Home ਰਾਸ਼ਟਰੀ ਖ਼ਬਰਾਂ ਪਾਕਿਸਤਾਨ ਵਿੱਚ ਨਹਿਰ ਦੇ ਆਖ਼ਰੀ ਸਿਰੇ ‘ਤੇ ਵੱਸਿਆ ਇੱਕ ਪਿੰਡ, ਜਿੱਥੇ ਇਨਸਾਨ...

ਪਾਕਿਸਤਾਨ ਵਿੱਚ ਨਹਿਰ ਦੇ ਆਖ਼ਰੀ ਸਿਰੇ ‘ਤੇ ਵੱਸਿਆ ਇੱਕ ਪਿੰਡ, ਜਿੱਥੇ ਇਨਸਾਨ ਅਤੇ ਜਾਨਵਰ ਇੱਕੋ ਨਾਲੇ ਤੋਂ ਦੂਸ਼ਿਤ ਪਾਣੀ ਪੀਣ ਨੂੰ ਮਜਬੂਰ

4
0

Source :- BBC PUNJABI

ਬੱਚੇ ਅਤੇ ਮਹਿਲਾਵਾਂ ਛੋਟੇ ਭਾਂਡਿਆਂ ਵਿੱਚ ਪਾਣੀ ਭਰਨ ਲਈ ਜੱਦੋਜਹਿਦ ਕਰਦੇ ਹੋਏ

ਤਲਾਅ ਦੇ ਇੱਕ ਪਾਸੇ ਗੰਧਲੇ, ਗੰਦੇ ਪਾਣੀ ਦਾ ਇੱਕ ਨਾਲ਼ਾ ਹੈ, ਜਿੱਥੇ ਕੁਝ ਬੱਚੇ ਅਤੇ ਮਹਿਲਾਵਾਂ ਛੋਟੇ ਭਾਂਡਿਆਂ ਵਿੱਚ ਪਾਣੀ ਭਰਨ ਲਈ ਜੱਦੋਜਹਿਦ ਕਰ ਰਹੇ ਹਨ। ਉਨ੍ਹਾਂ ਦੇ ਲਾਗੇ ਹੀ ਇੱਕ ਆਵਾਰਾ ਕੁੱਤਾ ਉਸੇ ਟੋਏ ਵਿੱਚ ਆਪਣੀ ਪਿਆਸ ਬੁਝਾ ਰਿਹਾ ਹੈ ਅਤੇ ਕੁਝ ਬੱਤਖਾਂ ਉਸੇ ਦੂਸ਼ਿਤ ਪਾਣੀ ਵਿੱਚ ਤੈਰ ਰਹੀਆਂ ਹਨ।

ਇਹ ਨਜ਼ਾਰਾ ਕਿਸੇ ਪੁਰਾਣੀ ਕਹਾਣੀ ਦਾ ਨਹੀਂ, ਸਗੋਂ ਸਿੰਧ ਦੇ ਹੇਠਲੇ ਪਾਸੇ ਵਾਲੇ ਪੈਂਦੇ ਬਦੀਨ ਜ਼ਿਲ੍ਹੇ ਦੇ ਕਧਾਨ ਇਲਾਕੇ ਵਿੱਚ ਵੱਸੇ ‘ਇਬਰਾਹਿਮ ਸ਼ੋਰੋ’ ਪਿੰਡ ਦੀ ਕੌੜੀ ਸੱਚਾਈ ਹੈ, ਜੋ ਅਕਰਮ ਨਹਿਰ ਦੇ ਆਖ਼ਰੀ ਸਿਰੇ ‘ਤੇ ਸਥਿਤ ਹੈ।

ਸਿੰਧ ਦੇ ਪੇਂਡੂ ਇਲਾਕਿਆਂ ਵਿੱਚ ਕਦੇ ਇਸ ਪਾਣੀ ‘ਤੇ ਸਿਰਫ਼ ਜਾਨਵਰਾਂ ਦਾ ਹੱਕ ਹੁੰਦਾ ਸੀ।

ਪਰ ਮੀਂਹ ਦੇ ਪਾਣੀ ਨਾਲ ਭਰੇ ਇਹ ਨਾਲ਼ਾ/ਤਲਾਅ ਅੱਜ ਇਨਸਾਨਾਂ ਦੀ ਪਿਆਸ ਵੀ ਬੁਝਾ ਰਹੇ ਹਨ, ਕਿਉਂਕਿ ਪਿਛਲੇ ਡੇਢ ਮਹੀਨੇ ਤੋਂ ਇੱਥੇ ਨਹਿਰ ਦਾ ਪਾਣੀ ਨਹੀਂ ਪਹੁੰਚਿਆ ਹੈ।

ਕੀ ਕੋਈ ਇਨਸਾਨ ਇਹ ਪਾਣੀ ਪੀ ਸਕਦਾ ਹੈ?

ਬੋਰਵੈੱਲ ਕਰਦੇ ਲੋਕ

ਝੁੱਗੀਆਂ ਵਾਲੇ ਇਸ ਪਿੰਡ ਦੇ ਲੋਕ ਇਸ ਦੂਸ਼ਿਤ ਪਾਣੀ ਨੂੰ ਛਾਣ ਕੇ ਜਾਂ ਉਬਾਲ ਕੇ ਪੀਣ ਲਈ ਮਜਬੂਰ ਹਨ। ਇੱਕ ਬਜ਼ੁਰਗ ਮਹਿਲਾ ਪਾਣੀ ਵੱਲ ਇਸ਼ਾਰਾ ਕਰਦਿਆਂ ਕਹਿੰਦੇ ਹਨ, “ਖਾਰਾ ਪਾਣੀ, ਗੰਦਾ ਪਾਣੀ। ਕੀ ਕੋਈ ਇਨਸਾਨ ਇਸ ਨੂੰ ਪੀ ਸਕਦਾ ਹੈ? ਇੱਥੇ ਸੋਕਾ ਪਿਆ ਹੋਇਆ ਹੈ। ਅਸੀਂ ਹੋਰ ਕੀ ਕਰ ਸਕਦੇ ਹਾਂ? ਅਸੀਂ ਤਾਂ ਇਹੀ ਪਾਣੀ ਪੀਂਦੇ ਹਾਂ।”

“ਤਲਾਅ ਦਾ ਪਾਣੀ ਖਰਾਬ ਹੈ, ਸਾਨੂੰ ਪਤਾ ਹੈ, ਪਰ ਕੁਝ ਜਾਨਵਰ ਇਹ ਪੀਂਦੇ ਹਨ, ਕੁਝ ਅਸੀਂ ਪੀਂਦੇ ਹਾਂ। ਜ਼ਮੀਨਾਂ ਸੁੱਕ ਗਈਆਂ ਹਨ। ਜਾਨਵਰ ਵੀ ਭੁੱਖ ਨਾਲ ਮਰ ਰਹੇ ਹਨ। ਪੂਰਾ ਇੱਕ ਮਹੀਨਾ ਲੰਘ ਚੁੱਕਾ ਹੈ। ਨਹਿਰਾਂ ਵਿੱਚ ਪਾਣੀ ਨਹੀਂ ਹੈ। ਹੁਣ ਸਾਨੂੰ ਪੀਣ ਵਾਲਾ ਪਾਣੀ ਕਿੱਥੋਂ ਮਿਲੇਗਾ? ਅਸੀਂ ਇਹੀ ਪਾਣੀ ਪੀਂਦੇ ਹਾਂ, ਇਸੇ ਨਾਲ ਕੱਪੜੇ ਅਤੇ ਭਾਂਡੇ ਧੋਂਦੇ ਹਾਂ।”

ਸਿੰਧੂ ਦਰਿਆ ਦੀ ਨਹਿਰੀ ਪ੍ਰਣਾਲੀ ਦੇ ਆਖ਼ਰੀ ਸਿਰੇ ਵਾਲੇ ਇਸ ਇਲਾਕੇ ਵਿੱਚ ਨਹਿਰਾਂ ਅਤੇ ਟੋਇਆਂ ਤੋਂ ਪਾਣੀ ਭਰਨਾ ਆਮ ਗੱਲ ਬਣ ਗਈ ਹੈ, ਪਰ ਸਿਹਤ ਮਾਹਿਰ ਚੇਤਾਵਨੀ ਦਿੰਦੇ ਹਨ ਕਿ ਅਜਿਹਾ ਪਾਣੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਵੀ ਪੈਦਾ ਕਰ ਸਕਦਾ ਹੈ।

ਪਾਣੀ ਲਈ ਵਿਰੋਧ-ਪ੍ਰਦਰਸ਼ਨ

ਨਹਿਰ ਦਾ ਪਾਣੀ ਨਾ ਮਿਲਣ ਕਾਰਨ ਸਿੰਧ ਦੇ ਕਈ ਸ਼ਹਿਰਾਂ – ਜਿਵੇਂ ਬਦੀਨ, ਠੱਟਾ, ਦਾਦੂ, ਉਮਰਕੋਟ ਅਤੇ ਸੰਘਰ – ਵਿੱਚ ਪੀਣ ਵਾਲੇ ਪਾਣੀ ਦਾ ਸੰਕਟ ਹੈ। ਕਿਸਾਨ ਝੋਨੇ, ਗੰਨੇ ਅਤੇ ਕਪਾਹ ਦੀਆਂ ਫ਼ਸਲਾਂ ਲਈ ਪਾਣੀ ਨਾ ਮਿਲਣ ਕਾਰਨ ਵਿਰੋਧ-ਪ੍ਰਦਰਸ਼ਨ ਕਰ ਰਹੇ ਹਨ।

