Home ਰਾਸ਼ਟਰੀ ਖ਼ਬਰਾਂ ਪਾਕਿਸਤਾਨ ’ਚ ‘500 ਕਿੱਲੋਗ੍ਰਾਮ ਮਨੁੱਖੀ ਪਲੇਸੈਂਟਾ ਬਰਾਮਦ ਹੋਇਆ’, ਇਹ ਕਿਹੜਾ ਅੰਗ ਹੈ...

ਪਾਕਿਸਤਾਨ ’ਚ ‘500 ਕਿੱਲੋਗ੍ਰਾਮ ਮਨੁੱਖੀ ਪਲੇਸੈਂਟਾ ਬਰਾਮਦ ਹੋਇਆ’, ਇਹ ਕਿਹੜਾ ਅੰਗ ਹੈ ਜਿਸ ਦੀ ਤਸਕਰੀ ਹੋ ਰਹੀ ਸੀ

5
0

Source :- BBC PUNJABI

ਗਰਭ

ਤਸਵੀਰ ਸਰੋਤ, Getty Images

ਪਾਕਿਸਤਾਨ ਦੀ ਫੈਡਰਲ ਇਨਵੈਸਟੀਗੇਸ਼ਨ ਏਜੰਸੀ (ਐੱਫ਼ਆਈਏ) ਨੇ ਦਾਅਵਾ ਕੀਤਾ ਹੈ ਕਿ ਉਸ ਨੇ ਇਸਲਾਮਾਬਾਦ ਵਿੱਚ ਇੱਕ ਕਾਰਵਾਈ ਦੌਰਾਨ ਕਥਿਤ ਤੌਰ ‘ਤੇ 500 ਕਿਲੋਗ੍ਰਾਮ ਮਨੁੱਖੀ ਪਲੇਸੈਂਟਾ ਬਰਾਮਦ ਕੀਤਾ ਹੈ ਅਤੇ ਮਨੁੱਖੀ ਅੰਗਾਂ ਦੀ ਗੈਰ-ਕਾਨੂੰਨੀ ਖਰੀਦੋ-ਫਰੋਖ਼ਤ ਵਿੱਚ ਸ਼ਾਮਲ ਹੋਣ ਦੇ ਇਲਜ਼ਾਮਾਂ ਤਹਿਤ ਤਿੰਨ ਚੀਨੀ ਨਾਗਰਿਕਾਂ ਸਮੇਤ ਪੰਜ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਏਜੰਸੀ ਮੁਤਾਬਕ, ਇਹ ਕਾਰਵਾਈ ਉਨ੍ਹਾਂ ਵੱਲੋਂ ਕੀਤੀ ਗਈ ‘ਆਪਣੀ ਕਿਸਮ ਦੀ ਪਹਿਲੀ’ ਕਾਰਵਾਈ ਹੈ।

ਪਲੇਸੈਂਟਾ ਜਾਂ ਗਰਭਨਾਲ ਇੱਕ ਅਜਿਹਾ ਅੰਗ ਹੈ, ਜੋ ਗਰਭ ਅਵਸਥਾ ਦੌਰਾਨ ਮਾਂ ਦੀ ਬੱਚੇਦਾਨੀ ਵਿੱਚ ਬਣਦਾ ਹੈ ਅਤੇ (ਅੰਬਲਿਕਲ ਕੋਰਡ/ਨਾੜੂਏ) ਰਾਹੀਂ ਭਰੂਣ ਨਾਲ ਜੁੜਿਆ ਹੁੰਦਾ ਹੈ।

ਪਲੇਸੈਂਟਾ ਬੱਚੇ ਨੂੰ ਆਕਸੀਜਨ ਅਤੇ ਪੌਸ਼ਟਿਕ ਤੱਤ ਪਹੁੰਚਾਉਂਦਾ ਹੈ ਅਤੇ ਬੱਚੇ ਦੇ ਖੂਨ ਵਿੱਚੋਂ ਫਾਲਤੂ ਪਦਾਰਥਾਂ ਨੂੰ ਬਾਹਰ ਕੱਢਦਾ ਹੈ।

ਐੱਫਆਈਏ ਵੱਲੋਂ ਦਰਜ ਕੀਤੀ ਗਈ ਐੱਫਆਈਆਰ ਵਿੱਚ ਕਿਹਾ ਗਿਆ ਹੈ ਕਿ ਸ਼ੁਰੂਆਤੀ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਮੁਲਜ਼ਮ ਆਪਸੀ ਮਿਲੀਭੁਗਤ ਨਾਲ ਮਨੁੱਖੀ ਪਲੇਸੈਂਟਾ ਨੂੰ ‘ਭੇਡ ਦੇ ਪਲੇਸੈਂਟਾ’ ਦੇ ਰੂਪ ਵਿੱਚ ਛੁਪਾ ਕੇ ਵਪਾਰਕ ਮਕਸਦਾਂ ਲਈ ਵਿਦੇਸ਼ ਭੇਜਦੇ ਸਨ।

ਐੱਫਆਈਆਰ ਮੁਤਾਬਕ, ਬਰਾਮਦ ਕੀਤੇ ਗਏ ਪਲੇਸੈਂਟਾ ਦੇ ਨਮੂਨੇ ਅਗਲੀ ਕਾਰਵਾਈ ਲਈ ਪੀਆਈਐਮਐਸ ਭੇਜੇ ਗਏ ਹਨ। ਐਫ਼ਆਈਏ ਦੇ ਅਨੁਸਾਰ, ਸ਼ੁੱਕਰਵਾਰ ਨੂੰ ਸਥਾਨਕ ਅਦਾਲਤ ਨੇ ਗ੍ਰਿਫ਼ਤਾਰ ਕੀਤੇ ਗਏ ਪੰਜਾਂ ਮੁਲਜ਼ਮਾਂ ਨੂੰ ਚਾਰ ਦਿਨਾਂ ਦੇ ਫਿਜ਼ੀਕਲ ਰਿਮਾਂਡ ‘ਤੇ ਭੇਜ ਦਿੱਤਾ, ਜਿਸ ਤੋਂ ਬਾਅਦ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਗਈ।

ਮਨੁੱਖੀ ਅੰਗ ਟ੍ਰਾਂਸਪਲਾਂਟ ਅਥਾਰਟੀ (ਐਚਓਟੀਏ) ਦੇ ਮਾਨੀਟਰਿੰਗ ਅਫ਼ਸਰ ਹੀਨਾ ਕੰਵਲ ਨੇ ਬੀਬੀਸੀ ਉਰਦੂ ਨੂੰ ਦੱਸਿਆ ਕਿ ਪੀਆਈਐਮਐਸ ਨੇ ਇਹ ਨਮੂਨੇ ਇਕੱਠੇ ਕਰਕੇ ਲਾਹੌਰ ਸਥਿਤ ਪੰਜਾਬ ਫੋਰੈਂਸਿਕ ਸਾਇੰਸ ਏਜੰਸੀ ਨੂੰ ਭੇਜ ਦਿੱਤੇ ਹਨ, ਪਰ ਅਜੇ ਅੰਤਿਮ ਰਿਪੋਰਟ ਨਹੀਂ ਮਿਲੀ ਹੈ।

ਗਰਭ

ਤਸਵੀਰ ਸਰੋਤ, Getty Images

ਇਸਲਾਮਾਬਾਦ ਵਿੱਚ ਦੋ ਥਾਵਾਂ ‘ਤੇ ਛਾਪੇ

ਹਾਲਾਂਕਿ, ਐਫ਼ਆਈਏ ਵੱਲੋਂ ਇਸ ਮਾਮਲੇ ਦੀ ਜਾਂਚ ਲਈ ਨਿਯੁਕਤ ਅਧਿਕਾਰੀ ਅਤੇ ਮਨੁੱਖੀ ਅੰਗ ਟ੍ਰਾਂਸਪਲਾਂਟ ਅਥਾਰਟੀ ਦੇ ਅਧਿਕਾਰੀ ਹੀਨਾ ਕੰਵਲ ਦਾ ਦਾਅਵਾ ਹੈ ਕਿ ਬਰਾਮਦ ਕੀਤਾ ਗਿਆ ਮਨੁੱਖੀ ਪਲੇਸੈਂਟਾ ਉਹੀ ਹੈ, ਜਿਸ ਨੂੰ ਮੁਲਜ਼ਮਾਂ ਨੇ ਕਥਿਤ ਤੌਰ ‘ਤੇ ਵੱਖ-ਵੱਖ ਹਸਪਤਾਲਾਂ ਤੋਂ ਪੈਸਿਆਂ ਦੇ ਬਦਲੇ ਖਰੀਦਿਆ ਸੀ ਅਤੇ ਇਕੱਠਾ ਕੀਤਾ ਸੀ।

ਐਫ਼ਆਈਏ ਨੇ ਮਨੁੱਖੀ ਅੰਗ ਟ੍ਰਾਂਸਪਲਾਂਟ ਅਥਾਰਟੀ (ਐਚਓਟੀਏ) ਦੇ ਸਹਿਯੋਗ ਨਾਲ ਇਸਲਾਮਾਬਾਦ ਦੇ ਦੋ ਸੈਕਟਰਾਂ ਵਿੱਚ ਇਹ ਕਾਰਵਾਈ ਕੀਤੀ ਅਤੇ ਐਚਓਟੀਏ ਦੇ ਇੱਕ ਅਧਿਕਾਰੀ ਦੀ ਸ਼ਿਕਾਇਤ ‘ਤੇ ਤਿੰਨ ਚੀਨੀ ਅਤੇ ਦੋ ਪਾਕਿਸਤਾਨੀ ਨਾਗਰਿਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ।

ਜਦਕਿ ਇਸ ਮਾਮਲੇ ਵਿੱਚ ਹਿਰਾਸਤ ਵਿੱਚ ਲਏ ਗਏ ਤਿੰਨ ਹੋਰ ਲੋਕਾਂ (ਜਿਨ੍ਹਾਂ ਵਿੱਚ ਇੱਕ ਚੀਨੀ ਨਾਗਰਿਕ ਵੀ ਸ਼ਾਮਲ ਹੈ) ਦੀ ਸ਼ਮੂਲੀਅਤ ਦੀ ਜਾਂਚ ਕੀਤੀ ਜਾ ਰਹੀ ਹੈ।

ਜਾਂਚ ਨਾਲ ਜੁੜੇ ਐਫ਼ਆਈਏ ਦੇ ਇੱਕ ਅਧਿਕਾਰੀ ਨੇ ਕਿਹਾ, “ਐਫ਼ਆਈਏ ਨੇ ਪਹਿਲਾਂ ਵੀ ਗੈਰ-ਕਾਨੂੰਨੀ ਅੰਗ ਟ੍ਰਾਂਸਪਲਾਂਟ ਖ਼ਿਲਾਫ਼ ਕਈ ਕਾਰਵਾਈਆਂ ਕੀਤੀਆਂ ਹਨ, ਪਰ ਦੇਸ਼ ਵਿੱਚ ਮਨੁੱਖੀ ਪਲੇਸੈਂਟਾ ਦੀ ਵਿਕਰੀ ਅਤੇ ਇਸ ਵਿੱਚ ਇੱਕ ਅੰਤਰਰਾਸ਼ਟਰੀ ਗਿਰੋਹ ਦੀ ਸ਼ਮੂਲੀਅਤ ਦਾ ਇਹ ਪਹਿਲਾ ਮਾਮਲਾ ਹੈ।”

ਐਫ਼ਆਈਏ ਦੇ ਇੱਕ ਅਧਿਕਾਰੀ ਨੇ ਪੁਸ਼ਟੀ ਕੀਤੀ ਕਿ ਇਨ੍ਹਾਂ ਕਾਰਵਾਈਆਂ ਦੌਰਾਨ ‘500 ਕਿਲੋਗ੍ਰਾਮ ਮਨੁੱਖੀ ਪਲੇਸੈਂਟਾ ਬਰਾਮਦ ਕੀਤਾ ਗਿਆ ਹੈ’।

ਮਨੁੱਖੀ ਪਲੇਸੈਂਟਾ ਕੀ ਹੁੰਦਾ ਹੈ, ਅੰਤਰਰਾਸ਼ਟਰੀ ਬਾਜ਼ਾਰ ਵਿੱਚ ਇਸ ਦੀ ਕੀ ਕੀਮਤ ਹੈ ਅਤੇ ਇਸ ਦੀ ਵਰਤੋਂ ਕਿਹੜੇ ਮਕਸਦਾਂ ਲਈ ਕੀਤੀ ਜਾਂਦੀ ਹੈ? ਇਨ੍ਹਾਂ ਸਵਾਲਾਂ ਦੇ ਜਵਾਬ ਦੇਣ ਤੋਂ ਪਹਿਲਾਂ ਆਓ ਜਾਣਦੇ ਹਾਂ ਕਿ ਇਸ ਮਾਮਲੇ ਦੀ ਐੱਫਆਈਆਰ ਵਿੱਚ ਕੀ ਕਿਹਾ ਗਿਆ ਹੈ।

ਜਾਂਚ ਵਿੱਚ ਕੀ ਸਾਹਮਣੇ ਆਇਆ

ਅਧਿਕਾਰੀਆਂ ਦੇ ਅਨੁਸਾਰ ਮਨੁੱਖੀ ਪਲੇਸੈਂਟਾ ਨੂੰ ਘਰ ਵਿੱਚ ਰੱਖਣ ਲਈ ਵਿਸ਼ੇਸ਼ ਵਿਵਸਥਾ ਕੀਤੀ ਗਈ ਸੀ

ਤਸਵੀਰ ਸਰੋਤ, FIA

ਇਸ ਮਾਮਲੇ ‘ਚ ਦਰਜ ਐੱਫਆਈਆਰ ਮੁਤਾਬਕ, ਮਨੁੱਖੀ ਅੰਗ ਟ੍ਰਾਂਸਪਲਾਂਟ ਅਥਾਰਟੀ (ਐਚਓਟੀਏ) ਨੂੰ ਇਸਲਾਮਾਬਾਦ ਦੇ ਸੈਕਟਰ ਐਫ਼-7 ਵਿੱਚ ਮਨੁੱਖੀ ਅੰਗਾਂ ਅਤੇ ਟਿਸ਼ੂਆਂ ਦੀ ਖਰੀਦੋ-ਫਰੋਖ਼ਤ ਨਾਲ ਸਬੰਧਤ ਗਤੀਵਿਧੀਆਂ ਦੀ ਜਾਣਕਾਰੀ ਮਿਲੀ ਸੀ, ਜਿਸ ਤੋਂ ਬਾਅਦ 24 ਜੂਨ (ਬੁੱਧਵਾਰ) ਨੂੰ ਇਸ ਇਲਾਕੇ ਵਿੱਚ ਇੱਕ ਨਿੱਜੀ ਰਿਹਾਇਸ਼ ‘ਤੇ ਸਾਂਝਾ ਛਾਪਾ ਮਾਰਿਆ ਗਿਆ।

ਐੱਫਆਈਆਰ ਦੇ ਵੇਰਵਿਆਂ ਮੁਤਾਬਕ, ਛਾਪੇ ਦੌਰਾਨ ਇਹ ਪਾਇਆ ਗਿਆ ਕਿ ਉਸ ਘਰ ਨੂੰ “ਮਨੁੱਖੀ ਪਲੇਸੈਂਟਾ ਨੂੰ ਸਟੋਰ ਕਰਨ ਅਤੇ ਉਸ ਦੀ ਪ੍ਰੋਸੈਸਿੰਗ ਕਰਨ ਲਈ ਇੱਕ ਕੇਂਦਰ ਵਜੋਂ ਇਸਤੇਮਾਲ ਕੀਤਾ ਜਾ ਰਿਹਾ ਸੀ।”

ਐੱਫਆਈਆਰ ਮੁਤਾਬਕ, ਇਸ ਕਾਰਵਾਈ ਦੌਰਾਨ ਤਿੰਨ ਚੀਨੀ ਨਾਗਰਿਕਾਂ ਅਤੇ ਦੋ ਪਾਕਿਸਤਾਨੀ ਨਾਗਰਿਕਾਂ ਨੂੰ ਇਸ ਕਾਰੋਬਾਰ ਵਿੱਚ ਕਥਿਤ ਤੌਰ ‘ਤੇ ਸ਼ਾਮਲ ਹੋਣ ਦੇ ਇਲਜ਼ਾਮਾਂ ਤਹਿਤ ਗ੍ਰਿਫ਼ਤਾਰ ਕਰ ਲਿਆ ਗਿਆ।

ਐੱਫਆਈਆਰ ਵਿੱਚ ਅੱਗੇ ਕਿਹਾ ਗਿਆ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਇੱਕ ਚੀਨੀ ਨਾਗਰਿਕ ਤੋਂ ਪੁੱਛਗਿੱਛ ਦੌਰਾਨ ਪਤਾ ਲੱਗਿਆ ਕਿ ਸੈਕਟਰ ਈ-11 ਵਿੱਚ ਇੱਕ ਹੋਰ ਥਾਂ ‘ਤੇ ਵੀ ਇਹੀ ਕੰਮ ਹੋ ਰਿਹਾ ਸੀ, ਜਿਸ ਤੋਂ ਬਾਅਦ ਉੱਥੇ ਤੁਰੰਤ ਕਾਰਵਾਈ ਕੀਤੀ ਗਈ ਅਤੇ “ਕਈ ਕੰਟੇਨਰਾਂ ਅਤੇ ਫਰਿੱਜਾਂ ਵਿੱਚੋਂ ਵੱਡੀ ਗਿਣਤੀ ਵਿੱਚ ਪਲੇਸੈਂਟਾ ਬਰਾਮਦ ਕੀਤੇ ਗਏ”।

ਐੱਫਆਈਆਰ ਮੁਤਾਬਕ, ਇਸ ਘਰ ਤੋਂ ਦੋ ਪਾਕਿਸਤਾਨੀ ਨਾਗਰਿਕਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਅਤੇ ਇਸ ਮਾਮਲੇ ਵਿੱਚ ਉਨ੍ਹਾਂ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ।

ਐੱਫਆਈਆਰ ਮੁਤਾਬਕ, ਇਨ੍ਹਾਂ ਸਾਰੇ ਲੋਕਾਂ ਤੋਂ ਇਲਾਵਾ ਇੱਕ ਹੋਰ ਚੀਨੀ ਨਾਗਰਿਕ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਇਸ ਮਾਮਲੇ ਵਿੱਚ ਉਸਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

ਇਹ ਐੱਫਆਈਆਰ, ਪਾਕਿਸਤਾਨ ਪੀਨਲ ਕੋਡ ਦੀ ਧਾਰਾ 109 ਅਤੇ ਮਨੁੱਖੀ ਅੰਗਾਂ ਅਤੇ ਟਿਸ਼ੂ ਟ੍ਰਾਂਸਪਲਾਂਟੇਸ਼ਨ ਐਕਟ 2010 ਦੀਆਂ ਧਾਰਾਵਾਂ 11 ਅਤੇ 12 (ਵਪਾਰਕ ਮਕਸਦਾਂ ਲਈ ਮਨੁੱਖੀ ਅੰਗਾਂ ਦੀ ਵਰਤੋਂ) ਦੇ ਤਹਿਤ ਦਰਜ ਕੀਤੀ ਗਈ ਹੈ। ਇਨ੍ਹਾਂ ਧਾਰਾਵਾਂ ਤਹਿਤ ਦੋਸ਼ੀ ਠਹਿਰਾਏ ਜਾਣ ‘ਤੇ ਵੱਧ ਤੋਂ ਵੱਧ 10 ਸਾਲ ਦੀ ਕੈਦ ਅਤੇ 10 ਲੱਖ ਰੁਪਏ ਤੱਕ ਜੁਰਮਾਨੇ ਦੀ ਸਜ਼ਾ ਹੋ ਸਕਦੀ ਹੈ।

‘ਹਸਪਤਾਲਾਂ ਤੋਂ 800 ਰੁਪਏ ਪ੍ਰਤੀ ਪਲੇਸੈਂਟਾ ਦੇ ਹਿਸਾਬ ਨਾਲ ਖਰੀਦਦੇ ਸਨ’

ਹਸਪਤਾਲ

ਤਸਵੀਰ ਸਰੋਤ, Getty Images

ਐਫ਼ਆਈਏ ਦੇ ਮੁਤਾਬਕ, ਉਨ੍ਹਾਂ ਨੇ ਇਸ ਮਾਮਲੇ ਦੀ ਜਾਂਚ ਲਈ ਇੱਕ ਟੀਮ ਬਣਾਈ ਹੈ।

ਜਾਂਚ ਨਾਲ ਜੁੜੇ ਇੱਕ ਅਧਿਕਾਰੀ ਨੇ ਬੀਬੀਸੀ ਨੂੰ ਦੱਸਿਆ ਕਿ “ਐਫ਼ਆਈਏ ਪਹਿਲਾਂ ਵੀ ਗੈਰ-ਕਾਨੂੰਨੀ ਢੰਗ ਨਾਲ ਮਨੁੱਖੀ ਅੰਗ ਟ੍ਰਾਂਸਪਲਾਂਟ ਦੇ ਖ਼ਿਲਾਫ਼ ਕਈ ਕਾਰਵਾਈਆਂ ਕਰ ਚੁੱਕੀ ਹੈ, ਪਰ ਇਹ ਪਹਿਲਾ ਮਾਮਲਾ ਹੈ ਜਿਸ ਵਿੱਚ ਅੰਤਰਰਾਸ਼ਟਰੀ ਪੱਧਰ ‘ਤੇ ਮਨੁੱਖੀ ਪਲੇਸੈਂਟਾ ਦਾ ਵਪਾਰ ਕਰਨ ਵਾਲੇ ਇੱਕ ਸੰਗਠਿਤ ਨੈੱਟਵਰਕ ਦਾ ਪਰਦਾਫ਼ਾਸ਼ ਹੋਇਆ ਹੈ ਅਤੇ ਛਾਪੇ ਦੌਰਾਨ 500 ਕਿੱਲੋਗ੍ਰਾਮ ਤੋਂ ਵੱਧ ਪਲੇਸੈਂਟਾ ਬਰਾਮਦ ਕੀਤਾ ਗਿਆ ਹੈ। ਜਾਂਚ ਅੱਗੇ ਵਧਣ ਨਾਲ ਹੋਰ ਵੇਰਵੇ ਵੀ ਸਾਹਮਣੇ ਆਉਣਗੇ।”

ਇਸ ਸਬੰਧ ਵਿੱਚ ਐਫ਼ਆਈਏ ਵੱਲੋਂ ਜਾਰੀ ਇੱਕ ਪ੍ਰੈੱਸ ਰਿਲੀਜ਼ ਵਿੱਚ ਦਾਅਵਾ ਕੀਤਾ ਗਿਆ ਕਿ “ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਪ੍ਰੋਸੈਸਿੰਗ ਉਪਕਰਣ ਅਤੇ ਤਿਆਰ ਸਮਾਨ ਵੀ ਬਰਾਮਦ ਕੀਤਾ ਗਿਆ ਹੈ।”

ਦੂਜੇ ਪਾਸੇ, ‘ਐਚਓਟੀਏ’ ਦੇ ਮਾਨੀਟਰਿੰਗ ਅਫ਼ਸਰ ਹੀਨਾ ਕੰਵਲ ਨੇ ਬੀਬੀਸੀ ਨੂੰ ਦੱਸਿਆ ਕਿ ਸ਼ੁਰੂਆਤੀ ਜਾਂਚ ਵਿੱਚ ਇਹ ਸਾਹਮਣੇ ਆਇਆ ਹੈ ਕਿ ਮੁਲਜ਼ਮ ਕਥਿਤ ਤੌਰ ‘ਤੇ ਇਸਲਾਮਾਬਾਦ ਅਤੇ ਰਾਵਲਪਿੰਡੀ ਦੇ ਹਸਪਤਾਲਾਂ ਤੋਂ 800 ਰੁਪਏ ਪ੍ਰਤੀ ਪਲੇਸੈਂਟਾ ਦੇ ਹਿਸਾਬ ਨਾਲ ਇਹ ਖਰੀਦਦੇ ਸਨ ਅਤੇ ਬਰਾਮਦ ਕੀਤੇ ਗਏ ਕਥਿਤ ਮਨੁੱਖੀ ਪਲੇਸੈਂਟਾ ਨੂੰ ਤਸਕਰੀ ਕਰਕੇ ਵਿਦੇਸ਼ ਭੇਜਣ ਦੀ ਯੋਜਨਾ ਸੀ।

ਮਾਨੀਟਰਿੰਗ ਅਫ਼ਸਰ ਹੀਨਾ ਕੰਵਲ ਅਤੇ ਐਚਓਟੀਏ ਨਾਲ ਹੀ ਸਬੰਧਿਤ ਸਰਦਾਰ ਆਦਿਲ ਇਸ ਛਾਪੇ ਦੌਰਾਨ ਐਫ਼ਆਈਏ ਦੇ ਅਧਿਕਾਰੀਆਂ ਨਾਲ ਮੌਜੂਦ ਸਨ।

ਹੀਨਾ ਕੰਵਲ ਦੇ ਮੁਤਾਬਕ, ਐਫ਼ਆਈਏ ਦਾ ਦਾਅਵਾ ਹੈ ਕਿ ਬਰਾਮਦ ਕੀਤੇ ਗਏ ਪਲੇਸੈਂਟਾ ਦੀ ਕੀਮਤ ਲੱਖਾਂ ਰੁਪਏ ਵਿੱਚ ਹੈ, ਪਰ ਇਸ ਬਾਰੇ ਫ਼ਿਲਹਾਲ ਕੋਈ ਪੱਕੀ ਗੱਲ ਨਹੀਂ ਕਹੀ ਜਾ ਸਕਦੀ।

ਉਨ੍ਹਾਂ ਨੇ ਕਿਹਾ ਕਿ ਸ਼ੁਰੂ ਵਿੱਚ ਮੁਲਜ਼ਮਾਂ ਦਾ ਇਸ ਗੱਲ ‘ਤੇ ਜ਼ੋਰ ਸੀ ਕਿ ਇਹ ਮਨੁੱਖੀ ਨਹੀਂ, ਸਗੋਂ ਭੇਡ ਦਾ ਪਲੇਸੈਂਟਾ ਹੈ, ਜਿਸ ਨੂੰ ਉਹ ਵਪਾਰਕ ਵਰਤੋਂ ਲਈ ਵਿਦੇਸ਼ ਭੇਜਣਾ ਚਾਹੁੰਦੇ ਸਨ। ਹਾਲਾਂਕਿ, ਉਨ੍ਹਾਂ ਦਾ ਦਾਅਵਾ ਹੈ ਕਿ ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਕਬੂਲ ਕੀਤਾ ਕਿ ਇਹ ਮਨੁੱਖੀ ਪਲੇਸੈਂਟਾ ਹੈ।

ਚੇਤੇ ਰਹੇ ਕਿ ਪਾਕਿਸਤਾਨੀ ਕਾਨੂੰਨ ਅਨੁਸਾਰ, ਪੁੱਛਗਿੱਛ ਦੌਰਾਨ ਕੀਤਾ ਗਿਆ ਇਕਬਾਲੀਆ ਬਿਆਨ ਉਦੋਂ ਤੱਕ ਕਾਨੂੰਨੀ ਮਹੱਤਵ ਨਹੀਂ ਰੱਖਦਾ, ਜਦੋਂ ਤੱਕ ਉਹ ਬਿਆਨ ਅਦਾਲਤ ਦੇ ਸਾਹਮਣੇ ਨਾ ਦਿੱਤਾ ਜਾਵੇ।

ਅਧਿਕਾਰੀ ਨੇ ਅੱਗੇ ਕਿਹਾ ਕਿ ਇਸ ਸਬੰਧ ਵਿੱਚ ਅੰਤਿਮ ਰਿਪੋਰਟ ਲਈ ਨਮੂਨੇ ਲੈਬੋਰੇਟਰੀ ਭੇਜੇ ਗਏ ਹਨ ਅਤੇ ਐਚਓਟੀਏ ਦੇ ਪ੍ਰਸ਼ਾਸਕ ਫ਼ਜ਼ਲ ਮੋਲਾ ਅਤੇ ਸਿਹਤ ਮੰਤਰੀ ਮੁਸਤਫ਼ਾ ਕਮਾਲ ਨੇ ਵੀ ਇਸ ਮਾਮਲੇ ਵਿੱਚ ਹਦਾਇਤਾਂ ਜਾਰੀ ਕੀਤੀਆਂ ਹਨ।

ਮਨੁੱਖੀ ਪਲੇਸੈਂਟਾ ਕੀ ਹੁੰਦਾ ਹੈ?

ਨਵਜੰਮਾ ਬੱਚਾ

ਤਸਵੀਰ ਸਰੋਤ, Getty Images

ਅਮਰੀਕਾ ਦੇ ਮੇਓ ਕਲੀਨਿਕ ਦੇ ਮੁਤਾਬਕ, ਪਲੇਸੈਂਟਾ ਇੱਕ ਅਜਿਹਾ ਅੰਗ ਹੈ ਜੋ ਗਰਭ ਅਵਸਥਾ ਦੌਰਾਨ ਮਾਂ ਦੀ ਬੱਚੇਦਾਨੀ ਵਿੱਚ ਬਣਦਾ ਹੈ ਅਤੇ ਅੰਬਲਿਕਲ ਕੋਰਡ (ਨਾੜੂਏ) ਨਾਮ ਦੀ ਇੱਕ ਨਲੀ ਰਾਹੀਂ ਬੱਚੇ ਨਾਲ ਜੁੜਿਆ ਹੁੰਦਾ ਹੈ।

“ਇਸੇ ਅੰਬਲਿਕਲ ਕੋਰਡ ਰਾਹੀਂ ਪਲੇਸੈਂਟਾ ਬੱਚੇ ਨੂੰ ਆਕਸੀਜਨ ਅਤੇ ਪੌਸ਼ਟਿਕ ਤੱਤ ਪਹੁੰਚਾਉਂਦਾ ਹੈ ਅਤੇ ਬੱਚੇ ਦੇ ਖੂਨ ਵਿੱਚੋਂ ਫਾਲਤੂ ਪਦਾਰਥਾਂ ਨੂੰ ਬਾਹਰ ਕੱਢਦਾ ਹੈ।”

ਮੇਓ ਕਲੀਨਿਕ ਮੁਤਾਬਕ, ਕੁਦਰਤੀ ਜਣੇਪੇ (ਨਾਰਮਲ ਡਿਲੀਵਰੀ) ਦੇ ਮਾਮਲੇ ਵਿੱਚ ਕੁਝ ਸਮੇਂ ਬਾਅਦ ਪਲੇਸੈਂਟਾ ਵੀ ਉਸੇ ਰਸਤੇ ਰਾਹੀਂ ਬਾਹਰ ਨਿਕਲ ਜਾਂਦਾ ਹੈ ਅਤੇ ਇਸ ਨੂੰ ਜਣੇਪੇ ਦਾ ਤੀਜਾ ਪੜਾਅ ਕਿਹਾ ਜਾਂਦਾ ਹੈ। ਜੇਕਰ ਬੱਚੇ ਦਾ ਜਨਮ ਸਰਜਰੀ ਜਾਂ ਸੀ-ਸੈਕਸ਼ਨ ਰਾਹੀਂ ਹੁੰਦਾ ਹੈ, ਤਾਂ ਇਸ ਸਥਿਤੀ ਵਿੱਚ ਡਾਕਟਰ ਉਸੇ ਪ੍ਰਕਿਰਿਆ ਦੌਰਾਨ ਮਾਂ ਦੀ ਬੱਚੇਦਾਨੀ ਵਿੱਚੋਂ ਪਲੇਸੈਂਟਾ ਨੂੰ ਵੀ ਬਾਹਰ ਕੱਢ ਦਿੰਦੇ ਹਨ।

ਗਾਇਨੀਕੋਲੋਜਿਸਟ ਡਾਕਟਰ ਸਦਫ਼ ਤਾਰਿਕ ਦੇ ਮੁਤਾਬਕ, ਪਲੇਸੈਂਟਾ ਜੈਨੇਟਿਕ ਤੌਰ ‘ਤੇ ਭਰੂਣ ਦਾ ਹੀ ਇੱਕ ਵਿਸਥਾਰ ਹੁੰਦਾ ਹੈ।

“ਇਹ ਮਨੁੱਖੀ ਸਰੀਰ ਦਾ ਇੱਕ ਅਸਥਾਈ ਅੰਗ ਹੈ, ਜੋ ਕੁਦਰਤੀ ਤੌਰ ‘ਤੇ ਮਾਂ ਅਤੇ ਭਰੂਣ ਵਿਚਾਲੇ ਸੰਪਰਕ ਲਈ ਬਣਦਾ ਹੈ ਅਤੇ ਜਨਮ ਤੋਂ ਬਾਅਦ ਇਸ ਨੂੰ ਹਟਾ ਦਿੱਤਾ ਜਾਂਦਾ ਹੈ ਕਿਉਂਕਿ ਉਸ ਤੋਂ ਬਾਅਦ ਇਸ ਦੀ ਲੋੜ ਨਹੀਂ ਰਹਿੰਦੀ।”

ਸਰੀਰ ਵਿੱਚੋਂ ਕੱਢੇ ਜਾਣ ਤੋਂ ਬਾਅਦ ਪਲੇਸੈਂਟਾ ਕਿੱਥੇ ਜਾਂਦਾ ਹੈ?

ਗਰਭ

ਤਸਵੀਰ ਸਰੋਤ, Getty Images

ਡਾਕਟਰ ਸਦਫ਼ ਤਾਰਿਕ ਮੁਤਾਬਕ, “ਬੱਚੇ ਦੇ ਜਨਮ ਤੋਂ ਬਾਅਦ ਪਲੇਸੈਂਟਾ ਇੱਕ ਪੈਥੋਲੋਜੀਕਲ ਕਚਰਾ ਬਣ ਜਾਂਦਾ ਹੈ ਅਤੇ ਇਸ ਦਾ ਨਿਪਟਾਰਾ ਪੰਜਾਬ ਹਸਪਤਾਲ ਮੈਨੇਜਮੈਂਟ ਨਿਯਮਾਂ ਅਤੇ ਨੈਸ਼ਨਲ ਬਾਇਓਸੇਫ਼ਟੀ ਫਰੇਮਵਰਕ ਦੇ ਤਹਿਤ ਕੀਤਾ ਜਾਂਦਾ ਹੈ। ਪਲੇਸੈਂਟਾ ਇੱਕ ਬਹੁਤ ਹੀ ਮੈਡੀਕਲ ਰਹਿੰਦ ਹੁੰਦਾ ਹੈ, ਜਿਸ ਤੋਂ ਲਾਗ ਦਾ ਖਤਰਾ ਬਹੁਤ ਜ਼ਿਆਦਾ ਹੁੰਦਾ ਹੈ ਕਿਉਂਕਿ ਇਹ ਮਾਂ ਅਤੇ ਭਰੂਣ ਦਰਮਿਆਨ ਹੋਣ ਵਾਲੇ ਸਾਰੇ ਇਨਫੈਕਸ਼ਨਾਂ ਵਿਚਕਾਰ ਇੱਕ ਰੁਕਾਵਟ (ਬੈਰੀਅਰ) ਵਾਂਗ ਹੁੰਦਾ ਹੈ। ਇਸ ਲਈ ਇਸ ਮੈਡੀਕਲ ਰਹਿੰਦ-ਕੂਹਨਦ ਦਾ ਨਿਪਟਾਰਾ ਨਿਯਮਾਂ ਅਤੇ ਕਾਨੂੰਨਾਂ ਅਨੁਸਾਰ ਕੀਤਾ ਜਾਂਦਾ ਹੈ।”

ਉਨ੍ਹਾਂ ਕਿਹਾ ਕਿ ਆਪ੍ਰੇਸ਼ਨ ਥੀਏਟਰ ਜਾਂ ਲੇਬਰ ਰੂਮ ਵਿੱਚ ਬੱਚੇ ਦੇ ਜਨਮ ਤੋਂ ਤੁਰੰਤ ਬਾਅਦ ਪਲੇਸੈਂਟਾ ਨੂੰ ਵੱਖ ਕਰਕੇ ਪੀਲੇ ਰੰਗ ਦੇ ਬਾਇਓਹੈਜ਼ਰਡ ਵੇਸਟ ਬੈਗ ਵਿੱਚ ਰੱਖਿਆ ਜਾਂਦਾ ਹੈ।

“ਇਹ ਇੱਕ ਲੀਕ-ਪਰੂਫ਼ ਕੰਟੇਨਰ ਹੁੰਦਾ ਹੈ ਅਤੇ ਖ਼ਾਸ ਤੌਰ ‘ਤੇ ਇਸੇ ਤਰ੍ਹਾਂ ਦੇ ਕਚਰੇ ਜਾਂ ਰਹਿੰਦ ਨੂੰ ਸੁਰੱਖਿਅਤ ਰੱਖਣ ਲਈ ਤਿਆਰ ਕੀਤਾ ਗਿਆ ਹੁੰਦਾ ਹੈ। ਇਸ ਕੰਟੇਨਰ ਨੂੰ ਹੋਰ ਮੈਡੀਕਲ ਕਚਰੇ ਵਾਲੇ ਕੰਟੇਨਰਾਂ ਤੋਂ ਵੱਖ ਰੱਖਿਆ ਜਾਂਦਾ ਹੈ। ਜਦੋਂ ਇਹ ਪ੍ਰਕਿਰਿਆ ਪੂਰੀ ਹੋ ਜਾਂਦੀ ਹੈ, ਤਾਂ ਬੈਗ ਨੂੰ ਚੰਗੀ ਤਰ੍ਹਾਂ ਸੀਲ ਕਰ ਦਿੱਤਾ ਜਾਂਦਾ ਹੈ ਅਤੇ ਇਸ ‘ਤੇ ਨਿਸ਼ਾਨ ਲਾਇਆ ਜਾਂਦਾ ਹੈ ਕਿ ਇਸ ਵਿੱਚ ਪਲੇਸੈਂਟਾ ਹੈ।”

“ਇਸ ਤੋਂ ਬਾਅਦ ਇਸ ਨੂੰ ਲੇਬਰ ਰੂਮ ਜਾਂ ਆਪ੍ਰੇਸ਼ਨ ਥੀਏਟਰ ਤੋਂ ਹਸਪਤਾਲ ਦੇ ਕੇਂਦਰੀ ਕੋਲਡ ਸਟੋਰੇਜ ਰੂਮ ਵਿੱਚ ਭੇਜਿਆ ਜਾਂਦਾ ਹੈ, ਜਿਸ ਦਾ ਮਕਸਦ ਇਸ ਨੂੰ ਸੜਨ-ਗਲਣ ਅਤੇ ਬਦਬੂ ਤੋਂ ਬਚਾਉਣਾ ਹੁੰਦਾ ਹੈ।”

ਉਨ੍ਹਾਂ ਨੇ ਸਮਝਾਇਆ ਕਿ ਮੌਜੂਦਾ ਨਿਯਮਾਂ ਅਨੁਸਾਰ ਪਲੇਸੈਂਟਾ ਨੂੰ ਸਰੀਰ ਵਿੱਚੋਂ ਕੱਢਣ ਤੋਂ ਬਾਅਦ 24 ਘੰਟਿਆਂ ਤੋਂ ਵੱਧ ਸਮੇਂ ਤੱਕ ਸਟੋਰੇਜ ਵਿੱਚ ਰੱਖਣ ਦੀ ਬਿਲਕੁਲ ਇਜਾਜ਼ਤ ਨਹੀਂ ਹੈ।

“ਇਸ ਤੋਂ ਬਾਅਦ ਪਲੇਸੈਂਟਾ ਵਰਗੇ ਸਾਰੇ ਪੈਥੋਲੋਜੀਕਲ ਕਚਰੇ ਦਾ ਨਿਪਟਾਰਾ ਤੈਅ ਮੈਡੀਕਲ ਪ੍ਰਕਿਰਿਆ – ‘ਇੰਸੀਨਰੇਸ਼ਨ’ (ਸਾੜ ਕੇ ਨਸ਼ਟ ਕਰਨ) ਰਾਹੀਂ ਕੀਤਾ ਜਾਂਦਾ ਹੈ। ਚਾਹੇ ਸਰਕਾਰੀ ਹਸਪਤਾਲ ਹੋਵੇ ਜਾਂ ਨਿੱਜੀ, ਦੋਵਾਂ ਵਿੱਚ ਇਸੇ ਤਰੀਕੇ ਨਾਲ ਇਸ ਦਾ ਨਿਪਟਾਰਾ ਕੀਤਾ ਜਾਂਦਾ ਹੈ।”

ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਮਨਜ਼ੂਰਸ਼ੁਦਾ ਵੇਸਟ ਮੈਨੇਜਮੈਂਟ ਕੰਪਨੀਆਂ ਇਹ ਕੰਮ ਕਰਦੀਆਂ ਹਨ ਅਤੇ ਜਦੋਂ ਕੋਈ ਹਸਪਤਾਲ ਉਨ੍ਹਾਂ ਨੂੰ ਇਹ ਸਮੱਗਰੀ ਸੌਂਪਦਾ ਹੈ, ਤਾਂ ਇਸ ਦਾ ਨਿਯਮਤ ਰਿਕਾਰਡ ਰੱਖਿਆ ਜਾਂਦਾ ਹੈ ਅਤੇ ਇਨ੍ਹਾਂ ਰਿਕਾਰਡਾਂ ਦੀ ਅਧਿਕਾਰੀਆਂ ਵੱਲੋਂ ਸਮੇਂ-ਸਮੇਂ ‘ਤੇ ਜਾਂਚ ਕੀਤੀ ਜਾਂਦੀ ਹੈ।

ਭੋਜਨ ਤੋਂ ਇਲਾਵਾ ਪਲੇਸੈਂਟਾ ਦੀ ਵਰਤੋਂ ਹੋਰ ਕਿਹੜੇ ਮਕਸਦਾਂ ਲਈ ਕੀਤੀ ਜਾਂਦੀ ਹੈ?

ਪਲੇਸੈਂਟਾ

ਤਸਵੀਰ ਸਰੋਤ, Getty Images

ਡਾਕਟਰ ਸਦਫ਼ ਤਾਰਿਕ ਦੇ ਮੁਤਾਬਕ, ਕਿਉਂਕਿ ਪਲੇਸੈਂਟਾ ਮਾਂ ਦੇ ਸਰੀਰ ਦਾ ਹੀ ਇੱਕ ਹਿੱਸਾ ਹੁੰਦਾ ਹੈ, ਇਸ ਵਿੱਚ ਐਸਟ੍ਰੋਜਨ ਅਤੇ ਪ੍ਰੋਜੈਸਟ੍ਰੋਨ ਵਰਗੇ ਮਹਿਲਾ ਹਾਰਮੋਨ ਵੱਡੀ ਮਾਤਰਾ ਵਿੱਚ ਮੌਜੂਦ ਹੁੰਦੇ ਹਨ।

ਉਨ੍ਹਾਂ ਕਿਹਾ ਕਿ ਜੇਕਰ ਵਿਸ਼ਵ ਪੱਧਰ ‘ਤੇ ਇਸ ਦੀ ਡਾਕਟਰੀ ਵਰਤੋਂ ਦੀ ਗੱਲ ਕਰੀਏ, ਤਾਂ ਪਲੇਸੈਂਟਾ ਦੀ ਵਰਤੋਂ ਕਈ ਦਵਾਈਆਂ ਬਣਾਉਣ ਵਿੱਚ ਕੀਤੀ ਜਾਂਦੀ ਹੈ, ਖ਼ਾਸ ਕਰਕੇ ਜਣੇਪੇ ਤੋਂ ਬਾਅਦ ਮਾਂ ਵਿੱਚ ਹੋਣ ਵਾਲੇ ਡਿਪ੍ਰੈਸ਼ਨ (ਪੋਸਟਪਾਰਟਮ ਡਿਪ੍ਰੈਸ਼ਨ) ਦੇ ਇਲਾਜ ਲਈ ਵਰਤੀਆਂ ਜਾਣ ਵਾਲੀਆਂ ਦਵਾਈਆਂ ਵਿੱਚ।

ਉਨ੍ਹਾਂ ਦੱਸਿਆ, “ਖੋਜ ਇਹ ਵੀ ਦਰਸਾਉਂਦੀ ਹੈ ਕਿ ਇਹ ਆਇਰਨ ਦਾ ਪੱਧਰ ਵਧਾਉਣ ਅਤੇ ਜਣੇਪੇ ਤੋਂ ਬਾਅਦ ਹੋਣ ਵਾਲੀ ਖ਼ੂਨ ਦੀ ਕਮੀ (ਪੋਸਟਪਾਰਟਮ ਅਨੀਮੀਆ) ਦੇ ਇਲਾਜ ਲਈ ਤਿਆਰ ਕੀਤੀਆਂ ਦਵਾਈਆਂ ਵਿੱਚ ਵੀ ਮਦਦਗਾਰ ਹੈ।”

ਉਨ੍ਹਾਂ ਕਿਹਾ, “ਖ਼ਾਸ ਤੌਰ ‘ਤੇ ਪਲੇਸੈਂਟਾ ਦੀ ਅੰਦਰੂਨੀ ਪਰਤ ਆਪਣੇ ਗ੍ਰੋਥ ਫੈਕਟਰ ਗੁਣਾਂ ਲਈ ਜਾਣੀ ਜਾਂਦੀ ਹੈ। ਇਸ ਦੀ ਵਰਤੋਂ ਡੂੰਘੇ ਜ਼ਖ਼ਮਾਂ, ਗੰਭੀਰ ਤੌਰ ‘ਤੇ ਸੜਨ, ਅਲਸਰ ਅਤੇ ਅੱਖਾਂ ਦੀਆਂ ਸੱਟਾਂ ਵਰਗੀਆਂ ਸਰਜੀਕਲ ਸਥਿਤੀਆਂ ਦੇ ਇਲਾਜ ਵਿੱਚ ਵੀ ਕੀਤੀ ਜਾਂਦੀ ਹੈ।”

ਮਨੁੱਖੀ ਅੰਗ ਟ੍ਰਾਂਸਪਲਾਂਟ ਅਥਾਰਟੀ (ਐਚਓਟੀਏ) ਦੇ ਮਾਨੀਟਰਿੰਗ ਅਫ਼ਸਰ ਹੀਨਾ ਕੰਵਲ ਨੇ ਬੀਬੀਸੀ ਨੂੰ ਦੱਸਿਆ ਕਿ ਪਲੇਸੈਂਟਾ ਦੀ ਵਰਤੋਂ ਦਵਾਈ ਉਦਯੋਗ ਵਿੱਚ ਕੀਤੀ ਜਾਂਦੀ ਹੈ, ਜਦਕਿ ਚੀਨ ਵਿੱਚ ਲੋਕ ਇਸ ਨੂੰ ਭੋਜਨ ਵਜੋਂ ਵੀ ਵਰਤਦੇ ਹਨ।

ਉਨ੍ਹਾਂ ਕਿਹਾ ਕਿ ਕਾਸਮੈਟਿਕ ਸਰਜਰੀ ਵਿੱਚ ਵੀ ਇਸ ਦੀ ਕਾਫ਼ੀ ਮੰਗ ਹੈ, ਪਰ ਪਾਕਿਸਤਾਨ ਵਿੱਚ ਇਸ ਦੀ ਖਰੀਦੋ-ਫਰੋਖ਼ਤ ਗੈਰ-ਕਾਨੂੰਨੀ ਹੈ।

ਉਨ੍ਹਾਂ ਕਿਹਾ ਕਿ ਇਸ ਸਬੰਧ ਵਿੱਚ ਜਾਂਚ ਕੀਤੀ ਜਾ ਰਹੀ ਹੈ ਅਤੇ ਹਸਪਤਾਲ ਪ੍ਰਸ਼ਾਸਨ ਦੀ ਮਿਲੀਭੁਗਤ ਤੋਂ ਬਿਨਾਂ ਇਸ ਦਾ ਹਸਪਤਾਲਾਂ ਤੋਂ ਨਿੱਜੀ ਘਰਾਂ ਤੱਕ ਪਹੁੰਚਣਾ ਸੰਭਵ ਨਹੀਂ ਹੈ।

ਧਿਆਨ ਰਹੇ ਕਿ ਚੀਨ ਸਰਕਾਰ ਦੁਆਰਾ ਨਿਯੰਤਰਿਤ ਅਖ਼ਬਾਰ ਗਲੋਬਲ ਟਾਈਮਜ਼ ਦੀ 2021 ਦੀ ਇੱਕ ਰਿਪੋਰਟ ਮੁਤਾਬਕ, ਭਾਵੇਂ ਚੀਨ ਵਿੱਚ ਮਨੁੱਖੀ ਪਲੇਸੈਂਟਾ ਦੀ ਵਪਾਰਕ ਵਿੱਕਰੀ ‘ਤੇ ਪਾਬੰਦੀ ਹੈ, ਫਿਰ ਵੀ ਤਾਜ਼ਾ ਮਨੁੱਖੀ ਪਲੇਸੈਂਟਾ ਦੀ ਵਿੱਕਰੀ ਅੰਡਰਗ੍ਰਾਊਂਡ ਬਾਜ਼ਾਰਾਂ ਵਿੱਚ ਜਾਰੀ ਹੈ ਅਤੇ ਕਈ ਆਨਲਾਈਨ ਪਲੇਟਫ਼ਾਰਮ ਵੀ ਇਸ ਨੂੰ ਵੱਖ-ਵੱਖ ਨਾਵਾਂ ਹੇਠ ਵੇਚ ਰਹੇ ਹਨ।

ਗਲੋਬਲ ਟਾਈਮਜ਼ ਦੇ ਮੁਤਾਬਕ, ਇੱਕ ਆਨਲਾਈਨ ਵੈੱਬਸਾਈਟ ‘ਤੇ ਇਸ ਨੂੰ ਵੇਚਣ ਵਾਲੇ ਇੱਕ ਵਿਅਕਤੀ ਨੇ ਅਖ਼ਬਾਰ ਨੂੰ ਦੱਸਿਆ ਕਿ ਇੱਕ ਪਲੇਸੈਂਟਾ ਦੀ ਕੀਮਤ 360 ਯੁਆਨ (ਚੀਨੀ ਮੁਦਰਾ) ਹੈ ਅਤੇ ਉਹ ਖੁਦ ਇਹ ਮਨੁੱਖੀ ਪਲੇਸੈਂਟਾ 2,000 ਯੁਆਨ ਪ੍ਰਤੀ ਕਿਲੋਗ੍ਰਾਮ ਦੀ ਦਰ ਨਾਲ ਖਰੀਦਦਾ ਹੈ।

ਰਿਪੋਰਟ ਵਿੱਚ ਸ਼ੰਘਾਈ ਪੀਪਲਜ਼ ਹਸਪਤਾਲ ਦੇ ਗਾਇਨੀਕੋਲੋਜਿਸਟ ਡਾਕਟਰ ਹੁਆਂਗ ਚੇਂਗਸ਼ੇਂਗ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਚੀਨ ਵਿੱਚ ਆਮ ਤੌਰ ‘ਤੇ ਮਾਵਾਂ ਨੂੰ ਪੁੱਛਿਆ ਜਾਂਦਾ ਹੈ ਕਿ ਉਹ ਆਪਣਾ ਪਲੇਸੈਂਟਾ ਆਪਣੇ ਕੋਲ ਰੱਖਣਾ ਚਾਹੁੰਦੀਆਂ ਹਨ ਜਾਂ ਇਸ ਨੂੰ ਨਸ਼ਟ ਕਰਵਾਉਣਾ ਚਾਹੁੰਦੀਆਂ ਹਨ।

ਡਾਕਟਰ ਸ਼ੇਂਗ ਨੇ ਗਲੋਬਲ ਟਾਈਮਜ਼ ਨੂੰ ਦੱਸਿਆ, “ਬਹੁਤ ਸਾਰੀਆਂ ਨਵੀਆਂ ਮਾਵਾਂ ਆਪਣਾ ਪਲੇਸੈਂਟਾ ਘਰ ਲੈਕੇ ਜਾਣ ਅਤੇ ਇਸ ਨੂੰ ਖਾਣ ਦਾ ਫ਼ੈਸਲਾ ਕਰਦੀਆਂ ਹਨ।”

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI