Home ਰਾਸ਼ਟਰੀ ਖ਼ਬਰਾਂ ‘ਚਮਤਕਾਰੀ ਬੱਚਾ’, ਜਿਸ ਦੀ ਜਾਨ ਬਚਾਉਣ ਲਈ ਮਾਂ ਦੇ ਗਰਭ ਵਿੱਚ ਹੀ...

‘ਚਮਤਕਾਰੀ ਬੱਚਾ’, ਜਿਸ ਦੀ ਜਾਨ ਬਚਾਉਣ ਲਈ ਮਾਂ ਦੇ ਗਰਭ ਵਿੱਚ ਹੀ ਹੋਈ ਉਸ ਦੀ ਸਰਜਰੀ, ਬੱਚੇ ਦੀਆਂ ਆਂਤਾਂ ਸਰੀਰ ਤੋਂ ਬਾਹਰ ਸਨ

3
0

Source :- BBC PUNJABI

ਆਪਣੀ ਮਾਂ ਦੀ ਗੋਦੀ ਵਿੱਚ ਥਿਓ

ਤਸਵੀਰ ਸਰੋਤ, Maisie Savage

ਡਾਕਟਰਾਂ ਨੇ ਇੱਕ ਅਣਜੰਮੇ ਬੱਚੇ ਦੇ ਜਨਮਜਾਤ ਵਿਕਾਰ ਨੂੰ ਠੀਕ ਕਰਨ ਲਈ ਮਾਂ ਦੇ ਗਰਭ ਦੇ ਅੰਦਰ ਹੀ ਇੱਕ ਅਨੋਖੀ ਸਰਜਰੀ ਕੀਤੀ ਹੈ।

ਲੰਦਨ ਦੇ ਰਹਿਣ ਵਾਲੇ ਮਹਿਲਾ, ਮੈਸੀ ਸੈਵੇਜ ਜਦੋਂ 26 ਹਫ਼ਤਿਆਂ ਦੇ ਗਰਭਵਤੀ ਸਨ ਤਾਂ ਅਮਰੀਕਾ ਵਿੱਚ ਉਨ੍ਹਾਂ ਦੀ ਸਰਜਰੀ ਕੀਤੀ ਗਈ।

ਬੇਬੀ ਥਿਓ, ਜੋ ਹੁਣ ਪੰਜ ਮਹੀਨੇ ਦਾ ਹੈ ਅਤੇ ਪੂਰੀ ਤਰ੍ਹਾਂ ਤੰਦਰੁਸਤ ਹੈ, ਨੂੰ ਗੈਸਟ੍ਰੋਸਕੀਜ਼ਿਸ ਸੀ। ਇਸ ਵਿੱਚ ਪੇਟ ਦੀ ਧੁੰਨੀ ਠੀਕ ਤਰ੍ਹਾਂ ਵਿਕਸਿਤ ਨਹੀਂ ਹੁੰਦੀ, ਜਿਸ ਕਾਰਨ ਆਂਤਾਂ ਸਰੀਰ ਤੋਂ ਬਾਹਰ ਵਧਣ ਲੱਗਦੀਆਂ ਹਨ।

ਡਾਕਟਰਾਂ ਨੇ ਥਿਓ ਦੀ ਮਾਂ ਦੇ ਗਰਭ ਨੂੰ ਅੰਸ਼ਕ ਤੌਰ ‘ਤੇ ਖੋਲ੍ਹਿਆ ਅਤੇ ਫਿਰ ਇੱਕ ਕੀ-ਹੋਲ ਸਰਜਰੀ ਰਾਹੀਂ ਥਿਓ ਦੇ ਅੰਗਾਂ ਨੂੰ ਹੌਲੀ-ਹੌਲੀ ਵਾਪਸ ਪੇਟ ਦੇ ਅੰਦਰ ਧੱਕ ਦਿੱਤਾ।

ਥਿਓ ਦੁਨੀਆ ਦਾ ਮਹਿਜ਼ ਤੀਜਾ ਅਜਿਹਾ ਬੱਚਾ ਹੈ, ਜਿਸਨੂੰ ਇਸ ਤਰ੍ਹਾਂ ਦੇ ਪਹਿਲੇ ਕਲੀਨਿਕਲ ਟ੍ਰਾਇਲ ਤੋਂ ਫ਼ਾਇਦਾ ਹੋਇਆ ਹੈ।

ਮੈਸੀ 29 ਸਾਲ ਦੇ ਹਨ ਅਤੇ ਉਨ੍ਹਾਂ ਦੇ ਪਾਰਟਨਰ ਤੇ ਥਿਓ ਦੇ ਪਿਤਾ ਜੋਸ਼ ਫ੍ਰੈਂਚ 36 ਸਾਲ ਦੇ ਹਨ। ਦੋਵੇਂ ਜਣੇ ਅਧਿਆਪਕ ਹਨ ਅਤੇ ਕਹਿੰਦੇ ਹਨ ਕਿ ਇਸ ਅਨੋਖੀ ਸਰਜਰੀ ਦੀ ਸਫ਼ਲਤਾ ਨਾਲ ਉਨ੍ਹਾਂ ਨੂੰ ਬਹੁਤ ਰਾਹਤ ਮਿਲੀ ਹੈ।

ਮੈਸੀ ਨੇ ਬੀਬੀਸੀ ਨਿਊਜ਼ ਨੂੰ ਦੱਸਿਆ, “ਉਹ (ਥਿਓ) ਇੱਕ ਛੋਟਾ ਜਿਹਾ ਚਮਤਕਾਰ ਹੈ, ਹੈ ਨਾ?”

ਪਰ ਉਹ ਦੋਵੇਂ ਜਾਣਦੇ ਹਨ ਕਿ ਹਾਲਾਤ ਬਹੁਤ ਵੱਖਰੇ ਹੋ ਸਕਦੇ ਸਨ।

ਥਿਓ

ਤਸਵੀਰ ਸਰੋਤ, Texas Children’s Hospital

ਜਨਮਜਾਤ ਵਿਕਾਰ ਦੀ ਇਹ ਗੰਭੀਰ ਸਮੱਸਿਆ ਹਰ ਸਾਲ ਯੂਕੇ ਵਿੱਚ 3,000 ਵਿੱਚੋਂ ਇੱਕ ਬੱਚੇ ਨੂੰ ਪ੍ਰਭਾਵਿਤ ਕਰਦੀ ਹੈ। ਦੁਨੀਆ ਭਰ ਵਿੱਚ, ਗੈਸਟ੍ਰੋਸਕੀਜ਼ਿਸ ਦੇ ਮਾਮਲੇ ਵੱਖ-ਵੱਖ ਖੇਤਰਾਂ ਵਿੱਚ ਵੱਖ-ਵੱਖ ਗਿਣਤੀ ਵਿੱਚ ਪਾਏ ਜਾਂਦੇ ਹਨ।

ਉੱਚ ਅਤੇ ਮੱਧਮ ਆਮਦਨ ਵਾਲੇ ਦੇਸ਼ਾਂ ਵਿੱਚ ਹੋਏ ਅਧਿਐਨਾਂ ਦੀ 2025 ਦੀ ਗਲੋਬਲ ਸਮੀਖਿਆ ਮੁਤਾਬਕ, ਦੱਖਣੀ ਅਮਰੀਕਾ ਵਿੱਚ ਅਜਿਹੇ ਸਭ ਤੋਂ ਵੱਧ ਮਾਮਲੇ ਸਾਹਮਣੇ ਆਉਂਦੇ ਹਨ। ਘੱਟ ਆਮਦਨ ਵਾਲੇ ਦੇਸ਼ਾਂ ਤੋਂ ਮਿਲਿਆ ਡੇਟਾ ਸੀਮਿਤ ਹੈ।

ਸਭ ਤੋਂ ਵਧੀਆ ਹਾਲਾਤਾਂ ਵਿੱਚ ਵੀ, ਬੱਚਿਆਂ ਨੂੰ ਹਫ਼ਤਿਆਂ ਤੱਕ ਇੰਟੈਂਸਿਵ ਕੇਅਰ ਵਿੱਚ ਰਹਿਣਾ ਪੈ ਸਕਦਾ ਹੈ ਅਤੇ ਉਨ੍ਹਾਂ ਨੂੰ ਟਿਊਬ ਜਾਂ ਆਈਵੀ ਰਾਹੀਂ ਪੋਸ਼ਣ ਦਿੱਤਾ ਜਾਂਦਾ ਹੈ ਅਤੇ ਸਰਜਰੀ ਦੀ ਲੋੜ ਪੈ ਸਕਦੀ ਹੈ।

ਥਿਓ ਵਰਗੇ ਸਭ ਤੋਂ ਗੁੰਝਲਦਾਰ ਮਾਮਲਿਆਂ ਵਿੱਚ, ਨਤੀਜੇ ਇਸ ਤੋਂ ਵੀ ਕਾਫ਼ੀ ਜ਼ਿਆਦਾ ਗੰਭੀਰ ਹੁੰਦੇ ਹਨ। ਇਨ੍ਹਾਂ ਵਿੱਚ ਨਵਜੰਮੇ ਬੱਚੇ ਦਾ ਇੰਟੈਂਸਿਵ ਕੇਅਰ ਵਿੱਚ ਛੇ ਮਹੀਨੇ ਤੱਕ ਰਹਿਣਾ, ਕਈ ਸਰਜਰੀਆਂ, ਦੋ ਸਾਲ ਤੱਕ ਆਈਵੀ ਰਾਹੀਂ ਪੋਸ਼ਣ ਅਤੇ ਸੰਭਾਵਿਤ ਤੌਰ ‘ਤੇ ਆਂਤ ਦਾ ਟ੍ਰਾਂਸਪਲਾਂਟ ਸ਼ਾਮਲ ਹੋ ਸਕਦਾ ਹੈ।

ਬਿਹਤਰੀਨ ਡਾਕਟਰੀ ਦੇਖਭਾਲ ਦੇ ਬਾਵਜੂਦ, ਅਜਿਹੇ ਮਾਮਲਿਆਂ ‘ਚ 10 ਵਿੱਚੋਂ ਇੱਕ ਬੱਚੇ ਦੀ ਮੌਤ ਹੋ ਜਾਂਦੀ ਹੈ।

ਸ਼ੁਰੂਆਤ ਵਿੱਚ ਥਿਓ ਦੇ ਮਾਤਾ-ਪਿਤਾ ਨੂੰ ਪਤਾ ਹੀ ਨਹੀਂ ਸੀ ਕਿ ਉਨ੍ਹਾਂ ਦੇ ਹੋਣ ਵਾਲੇ ਬੱਚੇ ਵਿੱਚ ਕੋਈ ਸਮੱਸਿਆ ਹੈ।

ਜੋਸ਼ ਕਹਿੰਦੇ ਹਨ, “20 ਹਫ਼ਤਿਆਂ ਵਾਲੇ ਸਕੈਨ ਦੇ ਸਮੇਂ, ਅਸੀਂ ਸਿਰਫ਼ ਆਪਣੇ ਬੱਚੇ ਦੀ ਝਲਕ ਦੇਖਣ ਲਈ ਉਤਸ਼ਾਹਿਤ ਸੀ। ਸਾਨੂੰ ਉਸ ਵੇਲੇ ਇਹ ਵੀ ਨਹੀਂ ਪਤਾ ਸੀ ਕਿ ਉਹ ਮੁੰਡਾ ਹੋਵੇਗਾ।”

ਜੋਸ਼ ਨੇ ਕਿਹਾ ਕਿ ਥਿਓ ਨੂੰ ਗੈਸਟ੍ਰੋਸਕੀਜ਼ਿਸ ਹੋਣ ਦਾ ਪਤਾ ਲੱਗਣਾ ਇੱਕ ਸਦਮਾ ਸੀ ਅਤੇ ਇਹ “ਬਹੁਤ ਡਰਾਉਣਾ” ਸੀ।

ਗਰਭ ਅਵਸਥਾ ਦੇ 24ਵੇਂ ਹਫ਼ਤੇ ਵਿੱਚ, ਲੰਦਨ ਦੇ ਗ੍ਰੇਟ ਔਰਮੰਡ ਸਟ੍ਰੀਟ ਹਸਪਤਾਲ (ਜਓ ਐਸਐਚ) ਦੇ ਮਾਹਿਰ ਡਾਕਟਰ, ਹੋਣ ਵਾਲੇ ਮਾਤਾ-ਪਿਤਾ ਮੈਸੀ ਅਤੇ ਜੋਸ਼ ਨੂੰ ਇਸ ਗੱਲ ਲਈ ਤਿਆਰ ਕਰ ਰਹੇ ਸਨ ਕਿ ਥਿਓ ਦੀ ਜ਼ਿੰਦਗੀ ਦੇ ਸ਼ੁਰੂਆਤੀ ਛੇ ਮਹੀਨੇ ਕਿਹੋ-ਜਿਹੇ ਹੋਣਗੇ।

ਹਾਲਾਂਕਿ, ਜਦੋਂ ਪਤਾ ਲੱਗਾ ਕਿ ਉਸ ਨੂੰ ਕੰਪਲੈਕਸ ਗੈਸਟ੍ਰੋਸਕੀਜ਼ਿਸ ਵਰਗੀ ਗੰਭੀਰ ਬਿਮਾਰੀ ਹੈ, ਤਾਂ ਡਾਕਟਰਾਂ ਨੇ ਉਸ ਨੂੰ ਹਿਊਸਟਨ ਦੇ ਟੈਕਸਾਸ ਚਿਲਡਰਨਜ਼ ਹਸਪਤਾਲ ਭੇਜ ਦਿੱਤਾ।

ਥਿਓ ਆਪਣੇ ਮਾਤਾ-ਪਿਤਾ ਮੈਸੀ ਤੇ ਜੋਸ਼ ਦੇ ਨਾਲ

ਤਸਵੀਰ ਸਰੋਤ, Maisie Savage

ਉੱਥੇ, ਭਰੂਣ ਅਤੇ ਬੱਚਿਆਂ ਦੇ ਸਰਜਨਾਂ ਦੀ ਇੱਕ ਟੀਮ, ਜਿਸ ਦੀ ਅਗਵਾਈ ਡਾਕਟਰ ਮਾਈਕਲ ਬੈਲਫੋਰਟ ਕਰ ਰਹੇ ਸਨ, ਜਨਮ ਤੋਂ ਪਹਿਲਾਂ ਕੰਪਲੈਕਸ ਗੈਸਟ੍ਰੋਸਕੀਜ਼ਿਸ ਨੂੰ ਠੀਕ ਕਰਨ ਲਈ ਆਪਣੀ ਕਿਸਮ ਦਾ ਪਹਿਲਾ ਕਲੀਨਿਕਲ ਟ੍ਰਾਇਲ ਕਰ ਰਹੀ ਸੀ।

ਇਸ ਟ੍ਰਾਇਲ ਦੇ ਕਲੀਨਿਕਲ ਮੁਖੀ ਬੈਲਫੋਰਟ ਪਹਿਲਾਂ ਵੀ ਸਪਾਈਨਾ ਬਿਫਿਡਾ ਵਾਲੇ ਬੱਚਿਆਂ ਲਈ ਗਰਭ ਦੇ ਅੰਦਰ ਇਸੇ ਤਰ੍ਹਾਂ ਦੀ ਸਰਜਰੀ ਕਰ ਚੁੱਕੇ ਸਨ।

ਮੈਸੀ ਨੂੰ ਕਿਹਾ ਗਿਆ ਕਿ ਉਨ੍ਹਾਂ ਨੂੰ ਤੁਰੰਤ ਟੈਕਸਾਸ ਜਾਣਾ ਪਵੇਗਾ ਅਤੇ ਗਰਭ ਅਵਸਥਾ ਦੌਰਾਨ ਬਾਕੀ ਦਾ ਸਮਾਂ ਉੱਥੇ ਹੀ ਰਹਿਣਾ ਪਵੇਗਾ। ਮੈਸੀ ਕਹਿੰਦੇ ਹਨ ਕਿ “ਇਹ ਇੱਕ ਬਹੁਤ ਵੱਡਾ ਫ਼ੈਸਲਾ ਸੀ।”

ਟ੍ਰਾਇਲ ਦੇ ਹਿੱਸੇ ਵਜੋਂ, ਉਨ੍ਹਾਂ ਨੂੰ ਸਭ ਤੋਂ ਪਹਿਲਾਂ ਬੈਲਜੀਅਮ ਦੇ ਲਿਊਵਨ ਹਸਪਤਾਲ ਜਾਣਾ ਪਿਆ, ਜਿੱਥੇ ਮਾਹਿਰ ਡਾਕਟਰਾਂ ਨੇ ਮੈਸੀ ਦੇ ਗਰਭ ਰਾਹੀਂ ਥਿਓ ਦੀ ਪੇਟ ਦੀ ਕੰਧ ਵਿੱਚ ਬੋਟੌਕਸ ਦਾ ਟੀਕਾ ਲਗਾਉਣਾ ਸੀ, ਤਾਂ ਜੋ ਮਾਸਪੇਸ਼ੀਆਂ ਢਿੱਲੀਆਂ ਪੈ ਜਾਣ ਅਤੇ ਸਰਜਰੀ ਆਸਾਨ ਹੋ ਸਕੇ।

ਇਸ ਤੋਂ ਬਾਅਦ ਪਰਿਵਾਰ ਟੈਕਸਾਸ ਗਿਆ, ਜਿੱਥੇ ਪਿਛਲੇ ਸਾਲ ਨਵੰਬਰ ਵਿੱਚ, ਗਰਭ ਅਵਸਥਾ ਦੇ 26ਵੇਂ ਹਫ਼ਤੇ ਵਿੱਚ ਉਨ੍ਹਾਂ ਦੀ ਸਰਜਰੀ ਕੀਤੀ ਗਈ।

ਜੋਸ਼ ਨੇ ਕਿਹਾ ਕਿ ਜਦੋਂ ਡਾਕਟਰ ਮੈਸੀ ਦਾ ਆਪ੍ਰੇਸ਼ਨ ਕਰ ਰਹੇ ਸਨ, ਤਾਂ ਇੱਕ-ਇੱਕ ਪਲ ਬਹੁਤ ਲੰਮਾ ਅਤੇ ਮੁਸ਼ਕਿਲ ਭਰਿਆ ਲੱਗ ਰਿਹਾ ਸੀ।

ਉਨ੍ਹਾਂ ਕਿਹਾ, “ਉਸ ਦਿਨ ਦਾ ਸਮਾਂ ਇੰਝ ਲੱਗ ਰਿਹਾ ਸੀ ਜਿਵੇਂ ਇੱਕ ਹਫ਼ਤਾ ਬੀਤ ਗਿਆ ਹੋਵੇ। ਇੰਤਜ਼ਾਰ ਕਰਨਾ ਅਤੇ ਇਹ ਨਾ ਪਤਾ ਹੋਣਾ ਕਿ ਹਰ ਪੜਾਅ ‘ਤੇ ਅਸਲ ਵਿੱਚ ਕੀ ਹੋ ਰਿਹਾ ਹੈ, ਬਹੁਤ ਮੁਸ਼ਕਿਲ ਸੀ।”

ਮੈਸੀ ਦੇ ਗਰਭ ਨੂੰ ਅੰਸ਼ਕ ਤੌਰ ‘ਤੇ ਖੋਲ੍ਹਿਆ ਗਿਆ ਤਾਂ ਜੋ ਬੱਚੇਦਾਨੀ ਅਤੇ ਬੱਚੇ ਦੀ ਸਹੀ ਸਥਿਤੀ ਬਣੀ ਰਹੇ, ਫਿਰ ਐਮਨਿਓਟਿਕ ਫਲੂਇਡ (ਬੱਚੇਦਾਨੀ ਵਿਚਲਾ ਪਾਣੀ ਜਿਸ ਵਿੱਚ ਬੱਚਾ ਹੁੰਦਾ ਹੈ) ਕੱਢਿਆ ਗਿਆ ਅਤੇ ਗਰਭ ਅੰਦਰ ਆਪ੍ਰੇਸ਼ਨ ਵਾਲੀ ਥਾਂ ਨੂੰ ਵੱਡਾ ਕਰਨ ਲਈ ਉਸ ਦੀ ਥਾਂ ਕਾਰਬਨ ਡਾਈਆਕਸਾਈਡ (CO2) ਗੈਸ ਭਰੀ ਗਈ।

ਕੀ-ਹੋਲ ਸਰਜਰੀ ਦੀ ਵਰਤੋਂ ਕਰਕੇ, ਥਿਓ ਦੇ ਅੰਗਾਂ ਨੂੰ ਹੌਲੀ-ਹੌਲੀ ਉਸ ਦੇ ਪੇਟ ਦੇ ਅੰਦਰ ਵਾਪਸ ਧੱਕਿਆ ਗਿਆ ਅਤੇ ਪੇਟ ਨੂੰ ਟਾਂਕੇ ਲਗਾ ਕੇ ਬੰਦ ਕਰ ਦਿੱਤਾ ਗਿਆ।

ਇਸ ਸਰਜਰੀ ਤੋਂ ਬਾਅਦ ਮੈਸੀ ਦੇ ਸਰੀਰ ‘ਤੇ ਜੋ ਨਿਸ਼ਾਨ ਰਹਿ ਗਿਆ ਹੈ, ਉਹ ਸੀ-ਸੈਕਸ਼ਨ ਦੇ ਚੀਰੇ ਨਾਲੋਂ ਦੁੱਗਣਾ ਵੱਡਾ ਹੈ। ਪਰ ਸੀ-ਸੈਕਸ਼ਨ ਤੋਂ ਠੀਕ ਹੋਣ ਵਾਲੀਆਂ ਹੋਰ ਮਹਿਲਾਵਾਂ ਦੇ ਉਲਟ, ਉਨ੍ਹਾਂ ਨੇ ਅਜੇ ਵੀ 14 ਹਫ਼ਤਿਆਂ ਤੱਕ ਆਪਣੇ ਅੰਦਰ ਬੱਚੇ ਨੂੰ ਪਾਲਣਾ ਸੀ।

ਉਨ੍ਹਾਂ ਦੱਸਿਆ ਕਿ ਥਿਓ ਅਕਸਰ ਉਨ੍ਹਾਂ ਦੇ ਅੰਦਰ ਲੱਤਾਂ ਮਾਰਦਾ ਸੀ, ਜਿਸ ਕਾਰਨ ਉਨ੍ਹਾਂ ਦੇ ਆਪ੍ਰੇਸ਼ਨ ਵਾਲੀ ਥਾਂ ‘ਤੇ ਸੱਟ ਲੱਗਦੀ ਸੀ ਅਤੇ ਉਨ੍ਹਾਂ ਨੂੰ ਦਰਦ ਹੁੰਦਾ ਸੀ।

ਮੈਸੀ ਨੇ ਕਿਹਾ, “ਠੀਕ ਹੋਣ ਦਾ ਇਹ ਦੌਰ ਵੀ ਬਹੁਤ ਮੁਸ਼ਕਿਲ ਸੀ। ਪਰ, ਇਹ ਸਭ ਕਰਨਾ ਸਫਲ ਰਿਹਾ।”

ਆਪ੍ਰੇਸ਼ਨ ਪੂਰੀ ਤਰ੍ਹਾਂ ਸਫ਼ਲ ਰਿਹਾ ਅਤੇ ਥਿਓ ਦਾ ਵਿਕਾਸ ਪੂਰਾ ਹੋਣ ਤੋਂ ਬਾਅਦ ਫ਼ਰਵਰੀ ਵਿੱਚ ਟੈਕਸਾਸ ਵਿੱਚ ਵਜਾਈਨਲ ਡਿਲੀਵਰੀ ਰਾਹੀਂ ਉਸ ਦਾ ਜਨਮ ਹੋਇਆ।

ਬੈਲਫੋਰਟ ਨੇ ਕਿਹਾ ਕਿ ਉਹ ਅਤੇ ਉਨ੍ਹਾਂ ਦੀ ਟੀਮ ਹੁਣ ਤੱਕ ਮਿਲੇ ਨਤੀਜਿਆਂ ਤੋਂ ਬਹੁਤ ਖੁਸ਼ ਹਨ

ਤਸਵੀਰ ਸਰੋਤ, Texas Children’s Hospital

ਟੈਕਸਾਸ ਚਿਲਡਰਨਜ਼ ਹਸਪਤਾਲ ਵਿੱਚ ਔਬਸਟੈਟ੍ਰਿਸ਼ੀਅਨ ਅਤੇ ਗਾਇਨਾਕੋਲੋਜਿਸਟ-ਇਨ-ਚੀਫ਼, ਬੈਲਫੋਰਟ ਨੇ ਕਿਹਾ ਕਿ ਉਹ ਅਤੇ ਉਨ੍ਹਾਂ ਦੀ ਟੀਮ ਹੁਣ ਤੱਕ ਮਿਲੇ ਨਤੀਜਿਆਂ ਤੋਂ ਬਹੁਤ ਖੁਸ਼ ਹਨ।

ਉਨ੍ਹਾਂ ਕਿਹਾ, “ਮਾਂ, ਬੱਚਾ, ਸਰਜਰੀ, ਸਰਜਰੀ ਦਾ ਸਮਾਂ, ਅਤੇ ਇਹ ਗੱਲ ਕਿ ਭਰੂਣ ਦੀ ਸਰਜਰੀ ਦੌਰਾਨ ਅਤੇ ਉਸ ਤੋਂ ਬਾਅਦ ਕੋਈ ਵੀ ਦਿੱਕਤ ਨਹੀਂ ਆਈ – ਇਹ ਸਭ ਵਾਕਈ ਕਮਾਲ ਦਾ ਸੀ।”

ਜੇਕਰ ਇਹ ਟ੍ਰਾਇਲ ਸਫ਼ਲ ਰਹਿੰਦਾ ਹੈ, ਤਾਂ ਜੀਓਐਸਐਚ ਵਿੱਚ ਪੀਡੀਆਟ੍ਰਿਕ ਸਰਜਰੀ ਦੇ ਪ੍ਰੋਫੈਸਰ ਅਤੇ ਯੂਨੀਵਰਸਿਟੀ ਕਾਲਜ ਲੰਦਨ ਵਿੱਚ ਸਟੈਮ ਸੈੱਲਜ਼ ਅਤੇ ਰੀਜਨਰੇਟਿਵ ਮੈਡੀਸਨ ਦੇ ਮੁਖੀ, ਪਾਓਲੋ ਡੀ ਕੋੱਪੀ ਯੂਕੇ ਵਿੱਚ ਇਹ ਵਿਧੀ ਅਪਣਾਉਣਗੇ।

ਉਨ੍ਹਾਂ ਕਿਹਾ, “ਸਾਨੂੰ ਉਮੀਦ ਹੈ ਕਿ ਅਸੀਂ ਬਹੁਤ ਜਲਦੀ ਵੱਡੇ ਪੱਧਰ ‘ਤੇ ਮਰੀਜ਼ਾਂ ਨੂੰ ਇਹ ਸਹੂਲਤ ਦੇ ਸਕਾਂਗੇ।”

ਬੈਲਫੋਰਟ ਇਸ ਸਾਂਝੇਦਾਰੀ ਨੂੰ ਲੈ ਕੇ ਉਤਸ਼ਾਹਿਤ ਹਨ ਅਤੇ ਉਨ੍ਹਾਂ ਕਿਹਾ ਕਿ ਟੈਕਸਾਸ ਚਿਲਡਰਨਜ਼ ਅਤੇ ਜੀਓਐਸਐਚ ਦਾ ਮਿਲ ਕੇ ਕੰਮ ਕਰਨਾ ਇੱਕ ਸ਼ਾਨਦਾਰ ਟੀਮ ਬਣਾਏਗਾ।

ਅਤੇ ਬੈਲਫੋਰਟ ਪਹਿਲਾਂ ਤੋਂ ਹੀ ਸੋਚ ਰਹੇ ਹਨ ਕਿ ਅੱਗੇ ਹੋਰ ਕੀ ਕੀਤਾ ਜਾ ਸਕਦਾ ਹੈ।

ਉਨ੍ਹਾਂ ਕਿਹਾ, “ਗਰਭ ਦੇ ਅੰਦਰਲਾ ਹਿੱਸਾ ਹੁਣ ਇਨੋਵੇਸ਼ਨ ਲਈ ਇੱਕ ਨਵੀਂ ਥਾਂ ਹੈ ਜਿੱਥੇ ਸਰਜਰੀ ਕੀਤੀ ਜਾ ਸਕਦੀ ਹੈ। ਸਪਾਈਨਾ ਬਿਫਿਡਾ ਅਤੇ ਗੈਸਟ੍ਰੋਸਕੀਜ਼ਿਸ ਤਾਂ ਸਿਰਫ਼ ਦੋ ਉਦਾਹਰਨਾਂ ਹਨ, ਪਰ ਮੇਰਾ ਮੰਨਣਾ ਹੈ ਕਿ ਅਸੀਂ ਗਰਭ ਦੇ ਅੰਦਰ ਕੁਝ ਦਿਲ ਦੀਆਂ ਸਰਜਰੀਆਂ ਅਤੇ ਫੇਫੜਿਆਂ ਦੀਆਂ ਸਰਜਰੀਆਂ ਵੀ ਕਰ ਸਕਦੇ ਹਾਂ।”

ਥਿਓ ਆਪਣੇ ਮਾਤਾ-ਪਿਤਾ ਨਾਲ ਆਪਣੇ ਘਰ ਲੰਦਨ 'ਚ ਵਾਪਿਸ ਆ ਗਿਆ ਹੈ ਬਿਲਕੁਲ ਠੀਕ ਹੈ

ਲੰਦਨ ਵਿੱਚ ਘਰ ਵਾਪਸ ਆਉਣ ਤੋਂ ਬਾਅਦ, ਮੈਸੀ ਨੇ ਦੱਸਿਆ ਕਿ ਥਿਓ ਬਹੁਤ ਵਧੀਆ ਸਥਿਤੀ ਵਿੱਚ ਹੈ।

ਉਨ੍ਹਾਂ ਕਿਹਾ, “ਉਨ੍ਹਾਂ ਨੇ ਜੋ ਕੁਝ ਵੀ ਕੀਤਾ, ਉਸ ਨਾਲ ਥਿਓ ਦੀ ਜ਼ਿੰਦਗੀ ਦੀ ਉਹ ਸ਼ੁਰੂਆਤ, ਜੋ ਬਹੁਤ ਮਾੜੀ ਹੋ ਸਕਦੀ ਸੀ, ਪੂਰੀ ਤਰ੍ਹਾਂ ਬਦਲ ਗਈ ਅਤੇ ਉਹ ਬਿਲਕੁਲ ਚੰਗਾ ਹੈ। ਅਸਲ ਵਿੱਚ, ਉਹ ਇੱਕ ਬਿਲਕੁਲ ਆਮ ਬੱਚਾ ਹੈ।”

ਜੋਸ਼ ਨੇ ਕਿਹਾ, “ਅਸੀਂ ਦੋਵੇਂ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਮੰਨਦੇ ਹਾਂ। ਇੱਕ ਪਰਿਵਾਰ ਵਜੋਂ ਉਨ੍ਹਾਂ ਨੇ ਸਾਡੇ ਉੱਤੇ ਜੋ ਅਸਰ ਪਾਇਆ ਹੈ, ਉਹ ਕਮਾਲ ਦਾ ਹੈ। ਗ੍ਰੇਟ ਔਰਮੰਡ ਸਟ੍ਰੀਟ ਦੀ ਟੀਮ ਤੋਂ ਲੈ ਕੇ ਡਾਕਟਰ ਬੈਲਫੋਰਟ ਅਤੇ ਉਨ੍ਹਾਂ ਦੀ ਟੀਮ ਤੱਕ, ਸਭ ਨੇ ਸਾਨੂੰ ਬਹੁਤ ਅਪਣੱਤ ਮਹਿਸੂਸ ਕਰਵਾਈ ਹੈ।”

“ਜਦੋਂ ਅਸੀਂ ਉੱਥੇ ਸੀ, ਤਾਂ ਬਹੁਤ ਵਧੀਆ ਦੇਖਭਾਲ ਹੋ ਰਹੀ ਸੀ। ਉਨ੍ਹਾਂ ਨੇ ਸਾਡੀ ਜ਼ਿੰਦਗੀ ਦੇ ਬਹੁਤ ਮੁਸ਼ਕਿਲ ਸਮੇਂ ਨੂੰ ਕਾਫ਼ੀ ਆਸਾਨ ਬਣਾ ਦਿੱਤਾ, ਅਤੇ ਹੁਣ ਸਾਡੇ ਕੋਲ ਇਹ ਨਿੱਕਾ ਜਿਹਾ ਬੱਚਾ ਹੈ – ਅਸੀਂ ਇਸ ਤੋਂ ਵੱਧ ਖੁਸ਼ ਨਹੀਂ ਹੋ ਸਕਦੇ।”

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI