Home ਰਾਸ਼ਟਰੀ ਖ਼ਬਰਾਂ ਨਗਰਾਸੂ ਗੁਰਦੁਆਰਾ ਵਿਵਾਦ ਸੁਲਝਾਉਣ ਦਾ ਦਾਅਵਾ, ਪੁਲਿਸ ਮੁਤਾਬਕ ਛੱਤ ‘ਤੇ ਚੜ੍ਹੇ ਨਿਹੰਗ...

ਨਗਰਾਸੂ ਗੁਰਦੁਆਰਾ ਵਿਵਾਦ ਸੁਲਝਾਉਣ ਦਾ ਦਾਅਵਾ, ਪੁਲਿਸ ਮੁਤਾਬਕ ਛੱਤ ‘ਤੇ ਚੜ੍ਹੇ ਨਿਹੰਗ ਹੇਠਾਂ ਉਤਰੇ

4
0

Source :- BBC PUNJABI

ਗੁਰਦੁਆਰਾ ਲੰਗਰ ਦਮਦਮਾ ਸਾਹਿਬ

ਤਸਵੀਰ ਸਰੋਤ, Asif Ali

ਪ੍ਰਕਾਸ਼ਿਤ

ਪੜ੍ਹਨ ਦਾ ਸਮਾਂ: 8 ਮਿੰਟ

ਉੱਤਰਾਖੰਡ ਦੇ ਰੁਦਰਪ੍ਰਯਾਗ ਜ਼ਿਲ੍ਹੇ ਵਿੱਚ ਸਥਿਤ ਨਗਰਾਸੂ ਗੁਰਦੁਆਰੇ ਦਾ ਵਿਵਾਦ ਤੀਜੇ ਦਿਨ ਸ਼ਾਂਤੀਪੂਰਨ ਢੰਗ ਨਾਲ ਸੁਲਝਾਉਣ ਦਾ ਪੁਲਿਸ ਵੱਲੋਂ ਦਾਅਵਾ ਕੀਤਾ ਗਿਆ ਹੈ।

ਪੁਲਿਸ ਨੇ ਦਾਅਵਾ ਕੀਤਾ ਕਿ ਅੰਮ੍ਰਿਤਸਰ ਤੋਂ ਰੁਦਰਪ੍ਰਯਾਗ ਪਹੁੰਚੇ ਦਮਦਮੀ ਟਕਸਾਲ ਦੇ ਵਫ਼ਦ ਦੀ ਮਦਦ ਨਾਲ ਮਾਮਲਾ ਸੁਲਝਾਉਣ ਲਈ ਸਬੰਧਿਤ ਧਿਰਾਂ ਨੂੰ ਰਾਜ਼ੀ ਕੀਤਾ ਗਿਆ।

ਰੁਦਰਪ੍ਰਯਾਗ ਦੇ ਐਸਪੀ ਨਿਹਾਰਿਕਾ ਤੋਮਰ ਨੇ ਨਿਊਜ਼ ਏਜੰਸੀ ਏਐਨਆਈ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਗੁਰਦੁਆਰੇ ਦੇ ਸੇਵਾਦਾਰਾਂ ਅਤੇ ਉੱਥੇ ਪਹੁੰਚੇ ਕੁਝ ਨਿਹੰਗ ਯਾਤਰੀਆਂ ਦਰਮਿਆਨ ਵਿਵਾਦ ਹੋ ਗਿਆ ਸੀ। ਪਿਛਲੇ ਦੋ ਦਿਨਾਂ ਤੋਂ ਪ੍ਰਸ਼ਾਸਨ ਵੱਲੋਂ ਲਗਾਤਾਰ ਉਨ੍ਹਾਂ ਨਾਲ ਸੰਵਾਦ ਕੀਤਾ ਜਾ ਰਿਹਾ ਸੀ।

ਐਸਪੀ ਨਿਹਾਰਿਕਾ ਮੁਤਾਬਕ, “ਪੰਜਾਬ ਤੋਂ ਵੀ ਇੱਕ ਵਫ਼ਦ ਪਹੁੰਚਿਆ ਸੀ ਜਿਸ ਨੇ ਗੁਰਦੁਆਰਾ ਮੈਨੇਜਮੈਂਟ ਕਮੇਟੀ ਅਤੇ ਨਿਹੰਗ ਸਿੰਘ ਯਾਤਰੀਆਂ ਦਰਮਿਆਨ ਵਿਚੋਲਗੀ ਕੀਤੀ ਅਤੇ ਸ਼ਾਂਤੀਪੂਰਨ ਢੰਗ ਨਾਲ ਮਾਮਲਾ ਸੁਲਝਾ ਲਿਆ ਗਿਆ। ਸਾਰੇ ਹੀ ਨਿਹੰਗ ਸਿੰਘ ਯਾਤਰੀ ਗੁਰੂ ਘਰ ਦੀ ਛੱਤ ਤੋਂ ਹੇਠਾਂ ਆ ਗਏ ਹਨ ਅਤੇ ਅਸੀਂ ਤਮਾਮ ਜਾਣਕਾਰੀ ਜੁਟਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਜਿਸ ਦੇ ਆਧਾਰ ‘ਤੇ ਹੀ ਅੱਗੇ ਨਿਰਪੱਖ ਜਾਂਚ ਕੀਤੀ ਜਾਵੇਗੀ।”

ਦਮਦਮੀ ਟਕਸਾਲ ਦੇ ਵਫ਼ਦ ਦੀ ਕੀ ਭੂਮਿਕਾ ?

ਗਿਆਨੀ ਗੁਰਜੀਤ ਸਿੰਘ

ਤਸਵੀਰ ਸਰੋਤ, ANI

ਦਮਦਮੀ ਟਕਸਾਲ ਦੇ ਵਫ਼ਦ ‘ਚ ਸ਼ਾਮਿਲ ਗਿਆਨੀ ਗੁਰਜੀਤ ਸਿੰਘ ਨੇ ਖ਼ਬਰ ਏਜੰਸੀ ਏਐੱਨਆਈ ਨੂੰ ਦੱਸਿਆ, “ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਵੱਲੋਂ ਵਿਸ਼ੇਸ਼ ਤੌਰ ‘ਤੇ ਪੰਜ ਮੈਂਬਰੀ ਵਫ਼ਦ ਮਸਲਾ ਸੁਲਝਾਉਣ ਲਈ ਭੇਜਿਆ ਗਿਆ।”

ਉਨ੍ਹਾਂ ਨੇ ਅੱਗੇ ਦੱਸਿਆ,”ਸਥਾਨਕ ਪ੍ਰਸ਼ਾਸਨ ਦੇ ਸਹਿਯੋਗ ਨਾਲ ਅਸੀਂ ਹੰਗਾਮਾ ਕਰਨ ਵਾਲੇ ਤਿੰਨ-ਚਾਰ ਵਿਅਕਤੀਆਂ ਨਾਲ ਸ਼ਾਂਤੀਪੂਰਵਕ ਢੰਗ ਨਾਲ ਗੱਲਬਾਤ ਕੀਤੀ ਅਤੇ ਹੁਣ ਉਨ੍ਹਾਂ ਨੂੰ ਸ਼ਾਂਤੀਪੂਰਨ ਵਾਪਸ ਪੰਜਾਬ ਭੇਜਿਆ ਜਾ ਰਿਹਾ ਹੈ। ਮੈਂ ਉੱਤਰਾਖੰਡ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਦਾ ਦਿਲੋਂ ਧੰਨਵਾਦ ਕਰਦਾ ਹਾਂ।”

ਗੁਰਦੁਆਰਾ ਨਗਰਾਸੂ ਦੇ ਗ੍ਰੰਥੀ ਬਾਬਾ ਬੇਅੰਤ ਸਿੰਘ ਨੇ ਦੱਸਿਆ ਕਿ ਮਾਮਲਾ ਸ਼ਾਂਤੀਪੂਰਨ ਤਰੀਕੇ ਨਾਲ ਸੁਲਝਾ ਲਿਆ ਗਿਆ ਹੈ।

ਉਨ੍ਹਾਂ ਕਿਹਾ, “ਦਮਦਮੀ ਟਕਸਾਲ ਦੇ ਵਫ਼ਦ ਨਾਲ ਮਿਲ ਕੇ ਉਸ ਸਮੂਹ ਨੂੰ ਸਮਝਾਇਆ ਗਿਆ ਅਤੇ ਉਨ੍ਹਾਂ ਨੂੰ ਹੇਠਾਂ ਉਤਾਰ ਲਿਆ ਗਿਆ। ਨਾ ਤਾਂ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਨਾ ਹੀ ਕੋਈ ਹੱਥੋਪਾਈ ਜਾਂ ਸਰੀਰਕ ਝੜਪ ਹੋਈ। ਹੁਣ ਸਾਰਾ ਮਾਮਲਾ ਪੂਰੀ ਤਰ੍ਹਾਂ ਸ਼ਾਂਤ ਹੋ ਚੁੱਕਾ ਹੈ।”

ਕੀ ਹੈ ਮਾਮਲਾ

ਬੀਬੀਸੀ ਸਹਿਯੋਗੀ ਆਸਿਫ਼ ਅਲੀ ਮੁਤਾਬਕ, ਪੁਲਿਸ ਨੇ ਦੱਸਿਆ ਸੀ ਕਿ ਗੁਰਦੁਆਰੇ ਦੇ ਸੇਵਾਦਾਰਾਂ ਅਤੇ ਉੱਥੇ ਪਹੁੰਚੇ ਕੁਝ ਨਿਹੰਗ ਸਿੱਖ ਯਾਤਰੀਆਂ ਵਿਚਕਾਰ ਕਿਸੇ ਮੁੱਦੇ ਨੂੰ ਲੈ ਕੇ ਵਿਵਾਦ ਹੋਇਆ ਸੀ। ਇਸ ਤੋਂ ਬਾਅਦ ਕੁਝ ਨਿਹੰਗ ਸਿੱਖ ਗੁਰਦੁਆਰੇ ਦੀ ਛੱਤ ‘ਤੇ ਚਲੇ ਗਏ ਅਤੇ ਛੱਤ ਤੱਕ ਪਹੁੰਚਣ ਵਾਲਾ ਰਸਤਾ ਬੰਦ ਕਰ ਦਿੱਤਾ ਗਿਆ ਸੀ।

ਉਸੇ ਸਮੇਂ ਤੋਂ ਪ੍ਰਸ਼ਾਸਨ, ਪੁਲਿਸ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਉਨ੍ਹਾਂ ਦੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਗੱਲਬਾਤ ਕਰ ਰਹੇ ਸਨ।

ਇਸ ਦੌਰਾਨ ਗੁਰਦੁਆਰਾ ਪ੍ਰਬੰਧਨ ਨੇ ਇਲਜ਼ਾਮ ਲਗਾਇਆ ਸੀ ਕਿ ਛੱਤ ‘ਤੇ ਮੌਜੂਦ ਲੋਕ ਮਾਨਤਾ ਪ੍ਰਾਪਤ ਨਿਹੰਗ ਸੰਗਠਨਾਂ ਨਾਲ ਜੁੜੇ ਹੋਏ ਨਹੀਂ ਹਨ।

ਵੱਖ-ਵੱਖ ਰਿਪੋਰਟਾਂ ਵਿੱਚ ਦਾਅਵੇ ਕੀਤੇ ਜਾ ਰਹੇ ਸਨ ਕਿ ਨਿਹੰਗ ਸਿੱਖਾਂ ਦੀ ਮੰਗ ਹੈ ਕਿ ਪਹਿਲਾਂ ਕਰਣਪ੍ਰਯਾਗ ਵਿੱਚ ਹੋਏ ਵਿਵਾਦ ਦੇ ਮਾਮਲੇ ‘ਚ ਜਿਨ੍ਹਾਂ 4 ਨਿਹੰਗ ਸਿੱਖਾਂ ਨੂੰ ਹਿਰਾਸਤ ‘ਚ ਲਿਆ ਗਿਆ ਹੈ, ਉਨ੍ਹਾਂ ਨੂੰ ਰਿਹਾਅ ਕੀਤਾ ਜਾਵੇ।

ਨਗਰਾਸੂ ਗੁਰਦੁਆਰਾ

ਤਸਵੀਰ ਸਰੋਤ, Asif Ali

ਇਸ ਬਾਰੇ ਖਬਰ ਏਜੰਸੀ ਪੀਟੀਆਈ ਨਾਲ ਗੱਲ ਕਰਦਿਆਂ ਗੁਰਦੁਆਰਾ ਲੰਗਰ ਦਮਦਮਾ ਸਾਹਿਬ ਦੇ ਪ੍ਰਬੰਧਕ ਬਾਬਾ ਬੇਅੰਤ ਸਿੰਘ ਨੇ ਮੰਗਾਂ ਵਾਲੀ ਗੱਲ ਬਾਰੇ ਸੋਮਵਾਰ ਨੂੰ ਕਿਹਾ ਸੀ ਕਿ ”ਪਤਾ ਨਹੀਂ, ਐਸਪੀ ਸਾਬ੍ਹ ਨਾਲ ਗੱਲ ਹੋਈ ਹੈ, ਉਨ੍ਹਾਂ ਨੇ ਦੋਵਾਂ ਨੂੰ ਭਰੋਸਾ ਦਿੱਤਾ ਹੈ ਕਿ ਜੋ ਬੰਦੇ ਫੜੇ ਹੋਏ ਹਨ, ਉਨ੍ਹਾਂ ਨੂੰ ਛੱਡ ਦਿੱਤਾ ਜਾਵੇਗਾ।”

ਦੂਜੇ ਪਾਸੇ, ਰੁਦਰਪ੍ਰਯਾਗ ਦੇ ਪੁਲਿਸ ਸੁਪਰਡੈਂਟ (ਐਸਪੀ) ਨਿਹਾਰਿਕਾ ਤੋਮਰ ਨੇ ਇਨ੍ਹਾਂ ਦਾਅਵਿਆਂ ਦਾ ਖੰਡਨ ਕਰਦੇ ਹੋਏ ਕਿਹਾ ਸੀ ਕਿ ਗੁਰਦੁਆਰੇ ‘ਤੇ ਕਿਸੇ ਵੀ ਤਰ੍ਹਾਂ ਦਾ ਕਬਜ਼ਾ ਨਹੀਂ ਕੀਤਾ ਗਿਆ ਹੈ ਅਤੇ ਨਾ ਹੀ ਕਿਸੇ ਵਿਅਕਤੀ ਨੂੰ ਬੰਧਕ ਬਣਾਇਆ ਗਿਆ ਹੈ।

ਗੁਰਦੁਆਰਾ ਸਾਹਿਬ ਦੇ ਬਾਬਾ ਬੇਅੰਤ ਸਿੰਘ ਨੇ ਕੀ ਦੱਸਿਆ ਸੀ

ਗੁਰਦੁਆਰਾ ਸਾਹਿਬ ਦੇ ਬਾਬਾ ਬੇਅੰਤ ਸਿੰਘ

ਤਸਵੀਰ ਸਰੋਤ, ANI

ਗੁਰਦੁਆਰਾ ਨਗਰਾਸੂ ਦੇ ਬਾਬਾ ਬੇਅੰਤ ਸਿੰਘ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਸੀ ਕਿ ਕੁਝ ਵਿਅਕਤੀ ਸ਼ਨੀਵਾਰ ਸ਼ਾਮ ਗੁਰਦੁਆਰਾ ਸਾਹਿਬ ਪਹੁੰਚੇ ਸਨ। ਉਨ੍ਹਾਂ ਦੇ ਮੁਤਾਬਕ, ਆਉਣ ਤੋਂ ਬਾਅਦ ਇਨ੍ਹਾਂ ਵਿਅਕਤੀਆਂ ਅਤੇ ਸੇਵਾਦਾਰਾਂ ਵਿਚਕਾਰ ਤਣਾਅਪੂਰਨ ਸਥਿਤੀ ਬਣ ਗਈ ਸੀ।

ਉਨ੍ਹਾਂ ਕਿਹਾ ਕਿ ਇਸ ਦੇ ਬਾਵਜੂਦ ਗੁਰਦੁਆਰਾ ਪ੍ਰਬੰਧਕਾਂ ਵੱਲੋਂ ਉਨ੍ਹਾਂ ਨੂੰ ਰਾਤ ਰਹਿਣ ਦੀ ਇਜਾਜ਼ਤ ਦਿੱਤੀ ਗਈ ਅਤੇ ਲੰਗਰ-ਪਾਣੀ ਦਾ ਪ੍ਰਬੰਧ ਵੀ ਕੀਤਾ ਗਿਆ।

ਬਾਬਾ ਬੇਅੰਤ ਸਿੰਘ ਨੇ ਦੱਸਿਆ ਕਿ ਕੁੱਲ ਚਾਰ ਵਿਅਕਤੀ ਸ਼ਨੀਵਾਰ ਸ਼ਾਮ ਨੂੰ ਆਏ ਸਨ, ਜਦਕਿ ਤਿੰਨ ਹੋਰ ਪਹਿਲਾਂ ਹੀ ਉੱਥੇ ਮੌਜੂਦ ਸਨ। ਉਨ੍ਹਾਂ ਦੇ ਅਨੁਸਾਰ, ਇਨ੍ਹਾਂ ਵਿਅਕਤੀਆਂ ਵਿੱਚੋਂ ਇੱਕ ਨੇ ਗੁਰਦੁਆਰੇ ਵਿੱਚ ਰਹਿਣ ਦੀ ਗੱਲ ਕਹੀ ਅਤੇ ਦਾਅਵਾ ਕੀਤਾ ਕਿ ਉਹ ਕਾਫ਼ੀ ਸਮੇਂ ਤੋਂ ਇਸ ਥਾਂ ਬਾਰੇ ਜਾਣਕਾਰੀ ਇਕੱਠੀ ਕਰ ਰਹੇ ਸਨ।

ਉਨ੍ਹਾਂ ਕਿਹਾ ਕਿ ਗੁਰਦੁਆਰਾ ਪ੍ਰਬੰਧਕਾਂ ਵੱਲੋਂ ਇਨ੍ਹਾਂ ਵਿਅਕਤੀਆਂ ਨੂੰ ਸ਼ਾਂਤੀਪੂਰਵਕ ਢੰਗ ਨਾਲ ਉੱਥੋਂ ਜਾਣ ਦੀ ਅਪੀਲ ਕੀਤੀ ਗਈ, ਜਿਸ ਤੋਂ ਬਾਅਦ ਉਹ ਗੁਰਦੁਆਰੇ ਦੇ ਬਾਹਰ ਚਲੇ ਗਏ।

ਨਗਰਾਸੂ ਗੁਰਦੁਆਰਾ

ਤਸਵੀਰ ਸਰੋਤ, Asif Ali

ਬਾਬਾ ਬੇਅੰਤ ਸਿੰਘ ਨੇ ਦੱਸਿਆ ਸੀ ਕਿ, ਬਾਹਰ ਪੁਲਿਸ ਦੀ ਮੌਜੂਦਗੀ ਦੇਖ ਕੇ ਇਹ ਵਿਅਕਤੀ ਇਮਾਰਤ ਦੀ ਉੱਪਰੀ ਮੰਜ਼ਿਲ ‘ਤੇ ਚਲੇ ਗਏ। ਉਨ੍ਹਾਂ ਦਾ ਦਾਅਵਾ ਹੈ ਕਿ ਇਸ ਤੋਂ ਬਾਅਦ ਇਮਾਰਤ ਨੂੰ ਨੁਕਸਾਨ ਪਹੁੰਚਾਇਆ ਗਿਆ ਅਤੇ ਉੱਥੋਂ ਹੇਠਾਂ ਖੜ੍ਹੇ ਲੋਕਾਂ ਅਤੇ ਪੁਲਿਸ ਵੱਲ ਪੱਥਰ ਸੁੱਟੇ ਗਏ।

ਉਨ੍ਹਾਂ ਕਿਹਾ ਕਿ ਪੂਰੀ ਘਟਨਾ ਦੀ ਡਰੋਨ ਰਾਹੀਂ ਵੀਡੀਓ ਰਿਕਾਰਡਿੰਗ ਕੀਤੀ ਗਈ ਹੈ। ਬਾਬਾ ਬੇਅੰਤ ਸਿੰਘ ਦੇ ਅਨੁਸਾਰ, ਉੱਪਰ ਮੌਜੂਦ ਵਿਅਕਤੀ ਗੁਰਦੁਆਰਾ ਪ੍ਰਬੰਧਕਾਂ ਵੱਲੋਂ ਦਿੱਤਾ ਜਾ ਰਿਹਾ ਖਾਣਾ ਨਹੀਂ ਲੈ ਰਹੇ ਅਤੇ ਉਨ੍ਹਾਂ ਨੂੰ ਇਸ ਸਬੰਧੀ ਸ਼ੱਕ ਜ਼ਾਹਰ ਕੀਤਾ ਹੈ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਪਾਣੀ ਦੀ ਸਪਲਾਈ ਕੱਟੀ ਗਈ ਅਤੇ ਇਮਾਰਤ ਦੇ ਕੁਝ ਸੋਲਰ ਪੈਨਲਾਂ ਨੂੰ ਨੁਕਸਾਨ ਪਹੁੰਚਿਆ, ਜਿਸ ਕਾਰਨ ਕਾਫ਼ੀ ਆਰਥਿਕ ਨੁਕਸਾਨ ਹੋਇਆ ਹੈ।

ਜ਼ਿਲ੍ਹਾ ਅਧਿਕਾਰੀ ਬੋਲੇ- ‘ਬੰਧਕ ਵਾਲੀਆਂ ਗੱਲਾਂ ਅਫਵਾਹ’

ਰੁਦਰਪ੍ਰਯਾਗ ਦੇ ਜਿਲ੍ਹਾ ਅਧਿਕਾਰੀ ਵਿਸ਼ਾਲ ਮਿਸ਼ਰਾ

ਤਸਵੀਰ ਸਰੋਤ, ANI

ਰੁਦਰਪ੍ਰਯਾਗ ਦੇ ਜਿਲ੍ਹਾ ਅਧਿਕਾਰੀ ਵਿਸ਼ਾਲ ਮਿਸ਼ਰਾ ਨੇ ਖਬਰ ਏਜੰਸੀ ਏਐਨਆਈ ਨੂੰ ਸੋਮਵਾਰ ਨੂੰ ਕਿਹਾ, “ਨਗਰਾਸੂ ਦੇ ਇੱਕ ਗੁਰਦੁਆਰੇ ਵਿੱਚ ਨਿਹੰਗ ਸਿੱਖਾਂ, ਗੁਰਦੁਆਰਾ ਪ੍ਰਬੰਧਨ ਅਤੇ ਉੱਥੇ ਰਹਿਣ ਵਾਲੇ ਸਿੱਖ ਸੇਵਾਦਾਰਾਂ ਵਿਚਕਾਰ ਇੱਕ ਵਿਵਾਦ ਪੈਦਾ ਹੋ ਗਿਆ ਸੀ। ਗੁਰਦੁਆਰੇ ਵਿੱਚ ਅਰਦਾਸ, ਲੰਗਰ ਅਤੇ ਧਾਰਮਿਕ ਸੇਵਾਵਾਂ ਸਾਰੀਆਂ ਸੁਚੱਜੇ ਅਤੇ ਸ਼ਾਂਤੀਪੂਰਨ ਢੰਗ ਨਾਲ ਚੱਲ ਰਹੀਆਂ ਹਨ।”

ਉਨ੍ਹਾਂ ਦੱਸਿਆ ਕਿ ”ਗੁਰਦੁਆਰੇ ‘ਚ ਲੋਕਾਂ ਦੀ ਆਵਾਜਾਈ ਵੀ ਬਿਨਾਂ ਕਿਸੇ ਰੁਕਾਵਟ ਦੇ ਜਾਰੀ ਹੈ। ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਆ ਰਹੀ।”

ਨਿੰਹਗ ਸਿੱਖਾਂ ਦੁਆਰਾ ਕਿਸੇ ਨੂੰ ਬੰਧਕ ਬਣਾਏ ਜਾਣ ਦੀਆਂ ਗੱਲਾਂ ਨੂੰ ਉਨ੍ਹਾਂ ਨੇ ਅਫਵਾਹ ਕਰਾਰ ਦਿੱਤਾ ਅਤੇ ਕਿਹਾ, ”ਇਹਨਾਂ ਅਫ਼ਵਾਹਾਂ ਵੱਲ ਧਿਆਨ ਨਾ ਦਿਓ ਕਿ ਗੁਰਦੁਆਰੇ ‘ਤੇ ਕਬਜ਼ਾ ਕਰ ਲਿਆ ਗਿਆ ਹੈ, ਕਿਸੇ ਨੂੰ ਬੰਧਕ ਬਣਾਇਆ ਗਿਆ ਹੈ ਜਾਂ ਕੋਈ ਹਿੰਸਾ ਹੋਈ ਹੈ।”

”ਅਜਿਹੀ ਕੋਈ ਵੀ ਘਟਨਾ ਨਹੀਂ ਵਾਪਰੀ ਹੈ। ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਪੂਰੀ ਤਰ੍ਹਾਂ ਸ਼ਾਂਤੀਪੂਰਨ ਮਾਹੌਲ ਵਿੱਚ ਆਪਣਾ ਕੰਮ ਕਰ ਰਹੀ ਹੈ। ਕਿਸੇ ਵੀ ਕਿਸਮ ਦੀ ਕੋਈ ਸਮੱਸਿਆ ਨਹੀਂ ਹੈ।”

ਜ਼ਿਲ੍ਹਾ ਅਧਿਕਾਰੀ ਵਿਸ਼ਾਲ ਮਿਸ਼ਰਾ ਨੇ ਕਿਹਾ ਕਿ ਹੇਮਕੁੰਟ ਸਾਹਿਬ ਯਾਤਰਾ ਅਤੇ ਗੁਰਦੁਆਰੇ ਦੀਆਂ ਨਿਯਮਿਤ ਗਤੀਵਿਧੀਆਂ ਸ਼ਾਂਤੀਪੂਰਵਕ ਚੱਲ ਰਹੀਆਂ ਹਨ ਅਤੇ ਖੇਤਰ ਵਿੱਚ ਕਾਨੂੰਨ-ਵਿਵਸਥਾ ਬਣੀ ਹੋਈ ਹੈ।

ਕਰਣਪ੍ਰਯਾਗ ਕੁੱਟਮਾਰ ਮਾਮਲੇ ਵਿੱਚ ਉੱਤਰਾਖੰਡ ਪੁਲਿਸ ਨੇ ਕੀ ਕਿਹਾ ਸੀ?

ਉੱਤਰਾਖੰਡ ਪੁਲਿਸ ਵੱਲੋਂ ਗੜਵਾਲ ਰੇਂਜ ਦੇ ਆਈਜੀ ਰਾਜੀਵ ਸਵਰੂਪ ਵੱਲੋਂ ਜਾਰੀ ਬਿਆਨ ਵਿੱਚ ਮੰਗਲਵਾਰ ਨੂੰ ਦੱਸਿਆ ਗਿਆ ਸੀ ਕਿ ਕਰਣਪ੍ਰਯਾਗ ਵਿੱਚ 16 ਜੂਨ ਨੂੰ ਸਿੱਖ ਸ਼ਰਧਾਲੂਆਂ ਅਤੇ ਸਥਾਨਕ ਲੋਕਾਂ ਵਿਚਕਾਰ ਹੋਏ ਵਿਵਾਦ ਦੇ ਸਬੰਧ ਵਿੱਚ ਸਿੱਖ ਸ਼ਰਧਾਲੂਆਂ ਖ਼ਿਲਾਫ਼ ਕਰਣਪ੍ਰਯਾਗ ਥਾਣੇ ਵਿੱਚ ਮੁਕੱਦਮਾ ਦਰਜ ਕੀਤਾ ਗਿਆ ਸੀ।

ਹੁਣ ਇਸ ਮਾਮਲੇ ਵਿੱਚ ਘਟਨਾ ਵਿੱਚ ਜ਼ਖਮੀ ਸਿੱਖ ਸ਼ਰਧਾਲੂ ਦੇ ਪਿਤਾ ਦੀ ਸ਼ਿਕਾਇਤ ‘ਤੇ ਉਨ੍ਹਾਂ ਨਾਲ ਕਥਿਤ ਕੁੱਟਮਾਰ ਕਰਨ ਵਾਲੇ ਅਣਪਛਾਤੇ ਲੋਕਾਂ ਖ਼ਿਲਾਫ਼ 20 ਜੂਨ ਨੂੰ ਐਫਆਈਆਰ ਦਰਜ ਕੀਤੀ ਗਈ।

ਉੱਤਰਾਖੰਡ ਪੁਲਿਸ ਦਾ ਦਾਅਵਾ ਕੀਤਾ ਸੀ ਕਿ ਮਾਮਲੇ ਵਿੱਚ ਦਰਜ ਦੋਹਾਂ ਕੇਸਾਂ ਦੀ ਨਿਰਪੱਖ, ਪਾਰਦਰਸ਼ੀ ਅਤੇ ਅਜ਼ਾਦ ਜਾਂਚ ਕੀਤੀ ਜਾਏਗੀ ਅਤੇ ਇਹ ਕੇਸ ਹਰਿਦੁਆਰ ਪੁਲਿਸ ਨੂੰ ਸੌਂਪ ਦਿੱਤਾ ਗਿਆ।

ਇਸ ਤੋਂ ਇਲਾਵਾ ਵੱਖ-ਵੱਖ ਸਿੱਖ ਜਥੇਬੰਦੀਆਂ ਵੱਲੋਂ ਸਿੱਖ ਸ਼ਰਧਾਲੂਆਂ ਦੇ ਨਾਲ, ਸਥਾਨਕ ਪੁਲਿਸ ਦੇ ਕਥਿਤ ਵਿਵਹਾਰ ਦੇ ਇਲਜ਼ਾਮਾਂ ਦੀ ਜਾਂਚ ਡੀਆਈਜੀ ਜਸਵੰਤ ਸਿੰਘ ਚੌਹਾਨ ਦੇ ਹਵਾਲੇ ਕਰਦਿਆਂ ਦੋ ਹਫ਼ਤਿਆਂ ਅੰਦਰ ਰਿਪੋਰਟ ਦੇਣ ਲਈ ਕਿਹਾ ਗਿਆ।

ਆਈ.ਜੀ ਨੇ ਕਿਹਾ ਕਿ ਉੱਤਰ ਪ੍ਰਦੇਸ਼ ਪੁਲਿਸ ਸਾਰੇ ਭਾਈਚਾਰਿਆਂ ਦੀਆਂ ਧਾਰਮਿਕ ਭਾਵਨਾਵਾਂ ਦਾ ਸਨਮਾਨ ਕਰਦੀ ਹੈ ਅਤੇ ਪੂਰੀ ਪ੍ਰਕਿਰਿਆ ਵਿੱਚ ਕਾਨੂੰਨ ਮੁਤਾਬਕ ਨਿਰਪੱਖ, ਪਾਰਦਰਸ਼ੀ ਅਤੇ ਨਿਆਂਸੰਗਤ ਕਾਰਵਾਈ ਲਈ ਵਚਨਬੱਧ ਹੈ।

ਉੱਤਰਾਖੰਡ ਪੁਲਿਸ ਨੇ ਵਿਸ਼ਵਾਸ ਦਵਾਇਆ ਕਿ ਸ਼੍ਰੀ ਹੇਮਕੁੰਟ ਸਾਹਿਬ ਯਾਤਰਾ ਸ਼ਰਧਾਲੂਆਂ ਦੀ ਆਸਥਾ ਨਾਲ ਜੁੜੀ ਹੋਈ ਇੱਕ ਬੇਹੱਦ ਪਵਿੱਤਰ ਯਾਤਰਾ ਹੈ ਜੋ ਉੱਤਰਾਖੰਡ ਪੁਲਿਸ ਅਤੇ ਪ੍ਰਸ਼ਾਸ਼ਨ ਦੀਆਂ ਕੋਸ਼ਿਸ਼ਾਂ ਨਾਲ ਸੁਰੱਖਿਅਤ, ਸ਼ਾਂਤੀਪੂਰਨ ਅਤੇ ਸਹੀ ਵਿਵਸਥਾ ਨਾਲ ਚੱਲ ਰਹੀ ਹੈ।

ਡੀਐਸਜੀਐਮਸੀ ਵਫ਼ਦ ਨੇ ਉੱਤਰਾਖੰਡ ਸੀਐੱਮ ਨਾਲ ਕੀਤੀ ਮੁਲਾਕਾਤ

ਡੀਐਸਜੀਐਮਸੀ ਵਫ਼ਦ ਦੀ ਉੱਤਰਾਖੰਡ ਦੇ ਸੀਐੱਮ ਪੁਸ਼ਕਰ ਧਾਮੀ ਨਾਲ ਮੁਲਾਕਾਤ

ਤਸਵੀਰ ਸਰੋਤ, DSGMC

ਇਸ ਪੂਰੇ ਵਿਵਾਦ ਦੀ ਨਿਰਪੱਖ ਜਾਂਚ ਦੀ ਮੰਗ ਨੂੰ ਲੈਕੇ ਡੀਐਸਜੀਐਮਸੀ ਵਫ਼ਦ ਨੇ ਉੱਤਰਾਖੰਡ ਦੇ ਸੀਐੱਮ ਪੁਸ਼ਕਰ ਧਾਮੀ ਨਾਲ ਮੁਲਾਕਾਤ ਕੀਤੀ।

ਮੁਲਾਕਾਤ ਤੋਂ ਬਾਅਦ ਕਮੇਟੀ ਦੇ ਪ੍ਰਧਾਨ ਹਰਮੀਤ ਕਾਲਕਾ ਨੇ ਦੱਸਿਆ ਕਿ ਸੀਐੱਮ ਵੱਲੋਂ ਮਾਮਲੇ ਦੀ ਨਿਰਪੱਖ ਜਾਂਚ ਦਾ ਭਰੋਸਾ ਦਵਾਇਆ ਗਿਆ। ਉਨ੍ਹਾਂ ਮਾਮਲੇ ਦੀ ਜਾਂਚ ਚਮੋਲੀ ਤੋਂ ਬਾਹਰ ਹਰਿਦੁਆਰ ਦੇ ਐਸਐਸਪੀ ਨੂੰ ਸੌਂਪੇ ਜਾਣ ਦਾ ਸਵਾਗਤ ਕੀਤਾ।

ਨਾਲ ਹੀ ਉਨ੍ਹਾਂ ਮੰਗ ਰੱਖੀ ਕਿ ਜਾਂਚ ਹੋਣ ਤੱਕ ਸਬੰਧਤ ਚਮੋਲੀ ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਕੀਤਾ ਜਾਵੇ। ਕਾਲਕਾ ਮੁਤਾਬਕ ਸੀਐੱਮ ਧਾਮੀ ਵੱਲੋਂ ਕਾਰਵਾਈ ਦਾ ਭਰੋਸਾ ਦਿੱਤਾ ਗਿਆ ਹੈ।

ਸਿਆਸੀ ਪ੍ਰਤੀਕਿਰਿਆ

ਸੁਖਬੀਰ ਬਾਦਲ

ਤਸਵੀਰ ਸਰੋਤ, X@sukhbirbadal

ਦਰਅਸਲ ਉੱਤਰਾਖੰਡ ਵਿੱਚ ਇਸ ਵੇਲੇ ਚਾਰ ਧਾਮ ਅਤੇ ਹੇਮਕੁੰਟ ਸਾਹਿਬ ਯਾਤਰਾ ਜਾਰੀ ਹੈ। ਇਸ ਸਮੇਂ ਵੱਡੀ ਗਿਣਤੀ ਵਿੱਚ ਲੋਕ ਇਨ੍ਹਾਂ ਥਾਵਾਂ ਉੱਤੇ ਜਾਂਦੇ ਹਨ ਜਿਨ੍ਹਾਂ ਵਿੱਚ ਪੰਜਾਬ ਤੋਂ ਵੀ ਵੱਡੀ ਗਿਣਤੀ ਵਿੱਚ ਲੋਕ ਹੁੰਦੇ ਹਨ।

ਕਰਣਪ੍ਰਯਾਗ ਵਿੱਚ ਹੋਏ ਵਿਵਾਦ ਮਗਰੋਂ ਮੁਹਾਲੀ ਨਾਲ ਜੁੜੇ ਚਾਰ ਜਣਿਆਂ ਦੀ ਗ੍ਰਿਫ਼ਤਾਰੀ ਹੋਈ ਸੀ। ਇਸ ਮਗਰੋਂ ਪੰਜਾਬ ਦੇ ਵੱਖ-ਵੱਖ ਸਿਆਸੀ ਆਗੂਆਂ ਵੱਲੋਂ ਵੀ ਇਸ ਘਟਨਾ ਨੂੰ ਲੈ ਕੇ ਬਿਆਨ ਦਿੱਤੇ ਗਏ ਹਨ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਐਕਸ ਉੱਤੇ ਪੋਸਟ ਕਰਕੇ ਲਿਖਿਆ ਗਿਆ ਸੀ, “ਉਤਰਾਖੰਡ ਵਿੱਚ ਗੁਰਸਿੱਖ ਨੌਜਵਾਨਾਂ ਦੀ ਹੋਈ ਕੁੱਟਮਾਰ ਦੀ ਸਖ਼ਤ ਨਿੰਦਾ ਕਰਦਾ ਹਾਂ। ਸ੍ਰੀ ਹੇਮਕੁੰਟ ਸਾਹਿਬ ਯਾਤਰਾ ਦੌਰਾਨ ਉਤਰਾਖੰਡ ਸਰਕਾਰ ਸਿੱਖ ਸ਼ਰਧਾਲੂਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਵੇ ਤੇ ਇਸ ਘਟਨਾ ‘ਚ ਸ਼ਾਮਿਲ ਸਾਰੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰੇ । ਸਰਕਾਰ ਦੀ ਇੱਕਪਾਸੜ ਕਾਰਵਾਈ ਨਾਲ ਸਿੱਖ ਮਨਾਂ ਨੂੰ ਡੂੰਘੀ ਸੱਟ ਵੱਜੀ ਹੈ, ਇਸ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਬਣਦੀ ਹੈ ।”

ਪਰਗਟ ਸਿੰਘ ਦੀ ਪੋਸਟ

ਤਸਵੀਰ ਸਰੋਤ, Pargat Singh/X

ਕਾਂਗਰਸ ਲੀਡਰ ਪਰਗਟ ਸਿੰਘ ਨੇ ਵੀ ਸਾਰੇ ਘਟਨਾਕ੍ਰਮ ‘ਤੇ ਪ੍ਰਤੀਕਿਰਿਆ ਦਿੰਦਿਆਂ ਐਕਸ ‘ਤੇ ਪੋਸਟ ਕੀਤੀ ਸੀ।

ਉਨ੍ਹਾਂ ਨੇ ਕਿਹਾ ਸੀ, “ਉੱਤਰਾਖੰਡ ਵਿੱਚ ਸਿੱਖਾਂ ਨਾਲ ਜੋ ਵਾਪਰਿਆ ਬਹੁਤ ਮੰਦਭਾਗਾ ਹੈ। ਇਹ ਉਸ ਨਫ਼ਰਤ ਭਰੇ ਮਾਹੌਲ ਦਾ ਨਤੀਜਾ ਹੈ ਜੋ ਭਾਜਪਾ ਪੂਰੇ ਦੇਸ਼ ਵਿੱਚ ਪੈਦਾ ਕਰ ਰਹੀ ਹੈ। ਉੱਤਰਾਖੰਡ ਦੇ ਮੁੱਖ ਮੰਤਰੀ ਨੂੰ ਵੀ ਪੱਖਪਾਤੀ ਅਤੇ ਨਫ਼ਰਤ ਵਧਾਉਣ ਵਾਲੀ ਕਾਰਵਾਈ ਦੀ ਬਜਾਏ ਨਿਰਪੱਖ ਅਤੇ ਬਰਾਬਰੀ ਵਾਲੀ ਕਾਰਵਾਈ ਕਰਨੀ ਚਾਹੀਦੀ ਹੈ ਅਤੇ ਪੰਜਾਬੀ ਤੇ ਸਿੱਖ ਸ਼ਰਧਾਲੂਆਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ।”

ਐਤਵਾਰ ਨੂੰ ਅਕਾਲੀ ਦਲ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਆਗੂ ਵੀ ਉੱਤਰਾਖੰਡ ਦੇ ਡੀਜੀਪੀ ਨੂੰ ਮਿਲੇ ਅਤੇ ਸਹੀ ਕਾਰਵਾਈ ਦੀ ਮੰਗ ਕੀਤੀ, ਪੁਲਿਸ ਵੱਲੋਂ ਉਨ੍ਹਾਂ ਨੂੰ ਇਸ ਗੱਲ ਦਾ ਭਰੋਸਾ ਦਿੱਤਾ ਗਿਆ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI