਰੱਖਦੇ।

2022 ਵਿੱਚ ਕੀਤੀ ਇੱਕ ਰਿਪੋਰਟ ਲਈ ਜਲੰਧਰ ਵਿੱਚ ਰਹਿਣ ਵਾਲੇ ਡੌਗ ਟ੍ਰੇਨਰ ਪ੍ਰਤਾਪ ਸਿੰਘ ਨੇ ਬੀਬੀਸੀ ਪੰਜਾਬੀ ਨਾਲ ਕੁਝ ਜਾਣਕਾਰੀਆਂ ਸਾਂਝੀਆਂ ਕੀਤੀ ਸਨ। ਪ੍ਰਤਾਪ ਸਿੰਘ, ਅਕਸਰ ਖ਼ਤਰਨਾਕ ਸਮਝੇ ਜਾਂਦੇ ਕੁੱਤਿਆਂ ਨੂੰ ਹੀ ਟਰੇਨ ਕਰਦੇ ਹਨ।

ਉਹ ਕਹਿੰਦੇ ਹਨ, “ਪਿਟ ਬੁੱਲ ਨਸਲ ਹੋਵੇ ਜਾਂ ਕੋਈ ਹੋਰ ਨਸਲ ਜਿਸ ਨੂੰ ਆਮ ਤੌਰ ‘ਤੇ ਲੋਕ ਖ਼ਤਰਨਾਕ ਸਮਝਦੇ ਹਨ। ਬੜੇ ਘੱਟ ਕੇਸ ਹੁੰਦੇ ਹਨ ਜਦੋਂ ਇਹ ਕੁੱਤੇ ਹਮਲਾਵਰ ਜਾਂ ਖ਼ਤਰਨਾਕ ਹੋ ਜਾਂਦੇ ਹਨ।”

“ਪਿਟ ਬੁੱਲ ਵਰਗੇ ਕੁੱਤੇ ਰੱਖਣ ਲਈ ਸਭ ਤੋਂ ਪਹਿਲਾਂ ਜ਼ਰੂਰੀ ਹੈ ਉਸ ਦੀ ਟਰੇਨਿੰਗ ਕਰਵਾਉਣਾ। ਇਸ ਦੌਰਾਨ ਮਾਲਕ ਨੂੰ ਵੀ ਸਮਝ ਆਉਂਦੀ ਹੈ ਕਿ ਕੁੱਤੇ ਨੂੰ ਕਿਵੇਂ ਸਾਂਭਣਾ ਹੈ।”

ਪ੍ਰਤਾਪ ਸਿੰਘ ਅੱਗੇ ਕਹਿੰਦੇ ਹਨ ਕਿ ਪਿਟ ਬੁੱਲ ਹਾਈ ਐਨਰਜੀ ਵਾਲਾ ਕੁੱਤਾ ਮੰਨਿਆ ਜਾਂਦਾ ਹੈ, ਉਨ੍ਹਾਂ ਦਾ ਸਹੀ ਤਰੀਕੇ ਨਾਲ ਖਿਆਲ ਨਾ ਰੱਖਿਆ ਜਾਣਾ ਵੀ ਉਨ੍ਹਾਂ ਨੂੰ ਹਿੰਸਕ ਬਣਾ ਦਿੰਦਾ ਹੈ। ਉਨ੍ਹਾਂ ਨੂੰ ਰੋਜ਼ਾਨਾ ਕਸਰਤ ਕਰਵਾਉਣਾ, ਸਹੀ ਖੁਰਾਕ ਦੇਣੀ, ਖੁਰਾਕ ਦੇ ਮੁਤਾਬਕ ਸੈਰ ਕਰਵਾਉਣੀ ਲਾਜ਼ਮੀ ਹੈ।

ਅਕਸਰ ਸੁਰੱਖਿਆ ਦੇ ਲਿਹਾਜ਼ ਨਾਲ ਲੋਕ ਇਸ ਤਰ੍ਹਾਂ ਦੇ ਕੁੱਤੇ ਫਾਰਮ ਹਾਊਸ, ਵੱਡੀਆਂ ਕੋਠੀਆਂ, ਢਾਹਣੀ ਜਾਂ ਉਨ੍ਹਾਂ ਘਰਾਂ ਵਿੱਚ ਰੱਖਦੇ ਹਨ ਜੋ ਖੇਤਾਂ ਵਿੱਚ ਦੂਰ-ਦੂਰ ਬਣੇ ਹੁੰਦੇ ਹਨ।

ਲੋਕਾਂ ਵੱਲੋਂ ਰੱਖੇ ਜਾਂਦੇ ਖ਼ਤਰਨਾਕ ਕੁੱਤਿਆਂ ਦੀ ਲਿਸਟ ਵੀ ਲੰਬੀ ਹੈ।

ਇਸ ਵਿੱਚ ਪਿਟ ਬੁੱਲ ਤੋਂ ਇਲਾਵਾ ਰੋਟਵਿਲਰ, ਡਾਬਰਮੈਨ, ਜਰਮਨ ਸ਼ੈਫਰਡ, ਪਾਕਿਸਤਾਨੀ ਬੁਲੀ ਅਤੇ ਬੌਕਸਰ ਹਨ।

ਪੰਜਾਬ ਵਿੱਚ ਖ਼ਤਰਨਾਕ ਸਮਝੀਆਂ ਜਾਂਦੀਆਂ ਨਸਲਾਂ ਦੇ ਕੁੱਤੇ ਕਿੰਨੇ ਪਸੰਦ ਕੀਤੇ ਜਾਂਦੇ ਹਨ ਉਸ ਦੀਆਂ ਮਿਸਾਲਾਂ ਕਈ ਪੰਜਾਬੀ ਗਾਣਿਆਂ ਵਿੱਚ ਵੀ ਮਿਲ ਜਾਂਦੀਆਂ ਹਨ।

ਪ੍ਰਤਾਪ ਸਿੰਘ ਦੱਸਦੇ ਹਨ ਕਿ ਅਜਿਹੇ ਕੁੱਤਿਆਂ ਨੂੰ ਰੱਖਣ ਤੋਂ ਪਹਿਲਾਂ ਪੈਡੀਗਰੀ ਦੀ ਜਾਂਚ ਜ਼ਰੂਰ ਹੋਣੀ ਚੀਹੀਦੀ ਹੈ।

ਪੈਡੀਗਰੀ ਦਾ ਮਤਲਬ ਹੁੰਦਾ ਹੈ ਕਿ ਜਦੋਂ ਤੁਸੀਂ ਕੁੱਤਾ ਖ਼ਰੀਦਣ ਜਾਓ ਤਾਂ ਉਸ ਕੁੱਤੇ ਦੇ ਮਾਪੇ ਕੌਣ ਹਨ ਉਸ ਬਾਰੇ ਵੀ ਜਾਣਕਾਰੀ ਲੈਣੀ ਚਾਹੀਦੀ ਹੈ।

ਇਹ ਵੀ ਪੁੱਛੋ ਕਿ ਇਸ ਦੇ ਮਾਪਿਆਂ ਵਿੱਚੋਂ ਕੋਈ ਫੇਰੋਸ਼ਿਅਸ ਯਾਨੀ ਹਿੰਸਕ ਤਾਂ ਨਹੀਂ ਸੀ, ਫਿਰ ਉਸੇ ਹਿਸਾਬ ਨਾਲ ਟਰੇਨਿੰਗ ਕਰਵਾਓ ਅਤੇ ਦੱਸੇ ਗਏ ਨਿਯਮਾਂ ਦੀ ਪਾਲਣਾ ਕਰੋ।

ਜਲੰਧਰ ਵਿੱਚ ਕਈ ਦਹਾਕਿਆਂ ਤੋਂ ਡੌਗ ਐਂਡ ਕੈਟ ਕਲੀਨਿਕ ਚਲਾ ਰਹੇ ਡਾ. ਐੱਸਐੱਸ ਭੱਟੀ ਵੀ ਕੁੱਤਿਆਂ ਦੀਆਂ ਇਸ ਤਰ੍ਹਾਂ ਦੀਆਂ ਨਸਲਾਂ ਦੀ ਟਰੇਨਿੰਗ ਬਾਰੇ ਜ਼ੋਰ ਦਿੰਦੇ ਹਨ।

ਉਹ ਕਹਿੰਦੇ ਹਨ, ” ਕੋਸ਼ਿਸ਼ ਕਰੋ ਕਿ ਰੌਟਵਿਲਰ ਅਤੇ ਪਿਟ ਬੁੱਲ ਜਿਹੇ ਕੁੱਤਿਆਂ ਨੂੰ ਫਾਰਮ ਹਾਊਸਾਂ ਵਿੱਚ ਹੀ ਰੱਖੋ।”

“ਲੋਕ ਛੋਟੇ-ਛੋਟੇ ਘਰਾਂ ਵਿੱਚ ਇਸ ਤਰ੍ਹਾਂ ਦੀਆਂ ਨਸਲਾਂ ਪਾਲ ਲੈਂਦੇ ਹਨ, ਫਿਰ ਲੋੜ ਮੁਤਾਬਕ ਧਿਆਨ ਨਹੀਂ ਦਿੰਦੇ ਜਿਸ ਕਾਰਨ ਇਹ ਹਿੰਸਕ ਹੋ ਜਾਂਦੇ ਹਨ।”

ਡਾ. ਭੱਟੀ ਕਹਿੰਦੇ ਹਨ ਕਿ ਕੁੱਤਾ ਖ਼ਰੀਦਣ ਵੇਲੇ ਉਸ ਬਾਰੇ ਜਾਂਚ ਪੜਤਾਲ, ਉਸ ਦੀ ਪੈਡੀਗਰੀ ਜਾਣਨਾ ਅਤੇ ਉਸ ਦੀ ਮੁੱਢਲੀ ਟਰੇਨਿੰਗ ਬਾਰੇ ਆਮ ਤੌਰ ‘ਤੇ ਲੋਕ ਘੱਟ ਸੋਚਦੇ ਹਨ ਕਿਉਂਕਿ ਕਿਤੇ ਨਾ ਕਿਤੇ ਸਸਤੇ ਵਿੱਚ ਬ੍ਰੀਡ ਮਿਲ ਜਾਵੇ ਉਸ ਪਾਸੇ ਲੋਕਾਂ ਦਾ ਧਿਆਨ ਜ਼ਿਆਦਾ ਰਹਿੰਦਾ ਹੈ।

ਬਾਅਦ ਵਿੱਚ ਉਨ੍ਹਾਂ ਦਾ ਵਿਵਹਾਰ, ਹੋਰ ਆਦਤਾਂ ਵਧੀਆ ਨਹੀਂ ਨਿਕਲਦੀਆਂ।

ਕੁੱਤਿਆਂ ਨੂੰ ਪਾਲਣ ਬਾਰੇ ਨਿਯਮ ਕੀ ਹੈ?

ਹਰੇ ਮੈਦਾਨ 'ਤੇ ਭੱਜ ਰਿਹਾ ਕੁੱਤਾ।

ਤਸਵੀਰ ਸਰੋਤ, Getty Images

ਭਾਰਤ ਦੇ ਐਨੀਮਲ ਵੈਲਫੇਅਰ ਬੋਰਡ ਨੇ ਪਾਲਤੂ ਕੁੱਤੇ ਰੱਖਣ ਲਈ ਕਈ ਨਿਯਮ ਬਣਾਏ ਹੋਏ ਹਨ। ਜਿਨ੍ਹਾਂ ਵਿੱਚ ਕੁੱਤਿਆਂ ਨੂੰ ਪਾਲਣ ਵਾਲਿਆਂ ਦੀਆਂ ਜ਼ਿੰਮੇਵਾਰੀਆਂ ਅਤੇ ਹੱਕ ਤੈਅ ਕੀਤੇ ਗਏ ਹਨ।

ਚੰਡੀਗੜ੍ਹ ਟ੍ਰਾਈਸਿਟੀ ਵਿੱਚ ਲੰਬੇ ਸਮੇਂ ਤੋਂ ਜਾਨਵਰਾਂ ਦੇ ਹੱਕਾਂ ਅਤੇ ਸਾਂਭ ਸੰਭਾਲ ਲਈ ਕੰਮ ਕਰਦੀ ਸੰਸਥਾ ਫਰੇਵਰ ਫਰੈਂਡਜ਼ ਦੇ ਮੈਂਬਰ ਹਰਦੀਪ ਪੁਰੀ ਦੱਸਦੇ ਹਨ ਕਿ ਨਿਯਮਾਂ ਮੁਤਾਬਕ ਭਾਰਤ ਵਿੱਚ ਕੋਈ ਵੀ ਕੁੱਤਾ ਪਾਲਣ ਲਈ ਸਬੰਧਤ ਮਿਉਂਸੀਪਲ ਦਫ਼ਤਰ ਵਿੱਚ ਰਜਿਸਟਰੇਸ਼ਨ ਜ਼ਰੂਰੀ ਹੈ। ਕੁੱਤੇ ਦਾ ਵੈਕਸੀਨੇਸ਼ਨ ਸਰਟੀਫਿਕੇਟ ਜਮ੍ਹਾ ਕਰਵਾਉਣਾ ਵੀ ਲਾਜ਼ਮੀ ਹੈ। ਐਂਟੀ-ਰੇਬੀਜ਼ ਵੈਕਸੀਨੇਸ਼ਨ ਲਾਜ਼ਮੀ ਹੈ।

ਉਨ੍ਹਾਂ ਦੱਸਿਆ ਕਿ ਪਾਲਤੂ ਕੁੱਤਿਆਂ ਦੇ ਮਾਲਕਾਂ ਲਈ ਇਹ ਜ਼ਰੂਰੀ ਹੈ ਕਿ ਜਨਤਕ ਥਾਂਵਾਂ ‘ਤੇ ਕੁੱਤਿਆਂ ਨੂੰ ਲੀਸ਼ ਪਾ ਕੇ ਰੱਖਣ ਅਤੇ ਜਨਤਕ ਥਾਂਵਾਂ ‘ਤੇ ਉਨ੍ਹਾਂ ਦੇ ਕੁੱਤੇ ਵੱਲੋਂ ਦੂਜਿਆਂ ਨੂੰ ਪਰੇਸ਼ਾਨੀ ਨਾ ਹੋਵੇ, ਇਹ ਜ਼ਿੰਮੇਵਾਰੀ ਵੀ ਕੁੱਤੇ ਦੇ ਮਾਲਕ ਦੀ ਹੋਵੇਗੀ।

ਘਰ ਤੋਂ ਬਾਹਰ ਕੁੱਤੇ ਵੱਲੋਂ ਕੀਤੇ ਮਲ ਨੂੰ ਚੁੱਕਣਾ ਵੀ ਮਾਲਕ ਦੀ ਜ਼ਿੰਮੇਵਾਰੀ ਹੁੰਦੀ ਹੈ। ਕੁੱਤਿਆਂ ਨੂੰ ਗਲੀਆਂ ਵਿੱਚ ਘੁਮਾਇਆ ਜਾ ਸਕਦਾ ਹੈ ਪਰ ਜਨਤਕ ਪਾਰਕਾਂ ਵਿੱਚ ਨਹੀਂ ਲਿਜਾਇਆ ਜਾ ਸਕਦਾ।

ਉਨ੍ਹਾਂ ਦੱਸਿਆ ਕਿ ਬਰੀਡਿੰਗ ਦੀ ਰਜਿਸਟਰੇਸ਼ਨ ਕਰਵਾਏ ਬਿਨ੍ਹਾਂ ਘਰ ਵਿੱਚ ਕੁੱਤੇ ਰੱਖ ਕੇ ਉਨ੍ਹਾਂ ਤੋਂ ਬੱਚੇ ਪੈਦਾ ਕਰਨਾ ਅਤੇ ਵੇਚਣਾ ਵੀ ਕਾਨੂੰਨੀ ਜੁਰਮ ਹੈ।

ਉਨ੍ਹਾਂ ਦੱਸਿਆ ਕਿ ਪਿੱਟਬੁੱਲ ਜਿਹਾ ਕੁੱਤਾ ਰੱਖਣਾ ਬੈਨ ਨਹੀਂ ਹੈ, ਬਲਕਿ ਇਨ੍ਹਾਂ ਦੀ ਬਰੀਡਿੰਗ ਬੈਨ ਕੀਤੀ ਗਈ ਹੈ ਅਤੇ ਨਵੇਂ ਪਿੱਟਬੁੱਲ ਦੀ ਰਜਿਸਟਰੇਸ਼ਨ ਬੰਦ ਕੀਤੀ ਗਈ ਹੈ ਪਰ ਜੇ ਕਿਸੇ ਕੋਲ ਪਹਿਲਾਂ ਤੋਂ ਹੀ ਪਿੱਟਬੁੱਲ ਹੈ ਤਾਂ ਉਸ ਨੂੰ ਛੱਡਿਆ ਨਹੀਂ ਜਾ ਸਕਦਾ।

ਨਿਯਮ ਇਹ ਵੀ ਹਨ ਕਿ ਜੇ ਕੋਈ ਆਪਣਾ ਪਾਲਿਆ ਹੋਇਆ ਕੁੱਤਾ ਘਰੋਂ ਬਾਹਰ ਕੱਢ ਦਿੰਦਾ ਹੈ ਤਾਂ ਵੀ ਉਸ ‘ਤੇ ਕਾਨੂੰਨੀ ਕਾਰਵਾਈ ਹੋ ਸਕਦੀ ਹੈ।

ਹਾਲਾਂਕਿ ਜੇਕਰ ਕਿਸੇ ਕੋਲ ਪਾਲਤੂ ਕੁੱਤਾ ਹੈ ਅਤੇ ਉਸ ਦੀ ਵਜ੍ਹਾ ਨਾਲ ਮਿਊਂਸਪਲ ਜਾਂ ਹੋਰ ਕਾਨੂੰਨਾਂ ਦੀ ਉਲੰਘਣਾ ਨਹੀਂ ਹੁੰਦੀ ਤਾਂ ਰੈਜੀਡੈਂਟ ਵੇਲਫੇਅਰ ਐਸੋਸੀਏਸ਼ਨਾਂ ਜਾਂ ਮਕਾਨ ਮਾਲਕ ਕਿਸੇ ਵੱਲੋਂ ਵੀ ਪਾਲਤੂ ਕੁੱਤਾ ਰੱਖਣ ਉੱਤੇ ਰੋਕ ਨਹੀਂ ਲਗਾ ਸਕਦੇ।

ਜਾਨਵਰਾਂ ਦੀ ਭਲਾਈ ਲਈ ਬਣੀ ਸੰਸਥਾ ਨਾਲ ਜੁੜੇ ਐਡਵੋਕੇਟ ਨੀਲ ਰੋਬਰਟ ਦੱਸਦੇ ਹਨ ਕਿ ਭਾਰਤ ਵਿੱਚ ਮਿਊਸਪਲ ਕਾਰਪੋਰੇਸ਼ਨਾਂ ਕੋਲ ਇਹ ਅਧਿਕਾਰ ਹੈ ਕਿ ਉਹ ਆਪਣੇ ਖੇਤਰ ਵਿੱਚ ਲੋੜ ਮੁਤਾਬਕ ਫੈਸਲਾ ਲੈਣ।

ਉਨ੍ਹਾਂ ਦੱਸਿਆ ਕਿ ਜਿਸ ਤਰ੍ਹਾਂ ਚੰਡੀਗੜ੍ਹ ਵਿੱਚ ਨਿਯਮ ਹੈ ਕਿ ਰਜਿਸਟਰ ਕੁੱਤੇ ਦਾ ਟੋਕਨ ਨੰਬਰ ਉਸ ਦੇ ਗਲੇ ‘ਤੇ ਲੱਗਿਆ ਹੋਣਾ ਚਾਹੀਦਾ ਹੈ।

ਹਮਲਾਵਰ ਸੁਭਾਅ ਦੇ ਕੁੱਤੇ ਨੂੰ ਘਰੋਂ ਬਾਹਰ ਲਿਜਾਣ ਵੇਲੇ ਉਸ ਦੇ ਮੂੰਹ ‘ਤੇ ਜਾਲ਼ੀ ਲੱਗੀ ਹੋਣੀ ਚਾਹੀਦੀ ਹੈ। ਘਰ ਅੰਦਰ ਅਜਿਹਾ ਕੁੱਤਾ ਹੈ ਤਾਂ ਘਰ ਦੇ ਬਾਹਰ ਚੇਤਾਵਨੀ ਲੱਗੀ ਹੋਣੀ ਚਾਹੀਦੀ ਹੈ।

ਕਿਸੇ ਦਾ ਪਾਲਤੂ ਕੁੱਤਾ ਨੁਕਸਾਨ ਪਹੁੰਚਾਉਂਦਾ ਹੈ ਤਾਂ ਕਾਨੂੰਨ ਕੀ ਕਹਿੰਦਾ ਹੈ?

ਬੀਐਨਐਸ ਦੀ ਧਾਰਾ 291 ਮੁਤਾਬਕ, “ਜੇ ਕੋਈ ਵੀ ਜਾਣ ਬੁੱਝ ਕੇ ਜਾਂ ਲਾਪਰਵਾਹੀ ਨਾਲ ਆਪਣੇ ਪਾਲਤੂ ਜਾਨਵਰ ਦੇ ਸਬੰਧ ਵਿੱਚ ਅਜਿਹੇ ਉਪਾਅ ਕਰਨ ਵਿੱਚ ਅਸਫਲ ਰਹਿੰਦਾ ਹੈ ਜੋ ਮਨੁੱਖੀ ਜਾਨ ਲਈ ਕਿਸੇ ਸੰਭਾਵੀ ਖਤਰੇ ਜਾਂ ਜ਼ਖਮੀ ਹੋਣ ਦੇ ਖਤਰੇ ਤੋਂ ਬਚਾਅ ਲਈ ਕਾਫ਼ੀ ਹੋ ਸਕਦੇ ਸੀ, ਤਾਂ ਉਸ ਨੂੰ ਛੇ ਮਹੀਨੇ ਤੱਕ ਦੀ ਕੈਦ ਜਾਂ ਪੰਜ ਹਜ਼ਾਰ ਰੁਪਏ ਤਕ ਦਾ ਜੁਰਮਾਨਾ ਵੀ ਹੋ ਸਕਦਾ ਹੈ ਜਾਂ ਦੋਵੇਂ ਹੋ ਸਕਦੇ ਹਨ।”

ਹਾਲਾਂਕਿ ਮਾਹਿਰ ਕਹਿੰਦੇ ਹਨ ਕਿ ਕੁੱਤੇ ਵੱਲੋਂ ਹਮਲਾ ਕੀਤੇ ਜਾਣ ਵਾਲੇ ਕੇਸਾਂ ਵਿੱਚ ਇਹ ਵੀ ਦੇਖਿਆ ਜਾਏਗਾ ਕਿ ਕੀ ਕੁੱਤੇ ਨੇ ਉਕਸਾਏ ਜਾਣ ਬਾਅਦ ਵੱਢਿਆ ਹੈ ਜਾਂ ਪਹਿਲਾਂ ਹਮਲਾ ਕੀਤਾ ਹੈ।

ਕਿਸੇ ਦੇ ਘਰ ਵਿੱਚ ਕੁੱਤੇ ਵੱਲੋਂ ਹਮਲਾ ਕੀਤੇ ਜਾਣ ਦੌਰਾਨ ਦੇਖਿਆ ਜਾਏਗਾ ਕਿ ਘਰ ਦੇ ਮਾਲਕ ਵੱਲੋਂ ਦਰਵਾਜ਼ਾ ਖੋਲ੍ਹਣ ਤੋਂ ਬਾਅਦ ਕੁੱਤੇ ਨੇ ਹਮਲਾ ਕੀਤਾ ਹੈ ਜਾਂ ਬਾਹਰੋਂ ਆਉਣ ਵਾਲਾ ਬਿਨ੍ਹਾਂ ਘੰਟੀ ਵਜਾਏ ਜਾਂ ਅਵਾਜ਼ ਮਾਰੇ ਖੁਦ ਦਰਵਾਜ਼ਾ ਖੋਲ੍ਹਿਆ ਜਾਂ ਸਿੱਧਾ ਅੰਦਰ ਆਇਆ ਹੈ।

ਦੁਨੀਆਂ ਭਰ ਵਿੱਚ ਕੁੱਤਿਆਂ ਬਾਰੇ ਕਾਨੂੰਨਾਂ ‘ਤੇ ਇੱਕ ਝਾਤ

ਸਟ੍ਰੋਲਰ ਵਿੱਚ ਬੈਠਾ ਕੁੱਤਾ

ਤਸਵੀਰ ਸਰੋਤ, Getty Images

ਪਿੱਟ ਬੁਲ ਵਰਗੇ ਕੁੱਤਿਆਂ ਦੀ ਖ਼ਤਰਨਾਕ ਮੰਨੀਆਂ ਜਾਂਦੀਆਂ ਕਿਸਮਾਂ ਕਈ ਮੁਲਕਾਂ ਵਿੱਚ ਬੈਨ ਹਨ।

ਆਇਰਲੈਂਡ ਵਿੱਚ ਪਿੱਟ ਬੁੱਲ ਦੀਆਂ ਕਈ ਕਿਸਮਾਂ, ਜਰਮਨ ਸ਼ੈਫਰਡ, ਰੋਟਵਿਲਰ ਵਰਗੇ ਕੁੱਤਿਆਂ ਨੂੰ ਜੰਜ਼ੀਰ ਨਾਲ ਬੰਨ੍ਹ ਕੇ ਰੱਖਣ, ਜਨਤਕ ਥਾਵਾਂ ‘ਤੇ ਮੂੰਹ ‘ਤੇ ਜਾਲੀ ਲਾਉਣ ਅਤੇ ਕੁੱਤੇ ਦੇ ਗਲੇ ਵਿੱਚ ਬਨ੍ਹੇ ਕੌਲਰ ਉੱਤੇ ਮਾਲਕ ਦਾ ਨਾਮ ਅਤੇ ਪਤਾ ਲਿਖਣਾ ਜ਼ਰੂਰੀ ਹੈ।

ਅਮਰੀਕੀ ਸੂਬਿਆਂ ਨੂੰ ਵੀ ਆਪਣੇ ਕਾਨੂੰਨ ਲਿਆਉਣ ਦੀ ਖੁੱਲ੍ਹ ਹੈ। ਆਸਟਰੇਲੀਆ ਵਿੱਚ ਖ਼ਤਰਨਾਕ ਸਮਝੇ ਜਾਂਦੇ ਕੁੱਤਿਆਂ ਦੇ ਗਲੇ ਵਿੱਚ ਪੀਲੀ ਅਤੇ ਲਾਲ ਪੱਟੀ ਵਾਲੇ ਕੌਲਰ ਪਾਉਣੇ ਲਾਜ਼ਮੀ ਹਨ।

ਮਾਲਕਾਂ ਨੂੰ ਚੇਤਾਵਨੀ ਵੀ ਲਿਖ ਕੇ ਲਗਾਉਣੀ ਹੁੰਦੀ ਹੈ ਕਿ ਇਸ ਘਰ ਵਿੱਚ ਕਿਹੜੀ ਬ੍ਰੀਡ ਦਾ ਕੁੱਤਾ ਰੱਖਿਆ ਹੋਇਆ ਹੈ।

ਖ਼ੈਰ ਇਹ ਤਾਂ ਗੱਲ ਰਹੀ ਹਿੰਸਕ ਸਮਝੇ ਕੁੱਤਿਆਂ ਦੀ। ਦਿੱਲੀ ਵਿੱਚ ਪੈੱਟ ਲਵਰ ਐਸੋਸੀਏਸ਼ਨ ਨਾਮ ਦੀ ਸੰਸਥਾ ਦੇ ਮੈਂਬਰ ਅਸ਼ੋਕ ਪ੍ਰਤਾਪ ਕਹਿੰਦੇ ਹਨ ਕਿ ਅਕਸਰ ਮੀਡੀਆ ਤੋਂ ਲੈ ਕੇ ਸਮਾਜਿਕ ਗਲਿਆਰਿਆਂ ਵਿੱਚ ਪਾਲਤੂ ਕੱਤਿਆਂ ਵੱਲੋਂ ਕੀਤੇ ਗਏ ਹਮਲੇ ਚਰਚਾ ਦਾ ਵਿਸ਼ਾ ਬਣਦੇ ਹਨ।

ਪਰ ਅਵਾਰਾ ਕੁੱਤਿਆਂ ਵੱਲੋਂ ਹੁੰਦੇ ਹਮਲਿਆਂ ਵਿੱਚ ਲੋਕਾਂ ਦਾ ਜੋ ਜਾਨੀ ਨੁਕਸਾਨ ਹੋ ਰਿਹਾ ਹੈ ਉਸ ਬਾਰੇ ਘੱਟ ਗੱਲ ਹੁੰਦੀ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI