Home rss national punjabi2ਰਾਸ਼ਟਰੀ ਖ਼ਬਰਾਂ ਤੁਹਾਨੂੰ ਪ੍ਰਤੀ ਮਿੰਟ ਕਿੰਨੇ ਵਾਰ ਸਾਹ ਲੈਣਾ ਚਾਹੀਦਾ ਹੈ, ਸੋਸ਼ਲ ਮੀਡੀਆ ‘ਤੇ...

ਤੁਹਾਨੂੰ ਪ੍ਰਤੀ ਮਿੰਟ ਕਿੰਨੇ ਵਾਰ ਸਾਹ ਲੈਣਾ ਚਾਹੀਦਾ ਹੈ, ਸੋਸ਼ਲ ਮੀਡੀਆ ‘ਤੇ ਸਾਹ ਨਾਲ ਸਬੰਧਿਤ ਦੱਸੇ ਜਾਂਦੇ ਕਿਹੜੇ ਟੈਸਟਾਂ ਤੋਂ ਬਚਣਾ ਚਾਹੀਦਾ ਹੈ?

4
0

Source :- BBC PUNJABI

ਨੱਕ ਘੁੱਟ ਕੇ ਸਾਹ ਰੋਕ ਰਹੀ ਇੱਕ ਲੜਕੀ ਦੀ ਸਾਈਡ ਤਸਵੀਰ।

ਤਸਵੀਰ ਸਰੋਤ, Getty Images

ਜੇ ਤੁਸੀਂ ਸੋਸ਼ਲ ਮੀਡੀਆ ‘ਤੇ ਐਕਟਿਵ ਹੋ ਤਾਂ ਆਪਣੇ ਫੇਫੜਿਆਂ ਦੇ ਕੰਮ ਕਰਨ ਦੀ ਸਮਰਥਾ ਦੀ ਜਾਂਚ ਨਾਲ ਜੁੜੇ ਕੁਝ ਵਾਇਰਲ ਵੀਡੀਓ ਜ਼ਰੂਰ ਦੇਖੇ ਹੋਣਗੇ। ਤੁਸੀਂ ਸ਼ਾਇਦ ਇਹ ਵੀ ਸੁਣਿਆ ਹੋਏਗਾ ਕਿ ਜੇ ਤੁਸੀਂ 50 ਸੈਕਿੰਡ ਤੋਂ 1 ਮਿੰਟ ਤੱਕ ਆਪਣਾ ਸਾਹ ਰੋਕ ਸਕਦੇ ਹੋ ਤਾਂ ਇਸ ਦਾ ਮਤਲਬ ਹੈ ਕਿ ਤੁਹਾਡੇ ਫੇਫੜੇ ਸਿਹਤਮੰਦ ਹਨ।

ਜੋ ਵੀ ਇਨ੍ਹਾਂ ਵੀਡੀਓਜ਼ ਨੂੰ ਦੇਖੇਗਾ, ਉਹ ਇਨ੍ਹਾਂ ਪ੍ਰੀਖਣਾਂ ਨੂੰ ਅਜ਼ਮਾਉਣ ਲਈ ਉਤਸੁਕ ਹੋਵੇਗਾ।

ਪਰ ਕੀ ਮੌਕੇ ‘ਤੇ ਕੀਤੇ ਜਾਣ ਵਾਲੇ ਅਜਿਹੇ ਪ੍ਰੀਖਣ ਅਸਲ ਵਿੱਚ ਤੁਹਾਡੇ ਫੇਫੜਿਆਂ ਦੀ ਸਮਰੱਥਾ ਨਿਰਧਾਰਿਤ ਕਰਨ ਵਿੱਚ ਮਦਦ ਕਰ ਸਕਦੇ ਹਨ? ਇਹ ਸਵਾਲ ਵੀ ਉੱਠ ਸਕਦਾ ਹੈ ਕਿ ਕੀ ਅਜਿਹੇ ਪ੍ਰੀਖਣ ਸਾਰਿਆਂ ਨੂੰ ਕਰਾਉਣੇ ਚਾਹੀਦੇ ਹਨ।

ਇਨ੍ਹਾਂ ਬਾਰੇ ਜਾਨਣ ਤੋਂ ਪਹਿਲਾਂ, ਫੇਫੜਿਆਂ ਦੇ ਕੰਮਾਂ ਬਾਰੇ ਕੁਝ ਬੁਨਿਆਦੀ ਜਾਣਕਾਰੀ ਹੋਣਾ ਜ਼ਰੂਰੀ ਹੈ।

ਫੇਫੜਿਆਂ ਦਾ ਕੰਮ ਕੀ ਹੈ ?

ਫੇਫੜੇ

ਤਸਵੀਰ ਸਰੋਤ, Getty Images

ਫੇਫੜੇ ਦੋ ਮਹੱਤਵਪੂਰਨ ਕੰਮ ਕਰਦੇ ਹਨ। ਪਹਿਲਾ ਹੈ ਆਕਸੀਜਨ ਲੈਣਾ ਅਤੇ ਉਸ ਨੂੰ ਖੂਨ ਦੇ ਪ੍ਰਵਾਹ ਵਿੱਚ ਛੱਡਣਾ। ਦੂਜਾ ਹੈ ਕਾਰਬਨ ਡਾਈ ਆਕਸਾਈਡ ਨੂੰ ਬਾਹਰ ਕੱਢਣਾ। ਦੂਜੇ ਸ਼ਬਦਾਂ ਵਿੱਚ, ਸਾਡੇ ਸਰੀਰ ਦੀ ਹਰ ਕੋਸ਼ਿਕਾ ਨੂੰ ਜਿਉਂਦੇ ਰਹਿਣ ਲਈ ਆਕਸੀਜਨ ਦੀ ਲੋੜ ਹੁੰਦੀ ਹੈ। ਫੇਫੜੇ ਉਸ ਆਕਸੀਜਨ ਨੂੰ ਗ੍ਰਹਿਣ ਕਰਨ ਅਤੇ ਉਸ ਨੂੰ ਖੂਨ ਦੇ ਪ੍ਰਵਾਹ ਵਿੱਚ ਛੱਡਣ ਦਾ ਮਹੱਤਵਪੂਰਨ ਕਾਰਜ ਕਰਦੇ ਹਨ।

ਸਰੀਰ ਦੀ ਹਰ ਕੋਸ਼ਿਕਾ ਨੂੰ ਆਕਸੀਜਨ ਦੀ ਪੂਰਤੀ ਤਾਂ ਕੀਤੀ ਜਾਂਦੀ ਹੈ ਤਾਂ ਕਿ ਫਾਲਤੂ ਗੈਸ ਕਾਰਬਨ ਡਾਈਆਕਸਾਈਡ ਨੂੰ ਬਾਹਰ ਕੱਢਿਆ ਜਾ ਸਕੇ। ਸਾਹ ਬਾਹਰ ਕੱਢਣ ਨਾਲ ਸਰੀਰ ਵਿੱਚੋਂ ਬਾਹਰ ਨਿਕਲ ਜਾਂਦੀ ਹੈ।

ਚੇਨਈ ਦੇ ਪਲਮੋਨੋਲੋਜਿਸਟ ਅਤੇ ਸਲੀਪ ਏਪਨੀਆ ਥੈਰੇਪਿਸਟ ਜਯਾ ਰਮਨ ਕਹਿੰਦੇ ਹਨ, “ਸਰਲ ਸ਼ਬਦਾਂ ਵਿੱਚ ਕਹੀਏ ਤਾਂ ਫੇਫੜਿਆਂ ਦਾ ਕੰਮ ਸਾਹ ਲੈਣਾ ਅਤੇ ਛੱਡਣਾ ਹੈ। ਯਾਨੀ ਆਕਸੀਜਨ ਲੈਣਾ ਅਤੇ ਕਾਰਬਨ ਡਾਈਆਕਸਾਈਡ ਬਾਹਰ ਕੱਢਣਾ। ਜਦੋਂ ਕਾਰਬਨ ਡਾਈਆਕਸਾਈਡ ਲੋੜੀਂਦੀ ਮਾਤਰਾ ਵਿੱਚ ਬਾਹਰ ਨਹੀਂ ਨਿਕਲ ਪਾਉਂਦੀ ਅਤੇ ਅੰਦਰ ਹੀ ਰਹਿ ਜਾਂਦੀ ਹੈ ਜਾਂ ਜਦੋਂ ਲੋੜੀਂਦੀ ਮਾਤਰਾ ਵਿਚ ਆਕਸੀਜਨ ਅੰਦਰ ਨਹੀਂ ਲਈ ਜਾਂਦੀ ਤਾਂ ਇਸ ਨੂੰ ਫੇਫੜਿਆਂ ਦੀ ਅਸਫਲਤਾ ਕਹਿੰਦੇ ਹਨ।”

ਸਾਹ ਲੈਣ ਦੀ ਦਰ ਕੀ ਹੈ ?

ਸਾਹ ਲੈਣ ਦੀ ਦਰ ਇੱਕ ਸਿਹਤਮੰਦ ਵਿਅਕਤੀ ਵੱਲੋਂ ਪ੍ਰਤੀ ਮਿੰਟ ਲਏ ਜਾਣ ਵਾਲੇ ਸਾਹਾਂ ਦੀ ਗਿਣਤੀ ਹੈ। ਇੱਕ ਬਾਲਗ ਨੂੰ ਪ੍ਰਤੀ ਮਿੰਟ 15-20 ਵਾਰ ਸਾਹ ਲੈਣਾ ਚਾਹੀਦਾ ਹੈ। ਅਮਰੀਕਨ ਲੰਗ ਐਸੋਸੀਏਸ਼ਨ ਦਾ ਕਹਿਣਾ ਹੈ ਕਿ 12 ਤੋਂ ਘੱਟ ਜਾਂ 25 ਤੋਂ ਜ਼ਿਆਦਾ ਸਾਹ ਲੈਣ ਦੀ ਦਰ ਸਮੱਸਿਆ ਹੈ। ਅਮਰੀਕਨ ਲੰਗ ਐਸੋਸੀਏਸ਼ਨ ਮੁਤਾਬਕ, ਇਸ ਸਮੱਸਿਆ ਤੋਂ ਪੀੜਤ ਲੋਕਾਂ ਨੂੰ ਟੈਕੀਪਨੀਆ ਜਾਂ ਹੋਰ ਅਜਿਹੀਆਂ ਸਮੱਸਿਆਵਾਂ ਹੋ ਸਕਦੀਆਂ ਹਨ ਜੋ ਕਿਸੇ ਹੋਰ ਸਿਹਤ ਸਮੱਸਿਆ ਦਾ ਸੰਕੇਤ ਦਿੰਦੀ ਹੈ।

ਇਹ ਉਮਰ ਦੇ ਨਾਲ ਬਦਲਦਾ ਰਹਿੰਦਾ ਹੈ। ਬੱਚਿਆਂ ਲਈ, ਜੀਵਨ ਦੇ ਪਹਿਲੇ ਸਾਲ ਵਿੱਚ 30-60 ਧੜਕਣ ਪ੍ਰਤੀ ਮਿੰਟ ਆਮ ਮੰਨੀ ਜਾਂਦੀ ਹੈ। ਉਸ ਤੋਂ ਬਾਅਦ ਇਹ ਦਰ ਘਟਣ ਲਗਦੀ ਹੈ।

ਕੀ ਕੋਈ ਘਰ ਵਿੱਚ ਹੀ ਸਾਹ ਦੀ ਜਾਂਚ ਕਰ ਸਕਦਾ ਹੈ?

ਫੇਫੜਿਆਂ ਦਾ ਐਕਸ ਰੇਅ ਦੇਖ ਰਹੀਆਂ ਦੋ ਮਹਿਲਾਵਾਂ

ਤਸਵੀਰ ਸਰੋਤ, Getty Images

ਅਸੀਂ ਜਯਾ ਰਮਨ ਤੋਂ ਪੁੱਛਿਆ ਕਿ ਕੀ ਉਹ ਵਾਇਰਲ ਵੀਡੀਓ ਵਿੱਚ ਦਿਖਾਏ ਗਏ ਤਰੀਕੇ ਨਾਲ ਇੱਕ ਨਿਸ਼ਚਿਤ ਸਮੇਂ ਤੱਕ ਸਾਹ ਰੋਕ ਕੇ ਘਰੇ ਹੀ ਆਪਣੇ ਫੇਫੜਿਆਂ ਦੀ ਸਮਰੱਥਾ ਦੀ ਜਾਂਚ ਕਰ ਸਕਦੇ ਹਨ।

ਉਨ੍ਹਾਂ ਨੇ ਕਿਹਾ, “ਸੋਸ਼ਲ ਮੀਡੀਆ ‘ਤੇ ਵੀਡੀਓ ਵਿੱਚ ਦਿਖਾਈਆਂ ਗਈਆਂ ਕਸਰਤਾਂ ਨੂੰ ਦੇਖ ਕੇ ਕਿਸੇ ਵਿਅਕਤੀ ਦੀ ਉਮਰ ਜਾਂ ਫੇਫੜਿਆਂ ਦੀ ਕਾਰਜ ਕੁਸ਼ਲਤਾ ਦਾ ਪਤਾ ਨਹੀਂ ਲਗਾਇਆ ਜਾ ਸਕਦਾ। ਇਸ ਲਈ ਕਈ ਤਰ੍ਹਾਂ ਤਰ੍ਹਾਂ ਦੇ ਮੈਡੀਕਲ ਟੈਸਟ ਹੁੰਦੇ ਹਨ। ਵੀਡੀਓ ਵਿੱਚ ਦਿਖਾਈਆਂ ਗਈਆਂ ਕਸਰਤਾਂ ਸਿਰਫ਼ ਫੇਫੜਿਆਂ ਦੀ ਕਾਰਜ ਕੁਸ਼ਲਤਾ ਦਾ ਅਸਿੱਧੇ ਰੂਪ ਨਾਲ ਅਨੁਮਾਨ ਲਗਾਉਣ ਦਾ ਇੱਕ ਸਰਲ ਤਰੀਕਾ ਹੋ ਸਕਦੇ ਹਨ। ਇਸ ਲਈ ਮੈਡੀਕਲ ਟੈਸਟ ਵੀ ਹੁੰਦੇ ਹਨ। ਕਈ ਤਰ੍ਹਾਂ ਦੇ ਸਾਹ ਟੈਸਟ ਵੀ ਹੁੰਦੇ ਹਨ।”

ਕਿਸ ਨੂੰ ਖ਼ਤਰਾ ਹੈ ?

ਡਾਕਟਰ ਜਯਾ ਰਮਨ ਦਾ ਕਹਿਣਾ ਹੈ ਕਿ ਵਾਇਰਲ ਵੀਡੀਓ ਵਿਚ ਦਿਖਾਏ ਗਏ ਟੈਸਟ ਕੁਝ ਲੋਕਾਂ ਲਈ ਜੋਖ਼ਮ ਪੈਦਾ ਕਰ ਸਕਦੇ ਹਨ।

ਡਾ. ਜਯਾ ਰਮਨ ਦੱਸਦੇ ਹਨ ਕਿ ਦਿਲ ਦੇ ਰੋਗ ਅਤੇ ਹਾਈ ਬਲੱਡ ਪ੍ਰੈਸ਼ਰ ਤੋਂ ਪੀੜਤ ਲੋਕ ਜੇ ਬਹੁਤ ਦੇਰ ਤੱਕ ਸਾਹ ਰੋਕਦੇ ਹਨ ਤਾਂ ਬੇਹੋਸ਼ ਹੋਣ ਦਾ ਖ਼ਤਰਾ ਰਹਿੰਦਾ ਹੈ।

ਨਿਊਯਾਰਕ ਦੇ ਮਾਊਂਟ ਸਿਨਾਈ ਮੈਡੀਕਲ ਸੈਂਟਰ ਸਥਿਤ ਐਸਯੂਐਨਵਾਈ ਡਾਊਨਸਟੇਟ ਮੈਡੀਕਲ ਸੈਂਟਰ ਵਿੱਚ ਪ੍ਰੋਫੈਸਰ ਅਤੇ ਮੈਡੀਕਲ ਇੰਸਟ੍ਰਕਟਰ ਪਾਇਲ ਗੁਪਤਾ ਨੇ ਅਮਰੀਕਨ ਲੰਗ ਐਸੋਸੀਏਸ਼ਨ ਦੀ ਵੈਬਸਾਈਟ ‘ਤੇ ਪ੍ਰਕਾਸ਼ਿਤ ਇੱਕ ਲੇਖ ਵਿੱਚ ਲਿਖਿਆ ਕਿ ਇਸ ਨਾਲ ਅਸਥਮਾ, ਦਿਲ ਦੀ ਧੜਕਣ ਦੀ ਅਨਿਯਮਿਤਤਾ ਅਤੇ ਦੌਰੇ ਪੈਣ ਦੀ ਬਿਮਾਰੀ ਤੋਂ ਪੀੜਤ ਲੋਕ ਪ੍ਰਭਾਵਿਤ ਹੋ ਸਕਦੇ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਕੁਝ ਸਮੇਂ ਤੱਕ ਸਾਹ ਰੋਕ ਕੇ ਰੱਖਣ ਨਾਲ ਫੇਫੜਿਆਂ ਦੀ ਸਮਰੱਥਾ ਨਹੀਂ ਵਧਦੀ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਧਾਰਨਾ ਅਥਲੀਟਾਂ ਅਤੇ ਗੋਤਾਖੋਰਾਂ ਤੋਂ ਪੈਦਾ ਹੋਈ ਹੈ ਜੋ ਲੰਬੇ ਸਮੇਂ ਤੱਕ ਸਾਹ ਰੋਕ ਕੇ ਰੱਖਣ ਦਾ ਅਭਿਆਸ ਕਰਦੇ ਹਨ।

ਉਹ ਕਹਿੰਦੇ ਹਨ, ” ਸਾਹ ਰੋਕ ਕੇ ਅਸਲ ਵਿੱਚ ਫੇਫੜਿਆਂ ਨੂੰ ਟ੍ਰੇਨਿੰਗ ਨਹੀਂ ਦਿੱਤੀ ਜਾ ਸਕਦੀ। ਬਲਕਿ ਸਰੀਰ ਦੀ ਕਾਰਬਨ ਡਾਈਆਕਸਾਈਡ ਸਹਿਣ ਕਰਨ ਦੀ ਸਮਰੱਥਾ ਅਤੇ ਖੂਨ ਵਿੱਚ ਕਾਰਬਨ ਡਾਈਆਕਸਾਈਡ ਦੇ ਵਧੇ ਹੋਏ ਪੱਧਰ ਪ੍ਰਤੀ ਪ੍ਰਤਿਕਿਰਿਆ ਨੂੰ ਟਰੇਨ ਕੀਤਾ ਜਾਂਦਾ ਹੈ।”

ਡਾ. ਜਯਾ ਰਮਨ ਕਹਿੰਦੇ ਹਨ, “ਅਸੀਂ ਘਰੇ ਹੀ ਸਾਹ ਬਾਰੇ ਟੈਸਟ ਕਰਨ ਦੀ ਸਲਾਹ ਨਹੀਂ ਦਿੰਦੇ। ਫੇਫੜਿਆਂ ਦੀ ਸਮਰੱਥਾ ਅਤੇ ਸਾਹ ਰੋਕਣ ਦੀ ਸਮਰੱਥਾ ਹਰ ਵਿਅਕਤੀ ਦੀ ਉਮਰ ਅਤੇ ਸਿਹਤ ਮੁਤਾਬਕ ਵੱਖਰੀ ਹੁੰਦੀ ਹੈ।”

ਡਾ. ਜਯਾ ਰਮਨ ਦਾ ਬਿਆਨ

ਉਹ ਇਹ ਵੀ ਕਹਿੰਦੇ ਹਨ ਕਿ ਵਾਇਰਲ ਵੀਡੀਓ ਵਿੱਚ ਦਿਖਾਏ ਗਏ ਤਰੀਕੇ ਨਾਲ ਕਿਸੇ ਨਿਸ਼ਚਿਤ ਸਮੇਂ ਜਾਂ ਨਿਸ਼ਚਿਤ ਪ੍ਰਤੀਸ਼ਤ ਤੱਕ ਸਾਹ ਰੋਕਣਾ ਸਿਹਤਮੰਦ ਨਹੀਂ ਮੰਨਿਆ ਜਾ ਸਕਦਾ ਹੈ।

ਇਸੇ ਤਰ੍ਹਾਂ ਫੇਫੜਿਆਂ ਦੀ ਕਾਰਜ ਸਮਰੱਥਾ ਦਾ ਅੰਦਾਜ਼ਾ ਲਾਉਣ ਲਈ ਇੱਕ ਅਭਿਆਸ ਵਜੋਂ ਸੋਸ਼ਲ ਮੀਡੀਆ ‘ਤੇ ਇਹ ਵੀ ਸੁਝਾਅ ਦਿੱਤਾ ਜਾਂਦਾ ਹੈ ਕਿ ਕੋਈ ਵਿਅਕਤੀ ਕਿੰਨੇ ਗੁਬਾਰੇ ਫੈਲਾਉਂਦਾ ਹੈ ਅਤੇ ਉਹ ਕਿੰਨੇ ਵੱਡੇ ਹੁੰਦੇ ਹਨ।

ਡਾ. ਜਯਾ ਰਮਨ ਕਹਿੰਦੇ ਹਨ, “ਇਹ ਵੀ ਇੱਕ ਅਸਿੱਧਾ ਟੈਸਟ ਹੈ। ਇਹ ਫ਼ੈਸਲਾਕੁੰਨ ਨਹੀਂ ਹੈ। ਇਸ ਤੋਂ ਇਲਾਵਾ ਇਸ ਅਭਿਆਸ ਦਾ ਉਪਯੋਗ ਇਲਾਜ ਦੇ ਇੱਕ ਹਿੱਸੇ ਵਜੋਂ ਕੀਤਾ ਜਾਂਦਾ ਹੈ।”

ਪਲਮੋਨੋਲੋਜਿਸਟ ਜਯਾ ਰਮਨ ਦਾ ਕਹਿਣਾ ਹੈ ਕਿ ਫੇਫੜਿਆਂ ਦੀ ਕਾਰਜ ਪ੍ਰਣਾਲੀ ਦੀ ਜਾਂਚ ਲਈ ਕਈ ਟੈਸਟ ਹੁੰਦੇ ਹਨ ਅਤੇ ਉਨ੍ਹਾਂ ਪਰੀਖਣਾਂ ਦੇ ਨਤੀਜਿਆਂ ਦੇ ਅਧਾਰ ‘ਤੇ ਸਮੱਸਿਆਵਾਂ ਦਾ ਨਿਦਾਨ ਕੀਤਾ ਜਾ ਸਕਦਾ ਹੈ।

ਉਹ ਕਹਿੰਦੇ ਹਨ, “ਇਨ੍ਹਾਂ ਪ੍ਰੀਖਣਾ ਨਾਲ ਫੇਫੜਿਆਂ ਦੇ ਅਕਾਰ ਅਤੇ ਦਬਾਅ ਨੂੰ ਮਾਪ ਕੇ ਇਹ ਪਤਾ ਲਗਾਇਆ ਜਾਏਗਾ ਕਿ ਕਿਤੇ ਕੋਈ ਅਸਮਾਨਤਾ ਤਾਂ ਨਹੀਂ ਹੈ। ਜੇ ਕੋਈ ਅਸਮਾਨਤਾ ਮਿਲਦੀ ਹੈ ਤਾਂ ਅਸੀਂ ਇਹ ਨਿਰਧਾਰਿਤ ਕਰਾਂਗੇ ਕਿ ਇਹ ਕ੍ਰਾਨਿਕ ਆਬਸਟ੍ਰਕਟਿਵ ਏਅਰਵੇਅ ਡਿਜ਼ੀਜ਼ ਹੈ ਜਾਂ ਰਿਸਟ੍ਰਿਕਟਿਵ ਲੰਗ ਡਿਜ਼ੀਜ਼।”

ਕਿਹੜੇ-ਕਿਹੜੇ ਮੈਡੀਕਲ ਟੈਸਟ ਉਪਲਬਧ ਹਨ?

ਨਦੀ ਕਿਨਾਰੇ ਯੋਗ ਮੁਦਰਾ ਵਿੱਚ ਬੈਠੀ ਲੜਕੀ।

ਤਸਵੀਰ ਸਰੋਤ, Getty Images

ਡਾ. ਜਯਾ ਰਮਨ ਨੇ ਪਲਮਨਰੀ ਫੰਕਸ਼ਨ ਟੈਸਟ ਦੇ ਤਿੰਨ ਤਰੀਕੇ ਦੱਸੇ ਹਨ।

ਸਪਾਈਰੋਮੈਟੀ– ਇਹ ਟੈਸਟ ਸਪਾਈਰੋਮੀਟਰ ਨਾਮੀ ਉਪਕਰਨ ਦਾ ਉਪਯੋਗ ਕਰਕੇ ਕੀਤਾ ਜਾਂਦਾ ਹੈ। ਇਸ ਦਾ ਉਪਯੋਗ ਤੁਹਾਡੇ ਵੱਲੋਂ ਲਈ ਜਾਣ ਵਾਲੀ ਅਤੇ ਛੱਡੀ ਜਾਣ ਵਾਲੀ ਹਵਾ ਦੀ ਮਾਤਰਾ ਨੂੰ ਸਟੀਕ ਰੂਪ ਨਾਲ ਮਾਪਣ ਲਈ ਕੀਤਾ ਜਾਂਦਾ ਹੈ। ਨੱਕ ‘ਤੇ ਮੁਲਾਇਮ ਕਲਿੱਪ ਲਗਾਈ ਜਾਂਦੀ ਹੈ ਅਤੇ ਤੁਸੀਂ ਮਾਊਥਪੀਸ ਜ਼ਰੀਏ ਸਾਹ ਲੈਂਦੇ ਅਤੇ ਛੱਡਦੇ ਹੋ। ਇਹ ਟੈਸਟ ਨਾ ਸਿਰਫ਼ ਤੁਹਾਡੇ ਫੇਫੜਿਆਂ ਦੀ ਕਾਰਜ ਕੁਸ਼ਲਤਾ ਨੂੰ ਮਾਪਦਾ ਹੈ ਬਲਕਿ ਸੀਨੇ ਵਿੱਚ ਦਰਦ, ਖਾਂਸੀ ਅਤੇ ਸਾਹ ਲੈਣ ਵਿੱਚ ਕਠਿਨਾਈ ਜਿਹੀਆਂ ਸਮੱਸਿਆਵਾਂ ਦਾ ਵੀ ਪਤਾ ਲਗਾਉਂਦਾ ਹੈ।

ਬ੍ਰੀਥੋਮੈਟਰੀ– ਬ੍ਰੀਥੋਮੀਟਰ ਜਾਂ ਪੀਕ ਫਲੋ ਮੀਟਰ ਇੱਕ ਛੋਟਾ, ਹੱਥ ਵਿਚ ਫੜਨ ਵਾਲਾ ਉਪਕਰਨ ਹੈ ਜੋ ਇਹ ਮਾਪਦਾ ਹੈ ਕਿ ਤੁਸੀਂ ਜਿੰਨੀ ਜਲਦੀ ਅਤੇ ਜ਼ੋਰ ਨਾਲ ਸੰਭਵ ਹੋਵੇ ਓਨੀ ਤੇਜ਼ੀ ਨਾਲ ਸਾਹ ਛੱਡਦਿਆਂ ਆਪਣੇ ਫੇਫੜਿਆਂ ਨਾਲ ਹਵਾ ਕਿੰਨੀ ਜਲਦੀ ਬਾਹਰ ਕੱਢ ਸਕਦੇ ਹਨ।

ਦੋਲਨਪਾਮੀ ਵਿੱਚ– ਆਮ ਰੂਪ ਵਿੱਚ ਸਾਹ ਲੈਂਦਿਆਂ ਹਵਾ ਜਾਂ ਦਬਾਅ ਦੀਆਂ ਵੱਖ ਵੱਖ ਫ੍ਰੀਕੁਐਂਸੀਜ਼ ‘ਤੇ ਧੁਨੀ ਤਰੰਗਾਂ ਮੂੰਹ ਰਾਹੀਂ ਭੇਜੀਆਂ ਜਾਂਦੀਆਂ ਹਨ। ਇਹ ਧੁਨੀ ਦੀਆਂ ਤਰੰਗਾਂ ਆਮ ਤੌਰ ‘ਤੇ 5 ਤੋਂ 40 ਹਾਰਟਜ਼ ਦੀ ਫਰੀਕੁਐਂਸੀ ਸੀਮਾ ਹੁੰਦੀ ਹੈ ਜੋ ਆਮ ਸਾਹ ਲੈਣ ਦੀ ਫਰੀਕੁਐਂਸੀ ਤੋਂ ਜ਼ਿਆਦਾ ਹੁੰਦੀ ਹੈ।

ਇਸ ਤੋਂ ਬਾਅਦ ਇਹ ਉਪਕਰਨ ਫੇਫੜਿਆਂ ਵੱਲੋਂ ਇਨ੍ਹਾਂ ਧੁਨੀਆਂ ਦੀਆਂ ਤਰੰਗਾਂ ਕਾਰਨ ਪੈਦਾ ਹੋਣ ਵਾਲੇ ਬਦਲਦੇ ਦਬਾਅ ਜਾਂ ਹਵਾ ਦੇ ਪ੍ਰਵਾਹ ਨੂੰ ਮਾਪਦਾ ਹੈ।

ਇਸ ਤੋਂ ਇਲਾਵਾ ਡਾ. ਜਯਾ ਰਮਨ ਨੇ ਕੁਝ ਉੱਨਤ ਪਰੀਖਣਾਂ ਦੀ ਸੂਚੀ ਵੀ ਦਿੱਤੀ।

ਹਾਈਪੋਕਸਿਕ ਚੈਲੰਜ ਟੈਸਟ- ਇਹ ਟੈਸਟ ਉਨ੍ਹਾਂ ਲੋਕਾਂ ਲਈ ਹੈ ਜੋ ਹਿਮਾਲਿਆ ਸਮੇਤ ਕਠਿਨ ਪਰਬਤਾਂ ‘ਤੇ ਟਰੇਨਿੰਗ ਕਰਨਾ ਚਾਹੁੰਦੇ ਹਨ। ਇਸੇ ਤਰ੍ਹਾਂ ਜੋ ਲੋਕ ਹਵਾਈ ਯਾਤਰਾ ਵਿੱਚ ਲੰਬੇ ਸਮੇਂ ਦੀ ਦੂਰੀ ਤੈਅ ਕਰਨਾ ਚਾਹੁੰਦੇ ਹਨ, ਉਹ ਵੀ ਇਹ ਟੈਸਟ ਕਰਵਾ ਸਕਦੇ ਹਨ। ਇਸ ਤੋਂ ਇਹ ਪਤਾ ਲੱਗੇਗਾ ਕਿ ਕੀ ਕਿਸੇ ਵਿਅਕਤੀ ਨੂੰ ਅਜਿਹੀ ਟ੍ਰੈਕਿੰਗ ਅਤੇ ਹਵਾਈ ਯਾਤਰਾ ਲਈ ਆਕਸੀਜਨ ਸਿਲੰਡਰ ਦੀ ਲੋੜ ਹੋਵੇਗੀ।

ਕਾਰਡੀਓਪਲਮੋਨਰੀ ਅਭਿਆਸ ਟੈਸਟ- ਇੱਕ ਅਜਿਹਾ ਪ੍ਰੀਖਣ ਜੋ ਫੇਫੜਿਆਂ ਅਤੇ ਦਿਲ ਦੇ ਸਾਂਝੇ ਪ੍ਰਦਰਸ਼ਨ ਦਾ ਮੁਲਾਂਕਣ ਕਰਦਾ ਹੈ।

ਇਹ ਪ੍ਰੀਖਣ ਕਦੋਂ ਕੀਤੇ ਜਾਣੇ ਚਾਹੀਦੇ ਹਨ?

ਡਾ.ਜਯਾ ਰਮਨ ਕਹਿੰਦੇ ਹਨ, ਜਦੋਂ ਤੁਹਾਨੂੰ ਸਾਹ ਲੈਣ ਵਿੱਚ ਤੇਜ਼ੀ, ਸੀਨੇ ਵਿੱਚ ਜਕੜਨ, ਲਗਾਤਾਰ ਖਾਂਸੀ, ਸਾਹ ਲੈੰਦੇ ਵੇਲੇ ਅਵਾਜ਼ ਆਉਣਾ, ਸੌਣ ਵੇਲੇ ਘਰਾੜੇ ਆਉਣਾ, ਸਾਹ ਲੈੰਦਿਆਂ ਸੀਟੀ ਜਿਹੀ ਅਵਾਜ਼ ਆਉਣਾ ਅਤੇ ਸਾਹ ਲੈ ਵੇਲੇ ਸੀਨੇ ਵਿੱਚ ਦਰਦ ਜਿਹੇ ਲੱਛਣ ਮਹਿਸੂਸ ਹੁੰਦੇ ਹਨ, ਤਾਂ ਤੁਹਾਨੂੰ ਡਾਕਟਰ ਤੋਂ ਸਲਾਹ ਲੈਣੀ ਚਾਹੀਦੀ ਸੀ ਅਤੇ ਸਿਫਾਰਸ਼ ਕੀਤੇ ਡਾਕਟਰੀ ਟੈਸਟ ਕਰਵਾਉਣੇ ਚਾਹੀਦੇ ਹਨ।

ਉਹ ਸੁਝਾਅ ਦਿੰਦੇ ਹਨ ਕਿ ਚਾਲੀ ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ ਨੂੰ ਸਫਣੀ ਨਿਯਮਿਤ ਸਰੀਰਕ ਜਾਂਚ ਵਿੱਚ ਫੇਫੜਿਆਂ ਦੀ ਕਾਰਜ ਕੁਸ਼ਲਤਾ ਸਬੰਧੀ ਪ੍ਰੀਖਣ ਨੂੰ ਸ਼ਾਮਿਲ ਕਰਨਾ ਚਾਹੀਦਾ ਹੈ।

“ਸਾਨੂੰ ਛਾਤੀ ਦਾ ਐਕਸ ਰੇਅ ਅਤੇ ਫੇਫੜਿਆਂ ਦੀ ਬਣਤਰ ਦੀ ਜਾਂਚ ਕਰਨੀ ਚਾਹੀਦੀ ਹੈ। ਅਸੀਂ ਫੇਫੜਿਆਂ ਦੀ ਬਣਤਰ ਦੇਖਾਂਗੇ ਅਤੇ ਪਤਾ ਲਗਾਵਾਂਗੇ ਕਿ ਉਹ ਸੁੰਗੜੇ ਹੋਏ ਹਨ ਜਾਂ ਸੁੱਜੇ ਹੋਏ ਹਨ।”

ਮੈਨੂੰ ਕਿਸ ਤਰ੍ਹਾਂ ਦਾ ਟੈਸਟ ਕਰਾਉਣਾ ਚਾਹੀਦਾ ਹੈ ?

ਅੱਖਾਂ ਬੰਦ ਕਰਕੇ ਸਾਹ ਲੈ ਰਹੀ ਮਹਿਲਾ।

ਤਸਵੀਰ ਸਰੋਤ, Getty Images

ਡਾ.ਜਯਾ ਰਮਨ ਸਲਾਹ ਦਿੰਦੇ ਹਨ ਕਿ ਫੇਫੜਿਆਂ ਦੀ ਸਿਹਤ ਲਈ ਕੁਝ ਕਸਰਤਾਂ ਨਿਯਮਤ ਰੂਪ ਵਿੱਚ ਕੀਤੀਆਂ ਜਾਣੀਆਂ ਚਾਹੀਦੀਆਂ ਹਨ।

  • ਤੁਰਨਾ, ਤੈਰਨਾ, ਸਾਈਕਲ ਚਲਾਉਣਾ ਜਿਹੀਆਂ ਐਰੋਬਿਕ ਕਸਰਤਾਂ
  • ਪ੍ਰਾਣਾਯਾਮ (ਸਾਹ ਲੈਣ ਅਤੇ ਛੱਡਣ ਦੀ ਵਿਧੀ)
  • ਪ੍ਰੋਟੀਨ ਯੁਕਤ ਭੋਜਨ ਅਤੇ ਸੰਤੁਲਿਤ ਅਹਾਰ ਲੈਣਾ ਚਾਹੀਦਾ ਹੈ
  • ਹਵਾ ਪ੍ਰਦੂਸ਼ਣ ਵਾਲੇ ਖੇਤਰਾਂ ਤੋਂ ਬਚਣਾ
  • ਸਿਗਰਟਨੋਸ਼ੀ ਤੋਂ ਬਚਣਾ ਚਾਹੀਦਾ

ਇਸ ਤੋਂ ਇਲਾਵਾ ਅਮਰੀਕਨ ਲੰਗ ਐਸੋਸੀਏਸ਼ਨ ਕੁਝ ਕਸਰਤਾਂ ਦੀ ਸਿਫਾਰਸ਼ ਕਰਦਾ ਹੈ।

ਡਾਇਆਫ੍ਰਾਮੈਟਿਕ ਬੈਲੀ ਬ੍ਰੀਦਿੰਗ ਜਿਸ ਵਿੱਚ ਤੁਹਾਡੀ ਡਾਇਆਫ੍ਰਾਮ ਮਾਸਪੇਸ਼ੀ ਦਾ ਉਪਯੋਗ ਗਹਿਰੀ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਸਾਹ ਲੈਣ ਵਿੱਚ ਮਦਦ ਕਰਨ ਲਈ ਕੀਤਾ ਜਾਂਦਾ ਹੈ, ਅਸਥਮਾ ਲਈ ਸਿਫਾਰਸ਼ ਕੀਤੀ ਜਾਂਦੀ ਹੈ।

ਬੁੱਲ੍ਹ ਸੁੰਘਾੜ ਕੇ ਸਾਹ ਲੈਣ ਦੀ ਵਿਧੀ ਵਿੱਚ ਮੂੰਹ ਬੰਦ ਕਰਕੇ ਨੱਕ ਤੋਂ ਸਾਹ ਲੈਣਾ, ਫਿਰ ਸੀਟੀ ਵਜਾਉਣ ਦੀ ਮੁਦਰਾ ਵਿੱਚ ਮੂੰਹ ਸੁੰਘੜਾਉਣਾ ਅਤੇ ਨੱਕ ਤੋਂ ਸਾਹ ਛੱਡਣਾ ਸ਼ਾਮਲ ਹੈ। ਇਹ ਅਭਿਆਸ ਚਾਰ ਤੱਕ ਗਿਣਦਿਆਂ ਕਰਨਾ ਚਾਹੀਦਾ ਹੈ।

ਬੌਕਸ ਬ੍ਰੀਦਿੰਗ ਵਿੱਚ ਤੁਹਾਨੂੰ ਹਰ ਕਿਰਿਆ ਲਈ ਚਾਰ ਤੱਕ ਗਿਣਨਾ ਪੈਂਦਾ ਹੈ। ਇਸ ਨੂੰ 4-4-4 ਅਭਿਆਸ ਵੀ ਕਿਹਾ ਜਾਂਦਾ ਹੈ। ਯਾਨੀ ਤੁਹਾਨੂੰ ਚਾਰ ਦੀ ਗਿਣਤੀ ਤੱਕ ਸਾਹ ਅੰਦਰ ਲੈਣਾ ਹੈ ਫਿਰ ਚਾਰ ਦੀ ਗਿਣਤੀ ਤੱਕ ਰੋਕਾਂ ਹੈ ਅਤੇ ਫਿਰ ਓਨੀ ਹੀ ਦੇਰ ਤੱਕ ਸਾਹ ਬਾਹਰ ਕੱਢਣਾ ਹੈ ਅਤੇ ਅਰਾਮ ਕਰਨਾ ਹੈ।

ਕਿਸੇ ਵੀ ਤਰ੍ਹਾਂ ਦੀਆਂ ਕਸਰਤਾਂ ਮਾਹਰਾਂ ਦੀ ਸਲਾਹ ਅਤੇ ਸਿਫਾਰਿਸ਼ ਉੱਤੇ ਹੀ ਕਰਨੀਆਂ ਚਾਹੀਦੀਆਂ ਹਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI