Home rss national punjabi2ਰਾਸ਼ਟਰੀ ਖ਼ਬਰਾਂ ਗੁਰੂਗ੍ਰਾਮ ਵਿੱਚ ਮਹਿਲਾ ਬਾਈਕਰ ਨੂੰ ਕਾਰ ਨਾਲ ਟੱਕਰ ਮਾਰਨ ਦੇ ਮਾਮਲੇ ਵਿੱਚ...

ਗੁਰੂਗ੍ਰਾਮ ਵਿੱਚ ਮਹਿਲਾ ਬਾਈਕਰ ਨੂੰ ਕਾਰ ਨਾਲ ਟੱਕਰ ਮਾਰਨ ਦੇ ਮਾਮਲੇ ਵਿੱਚ ਹੁਣ ਤੱਕ ਕੀ ਹੋਇਆ

4
0

Source :- BBC PUNJABI

ਕਾਰ ਦੀ ਸਾਈਡ ਤੋਂ ਬਾਈਕ ਨਾਲ ਟੱਕਰ ਦੀ ਤਸਵੀਰ।

ਤਸਵੀਰ ਸਰੋਤ, REBELWHEELS_SIA_/INSTAGRAM

ਪ੍ਰਕਾਸ਼ਿਤ

ਪੜ੍ਹਨ ਦਾ ਸਮਾਂ: 5 ਮਿੰਟ

ਹਰਿਆਣਾ ਦੇ ਗੁਰੂਗ੍ਰਾਮ ਦੇ ਗੋਲਫ਼ ਕੋਰਸ ਰੋਡ ‘ਤੇ ਐਤਵਾਰ ਨੂੰ ਇੱਕ ਮਹਿਲਾ ਬਾਈਕਰ ਨੂੰ ਕਾਰ ਨਾਲ ਟੱਕਰ ਮਾਰਨ ਦੇ ਮਾਮਲੇ ਵਿਚ ਪੁਲਿਸ ਨੇ ਕਾਰਵਾਈ ਸ਼ੁਰੂ ਕੀਤੀ ਹੈ।

ਗੁਰੂਗ੍ਰਾਮ ਪੁਲਿਸ ਨੇ ਸੋਸ਼ਲ ਮੀਡੀਆ ਵੈਬਸਾਈਟ ਐਕਸ ‘ਤੇ ਪੋਸਟ ਕਰਕੇ ਦੱਸਿਆ ਹੈ ਕਿ ਉਨ੍ਹਾਂ ਨੇ ਮਾਮਲੇ ਦਾ ਸਵੈ-ਨੋਟਿਸ ਲੈਂਦਿਆਂ ਐਫਆਈਆਰ ਦਰਜ ਕੀਤੀ ਹੈ।

ਨਾਲ ਹੀ ਪੁਲਿਸ ਨੇ ਦੱਸਿਆ ਹੈ ਕਿ ਉਨ੍ਹਾਂ ਨੇ ਮੁਲਜ਼ਮ ਦੀ ਪਛਾਣ ਕਰ ਲਈ ਹੈ ਅਤੇ ਤਿੰਨ ਟੀਮਾਂ ਬਣਾਈਆਂ ਗਈਆਂ ਹਨ।

ਜਦਕਿ ਕਾਰ ਦੇ ਕਥਿਤ ਮਾਲਿਕ ਨੇ ਏਐੱਨਆਈ ਨਿਊਜ਼ ਏਜੰਸੀ ਨੂੰ ਕਿਹਾ ਕਿ ਉਨ੍ਹਾਂ ਦੇ ਦੋਸਤ ਨੇ ਦੋ ਦਿਨਾਂ ਲਈ ਕਾਰ ਉਧਾਰੀ ਲਈ ਸੀ।

ਦੂਜੇ ਪਾਸੇ ਸੋਸ਼ਲ ਮੀਡੀਆ ‘ਤੇ ਇਸ ਘਟਨਾ ਦਾ ਵੀਡੀਓ ਵਾਇਰਲ ਹੈ ਅਤੇ ਕਈ ਲੋਕ ਮਹਿਲਾਵਾਂ ਦੀ ਸੁਰੱਖਿਆ ਨੂੰ ਲੈ ਕੇ ਸਵਾਲ ਚੁੱਕ ਰਹੇ ਹਨ।

ਪੁਲਿਸ ਨੇ ਭਾਵੇਂ ਇਸ ਮਾਮਲੇ ਵਿੱਚ ਐੱਫਆਈਆਰ ਦਰਜ ਕਰ ਲਈ ਹੈ ਪਰ ਬਾਈਕਰ ਸੀਆ ਦਾ ਪਰਿਵਾਰ ਐੱਫਆਈਆਰ ਵਿੱਚ ਲੱਗੀਆਂ ਧਾਰਾਵਾਂ ਨਾਲ ਸੰਤੁਸ਼ਟ ਨਹੀਂ ਹੈ। ਸੀਆ ਨੇ ਵੀ ਅਜੇ ਤੱਕ ਮੁਲਜ਼ਮ ਦੀ ਗ੍ਰਿਫ਼ਤਾਰੀ ਨਾ ਹੋਣ ਉੱਤੇ ਸਵਾਲ ਚੁੱਕੇ ਹਨ।

ਕੌਣ ਹੈ ਮਹਿਲਾ ਬਾਈਕਰ ?

ਬਾਈਕਰ ਸੀਆ

ਤਸਵੀਰ ਸਰੋਤ, REBELWHEELS_SIA_/INSTAGRAM

ਸੀਆ ਨਾਮੀ ਮਹਿਲਾ ਬਾਈਕਰ ਨੇ ਐਤਵਾਰ ਸ਼ਾਮ ਇੰਸਟਾਗ੍ਰਾਮ ‘ਤੇ ਇੱਕ ਵੀਡੀਓ ਪੋਸਟ ਕੀਤਾ।

ਇਸ ਵੀਡੀਓ ਵਿੱਚ ਬਾਈਕ ‘ਤੇ ਲੱਗੇ ਕੈਮਰੇ ਵਿੱਚ ਕਾਰ ਵੱਲੋਂ ਬਾਈਕ ਨੂੰ ਟੱਕਰ ਮਾਰਨ ਦੀ ਘਟਨਾ ਦਰਜ ਹੋਈ ਹੈ।

ਸੀਆ ਦਾ ਦਾਅਵਾ ਹੈ ਕਿ ਉਹ ਐਤਵਾਰ ਦੀ ਸਵੇਰ ‘ਸੰਡੇ ਰਾਈਡ’ ਦੌਰਾਨ ਆਪਣੇ ਦੋਸਤਾਂ ਨਾਲ ਬਾਈਕ ਚਲਾ ਰਹੀ ਸੀ ਤਾਂ ਇੱਕ ਕਾਰ ਨੇ ਉਨ੍ਹਾਂ ਦਾ ਪਿੱਛਾ ਕੀਤਾ।

ਉਨ੍ਹਾਂ ਨੇ ਕਿਹਾ, “ਗੌਲਫ ਕੋਰਸ ਰੋਡ ਤੋਂ ਜਾਂਦੇ ਸਮੇਂ ਇੱਕ ਗੱਡੀ ਵਾਲਾ ਸ਼ੁਰੂ ਤੋਂ ਉਨ੍ਹਾਂ ਦਾ ਪਿੱਛਾ ਕਰ ਰਿਹਾ ਸੀ। ਉਸ ਨੇ ਗੱਡੀ ਨਾਲ ਕੋਈ ਐਕਸ਼ਨ ਕੀਤਾ ਤਾਂ ਮੈਂ ਉਸ ਨੂੰ ਕਿਹਾ ਕਿ ਥੋੜ੍ਹਾ ਦੂਰ ਚਲਾਓ। ਉਸ ਨੇ ਕਿਹਾ, ਬਾਈਕ ਰੋਕੋ। ਮੇਰੇ ‘ਤੇ ਯਕੀਨ ਕਰੋ ਉਸ ਨੇ ਦਾਰੂ ਪੀਤੀ ਹੋਈ ਸੀ।”

“ਮੈਂ ਕੋਸ਼ਿਸ਼ ਕਰਦੀ ਹਾਂ ਕਿ ਮੈਂ ਉਸ ਤੋਂ ਥੋੜ੍ਹਾ ਅੱਗੇ ਚੱਲਾਂ ਤਾਂ ਕਿ ਉਹ ਆਪਣੀ ਗੱਡੀ ਮੇਰੇ ਬਾਈਕ ਦੇ ਅੱਗੇ ਲਿਆ ਕੇ ਨਾ ਲਗਾਏ। ਇਸੇ ਵੇਲੇ ਮੇਰਾ ਫਰੈਂਡ ਮੇਰੇ ਪਿੱਛੇ ਆਉਂਦਾ ਹੈ ਅਤੇ ਮੈਨੂੰ ਕਵਰ ਕਰਨ ਦੀ ਕੋਸ਼ਿਸ਼ ਕਰਦਾ ਹੈ। ਹਾਲਾਂਕਿ ਕਾਰ ਵਾਲੇ ਨੇ ਮੇਰਾ ਲਗਾਤਾਰ ਪਿੱਛਾ ਕੀਤਾ ਅਤੇ ਕੱਟ ਮਾਰਦਿਆਂ ਮੈਨੂੰ ਟੱਕਰ ਮਾਰ ਕੇ ਨਿਕਲ ਜਾਂਦਾ ਹੈ।”

“ਜਦੋਂ ਉਸ ਨੇ ਮੈਨੂੰ ਟੱਕਰ ਮਾਰੀ ਤਾਂ ਮੇਰੇ ਦੋਸਤ ਨੇ ਉਸ ਨੂੰ ਕਾਰ ਰੋਕਣ ਲਈ ਕਿਹਾ। ਮੇਰੇ ਦੋਸਤ ਨੇ ਉਸ ਨੂੰ ਰੈਡ ਲਾਈਟ ‘ਤੇ ਦੁਬਾਰਾ ਰੋਕਿਆ ਅਤੇ ਗੱਡੀ ਵਿੱਚੋਂ ਨਿਕਲਣ ਲਈ ਕਿਹਾ ਪਰ ਉਸ ਨੇ ਕਿਹਾ ਕਿ ‘ਮੇਰੀ ਗਲਤੀ ਨਹੀਂ ਹੈ’ ਅਤੇ ਉਹ ਉੱਥੋਂ ਭੱਜ ਗਿਆ।”

ਸੀਆ ਨੇ ਮੰਗਲਵਾਰ ਨੂੰ ਮੀਡੀਆ ਨੂੰ ਦਿੱਤੇ ਬਿਆਨ ਵਿੱਚ ਕਿਹਾ, “ਕੱਲ੍ਹ ਤੋਂ ਇਹ ਮਾਮਲਾ ਚੱਲ ਰਿਹਾ ਹੈ। ਕਿਸ ਨੇ ਸੜਕ ਉੱਤੇ ਟੱਕਰ ਮਾਰ ਕੇ ਮਰਨ ਲਈ ਛੱਡ ਦਿੱਤਾ ਤੇ ਉੱਥੋਂ ਭੱਜ ਗਿਆ। ਉਹ ਅਜੇ ਵੀ ਆਜ਼ਾਦ ਘੁੰਮ ਰਿਹਾ ਹੈ। ਨਿਊਜ਼ ਰਿਪੋਰਟਰਾਂ ਨੂੰ ਬਾਈਟਾਂ ਦੇ ਰਿਹਾ ਹੈ। ਪੁਲਿਸ ਉਸ ਨੂੰ ਗ੍ਰਿਫ਼ਤਾਰ ਕਿਉਂ ਨਹੀਂ ਕਰ ਰਹੀ ਹੈ।”

ਸੀਆ ਨੇ ਪਿਤਾ ਨੇ ਕਿਹਾ ਹੈ, “ਅਸੀਂ ਸੋਮਵਾਰ ਨੂੰ ਗੁਰੂਗ੍ਰਾਮ ਪੁਲਿਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਸੀ। ਪੁਲਿਸ ਨੇ ਮੀਡੀਆ ਦੇ ਪ੍ਰੈਸ਼ਰ ਵਿੱਚ ਐੱਫਆਈਆਰ ਦਰਜ ਕੀਤੀ ਹੈ ਪਰ ਅਸੀਂ ਐਫਆਈਆਰ ਵਿੱਚ ਲੱਗੀਆਂ ਧਾਰਾਵਾਂ ਨਾਲ ਸੰਤੁਸ਼ਟ ਨਹੀਂ ਹਾਂ। ਅਸੀਂ ਕਿਹਾ ਹੈ ਕਿ ਐਫਆਈਆਰ ਵਿੱਚ ਹਿਟ ਐਂਡ ਰਨ, ਕਤਲ ਦੀ ਕੋਸ਼ਿਸ਼ ਤੇ ਤੰਗ ਪ੍ਰੇਸ਼ਾਨ ਕਰਨ ਦੀਆਂ ਧਾਰਾਵਾਂ ਦਰਜ ਕੀਤੀਆਂ ਜਾਣ।”

ਗੁਰੂਗ੍ਰਾਮ ਪੁਲਿਸ ਨੇ ਕੀ ਕਿਹਾ ?

ਕਾਰ ਵੱਲੋਂ ਬਾਈਕ ਨੂੰ ਟੱਕਰ ਮਾਰੇ ਜਾਣ ਵਾਲੀ ਵਾਇਰਲ ਵੀਡੀਓ ਦਾ ਸਕਰੀਨ ਸ਼ੌਟ

ਤਸਵੀਰ ਸਰੋਤ, REBELWHEELS_SIA_/INSTAGRAM

ਸੋਸ਼ਲ ਮੀਡੀਆ ਐਕਸ ‘ਤੇ ਇਸ ਘਟਨਾ ਦਾ ਵੀਡੀਓ ਵਾਇਰਲ ਹੋਣ ਬਾਅਦ ਗੁਰੂਗ੍ਰਾਮ ਪੁਲਿਸ ਨੇ ਉਨ੍ਹਾਂ ਪੋਸਟਾਂ ‘ਤੇ ਕਮੈਂਟ ਕਰਕੇ ਦੱਸਿਆ ਕਿ ਪੁਲਿਸ ਨੇ ਇਸ ਮਾਮਲੇ ਵਿੱਚ ਕਾਰਵਾਈ ਸ਼ੁਰੂ ਕੀਤੀ ਹੈ।

ਗੁਰੂਗ੍ਰਾਮ ਪੁਲਿਸ ਨੇ ਐਕਸ ਤੇ ਲਿਖਿਆ, ” ਕੁੜੀ ਵੱਲੋਂ ਹਾਲੇ ਤੱਕ ਕੋਈ ਲਿਖਤੀ ਸ਼ਿਕਾਇਤ ਪ੍ਰਾਪਤ ਨਹੀਂ ਹੋਈ ਹੈ। ਹਾਲਾਂਕਿ, ਗੁਰੂਗ੍ਰਾਮ ਪੁਲਿਸ ਨੇ ਵਾਇਰਲ ਵੀਡੀਓ ਦਾ ਨੋਟਿਸ ਲੈਂਦਿਆਂ ਇਸ ਮਾਮਲੇ ਵਿੱਚ ਐਫਆਈਆਰ ਦਰਜ ਕਰ ਲਈ ਹੈ। ਮੁਲਜ਼ਮਾਂ ਦੀ ਜਲਦੀ ਪਛਾਣ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਅਤੇ ਉਨ੍ਹਾਂ ਖ਼ਿਲਾਫ਼ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ।”

ਇਸ ਤੋਂ ਬਾਅਦ ਇੱਕ ਹੋਰ ਐਕਸ ਪੋਸਟ ਵਿੱਚ ਗੁਰੂਗ੍ਰਾਮ ਪੁਲਿਸ ਨੇ ਲਿਖਿਆ, “ਇਸ ਘਟਨਾਕ੍ਰਮ ਵਿੱਚ ਮੁਲਜ਼ਮ ਦੀ ਪਛਾਣ ਕਰ ਲਈ ਗਈ ਹੈ। ਤਿੰਨ ਟੀਮਾਂ ਲਗਾਈਆਂ ਗਈਆਂ ਹਨ। ਮੁਲਜ਼ਮ ਦੇ ਟਿਕਾਣਿਆਂ ‘ਤੇ ਰੇਡ ਕੀਤੀ ਜਾ ਰਹੀ ਹੈ। ਮੁਲਜ਼ਮ ਨੂੰ ਜਲਦੀ ਗ੍ਰਿਫ਼ਤਾਰ ਕਰਨ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।”

ਉਧਰ, ਗੁਰੂਗ੍ਰਾਮ ਏਸੀਪੀ ਅਭਿਲਕਸ਼ ਜੋਸ਼ੀ ਨੇ ਸਮਾਚਾਰ ਏਜੰਸੀ ਏਐਨਆਈ ਨੂੰ ਦੱਸਿਆ ਕਿ ਸਬੰਧਿਤ ਮਹਿਲਾ ਨਾਲ ਸੰਪਰਕ ਸਾਧਿਆ ਗਿਆ ਹੈ ਅਤੇ ਸਵੈ ਨੋਟਿਸ ਲੈਂਦਿਆਂ ਸੈਕਟਰ 56 ਵਿੱਚ ਐਫਆਈਆਰ ਰਜਿਸਟਰ ਕਰ ਲਈ ਗਈ ਹੈ।

ਉਨ੍ਹਾਂ ਨੇ ਦੱਸਿਆ, “ਮੁਲਜ਼ਮ ਦੀ ਜਾਣਕਾਰੀ ਗੱਡੀ ਜ਼ਰੀਏ ਦੇਖੀ ਜਾ ਰਹੀ ਹੈ। ਅਤੇ ਮਹਿਲਾ ਨੂੰ ਜਾਂਚ ਵਿਚ ਸ਼ਾਮਲ ਕਰਕੇ ਜੋ ਵੀ ਮਾਮਲਾ ਆਉਂਦਾ ਹੈ ਉਸ ਮੁਤਾਬਕ ਅੱਗੇ ਕਾਰਵਾਈ ਹੋਵੇਗੀ। ਮਹਿਲਾ ਨੇ ਜੋ ਵੀਡੀਓ ਵਿੱਚ ਇਲਜ਼ਾਮ ਲਗਾਇਆ ਹੈ, ਉਸ ਹਿਸਾਬ ਨਾਲ ਕਾਰਵਾਈ ਕੀਤੀ ਜਾਵੇਗੀ।”

ਕਾਰ ਦੇ ਕਥਿਤ ਮਾਲਿਕ ਦਾ ਕੀ ਕਹਿਣਾ ਹੈ ?

ਵੀਡੀਓ ਦੇ ਸਕਰੀਨ ਸ਼ੌਟ ਵਿੱਚ ਦਿਸ ਰਿਹਾ ਇੱਕ ਆਦਮੀ।

ਤਸਵੀਰ ਸਰੋਤ, REBELWHEELS_SIA_/INSTAGRAM

ਮਹਿਲਾ ਬਾਈਕਰ ਦੇ ਵੀਡੀਓ ਵਿਚ ਦਿਸ ਰਹੀ ਕਾਰ ਮਾਰੂਤੀ ਸਜ਼ੂਕੀ ਦੀ ਸਿਆਜ਼ ਮਾਡਲ ਹੈ।

ਇਸ ਕਾਰ ਦੇ ਕਥਿਤ ਮਾਲਿਕ ਮਨੀਸ਼ ਨੇ ਸਮਾਚਾਰ ਏਜੰਸੀ ਏਐਨਆਈ ਨਾਲ ਗੱਲ ਕੀਤੀ ਹੈ।

ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਆਪਣੀ ਕਾਰ ਕਲਿਆਣ ਸਿੰਘ ਨਾਮੀ ਦੋਸਤ ਨੂੰ ਦਿੱਤੀ ਸੀ।

ਸਮਾਚਾਰ ਏਜੰਸੀ ਏਐਨਆਈ ਨੂੰ ਮਨੀਸ਼ ਨੇ ਕਿਹਾ, “ਇਹ ਮੇਰੀ ਗੱਡੀ ਹੈ। ਮੈਂ ਕੰਮ ‘ਤੇ ਸੀ ਅਤੇ ਮੇਰੇ ਦੋਸਤ ਨੇ ਕਾਰ ਉਧਾਰੀ ਲਈ ਸੀ। ਕਲਿਆਣ ਸਿੰਘ ਨੇ ਕਿਹਾ ਸੀ ਕਿ ਉਸ ਨੇ ਕਿਤੇ ਜਾਣਾ ਸੀ, ਉਸ ਨੇ ਦੋ ਦਿਨਾਂ ਲਈ ਕਾਰ ਲਈ ਸੀ।”

“ਮੈਨੂੰ ਐਕਸੀਡੈਂਟ ਬਾਰੇ ਸੋਮਵਾਰ ਸਵੇਰੇ ਪਤਾ ਲੱਗਿਆ। ਮੈਂ ਉਨ੍ਹਾਂ ਨੂੰ ਫੋਨ ਕੀਤਾ ਪਰ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ। ਮੈਂ ਆਪਣੇ ਪਿਤਾ ਅਤੇ ਹੋਰ ਲੋਕਾਂ ਨੂੰ ਉਨ੍ਹਾਂ ਦੇ ਘਰ ਭੇਜਿਆ। ਉਹ ਹਰਿਆਣਾ ਦੇ ਪਲਾਲ ਜ਼ਿਲ੍ਹੇ ਤੋਂ ਹਨ।”

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI