Source :- BBC PUNJABI

ਜਦੋਂ ਵੀ ਮੌਸਮ ਬਦਲਦਾ ਹੈ ਤਾਂ ਬਹੁਤ ਸਾਰੇ ਲੋਕ ਖੰਘ, ਜ਼ੁਕਾਮ, ਬੁਖ਼ਾਰ ਤੇ ਗਲੇ ‘ਚ ਦਰਦ ਹੋਣ ਵਰਗੀਆਂ ਦਿੱਕਤਾਂ ਦਾ ਸਾਹਮਣਾ ਕਰਦੇ ਹਨ। ਕਈ ਦਿਨ ਸਿਹਤ ਖਰਾਬ ਰਹਿਣ ‘ਤੇ ਬਹੁਤ ਸਾਰੇ ਲੋਕਾਂ ਨੂੰ ਸੀਜ਼ਨਲ ਫ਼ਲੂ ਜਾਂ ਵਾਇਰਲ ਹੋਣ ਦਾ ਵੀ ਪਤਾ ਲੱਗਦਾ ਹੈ।
ਪਰ ਇਹ ਸੀਜ਼ਨਲ ਫ਼ਲੂ ਹੈ ਕੀ, ਇਸਦੇ ਲੱਛਣ ਕੀ ਹਨ ਤੇ ਇਸ ਦੌਰਾਨ ਤੁਸੀਂ ਆਪਣਾ ਅਤੇ ਆਪਣੇ ਪਰਿਵਾਰ ਦਾ ਕਿਸ ਤਰ੍ਹਾਂ ਖਿਆਲ ਰੱਖ ਸਕਦੇ ਹੋ?
ਬੀਬੀਸੀ ਪੰਜਾਬੀ ਦੇ ਹੈਲਥ ਪੌਡਕਾਸਟ ਸਿਹਤ ਸੀਕ੍ਰੇਸਟ ਵਿੱਚ ਅਸੀਂ ਇਸ ਬਾਰੇ ਗੱਲ ਕੀਤੀ ਜਨਰਲ ਫਿਜ਼ੀਸ਼ੀਅਨ ਅਤੇ ਜਨਰਲ ਮੈਡੀਸਿਨ ਦੇ ਮਾਹਰ ਡਾਕਟਰ ਪਾਰੁਲ ਖੁਰਾਨਾ ਨਾਲ, ਜੋ ਦਿੱਲੀ ਦੇ ਆਰੋਗਿਆ ਹਸਪਤਾਲ ਵਿਖੇ ਸੇਵਾਵਾਂ ਨਿਭਾ ਰਹੇ ਹਨ ਅਤੇ ਕਈ ਸਾਲਾਂ ਤੋਂ ਅਜਿਹੇ ਮਰੀਜ਼ਾਂ ਦਾ ਇਲਾਜ ਕਰ ਰਹੇ ਹਨ।

ਸਵਾਲ- ਸੀਜ਼ਨਲ ਫ਼ਲੂ ਕੀ ਹੈ ਤੇ ਆਮ ਜ਼ੁਕਾਮ-ਖੰਘ-ਬੁਖਾਰ ਨਾਲੋਂ ਕਿੰਨਾ ਵੱਖਰਾ ਹੈ?
ਜਵਾਬ- ਜੋ ਲੋਕਾਂ ਨੂੰ ਆਮ ਜ਼ੁਕਾਮ-ਖੰਘ-ਬੁਖਾਰ ਹੋ ਜਾਂਦਾ ਹੈ, ਉਹੀ ਸੀਜ਼ਨਲ ਫਲੂ ਹੈ। ਬਲਕਿ, 90 ਪ੍ਰਤੀਸ਼ਤ ਲੋਕਾਂ ਨੂੰ ਤਾਂ ਹਲਕਾ (ਮਾਇਲਡ) ਜ਼ੁਕਾਮ-ਖੰਘ-ਬੁਖਾਰ ਹੀ ਹੁੰਦਾ ਹੈ, ਜਿਸਦੀ ਸੀਜ਼ਨਲ ਫਲੂ ਵਜੋਂ ਪਛਾਣ ਨਹੀਂ ਹੋ ਪਾਉਂਦੀ। ਇਹੀ ਕੁਝ ਮਰੀਜ਼ ਹੁੰਦੇ ਹਨ, ਜਿਨ੍ਹਾਂ ਵਿੱਚ ਬਿਮਾਰੀ ਵਧ ਜਾਂਦੀ ਹੈ।
ਪਰ ਆਮ ਖੰਘ, ਜ਼ੁਕਾਮ, ਬੁਖਾਰ ਹੀ ਸੀਜ਼ਨਲ ਫਲੂ ਹੁੰਦਾ ਹੈ, ਹਾਲਾਂਕਿ ਇਸਦੇ ਲੱਛਣ ਵੱਖੋ-ਵੱਖਰੇ ਹੋ ਸਕਦੇ ਹਨ। ਕਿਸੇ ਨੂੰ ਲੱਛਣ ਘੱਟ ਹੋ ਸਕਦੇ ਹਨ, ਕਿਸੇ ਨੇ ਮੱਧਮ ਜਿਹੇ ਤੇ ਕਿਸੇ ਨੂੰ ਜ਼ਿਆਦਾ। ਜੇ ਕਿਸੇ ਨੂੰ ਜ਼ਿਆਦਾ ਲੱਛਣ ਹੋਣਗੇ ਤਾਂ ਉਸਨੂੰ ਹਸਪਤਾਲ ਵੀ ਦਾਖਲ ਕਰਾਉਣਾ ਪੈ ਸਕਦਾ ਹੈ, ਆਈਸੀਯੂ ਵੀ ਜਾ ਸਕਦੇ ਹਨ ਤੇ ਮੌਤ ਵੀ ਹੋ ਸਕਦੀ ਹੈ।
ਸੀਜ਼ਨਲ ਫ਼ਲੂ ਇੰਨਾ ਹਲਕਾ ਵੀ ਹੋ ਸਕਦਾ ਹੈ ਕਿ ਕਿਸੇ ਵੀ ਇਲਾਜ ਦੀ ਲੋੜ ਨਾ ਪਵੇ। ਇਸ ਲਈ ਸੀਜ਼ਨਲ ਫ਼ਲੂ ਨੂੰ ਲੈਕੇ ਸਾਨੂੰ ਬਹੁਤ ਸੁਚੇਤ ਰਹਿਣਾ ਚਾਹੀਦਾ ਹੈ।
ਸਵਾਲ – ਬਦਲਦੇ ਮੌਸਮ ‘ਚ ਸੀਜ਼ਨਲ ਫ਼ਲੂ ਦੇ ਮਾਮਲੇ ਵਧ ਕਿਉਂ ਜਾਂਦੇ ਹਨ?
ਜਵਾਬ – ਮੁੱਖ ਤੌਰ ‘ਤੇ ਸੀਜ਼ਨਲ ਫ਼ਲੂ ਦੇ ਦੋ ਪੀਕ ਹਨ (ਉਹ ਸਮਾਂ ਜਦੋਂ ਇਸਦਾ ਖਤਰਾ ਸਭ ਤੋਂ ਵੱਧ ਹੁੰਦਾ ਹੈ) ਅਗਸਤ-ਸਿਤੰਬਰ-ਅਕਤੂਬਰ, ਅਤੇ ਦੂਜਾ ਪੀਕ ਸਾਡੇ ਦੇਸ਼ ‘ਚ ਫ਼ਰਵਰੀ-ਮਾਰਚ-ਅਪ੍ਰੈਲ ‘ਚ ਆਉਂਦਾ ਹੈ।
ਇੰਨ੍ਹਾਂ ਤਿੰਨ-ਤਿੰਨ ਮਹੀਨਿਆਂ ‘ਚ ਫ਼ਲੂ ਦੇ ਜ਼ਿਆਦਾ ਮਾਮਲੇ ਹੁੰਦੇ ਹਨ। ਇਸਦਾ ਕਾਰਨ ਹੈ – ਬਦਲਦਾ ਹੋਇਆ ਮੌਸਮ, ਜਿਸ ਨਾਲ ਲੋਕਾਂ ਨੂੰ ਫ਼ਲੂ ਹੋ ਜਾਂਦਾ ਹੈ।
ਸਵਾਲ – ਇਸਦੇ ਮੁੱਖ ਕਾਰਨ ਕੀ ਹਨ?
ਜਵਾਬ – ਫ਼ਲੂ ਦਾ ਕਾਰਨ ਇੰਫਲੂਐਂਜ਼ਾ ਵਾਇਰਸ ਹੈ। ਇਸ ਨੂੰ ਇੰਫਲੂਐਂਜ਼ਾ ਇਲਨੈਸ ਵੀ ਕਹਿੰਦੇ ਹਨ।
ਇਹ ਵਾਇਰਸ ਦੋ ਤਰ੍ਹਾਂ ਦਾ ਹੁੰਦਾ ਹੈ – ਇੰਫਲੂਐਂਜ਼ਾ ਏ ਅਤੇ ਇੰਫਲੂਐਂਜ਼ਾ ਬੀ। ਫਿਰ ਅੱਗੇ ਦੋਵਾਂ ਦੇ ਦੋ-ਦੋ ਹੋਰ ਪ੍ਰਕਾਰ ਹਨ, ਇਸ ਤਰ੍ਹਾਂ ਇਹ ਕੁੱਲ ਚਾਰ ਤਰ੍ਹਾਂ ਦਾ ਵਾਇਰਸ ਹੈ।
ਐੱਚਵਨਐੱਨਵਨ, ਜਿਸਨੂੰ ਸਵਾਈਨ ਫ਼ਲੂ ਕਿਹਾ ਜਾਂਦਾ ਹੈ, ਉਹ ਵੀ ਇਸੇ ਕੈਟੇਗਿਰੀ ‘ਚ ਆਉਂਦਾ ਹੈ।
ਸਾਰੇ ਇੰਫਲੂਐਂਜ਼ਾ ਏ, ਇੰਫਲੂਐਂਜ਼ਾ ਬੀ, ਸਵਾਈਨ ਫ਼ਲੂ…ਇਹ ਸਾਰੇ ਇੰਫਲੂਐਂਜ਼ਾ ਏ ਅਤੇ ਬੀ ਦੇ ਸਬ ਟਾਈਪਸ ਹਨ। ਇਨ੍ਹਾਂ ਨਾਲ ਹੀ ਸੀਜ਼ਨਲ ਫ਼ਲੂ ਫੈਲਦਾ ਹੈ।
ਤਸਵੀਰ ਸਰੋਤ, Getty Images
ਸਵਾਲ – ਕੀ ਇਸਦੀ ਵੈਕਸੀਨ ਉਪਲੱਬਧ ਹੈ?
ਜਵਾਬ – ਸਾਡੇ ਦੇਸ਼ ‘ਚ ਫ਼ਲੂ ਦੀ ਵੈਕਸੀਨ ਉਪਲੱਬਧ ਹੈ। ਸਾਲ ‘ਚ ਦੋ ਵਾਰ ਦੁਨੀਆ ਭਰ ‘ਚ ਫ਼ਲੂ ਦੀ ਵੈਕਸੀਨ ਆਉਂਦੀ ਹੈ – ਇੱਕ ਵਾਰ ਨੌਰਦਨ ਹੈਮੇਸਫ਼ੇਅਰ ਦੀ ਤੇ ਇੱਕ ਵਾਰ ਸਦਰਨ ਹੈਮੇਸਫ਼ੇਅਰ ਦੀ।
ਸਾਡੇ ਇੱਥੇ ਜ਼ਿਆਦਾਤਰ ਨੌਰਦਨ ਹੈਮੇਸਫ਼ੇਅਰ ਦੀ ਵੈਕਸੀਨ ਇਸਤੇਮਾਲ ਕੀਤੀ ਜਾਂਦੀ ਹੈ। ਜੁਲਾਈ ਦੇ ਅਖੀਰ ‘ਚ ਇਸਦੀ ਨਵੀਂ ਖੇਪ ਆਉਂਦੀ ਹੈ। ਜੇ ਉਸ ਵੇਲੇ ਸਾਰੇ ਲੋਕ ਇਸਦੀ ਵੈਕਸੀਨ ਲਗਵਾ ਲੈਣ ਤਾਂ ਘੱਟੋ-ਘੱਟ ਗੰਭੀਰ ਲਾਗ ਦੇ 95% ਤੱਕ ਮਾਮਲੇ ਬਚਾਏ ਜਾ ਸਕਦੇ ਹਨ।
ਇਸਦੇ ਨਾਲ ਹੀ ਫ਼ਲੂ ਦੀ ਦਵਾਈ ਲੈਣ ਲਾਇਕ ਅਤੇ ਹਸਪਤਾਲ ਦਾਖਲ ਹੋਣ ਦੇ ਵਾਲੇ ਮਾਮਲੇ ਵਿੱਚ 90 ਪ੍ਰਤੀਸ਼ਤ ਤੱਕ ਬੱਚੇ ਜਾ ਸਕਦੇ ਹਨ।
ਅਤੇ ਇਹ ਵੈਕਸੀਨ ਇੱਕ ਵਾਇਰਆਨ ਵੈਕਸੀਨ ਹੈ ਤੇ ਇਨਐਕਟੀਵੇਟਿਡ ਵੈਕਸੀਨ ਹੈ। ਇਹ ਸਸਤੀ ਵੀ ਹੈ। ਪਤਾ ਨਹੀਂ ਸਾਡੇ ਦੇਸ਼ ‘ਚ ਤਾਂ ਲੋਕ ਲਗਵਾਉਂਦੇ ਹੀ ਘੱਟ ਹਨ ਪਰ ਵਿਦੇਸ਼ਾਂ ਵਿੱਚ ਤਾਂ ਇਹ ਲਾਜ਼ਮੀ ਹੈ। ਉੱਥੇ ਜੇ ਤੁਹਾਨੂੰ ਫ਼ਲੂ ਵੈਕਸੀਨ ਨਹੀਂ ਲੱਗੀ ਹੋਈ ਤਾਂ ਤੁਹਾਡਾ ਇੰਸ਼ਿਓਰੈਂਸ ਰਿਨਿਊ ਹੀ ਨਹੀਂ ਹੋਵੇਗਾ।
ਸਵਾਲ – ਕੀ ਇਹ ਵੈਕਸੀਨ ਕਿਸੇ ਨੂੰ ਵੀ ਲਗਾਈ ਜਾ ਸਕਦੀ ਹੈ ਤੇ ਕੀ ਇਹ ਬਸ ਇੱਕ ਵਾਰ ਹੀ ਲੈਣੀ ਪੈਂਦੀ ਹੈ?
ਜਵਾਬ – 2 ਸਾਲ ਤੋਂ ਬਾਅਦ ਤੁਸੀਂ ਹਰ ਕਿਸੇ ਨੂੰ ਫ਼ਲੂ ਦੀ ਵੈਕਸੀਨ ਲਗਵਾ ਸਕਦੇ ਹੋ।
ਇਹ ਇੱਕ ਸਾਲਾਨਾ ਵੈਕਸੀਨ ਹੈ, ਇਸ ਲਈ ਇਹ ਹਰ ਸਾਲ ਲਗਵਾਉਣੀ ਪਵੇਗੀ। ਹਰ ਸਾਲ ਫ਼ਲੂ ਦੇ ਨਵੇਂ ਸਟ੍ਰੇਨ ਆਉਂਦੇ ਹਨ, ਹਰ ਸਾਲ ਐਂਟੀਜਨ ਸ਼ਿਫ਼ਟ ਹੁੰਦਾ ਤੇ ਫ਼ਲੂ ਥੋੜ੍ਹਾ-ਥੋੜ੍ਹਾ ਬਦਲਦਾ ਰਹਿੰਦਾ ਹੈ।
ਇਸ ਲਈ ਹਰ ਸਾਲ ਨਵੀਂ ਵੈਕਸੀਨ ਆਉਂਦੀ ਹੈ, ਜਿਹੜੀ ਜੁਲਾਈ ਦੇ ਅਖੀਰ ‘ਚ ਲੱਗਣੀ ਜ਼ਰੂਰੀ ਹੈ।
ਤਸਵੀਰ ਸਰੋਤ, Getty Images
ਸਵਾਲ- ਫ਼ਲੂ ਦਾ ਇਲਾਜ ਕਿਵੇਂ ਕੀਤਾ ਜਾਂਦਾ ਹੈ?
ਜਵਾਬ- ਜੇ ਕਿਸੇ ਨੂੰ ਹਲਕਾ ਜ਼ੁਕਾਮ ਜਾਂ ਹਲਕੀ ਖੰਘ ਹੈ ਤਾਂ ਆਮ ਤੌਰ ‘ਤੇ ਕਿਸੇ ਖ਼ਾਸ ਇਲਾਜ ਦੀ ਲੋੜ ਨਹੀਂ ਹੁੰਦੀ।
ਅਜਿਹੇ ਲੋਕਾਂ ਨੂੰ:
- ਮਾਸਕ ਪਾਉਣਾ ਚਾਹੀਦਾ ਹੈ।
- ਹੱਥ ਵਾਰ-ਵਾਰ ਧੋਣੇ ਚਾਹੀਦੇ ਹਨ।
- ਘਰ ਦੇ ਹੋਰ ਮੈਂਬਰਾਂ ਤੋਂ ਕੁਝ ਦੂਰੀ ਬਣਾਈ ਰੱਖਣੀ ਚਾਹੀਦੀ ਹੈ।
- ਗੁਨਗਨਾ ਪਾਣੀ ਪੀਣਾ ਚਾਹੀਦਾ ਹੈ।
- ਸਿਰਫ਼ ਲੱਛਣਾਂ ਅਨੁਸਾਰ ਦਵਾਈ ਲੈਣੀ ਚਾਹੀਦੀ ਹੈ।
ਜੇ ਬੁਖ਼ਾਰ ਹੈ ਤਾਂ ਕਰੋਸੀਨ ਵਰਗੀ ਦਵਾਈ ਲਈ ਜਾ ਸਕਦੀ ਹੈ। ਜੇ ਹਲਕੀ ਖੰਘ ਜਾਂ ਜ਼ੁਕਾਮ ਹੈ ਤਾਂ ਭਾਫ਼ ਲੈਣਾ ਵੀ ਲਾਭਦਾਇਕ ਹੁੰਦਾ ਹੈ। ਆਮ ਤੌਰ ‘ਤੇ 4 ਤੋਂ 5 ਦਿਨਾਂ ਵਿੱਚ ਫ਼ਲੂ ਆਪਣੇ ਆਪ ਠੀਕ ਹੋ ਜਾਂਦਾ ਹੈ। ਜੇ ਲੱਛਣ ਵਧਣ ਤਾਂ ਡਾਕਟਰ ਨੂੰ ਮਿਲਣਾ ਜ਼ਰੂਰੀ ਹੈ।
ਸਵਾਲ-ਕਦੋਂ ਡਾਕਟਰ ਕੋਲ ਜਾਣਾ ਚਾਹੀਦਾ ਹੈ?
ਜਵਾਬ- ਜਿਨ੍ਹਾਂ ਲੋਕਾਂ ਨੂੰ ਜ਼ਿਆਦਾ ਲੱਛਣ ਹੋਣ, ਮੰਨ ਲਓ ਕਿਸੇ ਨੂੰ
- ਬਹੁਤ ਜ਼ਿਆਦਾ ਖੰਘ ਹੈ
- ਤੇਜ਼ ਬੁਖ਼ਾਰ ਜੋ ਘੱਟ ਨਾ ਹੋ ਰਿਹਾ ਹੋਵੇ
- ਉਲਟੀਆਂ
- ਦਸਤ
- ਡੀਹਾਈਡ੍ਰੇਸ਼ਨ
- ਸਾਹ ਫੁੱਲਣਾ
- ਸ਼ੂਗਰ ਦੀ ਬਿਮਾਰੀ
- ਬਲੱਡ ਪ੍ਰੈਸ਼ਰ ਦੀ ਸਮੱਸਿਆ
- ਦਿਲ ਦੀ ਬਿਮਾਰੀ
- ਗੁਰਦੇ ਦੀ ਬਿਮਾਰੀ
- ਜਿਗਰ ਦੀ ਬਿਮਾਰੀ ਹੈ
ਯਾਨੀ ਜਿਨ੍ਹਾਂ ਲੋਕਾਂ ਨੂੰ ਪਹਿਲਾਂ ਤੋਂ ਕੋਈ ਹੋਰ ਬਿਮਾਰੀ ਹੈ, ਉਨ੍ਹਾਂ ਨੂੰ ਆਮ ਜ਼ੁਕਾਮ ਹੋਣ ‘ਤੇ ਵੀ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।
ਜਿਨ੍ਹਾਂ ਨੂੰ ਚੇਤਾਵਨੀ ਲੱਛਣ ਦੱਸੇ ਹਨ, ਜਿਵੇਂ ਜ਼ਿਆਦਾ ਸਾਹ ਫੁੱਲ ਰਿਹਾ, ਜ਼ਿਆਦਾ ਖੰਘ ਹੈ ਜਾਂ ਜ਼ਿਆਦਾ ਬੁਖਾਰ ਹੈ, ਉਨ੍ਹਾਂ ਨੂੰ ਪਹਿਲੇ-ਦੂਜੇ ਦਿਨ ਹੀ ਡਾਕਟਰ ਕੋਲ ਜਾਣਾ ਚਾਹੀਦਾ ਹੈ।
ਉਨ੍ਹਾਂ ਲੋਕਾਂ ਨੂੰ ਚਾਰ ਦਿਨ ਦਾ ਇੰਤਜ਼ਾਰ ਨਹੀਂ ਕਰਨਾ ਚਾਹੀਦਾ ਕਿਉਂਕਿ ਚਾਰ ਦਿਨਾਂ ਤੱਕ ਤਾਂ ਫ਼ਲੂ ਨਿਮੋਨੀਆ ਵਿੱਚ ਬਦਲ ਸਕਦਾ ਹੈ।
ਫ਼ਲੂ ਇੰਨਾ ਗੰਭੀਰ ਹੋ ਸਕਦਾ ਹੈ ਕਿ ਵੈਂਟੀਲੇਟਰ ਦੀ ਲੋੜ ਪੈ ਜਾਵੇ ਅਤੇ ਜਾਨ ਦਾ ਖ਼ਤਰਾ ਵੀ ਪੈਦਾ ਹੋ ਸਕਦਾ ਹੈ। ਇਸ ਕਰਕੇ ਫਲੂ ਨੂੰ ਕਦੇ ਵੀ ਹਲਕੇ ਵਿੱਚ ਨਾ ਲਓ।
ਤਸਵੀਰ ਸਰੋਤ, Getty Images
ਸਵਾਲ-ਕਿਹੜੇ ਸ਼ੁਰੂਆਤੀ ਲੱਛਣ ਕਦੇ ਨਜ਼ਰਅੰਦਾਜ਼ ਨਹੀਂ ਕਰਨੇ ਚਾਹੀਦੇ?
ਜਵਾਬ- ਜਿਹੜੇ ਇਸਦੇ ਸ਼ੁਰੂਆਤੀ ਲੱਛਣ ਹਨ, ਜਿਨ੍ਹਾਂ ਨੂੰ ਕਦੇ ਵੀ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ, ਉਹ ਹਨ:-
- ਬਹੁਤ ਤੇਜ਼ ਬੁਖ਼ਾਰ
- ਲਗਾਤਾਰ ਉਲਟੀਆਂ
- ਪਾਣੀ ਨਾ ਪੀ ਸਕਣਾ
- ਸਾਹ ਫੁੱਲਣਾ
- ਛਾਤੀ ਵਿੱਚ ਦਰਦ
- ਦਸਤ
- ਸਰੀਰ ਦਾ ਠੰਢਾ ਪੈਣਾ
- ਬੇਚੈਨੀ ਜਾਂ ਘਬਰਾਹਟ
- ਬੇਹੋਸ਼ੀ ਵਰਗੀ ਹਾਲਤ
ਖ਼ਾਸ ਕਰਕੇ ਬੱਚਿਆਂ ਵਿੱਚ ਅਜਿਹੇ ਲੱਛਣ ਆਉਣ ‘ਤੇ ਤੁਰੰਤ ਮੈਡੀਕਲ ਸਹਾਇਤਾ ਲੈਣੀ ਚਾਹੀਦੀ ਹੈ।
ਸਵਾਲ-ਕੀ ਹਰ ਫ਼ਲੂ ਵਿੱਚ ਐਂਟੀਬਾਇਓਟਿਕ ਦੀ ਲੋੜ ਹੁੰਦੀ ਹੈ?
ਜਵਾਬ- ਫਲੂ ਵਿੱਚ ਐਂਟੀਬਾਇਓਟਿਕ ਦਾ ਕੋਈ ਰੋਲ ਨਹੀਂ ਹੁੰਦਾ।
ਫ਼ਲੂ ਇੱਕ ਵਾਇਰਲ ਇਨਫੈਕਸ਼ਨ ਹੈ, ਇਸ ਲਈ ਆਮ ਤੌਰ ‘ਤੇ ਐਂਟੀਬਾਇਓਟਿਕ ਦੀ ਲੋੜ ਨਹੀਂ ਹੁੰਦੀ।
ਐਂਟੀਬਾਇਓਟਿਕ ਸਿਰਫ਼ ਉਸ ਸਮੇਂ ਦਿੱਤੇ ਜਾਂਦੇ ਹਨ ਜਦੋਂ ਦੂਜੀ ਬੈਕਟੀਰੀਅਲ ਇਨਫੈਕਸ਼ਨ ਵੀ ਹੋ ਜਾਵੇ, ਜਿਵੇਂ:
- ਟਾਂਸਿਲਾਂ ਦੀ ਇਨਫੈਕਸ਼ਨ
- ਕੰਨ ਦੀ ਇਨਫੈਕਸ਼ਨ
- ਨਿਮੋਨੀਆ
ਅਜਿਹੀ ਹਾਲਤ ਵਿੱਚ ਉਨ੍ਹਾਂ ਮਰੀਜਾਂ ਨੂੰ ਫਲੂ ਦੀਆਂ ਦਵਾਈਆਂ ਦੇ ਨਾਲ ਐਂਟੀਬਾਇਓਟਿਕ ਦਿੱਤੀਆਂ ਜਾਂਦੀਆਂ ਹਨ।
ਜਿਨ੍ਹਾਂ ਨੂੰ ਸ਼ੂਗਰ, ਦਿਲ, ਗੁਰਦੇ ਜਾਂ ਜਿਗਰ ਦੀ ਬਿਮਾਰੀ ਹੈ, ਉਨ੍ਹਾਂ ਨੂੰ ਖ਼ਾਸ ਐਂਟੀ-ਫ਼ਲੂ ਦਵਾਈਆਂ ਦਿੱਤੀਆਂ ਜਾ ਸਕਦੀਆਂ ਹਨ, ਜੋ ਬਿਮਾਰੀ ਦੀ ਮਿਆਦ ਘੱਟ ਕਰਦੀਆਂ ਹਨ ਅਤੇ ਜਲਦੀ ਆਰਾਮ ਦਿੰਦੀਆਂ ਹਨ।
ਜਿਹੜੇ ਮਰੀਜ਼ ਭਰਤੀ ਹੁੰਦੇ ਹਨ, ਉਨ੍ਹਾਂ ਨੂੰ ਫਲੂ ਤੇ ਐਂਟੀਬਾਇਓਟਿਕ ਦੋਵੇਂ ਦਵਾਈਆਂ ਦਿੱਤੀਆਂ ਜਾਂਦੀਆਂ ਹਨ।

ਸਵਾਲ-ਘਰ ਵਿੱਚ ਫ਼ਲੂ ਹੋਣ ‘ਤੇ ਕੀ ਕਰਨਾ ਚਾਹੀਦਾ ਹੈ?
ਜਵਾਹ- ਕੋਵਿਡ ਦੇ ਸਮੇਂ ਅਸੀਂ ਬਹੁਤ ਕੁਝ ਸਿੱਖਿਆ ਸੀ। ਜਿਵੇਂ ਕੋਵਿਡ ਹੋਣ ‘ਤੇ ਵਿਅਕਤੀ ਆਪਣੇ ਆਪ ਨੂੰ ਅਲੱਗ ਕਰ ਲੈਂਦਾ ਸੀ, ਉਸੇ ਤਰ੍ਹਾਂ ਫ਼ਲੂ ਹੋਣ ‘ਤੇ ਵੀ ਕਰਨਾ ਚਾਹੀਦਾ ਹੈ।
ਜਦੋਂ ਘਰ ਵਿੱਚ ਕਿਸੇ ਨੂੰ ਫ਼ਲੂ ਹੋ ਜਾਵੇ ਤਾਂ, ਸਭ ਤੋਂ ਪਹਿਲਾਂ,
- ਮਾਸਕ ਜ਼ਰੂਰ ਪਾਓ।
- ਘਰ ਦੇ ਬਾਕੀ ਮੈਂਬਰਾਂ ਤੋਂ ਦੂਰੀ ਬਣਾਈ ਰੱਖੋ।
- ਜੇ ਸੰਭਵ ਹੋਵੇ ਤਾਂ ਵੱਖਰੇ ਕਮਰੇ ਵਿੱਚ ਰਹੋ।
- ਦਫ਼ਤਰ ਜਾਂ ਭੀੜ ਵਾਲੀਆਂ ਥਾਵਾਂ ‘ਤੇ ਨਾ ਜਾਓ।
- ਘਰ ਦਾ ਸਾਦਾ ਖਾਣਾ ਖਾਓ।
- ਦੇਸੀ ਨੁਸਖੇ ਨਾ ਅਪਨਾਓ।
ਡਾਕਟਰ ਦੇ ਮੁਤਾਬਕ ਫ਼ਲੂ ਦੇ ਸਮੇਂ ਪਿਜ਼ਾ, ਬਰਗਰ ਅਤੇ ਬਾਹਰ ਦਾ ਖਾਣਾ ਸਰੀਰ ਲਈ ਨੁਕਸਾਨਦੇਹ ਹੋ ਸਕਦਾ ਹੈ।
ਸਭ ਤੋਂ ਮਹੱਤਵਪੂਰਨ ਗੱਲ ਹੈ ਆਈਸੋਲੇਸ਼ਨ (ਅਲੱਗ ਰਹਿਣਾ), ਉਸ ਮਰੀਜ਼ ਨੂੰ ਬਾਕੀ ਮੈਂਬਰਾਂ ਤੋਂ ਵੱਖ ਹੋ ਕੇ, ਮਾਸਕ ਪਾਉਣ ਦੇ ਨਾਲ-ਨਾਲ, ਵਾਰ-ਵਾਰ ਹੱਥ ਧੋਣੇ ਚਾਹੀਦੇ ਹਨ।
ਜੇ ਫ਼ਲੂ ਕਿਸੇ ਛੋਟੇ ਬੱਚੇ ਨੂੰ ਹੋ ਗਿਆ ਹੋਵੇ ਅਤੇ ਮਾਂ ਉਸ ਤੋਂ ਵੱਖ ਨਾ ਰਹਿ ਸਕੇ, ਤਾਂ ਮਾਂ ਨੂੰ ਮਾਸਕ ਪਾਉਣਾ ਚਾਹੀਦਾ ਹੈ ਅਤੇ ਵਾਰ-ਵਾਰ ਹੱਥ ਧੋਣੇ ਚਾਹੀਦੇ ਹਨ, ਫਿਰ ਬੱਚੇ ਨੂੰ ਦੁੱਧ ਪਿਲਾਉਣਾ ਜਾਂ ਖਾਣਾ ਦੇਣਾ ਚਾਹੀਦਾ ਹੈ।
ਫ਼ਲੂ ਡਰੌਪਲਿਟ ਇਨਫੈਕਸ਼ਨ ਰਾਹੀਂ ਫੈਲਦਾ ਹੈ। ਖੰਘਣ ਜਾਂ ਛੀਕਣ ਸਮੇਂ ਹਵਾ ਵਿੱਚ ਫੈਲੀਆਂ ਬੂੰਦਾਂ ਰਾਹੀਂ ਇਹ ਹੋਰ ਲੋਕਾਂ ਤੱਕ ਪਹੁੰਚਦਾ ਹੈ।
ਇਸ ਲਈ ਜੇ ਘਰ ਵਿੱਚ ਫ਼ਲੂ ਹੋਵੇ ਤਾਂ ਮਾਸਕ ਅਤੇ ਆਈਸੋਲੇਸ਼ਨ ਸਭ ਤੋਂ ਜ਼ਰੂਰੀ ਹਨ। ਮਾਸਕ ਸਭ ਤੋਂ ਵੱਧ ਸੁਰੱਖਿਆ ਪ੍ਰਦਾਨ ਕਰਦਾ ਹੈ।
ਸਵਾਲ-ਫ਼ਲੂ ਅਤੇ ਆਮ ਬੁਖ਼ਾਰ ਵਿੱਚ ਫ਼ਰਕ ਕਿਵੇਂ ਪਤਾ ਲੱਗੇ?
ਜਵਾਬ- ਕਈ ਵਾਰ ਸ਼ੁਰੂ ਵਿੱਚ ਇਹ ਪਤਾ ਲਗਾਉਣਾ ਔਖਾ ਹੁੰਦਾ ਹੈ ਕਿ ਇਹ ਆਮ ਜ਼ੁਕਾਮ ਹੈ ਜਾਂ ਫ਼ਲੂ।
ਡਾਕਟਰ ਅਨੁਸਾਰ ਜਿਨ੍ਹਾਂ ਲੋਕਾਂ ਨੂੰ ਹਲਕੇ ਲੱਛਣ ਹਨ, ਉਨ੍ਹਾਂ ਨੂੰ ਟੈਸਟ ਕਰਾਉਣ ਦੀ ਲੋੜ ਨਹੀਂ ਹੁੰਦੀ।
ਉਨ੍ਹਾਂ ਲਈ ਮਾਸਕ ਪਾਉਣਾ, ਆਈਸੋਲੇਸ਼ਨ, ਪੈਰਾਸੀਟਾਮੋਲ ਜਾਂ ਕਰੋਸਿਨ ਲੈਣਾ, ਵੱਧ ਪਾਣੀ ਪੀਣਾ, ਆਰਾਮ ਕਰਨਾ ਤੇ ਘਰ ਦਾ ਖਾਣਾ ਖਾਣਾ ਹੀ ਕਾਫ਼ੀ ਹੁੰਦਾ ਹੈ।
ਪਰ ਜੇ ਖੰਘ, ਬੁਖ਼ਾਰ, ਛਾਤੀ ਵਿੱਚ ਦਰਦ ਜਾਂ ਸਾਹ ਫੁੱਲਣਾ ਵਰਗੇ ਲੱਛਣ ਵੱਧ ਜਾਣ ਤਾਂ ਡਾਕਟਰ ਨਾਲ ਮਿਲਣਾ ਚਾਹੀਦਾ ਹੈ।
ਇਸ ਦੇ ਨਾਲ ਹੀ ਜਿਹੜੇ ਦੋ ਸਾਲ ਤੋਂ ਘੱਟ ਉਮਰ ਦੇ ਬੱਚੇ, ਬਜ਼ੁਰਗ, ਸ਼ੂਗਰ ਦੇ ਮਰੀਜ਼, ਬਲੱਡ ਪ੍ਰੈਸ਼ਰ ਦੇ ਮਰੀਜ਼, ਦਿਲ ਦੇ ਮਰੀਜ਼, ਗੁਰਦੇ ਦੀ ਬਿਮਾਰੀ ਵਾਲੇ ਲੋਕ ਹਨ, ਉਨ੍ਹਾਂ ਲੋਕਾਂ ਨੂੰ ਵੱਧ ਸਾਵਧਾਨ ਰਹਿਣ ਦੀ ਲੋੜ ਹੈ।
ਅਜਿਹੇ ਲੋਕਾਂ ਨੂੰ ਹਲਕੇ ਲੱਛਣ ਹੋਣ ‘ਤੇ ਵੀ ਪਹਿਲੇ ਦਿਨ ਹੀ ਡਾਕਟਰ ਨੂੰ ਮਿਲਣਾ ਚਾਹੀਦਾ ਹੈ ਕਿਉਂਕਿ ਉਨ੍ਹਾਂ ਵਿੱਚ ਫ਼ਲੂ ਗੰਭੀਰ ਹੋਣ ਦੀ ਸੰਭਾਵਨਾ ਵੱਧ ਹੁੰਦੀ ਹੈ।
ਇਸ ਦੇ ਨਾਲ ਹੀ ਬੱਚਿਆਂ ਅਤੇ ਬਜ਼ੁਰਗਾਂ ਦਾ ਖ਼ਾਸ ਧਿਆਨ ਰੱਖਿਆ ਜਾਣਾ ਚਾਹੀਦਾ ਹੈ। ਉਦਾਹਰਨ ਵਜੋਂ ਜੇ ਕਿਸੇ ਨੌਜਵਾਨ ਨੂੰ ਹਲਕੀ ਖੰਘ ਜਾਂ ਜ਼ੁਕਾਮ ਹੈ ਤਾਂ ਉਹ ਖੁਦ ਜਲਦੀ ਠੀਕ ਹੋ ਸਕਦਾ ਹੈ। ਪਰ ਜੇ ਉਹ ਆਪਣੇ 70 ਸਾਲ ਦੇ ਦਾਦਾ ਜਾਂ ਦਾਦੀ ਨਾਲ ਨੇੜਲਾ ਸੰਪਰਕ ਕਰੇ ਤਾਂ ਇਨਫੈਕਸ਼ਨ ਉਨ੍ਹਾਂ ਤੱਕ ਪਹੁੰਚ ਸਕਦੀ ਹੈ ਅਤੇ ਉਨ੍ਹਾਂ ਲਈ ਖ਼ਤਰਨਾਕ ਸਾਬਤ ਹੋ ਸਕਦੀ ਹੈ।
ਇਸ ਲਈ ਬਜ਼ੁਰਗਾਂ ਨੂੰ ਫ਼ਲੂ ਤੋਂ ਬਚਾਉਣਾ ਬਹੁਤ ਜ਼ਰੂਰੀ ਹੈ ਅਤੇ ਛੋਟੇ ਬੱਚਿਆਂ ਦਾ ਵੀ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ।
ਤਸਵੀਰ ਸਰੋਤ, Getty Images
ਸਵਾਲ–ਫ਼ਲੂ ਦੌਰਾਨ ਕੀ ਖਾਣਾ ਚਾਹੀਦਾ ਹੈ?
ਜਵਾਬ- ਸਾਦਾ, ਘਰ ਦਾ ਬਣਿਆ ਹੋਇਆ ਖਾਣਾ ਖਾਓ:
- ਦਲੀਆ
- ਖਿਚੜੀ
- ਪੋਹਾ
- ਦਾਲ
- ਚੌਲ
- ਰੋਟੀ
- ਸਬਜ਼ੀ
ਇਸ ਤਰ੍ਹਾਂ ਦਾ ਖਾਣਾ ਖਾਓ ਪਰ ਬਹੁਤ ਗਰਮ ਨਾ ਹੋਵੇ, ਬਹੁਤ ਠੰਢਾ ਨਾ ਹੋਵੇ ਤੇ ਬਹੁਤ ਖੱਟਾ ਵੀ ਨਾ ਹੋਵੇ, ਥੋੜ੍ਹਾ ਖਾਓ ਤੇ ਵਾਰ-ਵਾਰ ਖਾਓ।
ਸਭ ਤੋਂ ਮਹੱਤਵਪੂਰਨ ਹੈ ਹਾਈਡ੍ਰੇਸ਼ਨ, ਵੱਧ ਪਾਣੀ ਪੀਓ, ਕੋਸਾ ਜਾਂ ਗੁਣਗੁਣਾ ਪਾਣੀ ਪੀਓ, ਹਰ ਘੰਟੇ ਇੱਕ ਗਿਲਾਸ ਪਾਣੀ ਪੀਣ ਦੀ ਕੋਸ਼ਿਸ਼ ਕਰੋ, ਠੰਢੀਆਂ ਅਤੇ ਬਹੁਤ ਖੱਟੀਆਂ ਚੀਜ਼ਾਂ ਤੋਂ ਪਰਹੇਜ਼ ਕਰੋ।
ਆਮ ਵਿਅਕਤੀ ਨੂੰ ਡਾਇਟ ਵਿੱਚ 1800 ਤੋਂ 2000 ਕਿੱਲੋ ਕੈਲਰੀਜ਼ ਲੋੜ ਅਨੁਸਾਰ ਬਹੁਤ ਹੁੰਦੀ ਹੈ। ਜਦੋਂ ਇਹ ਵਿਅਕਤੀ ਬਿਮਾਰ ਹੋ ਜਾਂਦਾ ਹੈ ਤਾਂ ਉਸਦੀ ਡਾਇਟ ਦੁਗਣੀ ਹੋ ਜਾਂਦੀ ਭਾਵ 3500 ਕਿੱਲੋ ਤੱਕ ਕੈਲਰੀਜ਼ ਦੀ ਲੋੜ ਹੁੰਦੀ ਹੈ। ਇਸ ਦੌਰਾਨ ਚਿਕਨ ਜਾਂ ਮਟਨ ਨਹੀਂ ਖਾਣਾ ਹੈ, ਬਲਿਕ ਹਲਕੀਆਂ ਚੀਜ਼ਾਂ ਖਾਓ ਜਿਵੇਂ:
- ਪਪੀਤਾ
- ਚੀਕੂ
- ਖਿਚੜੀ
- ਦਲੀਆ
- ਦਾਲ-ਚੌਲ
- ਸਬਜ਼ੀਆਂ
ਇਸ ਦੌਰਾਨ ਭਾਰੇ ਅਤੇ ਪਚਾਉਣ ਵਿੱਚ ਔਖੇ ਖਾਣੇ ਘੱਟ ਖਾਓ।
ਤਸਵੀਰ ਸਰੋਤ, Getty Images
ਸਵਾਲ-ਕੀ ਬਿਨਾਂ ਬੁਖ਼ਾਰ ਦੇ ਵੀ ਫ਼ਲੂ ਹੋ ਸਕਦਾ ਹੈ?
ਜਵਾਬ- ਹਾਂ, ਲਗਭਗ 95 ਫ਼ੀਸਦੀ ਲੋਕਾਂ ਨੂੰ ਫ਼ਲੂ ਵਿੱਚ ਬੁਖ਼ਾਰ ਨਹੀਂ ਹੁੰਦਾ।
ਉਨ੍ਹਾਂ ਨੂੰ ਸਿਰਫ਼ ਹਲਕਾ ਜ਼ੁਕਾਮ, ਹਲਕੀ ਖੰਘ, ਗਲੇ ਵਿੱਚ ਖ਼ਰਾਸ਼ ਵਰਗੇ ਲੱਛਣ ਹੁੰਦੇ ਹਨ। ਕੇਵਲ 4 ਤੋਂ 5 ਫ਼ੀਸਦੀ ਮਰੀਜ਼ਾਂ ਨੂੰ ਬੁਖ਼ਾਰ ਜਾਂ ਗੰਭੀਰ ਲੱਛਣ ਹੁੰਦੇ ਹਨ। ਇਹ ਫਲੂ ਮਰੀਜ਼ ਦੇ ਸਰੀਰ ਅੰਦਰ 5 ਤੋਂ 7 ਦਿਨਾਂ ਤੱਕ ਰਹਿੰਦਾ ਹੈ।
ਇਨ੍ਹਾਂ ਦਿਨਾਂ ਤੋਂ ਬਾਅਦ ਫਲੂ ਖਤਮ ਹੋ ਜਾਂਦਾ, ਜਿਹੜੇ ਮਰੀਜਾਂ ਨੂੰ 5-7 ਦਿਨਾਂ ਬਾਅਦ ਵੀ ਫਲੂ ਹੈ, ਉਨ੍ਹਾਂ ਨੂੰ ਜਾਂ ਤਾਂ ਸੈਕੰਡਰੀ ਇਨਫੈਕਸ਼ਨ ਹੋ ਜਾਂਦੀ ਹੈ ਜਾਂ ਸ਼ੂਗਰ-ਬੀਪੀ ਵਾਲੇ ਮਰੀਜਾਂ ਵਿੱਚ ਇਹ ਫਲੂ ਦੇ ਲੱਛਣ ਲੰਬੇ ਸਮੇਂ ਤੱਕ ਰਹਿ ਸਕਦੇ ਹਨ। ਤਾਂ ਉਨ੍ਹਾਂ ਹੋ ਸਕਦਾ ਹੈ ਕਿ 10 ਦਿਨ ਵੀ ਠੀਕ ਹੋਣ ਵਿੱਚ ਲੱਗ ਸਕਦੇ ਹਨ।ਮ
ਸਵਾਲ-ਫ਼ਲੂ ਠੀਕ ਹੋਣ ਤੋਂ ਬਾਅਦ ਵੀ ਕਮਜ਼ੋਰੀ ਕਿਉਂ ਰਹਿੰਦੀ ਹੈ?
ਜਵਾਬ- ਇਸਨੂੰ ਪੋਸਟ ਵਾਇਰਲ ਅਸਥੀਨੀਆ ਕਹਿੰਦੇ ਹਨ। ਕਿਸੇ ਵੀ ਵਾਇਰਲ ਬਿਮਾਰੀ ਤੋਂ ਬਾਅਦ ਚਾਹੇ ਉਹ ਫ਼ਲੂ, ਡੇਂਗੂ, ਚਿਕਨਗੁਨਿਆ, ਵਾਇਰਲ ਬਿਮਾਰੀ ਤੋਂ ਬਾਅਦ ਛੇ ਹਫ਼ਤਿਆਂ ਤੱਕ ਕਮਜ਼ੋਰੀ ਰਹਿ ਸਕਦੀ ਹੈ।
ਲੋਕਾਂ ਨੂੰ ਸਰੀਰ ਵਿੱਚ ਦਰਦ ਹੋ ਸਕਦਾ, ਥਕਾਵਟ, ਕਮਜੋਰੀ ਤੇ ਘਬਰਾਹਟ ਹੋ ਸਕਦੀ ਹੈ। ਸ਼ੂਗਰ ਦੇ ਮਰੀਜ਼ਾਂ ਵਿੱਚ ਸ਼ੂਗਰ ਅਤੇ ਬੀਪੀ ਦੇ ਮਰੀਜ਼ਾਂ ਵਿੱਚ ਬੀਪੀ ਵੀ ਵੱਧ ਸਕਦਾ ਹੈ।
ਇਸ ਸਮੇਂ, ਵਧੀਆ ਖੁਰਾਕ ਲਵੋ, ਪਾਣੀ ਪੂਰਾ ਪੀਓ, ਆਰਾਮ ਕਰੋ, ਨੀਂਦ ਪੂਰੀ ਕਰੋ, ਅੱਠ ਤੋਂ ਦੱਸ ਘੰਟੇ ਰਾਤ ਦੀ ਨੀਂਦ ਅਤੇ ਦਿਨ ਵਿੱਚ ਵੀ ਕੁਝ ਆਰਾਮ ਬਹੁਤ ਲਾਭਕਾਰੀ ਹੁੰਦਾ ਹੈ।
ਫ਼ਲੂ ਤੋਂ ਬਚਣ ਲਈ ਡਾਕਟਰ ਦੀਆਂ ਖ਼ਾਸ ਸਲਾਹਾਂ
ਤਸਵੀਰ ਸਰੋਤ, Getty Images
- ਹਰ ਸਾਲ ਫ਼ਲੂ ਦੀ ਵੈਕਸੀਨ ਲਗਵਾਓ।
- ਫ਼ਲੂ ਦੇ ਲੱਛਣ ਹੋਣ ‘ਤੇ ਮਾਸਕ ਪਾਓ।
- ਆਪਣੇ ਆਪ ਨੂੰ ਆਈਸੋਲੇਟ ਕਰੋ।
- ਮੈਟਰੋ, ਬੱਸ, ਰੇਲ ਜਾਂ ਹਵਾਈ ਯਾਤਰਾ ਦੌਰਾਨ ਮਾਸਕ ਪਾਓ।
- ਭੀੜ ਵਾਲੀਆਂ ਥਾਵਾਂ ‘ਤੇ ਸਾਵਧਾਨ ਰਹੋ।
- ਬਾਹਰ ਦਾ ਖਾਣਾ ਘੱਟ ਖਾਓ।
- ਤਾਜ਼ੇ ਫਲ ਤੇ ਸਬਜ਼ੀਆਂ ਖਾਓ।
- ਘਰ ਦਾ ਸਾਫ਼ ਅਤੇ ਪੌਸ਼ਟਿਕ ਖਾਣਾ ਖਾਓ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI



