Home rss national punjabi2ਰਾਸ਼ਟਰੀ ਖ਼ਬਰਾਂ ਪਤੀ ਨੂੰ ਮਾਰ ਕੇ ਲਾਸ਼ ਡਰੱਮ ਵਿੱਚ ਲੁਕੋਣ ਵਾਲੀ ਮੁਸਕਾਨ ਤੇ ਉਸਦੇ...

ਪਤੀ ਨੂੰ ਮਾਰ ਕੇ ਲਾਸ਼ ਡਰੱਮ ਵਿੱਚ ਲੁਕੋਣ ਵਾਲੀ ਮੁਸਕਾਨ ਤੇ ਉਸਦੇ ਪ੍ਰੇਮੀ ਸਾਹਿਲ ਨੂੰ ਮੌਤ ਦੀ ਸਜ਼ਾ, ਕਿਵੇਂ ਰਚੀ ਗਈ ਸੀ ਪੂਰੀ ਸਾਜ਼ਿਸ਼

5
0

Source :- BBC PUNJABI

ਪੁਲਿਸ ਦੀ ਗ੍ਰਿਫ਼ਤ ਵਿੱਚ ਸਾਹਿਲ

ਪ੍ਰਕਾਸ਼ਿਤ

ਪੜ੍ਹਨ ਦਾ ਸਮਾਂ: 7 ਮਿੰਟ

(ਚੇਤਾਵਨੀ: ਇਸ ਖ਼ਬਰ ਦੇ ਕੁਝ ਵੇਰਵੇ ਪਾਠਕਾਂ ਨੂੰ ਪਰੇਸ਼ਾਨ ਕਰ ਸਕਦੇ ਹਨ)

ਮੇਰਠ ਦੀ ਇੱਕ ਅਦਾਲਤ ਨੇ ਸੌਰਭ ਰਾਜਪੂਤ ਨਾਮੀ ਸ਼ਖਸ ਦਾ ਕਤਲ ਕਰਕੇ ਉਨ੍ਹਾਂ ਦੀ ਲਾਸ਼ ਡਰੱਮ ਵਿੱਚ ਪਾਉਣ ਦੇ ਮਾਮਲੇ ‘ਚ ਉਨ੍ਹਾਂ ਦੀ ਪਤਨੀ ਮੁਸਕਾਨ ਅਤੇ ਉਸ ਦੇ ਪ੍ਰੇਮੀ ਸਾਹਿਲ ਨੂੰ ਮੌਤ ਦੀ ਸਜ਼ਾ ਸੁਣਾਈ ਹੈ।

ਬੀਬੀਸੀ ਪੱਤਰਕਾਰ ਦਿਲਨਵਾਜ਼ ਪਾਸ਼ਾ ਨੇ ਸਰਕਾਰੀ ਪੱਖ ਦੇ ਹਵਾਲੇ ਨਾਲ ਇਸ ਦੀ ਪੁਸ਼ਟੀ ਕੀਤੀ ਹੈ।

ਜ਼ਿਲ੍ਹਾ ਜੱਜ ਅਰਵਿੰਦ ਕੁਮਾਰ ਨੇ ਕਰੀਬ ਡੇਢ ਸਾਲ ਬਾਅਦ ਇਹ ਫ਼ੈਸਲਾ ਸੁਣਾਇਆ। ਦੋਹੇਂ ਮੁਲਜ਼ਮ ਜੇਲ੍ਹ ਤੋਂ ਵੀਡੀਓ ਕਾਨਫਰੰਸਿੰਗ ਜ਼ਰੀਏ ਸੁਣਵਾਈ ਵਿੱਚ ਸ਼ਾਮਲ ਹੋਏ ਅਤੇ ਪੂਰਾ ਸਮਾਂ ਚੁੱਪ ਰਹੇ।

ਸਰਕਾਰੀ ਪੱਖ ਦੇ ਵਕੀਲ ਵਿਜੇ ਬਹਾਦਰ ਨੇ ਦੱਸਿਆ ਕਿ ਕਤਲ ਦੇ ਮਾਮਲੇ ਵਿੱਚ ਸਾਹਿਲ ਅਤੇ ਮੁਸਕਾਨ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ ਅਤੇ ਕੋਰਟ ਨੇ ਉਨ੍ਹਾਂ ‘ਤੇ ਵੀਹ ਹਜ਼ਾਰ ਰੁਪਏ ਦਾ ਜੁਰਮਾਨਾ ਲਗਾਇਆ ਹੈ।

ਇਸ ਤੋਂ ਇਲਾਵਾ ਇੱਕ ਹੋਰ ਸੈਕਸ਼ਨ ਤਹਿਤ ਸੱਤ ਸਾਲ ਦੀ ਸਜ਼ਾ ਸੁਣਾਈ ਹੈ।

ਸਜ਼ਾ ਦੇ ਐਲਾਨ ਤੋਂ ਪਹਿਲਾਂ ਨਿਊਜ਼ ਏਜੰਸੀ ਆਈਏਐੱਨਐੱਸ ਨਾਲ ਗੱਲ ਕਰਦਿਆਂ ਸੀਨੀਅਰ ਜੇਲ੍ਹ ਸੁਪਰੀਡੈਂਟ ਵੀਰੇਸ਼ ਰਾਜ ਸ਼ਰਮਾ ਨੇ ਦੱਸਿਆ, “ਪਹਿਲਾਂ ਸੁਣਵਾਈ ਹੋਈ ਅਤੇ ਦੋਹਾਂ ਮੁਲਜ਼ਮਾਂ ਨੂੰ ਵੱਖ ਵੱਖ ਪੇਸ਼ ਕੀਤਾ ਗਿਆ। ਜੱਜ ਨੇ ਉਨ੍ਹਾਂ ਤੋਂ ਵੱਖ ਵੱਖ ਮੁੱਦਿਆਂ ‘ਤੇ ਸਵਾਲ ਕੀਤੇ, ਜਿਨ੍ਹਾਂ ਵਿੱਚ ਫੋਰੈਂਸਿਕ ਰਿਪੋਰਟ ਨਾਲ ਜੁੜੇ ਸਵਾਲ ਵੀ ਸ਼ਾਮਲ ਸੀ ਪਰ ਮੈਂ ਸਵਾਲਾਂ ਦੀ ਜਾਣਕਾਰੀ ਨਹੀਂ ਦੇਣਾ ਚਾਹੁੰਦਾ।”

ਮ੍ਰਿਤਕ ਸੌਰਭ ਦੇ ਭਰਾ ਰਾਹੁਲ ਨੇ ਸਜ਼ਾ ਤੋਂ ਪਹਿਲਾਂ ਕਿਹਾ ਸੀ, “ਸ਼ੁਰੂ ਤੋਂ ਹੀ ਸਾਡੀ ਇੱਕੋ ਇੱਕ ਉਮੀਦ ਇਹੀ ਰਹੀ ਹੈ ਕਿ ਮੁਲਜ਼ਮਾਂ ਨੂੰ ਫਾਂਸੀ ਦੀ ਸਜ਼ਾ ਮਿਲੇ।”

ਉਨ੍ਹਾਂ ਨੇ ਕਿਹਾ, “ਦੋਹੇਂ ਮੁਲਜ਼ਮ ਚਿੰਤਤ ਅਤੇ ਪਰੇਸ਼ਾਨ ਸੀ। ਉਨ੍ਹਾਂ ਨੇ ਰਾਤ ਨੂੰ ਖਾਣੇ ਅਤੇ ਨਾਸ਼ਤੇ ਵਿੱਚ ਬਹੁਤ ਘੱਟ ਖਾਧਾ ਹੈ ਅਤੇ ਪਿਛਲੇ ਕੁਝ ਦਿਨਾਂ ਤੋਂ ਚੰਗੀ ਤਰ੍ਹਾਂ ਸੌਂ ਵੀ ਨਹੀਂ ਪਾ ਰਹੇ ਸੀ। ਮੁਸਕਾਨ ਪਿਛਲੇ ਤਿੰਨ ਚਾਰ ਦਿਨਾਂ ਤੋਂ ਆਪਣੀ ਵੱਡੀ ਬੇਟੀ ਨੂੰ ਮਿਲਣ ਦੀ ਮੰਗ ਕਰ ਰਹੀ ਹੈ, ਜਿਸ ਦੀ ਉਮਰ ਸੱਤ ਸਾਲ ਹੈ ਪਰ ਹਾਲੇ ਤੱਕ ਬੱਚੀ ਨੂੰ ਉਸ ਨਾਲ ਮਿਲਣ ਲਈ ਨਹੀਂ ਲਿਆਂਦਾ ਗਿਆ ਹੈ।”

ਕੀ ਸੀ ਮਾਮਲਾ ?

ਆਯੂਸ਼ ਵਿਕਰਮ ਸਿੰਘ

ਮਾਰਚ 2025 ਉੱਤਰ ਪ੍ਰਦੇਸ਼ ਦੇ ਮੇਰਠ ਤੋਂ ਸੁੰਨ ਕਰ ਦੇਣ ਵਾਲਾ ਕਤਲ ਦਾ ਇੱਕ ਮਾਮਲਾ ਸਾਹਮਣੇ ਆਇਆ ਸੀ। ਪੁਲਿਸ ਦੇ ਮੁਤਾਬਕ ਸ਼ਹਿਰ ਦੇ ਸੌਰਭ ਰਾਜਪੂਤ ਨਾਮੀ ਇੱਕ ਵਿਅਕਤੀ ਦਾ ਕਤਲ, ਉਸ ਦੀ ਪਤਨੀ ਨੇ ਆਪਣੇ ਬੁਆਏ ਫਰੈਂਡ ਨਾਲ ਮਿਲ ਕੇ ਕਰ ਦਿੱਤਾ ਸੀ।

29 ਸਾਲਾ ਦੇ ਸੌਰਭ ਰਾਜਪੂਤ ਲੰਡਨ ਵਿੱਚ ਕੰਮ ਕਰਦੇ ਸੀ ਅਤੇ ਫ਼ਰਵਰੀ 2025 ਵਿੱਚ ਹੀ ਪਰਤੇ ਸੀ।

ਸੌਰਭ ਦੇ ਪਰਿਵਾਰਕ ਮੈਂਬਰਾਂ ਨੇ ਮੇਰਠ ਪੁਲਿਸ ਵਿੱਚ ਉਨ੍ਹਾਂ ਦੀ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਾਈ ਸੀ।

ਜਦੋਂ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਤਾਂ ਇਸ ਘਿਨੌਣੇ ਅਪਰਾਧ ਬਾਰੇ ਹੈਰਾਨ ਕਰ ਦੇਣ ਵਾਲੀਆਂ ਜਾਣਕਾਰੀਆਂ ਸਾਹਮਣੇ ਆਈਆਂ।

ਮੇਰਠ ਪੁਲਿਸ ਨੇ ਦੱਸਿਆ ਕਿ 28 ਸਾਲਾ ਮੁਸਕਾਨ ਰਸਤੋਗੀ ਨੇ ਆਪਣੇ ਬੁਆਏ ਫਰੈਂਡ ਸਾਹਿਲ ਸ਼ੁਕਲਾ ਨਾਲ ਮਿਲ ਕੇ ਤਿੰਨ ਮਾਰਚ ਦੀ ਰਾਤ ਨੂੰ ਆਪਣੇ ਪਤੀ ਸੌਰਭ ਰਾਜਪੂਤ ਦਾ ਕਤਲ ਕਰ ਦਿੱਤਾ ਸੀ।

ਪੁਲਿਸ ਨੇ ਇੱਕ ਪ੍ਰੈੱਸ ਕਾਨਫਰੰਸ ਵਿਚ ਦੱਸਿਆ ਕਿ ਲਾਸ਼ ਨੂੰ ਇੱਕ ਡਰੱਮ ਵਿੱਚ ਪਾ ਕੇ ਕੰਕਰੀਟ ਭਰ ਦਿੱਤਾ ਗਿਆ ਸੀ।

ਪੁਲਿਸ ਉਸ ਡਰੱਮ ਨੂੰ ਕਬਜ਼ੇ ਵਿੱਚ ਲੈ ਕੇ ਥਾਣੇ ਲੈ ਆਈ ਅਤੇ ਫਿਰ ਕਟਰ ਨਾਲ ਡਰੱਮ ਕੱਟ ਕੇ ਲਾਸ਼ ਨੂੰ ਬਾਹਰ ਕੱਢਿਆ ਗਿਆ।

ਸੌਰਭ ਰਾਜਪੂਤ ਦੇ ਵੱਡੇ ਭਰਾ ਰਾਹੁਲ ਉਰਫ਼ ਬਬਲੂ ਦੀ ਸ਼ਿਕਾਇਤ ‘ਤੇ ਥਾਣੇ ਵਿੱਚ ਰਿਪੋਰਟ ਦਰਜ ਕੀਤੀ ਗਈ ਸੀ।

ਐੱਸਐੱਸਪੀ ਮੇਰਠ ਆਯੂਸ਼ ਵਿਕਰਮ ਸਿੰਘ ਨੇ ਇਸ ਕਤਲਕਾਂਡ ਬਾਰੇ ਮੀਡੀਆ ਨੂੰ ਦੱਸਿਆ, “ਸੌਰਭ ਰਾਜਪੂਤ ਨੂੰ ਚਾਰ ਮਾਰਚ ਤੋਂ ਦੇਖਿਆ ਨਹੀਂ ਗਿਆ ਸੀ। ਸ਼ੱਕ ਦੇ ਅਧਾਰ ‘ਤੇ ਪਤਨੀ ਮੁਸਕਾਨ ਅਤੇ ਉਸ ਦੇ ਪ੍ਰੇਮੀ ਸਾਹਿਲ ਸ਼ੁਕਲਾ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਸੀ।”

“ਪੁੱਛਗਿੱਛ ਵਿੱਚ ਪਤਾ ਲੱਗਿਆ ਕਿ ਸਾਹਿਲ ਨੇ ਮੁਸਕਾਨ ਨਾਲ ਮਿਲ ਕੇ ਸੌਰਭ ਦਾ ਕਤਲ ਕਰ ਦਿੱਤਾ ਸੀ। ਕਤਲ ਤੋਂ ਬਾਅਦ ਲਾਸ਼ ਦੇ ਵੱਖ ਵੱਖ ਹਿੱਸੇ ਇੱਕ ਡਰੱਮ ਵਿੱਚ ਪਾ ਕੇ ਉਸ ਨੂੰ ਸੀਮੇਂਟ ਅਤੇ ਰੇਤ ਦੇ ਘੋਲ ਨਾਲ ਭਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਦੋਹੇਂ ਮੁਲਜ਼ਮ ਘੁੰਮਣ ਲਈ ਸ਼ਿਮਲਾ, ਮਨਾਲੀ ਅਤੇ ਕਸੌਲੀ ਚਲੇ ਗਏ।”

ਮੇਰਠ ਦੇ ਬ੍ਰਹਮਪੁਰੀ ਇਲਾਕੇ ਦੇ ਰਹਿਣ ਵਾਲੇ ਸੌਰਭ ਰਾਜਪੂਤ ਨੇ ਸਾਲ 2016 ਵਿੱਚ ਉਸ ਦੇ ਘਰ ਤੋਂ ਥੋੜ੍ਹੀ ਦੂਰ ਹੀ ਰਹਿਣ ਵਾਲੀ ਮੁਸਕਾਨ ਰਸਤੋਗੀ ਨਾਲ ਪ੍ਰੇਮ ਵਿਆਹ ਕਰਾਇਆ ਸੀ।

ਦੋਹਾਂ ਦਾ ਵਿਆਹ ਪਰਿਵਾਰ ਦੇ ਵਿਰੋਧ ਦੇ ਬਾਵਜੂਦ ਹੋਇਆ ਸੀ। ਸਾਲ 2019 ਵਿੱਚ ਮੁਸਕਾਨ ਨੇ ਇੱਕ ਬੇਟੀ ਨੂੰ ਜਨਮ ਦਿੱਤਾ।

ਤਲਾਕ ਦੀ ਨੌਬਤ

ਮੀਡੀਆ ਸਾਹਮਣੇ ਪੇਸ਼ ਕੀਤੇ ਜਾਣ ਵੇਲੇ ਮੁਲਜ਼ਮ

ਪੁਲਿਸ ਮੁਤਾਬਕ, ਆਰਥਿਕ ਸਥਿਤੀ ਖਰਾਬ ਹੋਣ ਕਾਰਨ ਸੌਰਭ ਦੀ ਆਪਣੇ ਮਾਪਿਆਂ ਨਾ ਅਣਬਣ ਹੋ ਗਈ ਸੀ ਜਿਸ ਤੋਂ ਬਾਅਦ ਉਹ ਮੁਸਕਾਨ ਨਾਲ ਨੇੜਲੇ ਹੀ ਇੰਦਰਾ ਨਗਰ ਵਿਚ ਰਹਿਣ ਲੱਗ ਗਏ।

ਸੌਰਭ ਦੀ ਗੈਰ-ਮੌਜੂਦਗੀ ਵਿੱਚ ਮੁਸਕਾਨ ਅਤੇ ਸਾਹਿਲ ਸ਼ੁਕਲਾ ਵਿਚਕਾਰ ਨੇੜਤਾ ਵਧੀ।

ਐੱਸਐੱਸਪੀ ਆਯੂਸ਼ ਵਿਕਰਮ ਸਿੰਘ ਨੇ ਦੱਸਿਆ, “27 ਸਾਲ ਦੇ ਸਾਹਿਲ, ਸੌਰਭ ਦੇ ਘਰ ਤੋਂ ਥੋੜ੍ਹੀ ਦੂਰੀ ‘ਤੇ ਹੀ ਰਹਿੰਦੇ ਸੀ। ਉਹ ਅਤੇ ਮੁਸਕਾਨ ਅੱਠਵੀਂ ਜਮਾਤ ਵਿੱਚ ਸਹਿਪਾਠੀ ਵੀ ਰਹਿ ਚੁੱਕੇ ਸਨ। ਸਾਹਿਲ ਨੇ ਬੀ.ਕੌਮ ਤੱਕ ਪੜ੍ਹਾਈ ਕੀਤੀ ਹੈ ਅਤੇ ਆਨਲਾਈਨ ਟ੍ਰੇਡਿੰਗ ਕਾਰੋਬਾਰ ਨਾਲ ਜੁੜੇ ਹੋਏ ਸੀ।”

ਉਨ੍ਹਾਂ ਮੁਤਾਬਕ, ਜਦੋਂ ਸੌਰਭ ਨੂੰ ਆਪਣੀ ਪਤਨੀ ਅਤੇ ਸਾਹਿਲ ਵਿਚਕਾਰ ਸਬੰਧ ਬਾਰੇ ਪਤਾ ਲੱਗਿਆ ਤਾਂ ਉਨ੍ਹਾਂ ਨੇ ਸਾਲ 2021 ਵਿੱਚ ਤਲਾਕ ਲਈ ਕਾਨੂੰਨੀ ਰਸਤਾ ਅਖ਼ਤਿਆਰ ਕੀਤਾ ਪਰ ਇੱਕ ਛੋਟੀ ਬੱਚੀ ਹੋਣ ਕਾਰਨ ਘਰ ਵਾਲਿਆਂ ਦੇ ਸਮਝਾਉਣ ਬਾਅਦ ਸ਼ਿਕਾਇਤ ਵਾਪਸ ਲੈ ਲਈ।

ਪਰ ਦੋਹਾਂ ਵਿਚਕਾਰ ਅਕਸਰ ਤਣਾਅ ਬਰਕਰਾਰ ਰਿਹਾ।

3-4 ਮਾਰਚ ਨੂੰ ਕੀ ਹੋਇਆ ?

ਸੌਰਭ ਦੀ ਪੁਰਾਣੀ ਤਸਵੀਰ

ਪੁਲਿਸ ਨੇ ਕਿਹਾ ਹੈ ਕਿ ਪੁੱਛਗਿੱਛ ਵਿੱਚ ਮੁਸਕਾਨ ਨੇ ਆਪਣਾ ਜੁਰਮ ਕਬੂਲ ਕਰ ਲਿਆ।

ਮੁਸਕਾਨ ਨੇ ਉਦੋਂ ਪੁਲਿਸ ਨੂੰ ਦੱਸਿਆ ਸੀ ਕਿ ਦੋ ਸਾਲ ਪਹਿਲਾਂ ਸੌਰਭ ਲੰਡਨ ਵਿੱਚ ਕੰਮ ਕਰਨ ਲਈ ਚਲੇ ਗਏ ਸੀ। ਇਸ ਦੌਰਾਨ ਮੁਸਕਾਨ ਅਤੇ ਸਾਹਿਲ ਵਿਚਕਾਰ ਦੋਸਤੀ ਹੋਰ ਵਧ ਗਈ।

ਮੁਸਕਾਨ ਨੇ ਪੁਲਿਸ ਨੂੰ ਦੱਸਿਆ ਕਿ ਸੌਰਭ ਦਾ ਪਾਸਪੋਰਟ ਐਕਸਪਾਇਰ ਹੋਣ ਵਾਲਾ ਸੀ ਅਤੇ ਉਸ ਨੂੰ ਰੀਨਿਊ ਕਰਾਉਣ ਲਈ ਉਹ 24 ਫ਼ਰਵਰੀ ਨੂੰ ਭਾਰਤ ਆ ਰਹੇ ਸੀ।

ਪੁਲਿਸ ਮੁਤਾਬਕ, ਕਤਲ ਲਈ ਮੁਸਕਾਨ ਅਤੇ ਸਾਹਿਲ ਨੇ ਪਹਿਲਾਂ ਹੀ ਪੂਰੀ ਯੋਜਨਾ ਬਣਾ ਲਈ ਸੀ ਅਤੇ ਚਾਕੂ ਅਤੇ ਬੇਹੋਸ਼ੀ ਦੀਆਂ ਦਵਾਈਆਂ ਖਰੀਦ ਲਈਆਂ ਸੀ।

ਕਤਲ ਦੇ ਦਿਨ ਯਾਨਿ ਤਿੰਨ ਮਾਰਚ ਦੀ ਰਾਤ ਮੁਸਕਾਨ ਨੇ ਸੌਰਭ ਦੇ ਖਾਣੇ ਵਿੱਚ ਬੇਹੋਸ਼ੀ ਦੀਆਂ ਦਵਾਈਆਂ ਮਿਲਾ ਦਿੱਤੀਆਂ ਅਤੇ ਜਦੋਂ ਉਹ ਬੇਹੋਸ਼ ਹੋ ਗਏ ਤਾਂ ਸਾਹਿਲ ਨੇ ਸੌਰਭ ਦਾ ਹੱਥ ਫੜਿਆ ਅਤੇ ਮੁਸਕਾਨ ਨੇ ਚਾਕੂ ਨਾਲ ਕਈ ਵਾਰ ਕੀਤੇ।

ਪੁਲਿਸ ਮੁਤਾਬਕ ਦੋਹਾਂ ਨੇ ਸਬੂਤ ਮਿਟਾਉਣ ਲਈ ਕਮਰੇ ਨੂੰ ਬਲੀਚਿੰਗ ਪਾਊਡਰ ਨਾਲ ਧੋ ਦਿੱਤਾ ਸੀ।

ਚਾਰ ਮਾਰਚ ਨੂੰ ਮੁਸਕਾਨ ਨੇ ਬਜ਼ਾਰ ਤੋਂ ਡਰੱਮ ਅਤੇ ਸੀਮੇਂਟ ਖ਼ਰੀਦਿਆ ਅਤੇ ਫਿਰ ਲਾਸ਼ ਨੂੰ ਸੀਮੇਂਟ ਨਾਲ ਉਸ ਵਿੱਚ ਭਰ ਦਿੱਤਾ।

ਕਿਵੇਂ ਖੁੱਲ੍ਹਿਆ ਰਾਜ਼ ?

ਪੁਲਿਸ ਮੁਤਾਬਕ, ਲਾਸ਼ ਲੁਕਾਉਣ ਤੋਂ ਬਾਅਦ ਮੁਸਕਾਨ ਨੇ ਆਪਣੀ ਬੇਟੀ ਨੂੰ ਮਾਂ ਕੋਲ ਛੱਡਿਆ ਅਤੇ ਉਹ ਸਾਹਿਲ ਨਾਲ ਘੁੰਮਣ ਚਲੀ ਗਈ।

ਪੁਲਿਸ ਦਾ ਕਹਿਣਾ ਹੈ ਕਿ ਵਿਆਹ ਤੋਂ ਬਾਅਦ ਹੀ ਸੌਰਭ ਨੂੰ ਉਸ ਦੇ ਪਰਿਵਾਰ ਨੇ ਬੇਦਖ਼ਲ ਕਰ ਦਿੱਤਾ ਸੀ ਅਤੇ ਉਸ ਨਾਲ ਬਹੁਤਾ ਸੰਪਰਕ ਨਹੀਂ ਰੱਖਿਆ ਸੀ। ਇਸ ਲਈ ਇਹ ਗੱਲ ਕਈ ਦਿਨਾਂ ਤੱਕ ਪਤਾ ਨਹੀਂ ਚੱਲ ਸਕੀ।

17 ਮਾਰਚ ਨੂੰ ਜਦੋਂ ਮੁਸਕਾਨ ਪਰਤੀ ਤਾਂ ਉਸ ਦੀ ਛੇ ਸਾਲਾ ਬੇਟੀ ਨੇ ਪਿਤਾ ਸੌਰਭ ਬਾਰੇ ਪੁੱਛਿਆ। ਇਸ ‘ਤੇ ਮੁਸਕਾਨ ਭਾਵੁਕ ਹੋ ਗਈ। ਉਹ ਆਪਣੇ ਪੇਕੇ ਪਹੁੰਚੀ ਅਤੇ ਸੌਰਭ ਦੇ ਕਤਲ ਦਾ ਇਲਜ਼ਾਮ ਆਪਣੇ ਸਹੁਰਿਆਂ ‘ਤੇ ਲਗਾਉਣ ਲੱਗੀ। ਹਾਲਾਂਕਿ ਮੁਸਕਾਨ ਦੇ ਪਰਿਵਾਰਕ ਮੈਂਬਰਾਂ ਨੂੰ ਭਰੋਸਾ ਨਹੀਂ ਹੋਇਆ ਤਾਂ ਉਹ ਉਸ ਨੂੰ ਖੁਦ ਥਾਣੇ ਲੈ ਗਏ।

ਪੁੱਛਗਿੱਛ ਵਿੱਚ ਮੁਸਕਾਨ ਨੇ ਆਪਣਾ ਅਪਰਾਧ ਸਵੀਕਾਰ ਕਰ ਲਿਆ ਜਿਸ ਤੋਂ ਬਾਅਦ ਡਰੱਮ ਬਰਾਮਦ ਕੀਤਾ ਗਿਆ।

ਸੌਰਭ ਦੇ ਭਰਾ ਨੇ ਕੀ ਕਿਹਾ ਸੀ?

ਪੁਲਿਸ ਦੇ ਕਬਜ਼ੇ ਵਿੱਚ ਨੀਲਾ ਡਰੱਮ

ਸੌਰਭ ਤਿੰਨ ਭੈਣ ਭਰਾਵਾਂ ਵਿੱਚੋਂ ਸਭ ਤੋਂ ਛੋਟੇ ਸੀ। ਉਨ੍ਹਾਂ ਦੇ ਭਰਾ ਰਾਹੁਲ ਉਰਫ਼ ਬਬਲੂ ਨੇ ਬੀਬੀਸੀ ਨੂੰ ਕਿਹਾ, “ਮੇਰੇ ਭਰਾ ਨੂੰ ਜ਼ਾਲਿਮਾਂ ਨੇ ਮਾਰ ਸੁੱਟਿਆ। ਮੁਸਕਾਨ ਨੇ ਹੀ ਮੇਰੇ ਭਰਾ ਨੂੰ ਪਰਿਵਾਰ ਤੋਂ ਖੋਹ ਕੇ ਵੱਖ ਕੀਤਾ ਸੀ, ਇਸ ਵਿੱਚ ਕੋਈ ਵੱਡੀ ਸਾਜ਼ਿਸ਼ ਵੀ ਹੋ ਸਕਦੀ ਹੈ। ਮੈਨੂੰ ਮੁਸਕਾਨ ਦੇ ਘਰਵਾਲ਼ਿਆਂ ਦੀ ਸ਼ਮੂਲੀਅਤ ਦਾ ਸ਼ੱਕ ਹੈ। ਜੋ ਵੀ ਕਸੂਰਵਾਰ ਹੋਵੇ ਉਸ ਨੂੰ ਸਖਤ ਸਜ਼ਾ ਮਿਲੇ।”

ਸੌਰਭ ਜਿਸ ਮਕਾਨ ਵਿੱਚ ਰਹਿੰਦੇ ਸੀ, ਉਸ ਦੇ ਮਕਾਨ ਮਾਲਿਕ ਓਮਪਾਲ ਸਿੰਘ ਨੇ ਬੀਬੀਸੀ ਨੂੰ ਕਿਹਾ, “ਮੈਨੂੰ ਬਿਲਕੁਲ ਯਕੀਨ ਨਹੀਂ ਹੋਇਆ ਕਿ ਮੁਸਕਾਨ ਅਜਿਹਾ ਕੁਝ ਕਰ ਸਕਦੀ ਹੈ।”

ਉੱਧਰ ਮੁਸਕਾਨ ਦਾ ਪਰਿਵਾਰ ਵੀ ਉਸ ਖ਼ਿਲਾਫ਼ ਸਖਤ ਕਾਰਵਾਈ ਦੀ ਮੰਗ ਕਰ ਰਿਹਾ ਸੀ। ਮੁਸਕਾਨ ਰਸਤੋਗੀ ਦੀ ਮਾਂ ਅਤੇ ਪਿਤਾ ਨੇ ਆਪਣੀ ਬੇਟੀ ਨੂੰ ਸਮਾਜ ਲਈ ਖਤਰਨਾਕ ਦੱਸਦਿਆਂ ਮੌਤ ਦੀ ਸਜ਼ਾ ਦੀ ਮੰਗ ਕੀਤੀ ਸੀ।

ਨਿਊਜ਼ ਏਜੰਸੀ ਏਐੱਨਆਈ ਨੂੰ ਉਨ੍ਹਾਂ ਨੇ ਕਿਹਾ ਸੀ, “ਮੇਰੀ ਬੇਟੀ ਨੇ ਆਪਣੇ ਇੱਕ ਦੋਸਤ ਨਾਲ ਮਿਲ ਕੇ ਆਪਣੇ ਹੀ ਕਮਰੇ ਵਿੱਚ ਆਪਣੇ ਪਤੀ ਦਾ ਕਤਲ ਕਰ ਦਿੱਤਾ। ਉਹ ਇਸ ਸਮਾਜ ਦੇ ਲਾਇਕ ਨਹੀਂ ਹੈ ਅਤੇ ਦੂਜਿਆਂ ਲਈ ਵੀ ਖਤਰਨਾਕ ਹੈ। ਉਸ ਨੂੰ ਮੌਤ ਦੀ ਸਜ਼ਾ ਹੋਣੀ ਚਾਹੀਦੀ ਹੈ।”

ਏਐੱਨਆਈ ਨੇ ਮੁਸਕਾਨ ਦੀ ਮਾਂ ਨਾਲ ਵੀ ਗੱਲ ਕੀਤੀ। ਉਨ੍ਹਾਂ ਨੇ ਕਿਹਾ ਕਿ ਸੌਰਭ ਬਹੁਤ ਚੰਗਾ ਮੁੰਡਾ ਸੀ ਅਤੇ ਉਨ੍ਹਾਂ ਦੀ ਬੇਟੀ ਨੇ ਉਸ ਨਾਲ ਗਲਤ ਕੀਤਾ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI