Home rss national punjabi2ਰਾਸ਼ਟਰੀ ਖ਼ਬਰਾਂ ਕੀੜੀਆਂ ਨਾਲ ਸਜਾ ਕੇ ਖਾਣਾ ਪਰੋਸਣ ਵਾਲੇ ਰੈਸਟੋਰੈਂਟ ਮਾਲਿਕ ਨੂੰ ਅਦਾਲਤ ਨੇ...

ਕੀੜੀਆਂ ਨਾਲ ਸਜਾ ਕੇ ਖਾਣਾ ਪਰੋਸਣ ਵਾਲੇ ਰੈਸਟੋਰੈਂਟ ਮਾਲਿਕ ਨੂੰ ਅਦਾਲਤ ਨੇ ਕੀ ਦਿੱਤੀ ਸਜ਼ਾ , 4 ਸਾਲ ‘ਚ ਹਜ਼ਾਰਾਂ ਕੀੜੀਆਂ ਦੀ ਕੀਤੀ ਸੀ ਵਰਤੋਂ

6
0

Source :- BBC PUNJABI

ਜ਼ਿਆਦਾਤਰ ਕੀੜੀਆਂ ਅਮਰੀਕਾ ਤੋਂ ਮੰਗਵਾਈਆਂ ਗਈਆਂ ਸਨ, ਜਦਕਿ ਕੁਝ ਥਾਈਲੈਂਡ ਤੋਂ ਆਈਆਂ ਸਨ

ਤਸਵੀਰ ਸਰੋਤ, Korean Ministry of Food and Drug Safety

ਦੱਖਣੀ ਕੋਰੀਆ ਦੀ ਰਾਜਧਾਨੀ ਸਿਓਲ ਵਿੱਚ ਮਿਸ਼ਲਿਨ ਗਾਈਡ ਤੋਂ 2 ਸਟਾਰ ਪ੍ਰਾਪਤ ਇੱਕ ਰੈਸਟੋਰੈਂਟ ‘ਤੇ ਮਠਿਆਈ ਦੀ ਗਾਰਨਿਸ਼ਿੰਗ ਲਈ (ਸਜਾਉਣ ਲਈ) ਕੀੜੀਆਂ ਦੀ ਵਰਤੋਂ ਕਰਨ ਦੇ ਮਾਮਲੇ ‘ਚ ਅਦਾਲਤ ਨੇ ਜੁਰਮਾਨਾ ਲਗਾਉਣ ਦੇ ਹੁਕਮ ਦਿੱਤੇ ਹੈ।

ਸਥਾਨਕ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ, ਸਿਓਲ ਵਿੱਚ ‘ਐਵੇਟ’ ਨਾਮ ਦੇ ਰੈਸਟੋਰੈਂਟ ਦੇ ਮਾਲਕ ‘ਤੇ 15 ਮਿਲੀਅਨ ਵੌਨ (ਲਗਭਗ 10 ਲੱਖ 50 ਹਜ਼ਾਰ ਭਾਰਤੀ ਰੁਪਏ) ਦਾ ਜੁਰਮਾਨਾ ਲਗਾਇਆ ਗਿਆ ਹੈ।

ਜਦਕਿ ਰੈਸਟੋਰੈਂਟ ਚਲਾਉਣ ਵਾਲੀ ਕੰਪਨੀ ‘ਤੇ ‘ਫੂਡ ਸੈਨਿਟੇਸ਼ਨ ਐਕਟ’ (ਖੁਰਾਕ ਦੀ ਸਵੱਛਤਾ ਸਬੰਧੀ ਕਾਨੂੰਨ) ਦੀ ਉਲੰਘਣਾ ਕਰਨ ਲਈ 10 ਮਿਲੀਅਨ ਵੌਨ (ਲਗਭਗ 6 ਲੱਖ 90 ਹਜ਼ਾਰ ਭਾਰਤੀ ਰੁਪਏ) ਦਾ ਜੁਰਮਾਨਾ ਲਗਾਇਆ ਗਿਆ।

ਇਸ ਪੂਰਬੀ ਏਸ਼ੀਆਈ ਦੇਸ਼ ਵਿੱਚ ਮਨੁੱਖਾਂ ਦੇ ਖਾਣ ਲਈ 10 ਤਰ੍ਹਾਂ ਦੇ ਕੀੜਿਆਂ ਨੂੰ ਮਨਜ਼ੂਰੀ ਪ੍ਰਾਪਤ ਹੈ ਪਰ ਇਸ ਸੂਚੀ ਵਿੱਚ ਕੀੜੀਆਂ ਸ਼ਾਮਿਲ ਨਹੀਂ ਹਨ।

ਮਨਜ਼ੂਰਸ਼ੁਦਾ ਸੂਚੀ ਵਿੱਚ ਟਿੱਡੇ, ਲੋਕਸਟ (ਇੱਕ ਕਿਸਮ ਦਾ ਟਿੱਡਾ) ਅਤੇ ਕੁਝ ਰੇਸ਼ਮ ਦੇ ਕੀੜੇ ਸ਼ਾਮਿਲ ਹਨ।

ਮਿਸ਼ਲਿਨ ਗਾਈਡ ਮੁਤਾਬਕ ਦੋ-ਸਟਾਰ ਵਾਲੇ ਰੈਸਟੋਰੈਂਟ ਉਹ ਹੁੰਦੇ ਹਨ, ਜਿਨ੍ਹਾਂ ਵਿੱਚ “ਬੇਹਤਰੀਨ ਖਾਣਾ” ਮਿਲਦਾ ਹੈ ਅਤੇ ਜੇ ਉੱਥੇ ਜਾਣ ਲਈ ਖਾਸ ਤੌਰ ‘ਤੇ ਰਸਤਾ ਬਦਲ ਕੇ ਵੀ ਜਾਣਾ ਪਵੇ ਤਾਂ ਵੀ ”ਇਹ ਸਾਰਥਕ ਹੈ”।

ਮਿਸ਼ਲਿਨ ਗਾਈਡ, ਸਮੱਗਰੀ ਦੀ ਗੁਣਵੱਤਾ, ਸੁਆਦ ਉੱਤੇ ਪਕੜ, ਪਕਾਉਣ ਦੀ ਤਕਨੀਕ, ਸ਼ੈੱਫ ਦੀ ਵਿਲੱਖਣਤਾ ਅਤੇ ਇਕਸਾਰਤਾ ਦੇ ਆਧਾਰ ‘ਤੇ ਰੈਸਟੋਰੈਂਟਾਂ ਨੂੰ ਵੱਧ ਤੋਂ ਵੱਧ ਤਿੰਨ ਸਟਾਰ ਦਿੰਦੀ ਹੈ।

4 ਸਾਲ ਵਿੱਚ ਲਗਭਗ 49,000 ਕੀੜੀਆਂ ਦੀ ਵਰਤੋਂ ਕੀਤੀ ਗਈ

ਮਠਿਆਈ 'ਤੇ ਲੱਗੀਆਂ ਕੀੜੀਆਂ

ਤਸਵੀਰ ਸਰੋਤ, Getty Images

‘ਐਵੇਟ’ ਰੈਸਟੋਰੈਂਟ ਵਿੱਚ ਸੌਰਬੇ (ਇੱਕ ਤਰ੍ਹਾਂ ਦੀ ਆਈਸਕ੍ਰੀਮ) ‘ਤੇ ਟਾਪਿੰਗ ਵਜੋਂ ਇਨ੍ਹਾਂ ਕੀੜੀਆਂ ਦੀ ਵਰਤੋਂ ਦਾ ਪਤਾ ਉਦੋਂ ਲੱਗਾ, ਜਦੋਂ ‘ਮਿਨਿਸਟ੍ਰੀ ਆਫ਼ ਫੂਡ ਐਂਡ ਡਰੱਗ ਸੇਫਟੀ’ ਨੂੰ ਤਸਵੀਰਾਂ ਦੇ ਨਾਲ ਆਨਲਾਈਨ ਰਿਵਿਊ ਮਿਲੇ।

ਕਿਹਾ ਗਿਆ ਹੈ ਕਿ ਮਾਲਕ ਨੇ ਲਗਭਗ ਚਾਰ ਸਾਲ ਦੀ ਮਿਆਦ ਦੌਰਾਨ ਕੁਝ ਖਾਸ ਡਿਸ਼ਾਂ ਨੂੰ “ਖੱਟਾ ਸੁਆਦ” ਦੇਣ ਲਈ ਉਨ੍ਹਾਂ ‘ਤੇ ਤਿੰਨ ਤੋਂ ਪੰਜ ਕੀੜੀਆਂ (ਗਿਣਤੀ ਵਿੱਚ) ਛਿੜਕੀਆਂ ਸਨ – ਇਸ ਤਰ੍ਹਾਂ, ਗਾਰਨਿਸ਼ ਵਜੋਂ ਲਗਭਗ 49,000 ਕੀੜੀਆਂ ਦੀ ਵਰਤੋਂ ਕੀਤੀ ਗਈ ਸੀ।

ਮੰਤਰਾਲੇ ਨੇ ਦੱਸਿਆ ਕਿ ਜ਼ਿਆਦਾਤਰ ਕੀੜੀਆਂ ਅਮਰੀਕਾ ਤੋਂ ਮੰਗਵਾਈਆਂ ਗਈਆਂ ਸਨ, ਜਦਕਿ ਕੁਝ ਥਾਈਲੈਂਡ ਤੋਂ ਆਈਆਂ ਸਨ।

ਰੈਸਟੋਰੈਂਟ ਮਾਲਿਕ ਨੇ ਆਪਣੇ ਬਚਾਅ ‘ਚ ਕੀ ਕਿਹਾ

ਸੋਰਬੇ

ਅਦਾਲਤ ਨੂੰ ਦੱਸਿਆ ਗਿਆ ਕਿ ਮਾਲਕ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਸੀ ਕਿ ਦੱਖਣੀ ਕੋਰੀਆ ਵਿੱਚ ਖਾਣੇ ਵਿੱਚ ਕੀੜੀਆਂ ਪਰੋਸਣਾ ਮਨ੍ਹਾਂ ਹੈ, ਕਿਉਂਕਿ ਹੋਰ ਥਾਵਾਂ ‘ਤੇ ਇਨ੍ਹਾਂ ਦੀ ਵਰਤੋਂ ਖਾਣੇ ਵਜੋਂ ਕੀਤੀ ਜਾਂਦੀ ਹੈ।

ਮਾਲਕ ਨੇ ਆਪਣੇ ਬਚਾਅ ਵਿੱਚ ਤਰਕ ਦਿੱਤਾ ਸੀ ਕਿ ਰੈਸਟੋਰੈਂਟ ਦੇ 15-ਕੋਰਸ ਮੀਨੂ ਦੇ “ਛੋਟੇ ਜਿਹੇ ਹਿੱਸੇ” ਵਿੱਚ ਇਨ੍ਹਾਂ ਦੀ ਵਰਤੋਂ ਕੀਤੀ ਗਈ ਸੀ ਅਤੇ ਖਾਣ ਵਾਲਿਆਂ ਨੂੰ ਦੱਸਿਆ ਗਿਆ ਸੀ ਕਿ ਉਹ ਬਿਨਾਂ ਕੀੜੀਆਂ ਵਾਲੀ ਆਪਸ਼ਨ ਵੀ ਚੁਣ ਸਕਦੇ ਹਨ।

ਉਨ੍ਹਾਂ ਦੀ ਦਲੀਲ ਸੀ ਕਿ ਸਿਰਫ਼ 60 ਫ਼ੀਸਦੀ ਗਾਹਕਾਂ ਨੇ ਹੀ ਕੀੜੀਆਂ ਚੱਖਣ ਦਾ ਆਪਸ਼ਨ ਚੁਣਿਆ ਸੀ, ਜਦਕਿ ਬਾਕੀਆਂ ਨੂੰ ਫਰਮੈਂਟ ਕੀਤਾ ਸਿਰਕਾ ਅਤੇ ਖਾਣਯੋਗ ਫੁੱਲਾਂ ਵਰਗੇ ਆਪਸ਼ਨ ਦਿੱਤੇ ਗਏ ਸਨ।

ਕੀੜੀਆਂ ਨੂੰ ਸੋਰਬੇ ਦੀ ਟਾਪਿੰਗ ਵਜੋਂ ਵਰਤਿਆ ਜਾਂਦਾ ਸੀ ਅਤੇ ਗਾਹਕਾਂ ਨੂੰ ਦੱਸਿਆ ਜਾਂਦਾ ਸੀ ਕਿ ਉਹ ਕੀੜੀਆਂ ਤੋਂ ਬਿਨਾਂ ਹੋਰ ਟਾਪਿੰਗ ਵੀ ਚੁਣ ਸਕਦੇ ਹਨ।

ਸੋਰਬੇ ਇੱਕ ਠੰਢੀ ਮਠਿਆਈ ਹੈ, ਜੋ ਚੀਨੀ ਦੇ ਸ਼ਰਬਤ ਅਤੇ ਫਲਾਂ ਦੇ ਰਸ ਜਾਂ ਪਿਊਰੀ ਨਾਲ ਤਿਆਰ ਕੀਤੀ ਜਾਂਦੀ ਹੈ। ਇਸ ਵਿੱਚ ਆਮ ਤੌਰ ‘ਤੇ ਦੁੱਧ ਜਾਂ ਕ੍ਰੀਮ ਨਹੀਂ ਹੁੰਦੀ। ਪਹਿਲਾਂ ਇਸ ਨੂੰ ਖਾਣੇ ਦੇ ਕੋਰਸਾਂ ਵਿਚਕਾਰ ਮੂੰਹ ਦਾ ਸੁਆਦ ਤਾਜ਼ਾ ਕਰਨ ਲਈ ਪਰੋਸਿਆ ਜਾਂਦਾ ਸੀ, ਪਰ ਹੁਣ ਇਸ ਨੂੰ ਡਿਜ਼ਰਟ ਵਜੋਂ ਖਾਧਾ ਜਾਂਦਾ ਹੈ।

“ਅਪਰਾਧ ਮਾਮੂਲੀ ਨਹੀਂ ਹੈ” – ਅਦਾਲਤ

ਸਰਕਾਰੀ ਵਕੀਲਾਂ ਨੇ ਰੈਸਟੋਰੈਂਟ ਦੇ ਮਾਲਕ ਲਈ ਇੱਕ ਸਾਲ ਦੀ ਜੇਲ੍ਹ ਦੀ ਸਜ਼ਾ ਅਤੇ 20 ਮਿਲੀਅਨ ਵੌਨ ਦੇ ਜੁਰਮਾਨੇ ਦੀ ਮੰਗ ਕੀਤੀ ਸੀ।

ਪਰ ਜੱਜ ਨੇ ਇਸ ਗੱਲ ਨੂੰ ਧਿਆਨ ਵਿੱਚ ਰੱਖਿਆ ਕਿ ਮਾਲਕ ਨੇ ਦੋਸ਼ ਕਬੂਲ ਕਰ ਲਿਆ ਸੀ ਅਤੇ ਉਸ ਦਾ ਕੋਈ ਪਿਛਲਾ ਅਪਰਾਧਿਕ ਰਿਕਾਰਡ ਨਹੀਂ ਸੀ।

ਹਾਲਾਂਕਿ, ਜੱਜ ਨੇ ਕਿਹਾ ਕਿ ਖੁਰਾਕ ਸਬੰਧੀ ਮਿਆਰਾਂ ਦੀ ਉਲੰਘਣਾ ਕਰਨ ਤੋਂ ਇਲਾਵਾ, ਜਦੋਂ ਕੀੜੀਆਂ ਦੀ ਜਾਂਚ ਕੀਤੀ ਗਈ ਤਾਂ ਉਨ੍ਹਾਂ ਵਿੱਚ ਤੈਅ ਹੱਦ ਤੋਂ ਵੱਧ ਭਾਰੀ ਧਾਤਾਂ ਪਾਈਆਂ ਗਈਆਂ, ਜਿਸ ਦਾ ਮਤਲਬ ਹੈ ਕਿ “ਅਪਰਾਧ ਮਾਮੂਲੀ ਨਹੀਂ ਹੈ”।

ਇੱਥੇ ਦੱਸ ਦੇਈਏ ਕਿ ਦੱਖਣੀ ਕੋਰੀਆ ਦੇ ਅਧਿਕਾਰੀ ਇਹ ਫ਼ੈਸਲਾ ਕਰਨ ਲਈ ਕਿ ਕਿਸੇ ਕੀੜੇ ਨੂੰ ਖੁਰਾਕ ਵਜੋਂ ਮਨਜ਼ੂਰੀ ਦਿੱਤੀ ਜਾ ਸਕਦੀ ਹੈ ਜਾਂ ਨਹੀਂ, ਕਈ ਮਾਪਦੰਡਾਂ ਨੂੰ ਧਿਆਨ ਵਿੱਚ ਰੱਖਦੇ ਹਨ।

ਇਨ੍ਹਾਂ ਵਿੱਚ ਭੋਜਨ ਸੁਰੱਖਿਆ ਨਾਲ ਜੁੜੇ ਖ਼ਤਰੇ, ਜ਼ਹਿਰੀਲਾਪਣ, ਪੋਸ਼ਣ ਮੁੱਲ ਅਤੇ ਇਹ ਗੱਲ ਸ਼ਾਮਿਲ ਹੈ ਕਿ ਕੀ ਉਨ੍ਹਾਂ ਨੂੰ ਸਾਫ਼-ਸੁਥਰੇ ਢੰਗ ਨਾਲ ਪਾਲਿਆ ਅਤੇ ਪ੍ਰੋਸੈਸ ਕੀਤਾ ਜਾ ਸਕਦਾ ਹੈ।

ਕਈ ਦੇਸ਼ਾਂ ਵਿੱਚ ਕੀੜੀਆਂ ਖਾਣ ਦਾ ਰਿਵਾਜ਼

ਰਵਾਇਤੀ ਮੈਕਸੀਕਨ ਕੀੜਿਆਂ ਤੋਂ ਬਣੇ ਪਕਵਾਨਾਂ ਦੀ ਇੱਕ ਪਲੇਟ (ਸੰਕੇਤਕ ਤਸਵੀਰ)

ਤਸਵੀਰ ਸਰੋਤ, The Denver Post via Getty Images

ਕਈ ਏਸ਼ੀਆਈ, ਅਫ਼ਰੀਕੀ ਅਤੇ ਲਾਤੀਨੀ ਅਮਰੀਕੀ ਸੱਭਿਆਚਾਰਾਂ ਵਿੱਚ ਕੀੜੀਆਂ ਖਾਧੀਆਂ ਜਾਂਦੀਆਂ ਹਨ ਅਤੇ ਕਈ ਵਾਰ ਉਨ੍ਹਾਂ ਨੂੰ ਖਾਸ ਵਿਅੰਜਨ ਵਜੋਂ ਵੀ ਪਸੰਦ ਕੀਤਾ ਜਾਂਦਾ ਹੈ।

ਥਾਈ ਅਤੇ ਕੰਬੋਡੀਆਈ ਖਾਣਾ ਬਣਾਉਣ ਵਿੱਚ ਵੀਵਰ ਕੀੜੀਆਂ ਅਤੇ ਉਨ੍ਹਾਂ ਦੇ ਅੰਡਿਆਂ ਦੀ ਵਰਤੋਂ ਕੀਤੀ ਜਾਂਦੀ ਹੈ, ਜਦਕਿ ਕੋਲੰਬੀਆ ਵਿੱਚ ਰਾਣੀ ਕੀੜੀਆਂ ਨੂੰ ਕੈਵਿਆਰ (ਮੱਛੀ ਦੇ ਅੰਡੇ) ਜਿੰਨਾ ਹੀ ਕੀਮਤੀ ਮੰਨਿਆ ਜਾਂਦਾ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI