Source :- BBC PUNJABI
conservativebc.ca
ਪੜ੍ਹਨ ਦਾ ਸਮਾਂ: 6 ਮਿੰਟ
ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕੰਜ਼ਰਵੇਟਿਵ ਪਾਰਟੀ ਨੇ ਜਿੱਤ ਹਾਸਿਲ ਕੀਤੀ ਹੈ ਅਤੇ ਜੇਤੂਆਂ ਵਿੱਚ 15 ਪੰਜਾਬੀ ਮੂਲ ਦੇ ਵਿਧਾਇਕ ਦੱਸੇ ਗਏ ਹਨ।
ਖ਼ਬਰ ਏਜੰਸੀ ਰਾਇਟਰਸ ਮੁਤਾਬਕ ਚੋਣ ਨਤੀਜਿਆਂ ਅਨੁਸਾਰ 93 ਮੈਂਬਰੀ ਵਿਧਾਨ ਸਭਾ ਵਿੱਚ ਕੰਜ਼ਰਵੇਟਿਵ ਪਾਰਟੀ ਨੇ 64 ਸੀਟਾਂ ਜਿੱਤੀਆਂ ਹਨ, ਜਦਕਿ ਨਿਊ ਡੈਮੋਕ੍ਰੈਟਿਕ ਪਾਰਟੀ (ਐੱਨਡੀਪੀ) ਨੂੰ 27 ਅਤੇ ਗ੍ਰੀਨ ਪਾਰਟੀ ਨੂੰ ਦੋ ਸੀਟਾਂ ਮਿਲੀਆਂ ਹਨ। ਪਾਰਟੀ ਨੇ 58 ਸਾਲ ਦੇ ਲੋਰਨ ਡੋਰਕਸਨ ਨੂੰ ਆਪਣਾ ਆਗੂ ਚੁਣਿਆ ਹੈ।
ਆਖਰੀ ਵਾਰ ਸਾਲ 2024 ਵਿੱਚ ਬ੍ਰਿਟਿਸ਼ ਕੋਲੰਬੀਆਂ ਵਿੱਚ ਚੋਣਾਂ ਹੋਈਆਂ ਸਨ ਪਰ ਨਿਊ ਡੈਮੋਕ੍ਰੈਟਿਕ ਪਾਰਟੀ (ਐਨਡੀਪੀ) ਦੇ ਆਗੂ ਅਤੇ ਅਹੁਦਾ ਛੱਡ ਰਹੇ ਪ੍ਰੀਮੀਅਰ ਡੇਵਿਡ ਈਬੀ ਨੇ ਪਿਛਲੇ ਮਹੀਨੇ ਨਿਰਧਾਰਤ ਸਮੇਂ ਤੋਂ ਦੋ ਸਾਲ ਪਹਿਲਾਂ ਚੋਣਾਂ ਕਰਵਾਈਆਂ ਸਨ। ਇਸ ਦਾ ਮਕਸਦ ਆਪਣੀ ਪਾਰਟੀ ਦੀ ਸੱਤਾ ਨੂੰ ਹੋਰ ਮਜ਼ਬੂਤ ਕਰਨਾ ਸੀ।
ਪਰ ਉਨ੍ਹਾਂ ਦਾ ਇਹ ਦਾਅ ਉਲਟਾ ਪੈ ਗਿਆ। ਇਸ ਚੋਣ ਨੂੰ ਕਈ ਦਹਾਕਿਆਂ ਵਿੱਚ ਸੂਬੇ ਦੀ ਸਿਆਸਤ ਵਿੱਚ ਆਏ ਸਭ ਤੋਂ ਵੱਡੇ ਬਦਲਾਅ ਵਜੋਂ ਦੇਖਿਆ ਜਾ ਰਿਹਾ ਹੈ।
ਇਸ ਵਾਰ ਬ੍ਰਿਟਿਸ਼ ਕੋਲੰਬੀਆ ਦੀਆਂ ਸੂਬਾਈ ਚੋਣਾਂ ਵਿੱਚ ਇਸ ਵਾਰ ਜਿੱਤ ਕੰਜ਼ਰਵੇਟਿਵ ਪਾਰਟੀ ਦੇ ਹੱਥ ਲੱਗੀ ਹੈ ਅਤੇ ਪੰਜਾਬੀ ਮੂਲ ਦੇ ਕਈ ਉਮੀਦਵਾਰਾਂ ਨੇ ਜਿੱਤ ਦਰਜ ਕਰਕੇ ਵਿਧਾਨ ਸਭਾ ਵਿੱਚ ਆਪਣੀ ਥਾਂ ਬਣਾਈ ਹੈ।
ਆਓ ਉਨ੍ਹਾਂ ਬਾਰੇ ਜਾਣਦੇ ਹਨ…
ਪੰਜਾਬੀ ਮੂਲ ਦੇ ਜੇਤੂ ਉਮੀਦਵਾਰ
conservativebc.ca
ਕੰਜ਼ਰਵੇਟਿਵ ਪਾਰਟੀ ਦੇ ਮਨਦੀਪ ਧਾਲੀਵਾਲ ਦੂਜੀ ਵਾਰ ਸਰੀ ਨੌਰਥ ਤੋਂ ਵਿਧਾਇਕ ਚੁਣੇ ਗਏ ਹਨ।
ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਨਾਲ ਸਬੰਧਿਤ ਧਾਲੀਵਾਲ ਲਗਭਗ ਦੋ ਦਹਾਕੇ ਪਹਿਲਾਂ ਪੰਜਾਬ ਤੋਂ ਕੈਨੇਡਾ ਗਏ ਸਨ, ਜਾਣਕਾਰੀ ਮੁਤਾਬਕ ਪੰਜਾਬ ਵਿੱਚ ਉਹ ਕਬੱਡੀ ਦੇ ਖਿਡਾਰੀ ਰਹੇ ਹਨ। ਇਸੇ ਸਾਲ ਉਹ ਪੰਜਾਬ ਵੀ ਆਏ ਸਨ।
ਉਹ ਕੰਜ਼ਰਵੇਟਿਵ ਪਾਰਟੀ ਤੋਂ ਸ਼ੈਡੋ ਸਪੋਰਟਸ ਮੰਤਰੀ ਵੀ ਰਹੇ ਹਨ।
ਹਰਮਨ ਭੰਗੂ ਲੈਂਗਲੀ-ਐਬਟਸਫੋਰਡ ਤੋਂ ਪਹਿਲਾਂ ਤੋਂ ਹੀ ਵਿਧਾਇਕ ਸਨ। ਉਨ੍ਹਾਂ ਨੇ 2024 ਵਿੱਚ ਵੀ ਇੱਥੋਂ ਚੋਣ ਜਿੱਤੀ ਸੀ ਅਤੇ ਹੁਣ ਮੁੜ ਤੋਂ ਵਿਧਾਇਕ ਚੁਣੇ ਗਏ ਹਨ। ਪੰਜਾਬੀ ਮੂਲ ਦੇ ਪਰਿਵਾਰ ਵਿੱਚ ਜਨਮੇ ਹਰਮਨ ਸਿੰਘ ਭੰਗੂ ਸ਼ੈਡੋ ਟ੍ਰਾਂਸਪੋਰਟ ਮੰਤਰੀ ਵੀ ਰਹਿ ਚੁੱਕੇ ਹਨ।
ਇਸ ਦੇ ਇਲਾਵਾ ਪੰਜਾਬੀ ਮੂਲ ਦੇ ਗੈਰੀ ਥਿੰਦ ਸਰੀ ਗਿਲਡਫੋਰਡ ਤੋਂ ਵਿਧਾਇਕ ਚੁਣੇ ਗਏ ਹਨ, ਉਨ੍ਹਾਂ ਦੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਉਪਲੱਬਧ ਜਾਣਕਾਰੀ ਮੁਤਾਬਕ ਉਹ ਅਬੋਹਰ ਨਾਲ ਸਬੰਧ ਰੱਖਦੇ ਹਨ।
ਜੂਡੀ ਤੂਰ ਵੀ ਇੱਕ ਵਾਰ ਮੁੜ ਤੋਂ ਲੈਂਗਲੀ-ਵਿਲੋਬਰੂਕ ਤੋਂ ਵਿਧਾਇਕ ਚੁਣੇ ਗਏ ਹਨ।
ਬ੍ਰਿਟਿਸ਼ ਕੋਲੰਬੀਆ ਦੀ ਵਿਧਾਨ ਸਭਾ ਦੀ ਵੈੱਬਸਾਈਟ ‘ਤੇ ਉਪਲਬਧ ਜਾਣਕਾਰੀ ਮੁਤਾਬਕ, ਜੋਡੀ ਕੋਲ ਇੰਟੀਗ੍ਰੇਟਿਵ ਮੈਡੀਸਨ ਵਿੱਚ ਡਾਕਟਰ ਆਫ਼ ਇੰਟੀਗ੍ਰੇਟਿਵ ਮੈਡੀਸਨ ਅਤੇ ਮਨੁੱਖਤਾਵਾਦੀ ਸੇਵਾਵਾਂ ਵਿੱਚ ਡਾਕਟਰ ਆਫ਼ ਹਿਊਮੈਨਿਟੇਰੀਅਨ ਸਰਵਿਸਿਜ਼ ਦੀਆਂ ਦੋ ਪੀਐੱਚਡੀ ਡਿਗਰੀਆਂ ਹਨ। ਇਹ ਡਿਗਰੀਆਂ ਬੋਰਡ ਆਫ਼ ਇੰਟੀਗ੍ਰੇਟਿਵ ਮੈਡੀਸਨ ਨਾਲ ਸਬੰਧਤ ਹਨ। ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ ਉਹ ਕਾਰੋਬਾਰੀ ਸੀ ਅਤੇ ਲੈਂਗਲੀ ਵਿੱਚ ਆਪਣਾ ਇੰਟੀਗ੍ਰੇਟਿਵ ਹੋਲਿਸਟਿਕ ਕਲੀਨਿਕ ਚਲਾਉਂਦੀ ਸੀ।
conservativebc.ca
ਕੰਜ਼ਰਵੇਟਿਵ ਪਾਰਟੀ ਦੇ ਹੀ ਜੈਸੀ ਸਹੋਤਾ ਸਰੀ ਸਰਪੈਂਟਾਈਨ ਰਿਵਰ ਤੋਂ ਵਿਧਾਇਕ ਚੁਣੇ ਗਏ ਹਨ।ਸਹੋਤਾ ਪਹਿਲੀ ਵਾਰ ਵਿਧਾਇਕ ਬਣੇ ਹਨ। ਉਨ੍ਹਾਂ ਦੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਉਹ ਖੁਦ ਨੂੰ ਕਬੱਡੀ ਖਿਡਾਰੀ ਦੱਸਦੇ ਹਨ। ਇੱਕ ਇੰਟਰਵਿਊ ਵਿੱਚ ਸਹੋਤਾ ਨੇ ਦੱਸਿਆ ਸੀ ਕਿ ਉਹ ਕੁਝ ਹੀ ਮਹੀਨਿਆਂ ਦੇ ਸਨ ਜਦੋਂ ਪੰਜਾਬ ਤੋਂ ਕੈਨੇਡਾ ਆ ਗਏ ਸਨ ਪਰ ਕਬੱਡੀ ਅਤੇ ਪੰਜਾਬੀ ਸੱਭਿਆਚਾਰ ਨਾਲ ਉਨ੍ਹਾਂ ਦਾ ਪਿਆਰ ਗੂੜਾ ਰਿਹਾ ਹੈ।
ਸਟੀਵ ਕੂਨਰ ਨੇ ਰਿਚਮੰਡ-ਕੁਇਨਜ਼ਬਰੋ ਤੋਂ ਇੱਕ ਵਾਰ ਮੁੜ ਤੋਂ ਜਿੱਤ ਹਾਸਿਲ ਕੀਤੀ ਹੈ। ਪੰਜਾਬੀ ਮਾਪਿਆਂ ਦੇ ਘਰ ਵੈਨਕੁਵਰ ਵਿੱਚ ਜਨਮੇ ਸਟੀਵ ਪੇਸ਼ੇ ਤੋਂ ਵਕੀਲ ਹਨ ਅਤੇ ਸਾਲ 2024 ਵਿੱਚ ਵੀ ਉਹ ਜੇਤੂ ਰਹੇ ਸਨ। ਕੰਜ਼ਰਵੇਟਿਵ ਪਾਰਟੀ ਆਫ ਬ੍ਰਿਟਿਸ਼ ਕੋਲੰਬੀਆ ਦੀ ਵੈਬਸਾਈਟ ਮੁਤਾਬਕ ਸਟੀਵ ਦਾ ਜਨਮ ਸੰਗੀਤ ਨਾਲ ਜੁੜੇ ਇੱਕ ਪਰਿਵਾਰ ਵਿੱਚ ਹੋਇਆ। ਉਨ੍ਹਾਂ ਦੇ ਪਿਤਾ ਕੇ ਐਸ ਕੂਨਰ ਪੰਜਾਬੀ ਗਾਇਕ ਰਹੇ ਹਨ ਅਤੇ 1980ਵਿਆਂ ਵਿੱਚ ਉਨ੍ਹਾਂ ਦੇ ਕਈ ਗੀਤ ਗਾਏ ਸਨ।
conservativebc.ca
ਵੈਨਕੂਵਰ-ਫ੍ਰੇਜ਼ਰਵਿਊ ਹਲਕੇ ਤੋਂ ਜਿੱਤ ਪ੍ਰਾਪਤ ਕਰਨ ਵਾਲੇ ਦੀਪ ਸੰਧੂ ਪੇਸ਼ੇ ਤੋਂ ਕਾਰੋਬਾਰੀ ਹਨ, ਕੰਜ਼ਰਵੇਟਿਵ ਪਾਰਟੀ ਆਫ ਬ੍ਰਿਟਿਸ਼ ਕੋਲੰਬੀਆ ਦੀ ਵੈਬਸਾਈਟ ਮੁਤਾਬਕ ਸੰਧੂ ਗੁਰੂ ਨਾਨਕ ਫ੍ਰੀ ਕਿਚਨ ਵਿੱਚ ਵੀ ਸਮਰਪਿਤ ਵਲੰਟੀਅਰ ਵਜੋਂ ਸੇਵਾ ਨਿਭਾਉਂਦੇ ਹਨ। ਇਸ ਤੋਂ ਇਲਾਵਾ, ਉਹ ਖਾਲਸਾ ਦੀਵਾਨ ਸੁਸਾਇਟੀ ਅਤੇ ਹੋਰ ਸਥਾਨਕ ਭਾਈਚਾਰਕ ਪਹਿਲਕਦਮੀਆਂ ਵਿੱਚ ਵੀ ਯੋਗਦਾਨ ਪਾਉਂਦੇ ਹਨ।
ਇਸ ਦੇ ਇਲਾਵਾ ਮੋਨਿਕਾ ਮੋਹਨ ਨੇ ਡੈਲਟਾ ਨੌਰਥ, ਪਵਨੀਤ ਸਿੰਘ ਨੇ ਕੇਲੋਨਾ-ਲੇਕ ਕੰਟਰੀ-ਕੋਲਡਸਟ੍ਰੀਮ ਤੋਂ ਜਿੱਤ ਪ੍ਰਾਪਤ ਕੀਤੀ।
ਨਾ ਸਿਰਫ ਕੰਜ਼ਰਵੇਟਿਵ ਪਾਰਟੀ ਸਗੋਂ ਭਾਰਤੀ ਮੂਲ ਦੇ ਨਿਊ ਡੈਮੋਕ੍ਰੇਟਿਕ ਪਾਰਟੀ ਦੇ ਰਾਜ ਚੌਹਾਨ, ਨਿੱਕੀ ਸ਼ਰਮਾ ਅਤੇ ਰੋਹਿਨੀ ਅਰੋੜਾ ਨੇ ਵੀ ਜਿੱਤ ਦਰਜ ਕੀਤੀ ਹੈ। ਰਾਜ ਚੌਹਾਨ ਪਹਿਲਾਂ ਵੀ ਛੇ ਵਾਰ ਵਿਧਾਇਕ ਚੁਣੇ ਜਾ ਚੁੱਕੇ ਹਨ। ਨਿੱਕੀ ਸ਼ਰਮਾ ਵੀ ਪਹਿਲਾਂ ਦੋ ਵਾਰ ਵਿਧਾਇਕ ਰਹਿ ਚੁੱਕੇ ਹਨ।
ਜੋ ਦਿੱਗਜ ਪੰਜਾਬੀ ਆਗੂ ਹਾਰ ਗਏ
www.leg.bc.ca
20 ਸਾਲਾਂ ਤੋਂ ਵਿਧਾਇਕ ਰਹੇ ਐੱਨਡੀਪੀ ਦੇ ਦਿੱਗਜ ਆਗੂ ਜਗਰੂਪ ਬਰਾੜ ਇਸ ਵਾਰ ਹਾਰ ਗਏ ਹਨ। ਕੰਜ਼ਰਵੇਟਿਵ ਪਾਰਟੀ ਦੇ ਗੈਰੀ ਪੁਰੇਵਾਲ ਨੇ ਸਰੀ-ਫਲੀਟਵੁੱਡ ਤੋਂ ਬਰਾੜ ਨੂੰ ਹਰਾਇਆ ਹੈ।
ਬਰਾੜ ਸਟੇਟ ਫਾਰ ਟ੍ਰੇਡ ਮੰਤਰੀ ਵੀ ਰਹੇ ਹਨ। ਪੰਜਾਬ ਨਾਲ ਸਬੰਧ ਰੱਖਣ ਵਾਲੇ ਜਗਰੂਪ ਲੰਘੇ ਦੋ ਦਹਾਕਿਆਂ ਦੌਰਾਨ 6 ਵਾਰ ਵਿਧਾਇਕ ਚੁਣੇ ਗਏ ਸਨ।
ਕੰਜ਼ਰਵੇਟਿਵ ਪਾਰਟੀ ਦੇ ਡਾ. ਹਰਜ ਧਾਲੀਵਾਲ ਸਰੀ ਨਿਊਟਨ ਤੋਂ ਵਿਧਾਇਕ ਬਣੇ ਹਨ ਉਨ੍ਹਾਂ ਨੇ ਭਾਰਤੀ ਮੂਲ ਦੇ ਜੈਸੀ ਸਨਰ ਨੂੰ ਹੀ ਹਰਾਇਆ ਹੈ।
ਕਈ ਦਹਾਕਿਆਂ ਬਾਅਦ ਕੰਜ਼ਰਵੇਟਿਵ ਪਾਰਟੀ ਨੂੰ ਮਿਲਿਆ ਬਹੁਮਤ
Reuters
ਰਾਇਟਰਸ ਦੀ ਰਿਪੋਰਟ ਮੁਤਾਬਕ ਕੰਜ਼ਰਵੇਟਿਵ ਪਾਰਟੀ ਨੇ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਵਿੱਚ ਲਗਭਗ 100 ਸਾਲਾਂ ਬਾਅਦ ਪਹਿਲੀ ਵਾਰ ਚੋਣ ਜਿੱਤੀ ਹੈ। ਇਹ 1928 ਤੋਂ ਬਾਅਦ ਕੰਜ਼ਰਵੇਟਿਵਜ਼ ਦੀ ਪਹਿਲੀ ਸੂਬਾਈ ਚੋਣੀ ਜਿੱਤ ਹੈ। ਇਸ ਨਤੀਜੇ ਨਾਲ ਨਿਊ ਡੈਮੋਕ੍ਰੈਟਸ ਦੀ ਨੌਂ ਸਾਲਾਂ ਦੀ ਸੱਤਾ ਦਾ ਅੰਤ ਹੋ ਗਿਆ ਹੈ। ਨਿਊ ਡੈਮੋਕ੍ਰੈਟਸ ਨੇ ਨਵੀਆਂ ਤੇਲ ਪਾਈਪਲਾਈਨਾਂ ਦਾ ਵਿਰੋਧ ਕੀਤਾ ਸੀ ਅਤੇ ਸੂਬੇ ਦੇ ਉੱਤਰੀ ਤੱਟ ਨਾਲ ਟੈਂਕਰਾਂ ‘ਤੇ ਪਾਬੰਦੀ ਦਾ ਸਮਰਥਨ ਕੀਤਾ ਸੀ।
ਕੰਜ਼ਰਵੇਟਿਵਜ਼ ਨੇ 2032 ਤੱਕ ਕੁਦਰਤੀ ਗੈਸ ਦੇ ਉਤਪਾਦਨ ਨੂੰ ਦੋਗੁਣਾ ਅਤੇ 2035 ਤੱਕ ਇਸ ਨੂੰ ਤਿੰਨ ਗੁਣਾ ਤੋਂ ਵੀ ਵੱਧ ਕਰਨ ਦਾ ਵਾਅਦਾ ਕੀਤਾ ਹੈ।
ਡੋਰਕਸਨ, ਜੋ ਸੂਬੇ ਦੇ ਅਗਲੇ ਪ੍ਰੀਮੀਅਰ ਬਣਣਗੇ, ਨੇ ਬ੍ਰਿਟਿਸ਼ ਕੋਲੰਬੀਆ ਨੂੰ “ਸੁਪਰਚਾਰਜ” ਕਰਨ ਦਾ ਵਾਅਦਾ ਕੀਤਾ ਸੀ।
ਬ੍ਰਿਟਿਸ਼ ਕੋਲੰਬੀਆ ਵਿੱਚ ਕਿੰਨੇ ਪਰਵਾਸੀ ਹਨ
Getty Images
ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਸਰਕਾਰ ਦੀ ਅਧਿਕਾਰਤ ਵੈੱਬਸਾਈਟ ਮੁਤਾਬਕ ਬ੍ਰਿਟਿਸ਼ ਕੋਲੰਬੀਆ ਕੈਨੇਡਾ ਦਾ ਪੱਛਮੀ ਸੂਬਾ ਹੈ। ਇਹ ਪ੍ਰਸ਼ਾਂਤ ਮਹਾਸਾਗਰ ਅਤੇ ਪਹਾੜਾਂ ਦੇ ਵਿਚਕਾਰ ਸਥਿਤ ਹੈ। ਇਹ ਸੂਬਾ ਆਪਣੇ ਵੱਖ-ਵੱਖ ਕੁਦਰਤੀ ਨਜ਼ਾਰਿਆਂ ਲਈ ਜਾਣਿਆ ਜਾਂਦਾ ਹੈ, ਜਿਨ੍ਹਾਂ ਵਿੱਚ ਉੱਚੀਆਂ-ਨੀਵੀਆਂ ਚੱਟਾਨਾਂ ਵਾਲੇ ਸਮੁੰਦਰੀ ਕੰਢੇ, ਸੰਘਣੇ ਮੀਂਹ ਵਾਲੇ ਜੰਗਲ, ਸ਼ਾਨਦਾਰ ਪਹਾੜ ਅਤੇ ਗਲੇਸ਼ੀਅਰਾਂ ਨਾਲ ਬਣੀਆਂ ਝੀਲਾਂ ਸ਼ਾਮਲ ਹਨ।
ਇਸ ਦੀ ਰਾਜਧਾਨੀ ਵਿਕਟੋਰੀਆ ਹੈ ਅਤੇ ਸਭ ਤੋਂ ਵੱਡਾ ਸ਼ਹਿਰ ਵੈਨਕੂਵਰ ਹੈ। ਇਸ ਸੂਬੇ ਦੀ ਆਬਾਦੀ 50 ਲੱਖ ਤੋਂ ਵੱਧ ਹੈ। ਸਾਲ 2021 ਦੀ ਮਰਦਮ ਸ਼ੁਮਾਰੀ ਮੁਤਾਬਕ ਇੱਥੋਂ ਦੀ ਅਬਾਦੀ ਦਾ ਕੁੱਲ 29% ਪਰਵਾਸੀ ਹਨ।
ਸਟੈਟਿਕਸ ਕੈਨੇਡਾ ਦੇ ਅੰਕੜਿਆਂ ਮੁਤਾਬਕ, 2021 ਵਿੱਚ ਬ੍ਰਿਟਿਸ਼ ਕੋਲੰਬੀਆ ਵਿੱਚ 1,84,065 ਲੋਕਾਂ ਨੇ ਪੰਜਾਬੀ ਨੂੰ ਉਹ ਭਾਸ਼ਾ ਦੱਸਿਆ ਜੋ ਉਹ ਘਰ ਵਿੱਚ ਸਭ ਤੋਂ ਵੱਧ ਬੋਲਦੇ ਸਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube ‘ਤੇ ਜੁੜੋ।)
source : BBC PUNJABI