ਬਦੀਨ ਦੇ ਦੌਰੇ ਦੌਰਾਨ ਜਦੋਂ ਅਸੀਂ ਕਧਾਨ ਸ਼ਹਿਰ ਪਹੁੰਚੇ, ਤਾਂ ਅਸੀਂ ਪਾਣੀ ਦੀ ਕਮੀ ਦੇ ਖ਼ਿਲਾਫ਼ ਇੱਕ ਵਿਰੋਧ-ਪ੍ਰਦਰਸ਼ਨ ਕੈਂਪ ਵੀ ਦੇਖਿਆ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਹਿੱਸੇ ਦਾ ਪਾਣੀ ਕੋਟੜੀ ਬੈਰਾਜ ਤੋਂ ਸੁੱਕਰ ਬੈਰਾਜ ਭੇਜ ਦਿੱਤਾ ਗਿਆ, ਜਿਸ ਕਾਰਨ ਇਲਾਕੇ ਵਿੱਚ ਪਾਣੀ ਦੀ ਭਾਰੀ ਕਮੀ ਹੋ ਗਈ।

ਅਬਦੁਲ ਗਫੂਰ ਚਾਂਦਿਓ ਨੇ ਦੱਸਿਆ ਕਿ ਉਨ੍ਹਾਂ ਦਾ ਇਲਾਕਾ ਅਕਰਮ ਵਾਹ ਨਹਿਰ ‘ਤੇ ਨਿਰਭਰ ਹੈ, ਜਿਸ ਨੂੰ ਮੂਲ ਰੂਪ ਵਿੱਚ ਬਦੀਨ ਅਤੇ ਕਧਾਨ ਸਬ-ਡਿਵੀਜ਼ਨ ਵਿੱਚ ਲੱਖਾਂ ਏਕੜ ਖੇਤੀਬਾੜੀ ਵਾਲੀ ਜ਼ਮੀਨ ਅਤੇ ਲੱਖਾਂ ਲੋਕਾਂ ਨੂੰ ਪਾਣੀ ਮੁਹੱਈਆ ਕਰਵਾਉਣ ਲਈ ਬਣਾਇਆ ਗਿਆ ਸੀ।

ਉਨ੍ਹਾਂ ਦਾ ਇਲਜ਼ਾਮ ਹੈ ਕਿ ਇਸ ਨਹਿਰ ਦਾ ਲਗਭਗ 60 ਤੋਂ 70 ਫ਼ੀਸਦੀ ਪਾਣੀ ‘ਸਿਆਸੀ ਕਾਰਨਾਂ’ ਕਰਕੇ ਹੋਰ ਨਹਿਰਾਂ ਅਤੇ ਬੈਰਾਜਾਂ ਵੱਲ ਮੋੜ ਦਿੱਤਾ ਗਿਆ, ਜਿਸ ਕਾਰਨ ਨਾ ਸਿਰਫ਼ ਉਨ੍ਹਾਂ ਦੇ ਇਲਾਕੇ ਵਿੱਚ ਸਿੰਚਾਈ ਲਈ ਪਾਣੀ ਦੀ ਭਾਰੀ ਕਮੀ ਹੋਈ, ਸਗੋਂ ਪੀਣ ਵਾਲੇ ਪਾਣੀ ਦੀ ਵੀ ਕਿੱਲਤ ਹੋ ਗਈ।

ਉਨ੍ਹਾਂ ਕਿਹਾ, “ਹੁਣ ਇੱਕੋ-ਇੱਕ ਸਹਾਰਾ ਧਰਤੀ ਹੇਠਲਾ ਪਾਣੀ ਹੈ, ਪਰ ਇਹ ਬਹੁਤ ਖਾਰਾ ਅਤੇ ਪ੍ਰਦੂਸ਼ਿਤ ਹੈ, ਜਿਸ ਵਿੱਚ ਖਾਰੇਪਣ ਦਾ ਪੱਧਰ ਪੰਜ ਤੋਂ ਛੇ ਹਜ਼ਾਰ ਹੈ।”

ਉਨ੍ਹਾਂ ਦੇ ਅਨੁਸਾਰ, ਇਹ ਪਾਣੀ ਪੀਣ ਨਾਲ ਲੋਕ ‘ਚਮੜੀ ਦੇ ਰੋਗ, ਅੱਖਾਂ ਦੀ ਰੌਸ਼ਨੀ ਘੱਟ ਹੋਣਾ, ਤਪੇਦਿਕ (ਟੀਬੀ) ਅਤੇ ਕੈਂਸਰ’ ਵਰਗੀਆਂ ਬਿਮਾਰੀਆਂ ਨਾਲ ਜੂਝ ਰਹੇ ਹਨ।

ਅਬਦੁਲ ਗਫੂਰ ਯਾਦ ਦਿਵਾਉਂਦੇ ਹਨ ਕਿ ਪਾਕਿਸਤਾਨ ਦੇ ਜਲ ਕਾਨੂੰਨਾਂ ਅਨੁਸਾਰ, ਨਹਿਰਾਂ ਦੇ ਆਖ਼ਰੀ ਸਿਰੇ ‘ਤੇ ਰਹਿਣ ਵਾਲੇ ਲੋਕਾਂ ਦਾ ਪਾਣੀ ‘ਤੇ ਪਹਿਲਾ ਹੱਕ ਹੈ, ਪਰ ਗਫੂਰ ਦੇ ਅਨੁਸਾਰ ਅੱਜ ਉਨ੍ਹਾਂ ਦੇ ਇਲਾਕੇ ਦੇ ਲੋਕ ਸਭ ਤੋਂ ਬੁਨਿਆਦੀ ਹੱਕ, ਯਾਨੀ ਪੀਣ ਵਾਲੇ ਸਾਫ਼ ਪਾਣੀ ਤੋਂ ਵੀ ਵਾਂਝੇ ਹਨ।

ਨਹਿਰ ਦੇ ਪਾਣੀ ਨੇ ਕੀਤਾ ਨਿਰਾਸ਼, ਅਸਮਾਨ ਵੱਲ ਟਿਕੀਆਂ ਨਜ਼ਰਾਂ

ਨਦੀ

ਹੇਠਲੇ ਸਿੰਧ ਦਾ ਬਦੀਨ ਇਲਾਕਾ ਕਦੇ ਗੰਨੇ ਅਤੇ ਝੋਨੇ ਦੀ ਖੇਤੀ ਲਈ ਮਸ਼ਹੂਰ ਸੀ, ਜੋ ਦੋਵੇਂ ਹੀ ਵੱਧ ਪਾਣੀ ਦੀ ਖਪਤ ਵਾਲੀਆਂ ਫ਼ਸਲਾਂ ਹਨ, ਪਰ ਅੱਜ ਹਾਲਾਤ ਇਹ ਹਨ ਕਿ ਕਿਸਾਨ ਨਾ ਸਿਰਫ਼ ਆਪਣੀਆਂ ਫ਼ਸਲਾਂ ਲਈ, ਸਗੋਂ ਪੀਣ ਵਾਲੇ ਪਾਣੀ ਦੀ ਵੀ ਭਾਰੀ ਕਮੀ ਦਾ ਸਾਹਮਣਾ ਕਰ ਰਹੇ ਹਨ।

ਖੇਰਾਜ ਕੋਲ੍ਹੀ ਦੇ ਪਰਿਵਾਰ ਕੋਲ 16 ਏਕੜ ਖੇਤੀਬਾੜੀ ਵਾਲੀ ਜ਼ਮੀਨ ਹੈ, ਜੋ ਅੱਠ ਭਰਾਵਾਂ ਵਿਚਕਾਰ ਦੋ-ਦੋ ਏਕੜ ਵਿੱਚ ਵੰਡੀ ਹੋਈ ਹੈ। ਉਨ੍ਹਾਂ ਨੇ ਆਪਣੀ ਜ਼ਮੀਨ ਦੇ ਇੱਕ ਹਿੱਸੇ ‘ਤੇ ਕਪਾਹ ਦੀ ਖੇਤੀ ਕੀਤੀ, ਪਰ ਨਹਿਰ ਦਾ ਪਾਣੀ ਨਾ ਮਿਲਣ ਕਾਰਨ ਫ਼ਸਲ ਸੁੱਕ ਗਈ।

ਉਨ੍ਹਾਂ ਦੱਸਿਆ, “ਅਸੀਂ ਇਹ ਫ਼ਸਲ ਉਸ ਪਾਣੀ ਨਾਲ ਉਗਾਈ ਸੀ ਜੋ ਟੋਇਆਂ ਵਿੱਚ ਜਮ੍ਹਾਂ ਸੀ। ਹੁਣ ਸਾਡੇ ਜਾਨਵਰ ਪਿਆਸ ਨਾਲ ਮਰ ਰਹੇ ਹਨ, ਸਾਨੂੰ ਹੋਰ ਪਾਣੀ ਕਿੱਥੋਂ ਮਿਲੇਗਾ? ਇੱਕ ਏਕੜ ਦੀ ਵਾਹੀ ਲਈ ਟਰੈਕਟਰ ਦਾ ਖ਼ਰਚ ਪੰਜ ਹਜ਼ਾਰ ਰੁਪਏ ਹੈ। ਜੇ ਅਸੀਂ ਦੋ ਏਕੜ ਦੀ ਵਾਹੀ ਕਰਦੇ ਹਾਂ, ਤਾਂ ਦਸ ਹਜ਼ਾਰ ਰੁਪਏ ਲੱਗਦੇ ਹਨ। ਡੀਏਪੀ ਖਾਦ ਦੇ ਇੱਕ ਬੈਗ ਦੀ ਕੀਮਤ ਅੱਠ ਤੋਂ ਨੌਂ ਹਜ਼ਾਰ ਰੁਪਏ ਹੈ। ਅਸੀਂ ਇੱਕ ਏਕੜ ਵਿੱਚ ਦੋ ਬੈਗ ਪਾਏ। ਇਸ ਹਿਸਾਬ ਨਾਲ ਪ੍ਰਤੀ ਏਕੜ ਚਾਲੀ ਹਜ਼ਾਰ ਰੁਪਏ ਖ਼ਰਚ ਹੋਏ ਹਨ, ਅਤੇ ਉਹ ਵੀ ਬੀਜਾਂ ਦੇ ਖ਼ਰਚ ਤੋਂ ਇਲਾਵਾ।”

ਖੇਰਾਜ (ਖ਼ਰੀਫ਼) ਦੀ ਪਿਛਲੀ ਫ਼ਸਲ ਦੀ ਅਜੇ ਕਟਾਈ ਵੀ ਨਹੀਂ ਹੋਈ ਸੀ ਅਤੇ ਕਰਜ਼ਾ ਵੀ ਨਹੀਂ ਚੁਕਾਇਆ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਜੇ ਮੀਂਹ ਪੈ ਗਿਆ, ਤਾਂ ਇਹ ਪੌਦੇ ਹਰੇ-ਭਰੇ ਹੋ ਜਾਣਗੇ। ਹੁਣ ਉਹ ਰੱਬ ਵੱਲ ਹੀ ਆਸ ਨਾਲ ਦੇਖ ਰਹੇ ਹਨ।

ਸਿੰਧ ਵਿੱਚ ਖੇਤੀਬਾੜੀ ਮੁੱਖ ਤੌਰ ‘ਤੇ ਦੋ ਮੌਸਮਾਂ ਵਿੱਚ ਹੁੰਦੀ ਹੈ: ਰਬੀ ਅਤੇ ਖ਼ਰੀਫ਼ ਦੀਆਂ ਫਸਲਾਂ। ਰਬੀ ਵਿੱਚ ਕਣਕ ਸਭ ਤੋਂ ਮਹੱਤਵਪੂਰਨ ਫ਼ਸਲ ਹੁੰਦੀ ਹੈ, ਜਦਕਿ ਇਸ ਵੇਲੇ ਖ਼ਰੀਫ਼ ਦਾ ਮੌਸਮ ਚੱਲ ਰਿਹਾ ਹੈ, ਜਿਸ ਵਿੱਚ ਝੋਨਾ, ਕਪਾਹ ਅਤੇ ਗੰਨਾ ਮੁੱਖ ਫ਼ਸਲਾਂ ਹਨ।

ਇਨ੍ਹਾਂ ਵਿੱਚੋਂ ਖ਼ਾਸ ਕਰਕੇ ਝੋਨੇ ਅਤੇ ਗੰਨੇ ਦੀ ਸਿੰਚਾਈ ਲਈ ਬਹੁਤ ਜ਼ਿਆਦਾ ਪਾਣੀ ਦੀ ਲੋੜ ਹੁੰਦੀ ਹੈ, ਇਸ ਲਈ ਪਾਣੀ ਦੀ ਕਮੀ ਦਾ ਇਨ੍ਹਾਂ ਫ਼ਸਲਾਂ ‘ਤੇ ਸਭ ਤੋਂ ਵੱਧ ਅਸਰ ਪੈਂਦਾ ਹੈ।

ਇਹ ਸਿਰਫ਼ ਸਥਾਨਕ ਨਹੀਂ, ਸਗੋਂ ਸੂਬਿਆਂ ਦਰਮਿਆਨ ਵੀ ਵਿਵਾਦ

ਇਬਰਾਹਿਮ ਸ਼ੋਰੋ ਪਿੰਡ ਦੇ ਇੱਕ ਬਜ਼ੁਰਗ ਮਹਿਲਾ

ਮਈ ਅਤੇ ਜੂਨ ਦੌਰਾਨ ਪਾਕਿਸਤਾਨ ਵਿੱਚ ਪਾਣੀ ਦੀ ਕੁੱਲ ਉਪਲੱਬਧਤਾ ਵਿੱਚ ਕਮੀ ਦੇਖੀ ਗਈ। ਇਹ ਸੰਕਟ ਸਿਰਫ਼ ਸਥਾਨਕ ਨਹੀਂ ਹੈ, ਸਗੋਂ ਇਸ ਦੀਆਂ ਜੜ੍ਹਾਂ ਸਿੰਧੂ ਦਰਿਆ ਦੇ ਪਾਣੀ ਦੀ ਵੰਡ ਨੂੰ ਲੈ ਕੇ ਸੂਬਿਆਂ ਵਿਚਾਲੇ ਲੰਬੇ ਸਮੇਂ ਤੋਂ ਚੱਲ ਰਹੇ ਵਿਵਾਦ ਵਿੱਚ ਹਨ।

ਸਿੰਧ ਸਰਕਾਰ ਦਾ ਦਾਅਵਾ ਹੈ ਕਿ ਸੂਬੇ ਨੂੰ 40 ਤੋਂ 60 ਫ਼ੀਸਦੀ ਪਾਣੀ ਦੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਇਸ ਲਈ ਉਹ ਪੰਜਾਬ ਸੂਬੇ ਨੂੰ ਜ਼ਿੰਮੇਵਾਰ ਠਹਿਰਾਉਂਦੀ ਹੈ।

ਸਿੰਧ ਸਰਕਾਰ ਦਾ ਇਹ ਵੀ ਕਹਿਣਾ ਹੈ ਕਿ ਮੌਜੂਦਾ ਜਲ ਸੰਕਟ ਸਿਰਫ਼ ਜਲਵਾਯੂ ਨਾਲ ਜੁੜੇ ਕਾਰਨਾਂ ਦਾ ਨਤੀਜਾ ਨਹੀਂ, ਸਗੋਂ ਸਿੰਧੂ ਦਰਿਆ ਦੇ ਪਾਣੀ ਦੀ ਵੰਡ ਦਾ ਵੀ ਨਤੀਜਾ ਹੈ। ਸਿੰਧ ਸੂਬਾ, ਜੋ ਪਾਕਿਸਤਾਨ ਵਿੱਚ ਸਿੰਧੂ ਦਰਿਆ ਦੇ ਹੇਠਲੇ ਹਿੱਸੇ ਵਿੱਚ ਸਥਿਤ ਹੈ, ਦਾ ਕਹਿਣਾ ਹੈ ਕਿ ਉਸ ਨੂੰ ਦਰਿਆ ਦਾ ਉਹੀ ਪਾਣੀ ਮਿਲਦਾ ਹੈ ਜੋ ਉੱਪਰਲੇ ਹਿੱਸਿਆਂ ਵਿੱਚ ਵਰਤੋਂ ਤੋਂ ਬਾਅਦ ਬਚ ਜਾਂਦਾ ਹੈ, ਇਸ ਲਈ ਪਾਣੀ ਦੀ ਕਮੀ ਦਾ ਅਸਰ ਸਭ ਤੋਂ ਪਹਿਲਾਂ ਅਤੇ ਸਭ ਤੋਂ ਵੱਧ ਸਿੰਧ ‘ਤੇ ਪੈਂਦਾ ਹੈ।

ਸਿੰਧ ਦੇ ਸੂਬਾਈ ਸਿੰਚਾਈ ਮੰਤਰੀ ਜਾਮ ਖ਼ਾਨ ਸ਼ੋਰੋ ਦਾ ਕਹਿਣਾ ਹੈ ਕਿ ਸਿੰਧ ਵਿੱਚ ਪਾਣੀ ਦੀ ਕਮੀ ਦਾ ਮੁੱਖ ਕਾਰਨ ਸਿੰਧੂ ਦਰਿਆ ਵਿੱਚ ਪਾਣੀ ਦੀ ਕੁੱਲ ਕਮੀ ਨਹੀਂ, ਸਗੋਂ ਇਸ ਦੀ ਗ਼ੈਰ-ਉਚਿਤ ਵੰਡ ਹੈ।

ਉਨ੍ਹਾਂ ਦੇ ਅਨੁਸਾਰ, 1991 ਦੇ ਜਲ ਵੰਡ ਸਮਝੌਤੇ ਵਿੱਚ ਪਾਣੀ ਦੀ ਵੰਡ ਲਈ ਇੱਕ ਸਪਸ਼ਟ ਵਿਵਸਥਾ ਹੈ, ਜਿਸ ਤਹਿਤ ਜੇ ਪਾਣੀ ਦੀ ਕਮੀ ਹੁੰਦੀ ਹੈ, ਤਾਂ ਸਾਰੇ ਸੂਬਿਆਂ ਨੂੰ ਆਪਣੇ ਹਿੱਸੇ ਦੇ ਅਨੁਪਾਤ ਵਿੱਚ ਇਸ ਕਮੀ ਨੂੰ ਸਹਿਣਾ ਚਾਹੀਦਾ ਹੈ। ਹਾਲਾਂਕਿ, ਉਨ੍ਹਾਂ ਦਾ ਦਾਅਵਾ ਹੈ ਕਿ ਇਸ ਸਿਧਾਂਤ ਦੀ ਪਾਲਣਾ ਨਹੀਂ ਕੀਤੀ ਜਾ ਰਹੀ, ਜਿਸ ਦੇ ਨਤੀਜੇ ਵਜੋਂ ਸਿੰਧ ਨੂੰ ਆਪਣੇ ਹਿੱਸੇ ਨਾਲੋਂ ਕਿਤੇ ਵੱਧ ਪਾਣੀ ਦੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਜਾਮ ਖ਼ਾਨ ਸ਼ੋਰੋ ਦੇ ਅਨੁਸਾਰ, ਸਿੰਧ ਨੂੰ ਖ਼ਰੀਫ਼ ਸੀਜ਼ਨ ਦੀ ਸ਼ੁਰੂਆਤ ਵਿੱਚ ਖ਼ਾਸ ਕਰਕੇ ਅਪ੍ਰੈਲ, ਮਈ ਅਤੇ ਜੂਨ ਵਿੱਚ ਸਭ ਤੋਂ ਵੱਧ ਪਾਣੀ ਦੀ ਲੋੜ ਹੁੰਦੀ ਹੈ, ਕਿਉਂਕਿ ਸਿੰਧ ਵਿੱਚ ਹੀ ਸਭ ਤੋਂ ਪਹਿਲਾਂ ਝੋਨੇ ਅਤੇ ਕਪਾਹ ਦੀ ਖੇਤੀ ਸ਼ੁਰੂ ਹੁੰਦੀ ਹੈ। ਇਸ ਦੌਰਾਨ ਸਿੰਧ ਨੂੰ ਲੋੜ ਮੁਤਾਬਕ ਪਾਣੀ ਨਹੀਂ ਦਿੱਤਾ ਜਾਂਦਾ, ਜਦਕਿ ਪੰਜਾਬ ਵਿੱਚ ਪਾਣੀ ਦੀ ਕਮੀ ਨੂੰ ਤੁਲਨਾਤਮਕ ਤੌਰ ‘ਤੇ ਘੱਟ ਰੱਖਿਆ ਜਾਂਦਾ ਹੈ।

ਸਿੰਧੂ ਦਰਿਆ ਪ੍ਰਣਾਲੀ ਅਥਾਰਟੀ (ਇੰਡਸ ਰੀਵਰ ਸਿਸਟਮ ਅਥਾਰਿਟੀ – ਆਈਆਰਐਸਏ) ਦੇ ਅੰਕੜਿਆਂ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ 8 ਜੂਨ ਨੂੰ ਸਿੰਧ ਵਿੱਚ ਪਾਣੀ ਦੀ ਕਮੀ 48 ਫ਼ੀਸਦੀ ਸੀ, ਜਦਕਿ ਪੰਜਾਬ ਵਿੱਚ ਇਹ ਸਿਰਫ਼ 11 ਫ਼ੀਸਦੀ ਸੀ, ਹਾਲਾਂਕਿ ਪਿਛਲੇ ਸਾਲ ਇਸੇ ਸਮੇਂ ਤਰਬੇਲਾ, ਮੰਗਲਾ ਅਤੇ ਕਾਬੁਲ ਦਰਿਆਵਾਂ ਵਿੱਚ ਪਾਣੀ ਦੀ ਸਥਿਤੀ ਮੁਕਾਬਲਤਨ ਬਿਹਤਰ ਸੀ।

ਸੂਬੇ ਦੇ ਸਿੰਚਾਈ ਮੰਤਰੀ ਨੇ ਅੱਗੇ ਕਿਹਾ ਕਿ 1991 ਦੇ ਸਮਝੌਤੇ ਦੀ ਬਜਾਏ, 2002 ਤੋਂ ਇੱਕ ਕਥਿਤ ‘ਥ੍ਰੀ-ਟੀਅਰ ਫ਼ਾਰਮੂਲੇ’ (ਤਿੰਨ-ਪੱਧਰੀ ਫ਼ਾਰਮੂਲੇ) ਤਹਿਤ ਪਾਣੀ ਦੀ ਵੰਡ ਕੀਤੀ ਜਾ ਰਹੀ ਹੈ, ਜਿਸ ਦਾ ਸਿੰਧ ਵਿਰੋਧ ਕਰਦਾ ਹੈ।

ਉਨ੍ਹਾਂ ਦੇ ਅਨੁਸਾਰ, ਇਸ ਫ਼ਾਰਮੂਲੇ ਕਰਕੇ ਸਿੰਧ ਨੂੰ ਉਸ ਦੇ ਹਿੱਸੇ ਦਾ ਪਾਣੀ ਨਹੀਂ ਮਿਲ ਰਿਹਾ। ਇਸ ਨਾਲ ਨਾ ਸਿਰਫ਼ ਫ਼ਸਲਾਂ ਦੀ ਬਿਜਾਈ ਪ੍ਰਭਾਵਿਤ ਹੋ ਰਹੀ ਹੈ, ਸਗੋਂ ਕੋਟੜੀ ਬੈਰਾਜ ਦੇ ਹੇਠਲੇ ਇਲਾਕਿਆਂ, ਸਿੰਧੂ ਡੈਲਟਾ ਅਤੇ ਸਮੁੰਦਰੀ ਪਾਣੀ ਦੇ ਅੰਦਰ ਤੱਕ ਦਾਖ਼ਲ (ਸਮੁੰਦਰੀ ਖਾਰੇ ਪਾਣੀ ਦਾ ਮਿੱਠੇ ਪਾਣੀ ਵਿੱਚ ਦਾਖਲਾ) ਹੋਣ ਵਰਗੀਆਂ ਸਮੱਸਿਆਵਾਂ ਵੀ ਗੰਭੀਰ ਹੁੰਦੀਆਂ ਜਾ ਰਹੀਆਂ ਹਨ।

ਹਾਲਾਂਕਿ, ਪੰਜਾਬ ਅਤੇ ਆਈਆਰਐਸਏ, ਸਿੰਧ ਦੇ ਇਸ ਇਲਜ਼ਾਮ ਨੂੰ ਖਾਰਿਜ ਕਰਦੇ ਹਨ ਕਿ ਉਸ ਨੂੰ ਜਾਣਬੁਝ ਕੇ ਉਸ ਦੇ ਹਿੱਸੇ ਨਾਲੋਂ ਘੱਟ ਪਾਣੀ ਦਿੱਤਾ ਜਾ ਰਿਹਾ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਸਿੰਧੂ ਦਰਿਆ ਪ੍ਰਣਾਲੀ ਵਿੱਚ ਕੁੱਲ ਪਾਣੀ ਦਾ ਵਹਾਅ ਘੱਟ ਹੈ, ਇਸ ਲਈ ਪਾਣੀ ਦੀ ਵੰਡ 1991 ਦੀ ਜਲ ਸੰਧੀ ਤਹਿਤ ਕੀਤੀ ਜਾ ਰਹੀ ਹੈ, ਜਿਸ ਵਿੱਚ ਉਪਲੱਬਧ ਪਾਣੀ ਅਤੇ ਨਹਿਰੀ ਪ੍ਰਣਾਲੀ ਦੀਆਂ ਵਿਹਾਰਕ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ ਸਾਰੇ ਸੂਬਿਆਂ ਵਿੱਚ ਪਾਣੀ ਦੀ ਵੰਡ ਕੀਤੀ ਜਾਂਦੀ ਹੈ।

ਬਦੀਨ ਤੋਂ ਅਸੀਂ ਕੋਟੜੀ ਬੈਰਾਜ ਪਹੁੰਚੇ, ਜਿਸ ਦੇ ਸਾਰੇ ਗੇਟ ਬੰਦ ਸਨ। ਕੁਝ ਗੇਟਾਂ ਵਿੱਚੋਂ ਪਾਣੀ ਰਿਸ ਰਿਹਾ ਸੀ, ਜਦਕਿ ਹੇਠਾਂ ਵੱਲ ਦਰਿਆ ਘੱਟ ਅਤੇ ਰੇਗਿਸਤਾਨ ਜ਼ਿਆਦਾ ਦਿਖਾਈ ਦੇ ਰਿਹਾ ਸੀ। ਇੱਥੋਂ 10 ਮਿਲੀਅਨ ਏਕੜ-ਫੁੱਟ ਪਾਣੀ ਛੱਡਣਾ ਲਾਜ਼ਮੀ ਸੀ ਤਾਂ ਜੋ ਸਿੰਧੂ ਡੈਲਟਾ ਜੀਵਿਤ ਰਹਿ ਸਕੇ।

ਇਹ ਬੈਰਾਜ ਸਿੰਧ ਦੇ ਦੋ ਵੱਡੇ ਸ਼ਹਿਰਾਂ – ਕਰਾਚੀ ਅਤੇ ਹੈਦਰਾਬਾਦ – ਦੇ ਨਾਲ-ਨਾਲ ਠੱਟਾ, ਸੁਜਾਵਲ ਅਤੇ ਬਦੀਨ ਨੂੰ ਵੀ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਂਦਾ ਹੈ।

ਜਦੋਂ ਅਸੀਂ ਕੋਟੜੀ ਤੋਂ ਸੁੱਕਰ ਬੈਰਾਜ ਪਹੁੰਚੇ, ਤਾਂ ਉੱਥੇ ਪਾਣੀ ਦਾ ਵਹਾਅ ਕੁਝ ਬਿਹਤਰ ਲੱਗਿਆ। ਕਿਰਥਾਰ ਨਹਿਰ ਵੀ ਇੱਥੋਂ ਹੀ ਨਿੱਕਲਦੀ ਹੈ, ਜੋ ਬਲੋਚਿਸਤਾਨ ਦੇ ਇਲਾਕਿਆਂ ਵਿੱਚ ਵੀ ਸਿੰਚਾਈ ਦਾ ਪਾਣੀ ਪਹੁੰਚਾਉਂਦੀ ਹੈ।

ਬਲੋਚਿਸਤਾਨ ਪਾਣੀ ਲਈ ਤਰਸ ਰਿਹਾ ਹੈ

ਪਾਣੀ ਦੀ ਕਮੀ ਨੇ ਰੋਜ਼ਾਨਾ ਦੀ ਜ਼ਿੰਦਗੀ ਨੂੰ ਬਹੁਤ ਮੁਸ਼ਕਿਲ ਬਣਾ ਦਿੱਤਾ ਹੈ

ਅਸੀਂ ਸੁੱਕਰ ਤੋਂ ਜੈਕਬਾਬਾਦ ਹੁੰਦੇ ਹੋਏ ਕਿਰਥਾਰ ਨਹਿਰ ਦੇ ਆਖ਼ਰੀ ਸਿਰੇ ਤੱਕ ਅਤੇ ਝਟਪਟ ਤੇ ਜਾਫ਼ਰਾਬਾਦ ਹੁੰਦੇ ਹੋਏ ਬਲੋਚਿਸਤਾਨ ਦੇ ਮੈਦਾਨੀ ਇਲਾਕਿਆਂ ਤੱਕ ਪਹੁੰਚੇ। ਇੱਥੋਂ ਦਾ ਨਜ਼ਾਰਾ ਅਤੇ ਹਾਲਾਤ ਬਦੀਨ ਤੋਂ ਬਹੁਤ ਵੱਖਰੇ ਨਹੀਂ ਸਨ ਅਤੇ ਲੋਕਾਂ ਲਈ ਪਾਣੀ ਦਾ ਮੁੱਖ ਸਰੋਤ ਦਰਿਆ ਦਾ ਪਾਣੀ ਹੀ ਸੀ।

ਉਸਤਾ ਮੁਹੰਮਦ ਤੋਂ ਕੁਝ ਕਿਲੋਮੀਟਰ ਦੂਰ ਇੱਕ ਪਿੰਡ ਦੇ ਰਹਿਣ ਵਾਲੇ ਜ਼ਮੀਰਾਨ ਨੇ ਦੱਸਿਆ ਕਿ ਪਿੰਡ ਵਿੱਚ ਪਾਣੀ ਦੀ ਕਮੀ ਕਾਰਨ ਮਹਿਲਾਵਾਂ ਪਿੰਡ ਤੋਂ ਬਾਹਰ ਇੱਕ ਨਾਲੇ ਦੇ ਕਿਨਾਰੇ ਬਣੇ ਤਲਾਬ ਤੋਂ ਪਾਣੀ ਲਿਆਉਂਦੀਆਂ ਹਨ। ਇਸ ਦੂਸ਼ਿਤ ਪਾਣੀ ਦੀ ਵਰਤੋਂ ਖਾਣਾ ਪਕਾਉਣ, ਰੋਟੀ ਬਣਾਉਣ, ਕੱਪੜੇ ਧੋਣ ਅਤੇ ਪਸ਼ੂਆਂ ਨੂੰ ਪਾਣੀ ਪਿਲਾਉਣ ਲਈ ਕੀਤੀ ਜਾਂਦੀ ਹੈ, ਕਿਉਂਕਿ ਉਨ੍ਹਾਂ ਕੋਲ ਪਾਣੀ ਦਾ ਕੋਈ ਹੋਰ ਸਰੋਤ ਨਹੀਂ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਪਾਣੀ ਦੀ ਕਮੀ ਨੇ ਰੋਜ਼ਾਨਾ ਦੀ ਜ਼ਿੰਦਗੀ ਨੂੰ ਬਹੁਤ ਮੁਸ਼ਕਿਲ ਬਣਾ ਦਿੱਤਾ ਹੈ।

ਜ਼ਮੀਰਾਨ ਦੇ ਅਨੁਸਾਰ, ਪਿੰਡ ਵਿੱਚ ਪੀਣ ਵਾਲਾ ਸਾਫ਼ ਪਾਣੀ ਉਪਲੱਬਧ ਨਹੀਂ ਹੈ, ਇਸ ਲਈ ਮਰਦ ਕਈ ਕਿਲੋਮੀਟਰ ਦੂਰ ਤੋਂ ਮੋਟਰਸਾਈਕਲ ‘ਤੇ ਪਾਣੀ ਲਿਆਉਂਦੇ ਹਨ। ਇਸਦੇ ਲਈ ਉਨ੍ਹਾਂ ਨੂੰ ਹਰ ਰੋਜ਼ ਦੋ-ਤਿੰਨ ਚੱਕਰ ਲਗਾਉਣੇ ਪੈਂਦੇ ਹਨ। ਜਦੋਂ ਅਸੀਂ ਜ਼ਮੀਰਾਨ ਵੱਲੋਂ ਦੱਸੀ ਗਈ ਥਾਂ ‘ਤੇ ਪਹੁੰਚੇ, ਤਾਂ ਉੱਥੇ ਦੋ ਨਲ਼ਕੇ ਲੱਗੇ ਹੋਏ ਸਨ, ਜਿਨ੍ਹਾਂ ਵਿੱਚੋਂ ਠੰਢਾ ਅਤੇ ਮਿੱਠਾ ਪਾਣੀ ਨਿਕਲ ਰਿਹਾ ਸੀ, ਅਤੇ ਕਈ ਲੋਕ ਆਪਣੀ ਵਾਰੀ ਦੀ ਉਡੀਕ ਕਰਦੇ ਹੋਏ ਮੋਟਰਬਾਈਕਾਂ ‘ਤੇ ਬੈਠੇ ਸਨ। ਸਾਰਿਆਂ ਕੋਲ ਨੀਲੇ ਰੰਗ ਦੇ ਜੈਰੀ ਕੈਨ ਸਨ।

ਨੌਜਵਾਨ ਫ਼ਰੀਦੁੱਲ੍ਹਾ ਨੇ ਦੱਸਿਆ ਕਿ ਦੋ-ਤਿੰਨ ਮਹੀਨਿਆਂ ਤੱਕ ਨਹਿਰਾਂ ਅਤੇ ਸਹਾਇਕ ਦਰਿਆਵਾਂ ਵਿੱਚ ਪਾਣੀ ਨਹੀਂ ਰਹਿੰਦਾ, ਇਸ ਲਈ ਉਹ ਪਾਣੀ ਲੈਣ ਲਈ ਲਗਭਗ ਇੱਕ ਕਿਲੋਮੀਟਰ ਦੂਰ ਤੋਂ ਆਉਂਦੇ ਹਨ। ਉਨ੍ਹਾਂ ਨੂੰ ਰੋਜ਼ਾਨਾ ਤਿੰਨ-ਚਾਰ ਚੱਕਰ ਲਗਾਉਣੇ ਪੈਂਦੇ ਹਨ ਅਤੇ ਸਿਰਫ਼ ਪਾਣੀ ਲਿਆਉਣ ਵਿੱਚ ਹੀ ਲਗਭਗ ਡੇਢ ਲੀਟਰ ਪੈਟਰੋਲ ਖ਼ਰਚ ਹੋ ਜਾਂਦਾ ਹੈ।

ਫ਼ਰੀਦੁੱਲ੍ਹਾ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਇਲਾਕੇ ਵਿੱਚ ਨਹਿਰਾਂ ਤਾਂ ਹਨ, ਪਰ ਉੱਪਰੋਂ ਘੱਟ ਪਾਣੀ ਛੱਡਿਆ ਜਾਂਦਾ ਹੈ, ਇਸ ਲਈ ਉਨ੍ਹਾਂ ਦੇ ਪਿੰਡ ਤੱਕ ਪਾਣੀ ਨਹੀਂ ਪਹੁੰਚਦਾ।

ਝੋਨੇ ਦੀ ਕਟਾਈ ਵਿੱਚ ਦੇਰੀ

ਹਾਲਾਂਕਿ ਬਲੋਚਿਸਤਾਨ ਦੀ ਜ਼ਿਆਦਾਤਰ ਖੇਤੀ ਭੂਮੀਗਤ ਜਲ, ‘ਕਾਰਿਜ਼’ (ਰਵਾਇਤੀ ਸਿੰਚਾਈ ਪ੍ਰਣਾਲੀ) ਅਤੇ ਮੀਂਹ ‘ਤੇ ਨਿਰਭਰ ਹੈ, ਪਰ ਸੂਬੇ ਦੀ ਸਥਾਈ ਨਹਿਰੀ-ਸਿੰਚਿਤ ਖੇਤੀ ਦਾ ਇੱਕ ਵੱਡਾ ਹਿੱਸਾ ਸਿੰਧੂ ਦਰਿਆ ਦੇ ਪਾਣੀ ਨਾਲ ਸਿੰਜਿਆ ਜਾਂਦਾ ਹੈ।

ਵਿਸ਼ਵ ਬੈਂਕ ਦੇ ਅਨੁਸਾਰ, ਬਲੋਚਿਸਤਾਨ ਵਿੱਚ ਖੇਤੀਬਾੜੀ ਵਾਲੀ ਲਗਭਗ 12 ਲੱਖ ਹੈਕਟੇਅਰ ਜ਼ਮੀਨ ਅਜਿਹੀ ਹੈ, ਜਿੱਥੇ ਸਥਾਈ ਤੌਰ ‘ਤੇ ਸਿੰਚਾਈ ਦੀ ਵਿਵਸਥਾ ਹੈ। ਇਸ ਜ਼ਮੀਨ ਦੇ ਲਗਭਗ 44 ਫ਼ੀਸਦੀ ਹਿੱਸੇ ਦੀ ਸਿੰਚਾਈ ਸਿੰਧੂ ਦਰਿਆ ਦੇ ਪਾਣੀ ਨਾਲ ਕੀਤੀ ਜਾਂਦੀ ਹੈ। ਇਹ ਪਾਣੀ ‘ਪਿਟ ਫ਼ੀਡਰ’, ‘ਡੇਜ਼ਰਟ’ ਅਤੇ ‘ਕਿਰਥਾਰ’ ਨਾਂ ਦੀਆਂ ਨਹਿਰਾਂ ਰਾਹੀਂ ਖੇਤਾਂ ਤੱਕ ਪਹੁੰਚਦਾ ਹੈ।

ਕੀਰਥਰ ਨਹਿਰ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਝੋਨੇ ਦੀ ਨਰਸਰੀ ਤਿਆਰ ਕੀਤੀ ਜਾ ਰਹੀ ਸੀ। ਨਹਿਰ ਤੋਂ ਜਿੰਨਾ ਦੂਰ ਜਾਂਦੇ, ਸੋਕਾ ਉੱਨਾ ਹੀ ਗੰਭੀਰ ਹੁੰਦਾ ਜਾਂਦਾ ਸੀ।

ਕਿਸਾਨ ਗੁਲਾਮ ਮੁਸਤਫ਼ਾ ਰਿੰਦ ਨੇ ਦੱਸਿਆ ਕਿ ਪਿਛਲੇ ਤਿੰਨ-ਚਾਰ ਸਾਲਾਂ ਤੋਂ ਨਹਿਰ ਦਾ ਪਾਣੀ ਲਗਾਤਾਰ ਦੇਰ ਨਾਲ ਆ ਰਿਹਾ ਹੈ, ਜਿਸ ਕਾਰਨ ਝੋਨੇ ਦੀ ਖੇਤੀ ‘ਤੇ ਬੁਰਾ ਅਸਰ ਪੈ ਰਿਹਾ ਹੈ।

ਉਨ੍ਹਾਂ ਦੇ ਅਨੁਸਾਰ, ਇਸ ਸਾਲ ਵੀ ਪਾਣੀ 1 ਮਈ ਨੂੰ ਮਿਲਣਾ ਚਾਹੀਦਾ ਸੀ, ਫਿਰ 15 ਮਈ ਦੀ ਤਾਰੀਖ ਵੀ ਲੰਘ ਗਈ, ਜਦਕਿ 20 ਮਈ ਨੂੰ ਜੋ ਪਾਣੀ ਆਇਆ, ਉਹ ਵੀ ਸਿਰਫ਼ ਦੋ-ਤਿੰਨ ਦਿਨਾਂ ਬਾਅਦ ਹੀ ਬੰਦ ਹੋ ਗਿਆ। ਇਸ ਦੇਰੀ ਕਾਰਨ ਝੋਨੇ ਦੀ ਬਿਜਾਈ ਵਿੱਚ ਲਗਭਗ ਇੱਕ ਮਹੀਨੇ ਦੀ ਦੇਰੀ ਹੋਈ ਹੈ ਅਤੇ ਹਜ਼ਾਰਾਂ ਏਕੜ ਖੇਤੀਬਾੜੀ ਵਾਲੀ ਜ਼ਮੀਨ ‘ਤੇ ਖੇਤੀ ਨਹੀਂ ਹੋ ਸਕੀ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਪਾਣੀ ਦੇਰ ਨਾਲ ਆਉਣ ਕਾਰਨ ਵਾਢੀ ਵੀ ਅਗਸਤ-ਸਤੰਬਰ ਤੱਕ ਖਿੱਚ ਜਾਵੇਗੀ, ਜਿਸ ਨਾਲ ਪੈਦਾਵਾਰ ਵਿੱਚ ਭਾਰੀ ਕਮੀ ਆਵੇਗੀ ਅਤੇ ਕਿਸਾਨਾਂ ਨੂੰ ਵੱਡਾ ਆਰਥਿਕ ਨੁਕਸਾਨ ਹੋਵੇਗਾ।

ਇਸ ਸੋਕੇ ਤੋਂ ਬਚਣ ਦਾ ਇੱਕ ਤਰੀਕਾ ਜ਼ਮੀਨ ਦੇ ਹੇਠਾਂ ਵਾਲੇ ਪਾਣੀ ਲਈ ਟਿਊਬਵੈੱਲ ਲਗਾਉਣਾ ਹੈ। ਕੁਝ ਕਿਸਾਨ ਇਹ ਸੋਚ ਕੇ ਟਿਊਬਵੈੱਲ ਲਗਵਾ ਰਹੇ ਹਨ ਕਿ ਝੋਨੇ ਦਾ ਸੀਜ਼ਨ ਖ਼ਤਮ ਨਹੀਂ ਹੋਵੇਗਾ, ਤਾਂ ਜੋ ਘੱਟੋ-ਘੱਟ ਇਸ ਪਾਣੀ ਨਾਲ ਝੋਨੇ ਦੀ ਨਰਸਰੀ ਲਗਾਈ ਜਾ ਸਕੇ।

ਕਾਜਲਾ ਖ਼ਾਨ ਜਮਾਲੀ ਨੇ ਕਿਹਾ ਕਿ ਉਨ੍ਹਾਂ ਦੇ ਇਲਾਕੇ ਵਿੱਚ 2010 ਤੋਂ ਨਹਿਰ ਦੇ ਪਾਣੀ ਦੀ ਕਮੀ ਲਗਾਤਾਰ ਵਧ ਰਹੀ ਹੈ ਅਤੇ ਹੁਣ ਹਾਲਾਤ ਅਜਿਹੇ ਹਨ ਕਿ ਕਿਸਾਨ ਜ਼ਮੀਨ ਹੇਠਲੇ ਪਾਣੀ ਨੂੰ ਕੱਢਣ ਲਈ ਬੋਰਿੰਗ ਕਰਵਾਉਣ ਲਈ ਮਜਬੂਰ ਹਨ। ਉਨ੍ਹਾਂ ਦੇ ਅਨੁਸਾਰ, ਮੌਸਮ ਦੇ ਹਿਸਾਬ ਨਾਲ ਨਹਿਰਾਂ ਵਿੱਚ ਪਾਣੀ ਨਹੀਂ ਪਹੁੰਚਦਾ, ਇਸ ਲਈ ਝੋਨਾ, ਕਣਕ ਅਤੇ ਸਰ੍ਹੋਂ ਵਰਗੀਆਂ ਮਹੱਤਵਪੂਰਨ ਫ਼ਸਲਾਂ ਦੀ ਖੇਤੀ ‘ਤੇ ਬੁਰਾ ਅਸਰ ਪੈ ਰਿਹਾ ਹੈ।

ਉਹ ਕਹਿੰਦੇ ਹਨ ਕਿ ਇਸ ਸੀਜ਼ਨ ਦੀ ਸ਼ੁਰੂਆਤ ਵਿੱਚ ਕੁਝ ਦਿਨ ਪਾਣੀ ਆਇਆ ਸੀ, ਪਰ ਜਲਦ ਹੀ ਨਹਿਰਾਂ ਵਿੱਚ ਪਾਣੀ ਫਿਰ ਘੱਟ ਹੋ ਗਿਆ, ਜਿਸ ਕਾਰਨ ਕਿਸਾਨਾਂ ਵਿੱਚ ਭਾਰੀ ਅਨਿਸ਼ਚਿਤਤਾ ਬਣੀ ਹੋਈ ਹੈ।

ਕਾਜਲਾ ਖ਼ਾਨ ਜਮਾਲੀ ਦਾ ਇਲਜ਼ਾਮ ਹੈ ਕਿ ਬਲੋਚਿਸਤਾਨ ਨੂੰ ਪਾਣੀ ਦਾ ਆਪਣਾ ਹਿੱਸਾ ਠੀਕ ਢੰਗ ਨਾਲ ਨਹੀਂ ਮਿਲਦਾ ਅਤੇ ਪਾਣੀ ਦੀ ਵੰਡ ਸਿਫ਼ਾਰਸ਼ ਅਤੇ ਰਸੂਖ ਦੇ ਆਧਾਰ ‘ਤੇ ਹੁੰਦੀ ਹੈ।

ਸੁੱਕਰ ਬੈਰਾਜ ਅਤੇ ਬਲੋਚਿਸਤਾਨ ਦਾ ਕੁਝ ਹਿੱਸਾ

ਪਾਣੀ ਭਰਦੇ ਲੋਕ

ਬਲੋਚਿਸਤਾਨ ਸਰਕਾਰ ਦਾ ਕਹਿਣਾ ਹੈ ਕਿ ਸਿੰਧੂ ਦਰਿਆ ਤੋਂ ਪਿਟ ਫ਼ੀਡਰ ਨਹਿਰ ਅਤੇ ਕੀਰਥਰ ਨਹਿਰ ਰਾਹੀਂ ਬਲੋਚਿਸਤਾਨ ਨੂੰ ਉਸਦੇ ਹਿੱਸੇ ਦਾ ਬਹੁਤ ਘੱਟ ਪਾਣੀ ਮਿਲ ਰਿਹਾ ਹੈ, ਜਿਸ ਕਾਰਨ ਖੇਤੀਬਾੜੀ ‘ਤੇ ਬੁਰਾ ਅਸਰ ਪੈ ਰਿਹਾ ਹੈ। ਇਹ ਹਿੱਸਾ ਤਿੰਨ ਮਿਲੀਅਨ ਏਕੜ-ਫੁੱਟ ਤੋਂ ਵੱਧ ਹੈ।

ਸਿੰਧ ਸਰਕਾਰ ਦਾ ਕਹਿਣਾ ਹੈ ਕਿ ਸੁੱਕਰ ਬੈਰਾਜ ਵਿੱਚ ਕੁਝ ਤਕਨੀਕੀ ਦਿੱਕਤਾਂ ਹਨ। ਸਿੰਧ ਦੇ ਸਿੰਚਾਈ ਮੰਤਰੀ ਜਾਮ ਖ਼ਾਨ ਸ਼ੋਰੋ ਦੇ ਮੁਤਾਬਕ, ਸੁੱਕਰ ਬੈਰਾਜ ਤੱਕ ਲੋੜ ਮੁਤਾਬਕ ਪਾਣੀ ਨਹੀਂ ਪਹੁੰਚ ਰਿਹਾ ਹੈ ਅਤੇ ਬੈਰਾਜ ਵਿੱਚ ਪਾਣੀ ਦਾ ਲੋੜੀਂਦਾ ਪੱਧਰ ਵੀ ਨਹੀਂ ਹੈ। ਜਦੋਂ ਤੱਕ ਅਜਿਹਾ ਨਹੀਂ ਹੁੰਦਾ, ਉਦੋਂ ਤੱਕ ਕੀਰਥਰ ਨਹਿਰ ਸਮੇਤ ਸੱਜੇ ਕੰਢੇ ਦੀਆਂ ਨਹਿਰਾਂ ਨੂੰ ਲੋੜ ਮੁਤਾਬਕ ਪਾਣੀ ਦੇਣਾ ਤਕਨੀਕੀ ਤੌਰ ‘ਤੇ ਸੰਭਵ ਨਹੀਂ ਹੈ।

ਉਨ੍ਹਾਂ ਅੱਗੇ ਕਿਹਾ ਕਿ ਕੀਰਥਰ ਨਹਿਰ ਸਿਰਫ਼ ਬਲੋਚਿਸਤਾਨ ਹੀ ਨਹੀਂ, ਸਗੋਂ ਸਿੰਧ ਦੇ ਵੀ ਵੱਡੇ ਖੇਤੀਬਾੜੀ ਵਾਲੇ ਇਲਾਕਿਆਂ ਨੂੰ ਪਾਣੀ ਦਿੰਦੀ ਹੈ, ਜਦਕਿ ਸਿੰਧ ਦੀਆਂ ਆਪਣੀਆਂ ਨਹਿਰਾਂ, ਜਿਵੇਂ ਦਾਦੂ ਨਹਿਰ ਵੀ ਇਸੇ ਪਾਣੀ ਦੀ ਕਮੀ ਨਾਲ ਪ੍ਰਭਾਵਿਤ ਹੋ ਰਹੀਆਂ ਹਨ।

ਕੀ ਪਾਕਿਸਤਾਨ ਵਾਕਈ ਪਾਣੀ ਦੀ ਕਮੀ ਨਾਲ ਜੂਝ ਰਿਹਾ ਹੈ?

ਨਹਿਰਾਂ

ਪਾਕਿਸਤਾਨ ਵਿੱਚ ਹਰ ਸਾਲ ਦਰਿਆਵਾਂ ਤੋਂ ਔਸਤਨ 138 ਤੋਂ 145 ਮਿਲੀਅਨ ਏਕੜ-ਫੁੱਟ ਪਾਣੀ ਮਿਲਦਾ ਹੈ, ਜਿਸ ਦੀ ਵੰਡ ਅਤੇ ਨਿਗਰਾਨੀ ਆਈਆਰਐਸਏ ਕਰਦੀ ਹੈ। ਹਾਲਾਂਕਿ, 1991 ਦੇ ਸਿੰਧੂ ਜਲ ਵੰਡ ਸਮਝੌਤੇ ਤਹਿਤ ਚਾਰਾਂ ਸੂਬਿਆਂ ਵਿਚਕਾਰ 114.35 ਮਿਲੀਅਨ ਏਕੜ-ਫੁੱਟ ਪਾਣੀ ਵੰਡਿਆ ਜਾਂਦਾ ਹੈ।

ਨੈਸ਼ਨਲ ਵਾਟਰ ਪਾਲਿਸੀ 2018 ਮੁਤਾਬਕ, ਪਾਣੀ ਦੀ ਵਰਤੋਂ ਵਿੱਚ ਪਹਿਲੀ ਤਰਜੀਹ ਹਰ ਨਾਗਰਿਕ ਨੂੰ ਸੁਰੱਖਿਅਤ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣਾ ਹੈ ਅਤੇ ਉਸ ਤੋਂ ਬਾਅਦ ਖੇਤੀ ਆਉਂਦੀ ਹੈ। ਇਸ ਵੇਲੇ ਪਾਕਿਸਤਾਨ ਵਿੱਚ ਉਪਲਬੱਧ ਪਾਣੀ ਦਾ ਲਗਭਗ 94 ਫ਼ੀਸਦੀ ਖੇਤੀ ਲਈ, ਪੰਜ ਫ਼ੀਸਦੀ ਘਰੇਲੂ ਲੋੜਾਂ ਲਈ ਅਤੇ ਇੱਕ ਫ਼ੀਸਦੀ ਤੋਂ ਵੀ ਘੱਟ ਉਦਯੋਗਾਂ ਲਈ ਵਰਤਿਆ ਜਾਂਦਾ ਹੈ।

ਭਾਵੇਂ ਸਿੰਧ ਹੋਵੇ ਜਾਂ ਬਲੋਚਿਸਤਾਨ, ਜ਼ਮੀਨੀ ਹਕੀਕਤ ਪਾਕਿਸਤਾਨ ਦੀ ਉਸ ਜਲ ਨੀਤੀ ਦੇ ਉਲਟ ਹੈ ਜੋ ਪੀਣ ਵਾਲੇ ਪਾਣੀ ਦੀ ਉਪਲੱਬਧਤਾ ਨੂੰ ਤਰਜੀਹ ਦਿੰਦੀ ਹੈ।

ਤਾਂ ਕੀ ਪਾਕਿਸਤਾਨ ਵਿੱਚ ਸੱਚਮੁੱਚ ਪਾਣੀ ਦੀ ਕਮੀ ਹੈ?

ਜਲ ਸਰੋਤ ਮਾਹਿਰ ਡਾਕਟਰ ਹਸਨ ਅੱਬਾਸ ਦੇ ਮੁਤਾਬਕ, ਪਾਕਿਸਤਾਨ ਦੀ ਮੁੱਖ ਸਮੱਸਿਆ ਕੁੱਲ ਮਿਲਾ ਕੇ ਪਾਣੀ ਦੀ ਕਮੀ ਨਹੀਂ, ਸਗੋਂ ਪਾਣੀ ਦਾ ਪ੍ਰਬੰਧਨ ਹੈ।

ਉਨ੍ਹਾਂ ਦੇ ਅਨੁਸਾਰ, ‘ਪਾਣੀ ਦੀ ਕਮੀ’ ਉਹ ਸਥਿਤੀ ਹੁੰਦੀ ਹੈ ਜਦੋਂ ਕਿਸੇ ਦੇਸ਼ ਕੋਲ ਲੋੜ ਤੋਂ ਘੱਟ ਪਾਣੀ ਹੋਵੇ, ਜਦਕਿ ਪਾਕਿਸਤਾਨ ਵਿੱਚ ਸਮੱਸਿਆ ਇਸ ਦੇ ਉਲਟ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਦੇਸ਼ ਵਿੱਚ ਪਾਣੀ ਦੀ ਕੁਦਰਤੀ ਭਰਪੂਰਤਾ ਹੈ, ਪਰ ਇਸ ਦੇ ਬਾਵਜੂਦ ਜੋ ਸੰਕਟ ਦਿਖਾਈ ਦਿੰਦਾ ਹੈ, ਉਹ ‘ਮਾੜੀ ਯੋਜਨਾਬੰਦੀ, ਪਾਣੀ ਦੇ ਮਾੜੇ ਪ੍ਰਬੰਧਨ ਅਤੇ ਸਿੰਚਾਈ ਦੀ ਪੁਰਾਣੀ ਪ੍ਰਣਾਲੀ ਦਾ ਨਤੀਜਾ ਹੈ।’

ਡਾਕਟਰ ਹਸਨ ਅੱਬਾਸ ਦੇ ਅਨੁਸਾਰ, ਸਿੰਧੂ ਦਰਿਆ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ‘ਚ ਜ਼ਮੀਨ ਹੇਠਲੇ ਪਾਣੀ ਦੇ ਭੰਡਾਰ ਹਨ, ਜਿਨ੍ਹਾਂ ਨੂੰ ਉਹ ‘ਰਿਵਰਾਈਨ ਐਕੁਇਫ਼ਰ’ ਕਹਿੰਦੇ ਹਨ। ਉਨ੍ਹਾਂ ਭੰਡਾਰਾਂ ਵਿੱਚ ਲਗਭਗ 500 ਮਿਲੀਅਨ ਏਕੜ-ਫੁੱਟ ਪਾਣੀ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਇਹ ਮਾਤਰਾ ਸਿੰਧੂ ਦਰਿਆ ਦੇ ਤਿੰਨ ਸਾਲਾਂ ਦੇ ਕੁੱਲ ਵਹਾਅ ਦੇ ਲਗਭਗ ਬਰਾਬਰ ਹੈ, ਪਰ ਇਸ ਕੁਦਰਤੀ ਭੰਡਾਰ ਦੀ ਸਹੀ ਢੰਗ ਨਾਲ ਵਰਤੋਂ ਨਹੀਂ ਕੀਤੀ ਜਾ ਰਹੀ।

ਡਾਕਟਰ ਹਸਨ ਅੱਬਾਸ - ਜਲ ਸਰੋਤ ਮਾਹਿਰ

ਪਾਕਿਸਤਾਨ ਦੇ ਵੱਡੇ ਬੰਨ੍ਹਾਂ ਨਾਲ ਇਸ ਦੀ ਤੁਲਨਾ ਕਰਦੇ ਹੋਏ ਉਹ ਕਹਿੰਦੇ ਹਨ ਕਿ ਤਰਬੇਲਾ ਬੰਨ੍ਹ ਦੀ ਪਾਣੀ ਸੰਭਾਲਣ ਦੀ ਸਮਰੱਥਾ ਲਗਭਗ ਛੇ ਮਿਲੀਅਨ ਏਕੜ-ਫੁੱਟ ਹੈ, ਜਦਕਿ ਦੀਆਮੇਰ-ਭਾਸ਼ਾ ਬੰਨ੍ਹ ਦੀ ਅਨੁਮਾਨਿਤ ਸਮਰੱਥਾ ਲਗਭਗ ਸੱਤ ਤੋਂ ਅੱਠ ਮਿਲੀਅਨ ਏਕੜ-ਫੁੱਟ ਹੈ।

ਉਨ੍ਹਾਂ ਦੇ ਅਨੁਸਾਰ, ਕੁਦਰਤ ਨੇ ਪਾਕਿਸਤਾਨ ਨੂੰ ਪਹਿਲਾਂ ਹੀ ਜ਼ਮੀਨ ਦੇ ਹੇਠਾਂ ਪਾਣੀ ਦਾ ਇੱਕ ਬਹੁਤ ਵੱਡਾ ਭੰਡਾਰ ਦਿੱਤਾ ਹੋਇਆ ਹੈ, ਬਿਲਕੁਲ ਉਸੇ ਤਰ੍ਹਾਂ ਜਿਵੇਂ ਗਲੇਸ਼ੀਅਰਾਂ ਵਿੱਚ ਜਮ੍ਹਾਂ ਪਾਣੀ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ।

ਉਨ੍ਹਾਂ ਦੇ ਮੁਤਾਬਕ, ਕੁਦਰਤ ਨੇ ਪਾਕਿਸਤਾਨ ਨੂੰ ਪਾਣੀ ਦੇ ਦੋ ਵੱਡੇ ਕੁਦਰਤੀ ਭੰਡਾਰ ਦਿੱਤੇ ਹਨ- ਇੱਕ ਉੱਤਰੀ ਇਲਾਕਿਆਂ ਦੇ ਗਲੇਸ਼ੀਅਰਾਂ ਵਿੱਚ ਅਤੇ ਦੂਜਾ ਸਿੰਧੂ ਦਰਿਆ ਦੇ ਕਿਨਾਰੇ ਜ਼ਮੀਨ ਦੇ ਹੇਠਾਂ ਮੌਜੂਦ ਪਾਣੀ ਦੇ ਭੰਡਾਰ ਵਿੱਚ। ਉਨ੍ਹਾਂ ਦਾ ਕਹਿਣਾ ਹੈ ਕਿ ਇਨ੍ਹਾਂ ਦੋਹਾਂ ਦੀ ਕੁੱਲ ਸਮਰੱਥਾ ਬਣਾਓਟੀ ਬੰਨ੍ਹਾਂ ਦੇ ਮੁਕਾਬਲੇ ਕਈ ਗੁਣਾ ਵੱਧ ਹੈ।

ਉਹ ਕਹਿੰਦੇ ਹਨ ਕਿ ਪਾਕਿਸਤਾਨ ਦੀ ਜਲ ਯੋਜਨਾ ਵਿੱਚ ਇਨ੍ਹਾਂ ਕੁਦਰਤੀ ਭੰਡਾਰਾਂ ਨੂੰ ਕਦੇ ਵੀ ਮੁੱਖ ਸਥਾਨ ਨਹੀਂ ਦਿੱਤਾ ਗਿਆ।

“ਜੇ ਸਿੰਧੂ ਦਰਿਆ ਦੇ ਕਿਨਾਰੇ ਮੌਜੂਦ ਦਰਿਆਈ ਬੇਸਿਨ ਦੇ ਐਕੁਇਫ਼ਰ (ਭੂਮੀਗਤ ਜਲ ਭੰਡਾਰ) ਨੂੰ ਆਧੁਨਿਕ ਤਕਨੀਕ ਰਾਹੀਂ ਖੇਤੀ ਅਤੇ ਘਰੇਲੂ ਵਰਤੋਂ ਵਾਲੇ ਖਪਤਕਾਰਾਂ ਨਾਲ ਜੋੜ ਦਿੱਤਾ ਜਾਵੇ, ਤਾਂ ਸੋਕੇ ਦੇ ਦੌਰਾਨ ਵੀ ਪਾਣੀ ਦੀ ਉਪਲੱਬਧਤਾ ਨੂੰ ਬਿਹਤਰ ਬਣਾਇਆ ਜਾ ਸਕਦਾ ਹੈ।”

ਡਾਕਟਰ ਹਸਨ ਅੱਬਾਸ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਅਨੁਮਾਨ ਮੁਤਾਬਕ, ਜ਼ਮੀਨ ਦੇ ਹੇਠਾਂ ਮੌਜੂਦ ਇਹ ਭੰਡਾਰ ਇੰਨੇ ਵੱਡੇ ਹਨ ਕਿ ਜੇ ਕਿਸੇ ਅਸਧਾਰਨ ਸਥਿਤੀ ਵਿੱਚ ਲੰਬੇ ਸਮੇਂ ਤੱਕ ਸਿੰਧੂ ਦਰਿਆ ਦਾ ਵਹਾਅ ਕਾਫ਼ੀ ਘੱਟ ਵੀ ਹੋ ਜਾਵੇ, ਤਾਂ ਵੀ ਇਹ ਭੰਡਾਰ ਪਾਣੀ ਦੇ ਇੱਕ ਮਹੱਤਵਪੂਰਨ ਬਦਲਵੇਂ ਸਰੋਤ ਬਣ ਸਕਦੇ ਹਨ।

ਹਾਲਾਂਕਿ, ਉਨ੍ਹਾਂ ਦੇ ਅਨੁਸਾਰ, ਮਾਨਸੂਨ ਅਤੇ ਬਰਫ਼ ਪਿਘਲਣ ਦੀ ਪ੍ਰਕਿਰਿਆ ਸਿੰਧੂ ਦਰਿਆ ਦੇ ਵਹਾਅ ਨੂੰ ਲਗਾਤਾਰ ਬਣਾਈ ਰੱਖਦੀ ਹੈ, ਇਸ ਲਈ ਪਾਣੀ ਦੀ ਸਪਲਾਈ ਪੂਰੀ ਤਰ੍ਹਾਂ ਬੰਦ ਹੋਣ ਦੀ ਸੰਭਾਵਨਾ ਬਹੁਤ ਘੱਟ ਹੈ।

ਡਾਕਟਰ ਹਸਨ ਅੱਬਾਸ ਦਾ ਮੰਨਣਾ ਹੈ ਕਿ ਜਦੋਂ ਤੱਕ ਪਾਕਿਸਤਾਨ ਆਧੁਨਿਕ ਲੋੜਾਂ ਦੇ ਮੁਤਾਬਕ ਆਪਣੇ ਜਲ ਸਰੋਤ ਪ੍ਰਬੰਧਨ ਮਾਡਲ ਵਿੱਚ ਬਦਲਾਅ ਨਹੀਂ ਕਰਦਾ, ਉਦੋਂ ਤੱਕ ਸਿੰਧ ਅਤੇ ਪੰਜਾਬ ਦਰਮਿਆਨ ਪਾਣੀ ਦੀ ਵੰਡ ਨੂੰ ਲੈ ਕੇ ਵਿਵਾਦ, ਨਹਿਰਾਂ ਦੇ ਸ਼ੁਰੂਆਤੀ ਅਤੇ ਆਖ਼ਰੀ ਸਿਰੇ ‘ਤੇ ਰਹਿਣ ਵਾਲੇ ਕਿਸਾਨਾਂ ਵਿਚਾਲੇ ਮਤਭੇਦ ਅਤੇ ਪਾਣੀ ਨਾਲ ਜੁੜੇ ਹੋਰ ਵਿਵਾਦ ਬਣੇ ਰਹਿ ਸਕਦੇ ਹਨ।

ਬਦੀਨ ਅਤੇ ਬਲੋਚਿਸਤਾਨ ਦੇ ਪਿੰਡਾਂ ਵਿੱਚ, ਜਿੱਥੇ ਨਹਿਰਾਂ ਦਾ ਪਾਣੀ ਬਿਲਕੁਲ ਆਖ਼ਰੀ ਸਿਰੇ ਤੱਕ ਪਹੁੰਚਦਾ ਹੈ, ਉੱਥੋਂ ਦੇ ਲੋਕਾਂ ਲਈ ਇਹ ਵਿਵਾਦ ਸਿਰਫ਼ ਅੰਕੜਿਆਂ ਜਾਂ ਸਮਝੌਤਿਆਂ ਦਾ ਮਾਮਲਾ ਨਹੀਂ ਹੈ, ਸਗੋਂ ਰੋਜ਼ਾਨਾ ਜ਼ਿੰਦਗੀ ਦਾ ਸਵਾਲ ਹੈ।

ਇੱਥੇ ਹਰ ਸਾਲ ਗਰਮੀਆਂ ਦੇ ਨਾਲ ਉਹੀ ਕਹਾਣੀ ਦੁਹਰਾਈ ਜਾਂਦੀ ਹੈ- ਪਾਣੀ ਦੀ ਉਡੀਕ ਕਰਦੇ ਖੇਤ, ਮੀਂਹ ਦੀ ਆਸ ਲਗਾਈ ਬੈਠੇ ਕਿਸਾਨ ਅਤੇ ਇਸ ਉਮੀਦ ਵਿੱਚ ਬੈਠੇ ਪਰਿਵਾਰ ਕਿ ਸ਼ਾਇਦ ਇਸ ਵਾਰ ਨਹਿਰ ਦਾ ਪਾਣੀ ਉਨ੍ਹਾਂ ਦੇ ਪਿੰਡ ਤੱਕ ਪਹੁੰਚ ਜਾਵੇ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI