Home rss national punjabi2ਰਾਸ਼ਟਰੀ ਖ਼ਬਰਾਂ ਕ੍ਰੈਟਮ ਕੀ ਹੈ, ‘ਗੈਸ ਸਟੇਸ਼ਨ ਹੈਰੋਇਨ’ ਵਜੋਂ ਜਾਣੀ ਜਾਂਦੀ ਇਸ ਨਸ਼ੀਲੀ ਚੀਜ਼...

ਕ੍ਰੈਟਮ ਕੀ ਹੈ, ‘ਗੈਸ ਸਟੇਸ਼ਨ ਹੈਰੋਇਨ’ ਵਜੋਂ ਜਾਣੀ ਜਾਂਦੀ ਇਸ ਨਸ਼ੀਲੀ ਚੀਜ਼ ਨੇ ਕਿਵੇਂ ਵਧਾਈ ਅਮਰੀਕੀ ਅਧਿਕਾਰੀਆਂ ਦੀ ਚਿੰਤਾ

5
0

Source :- BBC PUNJABI

ਮਿਆਮੀ, ਫਲੋਰੀਡਾ ਦੀ ਇੱਕ ਦੁਕਾਨ ਦੇ ਅੰਦਰ ਖਿੱਚੀ ਗਈ ਹਰਬਲ ਸਪਲੀਮੈਂਟ ਕ੍ਰੈਟਮ ਦੀ ਤਸਵੀਰ

ਵਾਸ਼ਿੰਗਟਨ ਸੂਬੇ ਵਿੱਚ ਰਹਿਣ ਵਾਲੇ 58 ਸਾਲਾ ਸੇਵਾਮੁਕਤ ਲੱਕੜਹਾਰੇ ਜੈਫਰੀ ਡੀਵਰ, ਕੂਲ੍ਹੇ ਅਤੇ ਗੋਡਿਆਂ ਦੇ ਪੁਰਾਣੇ ਅਤੇ ਗੰਭੀਰ ਦਰਦ ਨਾਲ ਪਰੇਸ਼ਾਨ ਸਨ ਅਤੇ ਉਸ ਤੋਂ ਰਾਹਤ ਪਾਉਣ ਲਈ ਚਾਰ ਸਾਲਾਂ ਤੋਂ ਕ੍ਰੈਟਮ ਲੈ ਰਹੇ ਹਨ।

ਉਨ੍ਹਾਂ ਨੂੰ ਇਸ ਹਰਬਲ ਉਤਪਾਦ ਬਾਰੇ ਉਸ ਵੇਲੇ ਪਤਾ ਲੱਗਾ, ਜਦੋਂ ਉਨ੍ਹਾਂ ਨੂੰ ਡਾਕਟਰਾਂ ਤੋਂ ਕੋਈ ਰਾਹਤ ਨਹੀਂ ਮਿਲ ਰਹੀ ਸੀ ਅਤੇ ਉਹ ਸਰਜਰੀ ਦੀ ਉਡੀਕ ਕਰ ਰਹੇ ਸਨ।

ਸ਼ੁਰੂ ਵਿੱਚ ਉਹ ਇਸਨੂੰ ਲੈਕੇ ਥੋੜ੍ਹੇ ਡਰੇ ਹੋਏ ਸਨ ਅਤੇ ਉਨ੍ਹਾਂ ਨੇ ਇਸ ਦੀ “ਥੋੜ੍ਹੀ ਮਾਤਰਾ ਤੋਂ ਸ਼ੁਰੂਆਤ ਕੀਤੀ”, ਪਰ ਬਾਅਦ ਵਿੱਚ ਇਸ ਦੀ ਜ਼ਿਆਦਾ ਮਾਤਰਾ ਲੈਣ ਲੱਗ ਪਏ ਤਾਂ ਜੋ ਦਰਦ ਖ਼ਤਮ ਹੋ ਜਾਵੇ।

ਡੀਵਰ ਨੇ ਕਿਹਾ, “ਇਹ ਕਿਸੇ ਚਮਤਕਾਰ ਵਰਗਾ ਸੀ। ਮੈਂ ਸੌ ਸਕਦਾ ਸੀ। ਮੈਂ ਆਪਣੇ ਰੋਜ਼ਾਨਾ ਦੇ ਕੰਮ ਕਰ ਸਕਦਾ ਸੀ।”

“ਮੈਨੂੰ ਨਹੀਂ ਪਤਾ ਕਿ ਇਸ ਤੋਂ ਬਿਨਾਂ ਮੈਂ ਕੀ ਕਰਦਾ।”

ਕ੍ਰੈਟਮ – ਇੱਕ ਅਜਿਹੀ ਜੜੀ-ਬੂਟੀ ਜਿਸ ਦੇ ਅਸਰ ਅਫੀਮ ਵਰਗੇ ਨਸ਼ੀਲੇ ਪਦਾਰਥਾਂ (ਓਪਿਓਇਡ) ਵਰਗੇ ਹੁੰਦੇ ਹਨ – ਪਿਛਲੇ ਦਹਾਕੇ ਦੌਰਾਨ ਅਮਰੀਕਾ ਵਿੱਚ ਕਾਫ਼ੀ ਲੋਕਪ੍ਰਿਯ ਹੋ ਗਈ ਹੈ। ਇਸ ਨੂੰ ਆਮ ਤੌਰ ‘ਤੇ ਡਾਕਟਰ ਦੀ ਪਰਚੀ ਤੋਂ ਬਿਨਾਂ ਖਰੀਦਿਆ ਜਾ ਸਕਦਾ ਹੈ ਅਤੇ ਗੋਲੀ ਜਾਂ ਤਰਲ ਦੇ ਰੂਪ ਵਿੱਚ ਲਿਆ ਜਾਂਦਾ ਹੈ।

ਇਸ ਹਫ਼ਤੇ, ਜਾਂਚਕਰਤਾਵਾਂ ਨੂੰ ਯੂਨੀਵਰਸਿਟੀ ਆਫ਼ ਮਿਸਿਸਿਪੀ ਦੇ ਦੋ ਮ੍ਰਿਤਕ ਵਿਦਿਆਰਥੀਆਂ ਕੋਲ ਪੈਕੇਟ ਵਿੱਚ ਬੰਦ ਕ੍ਰੈਟਮ ਮਿਲਿਆ। ਹਾਲਾਂਕਿ ਉਨ੍ਹਾਂ ਦੀ ਮੌਤ ਦਾ ਕਾਰਨ ਕ੍ਰੈਟਮ ਨਹੀਂ ਸੀ, ਫਿਰ ਵੀ ਅਧਿਕਾਰੀ ਹੁਣ ਇਸ ਦੇ ਸੇਵਨ ਨੂੰ ਲੈਕੇ ਚੇਤਾਵਨੀ ਜਾਰੀ ਕਰ ਰਹੇ ਹਨ।

ਸਾਲਾਂ ਤੋਂ, ਕ੍ਰੈਟਮ ਦਾ ਵਿਰੋਧ ਕਰਨ ਵਾਲੇ ਲੋਕ ਇਸ ‘ਤੇ ਪਾਬੰਦੀ ਲਗਾਉਣ ਦੀ ਮੰਗ ਕਰਦੇ ਰਹੇ ਹਨ। ਯੂਕੇ ਵਰਗੇ ਕੁਝ ਦੇਸ਼ਾਂ ਵਿੱਚ ਇਹ ਗੈਰ-ਕਾਨੂੰਨੀ ਹੈ। ਪਰ ਅਮਰੀਕਾ ਵਿੱਚ ਕ੍ਰੈਟਮ ਨੂੰ ‘ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ’ (ਐੱਫਡੀਏ) ਨਿਯਮਿਤ ਨਹੀਂ ਕਰਦਾ ਅਤੇ ਮਿਸਿਸਿਪੀ ਸਮੇਤ ਕੁਝ ਸੂਬਿਆਂ ਵਿੱਚ ਇਹ ਕਾਨੂੰਨੀ ਹੈ।

ਕ੍ਰੈਟਮ ਕੀ ਹੈ?

ਕ੍ਰੈਟਮ

ਕ੍ਰੈਟਮ ਇੱਕ ਦਰੱਖਤ ਹੈ ਜੋ ਮੂਲ ਰੂਪ ਵਿੱਚ ਦੱਖਣ-ਪੂਰਬੀ ਏਸ਼ੀਆ ਦੇ ਦੇਸ਼ਾਂ ਜਿਵੇਂ ਥਾਈਲੈਂਡ, ਮਲੇਸ਼ੀਆ ਅਤੇ ਇੰਡੋਨੇਸ਼ੀਆ ਵਿੱਚ ਪਾਇਆ ਜਾਂਦਾ ਹੈ।

ਸਦੀਆਂ ਤੋਂ ਇਸ ਦੇ ਉਤੇਜਕ ਗੁਣਾਂ ਕਾਰਨ ਇਸ ਦੀ ਵਰਤੋਂ ਹੁੰਦੀ ਰਹੀ ਹੈ। ਇਸ ਨੂੰ ਪੀਸ ਕੇ ਚਾਹ ਵਾਂਗ ਪੀਤਾ ਜਾਂਦਾ ਰਿਹਾ ਹੈ।

ਦੁਨੀਆ ਭਰ ਵਿੱਚ ਲੋਕਪ੍ਰਿਯਤਾ ਵਧਣ ਦੇ ਨਾਲ, ਸਾਲ 2016 ਦੇ ਆਸ-ਪਾਸ ਇਹ ਇੱਕ ਸਪਲੀਮੈਂਟ ਦੇ ਤੌਰ ‘ਤੇ ਅਮਰੀਕੀ ਬਾਜ਼ਾਰ ਵਿੱਚ ਆਇਆ।

ਅਰਕਾਨਸਸ ਸਟੇਟ ਯੂਨੀਵਰਸਿਟੀ ਵਿੱਚ ‘ਨਿਊਯਾਰਕ ਇੰਸਟੀਚਿਊਟ ਆਫ਼ ਟੈਕਨਾਲੋਜੀ ਕਾਲਜ ਆਫ਼ ਓਸਟੀਓਪੈਥਿਕ ਮੈਡੀਸਨ’ ਦੇ ਡੀਨ, ਡਾਕਟਰ ਸ਼ੇਨ ਸਪੇਟਸ ਨੇ ਕਿਹਾ, “ਸਮੱਸਿਆਵਾਂ ਅਸਲ ਵਿੱਚ ਇੱਥੋਂ ਹੀ ਸ਼ੁਰੂ ਹੋਈਆਂ।”

ਸਪੇਟਸ ਨੇ ਦੱਸਿਆ ਕਿ ਅਮਰੀਕਾ ਵਿੱਚ ਕ੍ਰੈਟਮ ਜ਼ਿਆਦਾਤਰ ਬਹੁਤ ਜ਼ਿਆਦਾ ਕਨਸੈਂਟ੍ਰੇਟਿਡ (ਗਾੜ੍ਹੇ) ਰੂਪ ਵਿੱਚ ਵੇਚਿਆ ਜਾਂਦਾ ਹੈ – ਜਿਵੇਂ ਗੋਲ਼ੀ, ਪਾਊਡਰ ਜਾਂ ਤਰਲ ਦੇ ਰੂਪ ਵਿੱਚ।

ਇਹ ਆਸਾਨੀ ਨਾਲ ਉਪਲੱਬਧ ਵੀ ਹੈ, ਸੁਵਿਧਾ ਸਟੋਰ (ਜਿੱਥੇ ਆਮ ਵਰਤੋਂ ਦਾ ਸਾਰਾ ਸਮਾਨ ਮਿਲਦਾ ਹੈ) ਅਤੇ ਪੈਟਰੋਲ ਸਟੇਸ਼ਨ ਤੋਂ ਲੈਕੇ ਵੇਪ ਸ਼ਾਪ ਤੱਕ, ਇਹ ਹਰ ਥਾਂ ਮਿਲ ਜਾਂਦਾ ਹੈ।

ਇਸ ਦੇ ਨਾਲ ਹੀ, ਸਪਲੀਮੈਂਟ ਦੀ ਸ਼੍ਰੇਣੀ ਵਿੱਚ ਹੋਣ ਕਾਰਨ, ਕ੍ਰੈਟਮ ਉਤਪਾਦਾਂ ‘ਤੇ ਕੋਈ ਫੈਡਰਲ ਰੈਗੂਲੇਸ਼ਨ (ਕੇਂਦਰੀ ਨਿਯਮ) ਲਾਗੂ ਨਹੀਂ ਹੁੰਦਾ।

ਸਪੇਟਸ ਨੇ ਕਿਹਾ, “ਇਹ ਜਾਣਨ ਦਾ ਕੋਈ ਤਰੀਕਾ ਨਹੀਂ ਹੈ ਕਿ ਤੁਹਾਨੂੰ ਅਸਲ ਵਿੱਚ ਕੀ ਮਿਲ ਰਿਹਾ ਹੈ। ਤੁਸੀਂ ਆਪਣੇ ਬੇਸਮੈਂਟ ਵਿੱਚ ਕੁਝ ਵੀ ਬਣਾ ਸਕਦੇ ਹੋ, ਉਸ ਨੂੰ ਸਪਲੀਮੈਂਟ ਦੇ ਤੌਰ ‘ਤੇ ਵੇਚ ਸਕਦੇ ਹੋ ਅਤੇ ਕੋਈ ਵੀ ਇਹ ਦੇਖਣ ਵਾਲਾ ਨਹੀਂ ਹੈ ਕਿ ਉਸ ਵਿੱਚ ਕੀ ਹੈ।”

ਕ੍ਰੈਟਮ ਦਾ ਇਸਤੇਮਾਲ ਕਿਸ ਲਈ ਕੀਤਾ ਜਾਂਦਾ ਹੈ?

ਕ੍ਰੈਟਮ ਨੂੰ ਅਕਸਰ ਇੱਕ ਸੁਰੱਖਿਅਤ, ਕੁਦਰਤੀ ਹਰਬਲ ਸਪਲੀਮੈਂਟ ਦੇ ਤੌਰ ‘ਤੇ ਵੇਚਿਆ ਜਾਂਦਾ ਹੈ, ਜੋ ਦਰਦ ਘਟਾਉਣ, ਐਂਗਜ਼ਾਇਟੀ (ਬੇਚੈਨੀ) ਅਤੇ ਡਿਪ੍ਰੈਸ਼ਨ (ਤਣਾਅ) ਵਿੱਚ ਮਦਦ ਕਰਦਾ ਹੈ।

ਘੱਟ ਡੋਜ਼ ਵਿੱਚ, ਇਸ ਦੇ ਉਤੇਜਕ ਗੁਣ “ਕੈਫੀਨ ਵਰਗੇ” ਅਸਰ ਪੈਦਾ ਕਰਦੇ ਹਨ। ਪੇਟਸ ਨੇ ਸਮਝਾਇਆ, “…ਇੱਕ ਤਰ੍ਹਾਂ ਦਾ ਨਸ਼ਾ ਜਾਂ ‘ਬਜ਼’ ਦਿੰਦਾ ਹੈ।”

ਓਪਿਓਇਡ ਵਰਗੇ ਅਸਰ ਕਾਰਨ, ਇਸ ਦਾ ਇਸਤੇਮਾਲ ਫੈਂਟਾਨਿਲ ਵਰਗੇ ਅਸਲ ਓਪਿਓਇਡ ਦੀ ਲਤ ਨੂੰ ਘਟਾਉਣ ਦੇ ਮਕਸਦ ਨਾਲ ਵੀ ਕੀਤਾ ਗਿਆ ਹੈ।

ਇਸ ਪੌਦੇ ਦੇ ਕੰਪਾਊਂਡ – ਜਿਵੇਂ 7-ਹਾਈਡ੍ਰੋਕਸੀਮਿਟ੍ਰਾਗਾਈਨਿਨ – ਡੋਪਾਮਾਈਨ ਸਮੇਤ ਕਈ ਹਾਰਮੋਨਾਂ ਨੂੰ ਐਕਟੀਵੇਟ ਕਰਦੇ ਹਨ।

ਇਸ ਦੇ ਕੀ ਅਸਰ ਹੁੰਦੇ ਹਨ ਅਤੇ ਇਹ ਕਿੰਨਾ ਖ਼ਤਰਨਾਕ ਹੈ?

ਸਪੇਟਸ ਨੇ ਕਿਹਾ, “ਇਹ ਲਗਭਗ ਕੋਈ ਨਸ਼ੀਲੀ ਦਵਾਈ ਲੈਣ ਵਰਗਾ ਹੈ। ਜ਼ਿਆਦਾ ਡੋਜ਼ ਲੈਣ ‘ਤੇ, ਇਹ ਜ਼ਿਆਦਾ ਉਤਸ਼ਾਹ (ਯੂਫ਼ੋਰੀਆ) ਪੈਦਾ ਕਰ ਸਕਦਾ ਹੈ ਅਤੇ ਤੁਹਾਨੂੰ ਇੱਕ ਤਰ੍ਹਾਂ ਦਾ ਤੇਜ਼ ਨਸ਼ਾ ਦੇ ਸਕਦਾ ਹੈ।”

ਭਰਮ ਦੀ ਸਥਿਤੀ (ਹੈਲੂਸੀਨੇਸ਼ਨ) ਵੀ ਹੋ ਸਕਦੀ ਹੈ।

ਜ਼ਿਆਦਾ ਡੋਜ਼ ਲੈਣ ਨਾਲ ਮਾੜੇ ਸਾਈਡ ਇਫੈਕਟ ਦਾ ਖ਼ਤਰਾ ਵੀ ਵਧ ਜਾਂਦਾ ਹੈ।

ਇਸ ਵਿੱਚ ਸੈਂਟਰਲ ਨਰਵਸ ਸਿਸਟਮ (ਸੀਐੱਨਐੱਸ) ਦਾ ਹੌਲੀ ਪੈ ਜਾਣਾ ਜਾਂ ਕੰਮ ਕਰਨਾ ਬੰਦ ਕਰਨਾ ਸ਼ਾਮਿਲ ਹੈ। ਸਪੇਟਸ ਨੇ ਕਿਹਾ, “ਇੱਥੋਂ ਹੀ ਮੌਤ ਦਾ ਖ਼ਤਰਾ ਪੈਦਾ ਹੁੰਦਾ ਹੈ।”

ਸੀਐੱਨਐੱਸ ‘ਤੇ ਅਸਰ ਪੈਣ ਨਾਲ ਦਿਲ ਅਤੇ ਬਲੱਡ ਸਰਕੁਲੇਸ਼ਨ ਸਿਸਟਮ ਫੇਲ੍ਹ ਹੋ ਸਕਦਾ ਹੈ ਅਤੇ ਸਾਹ ਰੁਕ ਸਕਦਾ ਹੈ।

ਭਰਮ ਦੀ ਸਥਿਤੀ (ਹੈਲੂਸੀਨੇਸ਼ਨ)

ਮਾਊਂਟੇਨਸਾਈਡ ਐਡਿਕਸ਼ਨ ਟ੍ਰੀਟਮੈਂਟ ਸੈਂਟਰ ਵਿੱਚ ਕਲੀਨਿਕਲ ਇੰਟੀਗ੍ਰੇਸ਼ਨ ਦੇ ਡਾਇਰੈਕਟਰ ਜਾਨਾ ਵੂ ਨੇ ਕਿਹਾ, ਇਸਦੀ ਆਦਤ ਪੈਣ ਵੀ ਖ਼ਤਰਾ ਰਹਿੰਦਾ ਹੈ ਅਤੇ ਫਿਰ ਆਦਤ ਛੁਡਾਉਣ ‘ਤੇ ਹੋਣ ਵਾਲੇ ਲੱਛਣ (ਵਿਡਰਾਅਲ ਸਿੰਪਟਮਜ਼) ਦਾ ਵੀ ਖ਼ਤਰਾ ਹੁੰਦਾ ਹੈ।

ਉਨ੍ਹਾਂ ਕਿਹਾ, “ਇਹ ਵਿਆਹ ਅਤੇ ਰਿਸ਼ਤਿਆਂ ‘ਤੇ ਅਸਰ ਪਾਉਂਦਾ ਹੈ। ਮੈਂ ਲੋਕਾਂ ਨੂੰ ਨੌਕਰੀ ਗੁਆਉਂਦੇ ਅਤੇ ਇਸ ‘ਤੇ ਹਰ ਮਹੀਨੇ ਹਜ਼ਾਰਾਂ ਡਾਲਰ ਖ਼ਰਚ ਕਰਦੇ ਦੇਖਿਆ ਹੈ।”

ਕਿਉਂਕਿ ਇਸ ਜੜੀ-ਬੂਟੀ ਪ੍ਰਤੀ ਸਰੀਰ ਵਿੱਚ ਸਹਿਣਸ਼ੀਲਤਾ ਆਸਾਨੀ ਨਾਲ ਵਧ ਜਾਂਦੀ ਹੈ, ਇਸ ਲਈ ਜਿਸ ਨੂੰ ਇਸਦੀ ਆਦਤ ਪੈ ਜਾਵੇ, ਉਸ ਵਿਅਕਤੀ ਨੂੰ ਸਮੇਂ ਦੇ ਨਾਲ ਇਸ ਦੀ ਵੱਧ ਮਾਤਰਾ ਲੈਣੀ ਪੈ ਸਕਦੀ ਹੈ ਤਾਂ ਜੋ ਸ਼ੁਰੂਆਤੀ ਦੌਰ ਵਰਗਾ ਅਸਰ ਮਹਿਸੂਸ ਹੋ ਸਕੇ।

ਜਾਨਾ ਵੂ ਨੇ ਕਿਹਾ, “ਮੈਂ ਅਜਿਹੇ ਲੋਕਾਂ ਨਾਲ ਕੰਮ ਕੀਤਾ ਹੈ, ਜੋ ਦਿਨ ਵਿੱਚ 20 ਗੋਲੀਆਂ ਤੱਕ ਲੈ ਰਹੇ ਸਨ।”

ਮਾਹਿਰਾਂ ਨੇ ਬੀਬੀਸੀ ਨੂੰ ਦੱਸਿਆ ਕਿ ਸਭ ਤੋਂ ਵੱਡਾ ਖ਼ਤਰਾ ਇਸ ਗੱਲ ਤੋਂ ਹੈ ਕਿ ਕ੍ਰੈਟਮ ‘ਤੇ ਕੋਈ ਫੈਡਰਲ ਰੈਗੂਲੇਸ਼ਨ (ਕੇਂਦਰੀ ਨਿਯਮ) ਨਹੀਂ ਹੈ।

ਸਪੇਟਸ ਨੇ ਕਿਹਾ, “ਕੀ ਇਸ ਦੀ ਕੋਈ ਸੁਰੱਖਿਅਤ ਡੋਜ਼ ਹੈ? ਮੇਰਾ ਜਵਾਬ ‘ਨਹੀਂ’ ਹੋਵੇਗਾ ਕਿਉਂਕਿ ਮੈਂ ਦੁਬਾਰਾ ਉਹੀ ਗੱਲ ਕਹਾਂਗਾ – ਸਾਨੂੰ ਨਹੀਂ ਪਤਾ ਕਿ ਇਸ ਵਿੱਚ ਕੀ ਹੈ।”

ਕੀ ਅਮਰੀਕਾ ਵਿੱਚ ਕ੍ਰੈਟਮ ਕਾਨੂੰਨੀ ਹੈ?

ਡਾਕਟਰ ਸ਼ੇਨ ਸਪੇਟਸ
ਡੀਨ, ਨਿਊਯਾਰਕ ਇੰਸਟੀਚਿਊਟ ਆਫ਼ ਟੈਕਨਾਲੋਜੀ ਕਾਲਜ ਆਫ਼ ਓਸਟੀਓਪੈਥਿਕ ਮੈਡੀਸਨ
ਅਰਕਾਨਸਸ ਸਟੇਟ ਯੂਨੀਵਰਸਿਟੀ

ਕ੍ਰੈਟਮ ਅਮਰੀਕਾ ਦੇ 11 ਸੂਬਿਆਂ ਵਿੱਚ ਬੈਨ ਹੈ: ਅਲਬਾਮਾ, ਅਰਕਾਨਸਸ, ਕਨੈਕਟੀਕਟ, ਇੰਡੀਆਨਾ, ਕੈਨਸਸ, ਲੁਈਜ਼ਿਆਨਾ, ਮੈਸਾਚੂਸੇਟਸ, ਨੌਰਥ ਡਕੋਟਾ, ਟੈਨੇਸੀ, ਵਰਮੌਂਟ ਅਤੇ ਵਿਸਕੌਨਸਿਨ।

ਮੈਸਾਚੂਸੇਟਸ ਆਖਰੀ ਸੂਬਾ ਸੀ, ਜਿਸ ਨੇ ਇਸ ਨੂੰ ਗੈਰ-ਕਾਨੂੰਨੀ ਐਲਾਨਿਆ । ਇਸ ਬਾਰੇ ਸੂਬੇ ਵੱਲੋਂ ਅਗਸਤ ਵਿੱਚ ਇੱਕ ਅਸਥਾਈ ਐਮਰਜੈਂਸੀ ਆਦੇਸ਼ ਜਾਰੀ ਕੀਤਾ ਗਿਆ ਸੀ।

ਦਸ ਸਾਲ ਪਹਿਲਾਂ, ਯੂਐਸ ਡਰੱਗ ਐਨਫੋਰਸਮੈਂਟ ਏਜੰਸੀ (ਡੀਈਏ) ਨੇ ਕ੍ਰੈਟਮ ਨੂੰ ‘ਸ਼ੈਡਿਊਲ 1’ (ਡਰੱਗਜ਼ ਲਈ ਸਭ ਤੋਂ ਖ਼ਤਰਨਾਕ ਪੱਧਰ) ਵਿੱਚ ਰੱਖਣ ਦੀ ਕੋਸ਼ਿਸ਼ ਕੀਤੀ ਸੀ ਅਤੇ ਇਸ ਨੂੰ “ਜਨਤਾ ਦੀ ਸੁਰੱਖਿਆ ਲਈ ਤੁਰੰਤ ਖ਼ਤਰਾ” ਦੱਸਿਆ ਸੀ।

ਪਰ ਕੁਝ ਮਹੀਨਿਆਂ ਬਾਅਦ ਇਹ ਕੋਸ਼ਿਸ਼ ਨਾਕਾਮ ਹੋ ਗਈ, ਕਿਉਂਕਿ ਨਿਆਂ ਵਿਭਾਗ ਨੇ ਕਿਹਾ ਕਿ ਉਸ ਨੂੰ ਇਸ ਕੋਸ਼ਿਸ਼ ਦਾ ਵਿਰੋਧ ਕਰਨ ਵਾਲੇ “ਆਮ ਲੋਕਾਂ ਤੋਂ ਕਈ ਕਮੈਂਟਸ” ਮਿਲੇ ਸਨ।

ਅਜਿਹੇ ਵਿੱਚ ਹੁਣ ਅਮਰੀਕੀ ਸੂਬਿਆਂ ਨੂੰ ਹੀ ਕਦਮ ਚੁੱਕਣੇ ਪੈਣਗੇ, ਜਿਵੇਂ ਐਰਿਜ਼ੋਨਾ ਨੇ ਕੀਤਾ, ਜਿਸ ਨੇ ਹਾਲ ਹੀ ਵਿੱਚ ਕ੍ਰੈਟਮ ਡ੍ਰਿੰਕ ਵੇਚਣ ਵਾਲੀ ਇੱਕ ਕੰਪਨੀ ‘ਤੇ ਕੇਸ ਕੀਤਾ।

ਕ੍ਰੈਟਮ ਦਾ ਵਿਰੋਧ ਕਰਨ ਵਾਲੇ ਸਮੂਹ ਚਾਹੁੰਦੇ ਹਨ ਕਿ ਸੂਬੇ ਹੋਰ ਕਦਮ ਚੁੱਕਣ। ਉਨ੍ਹਾਂ ਦਾ ਕਹਿਣਾ ਹੈ ਕਿ “ਗੈਸ-ਸਟੇਸ਼ਨ ‘ਤੇ ਮਿਲਣ ਵਾਲੇ ਡਰੱਗਜ਼ ਸਾਡੇ ਭਾਈਚਾਰਿਆਂ ਨੂੰ ਜ਼ਹਿਰ ਦੇ ਰਹੇ ਹਨ।”

ਅਮਰੀਕਨ ਕ੍ਰੈਟਮ ਐਸੋਸੀਏਸ਼ਨ ਵਰਗੇ ਕ੍ਰੈਟਮ ਦੇ ਸਮਰਥਕ ਸਮੂਹ, ਉਨ੍ਹਾਂ ਸਿੰਥੈਟਿਕ ਚੀਜ਼ਾਂ ‘ਤੇ ਰੋਕ ਲਗਾਉਣ ਦੀ ਮੰਗ ਕਰ ਰਹੇ ਹਨ ਜੋ “ਅਸਲ ਕ੍ਰੈਟਮ ਹੋਣ ਦਾ ਦਿਖਾਵਾ ਕਰਦੀਆਂ ਹਨ।”

ਅੰਤਰਰਾਸ਼ਟਰੀ ਪੱਧਰ ‘ਤੇ, ਯੂਕੇ ਵਿੱਚ ਕ੍ਰੈਟਮ ‘ਤੇ ਪਾਬੰਦੀ ਹੈ। ਯੂਰਪ ਵਿੱਚ, ਇਸ ਸਬੰਧੀ ਕਾਨੂੰਨ ਵੱਖ-ਵੱਖ ਦੇਸ਼ਾਂ ਵਿੱਚ ਵੱਖੋ-ਵੱਖਰੇ ਹਨ।

ਮਲੇਸ਼ੀਆ ਵਿੱਚ, ਜਿੱਥੇ ਕ੍ਰੈਟਮ ਦਾ ਰੁੱਖ਼ ਮੂਲ ਰੂਪ ਵਿੱਚ ਪਾਇਆ ਜਾਂਦਾ ਹੈ, ਉੱਥੇ ‘ਪੁਆਇਜ਼ਨਜ਼ ਐਕਟ 1952’ (Poisons Act of 1952) ਦੇ ਤਹਿਤ ਇਸ ਦੀ ਵਰਤੋਂ ਅਤੇ ਵਿਕਰੀ ‘ਤੇ ਪਾਬੰਦੀ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI